ਡਾ. ਹਰਜੀਤ ਕੌਰ
ਕੌਮੀ ਸਿੱਖਿਆ ਨੀਤੀ-2020 ਨਾਲ ਵਿੱਦਿਅਕ ਖੇਤਰ ਵਿਚ ਚਰਚਾ ਛਿੜੀ ਹੈ। ਵਿੱਦਿਅਕ ਖੇਤਰ ਦੇ ਵਿਦਵਾਨ, ਅਧਿਆਪਕ ਅਤੇ ਵਿਦਿਆਰਥੀ ਇਸ ਨੀਤੀ ਦੇ ਚੰਗੇ ਤੇ ਮਾੜੇ ਤੱਥਾਂ ਅਤੇ ਉਮੀਦਾਂ ਬਾਰੇ ਆਪਣੀ ਸਮਝ ਮੁਤਾਬਕ ਕਿਆਸ ਲਗਾ ਰਹੇ ਹਨ। ਸਰਕਾਰ ਦਾ ਦਾਅਵਾ ਹੈ ਕਿ ਇਹ ਨੀਤੀ ਭਾਰਤੀ ਵਿਦਿਆਰਥੀਆਂ ਦੀਆਂ ਵਿੱਦਿਅਕ ਲੋੜਾਂ ਨੂੰ ਪੂਰਾ ਕਰਨ ਦੇ ਉਦੇਸ਼ ਨਾਲ ਬਣਾਈ ਗਈ ਹੈ, ਇਸ ਵਿਚ ਮੁੱਢਲੀ ਅਤੇ ਉੱਚ ਸਿੱਖਿਆ ਦੇ ਅਨੇਕਾਂ ਪਹਿਲੂਆਂ ਬਾਰੇ ਧਿਆਨ ਦਿੱਤਾ ਗਿਆ ਹੈ। ਇਸ ਵਿਚ ਜਿੱਥੇ ਸਕੂਲੀ ਸਿੱਖਿਆ ਦੇ ਤਾਣੇ-ਬਾਣੇ ਨੂੰ ਪੁਨਰ-ਨਿਰਮਿਤ ਕੀਤਾ ਗਿਆ ਹੈ ਉੱਥੇ ਉੱਚ ਸਿੱਖਿਆ ਲਈ ਵੀ ਕਈ ਉਪਰਾਲੇ ਉਲੀਕੇ ਗਏ ਹਨ। ਇਸ ਵਿਚ ਇਸ ਗੱਲ ’ਤੇ ਵੀ ਵਿਸ਼ੇਸ਼ ਜ਼ੋਰ ਦਿੱਤਾ ਗਿਆ ਹੈ ਕਿ ਸਿੱਖਿਆ ਹਾਸਲ ਕਰਨ ਤੋਂ ਬਾਅਦ ਵਿਦਿਆਰਥੀ ਆਪਣੀ ਜੀਵਕਾ ਕਮਾਉਣ ਦੇ ਸਮਰੱਥ ਹੋ ਸਕਣ।
ਸਿੱਖਿਆ ਨੀਤੀ ਵਿਚ ਭਾਰਤੀ ਵਿਦਿਆਰਥੀਆਂ ਨੂੰ ਕਿੱਤਾ ਮੁਖੀ ਕੋਰਸਾਂ ਨਾਲ ਜੋੜਨ ਦਾ ਅਹਿਦ ਹੈ ਅਤੇ ਸਰਕਾਰ ਦਾ ਟੀਚਾ ਹੈ ਕਿ ਆਉਣ ਵਾਲੇ ਸਾਲਾਂ ਵਿਚ ਪੜ੍ਹਾਈ ਕਰਨ ਵਾਲੇ ਕੁੱਲ ਵਿਦਿਆਰਥੀਆਂ ਵਿਚੋਂ ਮਹੱਤਵਪੂਰਨ ਹਿੱਸਾ ਕਿੱਤਾ ਮੁਖੀ ਕੋਰਸਾਂ ਰਾਹੀਂ ਸਿੱਖਿਆ ਅਤੇ ਹੁਨਰ ਹਾਸਿਲ ਕਰੇ। ਅਜੋਕੇ ਸਮੇਂ ਭਾਰਤ ਵਿਚ ਕਿੱਤਾ ਮੁਖੀ ਕੋਰਸਾਂ ਵਿਚ ਸਿੱਖਿਆ ਹਾਸਲ ਕਰਨ ਵਾਲੇ ਵਿਦਿਆਰਥੀਆਂ ਦੀ ਗਿਣਤੀ 5% ਤੋਂ ਵੀ ਘੱਟ ਹੈ ਜਦਕਿ ਅਮਰੀਕਾ, ਜਰਮਨੀ ਤੇ ਦੱਖਣੀ ਕੋਰੀਆ ਵਰਗੇ ਦੇਸ਼ਾਂ ਵਿਚ ਇਹ ਅੰਕੜਾ ਕ੍ਰਮਵਾਰ 52%, 75% ਅਤੇ 96% ਹੈ। ਬਾਕੀ ਦੇਸ਼ਾਂ ਦੇ ਮੁਕਾਬਲੇ ਭਾਰਤ ਦੀ ਸਥਿਤੀ ਬਹੁਤ ਜਿ਼ਆਦਾ ਪੱਛੜੀ ਹੋਈ ਹੈ।
ਯੂਨੀਵਰਸਿਟੀ ਗਰਾਂਟ ਕਮਿਸ਼ਨ ਨੇ ਪਹਿਲਾਂ ਵੀ ਕਿੱਤਾ ਮੁਖੀ ਕੋਰਸਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਹੈ ਅਤੇ ਨੈਸ਼ਨਲ ਸਕਿੱਲ ਕੁਆਲੀਫਿਕੇਸ਼ਨ ਫਰੇਮਵਰਕ ਤਹਿਤ ਵੱਖ ਵੱਖ ਕਿੱਤਿਆਂ ਨਾਲ ਸਬੰਧਿਤ ਤਿੰਨ ਸਾਲਾ ਡਿਗਰੀ ਪ੍ਰੋਗਰਾਮ ਸ਼ੁਰੂ ਕੀਤੇ ਗਏ ਹਨ; ਜਿਵੇਂ ਉਸਾਰੀ, ਸੁੰਦਰਤਾ ਤੇ ਤੰਦਰੁਸਤੀ, ਥੋਕ ਵਪਾਰ ਆਦਿ। ਯੂਨੀਵਰਸਿਟੀ ਗਰਾਂਟ ਕਮਿਸ਼ਨ ਵਿਦਿਆਰਥੀਆਂ ਵਿਚ ਇਨ੍ਹਾਂ ਪ੍ਰੋਗਰਾਮਾਂ ਵਿਚ ਦਾਖਲੇ ਨੂੰ ਹੁਲਾਰਾ ਦੇਣ ਲਈ ਮਹੀਨਾਵਾਰ ਵਜ਼ੀਫਾ ਵੀ ਦਿੰਦਾ ਹੈ ਪਰ ਲੋੜੀਂਦੇ ਨਤੀਜੇ ਹਾਸਲ ਨਹੀਂ ਹੋਏ। ਪੰਜਾਬ ਵਰਗੇ ਸੂਬੇ ਜਿੱਥੇ ਵਿਦਿਆਰਥੀਆਂ ਵਿਚ ਵਿਦੇਸ਼ ਜਾਣ ਦੀ ਹੋੜ ਲੱਗੀ ਹੋਈ ਹੈ, ਵਿਚ ਅਜਿਹੇ ਕੋਰਸ ਕੇਵਲ ਪੜ੍ਹਾਈ ਵਿਚ ਪਾੜਾ ਪੂਰਤੀ ਕਰਨ ਦਾ ਜ਼ਰੀਆ ਬਣ ਕੇ ਰਹਿ ਗਏ ਹਨ।
