ਆਰਥਿਕ ਸੰਕਟ ਸਰਕਾਰਾਂ ਦੇ ਹੱਥ ਕਿਸ ਹੱਦ ਤੱਕ ਬੰਨ੍ਹ ਦਿੰਦਾ ਹੈ, ਇਸ ਦੀ ਮਿਸਾਲ ਪਾਕਿਸਤਾਨ ਤੋਂ ਮਿਲਦੀ ਹੈ। ਕੌਮਾਂਤਰੀ ਮਾਲੀ ਫੰਡ ਨੇ ਪਾਕਿਸਤਾਨ ਨੂੰ ਛੇ ਅਰਬ ਡਾਲਰਾਂ ਦਾ ਕਰਜ਼ਾ ਦੇਣ ਦੀ ਸਹਿਮਤੀ ਪ੍ਰਗਟਾਈ ਹੋਈ ਹੈ। ਇਸ ਕਰਜ਼ੇ ਦੀ ਤਿੰਨ ਅਰਬ ਡਾਲਰਾਂ ਦੀ ਦੂਜੀ ਖੇਪ ਦੇਣ ਤੋਂ ਪਹਿਲਾਂ ਇਸ ਕੌਮਾਂਤਰੀ ਅਦਾਰੇ ਨੇ ਪਾਕਿਸਤਾਨ ਸਰਕਾਰ ਨੂੰ ਛੇ ਸ਼ਰਤਾਂ ਪੂਰੀਆਂ ਕਰਨ ਲਈ ਕਿਹਾ ਹੈ। ਇਹ ਸ਼ਰਤਾਂ ਜੂਨ 2022 ਤੱਕ ਪੂਰੀਆਂ ਕਰਨੀਆਂ ਹਨ। ਇਨ੍ਹਾਂ ਵਿਚ ਵਿਅਕਤੀਗਤ ਆਮਦਨ ਕਰ ਦੀਆਂ ਦਰਾਂ ਅਤੇ ਬਿਜਲੀ ਦਰਾਂ ਵਧਾਉਣੀਆਂ ਅਤੇ ਗ਼ੈਰ-ਜ਼ਰੂਰੀ ਆਰਥਿਕ ਰਿਆਇਤਾਂ ਖ਼ਤਮ ਕਰਨੀਆਂ ਸ਼ਾਮਲ ਹਨ। ਇਨ੍ਹਾਂ ਸ਼ਰਤਾਂ ਤੋਂ ਇਲਾਵਾ ਕੌਮਾਂਤਰੀ ਮਾਲੀ ਫੰਡ (ਆਈਐਮਐਫ਼) ਨੇ ਖ਼ਜ਼ਾਨਾ ਮੰਤਰੀ ਸ਼ੌਕਤ ਤਾਰੀਨ ਵੱਲੋਂ ਪੇਸ਼ ਕੀਤੇ ਗਏ ਪਹਿਲੇ ਬਜਟ ਉੱਤੇ ਕੁਝ ਇਤਰਾਜ਼ ਵੀ ਪ੍ਰਗਟਾਏ ਹਨ।
ਅੰਗਰੇਜ਼ੀ ਅਖ਼ਬਾਰ ‘ਐਕਸਪ੍ਰੈੱਸ ਟ੍ਰਿਬਿਊਨ’ ਦੀ ਰਿਪੋਰਟ ਅਨੁਸਾਰ ਪਾਕਿਸਤਾਨ ਵਿਚ ਵਿਅਕਤੀਗਤ ਆਮਦਨ ਦਰ ਦੀਆਂ 11 ਸਲੈਬਾਂ ਹਨ। ਇਸ ਟੈਕਸ ਦੀ ਵੱਧ ਤੋਂ ਵੱਧ ਦਰ 35 % ਅਤੇ ਘੱਟ ਤੋਂ ਘੱਟ 10 % ਹੈ। ਆਈਐਮਐਫ਼ ਨੇ ਇਹ ਸਲੈਬਾਂ ਘਟਾਉਣ ਦੀ ਸ਼ਰਤ ਰੱਖੀ ਹੈ। ਇਸ ਸ਼ਰਤ ਦੇ ਤਹਿਤ ਤਨਖ਼ਾਹਦਾਰ ਤਬਕੇ ਉੱਪਰ ਆਮਦਨ ਕਰ ਦਾ ਬੋਝ ਵਧਣ ਦਾ ਖ਼ਦਸ਼ਾ ਹੈ। ਇਸੇ ਤਰ੍ਹਾਂ ਬਿਜਲੀ ਦਰਾਂ ਦੇ ਮਾਮਲੇ ਵਿਚ ਰਿਆਇਤਾਂ ਘਟਾਉਣ ਲਈ ਕਿਹਾ ਗਿਆ ਹੈ। ਇਸ ਦਾ ਸਿੱਧਾ ਅਸਰ ਗ਼ਰੀਬ ਤੇ ਦਰਮਿਆਨੇ ਤਬਕੇ ਉੱਤੇ ਪੈਣਾ ਯਕੀਨੀ ਹੈ। ਇਕ ਸ਼ਰਤ ਬਰਾਮਦ ਪ੍ਰੋਤਸਾਹਨ ਸਕੀਮ ਦਾ ਮੁੜ-ਜਾਇਜ਼ਾ ਲਏ ਜਾਣ ਅਤੇ ਇਸ ਨੂੰ ਬਿਹਤਰ ਢੰਗ ਨਾ ਨੇਮਬੰਦ ਕੀਤੇ ਜਾਣ ਬਾਰੇ ਹੈ। ਆਈਐਮਐਫ਼ ਦੀ ਰਾਇ ਹੈ ਕਿ ਇਹ ਸਕੀਮ ਟੈਕਸ ਚੋਰੀ ਦਾ ਵੱਡਾ ਸਰੋਤ ਹੈ ਅਤੇ ਇਹ ਸਰੋਤ ਬੰਦ ਕੀਤਾ ਜਾਣਾ ਚਾਹੀਦਾ ਹੈ। ਇਕ ਹੋਰ ਸ਼ਰਤ ਕੰਪਨੀ ਕਾਨੂੰਨਾਂ ਨੂੰ ਬਿਹਤਰ ਢੰਗ ਨਾਲ ਰੈਗੂਲੇਟ ਕੀਤੇ ਜਾਣ ਅਤੇ ਵੱਧ ਪਾਰਦਰਸ਼ੀ ਬਣਾਏ ਜਾਣ ਬਾਰੇ ਹੈ। ਆਈਐਮਐਫ਼ ਦਾ ਕਹਿਣਾ ਹੈ ਕਿ ਇਨ੍ਹਾਂ ਕਾਨੂੰਨਾਂ ਅੰਦਰਲੀਆਂ ਚੋਰ-ਮੋਰੀਆਂ ਦਾ ਕਾਰੋਬਾਰੀ ਜਗਤ ਸਿੱਧੇ-ਅਸਿੱਧੇ ਤੌਰ ’ਤੇ ਲਾਭ ਲੈ ਰਿਹਾ ਹੈ ਅਤੇ ਇਸ ਦਾ ਸਿੱਧਾ ਅਸਰ ਸਰਕਾਰੀ ਮਾਲੀਏ ਉੱਤੇ ਪੈ ਰਿਹਾ ਹੈ।
ਇਨ੍ਹਾਂ ਸ਼ਰਤਾਂ ਬਾਰੇ ਆਪਣੇ ਤਬਸਰੇ ਵਿਚ ਅਖ਼ਬਾਰ ਲਿਖਦਾ ਹੈ ਕਿ ਇਹ ਸ਼ਰਤਾਂ ਪਾਕਿਸਤਾਨ ਸਰਕਾਰ ਦੀ ਖ਼ੁਦਮੁਖਤਾਰੀ ਸੀਮਤ ਬਣਾਉਣ ਵਾਲੀਆਂ ਅਤੇ ਨਮੋਸ਼ੀਜਨਕ ਹਨ, ਪਰ ਕੌਮੀ ਅਰਥਚਾਰੇ ਦੀ ਇਸ ਸਮੇਂ ਜੋ ਹਾਲਤ ਹੈ, ਉਸ ਦੇ ਮੱਦੇਨਜ਼ਰ ਸਰਕਾਰ ਕੋਲ ਇਨ੍ਹਾਂ ਨੂੰ ਮੰਨੇ ਜਾਣ ਤੋਂ ਇਲਾਵਾ ਹੋਰ ਕੋਈ ਚਾਰਾ ਵੀ ਨਹੀਂ। ਉਂਜ ਵੀ, ਇਹ ਸ਼ਰਤਾਂ ਇਸ ਗੱਲ ਦਾ ਸਬੂਤ ਹਨ ਕਿ ਅਰਥਚਾਰਾ ਕਿਸ ਹੱਦ ਤੱਕ ਖ਼ਸਤਾਹਾਲ ਹੈ।
ਟਿੰਬਰ ਮਾਫੀਆ ਖ਼ਿਲਾਫ਼ ਸਖ਼ਤੀ
ਰਾਵਲਪਿੰਡੀ ਪ੍ਰਸ਼ਾਸਨ ਨੇ ਪੋਠੋਹਾਰ ਖ਼ਿੱਤੇ ਵਿਚ ਦਰਖ਼ਤਾਂ ਦੀ ਕਟਾਈ ਰੋਕਣ ਲਈ ਸਖ਼ਤ ਕਦਮ ਚੁੱਕੇ ਹਨ। ਅੰਗਰੇਜ਼ੀ ਅਖ਼ਬਾਰ ‘ਪਾਕਿਸਤਾਨ ਆਬਜ਼ਰਵਰ’ ਦੀ ਰਿਪੋਰਟ ਮੁਤਾਬਿਕ ਰਾਵਲਪਿੰਡੀ ਡਿਵੀਜ਼ਨ ਵਿਚ ਸੁੱਕੇ-ਸੜੇ ਦਰਖ਼ਤ ਹਟਾਉਣ ਦੇ ਨਾਂਅ ’ਤੇ ਸਿਹਤਮੰਦ ਦਰਖ਼ਤਾਂ ਦੀ ਕਟਾਈ ਵੀ ਬੇਕਿਰਕੀ ਨਾਲ ਜਾਰੀ ਸੀ। ਲਾਹੌਰ ਹਾਈ ਕੋਰਟ ਨੇ ਇਕ ਵਕੀਲ ਵੱਲੋਂ ਦਾਇਰ ਪਟੀਸ਼ਨ ਦੇ ਆਧਾਰ ’ਤੇ ਇਸ ਕਟਾਈ ਬਾਰੇ ਰਿਪੋਰਟ ਪੇਸ਼ ਕੀਤੇ ਜਾਣ ਅਤੇ ਹਾਲ ਦੀ ਘੜੀ ਹਰ ਕਿਸਮ ਦੀ ਕਟਾਈ ਬੰਦ ਕੀਤੇ ਜਾਣ ਦੇ ਹੁਕਮ ਦਿੱਤੇ। ਇਨ੍ਹਾਂ ਹੁਕਮਾਂ ਦੇ ਮੱਦੇਨਜ਼ਰ ਪ੍ਰਸ਼ਾਸਨ ਨੂੰ ਸਖ਼ਤੀ ਕਰਨ ਲਈ ਮਜਬੂਰ ਹੋਣਾ ਪਿਆ।
ਰਿਪੋਰਟ ਵਿਚ ਕਿਹਾ ਗਿਆ ਹੈ ਕਿ ਭੂਗੋਲਿਕ ਹਾਲਾਤ ਮੁਤਾਬਿਕ ਪਾਕਿਸਤਾਨ ਨੂੰ 25 % ਹਰਿਆਲੇ ਛਤਰ ਦੀ ਲੋੜ ਹੈ, ਪਰ ਜੰਗਲਾਤ ਹੇਠਲਾ ਰਕਬਾ ਇਸ ਸਮੇਂ ਕੁੱਲ ਕੌਮੀ ਰਕਬੇ ਦਾ ਸਿਰਫ਼ 5.7 % ਬਣਦਾ ਹੈ।
