ਲਾਹੌਰ ਦੇ ਮੀਨਾਰ-ਇ-ਪਾਕਿਸਤਾਨ ਛੇੜਛਾੜ ਕੇਸ ਵਿਚ ਸ਼ਨਿੱਚਰਵਾਰ ਨੂੰ 10 ਹੋਰ ਗ੍ਰਿਫ਼ਤਾਰੀਆਂ ਹੋਣ ਨਾਲ ਗ੍ਰਿਫ਼ਤਾਰਾਂ ਦੀ ਕੁੱਲ ਗਿਣਤੀ 40 ਤਕ ਪਹੁੰਚ ਗਈ ਹੈ। ਪੁਲੀਸ ਦਾ ਕਹਿਣਾ ਹੈ ਕਿ ਕੇਸ ਦੇ ਹੋਰਨਾਂ ਮੁਲਜ਼ਮਾਂ ਦੀ ਸ਼ਨਾਖ਼ਤ ਕਰਨ ਦਾ ਸਿਲਸਿਲਾ ਜਾਰੀ ਹੈ ਅਤੇ ਹੋਰ ਗ੍ਰਿਫ਼ਤਾਰੀਆਂ ਦੀ ਸੰਭਾਵਨਾ ਰੱਦ ਨਹੀਂ ਕੀਤੀ ਜਾ ਸਕਦੀ। ਜ਼ਿਕਰਯੋਗ ਹੈ ਕਿ 14 ਅਗਸਤ ਨੂੰ ਪਾਕਿਸਤਾਨ ਆਜ਼ਾਦੀ ਦਿਨ ਮੌਕੇ ਗ੍ਰੇਟਰ ਇਕਬਾਲ ਪਾਰਕ ਵਿਚ ਮੀਨਾਰ-ਇ-ਪਾਕਿਸਤਾਨ ਨੇੜੇ ਟਿੱਕ-ਟੌਕ ਵੀਡੀਓ ਬਣਾ ਰਹੀ ਇਕ ਟੋਲੀ ਉੱਤੇ ਚਾਰ ਸੌ ਲੋਕਾਂ ਦੇ ਹਜੂਮ ਨੇ ਹਮਲਾ ਕਰ ਦਿੱੱਤਾ ਸੀ। ਇਸ ਟੋਲੀ ਦੀ ਮੈਂਬਰ, ਇਕ ਮੁਟਿਆਰ ਨਾਲ ਬੁਰੀ ਤਰ੍ਹਾਂ ਛੇੜਛਾੜ ਕੀਤੀ ਗਈ ਸੀ, ਉਸ ਦੇ ਕੱਪੜੇ ਪਾੜ ਦਿੱਤੇ ਗਏ ਸਨ ਅਤੇ ਉਸ ਦੇ ਜਿਸਮ ਨੂੰ ਕਈ ਵਾਰ ਹਵਾ ਵਿਚ ਉਛਾਲਿਆ ਗਿਆ ਸੀ। ਇਸ ਘਟਨਾ ਦੀ ਵੀਡੀਓ ਵਾਇਰਲ ਹੋਣ, ਟੀਵੀ ਚੈਨਲਾਂ ’ਤੇ ਚਰਚਾ ਦਾ ਵਿਸ਼ਾ ਬਣਨ ਅਤੇ ਵਿਦੇਸ਼ੀ ਮੁਲਕਾਂ ਵਿਚ ਪਾਕਿਸਤਾਨੀ ਆਵਾਮ ਤੇ ਨਿਜ਼ਾਮ ਨੂੰ ਭੰਡੇ ਜਾਣ ਮਗਰੋਂ ਪਾਕਿਸਤਾਨ ਸਰਕਾਰ ਹਰਕਤ ਵਿਚ ਆਈ ਸੀ।
