ਪਾਕਿਸਤਾਨੀ ਸਦਰ ਡਾ. ਆਰਿਫ਼ ਅਲਵੀ ਤੇ ਵਜ਼ੀਰੇ ਆਜ਼ਮ ਸ਼ਹਬਿਾਜ਼ ਸ਼ਰੀਫ਼ ਦੀ ਸਰਕਾਰ ਦਰਮਿਆਨ ਟਕਰਾਅ ਬਰਕਰਾਰ ਹੈ। ਸਦਰ ਨੇ ਸ਼ਨਿਚਰਵਾਰ ਨੂੰ ਸ਼ਹਬਿਾਜ਼ ਸਰਕਾਰ ਵੱਲੋਂ ਭੇਜੇ ਗਏ ਦੋ ਅਹਿਮ ਬਿਲ ਬਿਨਾਂ ਮਨਜ਼ੂਰੀ ਦਿੱਤਿਆਂ ਵਾਪਸ ਕਰ ਦਿੱਤੇ। ਇਨ੍ਹਾਂ ਬਿਲਾਂ ਰਾਹੀਂ ਚੋਣ ਕਾਨੂੰਨਾਂ ਅਤੇ ਕੌਮੀ ਇਹਤਸਾਬ ਬਿਓਰੋ (ਨੈਬ) ਦੇ ਅਧਿਕਾਰਾਂ ਤੇ ਸ਼ਕਤੀਆਂ ਵਿਚ ਅਹਿਮ ਤਰਮੀਮਾਂ ਕੀਤੀਆਂ ਗਈਆਂ ਸਨ। ਸਦਰ ਅਲਵੀ ਨੇ ਇਨ੍ਹਾਂ ਤਰਮੀਮਾਂ ਉੱਤੇ ਇਤਰਾਜ਼ ਕਰਦਿਆਂ ਇਨ੍ਹਾਂ ਨੂੰ ਗ਼ੈਰ-ਸੰਵਿਧਾਨਕ ਦੱਸਿਆ ਅਤੇ ਮਰਕਜ਼ੀ ਵਜ਼ਾਰਤ ਨੂੰ ਹਦਾਇਤ ਕੀਤੀ ਕਿ ਉਹ ਇਨ੍ਹਾਂ ਬਿਲਾਂ ਦੀਆਂ ਮੱਦਾਂ ਉੱਤੇ ਮਜਲਿਸ-ਇ-ਸ਼ੂਰਾ (ਕੌਮੀ ਪਾਰਲੀਮੈਂਟ) ਤੇ ਇਸ ਦੀਆਂ ਕਮੇਟੀਆਂ ਪਾਸੋਂ ਨਵੇਂ ਸਿਰਿਓਂ ਵਿਚਾਰ ਕਰਵਾਏ। ਦੋਵਾਂ ਬਿਲਾਂ ਨੂੰ ਕੌਮੀ ਅਸੈਂਬਲੀ ਤੇ ਸੈਨੇਟ ਨੇ ਪਿਛਲੇ ਮਹੀਨੇ ਪਾਸ ਕੀਤਾ ਸੀ। ਹੁਣ ਰਾਸ਼ਟਰਪਤੀ ਵੱਲੋਂ ਲਏ ਗਏ ਸਟੈਂਡ ਕਾਰਨ ਦੋਵੇਂ ਬਿਲ ਮਜਲਿਸ-ਇ-ਸ਼ੂਰਾ ਵੱਲੋਂ ਨਵੇਂ ਸਿਰਿਓਂ ਵਿਚਾਰੇ ਜਾਣਗੇ।
ਅੰਗਰੇਜ਼ੀ ਅਖ਼ਬਾਰ ‘ਡਾਅਨ’ ਦੀ ਰਿਪੋਰਟ ਅਨੁਸਾਰ ਚੋਣ ਕਾਨੂੰਨਾਂ ਬਾਰੇ ਬਿਲ ਦਾ ਮਕਸਦ ਮੁਲਕ ਦੀ ਪਿਛਲੀ ਇਮਰਾਨ ਖ਼ਾਨ ਸਰਕਾਰ ਵੱਲੋਂ ਚੋਣ ਵਿਧਾਨ ਵਿਚ ਕੀਤੀਆਂ ਅਹਿਮ ਤਰਮੀਮਾਂ ਵਾਪਸ ਲਏ ਜਾਣਾ ਸੀ। ਇਮਰਾਨ ਖ਼ਾਨ ਸਰਕਾਰ ਨੇ ਕੌਮੀ ਅਸੈਂਬਲੀ ਤੇ ਸੂਬਾਈ ਅਸੈਂਬਲੀਆਂ ਦੀਆਂ ਚੋਣਾਂ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈਵੀਐਮਜ਼) ਰਾਹੀਂ ਕਰਵਾਉਣਾ ਚੋਣ ਵਿਧਾਨ ਦਾ ਹਿੱਸਾ ਬਣਾਇਆ ਸੀ, ਪਰ ਸ਼ਹਬਿਾਜ਼ ਸ਼ਰੀਫ਼ ਸਰਕਾਰ ਨੇ ਇਹ ਤਰਮੀਮਾਂ ਮਨਸੂਖ਼ ਕੀਤੇ ਜਾਣਾ ਤਜਵੀਜ਼ ਕੀਤਾ ਹੈ। ਕੌਮੀ ਇਹਤਸਾਬ ਬਿਓਰੋ (ਨੈਬ) ਬਾਰੇ ਬਿੱਲ ਦਾ ਮਕਸਦ ਵੀ ਇਹਤਸਾਬ ਬਿਓਰੋ (ਨੈਬ) ਦੇ ਚਾਰਟਰ ਵਿਚ ਇਮਰਾਨ ਖ਼ਾਨ ਸਰਕਾਰ ਵੱਲੋਂ ਕੀਤੀਆਂ ਤਰਮੀਮਾਂ ਮਨਸੂਖ਼ ਕਰਵਾਉਣਾ ਸੀ। ਉਨ੍ਹਾਂ ਤਰਮੀਮਾਂ ਰਾਹੀਂ ਇਹਤਸਾਬ ਬਿਓਰੋ ਦੇ ਅਧਿਕਾਰ ਵਧਾਏ ਗਏ ਸਨ। ਸ਼ਹਬਿਾਜ਼ ਸ਼ਰੀਫ਼ ਸਰਕਾਰ ਦਾ ਮੱਤ ਸੀ ਕਿ ਇਮਰਾਨ ਖ਼ਾਨ ਸਰਕਾਰ ਨੇ ਵਿੱਤੀ ਜਵਾਬਦੇਹੀ ਬਾਰੇ ਜੋ ਵੀ ਕਾਨੂੰਨ ਬਣਾਏ ਉਨ੍ਹਾਂ ਦਾ ਇੱਕੋ-ਇਕ ਟੀਚਾ ਸ਼ਰੀਫ਼ ਖ਼ਾਨਦਾਨ ਤੇ ਉਨ੍ਹਾਂ ਦੀ ਪਾਰਟੀ ਪੀਐਮਐਲ-ਐਨ ਦੀ ਲੀਡਰਸ਼ਿਪ ਨੂੰ ਹਰ ਤਰ੍ਹਾਂ ਨਾਲ ਜਿੱਚ ਕਰਨਾ ਸੀ। ਇਸੇ ਲਈ ਦੋਵੇਂ ਨਵੇਂ ਬਿਲ ਰਾਜਸੀ ਬਦਲਾਖੋਰੀ ਦਾ ਅੰਤ ਕਰਵਾਉਣ ਦਾ ਉਪਰਾਲਾ ਸਨ।
ਰੋਜ਼ਾਨਾ ਅਖ਼ਬਾਰ ‘ਪਾਕਿਸਤਾਨ ਆਬਜ਼ਰਵਰ’ ਦੇ ਅਦਾਰੀਏ (ਸੰਪਾਦਕੀ) ਮੁਤਾਬਿਕ ਸਦਰ ਅਲਵੀ ਦਾ ਕਦਮ ਸ਼ਹਬਿਾਜ਼ ਸ਼ਰੀਫ਼ ਸਰਕਾਰ ਲਈ ਵੱਡੇ ਝਟਕੇ ਵਾਂਗ ਹੈ, ਫਿਰ ਵੀ ਇਹ ਝਟਕਾ ਇਸ ਨੂੰ ਕਿਸੇ ਸੰਵਿਧਾਨਕ ਕੁੜਿੱਕੀ ਵਿਚ ਫਸਾਉਣ ਵਾਲਾ ਨਹੀਂ। ਪਾਰਲੀਮੈਂਟ ਵਿਚ ਸ਼ਹਬਿਾਜ਼ ਸ਼ਰੀਫ਼ ਸਰਕਾਰ ਕੋਲ ਪੂਰਨ ਬਹੁਮਤ ਹੈ। ਇਮਰਾਨ ਖ਼ਾਨ ਦੀ ਪਾਰਟੀ ‘ਪੀ.ਟੀ.ਆਈ.’ ਦੇ ਮੈਂਬਰਾਂ ਨੇ ਕੌਮੀ ਅਸੈਂਬਲੀ ਦਾ ਬਾਈਕਾਟ ਕੀਤਾ ਹੋਇਆ ਹੈ। ਅਜਿਹੀ ਸੂਰਤ ਵਿਚ ਸਰਕਾਰ ਨੂੰ ਪੁਰਾਣੇ ਬਿੱਲ ਨਵੇਂ ਸਿਰਿਓਂ ਪਾਸ ਕਰਵਾਉਣ ਵਿਚ ਕੋਈ ਦਿੱਕਤ ਪੇਸ਼ ਨਹੀਂ ਆਵੇਗੀ। ਪਾਰਲੀਮੈਂਟ ਜੇਕਰ ਇਹ ਬਿੱਲ ਪਹਿਲਾਂ ਵਾਲੀ ਇਬਾਰਤ ਨਾਲ ਨਵੇਂ ਸਿਰਿਓਂ ਪਾਸ ਕਰ ਦਿੰਦੀ ਹੈ ਤਾਂ ਸਦਰ-ਇ-ਪਾਕਿਸਤਾਨ ਨੂੰ ਇਨ੍ਹਾਂ ਉਪਰ ਸਹੀ ਪਾਉਣੀ ਹੀ ਪਵੇਗੀ। ਅਜਿਹੀ ਸਥਿਤੀ ਵਿਚ ਜੋ ਕਸੂਤੀ ਹਾਲਤ ਹੁਣ ਸ਼ਹਬਿਾਜ਼ ਸ਼ਰੀਫ਼ ਸਰਕਾਰ ਦੀ ਹੈ, ਉਹ ਕੌਮੀ ਸਦਰ ਦੀ ਹੋਵੇਗੀ।
ਇਮਰਾਨ ਦੀ ਤੋਹਮਤਬਾਜ਼ੀ
ਸਾਬਕਾ ਵਜ਼ੀਰੇ ਆਜ਼ਮ ਇਮਰਾਨ ਖ਼ਾਨ ਵੱਲੋਂ ਸ਼ਹਬਿਾਜ਼ ਸ਼ਰੀਫ਼ ਸਰਕਾਰ ਖ਼ਿਲਾਫ਼ ਇਲਜ਼ਾਮਬਾਜ਼ੀ ਪੂਰੇ ਜ਼ੋਰ-ਸ਼ੋਰ ਨਾਲ ਜਾਰੀ ਹੈ। ਕੋਈ ਵੀ ਦਿਨ ਖ਼ਾਲੀ ਨਹੀਂ ਜਾਂਦਾ ਜਦੋਂ ਇਸ ਸਰਕਾਰ ਉੱਪਰ ਕੋਈ ਨਵਾਂ ਦੋਸ਼ ਨਾ ਲਾਇਆ ਜਾਵੇ ਅਤੇ ਇਸ ਨੂੰ ‘ਚੋਰਾਂ ਦੀ ਸਰਕਾਰ’ ਨਾ ਦੱਸਿਆ ਜਾਵੇ। ਐਤਵਾਰ ਨੂੰ ਖ਼ੈਬਰ ਪਖ਼ਤੂਨਖ਼ਵਾ ਸੂਬੇ ਦੇ ਡਿਰ ਸ਼ਹਿਰ ਵਿਚ ਇਕ ਵੱਡੇ ਜਲਸੇ ਨੂੰ ਸੰਬੋਧਨ ਕਰਦਿਆਂ ਇਮਰਾਨ ਖ਼ਾਨ ਨੇ ਦੋਸ਼ ਲਾਇਆ ਕਿ ਉਸ ਦੀ ਸਰਕਾਰ ਨੂੰ ਡੇਗਣ ਦੀ ਸਾਜ਼ਿਸ਼ ਵਿਚ ਅਮਰੀਕਾ, ਭਾਰਤ ਤੇ ਇਜ਼ਰਾਈਲ ਸ਼ਾਮਲ ਸਨ ਅਤੇ ਸ਼ਹਬਿਾਜ਼ ਸ਼ਰੀਫ਼ ਇਹ ਅਸਲੀਅਤ ਜਾਣਦਿਆਂ ਵੀ ਇਨ੍ਹਾਂ ਤਿੰਨਾਂ ਮੁਲਕਾਂ ਦਾ ਹੱਥਠੋਕਾ ਬਣਿਆ। ਅਖ਼ਬਾਰ ‘ਡੇਲੀ ਟਾਈਮਜ਼’ ਦੀ ਰਿਪੋਰਟ ਅਨੁਸਾਰ ਇਮਰਾਨ ਖ਼ਾਨ ਨੇ ਫ਼ੌਜ ਉੱਪਰ ਵੀ ‘ਵਾਅਦਾਖ਼ਿਲਾਫ਼ੀ’ ਦੇ ਇਲਜ਼ਾਮ ਲਾਏ ਅਤੇ ਕਿਹਾ ਕਿ ਫ਼ੌਜੀ ਜਰਨੈਲਾਂ ਨੇ ਇਹ ਵਾਅਦਾ ਕੀਤਾ ਸੀ ਕਿ ‘‘ਮੇਰੀ ਸਰਕਾਰ ਦੇ ਅਸਤੀਫ਼ੇ ਦੇ ਤਿੰਨ ਮਹੀਨਿਆਂ ਦੇ ਅੰਦਰ ਮੁਲਕ ਵਿਚ ਆਮ ਚੋਣਾਂ ਕਰਵਾਈਆਂ ਜਾਣਗੀਆਂ, ਪਰ ਇਹ ਵਾਅਦਾ ਵਫ਼ਾ ਨਹੀਂ ਕੀਤਾ ਗਿਆ।’’ ਇਮਰਾਨ ਨੇ ਇਹ ਧਮਕੀ ਦੁਹਰਾਈ ਕਿ ਜੇਕਰ ਅਗਲੇ ਕੁਝ ਦਿਨਾਂ ਦੇ ਅੰਦਰ ਚੋਣਾਂ ਦਾ ਐਲਾਨ ਨਾ ਹੋਇਆ ਤਾਂ ਉਹ ਨਵੇਂ ਸਿਰਿਓਂ ‘ਲੰਬਾ ਮਾਰਚ’ ਸ਼ੁਰੂ ਕਰ ਦੇਵੇਗਾ ਅਤੇ ਇਸ ਤੋਂ ਉਪਜਣ ਵਾਲੇ ਸਿੱਟਿਆਂ ਲਈ ਸ਼ਹਬਿਾਜ਼ ਸ਼ਰੀਫ਼ ਸਰਕਾਰ ਜ਼ਿੰਮੇਵਾਰ ਹੋਵੇਗੀ।
ਇਮਰਾਨ ਦੇ ਅਜਿਹੇ ਇਲਜ਼ਾਮਾਤ ਦੇ ਜਵਾਬ ਵਿਚ ਇਕ ਸਰਕਾਰੀ ਤਰਜਮਾਨ ਨੇ ਕਿਹਾ ਕਿ ‘‘ਸਾਬਕਾ ਵਜ਼ੀਰੇ ਆਜ਼ਮ ਕਿਸੇ ਹੋਰ ਹੀ ਦੁਨੀਆਂ ਵਿਚ ਰਹਿ ਰਹੇ ਹਨ। ਉਹ ਜਿਸ ਕਿਸਮ ਦੀ ਇਲਜ਼ਾਮਤਰਾਸ਼ੀ ਕਰਦੇ ਆ ਰਹੇ ਹਨ, ਉਸ ਉਪਰ ਤਾਂ ਉਨ੍ਹਾਂ ਦੀ ਆਪਣੀ ਪਾਰਟੀ (ਪੀ.ਟੀ.ਆਈ.) ਦੇ ਆਗੂ ਵੀ ਯਕੀਨ ਨਹੀਂ ਕਰਦੇ।’’
