ਜਗਤਾਰਜੀਤ ਸਿੰਘ
ਇਹ ਕਲਾ-ਕ੍ਰਿਤ ਚਿੱਤਰਕਾਰੀ ਨਹੀਂ ਸਗੋਂ ਪ੍ਰਿੰਟ ਰਚਨਾ ਹੈ। ਦੋਵੇਂ ਵਿਧਾਵਾਂ ਵੱਖ-ਵੱਖ ਮਾਧਿਅਮ ਅਪਣਾਉਂਦੀਆਂ ਹਨ। ਚਿੱਤਰਕਾਰੀ ਸਿੱਧੀ ਕੈਨਵਸ ਉੱਪਰ ਕੀਤੀ ਜਾਂਦੀ ਹੈ ਜਦੋਂਕਿ ਇਸ ਵਿਧੀ ਵਿਚ ਦ੍ਰਿਸ਼/ਆਕਾਰ ਨੂੰ ਪਹਿਲਾਂ ਜ਼ਿੰਕ ਜਾਂ ਤਾਂਬੇ ਦੀ ਪਲੇਟ ਦੀ ਸਤ੍ਵਾ ’ਤੇ ਤਿੱਖੇ ਸੰਦ ਨਾਲ ਉਕੇਰਨ ਮਗਰੋਂ ਉਸ ਨੂੰ ਰੰਗਿਆ ਜਾਂਦਾ ਹੈ। ਰੰਗ ਭਰਨ ਤੋਂ ਬਾਅਦ ਸਤ੍ਵਾ ਸਾਫ਼ ਕੀਤੀ ਜਾਂਦੀ ਹੈ। ਫੇਰ ਉਸ ਨੂੰ ਗਿੱਲੇ ਕਾਗਜ਼ ਉਪਰ ਮੂਧਾ ਮਾਰ ਕੇ ਮਸ਼ੀਨੀ ਦਾਬ ਵਿਚਾਲਿਓਂ ਲੰਘਾਇਆ ਜਾਂਦਾ ਹੈ। ਏਦਾਂ ਉਕਰਿਆ ਗਿਆ ਅਕਸ ਕਾਗਜ਼ ਉੱਪਰ ਉੱਭਰ ਆਉਂਦਾ ਹੈ।
ਕਲਾਕ੍ਰਿਤ ‘ਸਵੇਰ ਦੀ ਸੈਰ’ (ਮੌਰਨਿੰਗ ਵਾਕ) ਵਾਸਤੇ ਇਹੋ ਤਰੀਕਾ ਅਪਣਾਇਆ ਹੈ। ਉਕਰਣਹਾਰ-ਚਿੱਤਰਕਾਰ (ਪ੍ਰਿੰਟ ਮੇਕਰ) ਨੇ ਇਹਦੇ ਲਈ ਜ਼ਿੰਕ ਧਾਤ ਦੀ ਪਲੇਟ ਵਰਤੀ ਹੈ। ਤਿਆਰ ਕੀਤਾ ਅਕਸ ਖੁੱਲ੍ਹੇ ਆਸਮਾਨ ਵਾਲਾ ਹੈ। ਦੋ ਵਿਅਕਤੀ ਇਕੋ ਦਿਸ਼ਾ ਵੱਲ ਤੁਰਦੇ ਹੋਏ ਇਕ-ਦੂਜੇ ਤੋਂ ਵਿੱਥ ਰੱਖ ਕੇ ਚੱਲ ਰਹੇ ਹਨ। ਦੋਹਾਂ ਦੀ ਕਦਮ ਚਾਲ ਵਿਚ ਅੰਤਰ ਹੈ ਤਾਂ ਹੀ ਇਕ ਜਣਾ ਅੱਗੇ ਹੈ ਅਤੇ ਦੂਜਾ ਉਸ ਤੋਂ ਰਤਾ ਕੁ ਪਿੱਛੇ। ਕਲਾਕ੍ਰਿਤ ਦੱਸਦੀ ਹੈ ਕਿ ਦੋਵੇਂ ਨਾ ਕਰੀਬ ਹਨ ਅਤੇ ਨਾ ਹੀ ਬਹੁਤ ਦੂਰ। ਦੋਹਾਂ ਵਿਚਾਲੇ ਕੋਈ ਸੰਵਾਦ ਵੀ ਨਹੀਂ।
