ਕੁਲਦੀਪ ਸਿੰਘ ਦੀਪ
ਰੌਬਰਟ ਫਰੌਸਟ ਦੀ ਕਵਿਤਾ ‘ਸਟੌਪਿੰਗ ਬਾਇ ਵੁਡਸ ਇਨ ਸਨੋਈ ਈਵਨਿੰਗ’ ਦਾ ਨਾਇਕ ਘੋੜੇ ’ਤੇ ਸਵਾਰ ਹੈ ਤੇ ਕਿਸੇ ਅਜਨਬੀ ਪਰ ਕੁਦਰਤੀ ਦ੍ਰਿਸ਼ ਨਾਲ ਮਾਲਾਮਾਲ ਜਗ੍ਹਾ ’ਤੇ ਆ ਕੇ ਰੁਕ ਜਾਂਦਾ ਹੈ। ਉਸ ਦਾ ਘੋੜਾ ਉਸ ਨੂੰ ਇਸ਼ਾਰਾ ਕਰਦਾ ਹੈ ਤੇ ਉਹ ਇਹ ਸੋਚ ਕੇ ਉਨ੍ਹਾਂ ਕੁਦਰਤੀ ਨਜ਼ਾਰਿਆਂ ਨੂੰ ਮਾਣਨ ਦਾ ਇਰਾਦਾ ਤਿਆਗ ਆਪਣੇ ਘਰ ਨੂੰ ਚੱਲ ਪੈਂਦਾ ਹੈ ਕਿ ਮੰਨਿਆ ਜੰਗਲ ਬਹੁਤ ਕਮਾਲ ਹੈ, ਪਰ ਘਰ ਉਸ ਦਾ ਪਰਿਵਾਰ ਉਸ ਦੀ ਉਡੀਕ ਕਰ ਰਿਹਾ ਹੈ ਅਤੇ ਉਸ ਨੂੰ ਵਾਪਸ ਜਾਣਾ ਚਾਹੀਦਾ ਹੈ। ਜ਼ਰੂਰੀ ਨਹੀਂ ਕਿ ਹਰ ਮੁਸਾਫ਼ਿਰ ਇੰਝ ਹੀ ਕਰਦਾ ਹੋਵੇ। ਕਈਆਂ ਨੂੰ ਕੁਦਰਤ ਇਸ ਹੱਦ ਤੱਕ ਆਪਣੇ ਵੱਲ ਖਿੱਚਦੀ ਹੈ ਕਿ ਉਹ ਅਜਨਬੀ ਤੇ ਉਜਾੜ ਥਾਵਾਂ ’ਤੇ ਵੀ ਪਿੰਡ ਵਸਾ ਲੈਂਦੇ ਹਨ ਅਤੇ ਫਿਰ ਉਨ੍ਹਾਂ ਥਾਵਾਂ ਨਾਲ ਏਨੀ ਕੁ ਮੁਹੱਬਤ ਪਾਲ ਲੈਂਦੇ ਹਨ ਕਿ ਉਸ ਮਿੱਟੀ ਦੇ ਹੋ ਕੇ ਰਹਿ ਜਾਂਦੇ ਹਨ। ਮਸਲਾ ਜਨੂੰਨ ਤੇ ਸਕੂਨ ਦਾ ਹੈ। ਕੁਝ ਅਜਿਹੇ ਹੀ ਜਨੂੰਨ ਤੇ ਸਕੂਨ ਵਾਲੀ ਔਰਤ ਸੀ ਨੋਰਾ ਰਿਚਰਡਜ਼ ਜੋ ਰੌਬਰਟ ਫਰੌਸਟ ਦੇ ਕਾਵਿ ਨਾਇਕ ਦੇ ਉਲਟ ਪਹਿਲਾਂ ਆਪਣੇ ਪਤੀ ਨਾਲ ਲਾਹੌਰ ਆਉਂਦੀ ਹੈ। ਪੰਜਾਬੀ ਸੱਭਿਆਚਾਰ, ਕਲਾਵਾਂ ਅਤੇ ਪੰਜਾਬੀ ਮਿੱਟੀ ਦੀ ਮਹਿਕ ਉਸ ਨੂੰ ਆਪਣੇ ਨਾਲ ਜੋੜ ਲੈਂਦੀ ਹੈ। ਭਾਵੇਂ ਉਹ ਆਪਣੇ ਪਤੀ ਪੀ. ਰਿਚਰਡਜ਼ (Philip Ernest Richards) ਦੀ ਮੌਤ ਕਾਰਨ ਇਕ ਵਾਰ ਵਾਪਸ ਚਲੀ ਜਾਂਦੀ ਹੈ, ਪਰ ਪੰਜਾਬ ਦੀ ਮਹਿਕ ਉਸ ਨੂੰ ਬੇਚੈਨ ਕਰ ਦਿੰਦੀ ਹੈ। ਉਸ ਨੂੰ ਕੁਦਰਤ ਨਾਲ ਇਸ਼ਕ ਸੀ। ਜਦ ਉਸ ਨੂੰ ਕੁਦਰਤ ਦੀ ਗੋਦ ਵਿਚ ਵੱਸਿਆ ਅੰਦਰੇਟਾ ਆਵਾਜ਼ਾਂ ਮਾਰਦਾ ਹੈ ਤਾਂ ਉਹ ਆਇਰਲੈਂਡ ਛੱਡ ਕੇ ਪੰਜਾਬ ਵੱਲ ਭੱਜੀ ਆਉਂਦੀ ਹੈ, ਅੰਦਰੇਟੇ ਆਪਣਾ ਘਰ ਬਣਾਉਂਦੀ ਹੈ, ਜ਼ਮੀਨ ਲੈ ਕੇ ਵੁਡਲੈਂਡ ਸੁਸਾਇਟੀ ਬਣਾਉਂਦੀ ਹੈ ਅਤੇ ਪੰਜਾਬ ਦਾ ਪਹਿਲਾ ਥੀਏਟਰ ਉਸਾਰਦੀ ਹੈ ਜੋ ਕਿਸੇ ਨੇ ਆਪਣੇ ਘਰ ਵਿਚ ਬਣਾਇਆ ਹੋਵੇ।
ਨੋਰਾ ਰਿਚਰਡਜ਼ ਨਾਟਕ ਅਤੇ ਰੰਗਮੰਚ ਨਾਲ ਜੁੜੀ ਉਹ ਸ਼ਖ਼ਸੀਅਤ ਸੀ ਜੋ 29 ਅਕਤੂਬਰ 1876 ਨੂੰ ਆਇਰਲੈਂਡ ਵਿਚ ਜਨਮੀ। ਉਸ ਵਕਤ ਆਇਰਲੈਂਡ ਵੀ ਆਜ਼ਾਦੀ ਲਈ ਸੰਘਰਸ਼ ਕਰ ਰਿਹਾ ਸੀ ਅਤੇ ਅੰਗਰੇਜ਼ਾਂ ਦੇ ਅਧੀਨ ਸੀ। ਉਸ ਦੇ ਪਤੀ ਫਿਲਿਪ ਅਰਨੈਸਟ ਰਿਚਰਡਜ਼ ਨੂੰ ਮੌਕੇ ਦੀ ਅੰਗਰੇਜ਼ ਸਰਕਾਰ ਨੇ 1910 ਵਿਚ ਦਇਆ ਸਿੰਘ ਕਾਲਜ ਲਾਹੌਰ ਵਿਚ ਅੰਗੇਰਜ਼ੀ ਦੇ ਪ੍ਰਾਧਿਆਪਕ ਦੇ ਤੌਰ ’ਤੇ ਭੇਜਿਆ। 1911 ਵਿਚ ਨੋਰਾ ਵੀ ਆਪਣੇ ਪਤੀ ਨਾਲ ਲਾਹੌਰ ਆ ਗਈ। ਉਨ੍ਹਾਂ ਸਮਿਆਂ ਵਿਚ ਆਇਰਲੈਂਡ ਵਿਚ ਪੀਪਲਜ਼ ਥੀਏਟਰ ਲਹਿਰ ਜ਼ੋਰਾਂ ’ਤੇ ਸੀ ਅਤੇ ਨੋਰਾ ਉਨ੍ਹਾਂ ਨਾਟ ਸਰਗਰਮੀਆਂ ਨਾਲ ਜੁੜੀ ਹੋਈ ਸੀ। ਨੋਰਾ ਟਾਲਸਟਾਇ ਤੇ ਗੋਰਕੀ ਦੀਆਂ ਰਚਨਾਵਾਂ ਪੜ੍ਹਦੀ ਅਤੇ ਸ਼ੇਕਸਪੀਅਰ ਦੇ ਨਾਟਕ ਖੇਡਦੀ ਸੀ। ਇੱਥੇ ਆ ਕੇ ਉਸ ਨੇ ਆਪਣੇ ਪਤੀ ਦੇ ਕਾਲਜ ਵਿਚ ਵਿਦਿਆਰਥੀਆਂ ਲਈ ਨਾਟ ਸਰਗਰਮੀਆਂ ਸ਼ੁਰੂ ਕੀਤੀਆਂ। ਸ਼ੁਰੂ ਸ਼ੁਰੂ ਵਿਚ ਉਸ ਨੇ ਸ਼ੇਕਸਪੀਅਰ ਦੇ ਨਾਟਕ ਖੇਡਣੇ ਤੇ ਖਿਡਾਉਣੇ ਆਰੰਭ ਕੀਤੇ ਪਰ ਜਲਦੀ ਹੀ ਨੋਰਾ ਨੂੰ ਇਹ ਅਹਿਸਾਸ ਹੋ ਗਿਆ ਸੀ ਕਿ ਇਹ ਨਾਟਕ ਇਸ ਜ਼ਮੀਨ ਦੇ ਨਾਟਕ ਨਹੀਂ ਅਤੇ ਇਨ੍ਹਾਂ ਰਾਹੀਂ ਪੰਜਾਬੀਆਂ ਦੀ ਧਰਤੀ ’ਤੇ ਰੰਗਮੰਚ ਨੂੰ ਪ੍ਰਫੁੱਲਤ ਨਹੀਂ ਕੀਤਾ ਜਾ ਸਕਦਾ। ਇਸ ਲਈ ਉਸ ਦੇ ਮਨ ਵਿਚ ਪੰਜਾਬੀ ਭਾਸ਼ਾ ਵਿਚ ਨਾਟਕ ਅਤੇ ਰੰਗਮੰਚ ਦਾ ਪ੍ਰਚਾਰ-ਪਸਾਰ ਕਰਨ ਦਾ ਖ਼ਿਆਲ ਆਇਆ। ਉਸ ਨੇ 1912 ਤੋਂ ਲੈ ਕੇ 1914 ਤੱਕ ਤਿੰਨ ਸਾਲ ਨਾਟਕ ਲਿਖਣ ਅਤੇ ਖੇਡਣ ਦੇ ਮੁਕਾਬਲੇ ਕਰਾਏ। ਇਸ ਮੁਕਾਬਲੇ ਵਿਚ ਈਸ਼ਵਰ ਚੰਦਰ ਨਾਂ ਦੇ ਵਿਦਿਆਰਥੀ ਨੇ 1913 ਵਿਚ ‘ਸੁਹਾਗ’ ਇਕਾਂਗੀ ਲਿਖ ਕੇ ਅਤੇ 1914 ਵਿਚ ਖੇਡ ਕੇ ਮੁਕਾਬਲਾ ਜਿੱਤਿਆ। ਇਹੀ ਪੰਜਾਬੀ ਦਾ ਪਹਿਲਾ ਨਾਟਕ ਬਣਿਆ ਅਤੇ ਈਸ਼ਵਰ ਚੰਦਰ ਨੰਦਾ ਪੰਜਾਬੀ ਦਾ ਪਹਿਲਾ ਨਾਟਕਕਾਰ। ਇਸ ਨਾਟਕ ਦੇ ਲਿਖਣ ਨਾਲ ਹੀ 1913 ਤੋਂ ਪੰਜਾਬੀ ਨਾਟਕ ਲਿਖਣ ਅਤੇ ਸਰਸਵਤੀ ਸਟੇਜ ਸੁਸਾਇਟੀ ਰਾਹੀਂ ਖੇਡ ਕੇ 1914 ਵਿਚ ਪੰਜਾਬੀ ਰੰਗਮੰਚ ਦਾ ਮੁੱਢ ਬੱਝਦਾ ਹੈ। ਇਸੇ ਮੁਕਾਬਲੇ ਤੋਂ ਪੰਜਾਬੀ ਵਿਚ ਯੂਥ ਫੈਸਟੀਵਲ ਦੇ ਥੀਏਟਰ ਦਾ ਆਗਾਜ਼ ਵੀ ਹੁੰਦਾ ਹੈ। 1912 ਤੋਂ 1914 ਤੱਕ ਦਇਆ ਸਿੰਘ ਕਾਲਜ ਲਾਹੌਰ ਵਿਚ ਨੋਰਾ ਰਿਚਰਡਜ਼ ਦੀ ਸਰਪ੍ਰਸਤੀ ਹੇਠ ਚੱਲੇ ਇਹ ਨਾਟ ਲੇਖਨ ਅਤੇ ਮੰਚਨ ਮੁਕਾਬਲੇ ਇਕ ਕਿਸਮ ਦਾ ਯੁਵਕ ਮੇਲਾ ਹੀ ਸੀ, ਭਾਵੇਂ ਇਸ ਨੂੰ ਉਸ ਵਕਤ ਯੁਵਕ ਮੇਲੇ ਦਾ ਨਾਂ ਨਹੀਂ ਦਿੱਤਾ ਗਿਆ। ਇਸ ਤਰ੍ਹਾਂ ਨੋਰਾ ਲਾਹੌਰ ਵਿਚ ਨਾਟ ਸਰਗਰਮੀਆਂ ਚਲਾਉਂਦੀ ਰਹੀ ਅਤੇ ਉਸ ਦੇ ਪਤੀ ਦੇ ਕਈ ਵਿਦਿਆਰਥੀ ਇਨ੍ਹਾਂ ਵਿਚ ਉਤਸ਼ਾਹ ਨਾਲ ਭਾਗ ਲੈਂਦੇ ਰਹੇ ਜੋ ਬਾਅਦ ਵਿਚ ਪੰਜਾਬੀ ਦੇ ਵੱਡੇ ਨਾਟਕਕਾਰ ਬਣੇ। ਡਾ. ਹਰਚਰਨ ਸਿੰਘ, ਬਲਵੰਤ ਗਾਰਗੀ, ਬਲਰਾਜ ਸਾਹਨੀ ਵਰਗੇ ਵਿਅਕਤੀ ਨੋਰਾ ਦੇ ਪ੍ਰਭਾਵ ਹੇਠ ਹੀ ਨਾਟਕ ਅਤੇ ਰੰਗਮੰਚ ਵਾਲੇ ਪਾਸੇ ਆਏ। ਪ੍ਰਿਥਵੀਰਾਜ ਕਪੂਰ ਵੀ ਉਨ੍ਹਾਂ ਦਾ ਪ੍ਰਭਾਵ ਕਬੂਲਣ ਵਾਲਿਆਂ ਵਿਚੋਂ ਇਕ ਸੀ। 1920 ਵਿਚ ਉਸ ਦੇ ਪਤੀ ਦੀ ਮੌਤ ਹੋ ਗਈ ਅਤੇ ਉਹ ਵਾਪਸ ਆਇਰਲੈਂਡ ਚਲੀ ਗਈ। ਪਰ ਹਿੰਦੋਸਤਾਨੀਆਂ ਦੀ ਗ਼ੁਲਾਮੀ ਦੇ ਅਹਿਸਾਸ ਅਤੇ ਨਾਟ ਸਰਗਰਮੀਆਂ ਨਾਲ ਲਗਾਅ ਨੇ ਉਸ ਨੂੰ ਉੱਥੇ ਟਿਕਣ ਨਾ ਦਿੱਤਾ ਅਤੇ ਉਹ 1924 ਵਿਚ ਇਕ ਵਾਰ ਫੇਰ ਪੰਜਾਬ ਆ ਗਈ। ਇੱਥੇ ਉਸ ਨੇ ਲੀਓ ਟਾਲਸਟਾਏ ਦੀ ਇਸ ਭਾਵਨਾ ਨੂੰ ਅਪਣਾਇਆ ਕਿ ਅਗਰ ਥੀਏਟਰ ਕਰਨਾ ਹੀ ਹੈ ਤਾਂ ਸ਼ਹਿਰਾਂ ’ਚੋਂ ਬਾਹਰ ਨਿਕਲ ਕੇ ਪਿੰਡਾਂ ਵੱਲ ਰੁਖ਼ ਕਰਨਾ ਪਏਗਾ। ਨੋਰਾ ਵੀ ਕਿਸੇ ਅਜਿਹੇ ਪੇਂਡੂ ਵਾਤਾਵਰਨ ਦੀ ਤਲਾਸ਼ ਵਿਚ ਸੀ। ਉਨ੍ਹਾਂ ਸਮਿਆਂ ਵਿਚ ਹਿਮਾਚਲ ਵੀ ਪੰਜਾਬ ਦਾ ਹਿੱਸਾ ਸੀ ਅਤੇ ਉਹ ਆਪਣੇ ਪਤੀ ਨਾਲ ਹਿਮਾਚਲ ਦੀ ਯਾਤਰਾ ਵੀ ਕਰ ਚੁੱਕੀ ਸੀ।
ਉਸ ਵਕਤ ਦੇ ਕਾਂਗੜਾ ਜ਼ਿਲ੍ਹਾ ਅਤੇ ਪਾਲਮਪੁਰ ਤਹਿਸੀਲ ਦੇ ਪਿੰਡ ਅੰਦਰੇਟਾ ਨੇ ਉਸ ਨੂੰ ਆਕਰਸ਼ਿਤ ਕੀਤਾ ਜੋ ਧੌਲਾਧਾਰ ਦੀਆਂ ਪਹਾੜੀਆਂ ਵਿਚ ਘਿਰਿਆ ਨਿੱਕਾ ਜਿਹਾ ਰਮਣੀਕ ਪਿੰਡ ਸੀ। ਪਤੀ ਦੀ ਮੌਤ ਤੋਂ ਬਾਅਦ ਆਇਰਲੈਂਡ ਰਹਿੰਦਿਆਂ ਉਸ ਨੂੰ ਕਿਸੇ ਵੱਲੋਂ ਅੰਦਰੇਟਾ ਵਿਚ ਜ਼ਮੀਨ ਵੇਚਣ ਦਾ ਪਤਾ ਲੱਗਿਆ ਤਾਂ ਉਹ ਤੁਰੰਤ ਭਾਰਤ ਆਈ ਅਤੇ 12 ਘੰਟੇ ਰੇਲਗੱਡੀ ਦਾ ਸਫ਼ਰ, ਫਿਰ ਬੱਸ ਦਾ ਸਫ਼ਰ ਅਤੇ ਫਿਰ ਕਈ ਕਿਲੋਮੀਟਰ ਪੈਦਲ ਤੁਰ ਕੇ ਇੱਥੇ ਪਹੁੰਚ ਗਈ ਅਤੇ ਉਹ ਥੋੜ੍ਹੀ ਜਿਹੀ ਥਾਂ ਖਰੀਦ ਲਈ। ਬਾਅਦ ਵਿਚ ਕਾਂਗੜੇ ਦੇ ਡਿਪਟੀ ਕਮਿਸ਼ਨਰ ਨੇ ਨੋਰਾ ਨੂੰ ਇੱਥੇ 15 ਏਕੜ ਜ਼ਮੀਨ ਅਲਾਟ ਕੀਤੀ ਅਤੇ ਨੋਰਾ ਨੇ ਇਸ ਦਾ ਨਾਂ ‘ਚਮੇਲੀ ਨਿਵਾਸ’ ਰੱਖਿਆ। ਉਸ ਨੇ ਵੁਡਲੈਂਡ ਸੁਸਾਇਟੀ ਬਣਾਈ ਅਤੇ ਇੱਥੇ ਨਾਟ ਸਰਗਰਮੀਆਂ ਸ਼ੁਰੂ ਕੀਤੀਆਂ। ਨੋਰਾ ਆਪਣੇ ਪਤੀ ਦੀ ਸਮਾਧ ਲਾਹੌਰ ਵਿਚ ਬਣਾਉਣਾ ਚਾਹੁੰਦੀ ਸੀ, ਪਰ ਬਾਅਦ ਵਿਚ ਭਾਰਤ ਪਾਕਿਸਤਾਨ ਦੇ ਖਰਾਬ ਸਬੰਧਾਂ ਕਾਰਨ ਉਸ ਨੂੰ ਅਜਿਹਾ ਕਰਨ ਦੀ ਇਜਾਜ਼ਤ ਨਾ ਮਿਲੀ ਅਤੇ ਉਸ ਨੇ ਆਪਣੇ ਪਤੀ ਦੀ ਸਮਾਧ ਅੰਦਰੇਟੇ ਹੀ ਬਣਾਈ।
ਇਸ ਧਰਤੀ ’ਤੇ ਹੀ ਉਸ ਨੇ ਕਾਂਗੜਾ ਸ਼ੈਲੀ ਵਿਚ ਕੱਚੀਆਂ ਇੱਟਾਂ ਅਤੇ ਗਾਰੇ ਨਾਲ ਆਪਣਾ ਘਰ ਬਣਾਇਆ। ਘਰ ਵਿਚ ਇਕ ਓਪਨ ਏਅਰ ਥੀਏਟਰ ਬਣਾਇਆ। ਉਸ ਦੇ ਇਕ ਹੱਥ ਵਿਚ ਖੁਰਪੀ ਹੁੰਦੀ, ਦੂਜੇ ਹੱਥ ਵਿਚ ਵਿਸਟਾਰੀਆ ਦੇ ਫੁੱਲਾਂ ਦੇ ਪੌਦੇ ਤੇ ਦਿਮਾਗ਼ ਵਿਚ ਨਾਟਕ ਹੁੰਦਾ ਸੀ। ਵਿਸਟਾਰੀਆ ਨਾਲ ਉਸ ਦਾ ਖ਼ਾਸ ਮੋਹ ਸੀ। ਉਹ ਸਾਲ ਵਿਚ ਦੋ ਦਿਨ ਵਿਸ਼ੇਸ਼ ਤੌਰ ’ਤੇ ਮਨਾਉਂਦੀ ਸੀ: ਵਿਸਟਾਰੀਆ ਡੇ ਅਤੇ ਕ੍ਰਿਸਮਸ ਡੇ। ਜਦ 29 ਅਕਤੂਬਰ 1970 ਵਿਚ ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਉਸ ਨੂੰ ਡੀ.ਲਿਟ. ਦੀ ਉਪਾਧੀ ਦਿੱਤੀ ਤਾਂ ਉਸ ਵਕਤ ਆਪਣੇ ਜੋਬਨ ’ਤੇ ਪਹੁੰਚੇ ਇਹ ਵਿਸਟਾਰੀਆ ਦੇ ਬੂਟੇ ਉਸ ਲਈ ਕਨਵੋਕੇਸ਼ਨ ਹਾਲ ਬਣ ਗਏ। ਉਹ ਅੰਦਰੇਟੇ ਇਕੱਲੀ ਗਈ ਸੀ, ਪਰ ਉੱਥੇ ਜਾ ਕੇ ਉਹ ਬਹੁਤ ਸਾਰੀਆਂ ਨਾਟਕੀ ਅਤੇ ਕਲਾਤਮਿਕ ਗਤੀਵਿਧੀਆਂ ਦਾ ਕੇਂਦਰ ਬਣ ਗਈ। ਉਸ ਨੇ ਆਪਣੇ ਸਾਰੇ ਕਲਾਕਾਰ ਮਿੱਤਰਾਂ ਤੇ ਸ਼ਾਗਿਰਦਾਂ ਨੂੰ ਇੱਥੇ ਆਉਣ ਅਤੇ ਇੱਥੇ ਨਾਟਕ ਤੇ ਹੋਰ ਕਲਾਤਮਿਕ ਸਰਗਰਮੀਆਂ ਕਰਨ ਦਾ ਸੱਦਾ ਦਿੱਤਾ। ਇਨ੍ਹਾਂ ਵਿਚ ਚਿੱਤਰਕਾਰ ਬੀ.ਸੀ. ਸਾਨਿਆਲ ਵੀ ਸ਼ਾਮਿਲ ਸੀ ਜਿਸ ਨੇ ਨੋਰਾ ਦਾ ਇਕ ਹੱਥ ਵਿਚ ਵਿਸਟਾਰੀਆ ਦੇ ਫੁੱਲ ਤੇ ਦੂਜੇ ਹੱਥ ਵਿਚ ਖੁਰਪੇ ਵਾਲਾ ਚਿੱਤਰ ਬਣਾਇਆ। ਗੁਰੂ ਨਾਨਕ ਦੇਵ ਜੀ, ਗੁਰੂ ਗੋਬਿੰਦ ਸਿੰਘ ਜੀ ਅਤੇ ਸੋਹਣੀ ਮਹੀਂਵਾਲ ਦੀਆਂ ਜਗਤ ਪ੍ਰਸਿੱਧ ਤਸਵੀਰਾਂ ਬਣਾ ਕੇ ਸ਼ੋਭਾ ਖੱਟਣ ਵਾਲੇ ਸੋਭਾ ਸਿੰਘ ਚਿੱਤਰਕਾਰ, ਮਿੱਟੀ ਦੇ ਬਰਤਣ ਬਣਾਉਣ ਦੀ ਕਲਾ ਦੇ ਮਾਹਿਰ ਗੁਰਚਰਨ ਸਿੰਘ ਵਰਗੇ ਉਸ ਦੇ ਦੋਸਤ ਸਨ ਅਤੇ ਬਲਰਾਜ ਸਾਹਨੀ, ਈਸ਼ਵਰ ਚੰਦਰ ਨੰਦਾ, ਬਲਵੰਤ ਗਾਰਗੀ ਆਦਿ ਸ਼ਾਗਿਰਦ ਸਨ। ਇਨ੍ਹਾਂ ਵਿਚੋਂ ਸੋਭਾ ਸਿੰਘ ਅਤੇ ਗੁਰਚਰਨ ਸਿੰਘ ਤਾਂ ਉੱਥੇ ਪੱਕੇ ਤੌਰ ’ਤੇ ਹੀ ਵਸ ਗਏ ਅਤੇ ਪ੍ਰਿਥਵੀਰਾਜ ਕਪੂਰ ਜਿਹੇ ਕਈ ਸਮੇਂ ਸਮੇਂ ਇੱਥੇ ਆ ਕੇ ਆਪਣੀਆਂ ਸਰਗਰਮੀਆਂ ਕਰਦੇ ਰਹੇ। ਨੋਰਾ ਦਾ ਸਰੀਰ ਬੁਢਾਪੇ ਵੱਲ ਵਧ ਰਿਹਾ ਸੀ। ਉਸ ਨੂੰ ਇਸ ਗੱਲ ਦਾ ਫ਼ਿਕਰ ਸੀ ਕਿ ਉਸ ਦੇ ਤੁਰ ਜਾਣ ਤੋਂ ਬਾਅਦ ਇਸ ਜਗ੍ਹਾ ਨੂੰ ਕੌਣ ਸਾਂਭੇਗਾ। ਇਸੇ ਦੌਰਾਨ 1962 ਵਿਚ ਪੰਜਾਬੀ ਯੂਨੀਵਰਸਿਟੀ, ਪਟਿਆਲਾ ਬਣੀ ਅਤੇ 1965 ਵਿਚ ਇਸ ਯੂਨੀਵਰਸਿਟੀ ਵਿਚ ਪੰਜਾਬੀ ਵਿਭਾਗ ਬਣਿਆ ਅਤੇ ਇਸ ਵਿਭਾਗ ਦਾ ਮੁਖੀ ਉਸ ਦਾ ਸ਼ਾਗਿਰਦ ਡਾ. ਹਰਚਰਨ ਸਿੰਘ ਬਣਿਆ। ਜਦ ਨੋਰਾ ਨੇ ਆਪਣੀ ਚਿੰਤਾ ਡਾ. ਹਰਚਰਨ ਸਿੰਘ ਨਾਲ ਸਾਂਝੀ ਕੀਤੀ ਤਾਂ ਡਾ. ਹਰਚਰਨ ਸਿੰਘ ਨੇ ਮੌਕੇ ਦੇ ਵਾਈਸ ਚਾਂਸਲਰ ਨਾਲ ਗੱਲ ਕਰ ਕੇ ਇਸ ਵਿੱਚੋਂ ਅੱਧੀ ਜ਼ਮੀਨ ਨੂੰ ਤੁਰੰਤ ਪੰਜਾਬੀ ਯੂਨੀਵਰਸਿਟੀ ਦੇ ਕੰਟਰੋਲ ਵਿਚ ਲੈ ਲਿਆ ਅਤੇ ਉਸ ਦੇ ਮਰਨ ਤੋਂ ਬਾਅਦ ਪੂਰੇ ਭਵਨ ਨੂੰ ਯੂਨੀਵਰਸਿਟੀ ਦੇ ਕੰਟਰੋਲ ਹੇਠ ਲੈ ਲਿਆ। ਇਸ ਤੋਂ ਬਾਅਦ ਇੱਥੇ ਹਰ ਸਾਲ ਨੋਰਾ ਦੇ ਜਨਮ ਦਿਨ (29 ਅਕਤੂਬਰ) ਨੂੰ ਨਾਟਕ ਮੇਲਾ ਕਰਵਾਇਆ ਜਾਣ ਲੱਗਾ ਅਤੇ ਇਸ ਤੋਂ ਬਿਨਾ ਨਾਟਕ ਤੇ ਹੋਰ ਸਾਹਿਤਕ/ਗ਼ੈਰ ਸਾਹਿਤਕ ਕਲਾਵਾਂ ਦੀਆਂ ਵਰਕਸ਼ਾਪਾਂ ਲੱਗਦੀਆਂ ਰਹੀਆਂ। ਇਹ ਭਵਨ ਅੱਜ ਵੀ ਅਨੇਕ ਪ੍ਰਕਾਰ ਦੀਆਂ ਕਲਾਤਮਿਕ ਸਰਗਰਮੀਆਂ ਦਾ ਮਰਕਜ਼ ਬਣਿਆ ਹੋਇਆ ਹੈ।
ਪੰਜਾਬ, ਹਰਿਆਣਾ ਅਤੇ ਹਿਮਾਚਲ ਦੀ ਵੰਡ ਹੋਣ ਕਾਰਨ ਭਾਵੇਂ ਇਹ ਭਵਨ ਪੰਜਾਬ ਦੇ ਪਿੰਡਾਂ ਤੱਕ ਨਾਟ ਸਰਗਰਮੀਆਂ ਲੈ ਕੇ ਜਾਣ ਦੇ ਉਦੇਸ਼ ਵਿਚ ਕਾਮਯਾਬ ਨਾ ਹੋਇਆ, ਪਰ ਆਪਣੀ ਪ੍ਰੇਰਨਾ, ਉਤਸ਼ਾਹ, ਜਨੂੰਨ ਅਤੇ ਹੱਲਾਸ਼ੇਰੀ ਨਾਲ ਨੋਰਾ ਪੰਜਾਬੀ ਨਾਟਕ ਤੇ ਰੰਗਮੰਚ ਲਈ ਅਜਿਹੀ ਸ਼ਖ਼ਸੀਅਤ ਬਣ ਗਈ ਜਿਸ ਦਾ ਸਥਾਨ ਅਤੇ ਰੁਤਬਾ ਆਦਰਯੋਗ ਹੈ ਅਤੇ ਹਮੇਸ਼ਾ ਬਣਿਆ ਰਹੇਗਾ। ਇਸੇ ਲਈ ਉਸ ਨੂੰ ਕਦੇ ‘ਪੰਜਾਬ ਦੀ ਲੇਡੀ ਗਰੈਗਰੀ’ (Lady Gregory of the Punjab) ਕਿਹਾ ਗਿਆ ਅਤੇ ਕਦੇ ਪੰਜਾਬੀ ਨਾਟਕ ਦੀ ਨਕੜਦਾਦੀ। ਅੰਦਰੇਟੇ ਦੇ ਆਲੇ-ਦੁਆਲੇ ਦੇ ਲੋਕ ਅੰਦਰੇਟੇ ਨੂੰ ‘ਮੇਮ ਦਾ ਪਿੰਡ’ ਕਹਿ ਕੇ ਯਾਦ ਕਰਦੇ ਹਨ। ਉਸ ਵੱਲੋਂ ਚਲਾਇਆ ਪੰਜਾਬੀ ਦਾ ਇਹ ਓਪਨ ਏਅਰ ਥੀਏਟਰ ਨਾਟਕਕਾਰਾਂ, ਨਿਰਦੇਸ਼ਕਾਂ ਅਤੇ ਅਦਾਕਾਰਾਂ ਲਈ ਜ਼ਿਆਰਤ ਵਰਗਾ ਹੈ। ਇਸ ਥਾਂ ’ਤੇ ਆ ਕੇ ਕੋਈ ਵੀ ਇਨਸਾਨ ਨੋਰਾ ਦੇ ਜਨੂੰਨ ਅਤੇ ਪ੍ਰਤੀਬੱਧਤਾ ਨੂੰ ਸਿਜਦਾ ਕਰੇ ਬਗੈਰ ਨਹੀਂ ਰਹਿ ਸਕਦਾ।
ਇਹ ਵੀ ਇਕ ਕੌੜਾ ਸੱਚ ਹੈ ਕਿ ਪੰਜਾਬੀ ਦਾ ਨਿੱਜੀ ਘਰ ਵਿਚ ਬਣਨ ਵਾਲਾ ਇਹ ਪਹਿਲਾ ਇਤਿਹਾਸਕ ਅਤੇ ਵਿਲੱਖਣ ਥੀਏਟਰ ਬਾਅਦ ਵਿਚ ਵਿਕਸਿਤ ਨਹੀਂ ਕੀਤਾ ਜਾ ਸਕਿਆ। ਭਾਵੇਂ ਯੂਨੀਵਰਸਿਟੀ ਨੇ ਇਸ ਇਮਾਰਤ ਨੂੰ ਗੋਦ ਲੈ ਲਿਆ ਅਤੇ ਇੱਥੇ ਸਾਲ ਵਿਚ ਇਕ ਜਾਂ ਦੋ ਵਾਰ ਨਾਟ ਸਰਗਰਮੀਆਂ ਵੀ ਕਰਵਾ ਲਈਆਂ ਜਾਂਦੀਆਂ ਹਨ ਪਰ ਇਹ ਓਪਨ ਏਅਰ ਥੀਏਟਰ ਅਜੇ ਵੀ 80 ਸਾਲ ਪਹਿਲਾਂ ਵਾਲਾ ਹੀ ਹੈ। ਜੇਕਰ ਇਸ ਨੂੰ ਇਤਿਹਾਸਕ ਰੂਪ ਵਿਚ ਉਸੇ ਤਰ੍ਹਾਂ ਜਿਉਂਦਾ ਰੱਖਣਾ ਸੀ ਤਾਂ ਇੱਥੇ ਨੋਰਾ ਦੀ ਯਾਦ ਵਿਚ ਅਤਿ ਆਧੁਨਿਕ ਸਹੂਲਤਾਂ ਵਾਲਾ ਥੀਏਟਰ ਬਣਾਇਆ ਜਾ ਸਕਦਾ ਸੀ ਅਤੇ ਹਿਮਾਚਲ ਪ੍ਰਦੇਸ਼ ਦੀਆਂ ਯੂਨੀਵਰਸਿਟੀਆਂ ਨਾਲ ਮਿਲ ਕੇ ਇੱਥੇ ਨਾਟਕ ਅਤੇ ਰੰਗਮੰਚ ਦੀਆਂ ਸਰਗਰਮੀਆਂ ਕਰਵਾਈਆਂ ਜਾ ਸਕਦੀਆਂ ਸਨ, ਪਰ ਹੌਲੀ ਹੌਲੀ ਇਹ ਖਾਨਾਪੂਰਤੀ ਹੁੰਦਾ ਜਾ ਰਿਹਾ ਹੈ। ਪੁਰਾਤਤਵੀ ਨਜ਼ਰੀਏ ਤੋਂ ਵੀ ਦੇਖੀਏ ਤਾਂ ਅਸੀਂ ਇਸ ਦੀ ਇਤਿਹਾਸਕਤਾ ਵੀ ਖ਼ਤਮ ਕੀਤੀ ਹੈ। ਜਾਣਕਾਰ ਸੂਤਰਾਂ ਦੇ ਹਵਾਲਿਆਂ ਤੋਂ ਪਤਾ ਲੱਗਦਾ ਹੈ ਕਿ ਪਹਿਲਾਂ ਨੋਰਾ ਦੀ ਸਮਾਧ ’ਤੇ ਇਹ ਸ਼ਬਦ ਉੱਕਰੇ ਹੋਏ ਸਨ:
