ਪ੍ਰੋਫੈਸਰ ਅਰਵਿੰਦ*
ਕੁਆਂਟਮ ਭੌਤਿਕ ਵਿਗਿਆਨ ਲਗਭਗ ਸੌ ਸਾਲ ਪਹਿਲਾਂ ਐਟਮਾਂ ਦੀ ਅੰਦਰਲੀ ਦੁਨੀਆਂ ਨੂੰ ਸਮਝਣ ਲਈ ਬਣਾਇਆ ਗਿਆ ਸੀ। ਕੁਆਂਟਮ ਭੌਤਿਕ ਵਿਗਿਆਨ ਜ਼ਰੀਏ ਮਨੁੱਖ ਨੇ ਐਟਮ, ਨਿਊਕਲੀਅਸ, ਮਾਦੇ ਦੇ ਕਣ ਜਿਨ੍ਹਾਂ ਤੋਂ ਦੁਨੀਆਂ ਬਣੀ ਹੈ, ਊਰਜਾ ਦੇ ਕੁਆਂਟਮ ਫੋਟਾਨ ਆਦਿ ਨੂੰ ਸਮਝਿਆ ਹੈ, ਅਤੇ ਮਾਦੇ ਤੇ ਊਰਜਾ ਦੇ ਗੁਣਾਂ ਨੂੰ ਜਾਣਿਆ ਹੈ। ਸਾਰਾ ਮਾਦਾ ਕੁਆਰਕਾਂ ਅਤੇ ਲੈਪਟਾਨਾਂ ਤੋਂ ਬਣਿਆ ਹੈ ਅਤੇ ਜਿਨ੍ਹਾਂ ਵਿੱਚ ਆਪਸੀ ਖਿੱਚ-ਧੱਕ ਫੋਟਾਨਾਂ ਤੇ ਗਲੂਆਨਾਂ ਵਰਗੇ ਕਣਾਂ ਦੇ ਆਦਾਨ-ਪ੍ਰਦਾਨ ਨਾਲ ਹੁੰਦੀ ਹੈ। ਵੀਹਵੀਂ ਸਦੀ ਦੀਆਂ ਸਭ ਤਕਨੀਕਾਂ, ਖ਼ਾਸਕਰ ਇਲੈਕਟ੍ਰਾਨਿਕ ਉਪਕਰਨ, ਜਿਨ੍ਹਾਂ ਵਿੱਚ ਕੰਪਿਊਟਰ ਵੀ ਸ਼ਾਮਿਲ ਹਨ ਅਤੇ ਜਿਨ੍ਹਾਂ ਨੇ ਮਨੁੱਖੀ ਜੀਵਨ ਦੀ ਨੁਹਾਰ ਬਦਲੀ ਹੈ, ਕੁਆਂਟਮ ਫਿਜ਼ਿਕਸ ਬਦੌਲਤ ਹੀ ਸੰਭਵ ਹੋ ਸਕੇ ਹਨ। ਸਭ ਤੋਂ ਰੌਚਕ ਤੇ ਮਹੱਤਵਪੂਰਨ ਗੱਲ ਇਹ ਹੈ ਕਿ ਕੁਆਂਟਮ ਵਿਗਿਆਨ ਨੇ ਸਾਨੂੰ ਦੁਨੀਆਂ ਬਾਰੇ ਸੋਚਣ ਦੇ ਆਪਣੇ ਤਰੀਕੇ ਨੂੰ ਬਦਲਣ ਲਈ ਮਜਬੂਰ ਕੀਤਾ ਹੈ। ਕੁਆਂਟਮ ਦੀ ਦੁਨੀਆ ਵਿੱਚ ਅਨਿਸ਼ਚਿਤਤਾ ਹੈ ਅਤੇ ਕਈ ਵਾਰੀ ਕਿਸੇ ਵਰਤਾਰੇ ਦੇ ਇੱਕੋ ਤਰੀਕੇ ਨਾਲ ਵਾਪਰਨ ਦੀ ਬਜਾਏ ਕਈ ਸੰਭਾਵਨਾਵਾਂ ਨੂੰ ਇਕੱਠੇ ਚਿਤਵਣਾ ਲਾਜ਼ਮੀ ਹੋ ਜਾਂਦਾ ਹੈ। ਅਨਿਸ਼ਚਿਤਤਾ ਦੇ ਸਿਧਾਂਤ ਅਨੁਸਾਰ ਕੁਆਂਟਮ ਕਣ ਜਿਵੇਂ ਕਿ ਇਲੈਕਟ੍ਰੋਨ ਆਦਿ ਇਕੋ ਸਮੇਂ ’ਤੇ ਦੋ ਜਗ੍ਹਾ ਵੀ ਹੋ ਸਕਦੇ ਹਨ ਜੋ ਸਾਡੇ ਲਈ ਚਿਤਵਣਾ ਮੁਸ਼ਕਿਲ ਹੈ।
