ਰਵਿੰਦਰ ਸਿੰਘ ਧਾਲੀਵਾਲ
ਮਨੁੱਖ ਦਾ ਕੁਦਰਤ ਨਾਲ ਬੜਾ ਗੂੜ੍ਹਾ ਰਿਸ਼ਤਾ ਹੈ ਜਿਸ ਦੀ ਸੰਗਤ ਲਈ ਉਸ ਵੱਲ ਖਿੱਚਿਆ ਤੁਰਿਆ ਜਾਂਦਾ ਹੈ। ਭਾਰਤ ਵਾਤਾਵਰਨ ਪੱਖੋਂ ਬਹੁਤ ਅਮੀਰ ਮੁਲਕ ਹੈ। ਸਾਡੇ ਮੁਲਕ ਵਿੱਚ ਸਰਦੀ, ਗਰਮੀ, ਪੱਤਝੜ ਤੇ ਬਹਾਰ ਬਨਸਪਤੀ ਨੂੰ ਨਿਵੇਕਲੇ ਰੰਗਾਂ ਨਾਲ ਲਬਰੇਜ਼ ਰੱਖਦੀ ਹੈ ਜਿਸ ਸਦਕਾ ਪਹਾੜ, ਰੁੱਖ, ਫੁੱਲ, ਫਲ ਤੇ ਹਰਿਆਵਲ ਦੇ ਚੌਤਰਫ਼ਾ ਨਜ਼ਾਰੇ ਹੋਰ ਦਿਲਕਸ਼ ਹੋ ਜਾਂਦੇ ਹਨ। ਇਹ ਮਨੁੱਖ ਨੂੰ ਸਕੂਨ ਵਾਲੇ ਪਲ ਬਖ਼ਸ਼ਦੇ ਹਨ।
ਹਿਮਾਚਲ ਦਾ ਜ਼ਿਲ੍ਹਾ ਚੰਬਾ ਪਹਾੜੀ ਖ਼ੂਬਸੂਰਤੀ ਦਾ ਅਦਭੁੱਤ ਨਮੂਨਾ ਹੈ। ਉੱਥੇ ਵਸੋਂ ਘੱਟ ਹੈ, ਪਰ ਪਹਾੜਾਂ ਦੀ ਕੁਦਰਤੀ ਕਲਾ ਦੀ ਕੋਈ ਘਾਟ ਨਹੀਂ। ਇਸ ਨੂੰ ਪਿਛਲੇ ਦਸੰਬਰ ਵਿਚ ਪਰਿਵਾਰ ਸਮੇਤ ਜਾਣਨ ਤੇ ਮਾਣਨ ਦਾ ਮੌਕਾ ਮਿਲਿਆ। ਇਸ ਮਹੀਨੇ ਡਲਹੌਜ਼ੀ, ਕਾਲਾਟੋਪ, ਡਾਇਨ ਕੁੰਡ, ਖਜਿਆਰ ਤੇ ਚਮੇਰਾ ਝੀਲ ਦੀ ਮੌਸਮੀ ਤਾਜ਼ਗੀ ਸਿਖਰ ’ਤੇ ਹੁੰਦੀ ਹੈ। ਚੰਡੀਗੜ੍ਹ ਤੋਂ ਡਲਹੌਜ਼ੀ ਵਾਇਆ ਪਠਾਨਕੋਟ ਸੜਕ ਮਾਰਗ ਰਾਹੀਂ ਦੂਰੀ 327 ਕਿਲੋਮੀਟਰ ਹੈ। ਪਹਾੜੀ ਰਾਹਾਂ ਵਿਚੋਂ ਲੰਘਦਿਆਂ ਸੱਤ-ਅੱਠ ਘੰਟਿਆਂ ਦੇ ਇਸ ਸਫ਼ਰ ਦਾ ਪਤਾ ਵੀ ਨਹੀਂ ਲੱਗਦਾ। ਖਜਿਆਰ ਹਰਿਆਵਲ ਕਾਰਨ ਦੇਖਣਯੋਗ ਥਾਂ ਹੈ। ਡਲਹੌਜ਼ੀ ਵੀ ਬਰਤਾਨਵੀ ਸਾਮਰਾਜੀ ਕਲਾ ਅਤੇ ਪ੍ਰਕਿਰਤਕ ਸੁਹੱਪਣ ਪੱਖੋਂ ਘੱਟ ਨਹੀਂ। ਇਸ ਦਾ ਪਰਬਤੀ ਖੇਤਰ ਧੌਲਧਾਰ ਦੀਆਂ ਪਹਾੜੀਆਂ ਵਾਲਾ ਹੈ ਜਿਹੜਾ ਸਮੁੰਦਰੀ ਤਲ ਤੋਂ 1970 ਮੀਟਰ ਉੱਚਾ ਹੈ। ਇਹ ਕਸਬਾ 1848 ਵਿਚ ਲਾਰਡ ਡਲਹੌਜ਼ੀ ਨੇ ਵਸਾਇਆ ਸੀ। ਉਸ ਸਮੇਂ ਇਹ ਹਿੰਦੋਸਤਾਨ ਵਿਚ ਬਰਤਾਨਵੀ ਫ਼ੌਜੀ ਅਫ਼ਸਰਾਂ ਵਾਸਤੇ ਗਰਮੀ ਦੀਆਂ ਛੁੱਟੀਆਂ ਲਈ ਰੈਣ-ਬਸੇਰੇ ਤੇ ਸੈਰ ਸਪਾਟੇ ਦਾ ਰਮਣੀਕ ਸਥਾਨ ਸੀ।
ਸੇਂਟ ਜੌਹਨਜ਼ ਚਰਚ ਡਲਹੌਜ਼ੀ ਦਾ ਮੁੱਖ ਆਕਰਸ਼ਣ ਹੈ ਜੋ ਗਾਂਧੀ ਚੌਕ ਦੇ ਸਾਹਮਣੇ ਹੈ। ਇਹ ਚਰਚ ਹਰੇ ਕਚੂਰ ਦਿਸਦੇ ਪਹਾੜਾਂ ’ਤੇ ਪਾਈਨ ਦੇ ਰੁੱਖਾਂ ਵਿਚਲੇ ਸ਼ਾਂਤ ਮਾਹੌਲ ਨੂੰ ਹੋਰ ਰੂਹਾਨੀ ਬਣਾਉਂਦੀ ਜਾਪਦੀ ਹੈ। ਇਹ ਚਰਚ ਪ੍ਰੋਟੈਸਟੈਂਟ ਈਸਾਈਆਂ ਨਾਲ ਸਬੰਧਿਤ ਹੈ। ਇਹ ਪਹਿਲਾਂ ਲੱਕੜੀ ਦੀ ਬਣਾਈ ਗਈ ਸੀ। 1863 ਵਿੱਚ ਜੌਹਨ.ਐਚ. ਪਾਰਟ ਨੇ ਪੱਥਰ, ਸ਼ੀਸ਼ਾ ਅਤੇ ਲੱਕੜ ਦੀ ਮੀਨਾਕਾਰੀ ਨਾਲ ਸਥਾਈ ਰੂਪ ਦਿੱਤਾ। ਇਸ ਦੀ ਦਿੱਖ ਇੰਨ-ਬਿੰਨ ਇੰਗਲੈਂਡ ਦੀ ਕੈਥੋਲਿਕ ਚਰਚ ਨਾਲ ਮਿਲਦੀ ਹੈ। ਚੈਪਲ (ਚਰਚ ਦਾ ਪੂਜਾ ਸਥਾਨ) ਨੂੰ ਲੱਕੜ ਤੇ ਰੰਗਦਾਰ ਸ਼ੀਸ਼ੇ ਨਾਲ ਸਜਾਇਆ ਗਿਆ ਹੈ। ਉਸ ਸਮੇਂ ਦੇ ਇਤਿਹਾਸ ਅਤੇ ਸੱਭਿਆਚਾਰ ਨੂੰ ਗੈਲਰੀ ਦੀਆਂ ਫੋਟੋਆਂ ਤੇ ਲਾਇਬਰ੍ਰੇਰੀ ਦੀਆਂ ਦੁਰਲੱਭ ਕਿਤਾਬਾਂ ਬਾਖ਼ੂਬੀ ਬਿਆਨ ਕਰਦੀਆਂ ਹਨ। ਚਰਚ ਹਫ਼ਤੇ ਦੇ ਸਾਰੇ ਦਿਨ ਸਵੇਰੇ 7 ਤੋਂ ਸ਼ਾਮ 7 ਵਜੇ ਤੱਕ ਖੁੱਲ੍ਹਦੀ ਹੈ। ਆਥਣ ਵੇਲੇ ਲੋਕ ਨਤਮਸਤਕ ਹੋਣ ਲਈ ਆਉਂਦੇ ਹਨ ਅਤੇ ਨਾਲ ਲੱਗਦੇ ਮੇਨ ਬਾਜ਼ਾਰ ਵਿਚੋਂ ਲੱਕੜ ਦੇ ਬਣੇ ਸਾਮਾਨ ਦੀ ਖਰੀਦਦਾਰੀ ਵੀ ਕਰਦੇ ਹਨ। ਸੈਲਾਨੀ ਠੰਢ ਤੋਂ ਬਚਣ ਲਈ ਗਰਮ ਪਹਾੜੀ ਪਕਵਾਨ ਨਾਲ ਉਬਲਦੇ ਕੇਸਰ ਵਾਲੇ ਦੁੱਧ ਦਾ ਜ਼ਾਇਕਾ ਜ਼ਰੂਰ ਚਖਦੇ ਹਨ।
ਡਲਹੌਜ਼ੀ ਤੋਂ ਖਜਿਆਰ ਦਾ ਸੜਕ ਰਾਹੀਂ ਸਫ਼ਰ 22 ਕਿਲੋਮੀਟਰ ਜਦੋਂਕਿ ਹਵਾਈ ਸਫ਼ਰ ਸਿਰਫ਼ 9 ਕਿਲੋਮੀਟਰ ਹੈ, ਪਰ ਦਿਉਦਾਰ ਤੇ ਬਲੂਤ ਦੇ ਰੁੱਖਾਂ ਵਿਚੋਂ ਲੰਘਦੇ ਨਾਗ਼ ਵਾਂਗ ਵਲੇਵੇਂ ਖਾਂਦੇ ਰਸਤਿਆਂ ਦਾ ਆਨੰਦ ਹਵਾਈ ਜਹਾਜ਼ ਰਾਹੀਂ ਨਹੀਂ ਮਾਣਿਆ ਜਾ ਸਕਦਾ। ਇਨ੍ਹਾਂ ਦੋਵਾਂ ਥਾਵਾਂ ਵਿਚਕਾਰ ਕਾਲਾਟੋਪ ਖਜਿਆਰ ਰੱਖ ਪੈਂਦੀ ਹੈ ਜਿਸ ਦਾ ਇਹ ਨਾਂ ਚਾਰੇ ਪਾਸੇ ਫੈਲੇ ਕਾਲੀ ਲੱਕੜ ਵਾਲੇ ਸੰਘਣੇ ਜੰਗਲ ਕਾਰਨ ਪਿਆ। ਇਹ ਸਮੁੰਦਰ ਤਲ ਤੋਂ 2768 ਮੀਟਰ ਉਚਾਈ ’ਤੇ ਹੈ। ਸੰਘਣੀ ਬਨਸਪਤੀ ਵਾਲਾ 30.69 ਕਿਲੋਮੀਟਰ ਇਲਾਕਾ ਟਰੈਕਿੰਗ ਦੇ ਸ਼ੌਕੀਨਾਂ ਲਈ ਪਸੰਦੀਦਾ ਥਾਵਾਂ ਵਿਚੋਂ ਇਕ ਹੈ। 19.63 ਕਿਲੋਮੀਟਰ ਦੇ ਪਹਾੜੀ ਖੇਤਰ ਵਿਚ ਇਕੱਲੇ ਦਿਉਦਾਰ ਅਤੇ ਫਰ ਜਾਤੀ ਦੇ ਦਰੱਖਤ ਹਨ। ਇਨ੍ਹਾਂ ਸਿੱਧੇ ਤਣੇ ਵਾਲੇ ਦਰੱਖਤਾਂ ਦੀ ਉਚਾਈ 131 ਤੋਂ 164 ਫੁੱਟ ਹੈ ਅਤੇ ਕਈ 197 ਫੁੱਟ ਉੱਚੇ ਵੀ ਹਨ ਜਿਸ ਦੇ ਤਣੇ ਦਾ ਖੇਤਰਫਲ 10 ਫੁੱਟ ਕਰੀਬ ਹੈ। ਇਨ੍ਹਾਂ ਦੇ ਪੱਤੇ ਲੰਮੇ, ਚਮਕੀਲੇ ਤੇ ਨੁਕੀਲੇ ਹਨ। ਇਨ੍ਹਾਂ ਦਾ ਮੂਲ ਸਥਾਨ ਹਿਮਾਲਿਆ ਪਰਬਤ ਤੇ ਭੂ-ਮੱਧ ਸਾਗਰ ਹੈ। ਲੱਕੜ ਵਜ਼ਨ ਵਿਚ ਹਲਕੀ, ਪਰ ਮਜ਼ਬੂਤ ਹੁੰਦੀ ਹੈ। ਇਸ ਲੱਕੜ ਨੂੰ ਅੰਗਰੇਜ਼ ਬੈਰਕਾਂ ਬਣਾਉਣ ਲਈ ਵਰਤਦੇ ਸਨ। ਹੰਢਣਸਾਰ ਹੋਣ ਕਰਕੇ ਕਸ਼ਮੀਰ ਵਿਚ ਸ਼ਿਕਾਰੇ ਤੇ ਕਿਸਤੀਆਂ ਵੀ ਬਣਾਈਆਂ ਜਾਂਦੀਆਂ ਹਨ। ਦਿਉਦਾਰ ਪਕਿਸਤਾਨ ਦਾ ਰਾਸ਼ਟਰੀ ਰੁੱਖ ਹੈ। ਪਾਈਨ ਦੇ ਰੁੱਖ ਪਹਾੜਾਂ ਦੀ ਸ਼ਾਨ ਨੂੰ ਹੋਰ ਵਧਾਉਂਦੇ ਹਨ। ਇਨ੍ਹਾਂ ਦੀ ਉਮਰ 100 ਤੋਂ 1000 ਸਾਲ ਅਤੇ ਉਚਾਈ 10 ਤੋਂ 260 ਫੁੱਟ ਹੈ। ਕੈਲੀਫੋਰਨੀਆ ਵਿਚ ਦੁਨੀਆ ਦੇ ਸਭ ਤੋਂ ਪੁਰਾਣਾ ਮੈਥੂਸਲੇਹ ਕਿਸਮ ਦੇ ਪਾਈਨ ਰੁੱਖ ਦੀ ਉਮਰ 4852 ਸਾਲ ਹੈ। ਪਹਾੜਾਂ ਵਿਚ ਭਾਲੂ, ਭੇੜੀਏ, ਗੁਰੀਲੇ, ਬਾਂਦਰ, ਹਿਰਨ, ਲੰਗੂਰ, ਬਲੈਕ ਹੋਡਾ ਜੈਅ, ਕੈਮੂਨਟ ਬਿਲਡ ਰੋਕ ਥਰੰਮ, ਗਰੇਅ ਹਿੰਡਰ ਅਤੇ ਫਲਾਈ ਕੈਚਰ ਵਰਗੇ ਜਾਨਵਰਾਂ ਦੇ ਨਾਲ ਨਾਲ ਮੋਰ, ਤੋਤੇ, ਚਿੜੀਆਂ, ਪਹਾੜੀ ਮੁਰਗੇ, ਖ਼ਰਗੋਸ਼, ਬੱਤਖਾਂ ਵੀ ਆਮ ਵੇਖਣ ਨੂੰ ਮਿਲਦੀਆਂ ਹਨ। ਕਾਲਾਟੋਪ ਤੇ ਡਾਇਨਕੁੰਡ ਚੋਟੀ ਉਪਰ ਬਰਫ਼ਬਾਰੀ ਬਾਕੀ ਖੇਤਰ ਨਾਲੋਂ ਦੋ-ਤਿੰਨ ਦਿਨ ਪਹਿਲਾਂ ਹੋਣ ਲੱਗਦੀ ਹੈ ਜੋ ਆਲੇ-ਦੁਆਲੇ ਲਈ ਬਰਫ਼ੀਲੇ ਮੌਸਮ ਦੀ ਸ਼ੁਰੂਆਤ ਦਾ ਸੰਕੇਤ ਹੁੰਦਾ ਹੈ। 1973 ਵਿਚ ਡਾਇਨਕੁੰਡ ਚੋਟੀ ਉਪਰ ਏਅਰ ਫੋਰਸ ਸਟੇਸ਼ਨ ਸਥਾਪਤ ਕੀਤਾ ਗਿਆ। ਉਸ ਸਮੇਂ ਤੋਂ ਆਮ ਲੋਕਾਂ ਦਾ ਉੱਥੇ ਜਾਣਾ ਸੰਭਵ ਨਹੀਂ। ਰਾਵੀ ਦਰਿਆ ਡਾਇਨਕੁੰਡ ਵਿਚੋਂ ਹੋ ਕੇ ਨਿਕਲਦਾ ਹੈ।