ਅੰਗਰੇਜ਼ੀ ਅਖ਼ਬਾਰ ‘ਡੇਲੀ ਟਾਈਮਜ਼’ ਦੀ ਰਿਪੋਰਟ ਅਨੁਸਾਰ ਲਾਹੌਰ ਪੁਲੀਸ ਨੇ ਸ਼ਿਕਾਇਤਕਾਰ ਲੜਕੀ ਵੱਲੋਂ ਦਰਜ ਕਰਵਾਈ ਐਫ.ਆਈ.ਆਰ. ਜਨਤਕ ਤੌਰ ’ਤੇ ਨਸ਼ਰ ਕਰਦਿਆਂ ਹੋਰਨਾਂ ਮੁਲਜ਼ਮਾਂ ਦੀ ਸ਼ਨਾਖ਼ਤ ਸੰਭਵ ਬਣਾਉਣ ਵਾਸਤੇ ਆਮ ਲੋਕਾਂ ਤੋਂ ਸਹਿਯੋਗ ਮੰਗਿਆ ਹੈ। ਸ਼ਿਕਾਇਤ ਮੁਤਾਬਿਕ ਸ਼ਿਕਾਇਤਕਾਰ ਲੜਕੀ ਤੇ ਉਸ ਦੇ ਸਾਥੀ, ਮੀਨਾਰ ਦੇ ਨੇੜੇ ਵੀਡੀਓ ਬਣਾ ਰਹੇ ਸਨ ਕਿ ਉਨ੍ਹਾਂ ਉੱਪਰ ਅਸ਼ਲੀਲਤਾ ਫੈਲਾਉਣ ਦੇ ਦੋਸ਼ ਲਾਉਣ ਵਾਲੀ ਇਕ ਭੀੜ ਨੇ ਹਮਲਾ ਕਰ ਦਿੱਤਾ। ਵੀਡੀਓ ਟੀਮ ਨੂੰ ਬਚਾਉਣ ਲਈ ਮੀਨਾਰ ਵਾਲੇ ਜੰਗਲੇ ਦੇ ਸੁਰੱਖਿਆ ਗਾਰਡ ਨੇ ਜੰਗਲੇ ਦਾ ਗੇਟ ਖੋਲ੍ਹ ਕੇ ਟੀਮ ਨੂੰ ਅੰਦਰ ਕਰ ਲਿਆ। ਪਰ ਭੀੜ ਜੰਗਲੇ ਦੀਆਂ ਰੇਲਿੰਗਜ਼ ਟੱਪ ਕੇ ਅੰਦਰ ਆ ਵੜੀ, ਟੀਮ ਮੈਂਬਰਾਂ ਦੀ ਕੁੱਟਮਾਰ ਕੀਤੀ ਅਤੇ ਲੜਕੀ ਨੂੰ ਮੁੱਖ ਤੌਰ ’ਤੇ ਛੇੜ-ਛਾੜ ਦਾ ਨਿਸ਼ਾਨਾ ਬਣਾਇਆ। ਇਸ ਅਮਲ ਦੌਰਾਨ ਲੜਕੀ ਦੇ ਕਾਂਟੇ ਖਿੱਚ ਲਏ ਗਏ, ਇਕ ਮੁੰਦਰੀ ਵੀ ਜਬਰੀ ਲਾਹ ਲਈ ਗਈ ਅਤੇ ਉਸ ਦੇ ਇਕ ਸਾਥੀ ਦਾ ਸ਼ਨਾਖ਼ਤੀ ਕਾਰਡ, ਬਟੂਆ ਤੇ ਮੋਬਾਈਲ ਹਥਿਆ ਲਏ ਗਏ। ਬਟੂਏ ਵਿਚ 15 ਹਜ਼ਾਰ ਰੁਪਏ ਸਨ। ਜਦੋਂ ਇਹ ਹਜੂਮੀ ਤਾਂਡਵ ਚੱਲ ਰਿਹਾ ਸੀ ਤਾਂ ਟੀਮ ਦੇ ਇਕ ਮੈਂਬਰ ਨੇ ਪੁਲੀਸ ਨੂੰ ਸੂਚਿਤ ਕੀਤਾ ਅਤੇ ਮਦਦ ਮੰਗੀ, ਪਰ ਪੁਲੀਸ ਬਹੁਤ ਦੇਰ ਨਾਲ ਪਹੁੰਚੀ।
ਇਸ ਘਟਨਾ ਤੋਂ ਮੁਲਕ ਦੀ ਬਦਨਾਮੀ ਹੋਣ ਮਗਰੋਂ ਸੂਬਾ ਪੰਜਾਬ ਦੇ ਵਜ਼ੀਰੇ ਆਲ੍ਹਾ ਸਰਦਾਰ ਉਸਮਾਨ ਬੁਜ਼ਦਾਰ ਨੇ ਸਾਰੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਪੁਲੀਸ ਨੂੰ ਇਕ ਹਫ਼ਤੇ ਦੀ ਮੋਹਲਤ ਦਿੱਤੀ ਹੈ। ਦੂਜੇ ਪਾਸੇ, ਸੂਬਾਈ ਪੁਲੀਸ ਮੁਖੀ ਨੇ ਢਿੱਲ-ਮੱਠ ਤੇ ਕੋਤਾਹੀ ਦੇ ਦੋਸ਼ ਕਬੂਲਦਿਆਂ ਲਾਹੌਰ ਦੇ ਡੀ.ਆਈ.ਜੀ. (ਅਪਰੇਸ਼ਨਜ਼), ਸੀਨੀਅਰ ਪੁਲੀਸ ਕਪਤਾਨ ਤੇ ਇਕ ਡਿਵੀਜ਼ਨਲ ਐੱਸ.ਪੀ. ਦੀਆਂ ਬਦਲੀਆਂ ਕਰ ਦਿੱਤੀਆਂ ਹਨ। ਇੰਜ ਹੀ, ਬਦਾਮੀ ਬਾਗ਼ ਪੁਲੀਸ ਸਬ ਡਿਵੀਜ਼ਨ ਦੇ ਡੀ.ਐੱਸ.ਪੀ. ਉਸਮਾਨ ਹੈਦਰ ਅਤੇ ਲਾਰੀ ਅੱਡਾ ਥਾਣੇ ਦੇ ਮੁਖੀ ਮੁਹੰਮਦ ਜਮੀਲ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਨ੍ਹਾਂ ਤੋਂ ਇਲਾਵਾ ਗ੍ਰੇਟਰ ਇਕਬਾਲ ਪਾਰਕ ਦਾ ਪ੍ਰਾਜੈਕਟ ਡਾਇਰੈਕਟਰ ਅਤੇ ਇਕ ਡਿਪਟੀ ਡਾਇਰੈਕਟਰ ਵੀ ਮੁਅੱਤਲ ਕੀਤੇ ਗਏ ਹਨ। ਉਨ੍ਹਾਂ ਉਪਰ ਪਾਰਕ ਅੰਦਰ ਦਾਖ਼ਲੇ ਨੂੰ ਕੰਟਰੋਲ ਕਰਨ ਦੇ ਢੁਕਵੇਂ ਉਪਾਅ ਨਾ ਕਰਨ ਦਾ ਦੋਸ਼ ਹੈ।
ਅਜਿਹੇ ਘਟਨਾਕ੍ਰਮ ਦੌਰਾਨ ਸੋਸ਼ਲ ਮੀਡੀਆ ਤੇ ਸਮਾਜਿਕ ਮੰਚਾਂ ਉੱਤੇ ‘ਮੇਰਾ ਜਿਸਮ, ਮੇਰੀ ਮਰਜ਼ੀ’ ਲਹਿਰ ਜ਼ੋਰ ਫੜਦੀ ਜਾ ਰਹੀ ਹੈ। ਇਹ ਲਹਿਰ ਖ਼ੁਦ ਨੂੰ ‘ਸੁਧਾਰਵਾਦੀ’ ਦੱਸਣ ਵਾਲੇ ਉਨ੍ਹਾਂ ਹਲਕਿਆ ਦੇ ਖਿਲਾਫ਼ ਹੈ ਜਿਹੜੇ ਔਰਤਾਂ ਨੂੰ ਜਨਤਕ ਥਾਵਾਂ ’ਤੇ ‘ਸ਼ਾਲੀਨ’ ਪਹਿਰਾਵੇ ਵਿਚ ਆਉਣ ਦੀਆਂ ਨਸੀਹਤਾਂ ਦਿੰਦੇ ਆਏ ਹਨ। ਲਹਿਰ ਨੂੰ ਸਮਾਜ ਦੇ ਹਰ ਤਬਕੇ ਦੀਆਂ ਔਰਤਾਂ ਤੋਂ ਹਮਾਇਤ ਮਿਲਣ ਕਾਰਨ ਦਕਿਆਨੂਸੀ ਜਮਾਤਾਂ ਨੇ ਨਸਹੀਤਾਂ ਦੇਣ ਦੀ ਥਾਂ ਚੁੱਪੀ ਧਾਰਨੀ ਬਿਹਤਰ ਸਮਝੀ ਹੈ।