ਅਲਬਰਟ ਆਇੰਸਟਾਈਨ ਨੂੰ ਕੁਆਂਟਮ ਵਿਗਿਆਨ ਦੇ ਇਹ ਸਿੱਟੇ ਠੀਕ ਨਾ ਲੱਗੇ। ਇਸੇ ਲਈ ਕੁਆਂਟਮ ਅਨਿਸ਼ਚਿਤਤਾ ਬਾਰੇ ਉਨ੍ਹਾਂ ਨੇ ਕਿਹਾ, ‘‘ਰੱਬ ਪਾਸਾ ਨਹੀਂ ਖੇਡ ਸਕਦਾ।’’ ਸਾਲ 1935 ਵਿੱਚ ਉਸ ਨੇ ਪਡੋਲਸਕੀ ਤੇ ਰੋਜ਼ਨ ਨਾਲ ਰਲ ਕੇ ਇੱਕ ਖੋਜ ਪੱਤਰ ਲਿਖਿਆ ਜਿੱਸ ਵਿੱਚ ਇਹ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ ਕਿ ਕੁਆਂਟਮ ਵਿਗਿਆਨ ਵੱਲੋਂ ਨਿਰਧਾਰਤ ਸੰਭਾਵਨਾਵਾਂ ਤੋਂ ਅੱਗੇ ਵੀ ਵਾਸਤਵਿਕਤਾ ਹੈ ਅਤੇ ਇਸ ਲਈ ਸਾਨੂੰ ਉਹ ਅਗਲੇ ਸਿਧਾਂਤ ਘੜਨੇ ਚਾਹੀਦੇ ਹਨ ਜੋ ਸਾਨੂੰ ਵਰਤਾਰਿਆਂ ਬਾਰੇ ਕੁਆਂਟਮ ਵਿਗਿਆਨ ਨਾਲੋਂ ਵੱਧ ਸੂਚਨਾ ਦੇਣ ਦੇ ਸਮਰੱਥ ਹੋਣ। ਆਇੰਸਟਾਈਨ ਵਾਸਤਵਿਕਤਾ ਦੀ ਉਸ ਪਰਤ ਵੱਲ ਇਸ਼ਾਰਾ ਕਰ ਰਿਹਾ ਸੀ ਜਿਸ ਵਿਚੋਂ ਸਾਨੂੰ ਘੱਟ ਜਾਣਕਾਰੀ ਹੋਣ ਕਾਰਨ ਸੰਭਾਵਨਾਵਾਂ ਦਿਸਦੀਆਂ ਹਨ ਜਦੋਂਕਿ ਦੁਨੀਆਂ ਦੀ ਵਾਸਤਵਿਕਤਾ ਸੰਭਾਵਨਾਵਾਂ ’ਤੇ ਨਹੀਂ ਸਗੋਂ ਪੱਕੀ ਸੂਚਨਾ ਉਪਰ ਆਧਾਰਿਤ ਹੈ। ਇਹ ਖੋਜ ਪੱਤਰ ਈਪੀਆਰ (EPR) ਪੇਪਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਸਮਝਣ ਲਈ ਉਦਾਹਰਣ ਲੈਂਦੇ ਹਾਂ, ਜੇ ਅਸੀਂ ਕਿਸੇ ਵਿਅਕਤੀ ਦੇ ਘਰ ਜਾ ਕੇ ਪੁੱਛਦੇ ਹਾਂ ਕਿ, ‘ਉਹ ਕਿੱਥੇ ਗਏ ਹਨ?’ ਤਾਂ ਘਰ ਵਾਲੇ ਸਾਨੂੰ ਸੰਭਾਵਨਾਵਾਂ ਦੱਸਣਗੇ: ਸ਼ਾਇਦ ਬਾਹਰ ਗਏ ਨੇ ਸ਼ਇਦ ਖੇਤ ਗਏ ਨੇ ਜਾਂ ਫਿਰ ਕਿਸੇ ਦੋਸਤ ਵੱਲ ਗਏ ਨੇ ਜਾਂ ਸ਼ਾਇਦ ਮੰਡੀ ਗਏ ਨੇ ਆਦਿ। ਪਰ ਵਿਅਕਤੀ ਤਾਂ ਇੱਕ ਹੀ ਜਗ੍ਹਾ ’ਤੇ ਹੋਵੇਗਾ ਅਤੇ ਉਹਨੂੰ ਸਿੱਧਾ ਫੋਨ ਕਰਨ ’ਤੇ ਉਹ ਦੱਸ ਦੇਵੇਗਾ ਕਿ ਉਹ ਕਿੱਥੇ ਹੈ। ਘਰ ਵਾਲੇ ਸੰਭਾਵਨਾਵਾਂ ਸਿਰਫ਼ ਇਸ ਕਰਕੇ ਦੱਸ ਰਹੇ ਸਨ ਕਿਉਂਕਿ ਉਨ੍ਹਾਂ ਕੋਲ ਪੂਰੀ ਸੂਚਨਾ ਨਹੀਂ ਸੀ। ਆਇੰਸਟਾਈਨ ਮੁਤਾਬਿਕ ਸੂਖ਼ਮ ਦੀ ਦੁਨੀਆਂ ਬਾਰੇ ਕੁਆਂਟਮ ਵਿਗਿਆਨ ਸੰਭਾਵਨਾਵਾਂ ਦੱਸਦਾ ਹੈ ਪਰ ਇਸ ਦਾ ਮਤਲਬ ਇਹ ਹਰਗਿਜ਼ ਨਹੀਂ ਹੈ ਕਿ ਸੰਭਾਵਾਨਵਾਂ ਤੋਂ ਅੱਗੇ ਪੱਕੀ ਵਾਸਤਵਿਕਤਾ ਦੀ ਕੋਈ ਹੋਂਦ ਹੈ ਹੀ ਨਹੀਂ। ਆਇੰਸਟਾਈਨ ਅਨੁਸਾਰ ਜਦੋਂ ਕੁਆਂਟਮ ਵਿਗਿਆਨ ਦੱਸਦਾ ਹੈ ਕਿ ਇਲੈਕਟਰੋਨ ਇੱਕੋ ਸਮੇਂ ਦੋ ਜਗ੍ਹਾ ’ਤੇ ਹੈ ਤਾਂ ਅਸਲ ਵਿੱਚ ਇਲੈਕਟਰੋਨ ਇੱਕ ਹੀ ਜਗ੍ਹਾ ’ਤੇ ਹੁੰਦਾ ਹੈ ਅਤੇ ਜਦੋਂ ਅਸੀਂ ਕੁਆਂਟਮ ਵਿਗਿਆਨ ਤੋਂ ਅਗਲੇ ਸਿਧਾਂਤ ਬਣਾ ਲਵਾਂਗੇ ਤਾਂ ਇਲੈਕਟਰੋਨ ਸਬੰਧੀ ਪੂਰੀ ਸੂਚਨਾ ਲੈ ਸਕਾਂਗੇ। ਇਸ ਖੋਜ ਪੱਤਰ ਤੋਂ ਬਾਅਦ ਬਹੁਤ ਸਾਰੇ ਵਿਗਿਆਨੀਆਂ ਨੇ ਉਹ ਸਿਧਾਂਤ ਤਲਾਸ਼ਣੇ ਸ਼ੁਰੂ ਕਰ ਦਿੱਤੇ ਜਿਨ੍ਹਾਂ ਵੱਲ ਆਇੰਸਟਾਈਨ ਨੇ ਇਸ਼ਾਰਾ ਕੀਤਾ ਸੀ।
ਆਇਰਲੈਂਡ ਦੇ ਵਿਗਿਆਨੀ ਜਾਹਨ ਬੈੱਲ ਨੇ 1964 ਵਿੱਚ ਇੱਕ ਬਹੁਤ ਅਹਿਮ ਖੋਜ ਪੱਤਰ ਲਿਖਿਆ ਜਿਸ ਵਿੱਚ ਉਸ ਨੇ ਆਇੰਸਟਾਈਨ ਦੇ 1935 ਦੇ ਨਤੀਜਿਆਂ ਨੂੰ ਨਵੇਂ ਸਿਰਿਓਂ ਵਾਚਿਆ। ਉਸ ਨੇ ਆਇੰਸਟਾਈਨ ਦੇ ਸਾਪੇਖਤਾ ਦੇ ਸਿਧਾਂਤ, ਜਿਸ ਅਨੁਸਾਰ ਸੂਚਨਾ ਦਾ ਸੰਚਾਰ ਪ੍ਰਕਾਸ਼ ਦੀ ਗਤੀ ਤੋਂ ਤੇਜ਼ੀ ਨਾਲ ਨਹੀਂ ਹੋ ਸਕਦਾ, ਦੇ ਆਧਾਰ ’ਤੇ ਕੁਆਂਟਮ ਵਿਗਿਆਨ ਤੋਂ ਅਗਲੇ ਸਿਧਾਂਤਾਂ ਨੂੰ ਘੋਖਿਆ ਜੋ ਸੰਭਾਵਨਾਵਾਂ ਤੋਂ ਅਗਲੀ ਵਾਸਤਵਿਕਤਾ ਦੀ ਹੋਂਦ ’ਤੇ ਆਧਾਰਿਤ ਹੋਣਗੇ। ਉਸ ਨੇ ਸਾਬਿਤ ਕੀਤਾ ਕਿ ਅਜਿਹੇ ਸਿਧਾਂਤ ਕੁਆਂਟਮ ਵਿਗਿਆਨ ਨਾਲ ਮੇਲ ਨਹੀਂ ਖਾ ਸਕਦੇ। ਇਸ ਨਤੀਜੇ ਨੂੰ ਉਸ ਨੇ ਇੱਕ ਅਸਮਾਨਤਾ ਦੇ ਰਿਸ਼ਤੇ (Inequality) ਦੇ ਰੂਪ ਵਿੱਚ ਸਥਾਪਤ ਕੀਤਾ ਜਿਸ ਨੂੰ ਬੈੱਲ’ਜ਼ ਇਨਇਕੁਐਲਿਟੀ (Bell’s inequality) ਦੇ ਤੌਰ ’ਤੇ ਜਾਣਿਆ ਜਾਂਦਾ ਹੈ। ਜੇ ਸਾਡੇ ਕੋਲ ਦੋ ਸਿਸਟਮ ਹੋਣ ਅਤੇ ਇਹ ਇੱਕ ਦੂਜੇ ਤੋਂ ਅਜਿਹੀ ਦੂਰੀ ਉਪਰ ਹੋਣ ਤਾਂ ਜੋ ਸੂਚਨਾ ਦਾ ਆਦਾਨ ਪ੍ਰਦਾਨ ਇਕਦਮ ਨਾ ਹੋ ਸਕੇ ਤੇ ਅਸੀਂ ਵਾਸਤਵਿਕਤਾ ਦੀ ਸੰਭਾਵਨਾਵਾਂ ਤੋਂ ਅਗਲੀ ਹੋਂਦ ਨੂੰ ਸਹੀ ਮੰਨੀਏ ਤਾਂ ਬੈੱਲ ਦਾ ਅਸਮਾਨਤਾ ਰਿਸ਼ਤਾ ਦੱਸਦਾ ਹੈ ਕਿ ਉਨ੍ਹਾਂ ਵਿੱਚ ਆਪਸੀ ਸਬੰਧ ਇੱਕ ਹੱਦ ਤੋਂ ਜ਼ਿਆਦਾ ਨਹੀਂ ਹੋ ਸਕਦਾ। ਪਰ ਕੁਆਂਟਮ ਵਿਗਿਆਨ ਅਨੁਸਾਰ ਇਸੇ ਸਥਿਤੀ ਵਿੱਚ ਆਪਸੀ ਸਬੰਧ ਵੱਧ ਹੋ ਸਕਦਾ ਹੈ ਅਤੇ ਇਸ ਲਈ ਕੁਆਂਟਮ ਵਿਗਿਆਨ ਇਸ ਅਸਮਾਨਤਾ ਰਿਸ਼ਤੇ ਨਾਲ ਮੇਲ ਨਹੀਂ ਖਾਂਦਾ। ਇਸ ਖੋਜ ਉਪਰੰਤ ਜਾਹਨ ਬੈੱਲ ਨੂੰ ਬਹੁਤ ਮਸ਼ਹੂਰੀ ਮਿਲੀ। ਇਹ ਸਾਫ਼ ਹੋ ਗਿਆ ਕਿ ਜਾਂ ਤਾਂ ਕੁਆਂਟਮ ਵਿਗਿਆਨ ਤੇ ਇਸ ਦੀਆਂ ਸੰਭਾਵਨਾਵਾਂ ’ਤੇ ਆਧਾਰਿਤ ਵਿਆਖਿਆਵਾਂ ਠੀਕ ਹਨ ਜਾਂ ਫਿਰ ਵਾਸਤਵਿਕਤਾ ਦੇ ਆਧਾਰ ’ਤੇ ਆਇੰਸਟਾਈਨ ਵੱਲੋਂ ਸੁਝਾਏ ਸਿਧਾਂਤ ਠੀਕ ਹਨ। ਇਨ੍ਹਾਂ ਵਿਚੋਂ ਇੱਕ ਹੀ ਸਹੀ ਹੋ ਸਕਦਾ ਹੈ, ਦੋਵੇਂ ਨਹੀਂ।
ਬੈੱਲ ਦੀ ਖੋਜ ਤੋਂ ਬਾਅਦ ਮੁੱਖ ਸੁਆਲ ਇਹ ਸੀ ਕਿ ਕੀ ਕੁਆਂਟਮ ਵਿਗਿਆਨ ਸਹੀ ਹੈ ਜਾਂ ਕੀ ਉਹ ਸਿਧਾਂਤ ਸੰਭਵ ਹਨ ਜੋ ਵਾਸਤਵਿਕਤਾ ਨੂੰ ਆਧਾਰ ਬਣਾਉਣ? ਕਿਉਂਕਿ ਦੋਹਾਂ ਵਿਚੋਂ ਇੱਕ ਹੀ ਸਹੀ ਹੋ ਸਕਦਾ ਹੈ ਅਤੇ ਕੁਦਰਤ ਕਿਹੜੇ ਸਿਧਾਂਤ ਨਾਲ ਮੇਲ ਖਾਂਦੀ ਹੈ ਇਹ ਨਾ ਤਾਂ ਗਣਿਤ ਦੱਸ ਸਕਦਾ ਹੈ ਅਤੇ ਨਾ ਹੀ ਤਰਕ, ਇਸ ਲਈ ਤਾਂ ਕੁਦਰਤ ਨਾਲ ਪ੍ਰਯੋਗ ਕਰਨੇ ਪੈਂਦੇ ਹਨ। ਵੱਖ ਵੱਖ ਪ੍ਰਯੋਗਸ਼ਾਲਾਵਾਂ ਵਿੱਚ ਵਿਗਿਆਨੀਆਂ ਨੇ ਉਹ ਸਥਿਤੀਆਂ ਪੈਦਾ ਕਰਨ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਜਿਨ੍ਹਾਂ ਵਿੱਚ ਅਜਿਹੇ ਪ੍ਰਯੋਗ ਕੀਤੇ ਜਾ ਸਕਣ ਜੋ ਬੈੱਲ ਦੇ ਅਸਮਾਨਤਾ ਦੇ ਰਿਸ਼ਤੇ ਨੂੰ ਕਿਸੇ ਭੌਤਿਕ ਸਿਸਟਮ ਉਪਰ ਮਾਪ ਸਕਣ ਤਾਂ ਜੋ ਇਹ ਪਤਾ ਲੱਗੇ ਕਿ ਕੀ ਕੁਦਰਤ ਵਾਸਤਵਿਕਤਾ ਵਾਲੇ ਸਿਧਾਂਤ ਜਿਨ੍ਹਾਂ ਵੱਲ ਆਇੰਸਟਾਈਨ ਨੇ ਇਸ਼ਾਰਾ ਕੀਤਾ ਸੀ ਅਨੁਸਾਰ ਚਲਦੀ ਹੈ ਜਾਂ ਫਿਰ ਕੁਆਂਟਮ ਵਿਗਿਆਨ ਮੁਤਾਬਿਕ।