ਕਿੱਤਾ ਮੁਖੀ ਕੋਰਸਾਂ ਵਿਚ ਭਾਰਤੀ ਵਿਦਿਆਰਥੀਆਂ ਦੇ ਘੱਟ ਰੁਝਾਨ ਦੇ ਕਈ ਕਾਰਨ ਹੋ ਸਕਦੇ ਹਨ ਪਰ ਸਭ ਤੋਂ ਵੱਡਾ ਕਾਰਨ ਭਾਰਤ ਦੇ ਧਾਰਮਿਕ ਅਤੇ ਸਮਾਜਿਕ ਇਤਿਹਾਸ ਵਿਚੋਂ ਬੜੀ ਆਸਾਨੀ ਨਾਲ ਲੱਭਿਆ ਜਾ ਸਕਦਾ ਹੈ। ਰਿਗਵੇਦ ਵਿਚ ਭਾਰਤੀ ਸਮਾਜ ਦੇ ਚਾਰ ਵਰਣਾਂ ਦਾ ਜ਼ਿਕਰ ਮਿਲਦਾ ਹੈ: ਬ੍ਰਾਹਮਣ (ਪੰਡਿਤ, ਅਧਿਆਪਕ, ਬੁੱਧੀਜੀਵੀ), ਕਸ਼ੱਤਰੀਆ (ਰਾਜਾ, ਪ੍ਰਸ਼ਾਸਨ, ਯੋਧੇ), ਵੈਸ਼ਿਆ (ਕਿਸਾਨ, ਵਪਾਰੀ) ਅਤੇ ਸ਼ੂਦਰ (ਮਜ਼ਦੂਰ, ਕਾਰੀਗਰ, ਕਿਰਤੀ)। ਇਸ ਵਰਣ ਪ੍ਰਣਾਲੀ ਅਨੁਸਾਰ ਹਰ ਵਰਗ ਲਈ ਕੰਮ-ਕਾਜ ਅਤੇ ਕਿੱਤਾ ਵੀ ਤੈਅ ਕਰ ਦਿੱਤਾ ਗਿਆ ਅਤੇ ਬੱਚੇ ਦੇ ਜਨਮ ਹੁੰਦੇ ਹੀ ਇਹ ਤੈਅ ਹੋ ਜਾਂਦਾ ਕਿ ਉਹ ਆਪਣੀ ਜੀਵਕਾ ਕਮਾਉਣ ਲਈ ਕਿਹੜਾ ਕਿੱਤਾ ਅਪਣਾਏਗਾ। ਇਸ ਵਰਣ ਪ੍ਰਣਾਲੀ ਦਾ ਡੂੰਘਾ ਅਸਰ ਭਾਰਤੀ ਸਮਾਜ ਵਿਚ ਅੱਜ ਵੀ ਪ੍ਰਤੱਖ ਦੇਖਿਆ ਜਾ ਸਕਦਾ ਹੈ। ਅਜੋਕੇ ਭਾਰਤ ਵਿਚ ਵੀ ਕਿੱਤਾ ਪੀੜ੍ਹੀ ਦਰ ਪੀੜ੍ਹੀ ਉਸੇ ਵਰਗ ਦੇ ਪਰਿਵਾਰਾਂ ਵਿਚ ਅੱਗੇ ਸੌਂਪਿਆ ਅਤੇ ਸੰਭਾਲਿਆ ਜਾ ਰਿਹਾ ਹੈ।
ਬਹੁਤ ਸਾਰੇ ਕਿੱਤਿਆਂ ਨੂੰ ਇਹ ਮੰਨ ਕੇ ਨਕਾਰ ਦਿੱਤਾ ਜਾਂਦਾ ਹੈ ਕਿ ਇਹ ਕਿੱਤਾ ਅਪਣਾਉਣ ਨਾਲ ਪਰਿਵਾਰ ਦੇ ਸਮਾਜਿਕ ਵੱਕਾਰ ਨੂੰ ਸੱਟ ਲੱਗੇਗੀ। ਕਿਸਾਨੀ ਪਰਿਵਾਰਾਂ ਦੇ ਬੱਚੇ ਕਲਾਕਾਰ, ਲੇਖਾਕਾਰ ਜਾਂ ਅਫਸਰ ਬਣਨ ਲਈ ਸੰਘਰਸ਼ ਕਰਦੇ ਹਨ। ਡਾਕਟਰ ਦਾ ਬੱਚਾ ਡਾਕਟਰ ਬਣਨ ਲਈ ਮਜਬੂਰ ਹੈ ਕਿਉਂਕਿ ਉਸ ਦੇ ਪਿਤਾ ਨੇ ਸਿਹਤ ਵਪਾਰ ਵਿਚ ਆਪਣੀ ਜ਼ਿੰਦਗੀ ਦੇ ਮਹੱਤਵਪੂਰਨ ਸਾਲ ਅਤੇ ਜਾਇਦਾਦ ਦਾ ਨਿਵੇਸ਼ ਕੀਤਾ ਹੈ। ਸਮਾਜਿਕ ਪ੍ਰਣਾਲੀ ਮੁਤਾਬਿਕ ਹੇਠਲੇ ਵਰਗ ਦੇ ਪਰਿਵਾਰਾਂ ਦੇ ਬੱਚਿਆਂ ਲਈ ਉੱਪਰਲੇ ਵਰਗ ਦੇ ਕਿੱਤੇ ਬਾਰੇ ਸੋਚਣਾ ਅਤੇ ਸੁਪਨਾ ਲੈਣਾ ਮਜ਼ਾਕ ਬਣ ਸਕਦਾ ਹੈ ਅਤੇ ਖ਼ੁਦ ਐਲਾਨੇ ਉੱਚੇ ਦਰਜੇ ਦੇ ਲੋਕ ਅਜਿਹੇ ਸੁਪਨਿਆਂ ਦੇ ਟੁੱਟਣ ਲਈ ਪ੍ਰਾਰਥਨਾ ਕਰਦੇ ਹਨ। ਇਸ ਸੁਪਨੇ ਦੀ ਜਿੱਤ ਵਰਗ ਵੰਡ ਅੰਦਰ ਉਥਲ-ਪੁਥਲ ਪੈਦਾ ਕਰ ਸਕਦੀ ਹੈ ਅਤੇ ਕਿਸੇ ਵਰਗ ਦਾ ਏਕਾਧਿਕਾਰ ਖਤਮ ਕਰ ਸਕਦੀ ਹੈ।
ਹੁਣ ਚਾਹੀਦਾ ਇਹ ਹੈ ਕਿ ਵੱਖ ਵੱਖ ਵਰਗਾਂ ਦੇ ਵਿਦਿਆਰਥੀ ਪਿਛੋਕੜ ਵਰਗ ਵੰਡ ਨੂੰ ਭੁੱਲ ਕੇ ਕਿੱਤਾ ਮੁਖੀ ਕੋਰਸਾਂ ਵਿਚ ਦਾਖਲਾ ਲੈਣ ਅਤੇ ਇਸ ਪੁਰਾਤਨ ਸਮਾਜਿਕ ਪ੍ਰਣਾਲੀ ਨੂੰ ਠੁਕਰਾਉਂਦੇ ਹੋਏ ਕਿਸੇ ਵੀ ਕਿੱਤੇ ਵਿਚ ਮੁਹਾਰਤ ਹਾਸਿਲ ਕਰਨ। ਭਾਰਤ ਆਪਣੀਆਂ ਸਮਾਜਿਕ ਪ੍ਰਣਾਲੀਆਂ, ਪ੍ਰੰਪਰਾਵਾਂ ਅਤੇ ਰੀਤੀ ਰਿਵਾਜਾਂ ਕਰਕੇ ਪੂਰੇ ਸੰਸਾਰ ਵਿਚ ਜਾਣਿਆ ਜਾਂਦਾ ਹੈ। ਇਸ ਵਿਰੋਧਾਭਾਸ ਨੂੰ ਸਮਝਣਾ ਅਤੇ ਇਸ ’ਤੇ ਜਿੱਤ ਪਾਉਣੀ ਮੁਸ਼ਕਿਲ ਕਾਰਜ ਹੈ ਅਤੇ ਸ਼ਾਇਦ ਸਮਾਂ ਵੀ ਲੱਗੇਗਾ। ਉਂਝ, ਦੇਖਣਾ ਪਵੇਗਾ ਕਿ ਨਵੀਂ ਸਿੱਖਿਆ ਨੀਤੀ ਇਸ ਟੀਚੇ ਦੀ ਕਿੰਨੀ ਕੁ ਪ੍ਰਾਪਤੀ ਕਰ ਸਕਦੀ ਹੈ।