ਅਗਲਾ ਮੁੱਖ ਪੜਾਅ ਖਜਿਆਰ ਸਮੁੰਦਰ ਤਲ ਤੋਂ 2050 ਮੀਟਰ ਉੱਚਾ ਅਤੇ ਸਿਰਫ਼ 15 ਕਿਲੋਮੀਟਰ ਦੀ ਦੂਰੀ ’ਤੇ ਹੈ। ਪਹਿਲੀ ਨਜ਼ਰੇ ਕੁਦਰਤ ਦੀ ਕਲਾਕਾਰੀ ਦੇਖ ਅੱਖਾਂ ਅੱਡੀਆਂ ਰਹਿ ਜਾਂਦੀਆਂ ਹਨ। ਚਾਰੇ ਪਾਸੇ ਦਿਉਦਾਰਾਂ ਨਾਲ ਲੱਦੇ ਪਹਾੜ, ਨੀਲਾ ਆਸਮਾਨ ਅਤੇ ਖੁੱਲ੍ਹਾ ਘਾਹ ਦਾ ਮੈਦਾਨ ਹੈ। ਝੀਲ ਵਿਚ ਘੁੰਮਦਾ ਟਾਪੂ (Floating Island) ਪ੍ਰਕਿਰਤੀ ਦੀ ਸਿਰਜਣਾ ਅਲੌਕਿਕ ਰੰਗ ਹੈ। ਖਾਜੀ ਨਾਗ ਮੰਦਰ ਸਥਾਨਕ ਲੋਕਾਂ ਲਈ ਆਸਥਾ ਦਾ ਕੇਂਦਰ ਹੈ ਜਿਸ ਤੋਂ ਇਸ ਥਾਂ ਦਾ ਖਜਿਆਰ ਨਾਂ ਪਿਆ ਸੀ। ਇਹ ਮੰਦਰ 12ਵੀਂ ਸਦੀ ਵਿਚ ਰਾਜਾ ਪ੍ਰਿਥਵੀ ਸਿੰਘ ਨੇ ਬਣਵਾਇਆ। ਇਸ ਖੁਸ਼ਗਵਾਰ ਮਾਹੌਲ ਵਿਚ ਯਾਤਰੀ ਪੈਰਾਗਲਾਈਡਿੰਗ, ਘੋੜਸਵਾਰੀ, ਜ਼ੋਰਬਿੰਗ (ਘੁੰਮਦਾ ਬੰਦ ਗੁਬਾਰਾ) ਵਰਗੀਆਂ ਖੇਡਾਂ ਦਾ ਆਨੰਦ ਮਾਣਦੇ ਹਨ। ਲੋਕ ਪਹਾੜੀ ਪੁਸ਼ਾਕਾਂ ਵਿਚ ਖਰਗੋਸ਼ਾਂ ਅਤੇ ਮਨਮੋਹਕ ਦ੍ਰਿਸ਼ਾਂ ਨਾਲ ਫੋਟੋ ਖਿੱਚਦੇ, ਬੱਚੇ ਖੇਡਾਂ ਖੇਡਦੇ ਅਤੇ ਖਾਣਿਆਂ ਦਾ ਲੁਤਫ਼ ਉਠਾਉਂਦੇ ਹਨ। ਨਾਲ ਲੱਗਦੇ ਸ਼ਿਵ ਮੰਦਰ ਵਿਚ ਭਗਵਾਨ ਸ਼ਿਵ ਜੀ ਦੀ 84 ਫੁੱਟ ਉੱਚੀ ਮੂਰਤੀ ਦੇਖਣ ਯੋਗ ਹੈ।