1944 ਵਿਚ ਜਨਮੀ ਅਨੁਪਮ ਸੂਦ ਨੇ ਮੁੱਢਲੀ ਸਿੱਖਿਆ ਮਗਰੋਂ 1967 ਵਿਚ ਦਿੱਲੀ ਆਰਟ ਕਾਲਜ ਤੋਂ ਡਿਪਲੋਮਾ ਕੀਤਾ। ਸੂਦ ਦੀ ਸਿਖਲਾਈ ਦਾ ਵਿਸ਼ਾ ਪੇਂਟਿੰਗ ਸੀ। ਉਹ ਵਿਅਕਤੀ ਚਿੱਤਰਾਂ (ਪੋਰਟਰੇਟਸ) ਦੀ ਮਾਹਿਰ ਮੰਨੀ ਜਾਣ ਲੱਗੀ। ਇਉਂ ਹੁੰਦਿਆਂ ਵੀ ਉਸ ਨੇ ਪੇਂਟਿੰਗ ਦੀ ਬਜਾਏ ਉਕਰਣਹਾਰ-ਚਿੱਤਰਕਾਰੀ (ਪ੍ਰਿੰਟ-ਮੇਕਿੰਗ) ਦਾ ਰਾਹ ਅਪਣਾਇਆ। ਇਹ ਕਲਾਕ੍ਰਿਤਾਂ ਬਣਾਉਣ ਲਈ ਕਾਫ਼ੀ ਜ਼ੋਰ ਲੱਗਦਾ ਹੈ।
ਹਥਲੀ ਕਲਾਕ੍ਰਿਤ 1980 ਵਿਚ ਬਣਾਈ ਗਈ ਜਿਸ ਦਾ ਆਕਾਰ 41 ਸੈਂਟੀਮੀਟਰ ਗੁਣਾ 48 ਸੈਂਟੀਮੀਟਰ ਹੈ। ਇਉਂ ਇਹ ਆਮ ਵਿਚਾਰ ਨਾਲ ਮੇਲ ਨਹੀਂ ਖਾਂਦੀ ਕਿ ਕਲਾਕ੍ਰਿਤ ਆਕਾਰ ਪੱਖੋਂ ਵੱਡੀ ਹੁੰਦੀ ਹੈ। ਸਾਡਾ ਧਿਆਨ ਲਘੂ ਚਿੱਤਰਾਂ ਵੱਲ ਜਾਣਾ ਚਾਹੀਦਾ ਹੈ ਜਿਨ੍ਹਾਂ ਨੂੰ ਬਣਾਉਣ ਦੀ ਭਾਰਤ ਅੰਦਰ ਮਜ਼ਬੂਤ ਪਿਰਤ ਰਹੀ ਹੈ। ਕਲਾਕ੍ਰਿਤ ਦਾ ਆਕਾਰ ਨਿੱਕਾ ਹੋਣ ਦੇ ਬਾਵਜੂਦ ਪ੍ਰਭਾਵ ਵਡੇਰੇ ਦਾ ਦਿੰਦਾ ਹੈ।
