ਗੱਜਣਵਾਲਾ ਸੁਖਮਿੰਦਰ ਸਿੰਘ
ਪੋਹ ਸੁਦੀ ਸੱਤਵੀਂ 22 ਦਸੰਬਰ 1666 ਈ. ਨੂੰ ਜਦ ਪਟਨਾ ਸਾਹਿਬ (ਬਿਹਾਰ) ਵਿੱਚ ਬਾਲ ਗੋਬਿੰਦ ਦਾ ਜਨਮ ਹੋਇਆ ਸੀ, ਤਾਂ ਉਸ ਵੇਲੇ ਗੁਰੂ ਤੇਗ ਬਹਾਦਰ ਜੀ ਹਿੰਦੋਸਤਾਨ ਦੇ ਪੂਰਬੀ ਇਲਾਕੇ ਅਸਾਮ ਵਿਚ ਸਨ। ਉਥੋਂ ਦੇ ਸਾਰੇ ਕਾਰਜ ਪੂਰਨ ਕਰ ਕੇ ਨੌਵੇਂ ਪਾਤਾਸ਼ਾਹ ਪੰਜਾਬ ਵੱਲ ਚੱਲੇ ਤਾਂ ਉਨ੍ਹਾਂ ਨੇ ਵਾਪਸੀ ਵੇਲੇ ਆਪਣੇ ਪੁੱਤਰ ਅਤੇ ਪਰਿਵਾਰ ਨੂੰ ਮਿਲਣ ਲਈ ਪਟਨਾ ਸਹਬਿ ਵੱਲ ਚਾਲੇ ਪਾਏ। ਆਪਣੇ ਸੰਗੀ ਸਿੱਖਾਂ ਸਮੇਤ ਗੁਰੂ ਸਾਹਿਬ ਨੇ ਪਟਨਾ ਨਗਰ ਦੇ ਬਾਹਰ ਵਾਰ ਸ਼ਹਿਰ ਤੋਂ ਚਾਰ ਕੁ ਕਿਲੋਮੀਟਰ ਦੀ ਦੂਰੀ ’ਤੇ ਪੂਰਬ ਵਾਲੇ ਪਾਸੇ ਇਕ ਬਾਗ਼ ਵਿਚ ਡੇਰਾ ਕਰ ਲਿਆ। ਇਤਿਹਾਸਕਾਰ ਡਾ. ਫੌਜਾ ਲਿੱਖਦੇ ਹਨ ਕਿ ਇਹ ਬਾਗ਼ ਨਵਾਬ ਰਹੀਮ ਬਖਸ਼ ਤੇ ਕਰੀਮ ਬਖਸ਼ ਦੋ ਭਰਾਵਾਂ ਦਾ ਸੀ। ਗੁਰੂ ਸਾਹਿਬ ਦੀ ਆਮਦ ਵੇਲੇ ਇਹ ਬਾਗ਼ ਬਹੁਤ ਹੀ ਵੀਰਾਨ, ਸੁੱਕ ਚੁੱਕਿਆ ਤੇ ਉਜੜਿਆ ਪਿਆ ਸੀ। ਉਥੇ ਇੱਕ ਇਮਲੀ ਦੇ ਦਰੱਖ਼ਤ ਹੇਠ ਗੁਰੂ ਜੀ ਬੈਠ ਗਏ। ਪ੍ਰਚੱਲਤ ਰਵਾਇਤ ਅਨੁਸਾਰ ਗੁਰੂ ਸਾਹਿਬ ਦੇ ਇਥੇ ਆਉਣ ਨਾਲ ਉਹ ਬਾਗ਼ ਹਰਿਆ-ਭਰਿਆ ਹੋ ਗਿਆ। ਬਾਗ ਦੇ ਫਿਰ ਟਹਿਕਣ ਦੀ ਗੱਲ ਸਾਰੇ ਸ਼ਹਿਰ ਵਿਚ ਫੈਲ ਗਈ। ਬਾਗ਼ ਦੇ ਮਾਲਕ ਨਵਾਬ ਨੂੰ ਲੋਕਾਂ ਤੋਂ ਪਤਾ ਲੱਗਾ ਕਿ ਕਿਸੇ ਮਹਾਂਪੁਰਖ ਦੇ ਚਰਨ ਪੈਣ ਸਦਕਾ ਬਾਗ਼ ਵਿਚ ਫਿਰ ਰੌਣਕ ਪਰਤ ਆਈ ਹੈ ਤੇ ਹਰਿਆ-ਭਰਿਆ ਦਿਸਣ ਲੱਗ ਪਿਆ ਹੈ। ਇਹ ਜਾਣ ਕੇ ਨਵਾਬ ਰਹੀਮ ਬਖਸ਼ ਤੇ ਉਸ ਦਾ ਭਰਾ ਕਰੀਮ ਬਖਸ਼ ਉਥੇ ਪਹੁੰਚ ਗਏ। ਡਾ. ਫੌਜਾ ਸਿੰਘ ਲਿੱਖਦੇ ਹਨ ਕਿ ਜਦ ਉਹ ਦੋਵੇਂ ਭਰਾ ਉਥੇ ਪਹੁੰਚੇ ਤਾਂ ਉਸ ਵੇਲੇ ਗੁਰੁ ਸਾਹਿਬ ਦਾਤਨ ਕਰ ਰਹੇ ਸਨ। ਗੁਰੂ ਸਾਹਿਬ ਨੇ ਨਵਾਬ ਰਹੀਮ ਬਖਸ਼ ਤੇ ਕਰੀਮ ਬਖਸ਼ ਨੂੰ ਮਿਲਣ ਤੋਂ ਪਹਿਲਾਂ ਉਹ ਦਾਤਨ ਧਰਤੀ ਵਿਚ ਗੱਡ ਦਿੱਤੀ। ਉਹ ਗੱਡੀ ਹੋਈ ਦਾਤਨ ਫੁੱਟ ਪਈ ਤੇ ਸਮਾਂ ਪਾ ਕੇ ਨਿੰਮ ਦਾ ਵੱਡਾ ਦਰੱਖ਼ਤ ਬਣ ਗਈ। ਗੁਰੂ ਸਾਹਿਬ ਨੇ ਉਸ ਨਿੰਮ ਦੀ ਦਾਤਨ ਨੂੰ ਗੱਡਣ ਵੇਲੇ ਉਸ ਵਿਚ ਇਕ ਲੋਹੇ ਦਾ ਕੜਾ ਪਾ ਦਿੱਤਾ ਸੀ। ਜਿਵੇਂ ਜਿਵੇਂ ਉਹ ਨਿੰਮ ਦਾ ਦਰੱਖਤ ਵਧਦਾ ਗਿਆ, ਕੜਾ ਉਸ ਵਿਚ ਲੁਕਦਾ ਗਿਆ। ਸੰਨ 1947 ਵਿਚ ਕੁਦਰਤੀ ਨਿੰਮ ਦਾ ਇਕ ਟਾਹਣ ਟੁੱਟ ਗਿਆ ਤੇ ਉਸ ਵਿਚੋਂ ਉਹ ਕੜਾ ਨਿਕਲ ਆਇਆ। ਉਹ ਕੜਾ ਅੱਜ ਵੀ ਗੁਰਦੁਆਰਾ ਸਾਹਿਬ ਵਿਚ ਮੌਜੂਦ ਹੈ, ਜਿਸ ਨੂੰ ਜੰਗਾਲ ਜਿਹੀ ਲੱਗੀ ਹੋਈ ਹੈ ਅਤੇ ਟਾਂਕੇ ਤੋਂ ਬਗੈਰ ਹੈ।
ਨਵਾਬ ਰਹੀਮ ਬਖਸ਼ ਤੇ ਕਰੀਮ ਬਖਸ਼ ਨੇ ਬਾਗ਼ ਵਿਚ ਆ ਕੇ ਜਦ ਗੁਰੂ ਤੇਗ ਬਹਾਦਰ ਦੇ ਚਰਨਾਂ ਵਿਚ ਮੱਥਾ ਟੇਕਿਆ ਤਾਂ ਗੁਰੂ ਸਾਹਿਬ ਨੇ ਉਨ੍ਹਾਂ ਤੋਂ ਪੁੱਛਿਆ, ‘‘ਇਹ ਬਾਗ਼ ਕਿਸ ਦਾ ਹੈ?’’ ਤਾਂ ਉਨ੍ਹਾਂ ਭਰਾਵਾਂ ਦਾ ਉੱਤਰ ਸੀ, ‘‘ਗੁਰੂ ਸਾਹਿਬ ਜੀ! ਇਹ ਤੁਹਾਡਾ ਬਾਗ਼ ਹੈ।’’ ਗੁਰੂ ਸਾਹਿਬ ਨੇ ਦੁਬਾਰਾ ਪੁੱਛਿਆ ਤਾਂ ਉਨ੍ਹਾਂ ਫਿਰ ਕਿਹਾ, ‘‘ਇਹ ਬਾਗ਼ ਤੁਹਾਡਾ ਹੈ।’’ ਗੁਰੂ ਸਾਹਿਬ ਨੇ ਜਦ ਤੀਜੀ ਵਾਰ ਫਿਰ ਪੁੱਛਿਆ ਤਾਂ ਨਵਾਬ ਨੇ ਬੜੀ ਨਿਮਰਤਾ ਨਾਲ ਬੰਦਨਾ ਕਰਦੇ ਹੋਏ ਕਿਹਾ, ‘‘ਗੁਰੂ ਸਾਹਿਬ ਜੀ! ਬਾਗ ਤਾਂ ਸਾਡਾ ਹੀ ਹੈ ਪਰ ਇਹ ਦੇਰ ਦਾ ਖੁਸ਼ਕ, ਵਿਰਾਨ ਹੋਇਆ ਪਿਆ ਸੀ। ਆਪ ਜੀ ਦੇ ਚਰਨ-ਕਮਲਾਂ ਦੀ ਛੋਹ ਪ੍ਰਾਪਤੀ ਸਦਕਾ ਇਹ ਫਿਰ ਤੋਂ ਹਰਿਆ-ਭਰਿਆ ਹੋ ਗਿਆ ਹੈ। ਇਸ ਲਈ ਪਾਤਸ਼ਾਹ ਜੀ ਅੱਜ ਤੋਂ ਇਹ ਬਾਗ਼ ਆਪ ਜੀ ਦਾ ਹੀ ਹੈ।’’ ਫਿਰ ਨਵਾਬ ਨੇ ਉਸ ਬਾਗ਼ ਦੇ ਚਾਰੇ ਪਾਸੇ ਚਾਰ ਦੀਵਾਰੀ ਕਰ ਕੇ ਉਸ ਦੇ ਮੁੱਖ ਦਰਵਾਜ਼ੇ ’ਤੇ ‘ਗੁਰੂ ਕਾ ਬਾਗ’ ਨਾਂ ਦਾ ਬੋਰਡ ਲਗਵਾ ਦਿੱਤਾ। ਨਵਾਬ ਨੇ ਗੁਰੂ ਸਾਹਿਬ ਦੀ ਬਹੁਤ ਆਉ-ਭਗਤ ਕੀਤੀ। ਇਸ ਸਥਾਨ ਬਾਰੇ ਇਹ ਗੱਲ ਵੀ ਪ੍ਰਚੱਲਤ ਹੈ ਕਿ ਜਦ ਗੁਰੂ ਸਾਹਿਬ ਤੇ ਨਵਾਬ ਦਾ ਆਪਸੀ ਕੁਸ਼ਲ-ਮੰਗਲ ਪੁੱਛਦਿਆਂ ਵਿਚਾਰ ਵਿਟਾਂਦਰਾ ਹੋਇਆ ਤਾਂ ਨਵਾਬ ਨੇ ਗੁਰੂ ਸਾਹਿਬ ਨੂੰ ਦੱਸਿਆ ਕਿ ਉਸ ਦੀ ਬੇਗਮ ਇਕ ਦੀਰਘ ਰੋਗ ਤੋਂ ਪੀੜਤ ਹੈ। ਉਸ ਦੇ ਔਲਾਦ ਨਹੀਂ ਹੈ। ਉਸ ਨੂੰ ਕੁਸ਼ਟ-ਰੋਗ ਹੈ। ਫਿਰ ਇਕ ਦਿਨ ਉਹ ਨਵਾਬ ਗੁਰੂ ਜੀ ਦੇ ਦਰਸ਼ਨਾਂ ਲਈ ਆਪਣੀ ਬੇਗਮ ਨੂੰ ਨਾਲ ਲੈ ਕੇ ਉਥੇ ਆਇਆ। ਤਦ ਗੁਰੂ ਸਾਹਿਬ ਨੇ ਫਰਮਾਇਆ, ‘‘ਤੁਸੀਂ ਇਸ ਬਾਗ਼ ਵਿਚ ਇਕ ਫ਼ਲਦਾਰ ਬੂਟਾ ਲਗਾਉ ਅਤੇ ਇਸ ਵਿਚ ਬਣੇ ਖੂਹ ਦੇ ਪਾਣੀ ਨਾਲ ਇਸ਼ਨਾਨ ਕਰੋ; ਵਾਹਿਗੁਰੂ ਭਲੀ ਕਰੇਗਾ।’’ ਬੇਗਮ ਨੇ ਗੁਰੂ ਸਾਹਿਬ ਦੀ ਆਗਿਆ ਦਾ ਪਾਲਣ ਕੀਤਾ। ਉਸ ਦਾ ਸਾਰਾ ਦੁੱਖ ਦੂਰ ਹੋ ਗਿਆ ਤੇ ਉਸ ਦੇ ਘਰ ਬਾਲਕ ਨੇ ਜਨਮ ਲਿਆ। ਗੁਰੂ ਸਾਹਿਬ ਜਿੰਨਾ ਚਿਰ ਪਟਨਾ ਸਾਹਿਬ ਉਸ ਬਾਗ਼ ਵਿਚ ਬਿਰਾਜਮਾਨ ਰਹੇ, ਨਵਾਬ ਰਹੀਮ ਬਖਸ਼ ਤੇ ਕਰੀਮ ਬਖਸ਼ ਦੋਨੋਂ ਰੋਜ਼ਾਨਾ ਆਪਣੇ ਆਪ ਨੂੰ ਗੁਰੂ ਸਾਹਿਬ ਦੇ ਮੁਰੀਦ ਜਾਣ ਕੇ ਉਨ੍ਹਾਂ ਦੇ ਦਰਸ਼ਨਾਂ ਲਈ ਆਉਂਦੇ ਤੇ ਖੂੁਬ ਸੇਵਾ ਕਰਦੇ ਰਹੇ। ਮੁਅੱਰਿਖ ਲਿਖਦਾ ਹੈ ਗੁਰੂ ਦੀ ਆਮਦ ਸਦਕਾ ਉਸ ‘ਗੁਰੂ ਕੇ ਬਾਗ਼’ ਦੀ ਹਰਿਆਵਲ ਤੇ ਮਹਿਕ ਦਾ ਕਤਰਾ ਕਤਰਾ ਉਨ੍ਹਾਂ ਮੁਸਲਮਾਨ ਭਰਾਵਾਂ ਦਾ ਈਮਾਨ ਬਣ ਗਿਆ ।
ਗੁਰੂ ਤੇਗ ਬਹਾਦਰ ਜਦ ਅਸਾਮ ਤੋਂ ਪਟਨਾ ਸਾਹਿਬ ਨਵਾਬ ਰਹੀਮ ਬਖਸ਼ ਤੇ ਕਰੀਮ ਬਖਸ਼ ਦੇ ਬਾਗ਼ ਵਿਚ ਆਏ ਸਨ ਤਾਂ ਬਾਲ ਗੋਬਿੰਦ ਰਾਇ ਉਦੋਂ ਤਕਰੀਬਨ ਅੱਠ ਕੁ ਮਹੀਨੇ ਦੇ ਸਨ। ਕੁਝ ਇਤਹਾਸਕਾਰ ਲਿਖਦੇ ਹਨ ਜਦ ਨੌਵੇਂ ਪਾਤਸ਼ਾਹ ਦੇ ਬਾਗ਼ ਵਿਚ ਉਤਾਰਾ ਕਰਨ ਦਾ ਪਤਾ ਲੱਗਾ ਸੀ ਤਾਂ ਅਗਲੀ ਸਵੇਰ ਗੁਰੂ ਸਾਹਿਬ ਦਾ ਸਮੁੱਚਾ ਪਰਿਵਾਰ ਜੋ ਪਟਨਾ ਸਾਹਿਬ ਰਹਿ ਰਿਹਾ ਸੀ, ਬਾਲ ਗੋਬਿੰਦ ਨੂੰ ਨਾਲ ਲੈ ਕੇ ਉਸ ਬਾਗ ਵਿੱਚ ਪਹੁੰਚੇ ਗਏ। ਕੁਝ ਲੇਖਕਾਂ ਨੇ ਲਿਖਿਆ ਹੈ ਕਿ ਗੁਰੂ ਤੇਗ ਬਹਾਦਰ ਆਪਣੇ ਪੁੱਤਰ ਦਾ ਪਹਿਲੀ ਵਾਰ ਮੁੱਖ ਵੇਖਣ ਲਈ ਉਸ ਬਾਗ਼ ’ਚੋਂ ਚੱਲ ਕੇ ਪਟਨਾ ਸਾਹਿਬ ਸ਼ਹਿਰ ਵਿੱਚ ਗਏ, ਜਿਥੇ ਸਮੁੱਚੇ ਪਰਿਵਾਰ ਦਾ ਨਿਵਾਸ ਸੀ।
