ਨਿਰਮਲ ਸਿੰਘ
ਮੈਂ ਹਾਲੇ ਵਿਦਿਆਰਥੀਆਂ ਦਾ ਹਾਜ਼ਰੀ ਰਜਿਸਟਰ ਖੋਲ੍ਹਿਆ ਹੀ ਸੀ ਕਿ ਗੁਰਨੂਰ ਮੇਰੇ ਮੇਜ਼ ਦੇ ਸਾਹਮਣੇ ਆ ਖਲੋਤਾ। ਮੈਂ ਸੁਆਲੀਆਂ ਨਜ਼ਰਾਂ ਨਾਲ ਉਸ ਵੱਲ ਵੇਖਿਆ ਤਾਂ ਉਹ ਕਹਿਣ ਲੱਗਾ, ‘‘ਸਰ ਜੀ…, ਮੈਨੂੰ ਪੰਜ ਛੁੱਟੀਆਂ ਚਾਹੀਦੀਆਂ ਹਨ।’’ ‘‘ਕੀ ਕਿਹਾ! ਪੰਜ ਛੁੱਟੀਆਂ?’’ ਮੈਂ ਗੁੱਸੇ ਵਾਲਾ ਮੂੰਹ ਬਣਾਉਂਦਾ ਹੋਇਆ ਚੀਕਿਆ। ‘‘ਕੋਰੋਨਾ ਕਰਕੇ ਪਹਿਲਾਂ ਹੀ ਦੋ ਸਾਲਾਂ ਤੋਂ ਪੜ੍ਹਾਈ ਦਾ ਸੱਤਿਆਨਾਸ ਹੋਇਆ ਪਿਆ ਏ… ਤੇ ਹੁਣ ਵੀ ਪਤਾ ਨਹੀਂ ਕਦੋਂ ਇਸ ਨੇ ਦੁਬਾਰਾ ਸਕੂਲ ਬੰਦ ਕਰਵਾ ਦੇਣੇ ਹਨ ਤੇ ਤੁਹਾਨੂੰ ਪੰਜ-ਪੰਜ ਛੁੱਟੀਆਂ ਚਾਹੀਦੀਆਂ ਹਨ। ਕੋਈ ਛੁੱਟੀ ਨਹੀਂ ਮਿਲਣੀ… ਲੱਗੀ ਸਮਝ?’’ ਫੇਰ ਮੈਂ ਥੋੜ੍ਹਾ ਸ਼ਾਂਤ ਹੁੰਦਿਆਂ ਪੁੱਛਿਆ, ‘‘ਕਿਉਂ ਚਾਹੀਦੀਆਂ ਨੇ ਪੰਜ ਛੁੱਟੀਆਂ? ਕਿਹੜੇ ਮੇਲੇ ਜਾਣਾ ਹੁਣ?’’ ਗੁਰਨੂਰ ਨੇ ਮਾਸੂਮੀਅਤ ਨਾਲ ਜਵਾਬ ਦਿੱਤਾ, ‘‘ਸਰ ਜੀ… ਮੇਰੀ ਮੰਮੀ ਦਾ ਵਿਆਹ ਆ, ਇਸ ਕਰਕੇ ਨਾਨੀ ਨੇ ਕਿਹਾ ਸੀ ਕਿ ਪੰਜ ਛੁੱਟੀਆਂ ਲੈ ਆਵੀਂ।’’ ਮੈਂ ਸੁਣ ਕੇ ਹੈਰਾਨ ਰਹਿ ਗਿਆ। ਸਾਰੇ ਬੱਚੇ ਮੰਮੀ ਦੇ ਵਿਆਹ ਦੀ ਗੱਲ ਸੁਣ ਕੇ ਹੱਸਣ ਲੱਗੇ ਅਤੇ ਆਪਸ ਵਿੱਚ ਘੁਸਰ-ਮੁਸਰ ਕਰਨ ਲੱਗ ਪਏ। ਗੁਰਨੂਰ ਨੂੰ ਮੈਂ ਪੰਜ ਛੁੱਟੀਆਂ ਦੇ ਕੇ ਘਰ ਤੋਰ ਦਿੱਤਾ ਅਤੇ ਬਾਕੀ ਵਿਦਿਆਰਥੀਆਂ ਨੂੰ ਕੰਮ ਕਰਵਾਉਣ ਲੱਗ ਪਿਆ।
ਅਸਲ ਵਿੱਚ ਮੈਨੂੰ ਇਸ ਸਕੂਲ ਵਿੱਚ ਆਇਆਂ ਚਾਰ-ਪੰਜ ਮਹੀਨੇ ਹੀ ਹੋਏ ਸਨ। ਗੁਰਨੂਰ ਬਾਰੇ ਮੈਨੂੰ ਇਹ ਤਾਂ ਪਤਾ ਸੀ ਕਿ ਉਹ ਨਾਨਕੇ ਰਹਿੰਦਾ ਹੈ ਪਰ ਇਹ ਜਾਣਕਾਰੀ ਨਹੀਂ ਸੀ ਕਿ ਉਸ ਦੇ ਮੰਮੀ ਪਾਪਾ ਦਾ ਤਲਾਕ ਹੋ ਚੁੱਕਾ ਹੈ। ਕਦੇ-ਕਦੇ ਉਸ ਦੀ ਨਾਨੀ ਹੀ ਸਕੂਲ ਆਉਂਦੀ ਹੁੰਦੀ ਸੀ ਅਤੇ ਕਹਿੰਦੀ ਹੁੰਦੀ ਸੀ ਕਿ ਗੁਰਨੂਰ ਨੂੰ ਉਸ ਨੇ ਪੁੱਤ ਬਣਾ ਕੇ ਆਪਣੇ ਕੋਲ ਰੱਖਿਆ ਹੈ।
ਅਗਲੇ ਦਿਨ ਮੈਂ ਗੁਰਨੂਰ ਦੀ ਨਾਨੀ ਨੂੰ ਸਕੂਲ ਬੁਲਾਇਆ ਤਾਂ ਉਹ ਦੱਸਣ ਲੱਗੀ, ‘‘ਗੁਰਨੂਰ ਦਾ ਪਾਪਾ ਬੇਰੁਜ਼ਗਾਰ ਹੋਣ ਦੇ ਨਾਲ-ਨਾਲ ਸਿਰੇ ਦਾ ਨਸ਼ੇੜੀ ਬਣ ਗਿਆ ਸੀ। ਪੈਸੇ ਦੀ ਤੰਗੀ ਤੇ ਉੱਤੋਂ ਅਤਿ ਦੇ ਨਸ਼ੇ ਕਾਰਨ ਦੋਵਾਂ ਜੀਆਂ ਵਿੱਚ ਕਾਟੋ-ਕਲੇਸ਼ ਰਹਿਣ ਲੱਗ ਪਿਆ। ਫੇਰ ਡੇਢ ਕੁ ਸਾਲ ਪਹਿਲਾਂ ਦੋਵਾਂ ਵਿੱਚ ਤਲਾਕ ਹੋ ਗਿਆ। ਗੁਰਨੂਰ ਆਪਣੀ ਮੰਮੀ ਨਾਲ ਨਾਨਕੇ ਘਰ ਰਹਿਣ ਲੱਗ ਪਿਆ ਅਤੇ ਪਿੰਡ ਦੇ ਸਕੂਲ ਵਿੱਚ ਚੌਥੀ ਜਮਾਤ ਵਿੱਚ ਦਾਖ਼ਲ ਹੋ ਗਿਆ।’’ ਗੁਰਨੂਰ ਦੀ ਨਾਨੀ ਨੇ ਚਮਕਦੀਆਂ ਅੱਖਾਂ ਨਾਲ ਅੱਗੇ ਆਖਿਆ ਕਿ ਗੁਰਨੂਰ ਦੀ ਮੰਮੀ ਵਾਸਤੇ ਇੱਕ ਚੰਗਾ ਰਿਸ਼ਤਾ ਆਇਆ ਹੈ ਅਤੇ ਉਹ ਗੁਰਨੂਰ ਨੂੰ ਵੀ ਅਪਨਾਉਣ ਲਈ ਤਿਆਰ ਹਨ। ਅੰਤ ਉਹ ਕਹਿਣ ਲੱਗੀ, ‘‘ਮੇਰਾ ਕੀ ਹੈ ਅੱਜ ਹੈਗੀ ਆਂ, ਕੱਲ੍ਹ ਹੋਵਾਂ ਜਾਂ ਨਾ ਹੋਵਾਂ। ਇਨ੍ਹਾਂ ਦੋਵਾਂ ਦੀ ਜ਼ਿੰਮੇਵਾਰੀ ਤੋਂ ਮੁਕਤ ਹੋ ਜਾਵਾਂਗੀ ਤਾਂ ਮੇਰਾ ਮਰਨਾ ਸੌਖਾ ਹੋਜੂ ਪੁੱਤ।’’
ਉਸ ਦਿਨ ਤੋਂ ਬਾਅਦ ਗੁਰਨੂਰ ਸਕੂਲ ਨਹੀਂ ਆਇਆ। ਦਸ-ਬਾਰਾਂ ਦਿਨ ਬਾਅਦ ਉਸ ਦੀ ਨਾਨੀ ਸਕੂਲ ਛੱਡਣ ਦਾ ਸਰਟੀਫਿਕੇਟ ਵੀ ਲੈ ਗਈ। ਉਸ ਦੀਆਂ ਅੱਖਾਂ ਵਿੱਚ ਖ਼ੁਸ਼ੀ ਸਾਫ਼ ਝਲਕ ਰਹੀ ਸੀ ਤੇ ਉਹ ਹੱਸ-ਹੱਸ ਦੱਸ ਰਹੀ ਸੀ ਕਿ ਗੁਰਨੂਰ ਦਾ ਨਵਾਂ ਪਾਪਾ ਬਹੁਤ ਚੰਗਾ ਹੈ ਤੇ ਗੁਰਨੂਰ ਹੁਣ ਉੱਥੇ ਹੀ ਪੜ੍ਹਾਈ ਕਰੇਗਾ। ਮੈਂ ਬੜ੍ਹਾ ਜ਼ੋਰ ਲਾਇਆ ਕਿ ਹੁਣ ਪੇਪਰਾਂ ਦੇ ਦਿਨ ਹਨ। ਅਜੇ ਉਹ ਨਾਮ ਨਾਂ ਕਟਵਾਉਣ ਪਰ ਉਹ ਆਪਣੀ ਗੱਲ ’ਤੇ ਅੜੀ ਰਹੀ ਅਤੇ ਸਰਟੀਫਿਕੇਟ ਲੈ ਕੇ ਹੀ ਸਕੂਲੋਂ ਮੁੜੀ।
ਇਸ ਗੱਲ ਨੂੰ ਮੁਸ਼ਕਿਲ ਨਾਲ ਮਹੀਨਾ ਕੁ ਹੀ ਹੋਇਆ ਹੋਵੇਗਾ ਕਿ ਗੁਰਨੂਰ ਅਤੇ ਉਸ ਦੀ ਨਾਨੀ ਸਕੂਲ ਵਾਪਸ ਆ ਗਏ। ਦੁਖੀ ਹੁੰਦਿਆਂ ਨਾਨੀ ਨੇ ਦੱਸਿਆ ਕਿ ਗੁਰਨੂਰ ਦਾ ਨਵਾਂ ਪਾਪਾ ਪਹਿਲਾਂ ਤਾਂ ਚਾਅ-ਚਾਅ ਨਾਲ ਗੁਰਨੂਰ ਨੂੰ ਵੀ ਆਪਣੇ ਨਾਲ ਲੈ ਗਿਆ ਪਰ ਵਿਆਹ ਦੇ ਦੋ ਹਫ਼ਤਿਆਂ ਬਾਅਦ ਹੀ ਇਸ ਕਰਕੇ ਇਹਦੀ ਮੰਮੀ ਨਾਲ ਲੜਨ ਲੱਗ ਪਿਆ। ਉਹ ਅੱਖਾਂ ਪੂੰਝਦਿਆਂ ਕਹਿਣ ਲੱਗੀ, ‘‘ਦੂਜੀ ਥਾਂ ਵੱਸੀ ਔਰਤ ਦੀ ਵੀ ਆਪਣੀ ਹੀ ਮਜਬੂਰੀ ਹੁੰਦੀ ਐ… ਤੇ ਦੂਜੇ ਤਲਾਕ ਦੇ ਡਰੋਂ ਇਹਦੀ ਮਾਂ ਫਿਰ ਇਹਨੂੰ ਮੇਰੇ ਕੋਲ ਛੱਡ ਗਈ ਐ। ਇਸ ਤੱਤੜੇ ਦੇ ਕਰਮਾਂ ਵਿੱਚ ਮਾਂ-ਬਾਪ ਦਾ ਪਿਆਰ ਨਹੀਂ ਆ ਮਾਸਟਰ ਜੀ। ਇਸ ਦੇ ਹਿੱਸੇ ਮਾਮੀ-ਮਾਮੇ ਦੀਆਂ ਝਿੜਕਾਂ ਹੀ ਲਿਖੀਆਂ ਨੇ।’’
ਸੰਪਰਕ: 84270-07623
* * *
ਟੈਕਸੀ ਚਾਲਕ
ਮੀਰਾ ਜੈਨ
‘‘ਆਹ ਚੱਕ ਡੇਢ ਸੌ ਰੁਪਏ…’’
ਇਸ ਤੋਂ ਪਹਿਲਾਂ ਕਿ ਟੈਕਸੀ-ਚਾਲਕ ਕੁਝ ਕਹਿੰਦਾ, ਜਗਨ ਬਾਬੂ ਗੁੱਸੇ ਵਿੱਚ ਬੋਲ ਉੱਠੇ, ‘‘ਤੂੰ ਮੈਨੂੰ ਬੇਵਕੂਫ਼ ਸਮਝਦਾ ਹੈਂ! ਮੰਜ਼ਿਲ ਤੱਕ ਪਹੁੰਚਾਉਣ ਦਾ ਕਿਰਾਇਆ ਦੋ ਸੌ ਰੁਪਏ ਫਿਕਸ ਹੋਇਆ ਸੀ ਅਤੇ ਤੂੰ ਮੈਨੂੰ ਬਿਨਾਂ ਪੁੱਛਿਆਂ ਰਾਹ ਵਿੱਚ ਦੋ ਸਵਾਰੀਆਂ ਬਿਠਾ ਕੇ ਉਨ੍ਹਾਂ ਤੋਂ ਵੀ ਪੰਜਾਹ-ਪੰਜਾਹ ਰੁਪਏ ਲੈ ਲਏ। ਤੁਹਾਡੇ ਛੋਟੇ ਲੋਕਾਂ ਨਾਲ ਇਹੋ ਦਿੱਕਤ ਹੈ। ਮੈਂ ਤੈਨੂੰ ਡੇਢ ਸੌ ਰੁਪਏ ਤੋਂ ਵੱਧ ਇੱਕ ਪੈਸਾ ਨਹੀਂ ਦਿਆਂਗਾ…।’’