ਮੈਦਾਨ ਤੋਂ ਦੋ ਕਿਲੋਮੀਟਰ ਤੰਗ ਪਹਾੜੀ ਰਾਸਤੇ ਤੋਂ ਅੱਗੇ ਸੇਬ ਬਗੀਚਾ ਹੈ ਜਿੱਥੇ ਬੱਚਿਆਂ ਲਈ ਹੈਰਤਅੰਗੇਜ਼ ਖੇਡਾਂ ਜਿਵੇਂ ਰੱਸੀ ’ਤੇ ਸਾਈਕਲ ਚਲਾਉਣਾ, ਜਿੰਪ ਲਾਈਨ, ਰੱਸੀ ਦਾ ਅਤੇ ਝੂਲਦਾ ਫੱਟੀਆਂ ਵਾਲਾ ਪੁਲ ਪਾਰ ਕਰਨਾ ਆਦਿ ਹਨ। ਹਜ਼ਾਰਾਂ ਕਿਲੋਮੀਟਰ ਡੂੰਘੀ ਖਾਈ ਕਿਨਾਰੇ ਬਣੇ ਹੋਣ ਕਾਰਨ ਇਹ ਦਿਲਚਸਪ ਹੋਣ ਦੇ ਨਾਲ ਅਤਿ ਡਰਾਉਣੀਆਂ ਵੀ ਹਨ। ਸੈਲਾਨੀ ਇੱਥੇ ਰਾਤ ਨੂੰ ਘਰਨੁਮਾ ਟੈਂਟ ਵਿਚ ਰਹਿਣ ਦਾ ਆਨੰਦ ਵੀ ਮਾਣ ਸਕਦੇ ਹਨ। ਇਸ ਪਹਾੜ ਉਪਰ ਸਿਰਫ਼ ਪੈਦਲ ਜਾਣ ਦਾ ਇਕਹਿਰਾ ਰਸਤਾ ਹੈ।
ਸੱਤ ਜੁਲਾਈ 1972 ਨੂੰ ਭਾਰਤ ਵਿਚ ਸਵਿਟਜ਼ਰਲੈਂਡ ਦੇ ਰਾਜਦੂਤ ਵਿਲੀ.ਪੀ. ਬਲੇਜ਼ਰ ਨੇ ਆਪਣੇ ਦੇਸ਼ ਦੇ ਵਾਈਸ ਕੌਂਸਲਰ ਅਤੇ ਹੈੱਡ ਆਫ ਚੈਂਸਰੀ ਨੂੰ ਘੁੰਮਣ ਲਈ ਸੱਦਿਆ। ਉੁਨ੍ਹਾਂ ਨੇ ਕੁਦਰਤੀ ਦ੍ਰਿਸ਼ਾਂ ਨੂੰ ਨਿਹਾਰਦਿਆਂ ਇਸ ਨੂੰ ਮਿੰਨੀ ਸਵਿਟਜ਼ਰਲੈਂਡ ਦਾ ਨਾਮ ਦਿੱਤਾ। ਉਨ੍ਹਾਂ ਨੇ ਖਜਿਆਰ ਤੋਂ ਸਵਿਸ ਰਾਜਧਾਨੀ ਬਨ (Berne) ਸ਼ਹਿਰ ਦੀ 6194 ਕਿਲੋਮੀਟਰ ਦੂਰੀ ਦਰਸਾਉਂਦਾ ਪੀਲਾ ਮੀਲ ਪੱਥਰ ਵੀ ਲਗਵਾਇਆ। ਖਜਿਆਰ ਦੁਨੀਆ ਦੇ 160 ਸਥਾਨਾਂ ਵਿਚੋਂ ਇਕ ਹੈ ਜੋ ਸਵਿਟਜ਼ਰਲੈਂਡ ਦੀ ਦਿੱਖ ਨਾਲ ਮੇਲ ਖਾਂਦਾ ਹੈ। ਉਹ ਇਥੋਂ ਦਾ ਇਕ ਪੱਥਰ ਸਵਿਸ ਪਾਰਲੀਮੈਂਟ ਲਈ ਲੈ ਕੇ ਗਏ ਤਾਂ ਜੋ ਇਹ ਯਾਦਾਂ ਤਾਜ਼ਾ ਰਹਿ ਸਕਣ। ਦੁਨੀਆ ਦੇ ਸੈਲਾਨੀ ਲਈ ਨਕਸ਼ੇ ਵਿਚ ਖਜਿਆਰ ਦਾ ਨਾਮ ‘ਭਾਰਤ ਦਾ ਮਿੰਨੀ ਸਵਿਟਜ਼ਰਲੈਂਡ’ ਵਜੋਂ ਦਰਜ ਹੈ।