ਦ੍ਰਿਸ਼ ਆਮ ਹੈ। ਆਮ ਲੱਗਦਾ ਵੀ ਹੈ। ਐਪਰ ਇਹ ਆਮ ਜਿਹੇ ਕਿਰਦਾਰ ਦਾ ਧਾਰਨੀ ਨਹੀਂ। ਦੇਖਣ ਅਤੇ ਮੁੜ ਦੇਖਣ ਵਿਚ ਅੰਤਰ ਹੁੰਦਾ ਹੈ। ਠੀਕ ਓਵੇਂ ਜਿਵੇਂ ਪੜ੍ਹਨ ਅਤੇ ਮੁੜ ਪੜ੍ਹਨ ਵਿਚ। ਦੋ ਵਿਅਕਤੀ ਸਵੇਰਸਾਰ ਸੈਰ ਲਈ ਨਿਕਲੇ ਹੋਏ ਹਨ। ਇਸ ਕਾਰਜ ਦੀ ਸੂਹ ਕਲਾਕ੍ਰਿਤ ਦਾ ਸਿਰਲੇਖ ਦਿੰਦਾ ਹੈ। ਕੋਈ ਹੋਰ ਇਕਾਈ ਨਹੀਂ ਜਿਹੜੀ ਸਵੇਰ ਦੇ ਸੰਕੇਤ ਵਜੋਂ ਆਈ ਹੋਵੇ।
ਜੇ ਸਿਰਲੇਖ ਨਾ ਹੁੰਦਾ ਤਾਂ ਦ੍ਰਿਸ਼ ਨੇ ਤਾਂ ਦ੍ਰਿਸ਼ ਹੀ ਰਹਿਣਾ ਸੀ ਪਰ ਅਰਥ ਬਦਲ ਜਾਣੇ ਸਨ। ਇਹ ਸੱਚ ਹੈ ਕਿ ਸਿਰਲੇਖ ਕਲਾਕ੍ਰਿਤ ਦੇ ਅਰਥ ਪ੍ਰਭਾਵਿਤ ਅਤੇ ਨਿਸ਼ਚਿਤ ਕਰਦਾ ਹੈ।
ਸੈਰ ਕਰਨ ਲਈ ਦੋ ਵਿਅਕਤੀ ਘਰੋਂ ਨਿਕਲੇ ਹੋਏ ਹਨ। ਉਨ੍ਹਾਂ ਦੀ ਪੂਰੀ ਦੇਹ ਦਰਸ਼ਕ ਨੂੰ ਨਹੀਂ ਦਿਸਦੀ ਸਗੋਂ ਸਰੀਰਾਂ ਦਾ ਕੁਝ ਹਿੱਸਾ ਲੱਕੜ ਦੇ ਬਣੇ ਗੇਟ ਪਿੱਛੇ ਛੁਪ ਜਾਂਦਾ ਹੈ। ਦੋਹਾਂ ਜਣਿਆਂ ਦੀ ਖੱਬੀ ਲੱਤ ਅਗਾਂਹ ਵੱਲ ਹੈ। ਦੋਵੇਂ ਜੁਗਤਾਂ ਵਿਅਕਤੀਆਂ ਦੇ ਨੰਗੇਜ਼ ਨੂੰ ਢਕਣ ਦਾ ਕੰਮ ਵੀ ਕਰਦੀਆਂ ਹਨ। ਸੈਰ ਦੀ ਕਿਰਿਆ ਦਾ ਸਬੰਧ ਸਵੇਰ ਨਾਲ ਹੈ ਪਰ ਸੈਰ ਸੜਕ ਦੇ ਵਿਚ-ਵਿਚਾਲੇ ਨਹੀਂ ਕੀਤੀ ਜਾਂਦੀ। ਦੋਵੇਂ ਸ਼ਖ਼ਸ ਐਨ ਵਿਚਾਲੇ ਤੁਰੇ ਜਾ ਰਹੇ ਹਨ। ਸੜਕ ਨੂੰ ਦੋ ਹਿੱਸਿਆਂ ਵਿਚ ਵੰਡਣ ਲਈ ਲੰਬੇ ਦਾਅ ਸਫੈ਼ਦ ਨਿਸ਼ਾਨ ਲੱਗੇ ਹਨ। ਇਕ ਪਾਸਾ ਜਾਣ ਵਾਸਤੇ ਅਤੇ ਦੂਜਾ ਪਾਸਾ ਆਉਣ ਵਾਲਿਆਂ ਵਾਸਤੇ ਹੈ। ਪ੍ਰਿੰਟ ਵਿਚਲੇ ਪਾਤਰ ਇਹ ਭੇਦ ਨਹੀਂ ਵਿਚਾਰ ਰਹੇ। ਇਨ੍ਹਾਂ ਨੂੰ ਕਿਸੇ ਆ-ਜਾ ਰਹੀ ਗੱਡੀ ਦਾ ਕੋਈ ਖ਼ੌਫ਼ ਨਹੀਂ। ਓਦਾਂ ਵੀ, ਲੱਗਦਾ ਹੈ ਕਿ ਉਕਰਣਹਾਰ-ਚਿੱਤਰਕਾਰ ਨੇ ਕਿਸੇ ਵਾਹਨ ਨੂੰ ਸੜਕ ਉੱਪਰ ਆਉਣੋਂ ਜਿਵੇਂ ਰੋਕ ਲਿਆ ਹੈ।
ਸਵੇਰ ਦੀ ਸੈਰ ਰੋਜ਼ ਕੀਤੇ ਜਾਂਦੇ ਕੰਮਾਂ ਦਾ ਹਿੱਸਾ ਹੈ। ਉਕਰਣਹਾਰ-ਚਿੱਤਰਕਾਰ ਹੋਰ ਕਿਸੇ ਗਤੀਵਿਧੀ ਨੂੰ ਸਾਹਮਣੇ ਨਹੀਂ ਲਿਆਉਂਦੀ। ਸੈਰ ਦੇ ਬਹਾਨੇ ਉਹ ਸ਼ਾਇਦ ਕੋਈ ਹੋਰ ਮਹੱਤਵਪੂਰਨ ਗੱਲ ਕਹਿਣਾ ਚਾਹੁੰਦੀ ਹੈ।
ਅਨੁਪਮ ਸੂਦ ਦੇ ਤਿਆਰ ਕੀਤੇ ਕਿਰਦਾਰ ਆਮ ਤੌਰ ’ਤੇ ਨਿਰਵਸਤਰ ਹੁੰਦੇ ਹਨ। ਉਹ ਮਰਦ ਵੀ ਹੋ ਸਕਦਾ ਹੈ ਅਤੇ ਇਸਤਰੀ ਵੀ। ਉਸ ਦਾ ਮਤ ਹੈ ‘‘ਸਰੀਰ ਦੇ ਗਠਨ ਅਤੇ ਉਸ ਦੀ ਸੁੰਦਰਤਾ ਨੂੰ ਉਜਾਗਰ ਕਰਨਾ ਮੈਨੂੰ ਚੰਗਾ ਲੱਗਦਾ ਹੈ। ਇਉਂ ਕਰਨ ਨਾਲ ਪਾਤਰ ਕਿਸੇ ਭੂਗੋਲਿਕ ਥਾਂ, ਪ੍ਰਾਂਤ ਨਾਲ ਬੰਨ੍ਹੇ ਨਹੀਂ ਜਾ ਸਕਦੇ।’’ ਇਸ ਦੇ ਨਾਲ ਇਹ ਵੀ ਕਿਹਾ ਜਾ ਸਕਦਾ ਹੈ ਕਿ ਉਹ ਆਪਣੇ ਕਿਰਦਾਰਾਂ ਨੂੰ ਗੰਜਾ ਰੱਖਦੀ ਹੈ। ਉਸ ਅਨੁਸਾਰ, ‘‘ਇਹ ਬਾਹਰੀ ਸਜਾਵਟੀ ਪੱਖ ਹੈ। ਵਿਅਕਤੀ ਦੀ ਸੁੰਦਰਤਾ ਉਸ ਦੇ ਸਰੀਰ ਸਦਕਾ ਹੈ।’’ ਤਦੇ ਉਸ ਦੇ ਉਕੇਰੇ ਇਸਤਰੀ-ਪੁਰਖ ਜਵਾਨ ਅਤੇ ਤੰਦਰੁਸਤ ਹੁੰਦੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਇਸ ਕਲਾਕ੍ਰਿਤ ਰਾਹੀਂ ਮਿਲਦਾ ਹੈ।
ਸੈਰ ਕਰ ਰਹੇ ਦੋਹਾਂ ਤੋਂ ਪਰ੍ਹੇ ਲੰਬੇ ਰੁਖ਼ ਦੀ ਭੂਰੀ ਕਾਲੀ ਪੱਟੀ ਹੈ। ਨੀਝ ਨਾਲ ਦੇਖਣ ਨਾਲ ਇਹਦੇ ਵਿਚੋਂ ਵਿਸ਼ੇਸ਼ ਤਰ੍ਹਾਂ ਦੀਆਂ ਇਮਾਰਤਾਂ ਦਿਸਦੀਆਂ ਹਨ। ਵਿਅਕਤੀਆਂ ਅਤੇ ਇਮਾਰਤਾਂ ਨੂੰ ਅੱਗੇ-ਪਿੱਛੇ ਰੱਖ ਕੇ ਕੁਝ ਕਹਿਣ ਦਾ ਯਤਨ ਕੀਤਾ ਜਾ ਰਿਹਾ ਹੈ। ਦੋਵੇਂ ਇਕਾਈਆਂ ਇਕ-ਦੂਜੇ ਦੀਆਂ ਪੂਰਕ ਹਨ ਜਾਂ ਵਿਰੋਧੀ।
ਨੰਗੇ ਧੜ ਸੈਰ ਕਰਨ ਵਾਲੇ ਸ਼ਖ਼ਸ ਪੈਰੋਂ ਵੀ ਨੰਗੇ ਹਨ। ਦੇਖਣ ਨੂੰ ਇਹ ਅਜੀਬ ਹੈ। ਘਰੋਂ ਬਾਹਰ ਨਿਕਲਣ ਵਾਲਾ ਏਦਾਂ ਨਹੀਂ ਨਿਕਲਦਾ। ਇਸ ਵੇਲੇ ਧਿਆਨ ਉਨ੍ਹਾਂ ਚਿੱਤਰਾਂ ਅਤੇ ਮੂਰਤੀਆਂ ਵੱਲ ਹੋ ਜਾਂਦਾ ਹੈ ਜਿੱਥੇ ਯੂਨਾਨੀ ਦੇਵੀ, ਦੇਵਤੇ ਅਤੇ ਯੋਧੇ ਨਿਰਵਸਤਰ ਹੋਣ ਦੇ ਨਾਲ-ਨਾਲ ਪੈਰੋਂ ਵੀ ਨੰਗੇ ਹੁੰਦੇ ਹਨ। ਅਨੁਪਮ ਨੇ ਅਜਿਹੀਆਂ ਛੱਬਾਂ ਨੂੰ ਅਚੇਤ-ਸੁਚੇਤ ਆਪਣੇ ਮਨ ਅੰਦਰ ਚਿਤਵਿਆ ਹੋਵੇਗਾ। ਇਨ੍ਹਾਂ ਦੀ ਥਾਂ ਅਤੇ ਚੌਗਿਰਦਾ ਵੱਖਰਾ ਹੈ।