ਇਸ ’ਤੇ ਟੈਕਸੀ ਵਾਲੇ ਨੇ ਨਿਮਰਤਾ ਨਾਲ ਕਿਹਾ, ‘‘ਸਰ, ਮੈਨੂੰ ਉਨ੍ਹਾਂ ਦੋ ਸਵਾਰੀਆਂ ਤੋਂ ਸੌ ਰੁਪਏ ਮਿਲ ਗਏ ਸਨ। ਇਸ ਲਈ ਮੈਂ ਤੁਹਾਥੋਂ ਸੌ ਰੁਪਏ ਹੀ ਲਵਾਂਗਾ। ਆਹ ਰੱਖੋ, ਆਪਣੇ ਪੰਜਾਹ ਰੁਪਏ…।’’
ਜਗਨ ਬਾਬੂ ਨੇ ਹੈਰਾਨੀਜਨਕ ਆਵਾਜ਼ ਵਿੱਚ ਸਵਾਲ ਕੀਤਾ, ‘‘ਇੱਕ ਗੱਲ ਮੇਰੀ ਸਮਝ ਵਿੱਚ ਨਹੀਂ ਆਈ। ਮੈਂ ਤੈਨੂੰ ਦੋ ਸੌ ਰੁਪਏ ਦੇਣੇ ਹੀ ਸਨ, ਫਿਰ ਤੂੰ ਉਨ੍ਹਾਂ ਸਵਾਰੀਆਂ ਨੂੰ ਕਿਉਂ ਬਿਠਾਇਆ?’’
ਇਹ ਜਵਾਬ ਸੁਣ ਕੇ ਜਗਨ ਬਾਬੂ ਦਾ ਸਿਰ ਸਤਿਕਾਰ ਨਾਲ ਝੁਕ ਗਿਆ, ‘‘ਸਰ, ਵਾਤਾਵਰਣ ਸੁਰੱਖਿਆ ਅਤੇ ਪੈਟਰੋਲ ਬਚਤ ਦੀ ਦਿਸ਼ਾ ਵਿੱਚ ਇਹ ਮੇਰੀ ਛੋਟੀ ਜਿਹੀ ਕੋਸ਼ਿਸ਼ ਹੈ, ਜੋ ਅੱਗੋਂ ਵੀ ਜਾਰੀ ਰਹੇਗੀ…।’’
ਸੰਪਰਕ: 94259-18116
– ਪੰਜਾਬੀ ਰੂਪ: ਪ੍ਰੋ. ਨਵ ਸੰਗੀਤ ਸਿੰਘ
ਸੰਪਰਕ: 94176-92015
* * *
ਬਸ ਇੱਕ ਮੌਕਾ
ਜਸਵਿੰਦਰ ਸੁਰਗੀਤ
‘‘ਬੀਬੀ ਜੀ, ਬਸ ਇੱਕ ਮੌਕਾ ਦੇ ਦਿਉ, ਅੱਗੇ ਤੋਂ ਕਦੇ ’ਲਾਂਭਾ ਨੀ ਆਉਣ ਦਿੰਦਾ।’’ ਬਿੰਦਰ ਨੇ ਗਿੜਗਿੜਾਉਂਦਿਆਂ ਕਮਲਜੀਤ ਦੀ ਪਤਨੀ ਨੂੰ ਆਖਿਆ। ‘‘ਨਾ ਭਾਈ, ਦੇਖ ਤੈਨੂੰ ਅੱਗੇ ਕਿੰਨੇ ਮੌਕੇ ਦੇ ਚੁੱਕੇ ਆਂ, ਤੂੰ ਬਾਜ਼ ਈ ਨੀ ਆਉਂਦਾ ਆਪਣੀਆਂ ਆਦਤਾਂ ਤੋਂ, ਚਾਰ ਕੁ ਦਿਨ ਦੁੱਧ ਠੀਕ ਹੋ ਜਾਂਦੈ, ਪਰ ਫੇਰ ਉਹੀ ਹਾਲ।’’ ਨੀਰੂ ਨੇ ਕਰਾਰੀ ਆਵਾਜ਼ ਵਿੱਚ ਉਸ ਨੂੰ ਕਰਾਰਾ ਜਵਾਬ ਦਿੱਤਾ।
ਡਰਾਇੰਗ ਰੂਮ ਵਿੱਚ ਬੈਠੇ ਕਮਲਜੀਤ ਦਾ ਧਿਆਨ ਉਨ੍ਹਾਂ ਦੀ ਗੱਲਬਾਤ ਨੇ ਖਿੱਚ ਲਿਆ। ਕਿਤਾਬ ਪੜ੍ਹਨੀ ਵਿੱਚੇ ਛੱਡ ਕੇ ਸੋਫੇ ’ਤੇ ਰੱਖ ਦਿੱਤੀ। ਦੋਵਾਂ ਦੇ ਚਿਹਰੇ ਨਿਹਾਰਨ ਲੱਗਾ। ਬਿੰਦਰ ਦੇ ਚਿਹਰੇ ’ਤੇ ਨਿਰਾਸ਼ਾ ਤੇ ਪਛਤਾਵੇ ਦੇ ਰਲੇ-ਮਿਲੇ ਪ੍ਰਭਾਵ ਸਨ। ਨੀਰੂ ਦਾ ਚਿਹਰਾ ਬੇਲਿਹਾਜ਼ਗੀ ਅਤੇ ਫ਼ੈਸਲੇ ਦੀ ਪਕਿਆਈ ਦੀ ਬਾਤ ਪਾ ਰਿਹਾ ਸੀ।