ਇਸ ਦਾ ਸਿੱਧਾ ਅਸਰ ਮੌਸਮੀ ਹਾਲਾਤ ਉੱਤੇ ਪੈ ਰਿਹਾ ਹੈ। ਜੰਗਲਾਤ ਖੇਤਰ ਮੁੱਖ ਤੌਰ ’ਤੇ ਗਿਲਗਿਤ-ਬਾਲਟਿਸਤਾਨ ਖ਼ਿੱਤੇ ਅਤੇ ਪੋਠੋਹਾਰ ਡਿਵੀਜ਼ਨ ਦੀਆਂ ਪਹਾੜੀਆਂ ਉੱਤੇ ਕੇਂਦ੍ਰਿਤ ਸੀ, ਪਰ ਇਨ੍ਹਾਂ ਪਹਾੜੀਆਂ ਉੱਪਰੋਂ ਜੰਗਲਾਂ ਦਾ ਸਫ਼ਾਇਆ ਪਿਛਲੇ ਅੱਧੇ ਦਹਾਕੇ ਤੋਂ ਬੇਰੋਕ-ਟੋਕ ਚੱਲ ਰਿਹਾ ਸੀ। ਰਿਪੋਰਟ ਵਿਚ ਉਮੀਦ ਜਤਾਈ ਗਈ ਹੈ ਕਿ ਹਾਈ ਕੋਰਟ ਦੇ ਹੁਕਮਾਂ ਉੱਤੇ ਇਮਾਨਦਾਰੀ ਨਾਲ ਅਮਲ ਕੀਤਾ ਜਾਵੇਗਾ ਅਤੇ ਜੰਗਲਾਂ ਦੇ ਵਿਨਾਸ਼ ਨੂੰ ਕੁਝ ਠੱਲ੍ਹ ਜ਼ਰੂਰ ਪਵੇਗੀ।
ਚਿੜੀਆਘਰ ਦਾ ਨਵਾਂ ਆਕਰਸ਼ਣ
ਰਾਵਲਪਿੰਡੀ ਦੇ ਅਯੂਬ ਨੈਸ਼ਨਲ ਪਾਰਕ ਵਿਚ ਰਾਇਲ ਬੰਗਾਲ ਟਾਈਗਰ (ਬੰਗਾਲੀ ਬਾਘ) ਦੇ ਦੋ ਬੱਚੇ, ਲੋਕਾਂ ਲਈ ਨਵਾਂ ਆਕਰਸ਼ਣ ਬਣੇ ਹੋਏ ਹਨ। ‘ਐਕਸਪ੍ਰੈਸ ਟ੍ਰਿਬਿਊਨ’ ਦੀ ਰਿਪੋਰਟ ਅਨੁਸਾਰ ਫੀਲਿਕਸ ਤੇ ਜੂਲੀਆ ਨਾਂ ਦੇ ਇਹ ਬੱਚੇ, ਰੀਟਾ ਨਾਂ ਦੀ ਬਾਘਿਨ ਦੀ ਨਵੀਂ ਔਲਾਦ ਹਨ। ਇਹ ਹੁਣ ਇਕ ਮਹੀਨੇ ਦੇ ਹੋ ਗਏ ਹਨ ਅਤੇ ਇਨ੍ਹਾਂ ਨੂੰ ਪਹਿਲੀ ਵਾਰ ਇਸ ਚਿੜੀਆਘਰ ਵਿਚ ਲੋਕਾਂ ਦੇ ਸਾਹਮਣੇ ਲਿਆਂਦਾ ਗਿਆ ਹੈ। ਦੋਵੇਂ ਸਿਹਤਮੰਦ ਹਨ ਅਤੇ ਚਿੜੀਆਘਰ ਦੇ ਕਾਰਕੁਨਾਂ ਵੱਲੋਂ ਇਨ੍ਹਾਂ ਦਾ ਉਚੇਚਾ ਧਿਆਨ ਰੱਖਿਆ ਜਾ ਰਿਹਾ ਹੈ। ਰੀਟਾ ਨੇ 16 ਮਹੀਨੇ ਪਹਿਲਾਂ ਵੀ ਦੋ ਬੱਚਿਆਂ ਨੂੰ ਜਨਮ ਦਿੱਤਾ ਸੀ, ਪਰ ਉਹ ਬਹੁਤੀ ਦੇਰ ਜ਼ਿੰਦਾ ਨਾ ਰਹਿ ਸਕੇ। ਇਸ ਵਾਰ ਜਨਮੇ ਦੋਵਾਂ ਬੱਚਿਆਂ ਦੀ ਦੇਖਭਾਲ ਉਹ ਪੂਰੀ ਤਨਦੇਹੀ ਨਾਲ ਕਰ ਰਹੀ ਹੈ।
ਦੁਨੀਆਂ ਵਿਚ ਇਸ ਸਮੇਂ ਤਕਰੀਬਨ 3500 ਬਾਘ ਬਚੇ ਹਨ। ਇਨ੍ਹਾਂ ਵਿਚੋਂ 80 ਦੇ ਕਰੀਬ ਪਾਿਕਸਤਾਨ ਵਿਚ ਹਨ ਜੋ ਮੁੱਖ ਤੌਰ ’ਤੇ ਚਿੜੀਆਘਰਾਂ ਵਿਚ ਹੀ ਹਨ। ਅਯੂਬ ਨੈਸ਼ਨਲ ਪਾਰਕ ਵਿਚ ਇਸ ਸਮੇਂ ਪੰਜ ਬਾਘ ਹਨ ਜਦੋਂਕਿ ਲਾਹੌਰ ਚਿੜੀਆਘਰ ਵਿਚ ਇਨ੍ਹਾਂ ਦੀ ਗਿਣਤੀ ਅੱਠ ਹੈ। ਗਿਲਗਿਤ-ਬਾਲਟਿਸਤਾਨ ਖ਼ਿੱਤੇ ਦੇ ਜੰਗਲਾਂ ਵਿਚ 35 ਦੇ ਕਰੀਬ ਬਾਘ ਹੋਣ ਦਾ ਅੰਦਾਜ਼ਾ ਹੈ। ਵਣ ਪ੍ਰੇਮੀਆਂ ਨੇ ਅਯੂਬ ਨੈਸ਼ਨਲ ਪਾਰਕ ਦੇ ਪ੍ਰਬੰਧਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਰੀਟਾ ਦੇ ਬੱਚਿਆਂ ਨੂੰ ਲੋਕਾਂ ਸਾਹਮਣੇ ਰੋਜ਼ ਰੋਜ਼ ਲਿਆਉਣ ਦੇ ਲੋਭ ਤੋਂ ਬਚਣ ਤਾਂ ਜੋ ਇਨ੍ਹਾਂ ਦੀ ਪਰਵਰਿਸ਼ ਬਿਹਤਰ ਮਾਹੌਲ ਵਿਚ ਹੋ ਸਕੇ।
ਥੀਏਟਰ ਫੈਸਟੀਵਲ
ਲਾਹੌਰ ਵਿਚ ਚੱਲ ਰਹੇ ਅਲੰਬਰਾ ਥੀਏਟਰ ਮੇਲੇ ਵਿਚ ਸ਼ਨਿੱਚਰਵਾਰ ਸ਼ਾਮੀਂ ਅਜੋਕਾ ਗਰੁੱਪ ਦੇ ਵਿਦਿਆਰਥੀਆਂ ਨੇ ਦੋ ਲਘੂ ਨਾਟਕ ਪੇਸ਼ ਕੀਤੇ ਜਿਨ੍ਹਾਂ ਨੂੰ ਦਰਸ਼ਕਾਂ ਵੱਲੋਂ ਭਰਪੂਰ ਸਰਾਹਿਆ ਗਿਆ। ‘ਲੱਪਰ’ ਤੇ ‘ਮਰਿਆ ਹੋਇਆ ਕੁੱਤਾ’ ਨਾਮੀ ਨਾਟਕ ਸ਼ਾਹਿਦ ਨਦੀਮ ਵੱਲੋਂ ਲਿਖੇ ਹੋਏ ਹਨ। ਪਹਿਲਾ ਨਾਟਕ ਕੁੜੀਆਂ ਨੂੰ ਕੁੱਖ ਵਿਚ ਮਾਰਨ ਦੀ ਸਮਾਜਿਕ ਬੁਰਾਈ ਬਾਰੇ ਹੈ ਅਤੇ ਦੂਜਾ ਦੂਜਿਆਂ ਦਾ ਭਲਾ ਕਰਨ ਦੀ ਬਿਰਤੀ ਲਗਾਤਾਰ ਘਟਣ ਤੇ ਇਸ ਤੋਂ ਉਪਜਣ ਵਾਲੇ ਸਮਾਜਿਕ ਵਿਗਾੜਾਂ ਦਾ ਚਿਤਰਣ ਕਰਦਾ ਹੈ। ਅਜੋਕਾ ਇੰਸਟੀਟਿਊਟ ਦੇ ਡਾਇਰੈਕਟਰ ਨਿਰਵਾਣ ਨਦੀਮ ਨੇ ਦੱਸਿਆ ਕਿ ਦੋਵਾਂ ਨਾਟਕਾਂ ਦੇ ਸਾਰੇ ਕਲਾਕਾਰ ਪਹਿਲੀ ਵਾਰ ਸਟੇਜ ਉੱਤੇ ਉਤਰੇ ਹਨ, ਪਰ ਉਨ੍ਹਾਂ ਦੀ ਅਦਾਕਾਰੀ ਦੇਖ ਕੇ ਇਹ ਆਭਾਸ ਤਕ ਨਹੀਂ ਹੁੰਦਾ ਕਿ ਉਹ ਨਵੇਂ-ਨਕੋਰ ਕਲਾਕਾਰ ਹਨ।
ਨਦੀਮ ਨੇ ਇਹ ਵੀ ਦੱਸਿਆ ਕਿ ਅਜੋਕਾ ਵੱਲੋਂ ਸਿਖਲਾਈਯਾਫ਼ਤਾ ਕਲਾਕਾਰ ਜਿੱਥੇ ਰੰਗਮੰਚ ਦੇ ਖੇਤਰ ਨੂੰ ਸਜੀਵ ਬਣਾਈ ਰੱਖਣ ਵਿਚ ਅਹਿਮ ਭੂਮਿਕਾ ਅਦਾ ਕਰਦੇ ਆ ਰਹੇ ਹਨ, ਉੱਥੇ ਟੈਲੀਵਿਜ਼ਨ ਜਗਤ ਨੂੰ ਵੀ ਨਵੇਂ ਚਿਹਰੇ ਪ੍ਰਦਾਨ ਕਰਦੇ ਆਏ ਹਨ। ਅੰਗਰੇਜ਼ੀ ਅਖ਼ਬਾਰ ‘ਦਿ ਨੇਸ਼ਨ’ ਦੀ ਰਿਪੋਰਟ ਅਨੁਸਾਰ ਅਜੋਕਾ ਗਰੁੱਪ, ਪਾਕਿਸਤਾਨ ਵਿਚ ਪੰਜਾਬੀ ਰੰਗਮੰਚ ਨੂੰ ਜਿਉਂਦਾ ਰੱਖਣ ਵਿਚ ਪ੍ਰਮੁੱਖ ਯੋਗਦਾਨ ਪਾ ਰਿਹਾ ਹੈ। ਲਾਹੌਰ ਆਰਟਸ ਕੌਂਸਲ ਨੇ ਇਸ ਗਰੁੱਪ ਦੀ ਹਰ ਤਰ੍ਹਾਂ ਨਾਲ ਮਦਦ ਕਰਨ ਦਾ ਵਾਅਦਾ ਕੀਤਾ ਹੈ।
– ਪੰਜਾਬੀ ਟ੍ਰਿਬਿਊਨ ਫੀਚਰ