ਨੌਵੇਂ ਪਾਤਸ਼ਾਹ ਫਿਰ ਕੁਝ ਚਿਰ ਪਟਨਾ ਸਾਹਿਬ ਰਹਿ ਕੇ ਅੱਗੇ ਪੰਜਾਬ ਵੱਲ ਆਨੰਦਪੁਰ ਸਾਹਿਬ ਵੱਲ ਚਲੇ ਗਏ ਸਨ। ਉਨ੍ਹਾਂ ਦਾ ਸਮੁੱਚਾ ਪਰਿਵਾਰ ਕੁਝ ਸਾਲ ਪਟਨਾ ਸਾਹਿਬ ਹੀ ਰਿਹਾ। ਜਦ ਨੌਵੇਂ ਗੁਰੂ ਦੇ ਆਦੇਸ਼ ’ਤੇ ਉਨ੍ਹਾਂ ਨੇ ਪਟਨਾ ਸਾਹਿਬ ਛੱਡਿਆ ਤਾਂ ਬਾਲ ਗੋਬਿੰਦ ਦੀ ਉਮਰ ਤਕਰੀਬਨ ਪੰਜ ਕੁ ਸਾਲ ਦੀ ਸੀ।
ਮੁਅੱਰਿਖ ਲਿਖਦਾ ਹੈ ਕਿ ਜਦ ਨੌਵੇਂ ਪਾਤਸ਼ਾਹ ਪੰਜਾਬ ਚਲੇ ਗਏ ਸਨ ਤਾਂ ਉਨ੍ਹਾਂ ਤੋਂ ਪਿਛੋਂ ਬਾਲ ਗੋਬਿੰਦ ਰਾਇ ਵੀ ਨਵਾਬ ਰਹੀਮ ਬਖਸ਼ ਤੇ ਕਰੀਮ ਬਖਸ਼ ਵੱਲੋਂ ਅਰਪਣ ਕੀਤੇ ਗਏ ‘ਗੁਰੂ ਕੇ ਬਾਗ਼’ ਵਿਚ ਆਪਣੇ ਸੰਗੀਆਂ ਨਾਲ ਖੇਲਦੇ ਹੋਏ ਚਲੇ ਜਾਂਦੇ। ਉਹ ਉਥੇ ਹਰੇ ਕਚੂਰ ਛਾਂਦਾਰ ਦਰੱਖ਼ਤ ਹੇਠ ਸੌਂ ਜਾਂਦੇ ਤੇ ਉਥੇ ਠੰਢੀ-ਠਾਰ ਤੇ ਤਾਜ਼ੀ ਵਗਦੀ ਹਵਾ ਦਾ ਆਨੰਦ ਮਾਣਦੇ। ਜਿੰਨਾ ਚਿਰ ਗੁਰੂ ਸਾਹਿਬ ਦਾ ਸਮੁੱਚਾ ਪਰਿਵਾਰ ਪਟਨਾ ਸਾਹਿਬ ਰਿਹਾ, ਨਵਾਬ ਰਹੀਮ ਬਖਸ਼ ਤੇ ਕਰੀਮ ਬਖਸ਼ ਬਾਲ ਗੋਬਿੰਦ ਰਾਇ ਦੇ ਦੀਦਾਰ ਕਰਨ ਆਉਂਦੇ ਰਹੇ। ਅੱਜ ਵੀ ਜੋ ਸ਼ਰਧਾਲੂ ਪਟਨਾ ਸਾਹਿਬ ਦੇ ਦਰਸ਼ਨਾਂ ਲਈ ਜਾਂਦੇ ਹਨ, ਉਹ ਅਕਸਰ ਨਵਾਬ ਰਹੀਮ ਬਖਸ਼ ਤੇ ਕਰੀਮ ਬਖਸ਼ ਦੁਆਰਾ ਅਰਪਣ ਕੀਤੇ ਉਸ ਬਾਗ਼ ‘ਗੁਰੂ ਕਾ ਬਾਗ਼’ ਨਾਮੀ ਗੁਰਦੁਆਰੇ ਦੇ ਦਰਸ਼ਨਾਂ ਲਈ ਜ਼ਰੂਰ ਜਾਂਦੇ ਹਨ।
ਸੰਪਰਕ: 99151-06449