ਨਵਦੀਪ ਸਿੰਘ ਗਿੱਲ
ਛੁੱਟੀਆਂ ਖ਼ਾਸ ਕਰਕੇ ਗਰਮੀਆਂ ਦੇ ਦਿਨਾਂ ਵਿੱਚ ਹਰ ਇੱਕ ਦੀ ਤਾਂਘ ਪਹਾੜੀ ਸਥਾਨਾਂ ਦੀ ਸੈਰ ਕਰਨ ਦੀ ਹੁੰਦੀ ਹੈ। ਉੱਤਰੀ ਭਾਰਤ ਵਿੱਚ ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਉਤਰਾਖੰਡ ਪਹਿਲੀ ਪਸੰਦ ਹੁੰਦੇ ਹਨ। ਛੁੱਟੀਆਂ ਕਾਰਨ ਸੈਲਾਨੀਆਂ ਦੀ ਵੱਡੀ ਆਮਦ ਨਾਲ ਪਹਾੜੀ ਸਥਾਨਾਂ ਉੱਤੇ ਭੀੜ ਅਕਸਰ ਦੇਖਣ ਨੂੰ ਮਿਲਦੀ ਹੈ। ਸ੍ਰੀਨਗਰ, ਸ਼ਿਮਲਾ, ਮਨਾਲੀ, ਡਲਹੌਜ਼ੀ, ਮਸੂਰੀ, ਨੈਨੀਤਾਲ ਆਦਿ ਸਥਾਨਾਂ ਉੱਤੇ ਸੈਲਾਨੀਆਂ ਨੂੰ ਜਿੱਥੇ ਵੱਡੇ ਟ੍ਰੈਫਿਕ ਜਾਮ ਨਾਲ ਦੋ-ਚਾਰ ਹੋਣਾ ਪੈਂਦਾ ਹੈ, ਉੱਥੇ ਹੀ ਪਾਰਕਿੰਗ ਦੀ ਘਾਟ ਅਤੇ ਮਹਿੰਗੇ ਹੋਟਲ ਵੀ ਘੁੰਮਣ-ਫਿਰਨ ਦੇ ਚਾਅ ਨੂੰ ਥੋੜ੍ਹਾ ਮੱਠਾ ਕਰ ਦਿੰਦੇ ਹਨ। ਅਜਿਹੇ ਵਿੱਚ ਸੈਰ-ਸਪਾਟੇ ਦੇ ਸ਼ੌਕੀਨ ਅਜਿਹੇ ਪਹਾੜੀ ਸਥਾਨਾਂ ਦੀ ਖੋਜ ਕਰਦੇ ਹਨ ਜਿੱਥੇ ਕੁਦਰਤੀ ਨਜ਼ਾਰੇ ਭਰਪੂਰ ਹੋਣ ਪਰ ਸੈਲਾਨੀਆਂ ਦੀ ਗਿਣਤੀ ਘੱਟ ਹੋਵੇ। ਇਨ੍ਹਾਂ ਵਿੱਚੋਂ ਹੀ ਤੀਰਥਨ ਘਾਟੀ ਅਜਿਹਾ ਰਮਣੀਕ ਸਥਾਨ ਹੈ ਜਿਹੜਾ ਕੁਦਰਤੀ ਨਜ਼ਾਰਿਆਂ ਨਾਲ ਤਾਂ ਲਬਰੇਜ਼ ਹੈ ਪਰ ਨਾਲ ਹੀ ਲੁਕਵਾਂ ਅਤੇ ਲੰਬੀ ਦੂਰੀ ਤੱਕ ਫੈਲਿਆ ਹੋਣ ਕਰਕੇ ਸੈਲਾਨੀਆਂ ਦੇ ਭੀੜ-ਭੜੱਕੇ ਤੋਂ ਮੁਕਤ ਹੈ। ਇਸ ਸਥਾਨ ਦੀ ਸਭ ਤੋਂ ਵੱਡੀ ਖਾਸੀਅਤ ਹੈ ਕਿ ਸਥਾਨਕ ਵਸਨੀਕਾਂ ਨੇ ਵੀ ਇਸ ਨੂੰ ਸੈਲਾਨੀ ਸਥਾਨ ਬਣਾਉਣ ਲਈ ਇਸ ਦਾ ਵਪਾਰੀਕਰਨ ਨਹੀਂ ਕੀਤਾ।
ਤੀਰਥਨ ਘਾਟੀ, ਕੁੱਲੂ ਜ਼ਿਲ੍ਹੇ ਦੀ ਬਣਜ਼ਾਰ ਤਹਿਸੀਲ ਵਿੱਚ ਪੈਂਦੀ ਹੈ। ਇਹ ਚੰਡੀਗੜ੍ਹ-ਮਨਾਲੀ ਰੋਡ ਉੱਤੇ ਪੰਡੋਹ ਡੈਮ ਅਤੇ ਭੁੰਤਰ ਵਿਚਕਾਰ ਔੜ ਸੁਰੰਗ ਤੋਂ ਐਨ ਪਹਿਲਾਂ ਸੱਜੇ ਪਾਸੇ ਲਾਰਜੀ ਡੈਮ ਤੋਂ 20 ਕਿਲੋਮੀਟਰ ਦੂਰੀ ’ਤੇ ਸ਼ੁਰੂ ਹੁੰਦੀ ਹੈ। ਚੰਡੀਗੜ੍ਹ ਤੋਂ ਇਹ 260 ਕਿਲੋਮੀਟਰ ਦੂਰ ਸਥਿਤ ਹੈ। ਲਾਰਜੀ ਡੈਮ ਤੋਂ 20 ਕਿਲੋਮੀਟਰ ਉੱਤੇ ਸਥਿਤ ਬਣਜ਼ਾਰ ਤੋਂ ਸਰਚੀ/ਬਠਹਾੜ ਰੋਡ ਵੱਲ ਗੁਸ਼ੈਨੀ ਤੱਕ ਜਾਂਦਿਆਂ 10 ਕਿਲੋਮੀਟਰ ਦਾ ਰਾਹ ਤੀਰਥਨ ਘਾਟੀ ਦਾ ਸੈਰ ਸਪਾਟਾ ਸਥਾਨ ਹੈ ਜਿੱਥੇ ਕਿਸੇ ਵੀ ਥਾਂ ਉੱਤੇ ਰੁਕ ਕੇ ਸੈਲਾਨੀ ਇਸ ਘਾਟੀ ਦੇ ਕੁਦਰਤੀ ਨਜ਼ਾਰਿਆਂ ਦਾ ਆਨੰਦ ਮਾਣ ਸਕਦੇ ਹਨ। ਬਣਜ਼ਾਰ, ਸਮੁੰਦਰੀ ਤਲ ਤੋਂ 4500 ਫੁੱਟ ਉੱਤੇ ਸਥਿਤ ਹੈ ਜਦੋਂਕਿ ਤੀਰਥਨ ਘਾਟੀ ਦਾ ਇਲਾਕਾ 4800 ਫੁੱਟ ਦੀ ਉਚਾਈ ਉੱਤੇ ਸਥਿਤ ਹੈ। ਇਸ ਘਾਟੀ ਦੀ ਸਿਖਰਲੀ ਉਚਾਈ ਸਰਚੀ ਕੋਲ ਸਥਿਤ ਪਿੰਡ ਜਮਾਲਾ ਹੈ ਜੋ ਕਿ ਸਮੁੰਦਰੀ ਤਲ ਤੋਂ 8400 ਫੁੱਟ ਦੇ ਕਰੀਬ ਉੱਚਾ ਹੈ ਜਿੱਥੋਂ ਤੱਕ ਸੈਲਾਨੀ ਆਸਾਨੀ ਨਾਲ ਆਪਣੇ ਵਾਹਨ ਉੱਤੇ ਜਾ ਸਕਦੇ ਹਨ। ਸਰਚੀ ਤੋਂ ਡੇਢ ਕੁ ਕਿਲੋਮੀਟਰ ਦੀ ਟਰੈਕਿੰਗ ਉਪਰੰਤ ਉਚਾਈ ’ਤੇ ਸਥਿਤ ਪਿੰਡ ਜਮਾਲਾ ਦੇ ਖੁੱਲ੍ਹੇ ਮੈਦਾਨ ਤੋਂ ਪੂਰੀ ਤੀਰਥਨ ਘਾਟੀ ਦਾ 360 ਡਿਗਰੀ ਦ੍ਰਿਸ਼ ਦੇਖਿਆ ਜਾ ਸਕਦਾ ਹੈ। ਇੱਥੋਂ ਹੀ ਬਰਫ਼ ਲੱਦੇ ਪਹਾੜ ਦਿਸਦੇ ਹਨ ਜਿੱਥੇ ਤੀਰਥਨ ਗਲੇਸ਼ੀਅਰ ਸਥਿਤ ਹੈ। ਇਹ 12000 ਫੁੱਟ ਦੀ ਉਚਾਈ ਉੱਤੇ ਹੈ ਅਤੇ ਇੱਥੋਂ ਹੀ ਹੰਸ ਕੁੰਡ ਤੋਂ ਤੀਰਥਨ ਦਰਿਆ ਨਿਕਲਦਾ ਹੈ।
ਅਸਲ ਵਿੱਚ ਤੀਰਥਨ ਘਾਟੀ ਦਾ ਨਾਮ ਹੀ ਤੀਰਥਨ ਦਰਿਆ ਉੱਤੇ ਰੱਖਿਆ ਗਿਆ ਹੈ ਜੋ ਕਿ ਹੰਸ ਕੁੰਡ ਤੋਂ ਨਿਕਲ ਕੇ ਪੂਰੀ ਘਾਟੀ ਵਿੱਚੋਂ ਆਪਣੇ ਸੰਗੀਤਮਈ ਸ਼ੋਰ ਨਾਲ 60 ਕਿਲੋਮੀਟਰ ਤੱਕ ਰੂਪਾ, ਗੁਸ਼ੈਨੀ, ਨਾਗਿਨੀ, ਬਣਜ਼ਾਰ, ਬਾਲੀ ਚੌਕੀ ਕੋਲ ਵਹਿੰਦਾ ਹੋਇਆ ਲਾਰਜੀ ਡੈਮ ਵਿਖੇ ਬਿਆਸ ਦਰਿਆ ਵਿੱਚ ਰਲ ਜਾਂਦਾ ਹੈ। ਚੰਡੀਗੜ੍ਹ-ਮਨਾਲੀ ਰੋਡ ਦੇ ਨਜ਼ਦੀਕ ਸਥਿਤ ਲਾਰਜੀ ਡੈਮ ਤੋਂ ਪਹਿਲਾਂ ਸੈਂਜਾ ਦਰਿਆ ਵੀ ਇਸ ਵਿੱਚ ਰਲ ਜਾਂਦਾ ਹੈ। ਘਾਟੀ ਦੀ ਮਸ਼ਹੂਰ ਟਰੌਟ ਮੱਛੀ ਲਈ ਜਾਣਿਆ ਜਾਂਦਾ ਤੀਰਥਨ ਦਰਿਆ ਸਾਰਾ ਸਾਲ ਵਹਿੰਦਾ ਹੈ ਅਤੇ ਇਸ ਖੇਤਰ ਦੀ ਜੀਵਨ ਰੇਖਾ ਹੈ। ਬਣਜ਼ਾਰ ਤੋਂ ਗੁਸ਼ੈਨੀ ਤੱਕ 10 ਕਿਲੋਮੀਟਰ ਦੇ ਰਸਤੇ ਵਿੱਚ ਤੀਰਥਨ ਦਰਿਆ ਕੰਢੇ ਜਗ੍ਹਾ-ਜਗ੍ਹਾ ਹੋਟਲ, ਰੈਸਤਰਾਂ, ਹੋਮ ਸਟੇਅ ਬਣੇ ਹਨ ਜਿੱਥੇ ਸੈਲਾਨੀ ਰੁਕਦੇ ਹਨ। ਸੈਲਾਨੀਆਂ ਲਈ ਤੀਰਥਨ ਦਰਿਆ ਹੀ ਸਭ ਤੋਂ ਵੱਡੀ ਖਿੱਚ ਦਾ ਕੇਂਦਰ ਹੈ। ਇਹ ਸਥਾਨ ਆਮ ਪਹਾੜੀ ਸਥਾਨਾਂ ਵਾਂਗ ਭੀੜ ਵਾਲਾ ਨਹੀਂ ਹੈ ਅਤੇ ਨਾ ਹੀ ਇੱਥੇ ਕਿਸੇ ਵਿਸ਼ੇਸ਼ ਥਾਂ ਉੱਤੇ ਸੈਲਾਨੀਆਂ ਦੀ ਭੀੜ ਜੁੜਦੀ ਹੈ। ਤਕਰੀਬਨ 10 ਕਿਲੋਮੀਟਰ ਦੇ ਦਰਿਆ ਦੇ ਕੰਢੇ ਵਾਲਾ ਪੂਰਾ ਖੇਤਰ ਹੀ ਘੁੰਮਣ ਲਈ ਬਿਹਤਰ ਸਥਾਨ ਹੈ।
ਉੱਚੇ-ਉੱਚੇ ਆਸਮਾਨ ਛੂੰਹਦੇ ਪਹਾੜ, ਚੀਲ ਅਤੇ ਦਿਓਦਾਰ ਦੇ ਦਰੱਖਤਾਂ ਨਾਲ ਲੱਦੇ ਹਰੇ-ਭਰੇ ਜੰਗਲ, ਕਲ-ਕਲ ਵਹਿੰਦਾ ਤੀਰਥਨ ਦਰਿਆ ਦਾ ਪਾਣੀ ਅਤੇ ਵੱਖ-ਵੱਖ ਮੌਸਮੀ ਫ਼ਲਾਂ ਨਾਲ ਲੱਦੇ ਬਾਗ਼ ਸੈਲਾਨੀਆਂ ਦਾ ਬਾਹਾਂ ਖੋਲ੍ਹ ਕੇ ਸਵਾਗਤ ਕਰਦੇ ਜਾਪਦੇ ਹਨ। ਹੋਟਲਾਂ ਦਾ ਕਿਰਾਇਆ ਆਮ ਪਹਾੜੀ ਸਥਾਨਾਂ ਵਾਂਗ ਹੈ ਜਦੋਂਕਿ ਹੋਮ ਸਟੇਅ ਰਹਿਣ ਨੂੰ ਸਸਤੇ ਅਤੇ ਸਥਾਨਕ ਹਿਮਾਚਲੀ ਪਰਿਵਾਰਾਂ ਦੀ ਨਿੱਘੀ ਮੇਜ਼ਬਾਨੀ ਦਾ ਆਨੰਦ ਮਾਣਨ ਦਾ ਸਬੱਬ ਬਣਦੇ ਹਨ। ਤੀਰਥਨ ਘਾਟੀ ਸੈਰ ਸਪਾਟਾ ਸਥਾਨਾਂ ਵਾਂਗ ਜਗ੍ਹਾ-ਜਗ੍ਹਾ ਦੁਕਾਨਾਂ, ਬਜ਼ਾਰਾਂ, ਸੈਲਾਨੀਆਂ ਲਈ ਖੇਡਾਂ ਅਤੇ ਖਾਣ-ਪੀਣ ਵਾਲੀਆਂ ਸਟਾਲਾਂ ਵਾਲੀ ਭੀੜ ਤੋਂ ਬਚੀ ਹੋਈ ਹੈ ਜਿਸ ਕਾਰਨ ਇਸ ਨੂੰ ਲੁਕਵਾਂ ਸੈਲਾਨੀ ਸਥਾਨ ਵੀ ਕਹਿੰਦੇ ਹਨ। ਇੱਥੇ ਆਉਣ ਵਾਲੇ ਲੋਕ ਸਿਰਫ਼ ਕੁਦਰਤੀ ਨਜ਼ਾਰਿਆਂ ਦਾ ਆਨੰਦ ਲੈਣ ਦੇ ਨਾਲ-ਨਾਲ ਖਾਣ-ਪੀਣ ਜਾਂ ਖੇਡਾਂ ਖੇਡਣ ਵਾਸਤੇ ਆਉਂਦੇ ਹਨ।
ਸਥਾਨਕ ਲੋਕ ਹਾਲੇ ਵੀ ਰਵਾਇਤੀ ਖਾਣਿਆਂ ਨੂੰ ਪਹਿਲ ਦਿੰਦੇ ਹਨ ਜਿਸ ਕਾਰਨ ਹੋਮ ਸਟੇਅ ਵਿੱਚ ਰਹਿਣ ਵਾਲੇ ਲਜ਼ੀਜ਼ ਹਿਮਾਚਲੀ ਖਾਣਿਆਂ ਦਾ ਆਨੰਦ ਮਾਣ ਸਕਦੇ ਹਨ। ਗਰਮੀਆਂ ਦੇ ਮੌਸਮ ਵਿੱਚ ਆਲੂ ਬੁਖਾਰਾ, ਖੁਰਮਾਨੀ, ਨਾਸ਼ਪਤੀ ਜਿਹੇ ਫ਼ਲ ਵੀ ਸੈਲਾਨੀ ਖਾ ਸਕਦੇ ਹਨ। ਇੱਥੋਂ ਦੀ ਟਰੌਟ ਮੱਛੀ ਬਹੁਤ ਮਸ਼ਹੂਰ ਹੈ। ਸਥਾਨਕ ਲੋਕਾਂ ਦਾ ਮੁੱਖ ਕਿੱਤਾ ਖੇਤੀਬਾੜੀ, ਬਾਗ਼ਬਾਨੀ ਤੇ ਮੱਛੀ ਪਾਲਣ ਹੈ। ਸੈਰ ਸਪਾਟਾ ਵੀ ਇੱਥੋਂ ਦੇ ਲੋਕਾਂ ਦੀ ਆਮਦਨ ਦਾ ਸਾਧਨ ਹੈ। ਯੂਨੈਸਕੋ ਦੇ ਵਿਰਾਸਤੀ ਸਥਾਨ ਵਿੱਚ ਸ਼ਾਮਲ ਗਰੇਟ ਹਿਮਾਲਿਅਨ ਪਾਰਕ ਟਰੈਕਿੰਗ ਦੇ ਚਾਹਵਾਨਾਂ ਲਈ ਖਿੱਚ ਦਾ ਕੇਂਦਰ ਹੈ। ਸਰਚੀ ਵਿਖੇ ਵੀ ਥੋੜ੍ਹਾ ਜਿਹਾ ਰਸਤਾ ਟਰੈਕਿੰਗ ਵਾਲਾ ਹੈ ਜਦੋਂਕਿ ਨਾਗਿਨੀ ਨੇੜੇ ਛੋਈ ਝਰਨੇ ਤੱਕ ਦੋ ਕਿਲੋਮੀਟਰ ਦਾ ਪਹਾੜੀ ਟਰੈਕਿੰਗ ਸਥਾਨ ਹੈ। ਛੋਈ ਪਾਣੀ ਦੇ ਝਰਨੇ ਦਾ ਸਿਖਰ ਤੋਂ ਡਿੱਗਦਾ ਪਾਣੀ ਸੈਲਾਨੀਆਂ ਦੀ ਥਕਾਵਟ ਲਾਹ ਦਿੰਦਾ ਹੈ। ਤੀਰਥਨ ਦਰਿਆ ਦਾ ਤੇਜ਼ ਵਹਿੰਦਾ ਪਾਣੀ ਨਹਾਉਣ ਦੇ ਚਾਹਵਾਨਾਂ ਨੂੰ ਪੂਰੀ ਖਿੱਚ ਪਾਉਂਦਾ ਹੈ। ਸਰਦੀਆਂ ਵਿੱਚ ਇਸ ਇਲਾਕੇ ਵਿੱਚ ਪੈਂਦੀ ਬਰਫ਼ ਤੀਰਥਨ ਘਾਟੀ ਨੂੰ ਚਿੱਟੀ ਚਾਦਰ ਵਾਂਗ ਢਕ ਲੈਂਦੀ ਹੈ। ਛੋਟੇ-ਛੋਟੇ ਪਹਾੜੀ ਪਿੰਡਾਂ ਵਾਲੀ ਘਾਟੀ ਵਿੱਚੋਂ ਗੁਜ਼ਰਦਿਆਂ ਇਕੋ ਸਮੇਂ ਪਹਾੜੀ, ਜੰਗਲੀ, ਟਰੈਕਿੰਗ, ਬਰਫ਼ ਦੇ ਗਲੇਸ਼ੀਅਰ, ਝਰਨਿਆਂ ਅਤੇ ਦਰਿਆ ਦੀ ਰਵਾਨੀ ਦਾ ਆਨੰਦ ਮਾਣਿਆ ਜਾ ਸਕਦਾ ਹੈ।
ਤੀਰਥਨ ਘਾਟੀ ਆਉਣ ਵਾਲੇ ਸੈਲਾਨੀਆਂ ਲਈ ਜਲੌੜੀ ਪਾਸ, ਜਿੱਬੀ ਤੇ ਸੈਂਜਾ ਵੀ ਘੁੰਮਣ ਲਈ ਨੇੜਲੇ ਪਹਾੜੀ ਸਥਾਨ ਹਨ। ਇਸ ਤੋਂ ਇਲਾਵਾ ਚੰਡੀਗੜ੍ਹ ਤੋਂ ਕੁੱਲੂ-ਮਨਾਲੀ ਰੋਡ ਰਾਹੀਂ ਆਉਣ ਵਾਲੇ ਅੱਗੇ ਮਨਾਲੀ ਵੀ ਜਾ ਸਕਦੇ ਹਨ ਜਦੋਂਕਿ ਜਿੱਬੀ ਤੋਂ ਸ਼ਿਮਲਾ ਰਾਹੀਂ ਵਾਪਸੀ ਕਰਨ ਵਾਲੇ ਨਾਰਕੰਡਾ ਦਾ ਆਨੰਦ ਵੀ ਮਾਣ ਸਕਦੇ ਹਨ। ਦੇਸ਼ ਦੇ ਦੱਖਣੀ ਜਾਂ ਹੋਰ ਦੂਰ-ਦੁਰਾਡੇ ਹਿੱਸਿਆਂ ਤੋਂ ਆਉਣ ਵਾਲੇ ਸੈਲਾਨੀਆਂ ਲਈ ਭੁੰਤਰ ਹਵਾਈ ਅੱਡਾ ਬਹੁਤ ਨੇੜੇ ਪੈਂਦਾ ਹੈ ਜਿੱਥੋਂ ਕਾਰ ਰਾਹੀਂ ਤੀਰਥਨ ਘਾਟੀ ਸਿਰਫ਼ ਦੋ ਘੰਟਿਆਂ ਤੱਕ ਪਹੁੰਚਿਆ ਜਾ ਸਕਦਾ ਹੈ। ਸੜਕੀ ਜਾਲ ਬਹੁਤ ਵਧੀਆ ਵਿਛਿਆ ਹੋਇਆ ਹੈ ਪਰ ਦੂਜੇ ਸੂਬਿਆਂ ਤੋਂ ਕਾਰਾਂ ਰਾਹੀਂ ਆਉਣ ਵਾਲੇ ਸੈਲਾਨੀਆਂ ਨੂੰ ਕਾਰ ਚਲਾਉਂਦਿਆਂ ਸਥਾਨਕ ਲੋਕਾਂ ਵੱਲੋਂ ਤੇਜ਼ੀ ਨਾਲ ਵਾਹਨ ਚਲਾਉਣ ਦੀ ਆਦਤ ਕਾਰਨ ਓਵਰ ਟੇਕਿੰਗ ਸਮੇਂ ਬਹੁਤ ਧਿਆਨ ਰੱਖਣਾ ਪੈਂਦਾ ਹੈ। ਪਹਾੜਾਂ ਦੇ ਸਫ਼ਰ ਨੂੰ ਯਾਦਗਾਰੀ ਬਣਾ ਦਿੰਦੀ ਹੈ ਤੀਰਥਨ ਘਾਟੀ ਦੀ ਸੈਰ।
ਸੰਪਰਕ: 97800-36216