ਜੇਕਰ ਇਸ ਟੀਚੇ ਦੇ ਸਕਾਰਾਤਮਕ ਪਹਿਲੂਆਂ ਬਾਰੇ ਜ਼ਿਕਰ ਕੀਤਾ ਜਾਵੇ ਤਾਂ ਕਿੱਤਾ ਮੁਖੀ ਕੋਰਸਾਂ ਵਿਚ ਵਿਦਿਆਰਥੀਆਂ ਦਾ ਰੁਝਾਨ ਵਧਾ ਕੇ ਭਾਰਤ ਦੀ ਵੱਡੀ ਸਮੱਸਿਆ, ਭਾਵ ਬੇਰੁਜ਼ਗਾਰੀ ਤੋਂ ਨਿਜਾਤ ਪਾਈ ਜਾ ਸਕਦੀ ਹੈ। ਬਹੁਤ ਸਾਰੇ ਕਿੱਤਿਆਂ ਵਿਚ ਨਿਪੁੰਨ ਲੋਕਾਂ ਦੀ ਕਮੀ ਹੈ ਜਿਸ ਦਾ ਇੱਕ ਕਾਰਨ ਉਸ ਕਿੱਤੇ ਵਿਚ ਕੇਵਲ ਇੱਕ ਹੀ ਵਰਗ ਦੇ ਲੋਕਾਂ ਦੀ ਸ਼ਮੂਲੀਅਤ ਹੈ। ਇਸ ਕਮੀ ਨਾਲ ਨਜਿੱਠਣ ਲਈ ਸਾਰੇ ਵਰਗਾਂ ਦਾ ਆਪਸ ਵਿਚ ਮਿਸ਼ਰਨ ਹੋਣਾ ਜ਼ਰੂਰੀ ਹੈ। ਉਦਾਹਰਨ ਦੇ ਤੌਰ ’ਤੇ ਖੇਤੀਬਾੜੀ ਦਾ ਆਧੁਨਿਕੀਕਰਨ ਹੋਣ ਕਾਰਣ ਵੱਖ ਵੱਖ ਪ੍ਰਕਿਰਿਆਵਾਂ ਲਈ ਘੱਟ ਵਿਅਕਤੀਆਂ ਦੀ ਲੋੜ ਹੈ ਪਰ ਕਿਸਾਨ ਦਾ ਪੁੱਤਰ ਹੋਰ ਕਰੇਗਾ ਵੀ ਕੀ? ਇਸ ਸੋਚ ਸਦਕਾ ਭਾਰਤ ਵਿਚ ਬੜਾ ਲੰਮਾ ਸਮਾਂ ਖੇਤੀਬਾੜੀ ਛੁਪੀ ਹੋਈ ਬੇਰੁਜ਼ਗਾਰੀ ਦਾ ਸਰੋਤ ਬਣੀ ਰਹੀ ਹੈ। ਇਸ ਵਰਗ ਵੰਡ ਦਾ ਇੱਕ ਹੋਰ ਨਤੀਜਾ ਇਹ ਨਿਕਲਿਆ ਹੈ ਕਿ ਸਾਰੇ ਕਿੱਤਿਆਂ ਦਾ ਮਿਹਨਤਾਨਾ ਵੀ ਵੱਖਰਾ ਤੈਅ ਕਰ ਦਿੱਤਾ ਗਿਆ ਅਤੇ ਵੱਧ ਮਿਹਨਤਾਨੇ ਵਾਲੇ ਕਿੱਤੇ ਸੁਭਾਵਕ ਤੌਰ ’ਤੇ ਉੱਚ ਵਰਗ ਦੇ ਲੋਕਾਂ ਦੇ ਹਿੱਸੇ ਆਏ। ਬਦਲਦੇ ਸਮੇਂ ਅਤੇ ਹਾਲਾਤ ਵਿਚ ਹੇਠਲੇ ਵਰਗ ਦੇ ਲੋਕਾਂ ਲਈ ਉੱਪਰਲੇ ਵਰਗ ਦੇ ਕਿੱਤਿਆਂ ਬਾਰੇ ਸੋਚਣਾ ਅਤੇ ਅਪਣਾਉਣਾ ਸ਼ੁਰੂ ਹੋ ਗਿਆ ਹੈ ਪਰ ਘੱਟ ਮਿਹਨਤਾਨੇ ਕਾਰਨ ਉੱਚ ਵਰਗ ਦੇ ਵਿਦਿਆਰਥੀ ਹੇਠਲੇ ਵਰਗ ਦੇ ਕਿੱਤਿਆਂ ਬਾਰੇ ਕੋਈ ਜਿ਼ਆਦਾ ਰੋਮਾਂਚਤ ਨਹੀਂ। ਇਸ ਵਿਸ਼ੇ ’ਤੇ ਵੀ ਸਰਕਾਰ ਨੂੰ ਧਿਆਨ ਦੇਣ ਦੀ ਲੋੜ ਹੈ।
ਜੇ ਅੱਜ ਭਾਰਤੀ ਸਿੱਖਿਆ ਖੇਤਰ ’ਤੇ ਝਾਤ ਮਾਰੀਏ ਤਾਂ ਨਿਰਾਸ਼ਾਜਨਕ ਹਾਲਤ ਸਾਹਮਣੇ ਆਉਂਦੀ ਹੈ ਜਿਸ ਅਨੁਸਾਰ ਭਾਰਤ ਦੇ ਬਹੁਤ ਸਾਰੇ ਰਾਜਾਂ ਵਿਚੋਂ ਵੱਡੀ ਗਿਣਤੀ ਵਿਚ ਨੌਜਵਾਨ ਵਿਦਿਆਰਥੀ ਵਿਦੇਸ਼ਾਂ ਵੱਲ ਰੁਖ ਕਰ ਰਹੇ ਹਨ। ਨਤੀਜੇ ਵਜੋਂ ਭਾਰਤ ਵਿਚਲੇ ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਹਰ ਅਕਾਦਮਿਕ ਵਰ੍ਹੇ ਘਟ ਰਹੀ ਹੈ ਜਿਸ ਕਰਕੇ ਬਹੁਤ ਸਾਰੇ ਕਾਲਜ ਬੰਦ ਹੋ ਚੁੱਕੇ ਹਨ, ਕਈ ਬੰਦ ਹੋਣ ਦੀ ਕਗਾਰ ’ਤੇ ਹਨ ਅਤੇ ਜਿ਼ਆਦਾਤਰ ਕਾਲਜਾਂ ਤੇ ਯੂਨੀਵਰਸਿਟੀਆਂ ਵਿਚ ਕੰਮ ਕਰਨ ਵਾਲੇ ਅਧਿਆਪਕਾਂ ਅਤੇ ਬਾਕੀ ਅਮਲੇ ਨੂੰ ਤਨਖਾਹ ਲਈ ਉਡੀਕ ਕਰਨੀ ਪੈ ਰਹੀ ਹੈ। ਹੈਰਾਨੀਜਨਕ ਸੱਚ ਇਹ ਹੈ ਕਿ ਭਾਰਤ ਦੇ ਵੱਖ ਵੱਖ ਚਾਰ ਵਰਣਾਂ ਵਿਚੋਂ ਵਿਦੇਸ਼ ਗਏ ਵਿਦਿਆਰਥੀ ਵਿਦੇਸ਼ ਵਿਚ ਹਰ ਤਰ੍ਹਾਂ ਦਾ ਪੇਸ਼ਾ ਚੁਣ ਰਹੇ ਹਨ ਅਤੇ ਬੇਝਿਜਕ ਆਪਣੀ ਜੀਵਕਾ ਕਮਾ ਰਹੇ ਹਨ। ਇਨ੍ਹਾਂ ਨੌਜਵਾਨ ਵਿਦਿਆਰਥੀਆਂ ਨੇ ਆਪਣੇ ਪੁਸ਼ਤੈਨੀ ਕਿੱਤੇ ਛੱਡ ਕੇ ਦੂਜੇ ਕਿੱਤਿਆਂ ਵਿਚ ਸਫਲਤਾ ਹਾਸਲ ਕੀਤੀ ਹੈ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਅਜਿਹੇ ਕਿਹੜੇ ਕਾਰਕ ਹਨ ਜੋ ਵਿਦਿਆਰਥੀਆਂ ਨੂੰ ਇਸ ਤਬਦੀਲੀ ਲਈ ਹੱਲਾਸ਼ੇਰੀ ਦਿੰਦੇ ਹਨ। ਦੋ ਗੱਲਾਂ ਸਾਫ ਹਨ; ਇੱਕ, ਵਿਦੇਸ਼ਾਂ ਵਿਚ ਅਜਿਹੀ ਕੋਈ ਵਰਗ ਵੰਡ ਨਹੀਂ ਹੈ। ਵਿਦੇਸ਼ੀ ਸਮਾਜ ਕਿਸੇ ’ਤੇ ਵੀ ਤੈਅ ਲੇਬਲ ਲਗਾਏ ਬਿਨਾ ਹਰ ਮਿਹਨਤ ਕਰਨ ਵਾਲੇ ਵਿਅਕਤੀ ਦੀ ਕਦਰ ਕਰਦਾ ਹੈ। ਦੂਜੀ ਗੱਲ, ਵਿਦੇਸ਼ਾਂ ਵਿਚ ਹਰ ਕਿੱਤੇ ਦਾ ਮਿਹਨਤਾਨਾ ਇੰਨਾ ਕੁ ਜ਼ਰੂਰ ਹੈ ਕਿ ਉਹ ਆਪਣੇ ਪਰਿਵਾਰ ਦਾ ਸੰਤੋਖਜਨਕ ਪਾਲਣ-ਪੋਸ਼ਣ ਕਰ ਸਕਦਾ ਹੈ। ਪੰਜਾਬ ਵਿਚੋਂ ਗਏ ਲੱਖਾਂ ਹੀ ਵਿਦਿਆਰਥੀ ਵਿਦੇਸ਼ਾਂ ਵਿਚ ਪੜ੍ਹਾਈ ਕਰਨ ਦੇ ਨਾਲ ਨਾਲ ਵੱਖੋ-ਵੱਖ ਕਿੱਤਿਆਂ ਵਿਚੋਂ ਆਪਣਾ ਗੁਜ਼ਾਰਾ ਚਲਾ ਰਹੇ ਹਨ।
ਕੌਮੀ ਸਿੱਖਿਆ ਨੀਤੀ ਵਿਚ ਕਿੱਤਾ ਮੁਖੀ ਕੋਰਸਾਂ ਨੂੰ ਤਰਜੀਹ ਦੇਣਾ ਸ਼ਾਇਦ ਇਨ੍ਹਾਂ ਸਮੱਸਿਆਵਾਂ ਨੂੰ ਸੁਲਝਾਉਣ ਵਿਚ ਪ੍ਰਭਾਵਸ਼ਾਲੀ ਕਾਰਕ ਦੇ ਤੌਰ ’ਤੇ ਕੰਮ ਕਰ ਸਕਦਾ ਹੈ ਅਤੇ ਆਉਣ ਵਾਲੇ ਸਮੇਂ ਵਿਚ ਕਿੱਤਿਆਂ ਦੀ ਵਰਗਾਂ ਅਨੁਸਾਰ ਕੀਤੀ ਵੰਡ ਨੂੰ ਖਤਮ ਕਰ ਸਕਦਾ ਹੈ।
*ਮਾਤਾ ਗੁਜਰੀ ਕਾਲਜ, ਫਤਿਹਗੜ੍ਹ ਸਾਹਿਬ।
ਸੰਪਰਕ: 78144-49000