ਦਰਸ਼ਕ ਨੂੰ ਇਹ ਮੰਜ਼ਰ ਰੁਮਾਂਚਿਕ ਲੱਗ ਸਕਦਾ ਹੈ। ਸੜਕ ਵਿਚਾਲੇ ਪੂਰੀ ਸੁਤੰਤਰਤਾ ਨਾਲ ਸੈਰ ਕਰ ਰਹੇ ਦੋ ਵਿਅਕਤੀਆਂ ਦਾ ਦਿਸਣਾ ਅਲੋਕਾਰੀ ਘਟਨਾ ਹੈ। ਇਹ ਕਰਮ ਇਕ ਦਿਨ ਦਾ ਨਹੀਂ, ਰੋਜ਼ ਦਾ ਹੈ। ਜੋੜੇ ਨੂੰ ਸ਼ਾਹੀ ਰੂਪ ਦੇਣ ਵਾਲੀ ਵਸਤੂ ਉਨ੍ਹਾਂ ਦੇ ਸਿਰ ਉਪਰ ਦਿਖਾਈ ਦਿੰਦੇ ਬੱਦਲ ਜਿਹੇ ਟੁਕੜੇ ਹਨ। ਕਲਾਕ੍ਰਿਤ ਨੂੰ ਇਸ ਨੁਕਤਾ ਨਿਗਾਹ ਤੋਂ ਦੇਖਣ ਨਾਲ ਸਭ ਕੁਝ ਚੰਗਾ-ਚੰਗਾ ਅਤੇ ਸੁਖਾਵਾਂ ਲੱਗਦਾ ਹੈ।
ਸਾਨੂੰ ਇੱਥੇ ਰੁਕਣਾ ਪੈਣਾ ਹੈ। ਇੱਥੇ ਰੁਕ ਕੇ ਵਾਸਤਵਿਕਤਾ ਦਾ ਗਿਆਨ ਹੋਵੇਗਾ ਤਾਂ ਇਕੱਠਾ ਹੋ ਰਿਹਾ ਰੋਮਾਂਚ ਖੰਡਿਤ ਹੋ ਜਾਵੇਗਾ। ਦਿਖਾਈ ਦੇ ਰਿਹਾ ਦ੍ਰਿਸ਼ ਸਾਨੂੰ ਚਿੰਤਾ ਵਿਚ ਡੋਬ ਦੇਵੇਗਾ।
ਕਿਰਦਾਰਾਂ ਦੇ ਸਿਰਾਂ ਉੱਪਰ ਉਨ੍ਹਾਂ ਦੇ ਨਾਲ ਨਾਲ ਤੁਰਨ ਵਾਲੇ ਇਹ ਕੁਦਰਤੀ ਬੱਦਲ ਨਹੀਂ ਸਗੋਂ ਆਲੇ-ਦੁਆਲੇ ਫੈਲੇ ਪ੍ਰਦੂਸ਼ਣ ਦੇ ਧੂੰਏਂ ਦੇ ਟੁਕੜੇ ਹਨ। ਕਲਾਕ੍ਰਿਤ 1980 ਦੀ ਰਚਨਾ ਹੈ। ਉਸ ਵੇਲੇ ਹਾਲਾਤ ਅੱਜ ਤੋਂ ਤਾਂ ਬਿਹਤਰ ਹੀ ਹੋਣਗੇ। ਮਨ ਵਿਚ ਸੁਆਲ ਪੈਦਾ ਹੁੰਦਾ ਹੈ: ਕੀ ਅਨੁਪਮ ਸੂਦ ਨੇ ਉਸ ਵੇਲੇ ਦੇ ਸਮੇਂ ਨੂੰ ਆਪਣੇ ਸਾਹਮਣੇ ਰੱਖ ਕੇ ਇਹ ਉਕਰਣਹਾਰ-ਚਿੱਤਰਕਾਰੀ ਕੀਤੀ। ਜੋ ਵੀ ਹੋਵੇ ਇਹ ਰਚਨਾ ਵਿਰਲੇ ਰਚਨਾਤਮਕ ਵਰਗ ਵਿਚ ਆਉਂਦੀ ਹੈ ਜੋ ਹਰ ਦਿਨ ਆਪਣਾ ਮਹੱਤਵ ਜਤਾਉਣ ਦੇ ਸਮਰੱਥ ਹੈ। ਮਨੁੱਖ ਦਾ ਸਾਧਨ ਸੁਖ ਪ੍ਰਤੀ ਮੋਹ ਵਾਤਾਵਰਣ ਨੂੰ ਨਿਵਾਣ ਵੱਲ ਧੱਕ ਰਿਹਾ ਹੈ, ਨਾਲੋ-ਨਾਲ ਵਿਅਕਤੀ ਅਤੇ ਉਸ ਦਾ ਵਿਹਾਰ ਵੀ। ਇਹ ਤੱਥ ਅਤੇ ਸੱਚ ਹੈ ਕਿ ਵਾਤਾਵਰਣ ਆਪਣੇ ਆਪ ਨਿਵਾਣ ਵੱਲ ਨਹੀਂ ਜਾ ਸਕਦਾ, ਇਸ ਲਈ ਮਨੁੱਖ ਹੀ ਜ਼ਿੰਮੇਵਾਰ ਹੈ।
ਕਲਾਕ੍ਰਿਤ ‘ਸਵੇਰ ਦੀ ਸੈਰ’ ਦੀ ਸੁਰ ਭਵਿੱਖਮੁਖੀ ਹੈ। ‘ਸਵੇਰ’ ਹਰ ਦਿਨ ਦਾ ਮੁੱਢਲਾ ਸਮਾਂ ਹੈ। ਹਰ ਵਿਅਕਤੀ ਆਸ ਕਰਦਾ ਹੈ ਕਿ ਆਇਆ ਦਿਨ ਚੰਗਾ ਹੋਵੇ ਪਰ ਏਦਾਂ ਹੋ ਨਹੀਂ ਰਿਹਾ। ਅਸ਼ੁੱਧ ਹਵਾ ਮਾਨਵੀ ਮਨ ਤੇ ਸਰੀਰ ਨੂੰ ਪਲੀਤ ਕਰ ਰਹੀ ਹੈ।
ਕਲਾਕ੍ਰਿਤ ਵਿਚ ਉਕਰਣਹਾਰ-ਸਿਰਜਣਹਾਰ ਦਰਜ ਕਰ ਰਹੀ ਹੈ ਕਿ ਮਨੁੱਖ ਜੋ ਭੋਗ ਰਿਹਾ ਹੈ ਉਸ ਦਾ ਕਾਰਨ ਵੀ ਉਹ ਖ਼ੁਦ ਹੈ। ਸੜਕ ਦੇ ਪਰਲੇ ਪਾਸੇ ਧੁੰਦਲਕੇ ਵਿਚ ਇਮਾਰਤਾਂ ਦਿਸ ਰਹੀਆਂ ਹਨ। ਅਸਲ ਵਿਚ ਇਹ ਫੈਕਟਰੀਆਂ ਹਨ। ਇਹ ਪ੍ਰਦੂਸ਼ਣ ਦੀਆਂ ਉਤਪਾਦਕ ਹਨ ਜਿਹੜੀਆਂ ਦਿਨ ਰਾਤ ਕੰਮ ਵਿਚ ਜੁਟੀਆਂ ਰਹਿੰਦੀਆਂ ਹਨ।
