ਡਾ. ਧਰਮ ਸਿੰਘ
ਸੱਯਦ ਵਾਰਿਸ ਸ਼ਾਹ ਨੂੰ ਮੱਧਕਾਲ ਦੇ ਸਿਰਮੌਰ ਕਿੱਸਾਕਾਰ ਵਜੋਂ ਜਾਣਿਆ ਜਾਂਦਾ ਹੈ ਜਿਸ ਦੀ ‘ਹੀਰ’ ਦੀ ਪ੍ਰਸਿੱਧੀ ਬਾਰੇ ਸਭ ਜਾਣਦੇ ਹਨ ਪਰ ਸਮੇਂ ਸਮੇਂ ਖੋਜਕਾਰਾਂ ਨੇ ਉਸ ਦੀਆਂ ਕੁਝ ਹੋਰ ਰਚਨਾਵਾਂ ਦੀ ਦੱਸ ਵੀ ਪਾਈ ਹੈ। ਅਜਿਹੇ ਖੋਜਕਾਰਾਂ ਵਿੱਚ ਪਹਿਲਾ ਨਾਂ ਮੁਨਸ਼ੀ ਮੌਲਾ ਬਖਸ਼ ਕੁਸ਼ਤਾ ਦਾ ਹੈ ਜਿਸ ਨੇ ਆਪਣੀ ਪੁਸਤਕ ‘ਪੰਜਾਬ ਦੇ ਹੀਰੇ’ (1932) ਵਿਚ ਅਜਿਹੀ ਸੰਭਾਵਨਾ ਜਤਾਈ ਸੀ। ਉਂਜ ਵੀ ਜਦ ਅਸੀਂ ਕਿਸੇ ਨੂੰ ਕਵੀ/ਲੇਖਕ ਮੰਨ ਲਈਏ ਤਾਂ ਉਸ ਉਪਰ ਇਹ ਪਾਬੰਦੀ ਨਹੀਂ ਲਾਈ ਜਾ ਸਕਦੀ ਕਿ ਉਹ ਇਸ ਤੋਂ ਵੱਧ ਰਚਨਾ ਨਾ ਕਰੇ। ਵਾਰਿਸ ਸ਼ਾਹ ਨਾਲ ਵੀ ਇਹੋ ਕੁਝ ਵਾਪਰਿਆ ਜਾਪਦਾ ਹੈ, ਬੇਸ਼ੱਕ ਇਸ ਬਾਰੇ ਅਗਲੇਰੀ ਖੋਜ ਦੀ ਲੋੜ ਹੈ।
ਮੌਲਾ ਬਖਸ਼ ਕੁਸ਼ਤਾ ਦੀਆਂ ਪੰਜਾਬੀ ਸਾਹਿਤ ਦੀ ਇਤਿਹਾਸਕਾਰੀ ਬਾਰੇ ਦੋ ਹੀ ਪੁਸਤਕਾਂ ਵਧੇਰੇ ਪ੍ਰਸਿੱਧ ਹਨ, ‘ਪੰਜਾਬ ਦੇ ਹੀਰੇ’ ਅਤੇ ‘ਪੰਜਾਬੀ ਸ਼ਾਇਰਾਂ ਦਾ ਤਜ਼ਕਰਾ’। ‘ਪੰਜਾਬ ਦੇ ਹੀਰੇ’ ਵਿਚ ਕੁਸ਼ਤਾ ਨੇ ਲਿਖਿਆ ਹੈ, ‘‘ਹੀਰ ਰਾਂਝੇ ਦੇ ਕਿੱਸੇ ਨੂੰ ਪੜ੍ਹਨ ਤੋਂ ਪਤਾ ਲੱਗਦਾ ਹੈ ਕਿ ਆਪ ਉਸ ਵੇਲੇ ਦੇ ਇਕ ਮੰਨੇ ਸ਼ਾਇਰ ਸਨ ਅਤੇ ਇਸ ਕਿੱਸੇ ਦੀ ਤਸਨੀਫ ਤੋਂ ਪਹਿਲਾਂ ਸ਼ਾਇਰੀ ਵਿਚ ਚੰਗੀ ਯੋਗਤਾ ਪ੍ਰਾਪਤ ਕਰ ਚੁੱਕੇ ਸਨ। ਇਸ ਸਿਲਸਿਲੇ ਵਿਚ ਆਪ ਦੀਆਂ ਕੁਝ ਕੁ ਹੋਰ ਸੰਖਿਪਤ ਤਸਨੀਫਾਂ ਦਾ ਜ਼ਿਕਰ ਕੀਤਾ ਜਾ ਰਿਹਾ ਹੈ ਪ੍ਰੰਤੂ ਇਹ ਪਤਾ ਨਹੀਂ ਚਲ ਸਕਿਆ ਕਿ ਉਹ ਹੀਰ ਤੋਂ ਪਹਿਲਾਂ ਦੀਆਂ ਰਚਨਾਵਾਂ ਹਨ ਜਾਂ ਪਿੱਛੋਂ ਦੀਆਂ? ਇਸ ਵਿਚ ਉਸ਼ਤਰਨਾਮਾ, ਮਿਅਰਾਜਨਾਮਾ, ਚੂੜੀਨਾਮਾ (ਚੂਹੇਟੜੀਨਾਮਾ), ਅਰਬੀ ਕਸੀਦਾ ਬੁਰਦਾ ਦਾ ਪੰਜਾਬੀ ਤਰਜਮਾ ਹੈ। ਹੋਰ ਚੋਣਵੇਂ ਦੋਹੜੇ ਆਦਿ ਦਾ ਨਾਮ ਵੀ ਲਿਆ ਜਾਂਦਾ ਹੈ।’’ ਇਸੇ ਪੁਸਤਕ ਦੇ ਅਗਲੇ ਸਫ਼ੇ ਉਪਰ ਕੁਸ਼ਤਾ ਨੇ ਇਕ ਹੋਰ ਦਿਲਚਸਪ ਗੱਲ ਵੀ ਲਿਖੀ ਹੈ। ਉਸ ਲਿਖਿਆ ਹੈ, ‘‘ਲਾਹੌਰ ਦੇ ਇਕ ਕਿਤਾਬਾਂ ਵੇਚਣ ਵਾਲੇ ਨੇ ਇਹ ਸੋਚਿਆ ਕਿ ਵਾਰਸ ਸ਼ਾਹ ਦਾ ਨਾਮ ਹਰਮਨ ਪਿਆਰਾ ਹੈ, ਇਸ ਵਾਸਤੇ ਉਸ ਦੇ ਨਾਮ ’ਤੇ ਜੋ ਪੁਸਤਕ ਛਾਪੀ ਜਾਵੇਗੀ, ਲੋਕਾਂ ਵਿਚ ਮਨਜ਼ੂਰ ਹੋ ਜਾਵੇਗੀ ਤੇ ਬਹੁਤੀ ਵਿਕੇਗੀ। ਉਸ ਪੁਸਤਕ ਵਾਲੇ ਨੇ ਮਿਰਜ਼ਾ ਅਬਦੁੱਲ ਹਮੀਦ ਬੇਗ ਕੋਲੋਂ ਸੋਹਣੀ ਮਹੀਵਾਲ ਦਾ ਕਿੱਸਾ ਲਿਖਵਾਇਆ ਤੇ ਵਾਰਸ ਸ਼ਾਹ ਦੇ ਨਾਂ ’ਤੇ ਪ੍ਰਕਾਸ਼ਿਤ ਕੀਤਾ। ਇਹ ਕਿੱਸਾ ਜ਼ਰੂਰ ਪ੍ਰਚਲਿਤ ਹੋ ਜਾਂਦਾ ਪਰ ਇਸ ਦੀ ਜ਼ਬਾਨ ਤੇ ਰੰਗ ਢੰਗ ਫਜ਼ਲ ਸ਼ਾਹ ਦੇ ਕਿੱਸਿਆ ਵਾਂਗਰ ਸੀ, ਇਸ ਵਾਸਤੇ ਵਾਰਸ ਸ਼ਾਹ ਦੇ ਨਾਂ ’ਤੇ ਚੱਲ ਨਾ ਸਕਿਆ । ਕੁਸ਼ਤਾ ਨੇ ਇਹ ਵੀ ਲਿਖਿਆ ਹੈ ਕਿ ਇਕ ਹੋਰ ਕਵੀ ਝੰਡੇ ਸ਼ਾਹ ਵਸਨੀਕ ਚੱਕ ਮੁਕੰਦ (ਜ਼ਿਲ੍ਹਾ ਅੰਮ੍ਰਿਤਸਰ) ਨੇ ਸੋਹਣੀ ਮਹੀਵਾਲ ਦਾ ਕਿੱਸਾ ਲਿਖਿਆ। ਕਿਤੇ ਕਿਤੇ ਵਾਰਸ ਦਾ ਨਾਂ ਭਰ ਦਿੱਤਾ। ਜ਼ਬਾਨ ਸਾਦੀ ਤੇ ਸਰਲ ਸੀ। ਇਹ ਸੋਹਣੀ ਵਾਰਸ ਦੇ ਨਾਂ ’ਤੇ ਵਿਕਣ ਲੱਗ ਪਈ ਪਰ ਦੂਜੇ ਤਾਂ ਤੀਜੇ ਐਡੀਸ਼ਨ ਵਿਚ ਨਾਂ ਝੰਡੇ ਸ਼ਾਹ ਕਰ ਦਿੱਤਾ ਗਿਆ। ਹੁਣ ਇਹ ‘ਸੋਹਣੀ ਝੰਡੇ ਸ਼ਾਹ’ ਦੇ ਨਾਂ ਉੱਤੇ ਵਿਕਦਾ ਹੈ।’’
ਸ.ਸ. ਅਮੋਲ ਨੇ ਆਪਣੀ ਪੁਸਤਕ ‘ਪੁਰਾਤਨ ਪੰਜਾਬੀ ਕਾਵਿ ਦਾ ਵਿਕਾਸ’ (1955) ਵਿਚ ਡਾ. ਮੋਹਨ ਸਿੰਘ ਦੀਵਾਨਾ ਦੇ 15 ਦਸੰਬਰ 1940 ਨੂੰ ਦਿੱਤੇ ਇਕ ਲੈਕਚਰ ਦਾ ਹਵਾਲਾ ਦਿੰਦਿਆਂ ਲਿਖਿਆ ਹੈ, ‘‘ਉਨ੍ਹਾਂ ਦਾ ਇਸ ਲੈਕਚਰ ਦਾ ਮਜ਼ਮੂਨ ਹੀ ਵਾਰਸ ਸ਼ਾਹ ਦੀਆਂ ਦੋ ਗੁੱਝੀਆਂ ਕਿਤਾਬਾਂ ਸੀ ਤੇ ਇਸ ਲੈਕਚਰ ਵਿਚ ਉਨ੍ਹਾਂ ਨੇ ਵਾਰਸ ਦੀਆਂ ਦੋ ਕਿਤਾਬਾਂ ‘ਸੀਹਰਫ਼ੀ ਲਾਹੌਰ’ ਤੇ ਕਿੱਸਾ ‘ਸੱਸੀ ਪੁੰਨੂੰ’ ਦੇ ਨਾਂ ਪੇਸ਼ ਕੀਤੇ ਸਨ। ਉਨ੍ਹਾਂ ਨੇ ਪਹਿਲੀ ਕਿਤਾਬ ਵਿਚੋਂ ਕੁਝ ਬੈਂਤ ਵੀ ਸੁਣਾਏ ਸਨ ਤੇ ਦੱਸਿਆ ਸੀ ਕਿ ਇਹ ਹੀਰ ਤੋਂ 20-25 ਸਾਲ ਪਹਿਲਾਂ ਦੀ ਲਿਖੀ ਹੋਈ ਹੈ। ਉਸ ਵਿਚ ਮਜ਼ਮੂਨ ਸੀ ਲਾਹੌਰ ਦੀ ਤਬਾਹੀ ਦਾ ਤੇ ਬਿਆਨ ਢੰਗ ਕੁਝ ਅਜਿਹਾ ਸੀ ਜਿਸ ਤੋਂ ਅੱਖੀਂ ਡਿੱਠਾ ਨਜ਼ਾਰਾ ਲਿਖਿਆ ਭਾਸਦਾ ਸੀ। ਹਰ ਚੌਥੀ ਸਤਰ ਵਿਚ ਹੀਰ ਦੇ ਕਿੱਸੇ ਵਾਂਗ ਵਾਰਸ ਸ਼ਾਹ ਦਾ ਨਾਂ ’ਤੇ ਚੰਗੀ ਜਿਹੀ ਅਖਾਉਤ ਜਾਂ ਸਿੱਖਿਆ ਵੀ ਆਉਂਦੀ ਸੀ।’’ ‘ਲਾਹੌਰ ਸੀਹਰਫੀ’ ਅਤੇ ‘ਸੱਸੀ ਪੁੰਨੂੰ’ ਤੋਂ ਬਿਨਾਂ ‘ਚੂੜੇਟੜੀ ਨਾਮਾ’ ਅਤੇ ਕੁਝ ਫੁਟਕਲ ਦੋਹੜਿਆਂ ਦੀ ਗੱਲ ਵੀ ਦੁਹਰਾਈ ਗਈ ਹੈ। ਇਸ ਲੈਕਚਰ ਤੋਂ ਪਿੱਛੋਂ ਵੀ ਵਾਰਿਸ ਸ਼ਾਹ ਦੀਆਂ ਰਚਨਾਵਾਂ ਬਾਰੇ ਮੋਹਨ ਸਿੰਘ ਦੀਵਾਨਾ ਦੀ ਇਹੋ ਰਾਇ ਬਣੀ ਰਹੀ। ਪੰਜਾਬੀ ਸਾਹਿਤ ਦੇ ਇਤਿਹਾਸ ਸਬੰਧੀ ਆਪਣੀ ਪੁਸਤਕ ਵਿਚ ਉਨ੍ਹਾਂ ਨੇ ਲਿਖਿਆ ਹੈ, ‘‘ਆਪ (ਵਾਰਿਸ ਸ਼ਾਹ) ਨੇ 1748 ਈ: ਦੇ ਕਰੀਬ ਜਦੋਂ ਸਾਹ ਨਵਾਜ਼, ਲਾਹੌਰ ਦਾ ਹਾਕਮ ਸੀ, ਅਹਿਮਦ ਸ਼ਾਹ ਦੇ ਕਿਸੇ ਜਰਨੈਲ ਦੀ ਲਾਹੌਰ ’ਤੇ ਚੜ੍ਹਾਈ ਦਾ ਸਾਕਾ ਆਪਣੀ ਅੱਖੀਂ ਵੇਖਿਆ ਸੀ ਤੇ ਉਸ ਮੁਗਲ ਪਠਾਣ ਟੱਕਰ ਨੂੰ ਸੀਹਰਫ਼ੀਆਂ ਵਿਚ ਨਜ਼ਮ ਕੀਤਾ। ਇਹ ਸੀਹਰਫ਼ੀਆਂ ਨਹੀਂ, ਲਹੂ ਦੇ ਅੱਥਰੂ, ਹੰਝੂ ਹਨ। (ਪੰਜਾਬੀ ਸਾਹਿਤ ਦੀ ਇਤਿਹਾਸ ਰੇਖਾ, 1955, ਪੰਨਾ 146)। ਡਾ. ਮੋਹਨ ਸਿੰਘ ਦੀਵਾਨਾ ਨੇ ਆਪਣੀ ਇਸ ਰਾਇ ਨੂੰ ਹੀਰ ਵਾਰਿਸ ਦੀ ਸੰਪਾਦਨਾ ਵੇਲੇ ਵੀ ਦੁਹਰਾਇਆ ਹੈ। ‘ਸੱਸੀ ਵਾਰਿਸ’ ਬਾਰੇ ਇਕ ਪ੍ਰਕਾਸ਼ਕ ਦੇ ਹਵਾਲੇ ਨਾਲ ਉਨ੍ਹਾਂ ਕਿਹਾ ਹੈ ਕਿ ਪ੍ਰਕਾਸ਼ਕ ਦੇ ਵੱਡੇ ਵਡੇਰਿਆਂ ਪਾਸ ਇਸ ਦਾ ਨੁਸਖ਼ਾ 1221 ਹਿਜਰੀ (1806 ਈਸਵੀ) ਵਿਚ ਸਾਂਭਿਆ ਪਿਆ ਸੀ ਜਿਸ ਨੂੰ ਉਸ ਨੇ ਛਾਪ ਕੇ ਆਮ ਕਰ ਦਿੱਤਾ। ਡਾ. ਦੀਵਾਨਾ ਦਾ ਇਹ ਵੀ ਵਿਚਾਰ ਹੈ ਕਿ ਵਾਰਿਸ ਨੇ ਇਹ ਕਿੱਸਾ 1747 ਵਿਚ ਲਿਖਿਆ ਹੋਵੇਗਾ ਜਦ ਅਹਿਮਦ ਸ਼ਾਹ ਅਬਦਾਲੀ ਨੇ ਲਾਹੌਰ ਦੇ ਹਾਕਮ ਸ਼ਾਹ ਨਵਾਜ਼ ’ਤੇ ਹਮਲਾ ਕਰ ਕੇ ਉਸ ਨੂੰ ਸ਼ਿਕਸਤ ਦਿੱਤੀ ਸੀ।