ਜਿਨ੍ਹਾਂ ਤਿੰਨ ਵਿਗਿਆਨੀਆਂ ਨੂੰ ਇਸ ਸਾਲ ਭੌਤਿਕ ਵਿਗਿਆਨ ਦਾ ਨੋਬੇਲ ਪੁਰਸਕਾਰ ਮਿਲਿਆ ਹੈ ਉਨ੍ਹਾਂ ਨੇ ਆਪੋ ਆਪਣੀਆਂ ਪ੍ਰਯੋਗਸ਼ਾਲਾਵਾਂ ਵਿੱਚ ਪਿਛਲੇ 50 ਸਾਲਾਂ ਵਿੱਚ ਬੈੱਲ ਦੇ ਅਸਮਾਨਤਾ ਦੇ ਰਿਸ਼ਤੇ ਸਬੰਧੀ ਵੱਖ ਵੱਖ ਪ੍ਰਯੋਗ ਕੀਤੇ ਅਤੇ ਕੁਆਂਟਮ ਵਿਗਿਆਨ ਨੂੰ ਸਹੀ ਪਾਇਆ।
ਐਲਨ ਅਸਪੇ:
ਫਰਾਂਸ ਦਾ ਵਿਗਿਆਨੀ ਯੂਨੀਵਰਸਿਟੀ ਆਫ ਪੈਰਿਸ-ਸਾਕਲੇ ਵਿੱਚ ਹੈ। ਫੋਟਾਨ ਦੀ ਹੋਂਦ ਤੋਂ ਲੱਗ ਕੇ ਹੋਰ ਕੁਆਂਟਮ ਰਹੱਸਾਂ ਸਬੰਧੀ ਲੰਮੇ ਸਮੇਂ ਤੋਂ ਪ੍ਰਯੋਗ ਕਰਦਾ ਆ ਰਿਹਾ ਹੈ। ਉਹ ਭਾਰਤ ਬਹੁਤ ਵਾਰ ਆ ਚੁੱਕਾ ਹੈ ਅਤੇ ਬਹੁਤ ਹੀ ਨਿੱਘੇ ਤੇ ਮਿਲਣਸਾਰ ਸੁਭਾਅ ਦਾ ਵਿਅਕਤੀ ਹੈ।
ਜਾਹਨ ਕਲਾਜ਼ਰ:
ਅਮਰੀਕੀ ਵਿਗਿਆਨੀ ਹੈ ਜੋ ਕੈਲੀਫੋਰਨੀਆ ਵਿੱਚ ਆਪਣੀ ਖੋਜ ਆਧਾਰਿਤ ਕੰਪਨੀ ਚਲਾਉਂਦਾ ਹੈ। ਬੈੱਲ ਅਸਮਾਨਤਾ ਰਿਸ਼ਤੇ ਸਬੰਧੀ ਪਹਿਲੇ ਪ੍ਰਯੋਗਕਾਰੀਆਂ ਵਿਚੋਂ ਹੈ ਅਤੇ ਉਸ ਨੂੰ ਇਸ ਤਰ੍ਹਾਂ ਦੇ ਪ੍ਰਯੋਗ ਸ਼ੁਰੂ ਕਰਨ ਲਈ ਆਲੋਚਨਾ ਦਾ ਸਾਹਮਣਾ ਵੀ ਕਰਨਾ ਪਿਆ ਸੀ।
ਅਨਤੋਨ ਜ਼ਾਇਲਿੰਗਰ:
ਆਸਟਰੀਆ ਦਾ ਵਿਗਿਆਨੀ ਹੈ ਪਹਿਲਾਂ ਇਨਸਬਰੁਕ ਯੂਨੀਵਰਸਿਟੀ ਵਿੱਚ ਅਤੇ ਹੁਣ ਵੀਆਨਾ ਯੂਨੀਵਰਸਿਟੀ ਵਿੱਚ ਕੰਮ ਕਰਦਾ ਹੈ। ਲੰਮੇ ਸਮੇਂ ਤੋਂ ਕੁਆਂਟਮ ਵਿਗਿਆਨ ਦੀਆਂ ਜੜ੍ਹਾਂ ਫਰੋਲਣ ਵਾਲੇ ਪ੍ਰਯੋਗ ਕਰਦਾ ਆ ਰਿਹਾ ਹੈ। ਬਹੁਤ ਖੁੱਲ੍ਹੇ ਵਿਚਾਰਾਂ ਵਾਲਾ ਰੌਚਿਕ ਇਨਸਾਨ ਹੈ।