ਅੰਬਾਂ ਦੀ ਫ਼ਸਲ ਦੀ ਬੇਵਫ਼ਾਈ
ਪਾਕਿਸਤਾਨ ਵਿਚ ਐਤਕੀਂ ਅੰਬਾਂ ਦੀ ਪੈਦਾਵਾਰ ਪਿਛਲੇ ਵਰ੍ਹਿਆਂ ਵਰਗੀ ਨਹੀਂ ਰਹੀ। ਅੰਤਾਂ ਦੀ ਗਰਮੀ ਸਮੇਂ ਤੋਂ ਪਹਿਲਾਂ ਸ਼ੁਰੂ ਹੋਣ ਕਾਰਨ ਫਰਵਰੀ ਮਹੀਨੇ ਬਹੁਤਾ ਬੂਰ ਸੜ ਗਿਆ। ਰਹੀ ਸਹੀ ਕਸਰ ਹਨੇਰੀਆਂ ਤੇ ਝੱਖੜਾਂ ਨੇ ਪੂਰੀ ਕਰ ਦਿੱਤੀ। ਦੋ ਮਹੀਨੇ ਤੋਂ ਬਾਰਸ਼ ਨਾ ਪੈਣ ਕਾਰਨ ਫ਼ਲ ਵੀ ਆਕਾਰ ਪੱਖੋਂ ਛੋਟਾ ਰਿਹਾ। ਇਸ ਤੋਂ ਸਭ ਤੋਂ ਵੱਧ ਨੁਕਸਾਨ ਉਨ੍ਹਾਂ ਬਾਗ਼ਬਾਨਾਂ ਨੂੰ ਹੋਇਆ ਜਿਨ੍ਹਾਂ ਨੇ ਬਾਗ਼ ਠੇਕੇ ’ਤੇ ਲਏ ਹੋਏ ਹਨ। ਅੰਗਰੇਜ਼ੀ ਰੋਜ਼ਾਨਾ ‘ਐਕਸਪ੍ਰੈਸ ਟ੍ਰਿਬਿਊਨ’ ਵਿਚ ਛਪੇ ਫੀਚਰ ਅਨੁਸਾਰ ਪਾਕਿਸਤਾਨ ਵਿਚ ਸਭ ਤੋਂ ਪਹਿਲਾਂ ਸੂਬਾ ਸਿੰਧ ਤੋਂ ਅੰਬ ਦੀ ਫ਼ਸਲ ਆਉਂਦੀ ਹੈ। ਉਹ ਪੰਦਰਾਂ ਦਿਨ ਪਹਿਲਾਂ ਹੀ ਮਾਰਕੀਟ ਵਿਚ ਆਉਣੀ ਸ਼ੁਰੂ ਹੋ ਗਈ। ਮਈ ਮਹੀਨੇ ਦੇ ਅੰਤ ਤੱਕ ਸਰੋਲੀ, ਦਸ਼ਹਿਰੀ, ਲੰਗੜਾ, ਸਿੰਧੜੀ, ਚੌਂਸਾ ਤੇ ਅਨਵਰ ਰਟੌਲ ਕਿਸਮਾਂ ਮਾਰਕੀਟ ਵਿਚੋਂ ਖ਼ਤਮ ਹੋ ਗਈਆਂ। ਇਹ ਅਮੂਮਨ ਜੁਲਾਈ ਦੇ ਪਹਿਲੇ ਹਫ਼ਤੇ ਤੱਕ ਮਾਰਕੀਟ ਵਿਚ ਰਹਿੰਦੀਆਂ ਹਨ, ਪਰ ਐਤਕੀਂ ਝਾੜ ਦੀ ਕਮੀ ਨੇ ਇਨ੍ਹਾਂ ਕਿਸਮਾਂ ਨੂੰ ਸਮੇਂ ਤੋਂ ਪਹਿਲਾਂ ਮੁਕਾ ਦਿੱਤਾ। ਹੁਣ ਮੰਡੀਆਂ ਵਿਚ ਮੁਲਤਾਨੀ ਅੰਬ ਵੱਧ ਆ ਰਿਹਾ ਹੈ। ਇਹ ਵੀ ਤਿੰਨ ਹਫ਼ਤੇ ਪਹਿਲਾਂ ਹੀ ਮਾਰਕੀਟ ਵਿਚ ਪਹੁੰਚ ਗਿਆ ਹੈ। ਪਾਕਿਸਤਾਨ ਅੰਬ ਬਰਾਮਦਕਾਰ ਸੰਘ ਦੇ ਪ੍ਰਧਾਨ ਗ਼ੁਲਾਮ ਸਰਵਰ ਆਬਰੂ ਦਾ ਕਹਿਣਾ ਹੈ ਕਿ ਪਾਕਿਸਤਾਨੀ ਅੰਬ ਦੀ ਮੰਗ ਅਰਬ ਮੁਲਕਾਂ ਤੇ ਬ੍ਰਿਟੇਨ ਵਿਚ ਭਰਪੂਰ ਹੈ, ਪਰ ਇਸ ਵਾਰ ਝਾੜ ਵਿਚ 40 ਫ਼ੀਸਦੀ ਕਮੀ ਦਾ ਅਸਰ ਅੰਬਾਂ ਦੀ ਬਰਾਮਦ ਉੱਤੇ ਬਹੁਤ ਬੁਰਾ ਪਿਆ ਹੈ। ਇਸ ਦਾ ਲਾਭ ਭਾਰਤ ਤੇ ਵੀਅਤਨਾਮ ਦੇ ਅੰਬ ਬਰਾਮਦਕਾਰ ਲੈ ਰਹੇ ਹਨ।
‘ਨੱਚ ਪੰਜਾਬਣ ਨੱਚ’ ਤੋਂ ਵਿਵਾਦ
ਪਾਕਿਸਤਾਨੀ ਗਾਇਕ ਅਬਰਾਰੁਲ ਹੱਕ ਨੇ ਭਾਰਤੀ ਫਿਲਮਸਾਜ਼ ਕਰਨ ਜੌਹਰ ਅਤੇ ਸੰਗੀਤਕ ਕੰਪਨੀ ਟੀ ਸੀਰੀਜ਼ ਖ਼ਿਲਾਫ ਕਾਨੂੰਨੀ ਕਾਰਵਾਈ ਤੇਜ਼ ਕਰਨ ਦਾ ਅਹਿਦ ਕੀਤਾ ਹੈ। ਉਸ ਦਾ ਦਾਅਵਾ ਹੈ ਕਿ ਕਰਨ ਜੌਹਰ, ਟੀ ਸੀਰੀਜ਼ ਅਤੇ ਫਿਲਮ ਨਿਰਮਾਣ ਕੰਪਨੀ ਮੂਵੀਬਕਸ ਨੇ ਉਸ ਦੀ ਮਨਜ਼ੂਰੀ ਤੋਂ ਬਿਨਾਂ ਉਸ ਦਾ ਗੀਤ ‘ਨੱਚ ਪੰਜਾਬਣ ਨੱਚ’ ਭਾਰਤੀ ਫਿਲਮ ‘ਜੁੱਗ ਜੁੱਗ ਜੀਓ’ ਵਿਚ ਸ਼ਾਮਲ ਕੀਤਾ। ਇਹ ਕਾਪੀਰਾਈਟ ਐਕਟ ਦੀਆਂ ਧਾਰਾਵਾਂ ਦੀ ਉਲੰਘਣਾ ਤਾਂ ਹੈ ਹੀ, ਇਖ਼ਲਾਕੀ ਜੁਰਮ ਵੀ ਹੈ। ਉਸ ਨੇ ਤਿੰਨਾਂ ਪ੍ਰਤੀਵਾਦੀਆਂ ਨੂੰ ਕਾਨੂੰਨੀ ਨੋਟਿਸ ਪਹਿਲਾਂ ਹੀ ਭੇਜੇ ਹੋਏ ਹਨ, ਹੁਣ ਲੰਡਨ, ਟੋਰੰਟੋ ਤੇ ਨਿਊਯਾਰਕ ਦੀਆਂ ਅਦਾਲਤਾਂ ਵਿਚ ਇਨ੍ਹਾਂ ਖ਼ਿਲਾਫ਼ ਫ਼ੌਜਦਾਰੀ ਮੁਕੱਦਮੇ ਵੀ ਦਾਇਰ ਕਰਨ ਜਾ ਰਿਹਾ ਹੈ। ‘ਫਰਾਈਡੇਅ ਟਾਈਮਜ਼’ ਅਖ਼ਬਾਰ ਨਾਲ ਇਕ ਇੰਟਰਵਿਊ ਵਿਚ ਅਬਰਾਰ ਨੇ ਇਹ ਵੀ ਕਿਹਾ ਕਿ ਉਸ ਨੇ ਕਰਮ ਜੌਹਰ ਤੇ ਟੀ. ਸੀਰੀਜ਼ ਖ਼ਿਲਾਫ਼ ਕਿਸੇ ਭਾਰਤੀ ਅਦਾਲਤ ਵਿਚ ਮੁਕੱਦਮਾ ਪਾਉਣ ਦੀ ਇਜਾਜ਼ਤ ਵੀ ਪਾਕਿਸਤਾਨ ਸਰਕਾਰ ਤੋਂ ਮੰਗੀ ਹੈ।
ਸ਼ਨਿਚਰਵਾਰ ਨੂੰ ਜਾਰੀ ਕੁਝ ਟਵੀਟਾਂ ਰਾਹੀਂ ਅਬਰਾਰ ਨੇ ਭਾਰਤੀਆਂ ਨੂੰ ਕਿਹਾ, ‘‘ਸਾਡੇ ਗੀਤ ਚੁਰਾਉਣੇ ਬੰਦ ਕਰੋ।’’ ਉਸ ਨੇ ਦਾਅਵਾ ਕੀਤਾ ਕਿ ਪਿਛਲੇ ਸੱਤ ਮਹੀਨਿਆਂ ਦੌਰਾਨ ਘੱਟੋ-ਘੱਟ ਛੇ ਪਾਕਿਸਤਾਨੀ ਗੀਤ ਭਾਰਤੀ ਫਿਲਮਸਾਜ਼ਾਂ ਤੇ ਸੰਗੀਤ ਨਿਰਦੇਸ਼ਕਾਂ ਵੱਲੋਂ ਚੁਰਾਏ ਜਾ ਚੁੱਕੇ ਹਨ। ਉਸ ਨੇ ਕਰਨ ਜੌਹਰ ਦੇ ਇਸ ਦਾਅਵੇ ਨੂੰ ਰੱਦ ਕਰ ਦਿੱਤਾ ਕਿ ਫਿਲਮ ਵਿਚ ਗੀਤ ਉਸ ਤੋਂ ਪ੍ਰਵਾਨਗੀ ਲੈ ਕੇ ਵਰਤਿਆ ਗਿਆ ਹੈ। ਉਸ ਨੇ ਕਿਹਾ ਕਿ ਫਿਲਮ ਦੇ ਟ੍ਰੇਲਰ ਵਿਚ ਗੀਤ ਦੇ ਥੱਲੇ ਇਹ ਲਾਈਨ ਦਰਜ ਕਰਨਾ ‘ਅਬਰਾਰੁਲ ਹੱਕ ਦੇ ਧੰਨਵਾਦ ਸਹਿਤ’ ਮਨਜ਼ੂਰੀ ਹਾਸਲ ਕਰਨਾ ਨਹੀਂ ਹੈ। ਉਹ ਆਪਣੇ ਨਾਲ ਹੋਈ ਨਾਇਨਸਾਫ਼ੀ ਦਾ ਬਦਲਾ ਲੈ ਕੇ ਰਹੇਗਾ। ਫਿਲਮ ‘ਜੁੱਗ ਜੁੱਗ ਜੀਓ’ ਵਿਚ ਅਨਿਲ ਕਪੂਰ, ਨੀਤੂ ਸਿੰਘ, ਵਰੁਣ ਧਵਨ ਤੇ ਕਿਆਰਾ ਅਡਵਾਨੀ ਦੀਆਂ ਮੁੱਖ ਭੂਮਿਕਾਵਾਂ ਹਨ। ਇਸ ਦਾ ਟ੍ਰੇਲਰ ਸੋਸ਼ਲ ਮੀਡੀਆ ’ਤੇ ਬਹੁਤ ਮਕਬੂਲ ਹੋਇਆ ਹੈ।
– ਪੰਜਾਬੀ ਟ੍ਰਿਬਿਊਨ ਫੀਚਰ