ਲੇਖ ਦੇ ਆਰੰਭ ਵਿਚ ਦੱਸੇ ਗਏ ਮੁਤਾਬਿਕ ਵਾਰਿਸ ਦੇ ਨਾਂ ਨਾਲ ਮਨਸੂਬ ਰਚਨਾਵਾਂ ਬਾਰੇ ਅੰਤਿਮ ਨਿਰਣਾ ਅਗਲੇਰੀ ਖੋਜ ਤੋਂ ਬਾਅਦ ਹੀ ਹੋ ਸਕੇਗਾ ਅਤੇ ਉਸੇ ਰਾਇ ਨੂੰ ਏਥੇ ਫਿਰ ਦੁਹਰਾਉਂਦੇ ਹਾਂ। ਫਿਰ ਵੀ ਕਿਧਰੇ ਕਿਧਰੇ ਕੋਈ ਅਜਿਹਾ ਸੰਕੇਤ ਜ਼ਰੂਰ ਮਿਲ ਜਾਂਦਾ ਹੈ ਜੋ ਸਾਡੀ ਇਸ ਧਾਰਨਾ ਨੂੰ ਮੂਲੋਂ ਰੱਦ ਵੀ ਨਹੀਂ ਕਰਦਾ। ‘ਸੈਫੁੱਲ ਮਲੂਕ’ ਦੇ ਕਰਤਾ ਮੀਆਂ ਮੁਹੰਮਦ ਬਖਸ਼ ਨੇ ਆਪਣੇ ਤੋਂ ਪਹਿਲਾਂ ਹੋ ਗੁਜ਼ਰੇ ਕਵੀਆਂ ਅਤੇ ਉਨ੍ਹਾਂ ਦੀਆਂ ਰਚਨਾਵਾਂ ਬਾਰੇ ਪਰਿਚਯ ਦੇਣ ਦੇ ਨਾਲ-ਨਾਲ ਕਈ ਥਾਵਾਂ ਉਪਰ ਬੇਬਾਕ ਟਿੱਪਣੀਆਂ ਵੀ ਕੀਤੀਆਂ ਹਨ। ਮੀਆਂ ਮੁਹੰਮਦ ਬਖਸ਼, ਵਾਰਿਸ ਸ਼ਾਹ ਦੀ ਜਿੱਥੇ ਪ੍ਰਸ਼ੰਸਾ ਕਰਦਾ ਹੈ, ਉੱਥੇ ਉਸ ਦੇ ਚੂਹੇਟੜੀਨਾਮਾ ਦੀ ਮਹਿਮਾ ਵੀ ਕਰਦਾ ਹੈ:
ਵਾਰਿਸ ਸ਼ਾਹ ਸੁਖਨ ਦਾ ਵਾਰਿਸ,
ਨਿੰਦੇ ਕੌਣ ਉਨ੍ਹਾਂ ਨੂੰ।
ਸ਼ਿਅਰ ਉਹਦੇ ਤੇ ਉਂਗਲ ਧਰਨੀ,
ਨਾਹੀ ਕਦਰ ਅਸਾਨੂੰ।
ਜਿਹੜੀ ਉਸਿ ਚੂਹਟੇੜੀ ਆਖੀ।
ਜੇ ਸਮਝੇ ਕੋਈ ਸਾਰੀ।
ਹਿਕ ਹਿਕ ਸੁਖਨ ਅੰਦਰ ਖੁਸ਼ਬੋਈ
ਵਾਂਙ ਫੁੱਲਾਂ ਦੀ ਖਾਰੀ।
ਜਾਗੀਰਦਾਰੀ ਯੁੱਗ ਵਿਚ ਸਮਰੱਥ ਲੋਕ ਹਾਥੀ, ਘੋੜੇ, ਊਠ, ਕੁੱਤੇ ਅਤੇ ਬਾਜ਼ ਆਦਿ ਜਾਨਵਰ ਅਤੇ ਸ਼ਿਕਾਰੀ ਪੰਛੀ ਪਾਲਦੇ ਸਨ। ਇਨ੍ਹਾਂ ਦੀਆਂ ਆਦਤਾਂ, ਖੁਰਾਕ, ਬਿਮਾਰੀਆਂ ਅਤੇ ਉਨ੍ਹਾਂ ਨੇ ਇਲਾਜ ਅਤੇ ਹੋਰ ਬਹੁਤ ਸਾਰੀਆਂ ਸਬੰਧਿਤ ਚੀਜ਼ਾਂ ਬਾਰੇ ਕਈ ਰਚਨਾਵਾਂ ਰਚੀਆਂ ਹੋਈਆਂ ਮਿਲਦੀਆਂ ਹਨ। ਫ਼ੀਲਨਾਮੇ, ਬਾਜ਼ਨਾਮੇ, ਅਸਵ (ਅਸਪਨਾਮੇ), ਸੁਆਨਨਾਮੇ, ਉਸ਼ਤਰ ਜਾਂ ਸ਼ੁਤਰਨਾਮੇ ਵੀ ਇਸੇ ਲੋੜ ਵਿਚੋਂ ਲਿਖੇ ਗਏ। ਹੋ ਸਕਦਾ ਹੈ ਕਿ ਕਿਸੇ ਅਮੀਰ ਵਜ਼ੀਰ ਦੇ ਕਹਿਣ ਉਪਰ ਵਾਰਿਸ ਸ਼ਾਹ ਨੇ ਉਸ਼ਤਰਨਾਮਾ ਇਸੇ ਦੀ ਪੈਰਵੀ ਵਿਚ ਲਿਖਿਆ ਹੋਵੇ। ਇਸ ਦੌਰ ਵਿਚ ਕਈ ਨਸੀਹਤਨਾਮੇ ਵੀ ਮਿਲਦੇ ਹਨ। ਮੁਸਲਮਾਨ ਲੇਖਕਾਂ ਨੇ ਅਜਿਹੀਆਂ ਰਚਨਾਵਾਂ ਨੂੰ ਇਬਰਤਨਾਮਾ ਵੀ ਕਿਹਾ ਹੈ। ਇਬਰਤ ਦਾ ਅਰਥ ਵੀ ਨਸੀਹਤ, ਨੇਕ ਸਲਾਹ ਅਤੇ ਦੂਜਿਆਂ ਦੀ ਹਾਲਤ ਤੋਂ ਸਬਕ ਸਿੱਖਣਾ ਹੈ।
ਮਿਅਰਾਜਨਾਮੇ ਵੀ ਸ਼ੁੱਧ ਇਸਲਾਮੀ ਰਵਾਇਤ ਨਾਲ ਜੁੜੇ ਹੋਏ ਹਨ। ਮਿਅਰਾਜ ਦਾ ਅਰਥ ਉਪਰ ਚੜ੍ਹਨਾ, ਪੌੜੀ ਜਾਂ ਪੌੜੀ ਦਾ ਡੰਡਾ ਅਤੇ ਖੁਦਾਈ ਨੇੜਤਾ ਹੈ। ਇਹ ਹਜ਼ਰਤ ਮੁਹੰਮਦ ਸਾਹਿਬ ਦੇ ਜੀਵਨ ਕਾਲ ਦੀ ਇੱਕ ਮਹੱਤਵਪੂਰਨ ਅਤੇ ਪ੍ਰਸਿੱਧ ਘਟਨਾ ਮੰਨੀ ਜਾਂਦੀ ਹੈ ਜਿਸ ਵਿੱਚ ਉਨ੍ਹਾਂ ਨੂੰ ਅੱਲਾ-ਤਾਅਲਾ ਨੇ ਮੁਲਾਕਾਤ ਅਤੇ ਦੀਦਾਰ ਲਈ ਸੱਤਵੇਂ ਅਸਮਾਨ ਬੁਲਾਇਆ ਸੀ। ਸ਼ਬਿ-ਮਿਰਾਜ ਇਕ ਪ੍ਰਸਿੱਧ ਤਿਉਹਾਰ ਵੀ ਹੈ। ਇਸ ਘਟਨਾ ਬਾਰੇ ਪੰਜਾਬੀ ਸਮੇਤ ਕਈਆਂ ਜ਼ਬਾਨਾਂ ਵਿਚ ਮਿਅਰਾਜਨਾਮੇ ਲਿਖੇ ਗਏ ਮਿਲਦੇ ਹਨ। ਵਾਰਿਸ ਸ਼ਾਹ ਨਾਲ ਵੀ ਇਕ ਮਿਅਰਾਜਨਾਮਾ ਜੁੜਿਆ ਹੋਇਆ ਹੈ। ਵਾਰਿਸ ਮਗਰੋਂ ਕਾਦਰਯਾਰ ਨੇ ਵੀ ਅਜਿਹੀ ਰਚਨਾ ਕੀਤੀ ਸੀ। ਵਾਰਿਸ ਸ਼ਾਹ ਧਾਰਮਿਕ ਅਤੇ ਸੂਫ਼ੀ ਵਿਚਾਰਾਂ ਦਾ ਧਾਰਨੀ ਸੀ। ਇਸ ਲਈ ਸੰਭਵ ਹੈ ਕਿ ਉਸ ਨੇ ਕਿਸੇ ਅਰਬੀ ਕਸੀਦਾ ਬੁਰਦਾ ਦਾ ਤਰਜਮਾ ਵੀ ਪੰਜਾਬੀ ਵਿਚ ਕਰ ਦਿੱਤਾ ਹੋਵੇ। ਕਸੀਦੇ ਅੱਲਾ-ਤਾਅਲਾ ਜਾਂ ਤਤਕਾਲੀ ਹਾਕਮਾਂ ਦੀ ਸਿਫ਼ਤ ਜਾਂ ਵਡਿਆਈ ਵਿਚ ਲਿਖੇ ਜਾਂਦੇ ਸਨ। ਅਰਬੀ, ਫ਼ਾਰਸੀ ਅਤੇ ਉਰਦੂ ਵਿਚ ਕਸੀਦਾਨਿਗਾਰੀ ਦੀ ਇਕ ਲੰਮੀ ਅਤੇ ਅਮੀਰ ਰਵਾਇਤ ਹੈ।
ਵਾਰਿਸ ਸ਼ਾਹ ਬਾਰੇ ਖੋਜ ਦਾ ਕੁਝ ਕੰਮ ਪਾਕਿਸਤਾਨ ਵਿਚ ਵੀ ਹੋਇਆ ਹੈ। ਅਕਤੂਬਰ-ਨਵੰਬਰ 1969 ਵਿਚ ਮਹੀਨਾਵਾਰ ‘ਪੰਜ ਦਰਿਆ’ ਦਾ ਵਾਰਸ ਨੰਬਰ ਛਪਿਆ ਸੀ ਜਿਸ ਵਿਚ ਉਸ ਦੀਆਂ ਕਹੀਆਂ ਜਾਣ ਵਾਲੀਆਂ ਰਚਨਾਵਾਂ ਦੇ ਕੁਝ ਨਮੂਨੇ ਛਪੇ ਸਨ। ਅਸੀਂ ਇਸ ਵਿਸ਼ੇਸ਼ ਅੰਕ ਵਿਚੋਂ ਕੁਝ ਨਮੂਨੇ ਖੋਜਕਾਰਾਂ/ਪਾਠਕਾਂ ਦੀ ਦਿਲਚਸਪੀ ਲਈ ਦਰਜ ਕਰਦੇ ਹਾਂ।
ਇਸ ਅੰਕ ਵਿਚ ਕਸੀਦਾ ਬੁਰਦਾ ਦੇ ਤਰਜਮੇ ਬਾਰੇ ਮੁਮਤਾਜ਼ ਸਲੀਮੀ ਦਾ ਇਕ ਲੇਖ ਛਪਿਆ ਹੈ ਜਿਸ ਵਿਚ ਉਹ ਦਾਅਵਾ ਕਰਦੀ ਹੈ ਕਿ ਉਸ ਕੋਲ ਕਸੀਦਾ ਬੁਰਦਾ ਦਾ ਇਕ ਕਲਮੀ ਨੁਸਖ਼ਾ ਮੌਜੂਦ ਹੈ। ਇਸ ਕਲਮੀ ਨੁਸਖ਼ੇ ਸਬੰਧੀ ਉਸ ਦਾ ਅਨੁਮਾਨ ਹੈ ਕਿ ਇਹ ਹਜ਼ਰਤ ਵਾਰਿਸ਼ ਸ਼ਾਹ ਦੇ ਆਪਣੇ ਹੱਥ ਦਾ ਲਿਖਿਆ ਹੋਇਆ ਏ। ਇਹ ਬੇਹੱਦ ਫਟਿਆ ਪੁਰਾਣਾ ਨੁਸਖ਼ਾ ਹੈ ਜਿਸ ਦੇ ਸਫ਼ਿਆਂ ਦੀ ਤਾਦਾਦ 120 ਹੈ। ਲਿਖਤ ਦਾ ਸੰਨ 1152 ਹਿਜਰੀ ਹੈ। ਮੁਮਤਾਜ਼ ਸਲੀਮੀ ਦਾ ਕਹਿਣਾ ਹੈ ਕਿ ਕਸੀਦਾ ਬੁਰਦਾ ਸ਼ੇਖ ਸ਼ਰਫੂੱਦੀਨ ਅਬੂ ਅਬਦੁੱਲਾ ਮੁਹੰਮਦ ਬਿਨ ਸਈਅਦ ਦੀ ਤਸਨੀਫ਼ ਏ। ਇਹ ਆਪਣੇ ਜ਼ਮਾਨੇ ਦੇ ਬੜੇ ਪਰਹੇਜ਼ਗਾਰ ਬਜ਼ੁਰਗ ਸਨ। 694 ਹਿਜਰੀ ਵਿਚ ਇਨ੍ਹਾਂ ਦਾ ਇੰਤਕਾਲ ਹੋਇਆ। ਇਹ ਫਾਲਿਜ ਦੇ ਮਰੀਜ਼ ਸਨ। ਜਦੋਂ ਬਿਲਕੁਲ ਲਾਚਾਰ ਤੇ ਆਜਿਜ਼ ਆ ਗਏ ਤੇ ਬਹੁਤ ਹੀ ਤੰਗ ਹੋਏ ਤਾਂ ਇਨ੍ਹਾਂ ਨੇ ਇਹ ਕਸੀਦਾ ਜਿਸ ਦੇ 162 ਬੈਂਤ ਹਨ, ਲਿਖਿਆ ਤੇ ਬਾਰੀ ਤਾਅਲਾ ਅੱਗੇ ਆਪਣੀ ਸਿਹਤ ਵਾਸਤੇ ਇਲਤਿਜਾ ਕੀਤੀ। ਇਨ੍ਹਾਂ ਨੇ ਉਸੇ ਰਾਤ ਖ਼ੁਆਬ ਵਿੱਚ ਵੇਖਿਆ ਕਿ ਹਜ਼ੂਰ ਨੇ ਸ਼ੇਖ ਸਾਹਿਬ ਉੱਤੇ ਇਕ ਚਿੱਟੀ ਚਾਦਰ ਪਾ ਦਿੱਤੀ ਏ ਤੇ ਜਿਸਮ ਉੱਤੇ ਹੱਥ ਫੇਰਿਆ ਏ। ਸਵੇਰੇ ਅੱਖ ਖੁੱਲ੍ਹੀ ਤੇ ਬਿਲਕੁਲ ਤੰਦਰੁਸਤ ਸਨ। ਇਨ੍ਹਾਂ ਦੇ ਕਿਸੇ ਦੋਸਤ ਜਾਂ ਅਜ਼ੀਜ਼ ਨੂੰ ਵੀ ਪਤਾ ਨਹੀਂ ਸੀ। ਘਰੋਂ ਬਾਹਰ ਨਿਕਲੇ ਤੇ ਇਕ ਦਰਵੇਸ਼ ਮਿਲੇ ਜਿਨ੍ਹਾਂ ਕਿਹਾ ਸ਼ੇਖ ਸਾਹਿਬ ਆਪਣਾ ਕਸੀਦਾ ਸਾਨੂੰ ਵੀ ਇਨਾਇਤ ਫੁਰਮਾਓ। ਫੇਰ ਕਸੀਦੇ ਦੀ ਜਲਦੀ ਹੀ ਮਸ਼ਹੂਰੀ ਹੋ ਗਈ। ਇਸ ਦੀ ਖ਼ਬਰ ਬਹਾਓਦੀਨ ਨੂੰ ਵੀ ਪਹੁੰਚ ਗਈ। ਉਨ੍ਹਾਂ ਕਸੀਦੇ ਨੂੰ ਸੋਨੇ ਦੇ ਪਾਣੀ ਨਾਲ ਲਿਖਵਾਇਆ ਤੇ ਅਦਬ ਦੀ ਖ਼ਾਤਿਰ ਨੰਗੇ ਸਿਰ ਤੇ ਨੰਗੇ ਪੈਰ ਇਸ ਨੂੰ ਸੁਣਨ ਲਈ ਆਇਆ ਤੇ ਸਾਰੀ ਉਮਰ ਇਸ ਤੋਂ ਬੜੇ ਬੜੇ ਫ਼ੈਜ਼ ਹਾਸਿਲ ਕੀਤੇ। ਕਸੀਦੇ ਦੀ ਮਸ਼ਹੂਰੀ ਸਾਰੀ ਇਸਲਾਮੀ ਦੁਨੀਆਂ ਵਿਚ ਏ।
ਇਹ ਮਖਤੂਤਾ ਜਿਹੜਾ ਸਾਡੇ ਕੋਲ ਏ ਇਹਦੇ ਵਿਚ ਫਾਰਸੀ ਸ਼ਿਅਰਾਂ ਦਾ ਤਰਜਮਾ ਅਲਾਮਾ ਜਮਾਲੱਉਦਦੀਨ ਚਨਾਬੀ ਨੇ ਕੀਤਾ ਏ। ਪੰਜਾਬੀ ਸ਼ਿਅਰ ਹਜ਼ਰਤ ਵਾਰਿਸ ਸ਼ਾਹ ਦੇ ਨੇ। ਫ਼ਾਰਸੀ ਦਾ ਸ਼ਿਅਰ ਅਰਬੀ ਦੀ ਬੈਂਤ ਥੱਲੇ ਲਿਖਿਆ ਹੋਇਆ ਏ ਤੇ ਇਹਦੇ ਥੱਲੇ ਪੰਜਾਬੀ ਦਾ ਸ਼ਿਅਰ। ਖ਼ਤ ਅਰਬੀ ਫ਼ਾਰਸੀ ਜਾਂ ਪੰਜਾਬੀ ਦਾ ਦਰਮਿਆਨੇ ਦਰਜੇ ਦਾ ਏ ਤੇ ਇਹਦੀ ਤਰਜ਼ ਤੋਂ ਇਹਦੀ ਕਦਾਮਤ ਦਾ ਪਤਾ ਚੱਲਦਾ ਏ, ਕਸੀਦੇ ਦੇ ਆਖ਼ਰ ਵਿਚ ਪੰਜਾਬੀ ਦੇ ਸ਼ਿਅਰ ਨੇ ਜਿਨ੍ਹਾਂ ਤੋਂ ਤਾਰੀਖ਼ ਤੇ ਮੁਸ਼ੱਨਫ ਦਾ ਪਤਾ ਚਲਦਾ ਏ। ਅਲਾਮਾ ਜਮਾਲ ਚਨਾਬੀ ਨੇ ਕਸੀਦਾ ਬੁਰਦਾ ਦੀ ਅਰਬੀ ਵਿਚ ਸ਼ਰਾ ਦੀ 999 ਹਿਜਰੀ ਵਿਚ ਲਿਖੀ ਏ। ਲਿਖਤ ਦੇ ਸੰਨ ਤੋਂ ਮਾਲੂਮ ਹੁੰਦਾ ਏ ਕਿ ਇਹ ਉਹ ਜ਼ਮਾਨਾ ਸੀ ਜਦੋਂ ਹਜ਼ਰਤ ਵਾਰਿਸ ਸ਼ਾਹ ਆਪਣੀ ਮਜ਼ਹਬੀ ਤੇ ਦਰਸੀ ਤਾਲੀਮ ਤੋਂ ਫ਼ਾਰਗ ਹੋ ਚੁੱਕੇ ਸਨ। ਲਿਖਾਈ ਤੇ ਸ਼ਿਅਰਾਂ ਦੀ ਤਰਜ਼ ਤੋਂ ਇਹ ਜ਼ਾਹਿਰ ਹੁੰਦਾ ਏ ਕਿ ਸ਼ੁਰੂ ਦੀ ਉਮਰ ਦਾ ਜ਼ਮਾਨਾ ਏ ਜਦੋਂ ਐਡੀ ਪਕਿਆਈ ਖ਼ਿਆਲਾਂ ਵਿਚ ਨਹੀਂ ਸੀ ਆਈ ਤੇ ਹੀਰ ਉਨ੍ਹਾਂ ਨੇ 27 ਸਾਲ ਬਾਅਦ ਵਿਚ ਲਿਖੀ ਏ:
ਸਬ ਖਲ਼ਕਤ ਥੀਂ, ਨਬੀ ਅਸਾਡਾ ਜ਼ਾਹਿਰ ਬਾਤਿਨ ਕਾਮਲ।
ਨਾਲ ਮੁਹੱਬਤ ਆਪਣੀ ਖਾਲਿਕ ਕੀਤਾ ਉਸਨੂੰ ਸ਼ਾਮਲ।
ਹੋਰ ਸ਼ਰੀਕ ਨਾ ਕੋਈ ਹਜ਼ਰਤ ਵਿਚ,
ਖ਼ੂਬੀ ਜਿਹਬਾਈ ਹੁਸਨ ਮਲਾਹਤ ਜੋ,
ਅਹਿਮਦ ਅੰਦਰ ਖਾਲਿਕ ਆਖ ਸੁਨਾਈ।
ਇਸੇ ਵਿਸ਼ੇਸ਼ ਅੰਕ ਵਿਚ ਇਕ-ਇਕ ਲੇਖ ‘ਦੋਹੜਿਆਂ’ ਅਤੇ ‘ਬਾਰਾਂਮਾਹ’ ਬਾਰੇ ਹਨ। ਦੋਹੜਿਆਂ ਵਿੱਚ ਚਿੰਨ੍ਹ ਤਾਂ ਭਾਵੇਂ ਹੀਰ, ਰਾਂਝੇ ਵਾਲੇ ਹੀ ਵਰਤੇ ਗਏ ਹਨ ਪਰ ਤਸਵੁੱਫ਼ ਦਾ ਰੰਗ ਵੀ ਉੱਘੜਦਾ ਹੈ। ਬਾਰਾਮਾਂਹ ਵਿਚ ਵੀ ਰਵਾਇਤੀ ਰੰਗਤ ਹੈ। ਇੱਕ-ਇੱਕ ਉਦਾਹਰਣ ਇਸ ਤਰ੍ਹਾਂ ਹੈ:
ਬਾਹੋਂ ਪਕੜ ਬਹਾਲੀ ਸਾਂ ਮੈਂ, ਸਰਵਰ ਆਲਮ ਖਾਰੇ।
ਚਾਰੇ ਯਾਰ ਖਲੋਤੇ ਫੜ ਕੇ, ਸਾਲੂ ਦੇ ਲੜ ਚਾਰੇ।
ਦਹੀਂ ਫੁੱਟੀ ਸਿਰ ਹੋਰਾਂ ਪਾਈ ਸੈ ਸੈ ਸ਼ਗਨ ਵਿਚਾਰੇ।
ਵਾਰਿਸ਼ ਸ਼ਾਹ ਵੱਤ ਬੱਧੋ ਕੇ, ਮੇਰਾ ਰਾਂਝਣ ਨਾਲ ਪਿਆਰੇ।
… … … … … …
ਚੜ੍ਹਦੇ ਚੇਤਰ ਮਾਂਹ ਨੂੰ ਸਬ ਸਈਆਂ,
ਰਲ ਬਿੰਦੀਆਂ ਟਿੱਕੇ ਲਾਉਂਦੀਆਂ ਨੇ।
ਹੱਥੀਂ ਪਾ ਕੰਗਣ ਪਹਿਨ ਜ਼ਰੀ ਜ਼ੇਵਰ,
ਪੈਰੀਂ ਝਾਜਰਾਂ ਖੂਬ ਛਣਕਾਂਦੀਆਂ ਨੇ।