ਸਾਡੇ ਸਫ਼ਰ ਦਾ ਆਖ਼ਰੀ ਪੜਾਅ ਚੰਮੇਰਾ ਝੀਲ ਦੇ ਕੰਢੇ ਬੀਤਿਆ ਜੋ ਖਜਿਆਰ ਤੋਂ 55 ਕਿਲੋਮੀਟਰ ਦੂਰ ਅਤੇ ਸਮੁੰਦਰ ਤਲ ਤੋਂ ਸਿਰਫ਼ 763 ਮੀਟਰ ਉੱਚੀ ਹੈ। ਇਸੇ ਲਈ ਇੱਥੇ ਦਿਨ ਦਾ ਤਾਪਮਾਨ ਪੰਜਾਬ ਵਾਂਗ 37 ਡਿਗਰੀ ਹੁੰਦਾ ਹੈ, ਪਰ ਪਹਾੜੀ ਵਾਤਾਵਰਨ ਰਾਤਾਂ ਨੂੰ ਘਟਾ ਕੇ 17 ਡਿਗਰੀ ’ਤੇ ਲੈ ਆਉਂਦਾ ਹੈ। ਇਹ ਝੀਲ ਰਾਵੀ ਦਰਿਆ ’ਤੇ ਬੰਨ੍ਹ ਮਾਰ ਕੇ ਬਣਾਈ ਗਈ ਹੈ। ਚਾਰੇ ਪਾਸਿਓਂ ਪਹਾੜਾਂ ਨਾਲ ਘਿਰੀ ਝੀਲ ਦੇ ਪਾਣੀ ਦੀ ਨੀਲੀ ਭਾਹ ਯੂਰਪੀ ਸਮੁੰਦਰਾਂ ਨੂੰ ਮਾਤ ਪਾਉਂਦੀ ਹੈ। ਇਸ ਦੇ 540 ਮੈਗਾਵਾਟ ਪਣ ਬਿਜਲੀ ਪ੍ਰੋਜੈਕਟ ਨਾਲ ਚੰਬਾ ਜਗਮਗਾਉਂਦਾ ਹੈ। ਇਹ 747 ਮੀਟਰ ਡੂੰਘੀ ਤੇ 968 ਫੁੱਟ ਲੰਮੀ ਹੈ। ਇਹ ਪਾਣੀ ਦੀਆਂ ਖੇਡਾਂ ਲਈ ਸ਼ਾਨਦਾਰ ਸਥਾਨ ਹੈ। ਸ਼ੁੱਧ ਤੇ ਸ਼ਾਂਤ ਵਾਤਾਵਰਨ ਵਿਚ ਲੋਕ ਮੋਟਰ ਬੋਟ, ਪੈਡਲ ਬੋਟ, ਸ਼ਿਕਾਰਾ, ਰੋਇੰਗ ਅਤੇ ਚੱਪੂ ਕਿਸ਼ਤੀ ਦਾ ਆਨੰਦ ਮਾਣਦੇ ਹਨ। ਸਮੇਂ ਦੀ ਘਾਟ ਕਾਰਨ ਕੁਝ ਸਥਾਨ ਨਾ ਚਾਹੁੰਦਿਆਂ ਵੀ ਦੇਖ ਨਾ ਸਕੇ। ਦਸੰਬਰ ਤੋਂ ਫਰਵਰੀ ਮਹੀਨੇ ਜਾਣ ਦਾ ਵਧੀਆ ਸਮਾਂ ਹੈ। 25 ਤੋਂ 31 ਦਸੰਬਰ ਤੱਕ ਹੁੰਦੀ ਬਰਫ਼ਬਾਰੀ ਪਹਾੜੀ ਖ਼ੂਬਸੂਰਤੀ ਵਿਚ ਚੋਖਾ ਵਾਧਾ ਕਰਦੀ ਹੈ।
ਸੰਪਰਕ: 78374-90309