‘‘ਚਲੋ, ਇੱਕ ਮੌਕਾ ਹੋਰ ਦੇ ਕੇ ਦੇਖ ਲੈਨੇਂ ਆਂ।’’ ਕਮਲਜੀਤ ਬਿੰਦਰ ਦੇ ਚਿਹਰੇ ਦੇ ਭਾਵਾਂ ਤੋਂ ਬਚ ਨਾ ਸਕਿਆ। ‘‘ਨਾ ਜੀ, ਇਹਨੂੰ ਬਥੇਰੇ ਵਾਰੀ ਕਹਿ ਕੇ ਵੇਖ ਲਿਆ, ਇਹਦੇ ਕੰਨਾਂ ’ਤੇ ਜੂੰ ਨੀ ਸਰਕਦੀ, ਕਦੇ ਗਾਂ ਦਾ ਦੁੱਧ ਮਿਲਾ ਦਿੰਦੈ, ਕਦੇ ਪਾਣੀ।’’ ਨੀਰੂ ਪਿੱਛੇ ਹਟਣ ਵਾਲੀ ਨਹੀਂ ਸੀ। ‘‘ਦੇਖ ਲੈ ਜੇ ਏਦੂੰ ਬਾਅਦ ਸ਼ਿਕਾਇਤ ਆਈ ਤਾਂ, ਇਹ ਆਖ਼ਰੀ ਮੌਕੈ ਤੇਰੇ ਲਈ।’’ ਕਮਲਜੀਤ ਨੇ ਪਤਨੀ ਦਾ ਫ਼ੈਸਲਾ ਬਦਲਾਉਣ ਲਈ ਆਖ਼ਰੀ ਹਥਿਆਰ ਚਲਾਇਆ। ‘‘ਛੱਡੋ ਜੀ ਮੌਕੇ ਮੂਕੇ।’’ ਇੰਨਾ ਕਹਿੰਦਿਆਂ ਨੀਰੂ ਨੇ ਬਣਦੇ ਪੈਸੇ ਲਿਆ ਕੇ ਉਸ ਨੂੰ ਫੜਾ ਦਿੱਤੇ। ਬਿੰਦਰ ਕਮਲਜੀਤ ਵੱਲ ਝਾਕਿਆ। ਉਸ ਦੀ ਤੱਕਣੀ ਵਿੱਚ ਤਰਲਾ ਸੀ। ਕਮਲਜੀਤ ਨੇ ਨਜ਼ਰਾਂ ਚੁਰਾ ਲਈਆਂ। ਬਿੰਦਰ ਹੌਲੀ ਹੌਲੀ ਪੈਰ ਮਲਦਾ ਗੇਟ ਵੱਲ ਹੋ ਗਿਆ।
‘ਬੀਬੀ ਜੀ, ਬੱਸ ਇੱਕ ਮੌਕਾ ਦੇ ਦਿਓ’ ਕਮਲਜੀਤ ਦੇ ਮਨ ਦੀ ਫਿਰਕੀ ’ਤੇ ਚੜ੍ਹ ਕੇ ਇਹ ਵਾਕ ਘੁੰਮਣ ਲੱਗਾ। ਉਹ ਧਿਆਨ ਹਟਾਉਣ ਵਾਸਤੇ ਕਿਤਾਬ ਦੁਬਾਰਾ ਪੜ੍ਹਨ ਲੱਗ ਪਿਆ। ਪਰ ਨਾ, ਫਿਰ ਵਾਰੀ ਵਾਰੀ ਉਹੀ ਵਾਕ ‘ਬੀਬੀ ਜੀ ਇੱਕ ਮੌਕਾ…।’ ਕਿਤਾਬ ਪਾਸੇ ਰੱਖ ਦਿੱਤੀ। ਐਵੇਂ ਬੇਮਤਲਬ ਹੀ ਕੈਂਪਰ ’ਚੋਂ ਪਾਣੀ ਦਾ ਗਲਾਸ ਭਰ ਲਿਆ ਤੇ ਮੇਜ਼ ’ਤੇ ਰੱਖ ਦਿੱਤਾ। ਫਰਿੱਜ ਦਾ ਦਰਵਾਜ਼ਾ ਖੋਲ੍ਹਿਆ ਤੇ ਫਿਰ ਬੰਦ ਕਰ ਦਿੱਤਾ। ਪਤਨੀ ਦਾ ਚਿਹਰਾ ਨਿਹਾਰਿਆ। ਹੁਣੇ ਹੁਣੇ ਬਿੰਦਰ ਨਾਲ ਹੋਈ ਗੱਲਬਾਤ ਦਾ ਚਿਹਰੇ ’ਤੇ ਕੋਈ ਨਾਮ ਨਿਸ਼ਾਨ ਨਹੀਂ ਸੀ। ਜਿੱਦਾਂ ਕੁਝ ਵਾਪਰਿਆ ਹੀ ਨਾ ਹੋਵੇ। ਉਹ ਦੁਬਾਰਾ ਰਸੋਈ ਦੇ ਕੰਮਕਾਜ ਵਿੱਚ ਰੁੱਝ ਗਈ ਸੀ। ‘ਕੀ ਫ਼ਰਕ ਪੈਂਦਾ ਸੀ, ਜੇ ਇੱਕ ਮੌਕਾ ਦੇ ਦਿੰਦੇ… ਵਿਚਾਰਾ ਕਿਵੇਂ ਤਰਲੇ ਕੱਢਦਾ ਸੀ… ਕਿੰਨੀ ਜ਼ਿੱਦੀ ਐ ਇਹ ਤੀਵੀਂ… ਭੋਰਾ ਤਰਸ ਨ੍ਹੀਂ ਕਰਦੀ ਕਿਸੇ ’ਤੇ…।’ ਫਿਰਕੀ ਘੁੰਮਣ ਲੱਗੀ।
‘‘ਵੈਸੇ ਆਪਾਂ ਨੂੰ ਇੱਕ ਮੌਕਾ ਦੇ ਦੇਣਾ ਚਾਹੀਦਾ ਸੀ, ਕੀ ਫ਼ਰਕ ਪੈਂਦਾ ਸੀ, ਮੇਰਾ ਤਾਂ ਚਿੱਤ ਭੈੜਾ ਹੋਇਆ ਪਿਐ।’’ ਕਮਲਜੀਤ ਨੇ ਖਿਝ ’ਤੇ ਕਾਬੂ ਪਾਉਂਦਿਆਂ ਆਖਿਆ। ‘‘ਤੁਸੀਂ ਕਮਾਲ ਕਰਦੇ ਓਂ, ਵੀਹ ਵਾਰੀ ਉਹਨੂੰ ਕਿਹਾ ਸੀ, ਭਾਈ ਦੁੱਧ ਮਾੜੈ। ਸੁਣੀ ਉਹਨੇ ਕੋਈ ਗੱਲ? ਤੁਸੀਂ ਖਾਹ-ਮਖਾਹ ਗੱਲ ਨੂੰ ਰਿੜਕੀ ਜਾਨੇ ਓਂ।’’ ਨੀਰੂ ਨੇ ਕਰਾਰ ਨਾਲ ਆਖਿਆ। ਕਮਲਜੀਤ ਚੁੱਪ ਕਰ ਰਿਹਾ।
ਬਿੰਦਰ ਕਮਲਜੀਤ ਦੇ ਆਪਣੇ ਜੱਦੀ ਪਿੰਡ ਤੋਂ ਸ਼ਹਿਰ ਦੁੱਧ ਪਾਉਣ ਆਉਂਦਾ ਸੀ। ਪਹਿਲਾਂ ਉਹ ਸਾਈਕਲ ’ਤੇ ਆਉਂਦਾ ਸੀ ਅਤੇ ਫਿਰ ਉਸ ਨੇ ਇੱਕ ਪੁਰਾਣਾ ਮੋਟਰਸਾਈਕਲ ਖਰੀਦ ਲਿਆ। ਕੁਝ ਰੁਪਏ ਮਦਦ ਵਜੋਂ ਕਮਲਜੀਤ ਨੇ ਆਪਣੀ ਪਤਨੀ ਤੋਂ ਚੋਰੀ ਦਿੱਤੇ ਸਨ ਜਿਹੜੇ ਉਸ ਨੇ ਦੁੱਧ ਰਾਹੀਂ ਚੁਕਾ ਦਿੱਤੇ ਸਨ। ਛੋਟੀ ਉਮਰ ਤੋਂ ਹੀ ਉਹ ਦੁੱਧ ਦਾ ਕੰਮ ਕਰਨ ਲੱਗ ਪਿਆ ਸੀ। ਪਿਛਲੇ ਇੱਕ ਸਾਲ ਤੋਂ ਉਹ ਕਮਲਜੀਤ ਦੇ ਘਰ ਦੁੱਧ ਪਾ ਰਿਹਾ ਸੀ। ਪਤਨੀ ਨੇ ਦੁੱਧ ਸ਼ੁਰੂ ਕਰਨ ਵੇਲੇ ਕਰੜਾਈ ਨਾਲ ਕਿਹਾ ਸੀ, ‘‘ਦੇਖ ਭਾਈ, ਦੁੱਧ ਚੁਆਵਾਂ ਹੋਣਾ ਚਾਹੀਦੈ, ਕੋਈ ਗੜਬੜ ਨਾ ਹੋਵੇ।’’
‘‘ਬੀਬੀ ਜੀ, ਦੁੱਧ ਦਾ ਫ਼ਿਕਰ ਨਾ ਕਰਿਓ, ਗਰੰਟੀ ਐ ਆਪਣੇ ਦੁੱਧ ਦੀ।’’ ‘‘ਸਾਰੇ ਹੀ ਕਹਿੰਦੇ ਹੁੰਦੇ ਆ ਪਹਿਲਾਂ ਤਾਂ, ਫੇਰ ਉਹੀ ਹਾਲ।’’ ਨੀਰੂ ਨੇ ਫਿਰ ਟਕੋਰਿਆ। ਅਖੀਰ ਗੱਲ ਪੱਕੀ ਹੋ ਗਈ।
ਬਿੰਦਰ ਸਵੇਰੇ ਸਵੇਰੇ ਆਉਂਦਾ। ਉੱਚੀ ਆਵਾਜ਼ ਵਿੱਚ ਕਹਿੰਦਾ, ‘‘ਬੀਬੀ ਜੀ ਦੁੱਧ।’’ ਨੀਰੂ ਦੁੱਧ ਪੁਆ ਲੈਂਦੀ। ਕਮਲਜੀਤ ਉਸ ਨਾਲ ਗੱਲੀਂ ਪੈ ਜਾਂਦਾ। ਉਹਦਾ, ਉਹਦੇ ਪਰਿਵਾਰ ਦਾ ਹਾਲ ਚਾਲ ਪੁੱਛਦਾ, ਬੱਚਿਆਂ ਦੀ ਪੜ੍ਹਾਈ ਬਾਰੇ ਗੱਲਬਾਤ ਹੁੰਦੀ। ਪਿੰਡ ਦੀ ਖ਼ੈਰ ਸੁੱਖ ਪੁੱਛਦਾ। ਨੀਰੂ ਨੂੰ ਦੋਧੀ ਨਾਲ ਇੰਨਾ ਘੁਲਣਾ ਮਿਲਣਾ ਚੰਗਾ ਨਾ ਲੱਗਦਾ।
ਲਗਪਗ ਇੱਕ ਸਾਲ ਤੋਂ ਚਲਦਾ ਇਹ ਸਿਲਸਿਲਾ ਟੁੱਟ ਗਿਆ ਸੀ।
‘‘ਪਿਉ ਤਾਂ ਜੀ ਮੇਰਾ ਛੋਟੀ ਉਮਰ ’ਚ ਈ ਮਰ ਗਿਆ ਸੀ… ਮਾਂ ਨੇ ਪਾਲ਼ਿਐ ਲੋਕਾਂ ਦਾ ਕੰਮ ਧੰਦਾ ਕਰਕੇ… ਪੜ੍ਹਾਈ ਵਿੱਚੇ ਰਹਿਗੀ ਸੀ… ਪਹਿਲਾਂ ਦਿਹਾੜੀ ਕੀਤੀ ਫੇਰ ਆਹ ਦੁੱਧ ਦਾ ਕੰਮ ਤੋਰ ਲਿਆ… ਹੁਣ ਆਵਦਾ ਰੋਟੀ ਪਾਣੀ ਬਣੀ ਜਾਂਦੈ ਜੀ।’’ ਬਿੰਦਰ ਕਮਲਜੀਤ ਦੇ ਮਨ ’ਤੇ ਚੜ੍ਹਿਆ ਹੋਇਆ ਸੀ। ‘‘ਤਿਆਰ ਹੋ- ਜੋ, ਆਪਾਂ ਬਜ਼ਾਰ ਜਾਣੈ।’’ ਪਤਨੀ ਨੇ ਰਸੋਈ ਦਾ ਕੰਮ ਸਮੇਟਦੀ ਨੇ ਆਖਿਆ। ‘‘ਕੀ ਕੰਮ ਐ?’’ ਕਮਲਜੀਤ ਨੇ ਵਰਤਮਾਨ ਵਿੱਚ ਪਰਤਦਿਆਂ ਆਖਿਆ।
‘‘ਅੱਜ ਰਮਨ ਦਾ ਬਰਥ ਡੇ ਐ, ਬਜ਼ਾਰੋਂ ਗਿਫਟ ਲੈ ਕੇ ਆਉਣੈ।’’ ਕਮਲ ਦਾ ਬਾਜ਼ਾਰ ਜਾਣ ਦਾ ਬਿਲਕੁਲ ਮਨ ਨਹੀਂ ਸੀ ਪਰ ਉਹ ਨਾਂਹ ਨਾ ਕਰ ਸਕਿਆ। ਉੱਠ ਕੇ ਤਿਆਰ ਹੋਣ ਲੱਗਿਆ।
ਨੀਰੂ ਗਿਫਟ ਵਾਸਤੇ ਦੁਕਾਨਾਂ ’ਤੇ ਗੇੜੇ ਕੱਢਦੀ ਰਹੀ ਤੇ ਕਮਲ ਬਿੰਦਰ ਨਾਲ ਗੇੜੇ ਕੱਢਦਾ ਰਿਹਾ, ‘ਆਪਣਾ ਵੱਡਾ ਐਤਕੀਂ ਦਸਵੀਂ ਕਰ ਜੂ-ਗਾ… ਗਾਂਹ ਮਾਸਟਰ ਜੀ ਫਿਰ ਕੀ ਕਰਾਈਏ…? ਛੋਟਾ ਗੱਗੀ ਤਾਂ ਪੜ੍ਹਦਾ ਲੱਗਦਾ ਨੀ… ਮੇਰਾ ਤਾਂ ਜੀ ਕਰਦੈ ਹਟਾ ਕੇ ਕੰਮ ’ਤੇ ਲਾ ਦਿਆਂ।’ ‘‘ਦੇਖੋ ਜੀ, ਆਹ ਗਿਫਟ ਕਿਵੇਂ ਐ?’’ ‘‘ਠੀਕ ਐ, ਵਧੀਐ।’’ ਕਮਲ ਤ੍ਰਭਕ ਕੇ ਬੋਲਿਆ ਜਿਵੇਂ ਕੋਈ ਚੋਰੀ ਫੜੀ ਗਈ ਹੋਵੇ।
‘‘ਤੁਸੀਂ ਕਿੱਥੇ ਖੋ ਜਾਨੇ ਓਂ?’’ ‘‘ਨਹੀਂ, ਨਹੀਂ ਇੱਥੇ ਈ ਆਂ।’’ ਕਮਲ ਖ਼ੁਦ ਨੂੰ ਸੰਭਾਲਦਿਆਂ ਬੋਲਿਆ। ਅਖੀਰ ਇੱਕ ਦੁਕਾਨ ਤੋਂ ਗਿਫਟ ਪਸੰਦ ਆ ਗਿਆ।
‘ਜੇ ਮੈਂ ਭਲਾ ਅੜ ਜਾਂਦਾ ਕਿ ਬਿੰਦਰ ਨੂੰ ਨਹੀਂ ਹਟਾਉਣਾ ਤਾਂ ਕੀ ਰਹਿ ਜਾਂਦੀ ਇਹਦੀ ਬਿੰਦਰ ਮੂਹਰੇ… ਮੈਂ ਸੋਚਦੈਂ, ਐਵੇਂ ਕਾਹਨੂੰ ਘਰ ’ਚ ਕਲੇਸ਼ ਪਾਉਣੈ… ਉਹ ਵੀ ਮੂਰਖ ਜਾ ਐਵੇਂ ਤਰਲੇ ਕੱਢੀ ਗਿਆ… ਤੂੰ ਬੰਦੈਂ, ਬੰਦਿਆਂ ਆਲੀ ਗੱਲ ਕਰ।’ ‘‘ਕਿਧਰ ਧਿਆਨ ਐ ਤੁਹਾਡਾ?’’ ਕੋਲੋਂ ਲੰਘਦੇ ਇੱਕ ਸਕੂਟਰ ਤੋਂ ਕਮਲ ਨੂੰ ਪਾਸੇ ਕਰਦੀ ਹੋਈ ਨੀਰੂ ਬੋਲੀ। ‘‘ਮੇਰਾ ਧਿਆਨ ਕਿੱਧਰ ਹੋਣੈ, ਇੱਥੇ ਈ ਆਂ ਮੈਂ।’’ ਕਮਲ ਐਤਕੀਂ ਖਿਝ ਕੇ ਬੋਲਿਆ। ‘‘ਆਓ ਤੁਹਾਨੂੰ ਸ਼ਰਟ ਦੁਆਵਾਂ, ਸ਼ਾਮ ਨੂੰ ਬਰਥ ਡੇ ’ਤੇ ਪਾ ਕੇ ਜਾਇਓ।’’ ‘‘ਨਹੀਂ, ਨਹੀਂ, ਅੱਜ ਨਹੀਂ, ਕਦੇ ਫੇਰ ਸਹੀ।’’ ਕਮਲ ਘਰੇ ਛੇਤੀ ਜਾਣ ਦੇ ਮੂਡ ਵਿੱਚ ਸੀ। ‘‘ਨਹੀਂ, ਅੱਜ ਹੀ ਲੈਣੀ ਹੈ।’’ ਨੀਰੂ ਬੋਲੀ। ਜਦੋਂ ਕਮਲ ਨੇ ਦੁਬਾਰਾ ਨਾਂਹ ਕੀਤੀ ਤਾਂ ਕਹਿਣ ਲੱਗੀ, ‘‘ਕਦੇ ਕੋਈ ਗੱਲ ਮੰਨ ਵੀ ਲਿਆ ਕਰੋ।’’ ਕਮਲ ਗੀਗਾ ਬੱਚਾ ਬਣ ਕੇ ਦੁਕਾਨ ’ਤੇ ਚੜ੍ਹ ਗਿਆ। ਨੀਰੂ ਸ਼ਰਟਾਂ ਪਸੰਦ ਕਰਦੀ ਰਹੀ, ਕਮਲ ਦੇ ਪੁਆ ਪੁਆ ਵੇਖਦੀ ਰਹੀ, ਕਮਲ ਬੇਮਨਾ ਜਿਹਾ ਸ਼ਰਟਾਂ ਲਾਹੁੰਦਾ ਪਾਹੁੰਦਾ ਰਿਹਾ। ਅਖੀਰ ਇੱਕ ਸ਼ਰਟ ਪਸੰਦ ਆ ਗਈ। ਉਸ ਨੇ ਖ਼ੁਦ ਨੂੰ ਸ਼ੀਸ਼ੇ ਵਿੱਚ ਦੇਖਿਆ। ਸਾਹਮਣੇ ਬਿੰਦਰ ਦਾ ਝਾਉਲਾ ਪਿਆ। ਸਿਰ ਨੂੰ ਝਟਕਾ ਦੇ ਕੇ ਖ਼ੁਦ ਨੂੰ ਥਾਂ ਟਿਕਾਣੇ ਕੀਤਾ।
‘‘ਸਰ ਕੀ ਦੱਸਾਂ, ਦੋ ਮੱਝਾਂ ਮਰ-ਗੀਆਂ ਉਪਰੋ ਥਲੀ… ਇੱਕ ਤਾਂ ਸੱਜਰ ਸੂਈ ਸੀ, ਲਿਸ਼ਕਦਾ ਲਿਸ਼ਕਦਾ ਪਿੰਡਾ ਸੀ… ਬਸ ਦਸਾਂ ਦਿਨਾਂ ’ਚ ਈ ਪੂਰੀ ਹੋਗੀ… ਪਤਾ ਨੀ ਕੀਹਦੀ ਨਜ਼ਰ ਲੱਗਗੀ…।’’ ‘‘ਕੋਈ ਨਾ ਦਿਲ ਰੱਖ’’ ਕਮਲ ਦੇ ਬੁੱਲ੍ਹ ਹਿੱਲੇ। ‘‘ਤੁਸੀਂ ਕਿਵੇਂ ’ਕੱਲੇ ਈ ਬੋਲੀ ਜਾਨੇ ਓਂ।’’ ਕਮਲ ਇਕਦਮ ਚੌਕੰਨਾ ਹੋ ਗਿਆ।
‘ਸਰ, ਪਿੰਡ ਗੇੜਾ ਮਾਰਿਓ ਕਿਤੇ, ਐਤਕੀਂ ਵੱਡੇ ਗੁਰਦੁਆਰੇ ’ਚ ’ਖੰਡ ਪਾਠ ਰਖਵਾਇਐ… ਪਰਸੋਂ ਭੋਗ ਪੈਣੈ, ਆਇਓ ਲਾਜ਼ਮੀ…।’ ‘ਬਿੰਦਰ ਭਾਈ, ਦੁੱਧ ਪਤਲੈ ਹੁੰਦੈ, ਸਿਆਣਾ ਹੋ ਜਾ, ਜੇ ਮੈਡਮ ਨੇ ਹਟਾ ’ਤਾ ਤਾਂ ਫਿਰ ਮੈਨੂੰ ਨਾ ਆਖੀਂ।’ ਫਿਰਕੀ ਨਿਰਵਿਘਨ ਚਾਲੂ ਸੀ।
ਬਾਜ਼ਾਰੋਂ ਘਰ ਆ ਕੇ ਦੁਪਹਿਰ ਦਾ ਖਾਣਾ ਖਾ ਕੇ ਕਮਲ ਨੇ ਸੌਣ ਦਾ ਯਤਨ ਕੀਤਾ। ਨੀਂਦ ਦੀ ਨਦੀ ਵਿੱਚ ਡੁੱਬਣ ਹੀ ਲੱਗਾ ਸੀ ਕਿ ‘ਬੀਬੀ ਜੀ ਇੱਕ ਮੌਕਾ…’ ਵਾਕ ਨੇ ਸਾਰੀ ਖੇਡ ਖਰਾਬ ਕਰ ਦਿੱਤੀ। ਖਿਆਲਾਂ ਦੀ ਲੜੀ ਚੱਲ ਪਈ। ‘ਮੈਂ ਕਿਉਂ ਨਾ ਕਹਿ ਸਕਿਆ ਹਿੰਮਤ ਨਾਲ ਕਿ ਨਹੀਂ ਹਟਾਉਣਾ ਇਸ ਨੂੰ… ਬੁਜ਼ਦਿਲ ਹਾਂ ਕੀ ਮੈਂ…? ਸ਼ਰਮਾ ਜੀ ਦਾ ਕਿੰਨਾ ਰੋਅਬ ਐ ਆਪਣੀ ਬੀਵੀ ’ਤੇ… ਤੇ ਇੱਕ ਮੈਂ ਸਿਰੇ ਦਾ ਡਰਪੋਕ… ਮਾਂ ਕਹਿੰਦੀ ਹੁੰਦੀ ਸੀ ਮੇਰਾ ਸ਼ੇਰ ਪੁੱਤ… ਕਾਹਦਾ ਸ਼ੇਰ ਪੁੱਤ… ਵਿਚਾਰੀ ਮੇਰੀ ਮਾਂ!’ ਤੇ ਕਿੰਨਾ ਹੀ ਚਿਰ ਕਮਲ ਖ਼ੁਦ ਨਾਲ ਘੁਲਦਾ ਰਿਹਾ। ਏਨੇ ਨੂੰ ਸ਼ਾਮ ਹੋ ਗਈ।
‘‘ਚਲੋ, ਉੱਠ ਕੇ ਤਿਆਰ ਹੋ ਜਾਓ।’’ ਕਮਲ ਦਾ ਬਰਥ ਡੇ ’ਤੇ ਜਾਣ ਦਾ ਬਿਲਕੁਲ ਇਰਾਦਾ ਨਹੀਂ ਸੀ। ਉਸ ਨੇ ਇੱਕ ਵਾਰ ਮਨ੍ਹਾ ਵੀ ਕੀਤਾ ਤੇ ਕਿਹਾ ਕਿ ਉਹ ਇਕੱਲੀ ਚਲੀ ਜਾਵੇ ਪਰ ਉਹ ਕਿੱਥੇ ਮੰਨਣ ਵਾਲੀ ਸੀ। ਉੱਠਣ ਵੇਲੇ ਕਮਲ ਨੂੰ ਆਪਣਾ ਸਰੀਰ ਇਉਂ ਲੱਗਿਆ ਜਿਵੇਂ ਪੱਥਰ ਹੋ ਗਿਆ ਹੋਵੇ, ਮਸਾਂ ਉੱਠਿਆ ਤੇ ਤਿਆਰ ਹੋਣ ਲੱਗਿਆ।
ਬਰਥ ਡੇ ਪਾਰਟੀ ਦੀ ਚਕਾਚੌਂਧ… ਦੁਲਹਨ ਵਾਂਗ ਸਜੀ ਹੋਈ ਰਮਨ… ਹਾਸੇ ਠੱਠੇ… ਵਧਾਈਆਂ… ਖਿੜੇ ਚਿਹਰੇ… ਮੇਜ਼ ’ਤੇ ਟਿਕਿਆ ਖ਼ੂਬਸੂਰਤ ਕੇਕ… ਤੇ ਡਰਾਇੰਗ ਰੂਮ ਦੇ ਇੱਕ ਕੋਨੇ ਵਿੱਚ ਗੁਆਚਿਆ ਬੈਠਾ ਕਮਲਜੀਤ… ‘ਦੋ ਮੱਝਾਂ ਮਰ-ਗੀਆਂ… ਉੱਤੋਂ ਘਰ ਆਲੀ ਢਿੱਲੀ ਹੋਈ ਪਈ ਐ… ਇੱਕ ਮੌਕਾ ਤਾਂ ਦਿਓ… ਤੂੰ ਕਾਕਾ ਸਿਆਣਾ ਹੋ ਜਾ… ਮੈਡਮ ਨੇ ਦੁੱਧ ਬੰਦ ਕਰ ਦੇਣਾ, ਫੇਰ ਮੈਨੂੰ ਨਾ ਆਖੀਂ… ਬਿੰਦਰ ਦੀ ਕਿਹੜਾ ਚੰਗੀ ਗੱਲ ਐ, ਬੇਈਮਾਨ ਕਿਤੋਂ ਦਾ… ਇਹ ਕਿਹੜਾ ’ਕੱਲਾ ਬੇਈਮਾਨ ਐ, ਸਾਰੀ ਦੁਨੀਆਂ ਬੇਈਮਾਨ ਐ।’
‘‘ਹੈਪੀ ਬਰ’ਡੇ ਟੂ ਯੂ…।’’ ਤਾੜੀਆਂ ਦੀ ਗੜਗੜਾਹਟ ਨਾਲ ਕਮਲਜੀਤ ਸੁਰਤ ਵਿੱਚ ਆ ਗਿਆ। ਆਸੇ-ਪਾਸੇ ਵਾਪਰਦਾ ਦਿਸਣ ਲੱਗਿਆ।
ਰਾਤ ਦੇ ਦਸ ਵੱਜ ਚੁੱਕੇ ਸਨ। ਕਮਲ ਦਾ ਨੀਂਦ ਨਾਲ ਯੁੱਧ ਹੋ ਰਿਹਾ ਸੀ। ਇੱਕ ਵਾਰੀ ਦਿਲ ਕੀਤਾ ਕਿ ਉੱਠ ਕੇ ਗੋਲੀ ਖਾ ਲਵੇ, ਪਰ ਬਿਸਤਰੇ ਤੋਂ ਉੱਠਣ ਨੂੰ ਜੀ ਨਹੀਂ ਕੀਤਾ। ਨਾ ਹੀ ਨੀਰੂ ਨੂੰ ਕਹਿਣ ਨੂੰ ਮਨ ਕੀਤਾ। ‘‘ਤੁਸੀਂ ਅੱਜ ਸਵੇਰ ਦੇ ਉੱਖੜੇ ਉੱਖੜੇ ਜਿਹੇ ਕਿਉਂ ਲੱਗੀ ਜਾਨੇ ਓਂ?’’ ਨੀਰੂ ਨੇ ਕਮਲ ਦੇ ਨੇੜੇ ਆਉਂਦੀ ਨੇ ਆਖਿਆ। ਕਮਲ ਨੇ ਉਸ ਤੋਂ ਦੂਰੀ ਬਣਾਉਂਦਿਆਂ ਬਸ ਏਨਾ ਹੀ ਕਿਹਾ, ‘‘ਨਹੀਂ, ਐਵੇਂ ਤੇਰਾ ਵਹਿਮ ਐ।’’ ‘‘ਨਹੀਂ, ਨਹੀਂ, ਕੋਈ ਤਾਂ ਗੱਲ ਐ।’’ ਕਮਲ ਚੁੱਪ ਰਿਹਾ। ਨੀਰੂ ਨੇ ਗੱਲ ਜਾਰੀ ਰੱਖੀ, ‘‘ਕਿੰਨੀ ਵਧੀਆ ਪਾਰਟੀ ਸੀ, ਆਪਾਂ ਐਤਕੀਂ ਤੁਹਾਡੀ ਬਰਥ ਡੇ ਪਾਰਟੀ ਵੀ ਵਧੀਆ ਕਰਾਂਗੇ। ਮੈਂ ਤਾਂ ਕਹਿਨੀ ਆਂ, ਆਪਾਂ ਐਤਕੀਂ ਹੋਟਲ ਬੁੱਕ ਕਰਾਵਾਂਗੇ।’’ ‘‘ਕੋਈ ਨਾ ਦੇਖ ਲਵਾਂਗੇ।’’ ਕਮਲਜੀਤ ਨੇ ਖਹਿੜਾ ਛੁਡਾਉਣ ਦੇ ਮਕਸਦ ਨਾਲ ਆਖਿਆ ਤੇ ਫਿਰ ‘‘ਨੀਂਦ ਆਉਂਦੀ ਐ’’ ਕਹਿ ਕੇ ਪਾਸੇ ਹੋ ਕੇ ਪੈ ਗਿਆ।
ਅਗਲੇ ਚਾਰ ਪੰਜ ਦਿਨ ਕਮਲਜੀਤ ‘ਬਿੰਦਰ ਕਾਂਡ’ ਨਾਲ ਗੁੱਥਮ-ਗੁੱਥਾ ਹੁੰਦਾ ਰਿਹਾ। ਫਿਰ ਹੌਲੀ-ਹੌਲੀ ਬਿੰਦਰ ਮਨ ਤੋਂ ਉਤਰਨ ਲੱਗਾ। ਰੁਟੀਨ ਦੇ ਕੰਮਕਾਜ ਵਿੱਚ ਰੁਚੀ ਵਧਣ ਲੱਗੀ। ਇੰਝ ਕਰਦੇ ਕਰਾਉਂਦੇ ਕਮਲਜੀਤ ਬਿੰਦਰ ਤੋਂ ‘ਮੁਕਤ’ ਹੋ ਗਿਆ।
ਅਗਲਾ ਐਤਵਾਰ ਆਇਆ। ਕਮਲਜੀਤ ਗੂੜ੍ਹੀ ਨੀਂਦ ਸੌਂ ਕੇ ਉੱਠਿਆ ਸੀ। ਮਨ ਚੜ੍ਹਦੀ ਕਲਾ ਵਿੱਚ ਸੀ। ਪਤਨੀ ਨੂੰ ਆਖਿਆ, ‘‘ਭਾਗਵਾਨੇ, ਚਾਹ ਬਣਾ ਵਧੀਆ ਜੀ, ਅੱਜ ਮੂਡ ਬੜਾ ਕਮਾਲ ਐ।’’ ‘‘ਕਿਉਂ, ਅੱਜ ਮੂਡ ਨੂੰ ਕੀ ਹੋਇਆ?’’ ‘‘ਹੋਣਾ ਕੀ ਐ, ਬਸ ਊਈਂ ਮਨ ਖ਼ੁਸ਼ ਹੈ।’’ ਇੰਨਾ ਕਹਿ ਕੇ ਕਮਲ ਪਿਛਲੇ ਐਤਵਾਰ ਵਾਲੀ ਕਿਤਾਬ ਡਰਾਇੰਗ ਰੂਮ ਵਿੱਚ ਬੈਠ ਕੇ ਪੜ੍ਹਨ ਲੱਗਾ। ਪੜ੍ਹਦੇ ਪੜ੍ਹਦੇ ਪਤਾ ਨਹੀਂ ਮਨ ਵਿੱਚ ਕੀ ਆਇਆ, ਆਪਣੀ ਜਗ੍ਹਾ ਤੋਂ ਉੱਠਿਆ ਤੇ ਥਾਂ ਬਦਲ ਕੇ ਬੈਠ ਗਿਆ। ਇੱਕ ਵਾਰ ਵਿਚਦੀ ਡੋਰ ਬੈੱਲ ਵੱਜੀ। ਧਿਆਨ ਭਟਕਿਆ। ਫਿਰ ਇਕਾਗਰ ਚਿੱਤ ਹੋ ਗਿਆ। ਅਜੇ ਦੋ ਕੁ ਵਰਕੇ ਹੀ ਪਲਟੇ ਸਨ ਕਿ ਬੈੱਡਰੂਮ ਵਿੱਚੋਂ ਪਤਨੀ ਦੀ ਬੁੜਬੁੜ ਦੀ ਆਵਾਜ਼ ਆਈ। ਕਮਲਜੀਤ ਨੇ ਉਧਰੋਂ ਧਿਆਨ ਹਟਾਉਣ ਦੀ ਕੋਸ਼ਿਸ਼ ਕੀਤੀ ਤੇ ਜਗ੍ਹਾ ਬਦਲ ਕੇ ਫਿਰ ਪੁਰਾਣੀ ਥਾਂ ’ਤੇ ਬੈਠ ਗਿਆ। ਬੁੜਬੁੜ ਜਾਰੀ ਸੀ। ਏਨੇ ਨੂੰ ਇਹ ਬੁੜਬੁੜ ਬੋਲ ਬਣ ਕੇ ਲਾਬੀ ਦੇ ਰਸਤਿਓਂ ਆਉਂਦੀ ਹੋਈ ਡਰਾਇੰਗ ਰੂਮ ਵਿੱਚ ਹਾਜ਼ਰ ਹੋ ਗਈ: ‘‘ਇਹਨੂੰ ਕਿੰਨੀ ਵਾਰ ਆਖਿਆ ਭਾਈ ਕੱਪੜੇ ਠੀਕ ਤਰ੍ਹਾਂ ਪ੍ਰੈੱਸ ਕਰਿਆ ਕਰ, ਸੁਣਦਾ ਈ ਨੀ ਕੋਈ ਗੱਲ, ਮੇਰਾ ਤਾਂ ਜੀ ਕਰਦੈ ਇਹਨੂੰ ਹਟਾ ਕੇ ਸ਼ੰਕਰ ਨੂੰ ਲਾ ਲਈਏ।’’ …ਤੇ ਕਿਤਾਬ ਕਮਲ ਦੇ ਹੱਥੋਂ ਛੁੱਟ ਕੇ ਫਰਸ਼ ’ਤੇ ਜਾ ਪਈ।
ਸੰਪਰਕ: 94174-48436