‘ਹੇ ਮੇਰੀ ਆਤਮਾ, ਤੂੰ ਆਪਣਾ ਕੰਮ ਕਰ ਦਿੱਤਾ ਹੈ,
ਹੁਣ ਤੂੰ ਸ਼ਾਂਤੀ ਨਾਲ ਆਰਾਮ ਕਰ।’
ਅਸੀਂ ਇਸ ਨੂੰ ਮਿਟਾ ਕੇ ਉਸ ਥਾਂ ’ਤੇ ਸਿਰਫ਼ ਸੰਗਮਰਮਰੀ ਸਮਾਧ ਬਣਾ ਦਿੱਤੀ ਹੈ। ਉਹ ਰਜਿਸਟਰ ਗੁਆ ਦਿੱਤਾ ਹੈ ਜਿਸ ’ਤੇ ਇਸ ਥਾਂ ਦੀ ਯਾਤਰਾ ਕਰਨ ਵਾਲਾ ਹਰ ਰੰਗਮੰਚ ਪ੍ਰੇਮੀ ਆਪਣੇ ਹਸਤਾਖ਼ਰਾਂ ਸਮੇਤ ਟਿੱਪਣੀ ਕਰ ਕੇ ਜਾਂਦਾ ਸੀ। ਨੋਰਾ ਦੀਆਂ ਨਿੱਜੀ ਚੀਜ਼ਾਂ (ਕਲਮ, ਬੈਟਰੀ ਆਦਿ) ਨੂੰ ਚੁੱਕ ਕੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਮਿਊਜ਼ੀਅਮ ਵਿਚ ਰੱਖ ਦਿੱਤਾ ਗਿਆ ਹੈ। ਇਸ ਦਾ ਸਾਂਭ-ਸੰਭਾਲ ਪੱਖੋਂ ਕੋਈ ਵੀ ਤਰਕ ਹੋ ਸਕਦਾ ਹੈ, ਪਰ ਜਿਹੜੇ ਲੋਕ ਨੋਰਾ ਦੇ ਇਸ ਘਰ/ਪਿੰਡ ਨੂੰ ਦੇਖਣ ਉੱਥੇ ਜਾਂਦੇ ਹਨ, ਉਹ ਸਾਰੇ ਇਨ੍ਹਾਂ ਚੀਜ਼ਾਂ ਦੇ ਦਰਸ਼ਨਾਂ ਤੋਂ ਵਾਂਝੇ ਹੋ ਗਏ ਹਨ। ਜਿਸ ਤਰ੍ਹਾਂ ਉੱਥੇ ਬਣੇ ਸੋਭਾ ਸਿੰਘ ਦੇ ਘਰ ਵਿਚ ਉਨ੍ਹਾਂ ਨਾਲ ਜੁੜੀ ਹਰ ਚੀਜ਼ ਦਿਖਾਈ ਜਾਂਦੀ ਹੈ, ਇਸੇ ਤਰ੍ਹਾਂ ਨੋਰਾ ਨਾਲ ਸਬੰਧਿਤ ਹਰ ਚੀਜ਼ ਵੀ ਉੱਥੇ ਹੀ ਹੋਣੀ ਚਾਹੀਦੀ ਹੈ।
ਇਕ ਹੋਰ ਬਹੁਤ ਜ਼ਰੂਰੀ ਗੱਲ ਇਹ ਵੀ ਹੈ ਕਿ ਉੱਥੇ ਜਾਣ ਵਾਲੇ ਲੋਕ ਵਿਸ਼ੇਸ਼ ਤੌਰ ’ਤੇ ਥੀਏਟਰ ਵਾਲੇ ਲੋਕ ਆਪਣੀ ਅਧੂਰੀ ਜਾਣਕਾਰੀ ਕਾਰਨ ਸਿਰਫ਼ ਨੋਰਾ ਦੇ ਘਰ ਤਕ ਜਾ ਕੇ ਮੁੜ ਆਉਂਦੇ ਹਨ ਜਦੋਂਕਿ ਪੂਰੀ ਵੁਡਲੈਂਡ ਸੁਸਾਇਟੀ ਬਹੁਤ ਮਹੱਤਵਪੂਰਨ ਹੈ। ਨੋਰਾ ਦੇ ਘਰ ਦੇ ਬਿਲਕੁਲ ਪਿੱਛੇ ‘ਨੋਰਾ ਸੈਂਟਰ ਫਾਰ ਆਰਟਸ’ ਨਾਂ ਹੇਠ ਬਹੁਤ ਵੱਡਾ ਹਾਲ ਬਣਿਆ ਹੈ ਜਿੱਥੇ ਉਹ ਆਪਣੇ ਨਾਟਕਾਂ ਦੀਆਂ ਰਿਹਰਸਲਾਂ ਕਰਵਾਉਂਦੀ ਅਤੇ ਵਰਕਸ਼ਾਪਾਂ ਲਗਾਉਂਦੀ ਰਹੀ ਹੈ। ਏਨੀ ਖ਼ੂਬਸੂਰਤ ਇਮਾਰਤ ਬੰਦ ਪਈ ਪਈ ਖੰਡਰ ਬਣਦੀ ਜਾ ਰਹੀ ਹੈ। ਇਸ ਨੂੰ ਖੁਲ੍ਹਵਾ ਕੇ ਜਾਂ ਤਾਂ ਇਸ ਦੀ ਕਲਾਵਾਂ ਲਈ ਵਰਤੋਂ ਕਰਨੀ ਚਾਹੀਦੀ ਹੈ ਅਤੇ ਜਾਂ ਪੁਰਾਤਤਵ ਵਿਭਾਗ ਨੂੰ ਚਾਹੀਦਾ ਹੈ ਕਿ ਇਸ ਦੀ ਇਤਿਹਾਸਕਤਾ ਨੂੰ ਕਾਇਮ ਰੱਖ ਕੇ ਇਸ ਨੂੰ ਲੋਕਾਂ ਦੇ ਦੇਖਣ ਲਈ ਖੋਲ੍ਹ ਦੇਵੇ।
