ਬਿੰਦਰ ਸਿੰਘ ਖੁੱਡੀ ਕਲਾਂ
ਇਨਸਾਨੀ ਜ਼ਿੰਦਗੀ ਦਾ ਸ਼ਾਇਦ ਹੀ ਕੋਈ ਅਜਿਹਾ ਪੱਖ ਹੋਵੇ ਜਿਸਨੂੰ ਕਰੋਨਾ ਨੇ ਪ੍ਰਭਾਵਿਤ ਨਾ ਕੀਤਾ ਹੋਵੇ। ਆਪਣੇ ਦੇਸ਼ ’ਚ ਕਰੋਨਾ ਤੋਂ ਬਚਾਅ ਲਈ ਮਾਰਚ ਮਹੀਨੇ ਲੱਗੀਆਂ ਪਾਬੰਦੀਆਂ ਨੇ ਸਿੱਖਿਆ ਖੇਤਰ ਨੂੰ ਅਜਿਹਾ ਪ੍ਰਭਾਵਿਤ ਕੀਤਾ ਕਿ ਵਿਦਿਆਰਥੀਆਂ ਦੀ ਪੜ੍ਹਾਈ ਜਾਰੀ ਰੱਖਣਾ ਇਕ ਚੁਣੌਤੀ ਬਣ ਗਿਆ। ਬੀਤੇ ਸੈਸ਼ਨ ਦੀਆਂ ਬੋਰਡ ਪ੍ਰੀਖਿਆਵਾਂ ਵੀ ਅੱਧ ਵਿਚਕਾਰ ਹੀ ਲਟਕ ਗਈਆਂ। ਕਾਫ਼ੀ ਦੇਰ ਦੀ ਉਡੀਕ ਉਪਰੰਤ ਸਿੱਖਿਆ ਵਿਭਾਗ ਨੂੰ ਵਿਦਿਆਰਥੀਆਂ ਦੀ ਪਹਿਲੀ ਕਾਰਗੁਜ਼ਾਰੀ ਦੇ ਆਧਾਰ ’ਤੇ ਸਾਲਾਨਾ ਨਤੀਜਿਆਂ ਦਾ ਐਲਾਨ ਕਰਨਾ ਪਿਆ। ਜਿੱਥੇ ਚਾਹ, ਉੱਥੇ ਰਾਹ ਦੀ ਕਹਾਵਤ ਅਨੁਸਾਰ ਸਿੱਖਿਆ ਵਿਭਾਗ ਨੇ ਆਨਲਾਈਨ ਤਰੀਕੇ ਨਾਲ ਨਵੇਂ ਸੈਸ਼ਨ ਦੇ ਦਾਖਲਿਆਂ ਦੀ ਸ਼ੁਰੂਆਤ ਕਰ ਦਿੱਤੀ।
ਵਟਸਐਪ ਗਰੁੱਪਾਂ ਤੋਂ ਸ਼ੁਰੂ ਹੋਇਆ ਆਨਲਾਈਨ ਪੜ੍ਹਾਈ ਦਾ ਸਿਲਸਿਲਾ ਅੱਜਕੱਲ੍ਹ ਟੈਲੀਵਿਜ਼ਨ, ਯੂ-ਟਿਊਬ ਅਤੇ ਗੂਗਲ ਕਲਾਸ ਰੂਮ ਤਕ ਪਹੁੰਚ ਚੁੱਕਿਆ ਹੈ। ਸੂਬਾ ਸਰਕਾਰ ਨੇ ਕਰੋਨਾ ਪਾਬੰਦੀਆਂ ਦੀ ਪਾਲਣਾ ਨਾਲ ਨੌਵੀਂ ਤੋਂ ਬਾਰ੍ਹਵੀਂ ਜਮਾਤ ਤਕ ਦੇ ਵਿਦਿਆਰਥੀਆਂ ਨੂੰ ਸਕੂਲ ਆਉਣ ਦੀ ਇਜਾਜ਼ਤ ਦਿੱਤੀ ਹੈ, ਪਰ ਇਸਦੇ ਨਾਲ ਹੀ ਆਨਲਾਈਨ ਪੜ੍ਹਾਈ ਨੂੰ ਵੀ ਜਾਰੀ ਰੱਖਿਆ ਜਾ ਰਿਹਾ ਹੈ।
ਮੌਜੂਦਾ ਵਿੱਦਿਅਕ ਸੈਸ਼ਨ ਦੇ ਅੱਠ ਮਹੀਨੇ ਬੀਤਣ ’ਤੇ ਸਾਲਾਨਾ ਪ੍ਰੀਖਿਆਵਾਂ ਦਾ ਸਮਾਂ ਨੇੜੇ ਆ ਰਿਹਾ ਹੈ। ਵਿਭਾਗ ਵੱਲੋਂ ਸਾਲਾਨਾ ਪ੍ਰੀਖਿਆਵਾਂ ਦੀ ਤਿਆਰੀ ਵਜੋਂ ਕਰੋਨਾ ਮਹਾਂਮਾਰੀ ਦੀ ਬਦੌਲਤ ਪ੍ਰਭਾਵਿਤ ਹੋਈ ਪੜ੍ਹਾਈ ਤੋਂ ਵਿਦਿਆਰਥੀਆਂ ਨੂੰ ਰਾਹਤ ਦੇਣ ਲਈ ਤੀਹ ਫੀਸਦੀ ਦੇ ਕਰੀਬ ਪਾਠਕ੍ਰਮ ਦੀ ਕਟੌਤੀ ਕਰਨ ਦੇ ਨਾਲ ਨਾਲ ਪ੍ਰਸ਼ਨ ਪੱਤਰਾਂ ਦੇ ਢਾਂਚੇ ਵਿਚ ਵੀ ਤਬਦੀਲੀ ਕੀਤੀ ਹੈ। ਇਸਦੇ ਨਾਲ ਹੀ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ‘ਮਿਸ਼ਨ ਸ਼ਤ ਪ੍ਰਤੀਸ਼ਤ’ ਪ੍ਰਾਜੈਕਟ ਵੀ ਅਮਲ ਵਿਚ ਲਿਆਂਦਾ ਜਾ ਰਿਹਾ ਹੈ। ਸ਼ਤ ਪ੍ਰਤੀਸ਼ਤ ਨੂੰ ਸ਼ਬਦੀ ਅਰਥਾਂ ਵਿਚ ਵੇਖਿਆ ਜਾਵੇ ਤਾਂ ਬਣਦਾ ਹੈ ਸੌ ਫੀਸਦੀ। ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਲਾਗੂ ਕੀਤੇ ਮਿਸ਼ਨ ਸ਼ਤ ਪ੍ਰਤੀਸ਼ਤ ਦਾ ਅਰਥ ਵੀ ਸੌ ਫੀਸਦੀ ਸਫਲਤਾ ਤੋਂ ਹੈ। ਇਸ ਮਿਸ਼ਨ ਤਹਿਤ ਸਰਕਾਰੀ ਸਕੂਲਾਂ ਦੇ ਸਾਰੀਆਂ ਜਮਾਤਾਂ ਦੇ ਸਾਰੇ ਦੇ ਸਾਰੇ ਵਿਦਿਆਰਥੀਆਂ ਦੇ ਨਾ ਸਿਰਫ਼ ਪਾਸ ਹੋਣ ਦਾ ਟੀਚਾ ਰੱਖਿਆ ਗਿਆ ਹੈ ਬਲਕਿ ਵਿਦਿਆਰਥੀਆਂ ਦੀ ਮੌਜੂਦਾ ਕਾਰਗੁਜ਼ਾਰੀ ’ਚ ਇਸ ਤਰ੍ਹਾਂ ਇਜ਼ਾਫਾ ਕਰਨ ਦੀ ਵਿਉਂਤਬੰਦੀ ਵੀ ਸ਼ੁਮਾਰ ਹੈ ਕਿ ਸਾਲਾਨਾ ਨਤੀਜਿਆਂ ਦੌਰਾਨ ਹਰ ਵਿਦਿਆਰਥੀ ਦੀ ਕਾਰਗੁਜ਼ਾਰੀ ਵਿਚ ਘੱਟੋ ਘੱਟ ਤੀਹ ਫੀਸਦੀ ਦਾ ਵਾਧਾ ਜ਼ਰੂਰ ਨਜ਼ਰ ਆਵੇ।