ਇਨ੍ਹਾਂ ਪ੍ਰਯੋਗਾਂ ਵਿੱਚ ਪ੍ਰਕਾਸ਼ ਦੇ ਕਣ ਵਰਤੇ ਗਏ ਜਿਨ੍ਹਾਂ ਨੂੰ ਫੋਟਾਨ ਕਿਹਾ ਜਾਂਦਾ ਹੈ। ਦੋ ਫੋਟਾਨ ਇਸ ਤਰੀਕੇ ਨਾਲ ਤਿਆਰ ਕੀਤੇ ਜਾਂਦੇ ਹਨ ਕਿ ਉਹ ਭਾਵੇਂ ਦੂਰ ਵੀ ਚਲੇ ਜਾਣ ਉਨ੍ਹਾਂ ਵਿਚਲਾ ਕੁਆਂਟਮ ਸੰਬੰਧ ਕਾਇਮ ਰਹਿੰਦਾ ਹੈ। ਇਸ ਨਾਲ ਉਹ ਸਥਿਤੀ ਉਤਪੰਨ ਹੋ ਜਾਂਦੀ ਹੈ ਜਿਸ ਵਿੱਚ ਜੇ ਆਪਸੀ ਸੰਬੰਧ ਦੀ ਮਿਣਤੀ ਕੀਤੀ ਜਾਵੇ ਤਾਂ ਉਹ ਬੈੱਲ ਦੇ ਅਸਮਾਨਤਾ ਰਿਸ਼ਤੇ ਨਾਲੋਂ ਵਧ ਜਾਂਦਾ ਹੈ ਅਤੇ ਇਹ ਵੱਧ ਆਪਸੀ ਸੰਬੰਧ ਕੁਆਂਟਮ ਵਿਗਿਆਨ ਦੇ ਨਿਯਮਾਂ ਅਨੁਸਾਰ ਹੁੰਦਾ ਹੈ ਨਾ ਕਿ ਆਇੰਸਟਾਈਨ ਦੇ ਚਿਤਵੇ ਹੋਵੇ ਸਿਧਾਂਤਾਂ ਮੁਤਾਬਿਕ। ਇਨ੍ਹਾਂ ਪ੍ਰਯੋਗਾਂ ਤੋਂ ਇਹ ਸਾਬਿਤ ਹੋ ਜਾਂਦਾ ਹੈ ਕਿ ਕੁਆਂਟਮ ਵਿਗਿਆਨ ਸਹੀ ਹੈ। ਇਹ ਪ੍ਰਯੋਗ ਕਰਨੇ ਇੰਨੇ ਆਸਾਨ ਨਹੀਂ ਕਿਉਂਕਿ ਇਕੱਲੇ-ਇਕੱਲੇ ਫੋਟਾਨ ਨੂੰ ਤਿਆਰ ਕਰਨਾ ਤੇ ਫੇਰ ਮਿਣਨਾ ਇੱਕ ਅਤਿਅੰਤ ਮੁਸ਼ਕਿਲ ਕੰਮ ਹੈ ਅਤੇ ਉੱਚ-ਤਕਨੀਕ ਦੀ ਮੰਗ ਕਰਦਾ ਹੈ ਜੋ ਇਨ੍ਹਾਂ ਵਿਗਿਆਨੀਆਂ ਨੇ ਵਿਕਸਤ ਕੀਤੀ ਹੈ। ਕੁਆਂਟਮ ਵਿਗਿਆਨ ਮੁਤਾਬਿਕ ਕੁਦਰਤ ਦੇ ਨੇਮ ਸੂਖ਼ਮ ਪੱਧਰ ’ਤੇ ਵੱਖਰੇ ਹਨ ਤੇ ਸਾਡੀ ਆਮ ਦੁਨੀਆਂ ਦੇ ਪੱਧਰ ’ਤੇ ਵੱਖਰੇ। ਇਨ੍ਹਾਂ ਵਿਗਿਆਨੀਆਂ ਦੇ ਪ੍ਰਯੋਗਾਂ ਨੇ ਇਨ੍ਹਾਂ ਵਿੱਲਖਣ ਨੇਮਾਂ ਦਾ ਸਬੂਤ ਦਿੱਤਾ ਹੈ ਜੋ ਸਾਡੇ ਆਮ ਅਨੁਭਵ ਨਾਲ ਮੇਲ ਨਹੀਂ ਖਾਂਦੇ।
ਅਸਲੀਅਤ ਇਹ ਹੈ ਕਿ ਖੋਜ ਦੇ ਇਸ ਵਿਸ਼ੇ ਨੂੰ ਜੋ ਕੁਆਂਟਮ ਵਿਗਿਆਨ ਦੀਆਂ ਜੜ੍ਹਾਂ ਫਰੋਲਣ ਨਾਲ ਜੁੜਿਆ ਹੋਇਆ ਹੈ, ਬੜਾ ਲੰਮਾ ਸਮਾਂ ਕੋਈ ਮਹੱਤਵਪੂਰਨ ਵਿਸ਼ਾ ਨਹੀਂ ਸਮਝਿਆ ਗਿਆ। ਸਿਰਫ਼ ਫਲਸਫ਼ੇ ਤੇ ਵਿਗਿਆਨ ਵਿਚ ਡੂੰਘੀ ਖੋਜ ਵਿੱਚ ਰੁਚੀ ਰੱਖਣ ਵਾਲੇ ਵਿਗਿਆਨੀ ਇਸ ਵਿਸ਼ੇ ਨਾਲ ਜੁੜੇ ਅਤੇ ਜ਼ਿਆਦਾਤਰ ਭੌਤਿਕ ਵਿਗਿਆਨੀਆਂ ਨੇ ਅਪਲਾਈਡ ਵਿਸ਼ਿਆਂ ਵੱਲ ਧਿਆਨ ਦਿੱਤਾ। ਇਸੇ ਕਾਰਨ ਇਸ ਵਿਸ਼ੇ ਉਪਰ ਖੋਜ ਹੌਲੀ-ਹੌਲੀ ਹੋਈ ਤੇ ਬਹੁਤ ਸਾਲਾਂ ਤੱਕ ਬਹੁਤੇ ਵਿਗਿਆਨੀਆਂ ਨੇ ਇਸ ਵੱਲ ਲੋੜੀਂਦਾ ਧਿਆਨ ਨਹੀਂ ਦਿੱਤਾ। ਵਿਦਿਆਰਥੀਆਂ ਨੂੰ ਇਸ ਵਿਸ਼ੇ ’ਤੇ ਕੰਮ ਕਰਨ ਤੋਂ ਰੋਕਿਆ ਵੀ ਜਾਂਦਾ ਰਿਹਾ। ਪਿਛਲੇ ਕੁਝ ਸਾਲਾਂ ਵਿੱਚ ਇਸ ਵਿਸ਼ੇ ਦੀ ਮਹਤੱਤਾ ਸਾਹਮਣੇ ਆਈ ਹੈ ਤੇ ਇਹ ਵੀ ਸਪਸ਼ਟ ਹੋਇਆ ਹੈ ਕਿਸੇ ਵੀ ਵਿਸ਼ੇ ਦੀਆਂ ਜੜ੍ਹਾਂ ਫਰੋਲਣ ਦੀ ਪ੍ਰਕਿਰਿਆ ਨਾ ਸਿਰਫ਼ ਦੁਨੀਆਂ ਬਾਰੇ ਮਨੁੱਖੀ ਸਮਝ ਨੂੰ ਅੱਗੇ ਵਧਾਉਂਦੀ ਹੈ ਸਗੋਂ ਨਵੀਂਆਂ ਤਕਨੀਕਾਂ ਨੂੰ ਵੀ ਜਨਮ ਦਿੰਦੀ ਹੈ।
ਰੌਚਿਕ ਗੱਲ ਇਹ ਹੈ ਕਿ ਪਿਛਲੇ ਕੁਝ ਸਾਲਾਂ ਵਿੱਚ ਕੁਆਂਟਮ ਕੰਮਪਿਊਟਰ ਬਣਨ ਦੀਆਂ ਅਤੇ ਸੁਰੱਖਿਅਤ ਸੰਚਾਰ ਦੀਆਂ ਸੰਭਾਵਨਾਵਾਂ ਜੋ ਕੁਆਂਟਮ ਵਿਗਿਆਨ ਜ਼ਰੀਏ ਸਾਹਮਣੇ ਆ ਰਹੀਆਂ ਹਨ, ਕੁਆਂਟਮ ਵਿਗਿਆਨ ਦੀ ਇਸੇ ਪੜਚੋਲ ਵਿੱਚੋਂ ਉਪਜੀਆਂ ਹਨ। ਕੁਆਂਟਮ ਇਨਫਰਮੇਸ਼ਨ ਵਿਗਿਆਨ ਨਾਲ ਜੁੜਿਆ ਇਹ ਵਿਸ਼ਾ ਅੱਜ ਭੌਤਿਕ ਵਿਗਿਆਨ ਤੇ ਕੰਪਿਊਟਰ ਵਿਗਿਆਨ ਪ੍ਰਮੁੱਖ ਵਿਸ਼ੇ ਵਜੋਂ ਗਿਣਿਆ ਜਾਣ ਲੱਗਾ ਹੈ। ਕੁਆਂਟਮ ਸਥਿਤੀਆਂ ਵਿੱਚ ਬੈੱਲ ਅਸਮਾਨਤਾ ਰਿਸ਼ਤੇ ਤੋਂ ਵੱਧ ਸਬੰਧ ਜੋ ਸਿਸਟਮਾਂ ਦੇ ਆਪਸ ਵਿੱਚ ਬਣਦੇ ਹਨ, ਕੁਆਂਟਮ ਇਨਟੈਂਗਲਮੈਂਟ (quantum entanglement) ਕਰਕੇ ਹੁੰਦੇ ਹਨ। ਇਹੀ ਇਨਟੈਂਗਲਮੈਂਟ ਕੁਆਂਟਮ ਕੰਪਿਊਟਰਾਂ ਨੂੰ ਅਜਿਹੀ ਸਮਰੱਥਾ ਪ੍ਰਦਾਨ ਕਰਦੀ ਹੈ ਜਿਸ ਕਰਕੇ ਉਹ ਕੰਮ ਵੀ ਕਰ ਸਕਦੇ ਹਨ ਜੋ ਆਮ ਕੰਮਪਿਊਟਰਾਂ ’ਤੇ ਨਹੀਂ ਕੀਤੇ ਜਾ ਸਕਦੇ ਅਤੇ ਇਸੇ ਕਰਕੇ ਕੁਆਂਟਮ ਸੰਚਾਰ ਪ੍ਰਕਿਰਿਆ ਪੂਰੀ ਤਰ੍ਹਾਂ ਸੁਰੱਖਿਅਤ ਹੁੰਦੀ ਹੈ। ਕੁਆਂਟਮ ਇਨਟੈਂਗਲਮੈਂਟ ਹੀ ਬੈੱਲ ਅਸਮਾਨਤਾ ਰਿਸ਼ਤੇ ਦਾ ਕੁਦਰਤ ਵੱਲੋਂ ਨਾ ਮੰਨੇ ਜਾਣ ਦਾ ਕਾਰਨ ਹੈ। ਇਸ ਤਰ੍ਹਾਂ ਬੈੱਲ ਅਸਮਾਨਤਾ ਰਿਸ਼ਤੇ ਦੀ ਕੁਦਰਤ ਵੱਲੋਂ ਉਲੰਘਣਾ ਜੋ ਕੁਆਂਟਮ ਇਨਟੈਂਗਲਮੈਂਟ ਕਰਕੇ ਹੁੰਦੀ ਹੈ ਨਾ ਸਿਰਫ਼ ਸਾਨੂੰ ਕੁਦਰਤ ਵਿਚਲੀਆਂ ਅਨਿਸ਼ਚਿਤਤਾਵਾਂ ਤੇ ਸੰਭਾਵਨਾਵਾਂ ਨੂੰ ਸਮਝਣ ਵਿਚ ਮਦਦ ਕਰਦੀ ਹੈ ਸਗੋਂ ਨਵੀਆਂ ਤਕਨੀਕਾਂ ਨੂੰ ਵੀ ਜਨਮ ਦਿੰਦੀ ਹੈ। ਕੁਆਂਟਮ ਇਨਫਰਮੇਸ਼ਨ ਸਾਇੰਸ 21ਵੀਂ ਸਦੀ ਦਾ ਵਿਗਿਆਨ ਮੰਨਿਆ ਜਾਂਦਾ ਹੈ ਜਿਸ ਵਿਚ ਕੁਆਂਟਮ ਭੌਤਿਕ ਵਿਗਿਆਨ ਅਤੇ ਕੰਪਿਊਟਰ ਸਾਇੰਸ ਦਾ ਸੁਮੇਲ ਵੇਖਣ ਲਈ ਮਿਲਦਾ ਹੈ।
ਭਾਰਤ ਵਿੱਚ ਵੀ ਇਸ ਵਿਸ਼ੇ ’ਤੇ ਬਹੁਤ ਕੰਮ ਹੋ ਰਿਹਾ ਹੈ, ਕੁਆਂਟਮ ਇਨੇਬਲਡ ਸਾਇੰਸ ਅਤੇ ਤਕਨਾਲੋਜੀ (QuEST) ਤਹਿਤ ਸਾਇੰਸ ਅਤੇ ਤਕਨਾਲੋਜੀ ਵਿਭਾਗ ਨੇ ਸਾਰੇ ਦੇਸ਼ ਵਿੱਚ ਲਗਭਗ 300 ਕਰੋੜ ਦੇ ਪ੍ਰੋਜੈਕਟ 3 ਸਾਲ ਪਹਿਲਾਂ ਦਿੱਤੇ ਹਨ ਅਤੇ ਦੇਸ਼ ਦੇ ਵੱਖ-ਵੱਖ ਅਦਾਰਿਆਂ ਵਿੱਚ ਇਸ ਖੇਤਰ ਵਿੱਚ ਖੋਜ ਚੱਲ ਰਹੀ ਹੈ। ਪੰਜਾਬ ਵਿੱਚ ਆਈਸਰ (IISER) ਮੁਹਾਲੀ ਵਿਖੇ 4 ਖੋਜ ਗਰੁੱਪ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਹਨ ਅਤੇ ਆਈਆਈਟੀ (IIT) ਰੋਪੜ ਵਿੱਚ ਇੱਕ ਗਰੁੱਪ ਨੂੰ ਕੁਐਸਟ ਤਹਿਤ ਪ੍ਰੋਜੈਕਟ ਮਿਲਿਆ ਹੈ। ਸਾਨੂੰ ਪੰਜਾਬ ਦੇ ਹੋਰਨਾਂ ਅਦਾਰਿਆਂ ਵਿੱਚ ਵੀ ਇਸ ਰੌਚਕ ਤੇ ਮਹੱਤਵਪੂਰਨ ਵਿਸ਼ੇ ’ਤੇ ਖੋਜ ਦਾ ਕੰਮ ਸ਼ੁਰੂ ਕਰਨਾ ਚਾਹੀਦਾ ਹੈ ਅਤੇ ਨੌਜਵਾਨ ਵਿਗਿਆਨੀਆਂ ਤੇ ਵਿਦਿਆਰਥੀਆਂ ਨੂੰ ਇਸ ਮਹੱਤਵਪੂਰਨ ਵਿਸ਼ੇ ਨਾਲ ਜੁੜ ਕੇ ਮਿਆਰੀ ਖੋਜ ਕਰਨ ਤੇ ਤਕਨੀਕ ਵਿਕਸਤ ਕਰਨ ਵਾਲੇ ਮੌਕਿਆਂ ਨੂੰ ਵਰਤਣ ਤੋਂ ਖੁੰਝਣਾ ਨਹੀਂ ਚਾਹੀਦਾ।
* ਵਾਈਸ ਚਾਂਸਲਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਈਮੇਲ: arvind.ekalgadda@gmail.com
ਸੰਪਰਕ: 98885-64456