ਇਸ ਦੇ ਨਾਲ ਹੀ ਇਸ ਦੇ ਆਲੇ-ਦੁਆਲੇ ਉਹ ਥਾਵਾਂ ਵੀ ਹਨ ਜੋ ਨੋਰਾ ਦੇ ਸੁਪਨੇ ਵਿਚ ਸ਼ਾਮਿਲ ਸਨ। ਇਕ ਮਹੱਤਵਪੂਰਨ ਥਾਂ ਪੰਜਾਬ ਦੇ ਮਾਣਮੱਤੇ ਸਪੂਤ ਅਤੇ ਨੋਰਾ ਦੇ ਬਹੁਤ ਕਰੀਬੀ ਪ੍ਰਿਥਵੀਰਾਜ ਕਪੂਰ ਦਾ ਘਰ ਬਣਾਉਣ ਦਾ ਸੁਪਨਾ ਸੀ। ਇਹ ਸਿਰਫ਼ ਸੁਪਨਾ ਹੀ ਨਹੀਂ ਸੀ, ਨੋਰਾ ਨੇ ਉਸ ਨੂੰ ਥਾਂ ਦਿੱਤਾ ਅਤੇ ਪ੍ਰਿਥਵੀਰਾਜ ਕਪੂਰ ਨੇ ਬਾਕਾਇਦਾ ਘਰ ਦੀਆਂ ਨੀਹਾਂ ਭਰ ਦਿੱਤੀਆਂ ਪਰ ਨੀਹਾਂ ਤੋਂ ਬਾਅਦ ਪਤਾ ਨਹੀਂ ਕਿਹੜੇ ਕਾਰਨਾਂ ਕਰਕੇ ਉੱਥੇ ਮਕਾਨ ਨਹੀਂ ਉੱਸਰ ਸਕਿਆ। ਇਸੇ ਤਰ੍ਹਾਂ ਨੋਰਾ ਨੇ ਬਿਲਕੁਲ ਇਸੇ ਪੈਟਰਨ ’ਤੇ ਉਥੇ ਪ੍ਰਸਿੱਧ ਫਿਲਮ ਅਦਾਕਾਰ ਕਬੀਰ ਬੇਦੀ ਦਾ ਘਰ ਬਣਵਾਇਆ ਅਤੇ ਉਹ ਸਾਲ ਦੇ ਕੁਝ ਸਮਾਂ ਇੱਥੇ ਆ ਕੇ ਰਹਿੰਦੇ ਵੀ ਰਹੇ, ਪਰ ਹੁਣ ਇਹ ਘਰ ਵੀ ਲਗਭਗ ਖੰਡਰ ਬਣਦਾ ਜਾ ਰਿਹਾ ਹੈ।
ਨੋਰਾ ਸਿਰਫ਼ ਰੰਗਕਰਮੀ ਹੀ ਨਹੀਂ ਸੀ ਸਗੋਂ ਬਹੁਤ ਹੀ ਸੁਹਿਰਦ, ਮਦਦਗਾਰ ਅਤੇ ਸੰਵੇਦਨਸ਼ੀਲ ਇਨਸਾਨ ਸੀ। ਇਸ ਪਿੰਡ ਦੇ ਹਰ ਬੰਦੇ ਕੋਲ ਨੋਰਾ ਦੀ ਕੋਈ ਨਾ ਕੋਈ ਕਹਾਣੀ ਹੈ। ਇਸੇ ਤਰ੍ਹਾਂ ਦੀ ਇਕ ਕਹਾਣੀ ਲੱਕੜ ਦੀ ਕਾਰੀਗਰੀ ਕਰਨ ਵਾਲੇ ਰਿੰਕੂ ਨਾਂ ਦੇ ਇਕ ਨੌਜਵਾਨ ਨੇ ਸੁਣਾਈ ਸੀ ਜਿਸ ਦਾ ਪਿਤਾ ਚਿਣਾਈ ਦਾ ਮਿਸਤਰੀ ਸੀ। ਉਸ ਨੂੰ ਨੋਰਾ ਆਪਣਾ ਘਰ ਬਣਾਉਣ ਲਈ ਇੱਥੇ ਲਿਆਈ ਸੀ ਅਤੇ ਬਿਲਕੁਲ ਆਪਣੇ ਘਰ ਦੇ ਬਾਹਰਲੇ ਪਾਸੇ ਉਸ ਨੂੰ ਘਰ ਬਣਾ ਕੇ ਦਿੱਤਾ ਸੀ। ਉਹ ਮਿਸਤਰੀ ਆਪ ਤਾਂ ਹੁਣ ਸਵਰਗ ਸਿਧਾਰ ਚੁੱਕਿਆ ਹੈ, ਪਰ ਉਸ ਦਾ ਬੇਟਾ ਰਿੰਕੂ ਉਸੇ ਘਰ ਵਿਚ ਰਹਿ ਰਿਹਾ ਹੈ ਜਿਸ ਨੇ ਸਾਡੇ ਨਾਲ ਨੋਰਾ ਬਾਰੇ ਬਹੁਤ ਸਾਰਿਆਂ ਗੱਲਾਂ ਕੀਤੀਆਂ। ਦਿਲ ਝੰਜੋੜਨ ਵਾਲੀ ਇਕ ਕਹਾਣੀ ਇਸ ਪ੍ਰਕਾਰ ਹੈ:
ਜਦੋਂ ਦੇਸ਼ ਵੰਡ ਹੋਈ ਤਾਂ ਦੰਗੇ-ਫ਼ਸਾਦਾਂ ਦਾ ਸੇਕ ਅੰਦਰੇਟਾ ਤਕ ਵੀ ਪਹੁੰਚਿਆ। ਇੱਥੇ ਵਸਦੇ ਕੁਝ ਗਿਣਤੀ ਦੇ ਪਰਿਵਾਰਾਂ ’ਤੇ ਵੱਡਾ ਖ਼ਤਰਾ ਮੰਡਰਾਉਣ ਲੱਗਾ। ਨਿੱਤ ਧਮਕੀਆਂ ਆਉਣ ਲੱਗੀਆਂ। ਆਖ਼ਰ ਇਕ ਦਿਨ ਹਮਲਾ ਕਰਨ ਦੀ ਪੂਰੀ ਸਾਜ਼ਿਸ਼ ਘੜ ਲਈ ਗਈ। ਜਦ ਇਨ੍ਹਾਂ ਪਰਿਵਾਰਾਂ ਨੂੰ ਕਨਸੋਅ ਮਿਲੀ ਤਾਂ ਉਹ ਡਰਦੇ ਪਿੰਡ ’ਚੋਂ ਦੌੜ ਗਏ ਅਤੇ ਪਹਾੜੀ ਦੇ ਉੱਪਰ ਜੰਗਲ ਵਿਚ ਬਣੇ ਗੁਫ਼ਾਨੁਮਾ ਪੱਥਰਾਂ ਹੇਠ ਲੁਕ ਗਏ। ਫ਼ਸਾਦੀ ਵੀ ਪੂਰੀ ਦਰਿੰਦਗੀ ’ਤੇ ਉਤਰੇ ਹੋਏ ਸਨ। ਉਹ ਲੋਕਾਂ ਨੂੰ ਲੱਭਦੇ ਲੱਭਦੇ ਜੰਗਲ ਵੱਲ ਚਲੇ ਗਏ। ਉਸ ਦੌਰ ਵਿਚ ਦਹਿਸ਼ਤ ਦਾ ਆਲਮ ਏਨਾ ਜ਼ਿਆਦਾ ਸੀ ਕਿ ਲੋਕ ਆਪਣੀ ਜਾਨ ਬਚਾਉਣ ਲਈ ਆਪਣਿਆਂ ਨੂੰ ਹੀ ਮਾਰ ਕੇ ਜਾਂ ਮਰਨ ਲਈ ਛੱਡ ਕੇ ਭੱਜ ਗਏ ਸਨ। ਇੱਥੇ ਵੀ ਇਸੇ ਤਰ੍ਹਾਂ ਹੋਇਆ। ਉਸ ਜਥੇ ਵਿਚ ਇਕ ਔਰਤ ਗਰਭਵਤੀ ਸੀ ਜੋ ਦੌੜ ਤਾਂ ਕੀ ਤੁਰ ਵੀ ਨਹੀਂ ਸਕਦੀ ਸੀ। ਉਸ ਵਕਤ ਉਨ੍ਹਾਂ ਸਾਹਮਣੇ ਦੋ ਹੀ ਰਾਹ ਸਨ। ਜਾਂ ਤਾਂ ਸਾਰੇ ਫਸਾਦੀਆਂ ਦੀਆਂ ਗੋਲੀਆਂ ਦਾ ਸ਼ਿਕਾਰ ਹੋ ਜਾਂਦੇ ਜਾਂ ਫਿਰ ਉਸ ਗਰਭਵਤੀ ਔਰਤ ਨੂੰ ਮਰਨ ਲਈ ਛੱਡ ਕੇ ਚਲੇ ਜਾਂਦੇ। ਦੂਜੇ ਪਾਸੇ, ਦਰਿੰਦਗੀ ਵੱਸ ਹੋਏ ਫ਼ਸਾਦੀਆਂ ਨੇ ਨਾ ਇਹ ਦੇਖਿਆ ਕਿ ਇਹ ਇਕੱਲੀ ਔਰਤ ਹੈ ਤੇ ਗਰਭਵਤੀ ਹੈ। ਮਜ਼ਹਬੀ ਤੁਅੱਸਬ ਵਿਚ ਅੰਨ੍ਹੇ ਹੋਏ ਜਨੂੰਨੀਆਂ ਨੇ ਬਰਛਿਆਂ ਨਾਲ ਉਸ ਦੀਆਂ ਬਾਹਾਂ ਕੱਟ ਦਿੱਤੀਆਂ। ਉਹ ਇਕੱਲੀ ਚੀਕਦੀ ਚਿਲਾਉਂਦੀ ਰਹੀ। ਕਿਸੇ ਦੀ ਜੁਰੱਅਤ ਨਾ ਹੋਈ ਕਿ ਕੋਈ ਉਸ ਨੂੰ ਬਚਾਉਂਦਾ।
ਕਿਸੇ ਨੇ ਆ ਕੇ ਨੋਰਾ ਨੂੰ ਸਾਰਾ ਹਾਲ ਦੱਸਿਆ। ਉਹ ਘੋੜਾ ਅਤੇ ਨਾਲ ਕੁਝ ਬੰਦੇ ਲੈ ਕੇ ਉੱਥੇ ਗਈ ਅਤੇ ਉਸ ਨੂੰ ਲਹੂ-ਲੁਹਾਣ ਹੋਈ ਨੂੰ ਉੱਥੋਂ ਚੁੱਕ ਕੇ ਲਿਆਂਦਾ। ਇਲਾਜ ਕਰਵਾਇਆ। ਬਾਅਦ ਵਿਚ ਉਸ ਦੇ ਪੇਟੋਂ ਇਕ ਮੁੰਡਾ ਪੈਦਾ ਹੋਇਆ। ਉਹ ਔਰਤ ਤਾਂ ਹੁਣ ਇਸ ਦੁਨੀਆਂ ਵਿਚ ਨਹੀਂ ਹੈ, ਪਰ ਉਸ ਦਾ ਉਹ ਮੁੰਡਾ, ਉਸ ਦੀ ਪਤਨੀ ਤੇ ਬੱਚੇ ਅਜੇ ਵੀ ਨੋਰਾ ਦੇ ਘਰ ਤੋਂ ਥੋੜ੍ਹੀ ਦੂਰੀ ’ਤੇ ਉੱਥੇ ਰਹਿ ਰਹੇ ਹਨ। ਇਉਂ ਨੋਰਾ ਉਸ ਪਿੰਡ ਦੀ ਸੰਕਟਮੋਚਕ ਵੀ ਸੀ ਜੋ ਹਰ ਦੁੱਖ-ਸੁਖ ਵਿਚ ਲੋਕਾਂ ਦਾ ਸਾਥ ਦਿੰਦੀ ਸੀ। ਉਸ ਨੇ ਸੱਚਮੁੱਚ ਆਪਣਾ ਕੰਮ ਕਰ ਦਿੱਤਾ ਹੈ। ਪੰਜਾਬੀ ਨਾਟਕ ਤੇ ਰੰਗਮੰਚ ਪ੍ਰਤੀ ਜਿਹੜੀ ਜ਼ਿੰਮੇਵਾਰੀ ਉਸ ਨੇ ਜਿਸ ਸ਼ਿੱਦਤ ਤੇ ਜਨੂੰਨ ਨਾਲ ਨਿਭਾਈ ਹੈ, ਉਹ ਸ਼ਾਇਦ ਹੀ ਕੋਈ ਹੋਰ ਨਿਭਾ ਸਕੇ। ਚਾਹੀਦਾ ਤਾਂ ਇਹ ਸੀ ਕਿ ਅਸੀਂ ਇਸ ਜਗ੍ਹਾ ਦੀ ਇਤਿਹਾਸਕਤਾ ਨੂੰ ਸੰਭਾਲਦਿਆਂ ਇਸ ਨੂੰ ਹੋਰ ਪ੍ਰਫੁੱਲਿਤ ਕਰਦੇ, ਪਰ ਸ਼ਾਇਦ ਅਸੀਂ ਕਿਤੇ ਉੱਕ ਗਏ… ਇਹ ਸਾਧਨਾਂ ਦੀ ਘਾਟ ਹੈ ਜਾਂ ਸਮਝ ਦੀ… ਜਨੂੰਨ ਦੀ ਘਾਟ ਹੈ ਜਾਂ ਪ੍ਰਤੀਬੱਧਤਾ ਦੀ… ਇਸ ਦੀ ਪੜਚੋਲ ਅਸੀਂ ਸਾਰਿਆਂ ਨੇ ਕਰਨੀ ਹੈ। ਇਸ ਤੋਂ ਪਹਿਲਾਂ ਕਿ ਹੋਰ ਇਮਾਰਤਾਂ ਵਾਂਗ ਇਹ ਇਮਾਰਤ ਵੀ ਆਪਣੀ ਇਤਿਹਾਸਕਤਾ ਅਤੇ ਗੌਰਵ ਗਵਾ ਕੇ ਜਾਂ ਤਾਂ ਸਾਧਾਰਨ ਸੈਲਾਨੀ ਸਥਾਨ ਜਾਂ ਫਿਰ ਖੰਡਰ ਬਣ ਜਾਏ… ਆਓ ਆਪਣਾ ਫ਼ਰਜ਼ ਪਛਾਣੀਏ ਤੇ ਇਸ ਨੂੰ ਮੁੜ ਨਾਟਕ, ਰੰਗਮੰਚ ਅਤੇ ਹੋਰ ਕਲਾਵਾਂ ਦੇ ਕੇਂਦਰ ਵਜੋਂ ਵਿਕਸਿਤ ਕਰੀਏ।
ਸੰਪਰਕ: 98552-55956