ਨਾਲ ਸ਼ੌਕ ਦੇ ਘਰਾਂ ਦੇ ਵਿੱਚ ਜਾ ਕੇ,
ਪਹਿਲੇ ਰਾਂਗਲੀ ਸੇਜ ਵਿਛਾਉਂਦੀਆਂ ਨੇ।
ਵਾਰਿਸ ਸ਼ਾਹ ਇਕਲੜੀ ਹੀਰ ਜੱਟੀ,
ਹੋਰ ਕੌਤਾਂ ਨੂੰ ਅੰਗ ਲਗਾਉਂਦੀਆਂ ਨੇ।
… … … … … …
ਚੜਦੇ ਮਾਂਹ ਵਿਸਾਖ ਨੂੰ ਹੀਰ ਜੱਟੀ,
ਰਾਂਝੇ ਯਾਰ ਦੇ ਬਾਝ ਹੈਰਾਨ ਹੋਈ।
ਜ਼ਾਰ-ਜ਼ਾਰ ਰੋਂਦੀ ਪੱਲੂ ਪਾ ਵੈਂਦੀ ਏ,
ਕਹਿੰਦੀ ਜਾਨ ਏ ਲਬਾਂ ਦੇ ਆਨ ਹੋਈ।
ਰਾਂਝੇ ਯਾਰ ਦੇ ਬਾਝ ਨਾ ਜਿਉਂਦੀ ਹਾਂ,
ਉਹਦੇ ਨਾਮ ਤੋਂ ਮੈਂ ਕੁਰਬਾਨ ਹੋਈ।
ਵਾਰਿਸ ਸ਼ਾਹ ਕਿਉਂ ਅਸਾਂ ਥੀਂ ਰੁੱਸ ਗਿਆ,
ਸਾਥੋਂ ਨਈ ਕੋਈ ਗੱਲ ਬੇਸ਼ਾਨ ਹੋਈ।
… … … … … …
ਸੇ ਸਾਬਤ ਰਹੀ ਪ੍ਰੀਤ ਪੁੰਨੂੰ ਦੀ,
ਸੱਸੀ ਪ੍ਰੀਤ ਨ ਤੋੜੀ।
ਇਕ ਇਕੱਲੀ ਥਲ ਬਾਂਗਰ ਵਿਚ,
ਮਾਰ ਲਥੀ ਵੰਞ ਖੋੜੀ।
ਮੋਇਆਂ ਬਾਝ ਯਾਰ ਨਾ ਮਿਲਦਾ,
ਜੇ ਕੀਜੇ ਯਤਨ ਕਰੋੜੀ।
ਵਾਰਸ ਬਰਕਤ ਸਿਦਕ ਸਚ ਦੀ,
ਪੁੰਨੂੰ ਦੇ ਅੰਗ ਜੋੜੀ।
ਉਰਦੂ ਆਲੋਚਕ ਹਾਫਿਜ਼ ਮਹਿਮੂਦ ਸ਼ੀਰਾਨੀ ਦੀ ਪੁਸਤਕ ‘ਪੰਜਾਬ ਮੇਂ ਉਰਦੂ’ ਬੜੀ ਪ੍ਰਸਿੱਧ ਹੈ। ਇਹ ਪੁਸਤਕ ਪੰਜਾਬੀ ਵਿਦਵਾਨਾਂ ਲਈ ਵੀ ਬੜੀ ਉਪਯੋਗੀ ਹੈ ਕਿਉਂਕਿ ਇਸ ਵਿਚ ਉਨ੍ਹਾਂ ਪੰਜਾਬੀ ਕਵੀਆਂ ਦਾ ਵੀ ਜ਼ਿਕਰ ਹੈ ਜਿਨ੍ਹਾਂ ਉਰਦੂ ਵਿਚ ਵੀ ਲਿਖਿਆ ਹੈ। ਸ਼ੀਰਾਨੀ ਨੇ ਪੈਸਾ ਅਖ਼ਬਾਰ ਦੇ ਸੰਪਾਦਕ ਮੌਲਵੀ ਮਹਬਿੂਬ ਆਲਮ ਦੇ ਹਵਾਲੇ ਨਾਲ ਉਕਤ ਪੁਸਤਕ ਵਿਚ ਇਕ ਉਰਦੂ ਗ਼ਜ਼ਲ ਦਾ ਨਮੂਨਾ ਦਿੱਤਾ ਹੈ ਜਿਸ ਨੂੰ ਉਹ ਵਾਰਿਸ ਸ਼ਾਹ ਰਚਿਤ ਮੰਨਦਾ ਹੈ:
ਜਿਸ ਦਿਨ ਕੇ ਸਾਜਨ ਬਿਛੜੇ ਹੈ ,
ਇਸ ਦਿਨ ਕਾ ਦਿਲ ਬੀਮਾਰ ਹੋਯਾ।
ਅਬ ਕਠਨ ਬਨਾ ਕਿਆ ਫ਼ਿਕਰ ਕਰੂੰ,
ਘਰ ਬਾਰ ਸਭੀ ਬੇਜ਼ਾਰ ਹੋਯਾ।
ਇਹ ਸੱਯਦ ਵਾਰਿਸ ਸ਼ਾਹ ਦੇ ਨਾਲ ਜੁੜੀਆਂ ਕੁਝ ਰਚਨਾਵਾਂ ਦੀ ਮਹਿਜ਼ ਜਾਣ-ਪਛਾਣ ਹੈ। ਇਨ੍ਹਾਂ ਦੀ ਪ੍ਰਮਾਣਿਕਤਾ ਬਾਰੇ ਮੇਰਾ ਕੋਈ ਦਾਅਵਾ ਨਹੀਂ। ਅਗਲੇਰੀ ਖੋਜ ਦਾਅਵੇ ਦੀ ਪੁਸ਼ਟੀ ਵੀ ਕਰ ਸਕਦੀ ਹੈ ਅਤੇ ਇਸ ਨੂੰ ਰੱਦ ਵੀ ਕਰ ਸਕਦੀ ਹੈ।
ਸੰਪਰਕ: 98889-39808