ਰਚਨਾ ਦੀ ਉਪਰਲੀ ਪੱਟੀ ਨੂੰ ਭੂਰੇ ਕਾਲੇ ਦੇ ਮਿਸ਼ਰਨ ਨਾਲ ਸਜਾਇਆ ਹੈ। ਸੂਦ ਸਾਰੀ ਪਲੇਟ ਨੂੰ ਇਕੋ ਪੈਟਰਨ ਵਿਚ ਨਹੀਂ ਰੱਖਦੀ। ਵਿਸ਼ੇ ਨੂੰ ਧਿਆਨ ਵਿਚ ਰੱਖ ਕੇ ਗੱਲ ਕੀਤੀ ਜਾਵੇ ਤਾਂ ਇਸ ਭਿੰਨਤਾ ਦਾ ਹੋਣਾ ਲਾਜ਼ਮੀ ਹੈ। ਆਕਾਰ ਹੀ ਨਹੀਂ, ਕੰਮ ਵਿਚ ਰੰਗ ਵੀ ਬੋਲਦੇ ਹਨ।
ਗੂੜ੍ਹੀ ਪੱਟੀ ਵਿਚਾਲੇ ਸਫੈ਼ਦ ਟੋਟਾ ਅੜਿਆ ਹੈ। ਇਹ ਟੁਕੜਾ ਇਕ ਤੋਂ ਵੱਧ ਕਾਜ ਸੰਵਾਰ ਰਿਹਾ ਹੈ। ਪਿਛਲੇਰੇ ਸ਼ਖ਼ਸ ਦਾ ਆਕਾਰ ਅਤੇ ਉਸ ਸਿਰ ਘੁੰਮਦਾ ਧੂੰਏਂ ਦਾ ਗੁਬਾਰ ਇਸੇ ਕੰਪੋਜ਼ੀਸ਼ਨ ਜੁਗਤ ਕਾਰਨ ਉਭਾਰ ਲੈ ਰਿਹਾ ਹੈ। ਕਲਾਕ੍ਰਿਤ ਜੋ ਦਿਖਾਉਂਦੀ ਹੈ, ਸੁਖਾਲਾ ਹੈ। ਰਚਨਾਕਾਰ ਭੀੜ ਰਾਹੀਂ ਪ੍ਰਦੂਸ਼ਣ ਨਹੀਂ ਦੱਸ ਰਹੀ ਸਗੋਂ ਲੋੜ ਅਨੁਸਾਰ ਮਨੁੱਖੀ ਉਪ-ਸਥਿਤੀ ਰਾਹੀਂ ਆਪਣਾ ਵਿਚਾਰ ਸਿਰੇ ਚਾੜ੍ਹ ਰਹੀ ਹੈ।
ਸਿਰਲੇਖ ਨੂੰ ਕੀ ਅਸੀਂ ਵਿਸਤਾਰ ਦੇ ਸਕਦੇ ਹਾਂ? ਵਾਤਾਵਰਣ ਦੇ ਪ੍ਰਦੂਸ਼ਣ ਨੂੰ ਖਿੱਚ ਕੇ ਕੀ ਸਾਹਿਤ, ਕਲਾ, ਸਿੱਖਿਆ, ਰਾਜਨੀਤੀ ਬਾਰੇ ਸੋਚ-ਵਿਚਾਰ ਕਰ ਸਕਦੇ ਹਾਂ? ਜਵਾਬ ਹਾਂ ਅਤੇ ਨਾਂਹ ਵਿਚ ਹੋ ਸਕਦਾ ਹੈ। ਇਕ ਵਰਗ ਵਿਚ ਆਇਆ ਨਿਘਾਰ ਦੂਜਿਆਂ ਲਈ ਰਾਹ ਮੋਕਲਾ ਕਰ ਦਿੰਦਾ ਹੈ। ਵਿਅਕਤੀ ਰਚਿਤ ਇਸ ਕਰਮ ਦੇ ਪਿਛੋਕੜ ਵਿਚ ਉਸ ਦੀ ਸ੍ਵੈ-ਸੁਖ ਦੀ ਤਾਂਘ ਹੈ। ਕਲਾਕ੍ਰਿਤ ਇਸ ਵਿਚਾਰ ਨੂੰ ਆਪਣੀ ਤਰ੍ਹਾਂ ਵਿਚਾਰ ਰਹੀ ਹੈ।
ਸੰਪਰਕ: 98990-91186