ਮਿਸ਼ਨ ਸ਼ਤ ਪ੍ਰਤੀਸ਼ਤ ਤਹਿਤ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਵੱਲੋਂ ਸਾਰੀਆਂ ਜਮਾਤਾਂ ਦੇ ਵਿਦਿਆਰਥੀਆਂ ਦੀ ਪਿਛਲੇ ਮੁਲਾਕਣਾਂ ਦੀ ਕਾਰਗੁਜ਼ਾਰੀ ਦੇ ਆਧਾਰ ’ਤੇ ਪਛਾਣ ਕਰਦਿਆਂ ਕਾਰਗੁਜ਼ਾਰੀ ਦੇ ਸੁਧਾਰ ਲਈ ਯੋਜਨਾ ਉਲੀਕੀ ਜਾਣੀ ਹੈ। ਅਧਿਆਪਕ ਵੱਲੋਂ ਹਰ ਵਿਦਿਆਰਥੀ ਵੱਲ ਨਿੱਜੀ ਤੌਰ ’ਤੇ ਧਿਆਨ ਦਿੱਤਾ ਜਾਣਾ ਹੈ। ਹਰ ਵਿਦਿਆਰਥੀ ਨੂੰ ਉਸਦੀ ਸਿੱਖਣ ਸਮਰੱਥਾ ਅਨੁਸਾਰ ਸਰਲ ਅਤੇ ਵਿਸਥਾਰਤ ਪੜ੍ਹਨ ਸਮੱਗਰੀ ਮੁਹੱਈਆ ਕਰਵਾਈ ਜਾਣੀ ਹੈ। ਹੁਸ਼ਿਆਰ ਅਤੇ ਗ੍ਰਹਿਣ ਕਰਨ ਵਿਚ ਤੇਜ਼ ਤਰਾਰ ਵਿਦਿਆਰਥੀਆਂ ਨੂੰ ਹਰ ਵਿਸ਼ੇ ਦੀ ਵਿਸਥਾਰਤ ਸਿੱਖਣ ਸਮੱਗਰੀ ਮੁਹੱਈਆ ਕਰਵਾਉਂਦਿਆਂ ਮੈਰਿਟ ਸੂਚੀ ਦੇ ਯੋਗ ਬਣਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਇਸੇ ਤਰ੍ਹਾਂ ਸਿੱਖਣ ਵਿਚ ਹੌਲੀ ਵਿਦਿਆਰਥੀਆਂ ਲਈ ਹਰ ਵਿਸ਼ੇ ਦੀ ਸਰਲ ਅਤੇ ਸੰਖੇਪ ਸਿੱਖਣ ਸਮੱਗਰੀ ਪ੍ਰਦਾਨ ਕਰਨ ਦਾ ਟੀਚਾ ਹੈ। ਵੇਖਣ ਵਿਚ ਆਇਆ ਹੈ ਕਿ ਕਈ ਵਾਰ ਵਿਦਿਆਰਥੀਆਂ ਨੂੰ ਸਾਰਾ ਕੁਝ ਆਉਂਦਾ ਹੋਣ ਦੇ ਬਾਵਜੂਦ ਉਹ ਪ੍ਰਸ਼ਨ ਪੱਤਰ ਚੰਗੀ ਤਰ੍ਹਾਂ ਹੱਲ ਕਰਨ ਤੋਂ ਖੁੰਝ ਜਾਂਦੇ ਹਨ। ਵਿਦਿਆਰਥੀਆਂ ਨੂੰ ਉਨ੍ਹਾਂ ਦੀ ਸਿੱਖਣ ਸਮਰੱਥਾ ਅਨੁਸਾਰ ਪੜ੍ਹਨ ਸਮੱਗਰੀ ਪ੍ਰਦਾਨ ਕਰਨ ਦੇ ਨਾਲ ਨਾਲ ਵਿਦਿਆਰਥੀਆਂ ਨੂੰ ਪ੍ਰਸ਼ਨ ਪੱਤਰ ਹੱਲ ਕਰਨ ਦੀਆਂ ਤਕਨੀਕਾਂ ਤੋਂ ਵੀ ਜਾਣੂ ਕਰਵਾਇਆ ਜਾਵੇਗਾ।
ਮਿਸ਼ਨ ਸ਼ਤ ਪ੍ਰਤੀਸ਼ਤ ਦਾ ਮੁੱਖ ਮਨੋਰਥ ਕਰੋਨਾ ਦੌਰਾਨ ਵਿਦਿਆਰਥੀਆਂ ਦੀ ਪ੍ਰਭਾਵਿਤ ਹੋਈ ਪੜ੍ਹਾਈ ਦੇ ਮੰਦ ਪ੍ਰਭਾਵ ਨੂੰ ਉਨ੍ਹਾਂ ਦੇ ਸਾਲਾਨਾ ਪ੍ਰੀਖਿਆਵਾਂ ’ਤੇ ਪੈਣ ਵਾਲੇ ਸੰਭਾਵੀ ਨਕਾਰਤਮਕ ਅਸਰ ਤੋਂ ਬਚਾਉਣਾ ਹੈ। ਕਰੋਨਾ ਕਾਲ ਦੌਰਾਨ ਪੜ੍ਹਾਈ ਵਿਚ ਆਈ ਖੜੋਤ ਦੇ ਅਸਰਾਂ ਨੂੰ ਖ਼ਤਮ ਕਰਨ ਲਈ ਮਿਸ਼ਨ ਸ਼ਤ ਪ੍ਰਤੀਸ਼ਤ ਕਿਸੇ ਚੁਣੌਤੀ ਤੋਂ ਘੱਟ ਨਹੀਂ। ਬੇਸ਼ੱਕ ਅਧਿਆਪਕਾਂ ਵੱਲੋਂ ਆਨਲਾਈਨ ਤਰੀਕੇ ਵਿਦਿਆਰਥੀਆਂ ਦੀ ਪੜ੍ਹਾਈ ਪ੍ਰਭਾਵੀ ਤਰੀਕੇ ਨਾਲ ਜਾਰੀ ਰੱਖਣ ਦੀਆਂ ਸਭ ਸੰਭਵ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ, ਪਰ ਆਨਲਾਈਨ ਪੜ੍ਹਾਈ ਦੀਆਂ ਆਪਣੀਆਂ ਸੀਮਾਵਾਂ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ। ਵਿਦਿਅਕ ਸੈਸ਼ਨ ਦਾ ਬਹੁਤਾ ਸਮਾਂ ਵਿਦਿਆਰਥੀਆਂ ਨਾਲ ਅਧਿਆਪਕਾਂ ਦਾ ਸਿੱਧਾ ਰਾਬਤਾ ਨਹੀਂ ਬਣ ਸਕਿਆ। ਪ੍ਰਯੋਗੀ ਵਿਸ਼ਿਆਂ ਲਈ ਆਨਲਾਈਨ ਪੜ੍ਹਾਈ ਦੀ ਆਪਣੀ ਹੀ ਇਕ ਸੀਮਾ ਰਹੀ ਹੈ। ਅਧਿਆਪਕਾਂ ਅਤੇ ਵਿਦਿਆਰਥੀਆਂ ਵੱਲੋਂ ਮਿਸ਼ਨ ਸ਼ਤ ਪ੍ਰਤੀਸ਼ਤ ਨੂੰ ਚੁਣੌਤੀ ਵਜੋਂ ਸਵੀਕਾਰਦਿਆਂ ਕੀਤੀ ਸ਼ੁਰੂਆਤ ਬਿਹਤਰ ਸੰਭਾਵੀਂ ਨਤੀਜਿਆਂ ਵੱਲ ਇਸ਼ਾਰਾ ਕਰ ਰਹੀ ਹੈ।
ਸੰਪਰਕ: 98786-05965