ਮੀਨਾਰ ਵਰਗਾ ਇਕ ਹੋਰ ਕਾਂਡ
ਸ਼ਨਿੱਚਰਵਾਰ (21 ਅਗਸਤ) ਨੂੰ ਮੀਨਾਰ ਕੇਸ ਵਰਗਾ ਇਕ ਹੋਰ ਵੀਡੀਓ ਵਾਇਰਲ ਹੋਇਆ। ਇਹ ਵੀਡੀਓ ਵੀ ਔਰਤਾਂ ਪ੍ਰਤੀ ਪਾਕਿਸਤਾਨੀ ਸਮਾਜ ਦੇ ਤੌਹੀਨੀ ਰੁਖ਼ ਨੂੰ ਬੇਪਰਦ ਕਰਦਾ ਹੈ। ਅੰਗਰੇਜ਼ੀ ਅਖ਼ਬਾਰ ‘ਐਕਸਪ੍ਰੈਸ ਟ੍ਰਿਬਿਊਨ’ ਦੀ ਰਿਪੋਰਟ ਅਨੁਸਾਰ ਇਸ ਵੀਡੀਓ ਵਾਲੀ ਘਟਨਾ ਲਾਹੌਰ ਵਿਚ ਹੀ ਆਜ਼ਾਦੀ ਦਿਹਾੜੇ ਦੌਰਾਨ ਵਾਪਰੀ। ਦੋ ਮੁਟਿਆਰਾਂ ਇਕ ਨਾਬਾਲਗ ਮੁੰਡੇ ਨਾਲ ਚੀਨੀ ਰਿਕਸ਼ੇ ਦੀ ਪਿਛਲੀ ਸੀਟ ’ਤੇ ਬੈਠੀਆਂ ਸਨ। ਸੜਕ ’ਤੇ ਚੱਲ ਰਹੇ ਆਜ਼ਾਦੀ ਦਿਨ ਦੇ ਜਸ਼ਨਾਂ ਕਾਰਨ ਰਿਕਸ਼ਾ, ਭੀੜ ਵਿਚ ਫਸ ਗਿਆ। ਅਚਾਨਕ ਇਕ ਬੰਦਾ ਰਿਕਸ਼ੇ ਉੱਤੇੇ ਜਾ ਚੜ੍ਹਿਆ ਅਤੇ ਇਕ ਮੁਟਿਆਰ ਨੂੰ ਚੁੰਮ ਲਿਆ। ਦੂਜੀ ਮੁਟਿਆਰ ਨੇ ਉਸ ਨੂੰ ਥੱਪੜ ਮਾਰਿਆ। ਓਨੀ ਦੇਰ ਨੂੰ ਇਕ ਹੋਰ ਬੰਦਾ ਰਿਕਸ਼ੇ ’ਤੇ ਚੜ੍ਹਦਾ ਦਿਖਦਾ ਹੈ। ਉਸ ਨੂੰ ਰੋਕਣ ਲਈ ਪਹਿਲੀ ਮੁਟਿਆਰ ਆਪਣੀ ਚੱਪਲ ਦਿਖਾਉਂਦੀ ਵੀ ਨਜ਼ਰ ਆਉਂਦੀ ਹੈ। ਰਿਕਸ਼ੇ ਦੇ ਆਸ-ਪਾਸ ਸੈਂਕੜੇ ਲੋਕ ਮੌਜੂਦ ਹਨ, ਪਰ ਉਹ ਸ਼ਰਾਰਤੀ ਅਨਸਰਾਂ ਨੂੰ ਰੋਕਣ ਦੀ ਥਾਂ ਚਸਕੇ ਲੈਂਦੇ ਤੇ ਅਸ਼ਲੀਲ ਫ਼ਿਕਰੇ ਕੱਸਦੇ ਸੁਣੇ ਜਾ ਸਕਦੇ ਹਨ। ਇਸ ਵੀਡੀਓ ਨੇ ਲਾਹੌਰ ਪੁਲੀਸ ਦੀ ਸਿਰਦਰਦੀ ਵਧਾ ਦਿੱਤੀ ਹੈ। ਦੂਜੇ ਪਾਸੇ ਪੰਜਾਬ ਦੇ ਜੇਲ੍ਹ ਮੰਤਰੀ ਫ਼ਯਾਜ਼ੁਲ ਹਸਨ ਚੌਹਾਨ ਨੇ ਇਸ ਵਾਰਦਾਤ ਦੀ ਮਜ਼ੱਮਤ ਕਰਦਿਆਂ ਮੁਲਜ਼ਮਾਂ ਦੀ ਛੇਤੀ ਤੋਂ ਛੇਤੀ ਸ਼ਨਾਖ਼ਤ ਕਰਨ ਤੇ ਸਖ਼ਤ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ।
ਤਾਲਿਬਾਨ ਬਾਰੇ ਪ੍ਰਤੀਕਰਮ
ਅਫ਼ਗ਼ਾਨਿਸਤਾਨ ਦੀ ਹਕਮੂਤੀ ਵਾਗਡੋਰ ਤਾਲਿਬਾਨ ਦੇ ਹੱਥ ਵਿਚ ਆਉਣ ਤੋਂ ਜਿੱਥੇ ਪਾਕਿਸਤਾਨੀ ਅਵਾਮ ਖ਼ੁਸ਼ ਜਾਪਦਾ ਹੈ, ਉੱਥੇ ਮੀਡੀਆ ਨੂੰ ਵੀ ਚਾਅ ਚੜ੍ਹਿਆ ਪਿਆ ਹੈ। ਇਹ ਚਾਅ ਜੰਮੂ ਕਸ਼ਮੀਰ ਸਬੰਧੀ ਧਾਰਾ 370 ਖ਼ਤਮ ਕੀਤੇ ਜਾਣ ਸਮੇਂ ਭਾਰਤ ਵਿਚ ਭਾਜਪਾ ਤੇ ਹਿੰਦੂਤਵ ਦੇ ਹਮਾਇਤੀਆਂ ਵੱਲੋਂ ਮਨਾਏ ਜਸ਼ਨਾਂ ਵਰਗਾ ਹੀ ਹੈ। ਫਿਰ ਵੀ, ਕੁਝ ਮੀਡੀਆ ਹਲਕੇ ਪਾਕਿਸਤਾਨ ਸਰਕਾਰ ਤੇ ਆਮ ਲੋਕਾਂ ਨੂੰ ਸੰਜਮੀ ਰੁਖ਼ ਅਪਣਾਉਣ ਅਤੇ ਹਾਲ ਦੀ ਘੜੀ ‘‘ਤੇਲ ਤੇ ਉਸ ਦੀ ਧਾਰ’’ ਨੂੰ ਨਿਰਖ-ਪਰਖ ਕੇ ਬੋਲਣ ਦੀ ਨਸੀਹਤ ਦੇ ਰਹੇ ਹਨ। ਅੰਗਰੇਜ਼ੀ ਅਖ਼ਬਾਰ ‘ਡਾਅਨ’ ਨੇ ਆਪਣੇ ਅਦਾਰੀਏ ‘ਤਾਲਿਬਾਨ ਵਿਰੋਧੀ ਮੁਜ਼ਾਹਰੇ’ ਵਿਚ ਲਿਖਿਆ ਹੈ ਕਿ ‘ਅਫ਼ਗ਼ਾਨਿਸਤਾਨ ਵਿਚ ਹਾਲਾਤ ਤਾਲਿਬਾਨ ਦੇ ਪੂਰੇ ਕਾਬੂ ਹੇਠ ਨਹੀਂ ਹਨ। ਅਫ਼ਗ਼ਾਨ ਆਜ਼ਾਦੀ ਦਿਹਾੜੇ ਮੌਕੇ ਅਸਦਾਬਾਦ, ਜਲਾਲਾਬਾਦ ਅਤੇ ਕਾਬੁਲ ਵਿਚ ਕਈ ਥਾਵਾਂ ’ਤੇ ਤਾਲਿਬਾਨ ਦੀ ਥਾਂ ਅਫ਼ਗ਼ਾਨ ਕੌਮੀ ਝੰਡੇ ਲਹਿਰਾਏ ਜਾਣ ਦੀਆਂ ਘਟਨਾਵਾਂ ਅਤੇ ਅਸਦਾਬਾਦ ਵਿਚਲੇ ਇਕ ਅਜਿਹੇ ਸਮਾਗਮ ਵੱਲ ਤਾਲਿਬਾਨ ਵੱਲੋਂ ਗੋਲੀ ਚਲਾਏ ਜਾਣ ਦੀ ਘਟਨਾ ਨੇ ਦਰਸਾ ਦਿੱਤਾ ਹੈ ਕਿ ਅਮਨ ਚੈਨ ਅਜੇ ਦੂਰ ਦੀ ਗੱਲ ਹੈ। ਅਸਦਾਬਾਦ ਵਿਚ ਤਾਲਿਬਾਨ ਦੀ ਗੋਲੀ ਨਾਲ ਮਰਨ ਵਾਲਿਆਂ ਦੀ ਗਿਣਤੀ ਤਿੰਨ ਤੋਂ ਨੌਂ ਦਰਮਿਆਨ ਦੱਸੀ ਜਾ ਰਹੀ ਹੈ। ਉਸ ਘਟਨਾ ਵਿਚ 26 ਲੋਕ ਜ਼ਖ਼ਮੀ ਹੋਏ ਜਿਨ੍ਹਾਂ ਵਿਚ ਕਈ ਬੱਚੇ ਤੇ ਔਰਤਾਂ ਸ਼ਾਮਲ ਹਨ। ਅਮਨੈਸਟੀ ਇੰਟਰਨੈਸ਼ਨਲ ਨੇ ਤਾਲਿਬਾਨ ਕਾਡਰ ਉੱਤੇ ਹਜ਼ਾਰਾ ਭਾਈਚਾਰੇ ਦਾ ਕਤਲੇਆਮ ਕਰਨ ਦੇ ਦੋਸ਼ ਲਾਏ ਹਨ। … ਤਾਲਿਬਾਨ ਦੀ ਕੇਂਦਰੀ ਲੀਡਰਸ਼ਿਪ ਨੇ ਹਿੰਸਾ ਜਾਂ ਬੇਲੋੜੀ ਸਖ਼ਤੀ ਦੀਆਂ ਸਾਰੀਆਂ ਘਟਨਾਵਾਂ ਦੀ ਪੜਤਾਲ ਕਰਵਾਉਣ ਦਾ ਭਰੋਸਾ ਦਿੱਤਾ ਹੈ, ਪਰ ਕਾਬੁਲ ਤੇ ਹੋਰਨਾਂ ਥਾਵਾਂ ਤੋਂ ਲੋਕਾਂ ਦੀ ਗੁਆਂਢੀ ਮੁਲਕਾਂ ਵੱਲ ਹਿਜਰਤ ਸ਼ੁਭ ਸ਼ਗਨ ਨਹੀਂ।’’ ਇਸੇ ਅਦਾਰੀਏ ਅਨੁਸਾਰ ‘‘ਤਾਲਿਬਾਨ ਦੀ ਹਕੂਮਤ ਨੂੰ ਹਨੀਮੂਨ ਦਾ ਸਮਾਂ ਨਹੀਂ ਮਿਲਣ ਵਾਲਾ। ਜੇਕਰ ਉਹ ਵਕਤ ਮੁਤਾਬਿਕ ਬਦਲਣ ਵਾਲਾ ਰੁਖ਼ ਨਹੀਂ ਦਰਸਾਉਂਦੀ ਤਾਂ ਅਫ਼ਗ਼ਾਨਿਸਤਾਨ ਵਿਚ ਭਲੇ ਦਿਨਾਂ ਦੀ ਵਾਪਸੀ ਸੰਭਵ ਨਹੀਂ ਹੋ ਸਕੇਗੀ।’’
ਇਕ ਹੋਰ ਅੰਗਰੇਜ਼ੀ ਅਖ਼ਬਾਰ ‘ਫਰੰਟੀਅਰ ਪੋਸਟ’ ਲਿਖਦਾ ਹੈ ਕਿ ਪੱਛਮੀ ਮੋਰਚੇ ’ਤੇ ਪਾਕਿਸਤਾਨ ਦੀ ਸਿਰਦਰਦੀ ਘਟਣ ਵਾਲੀ ਨਹੀਂ। ਤਾਲਿਬਾਨ ਦਾ ਵਿਰੋਧ ਹੁਣ ਤੋਂ ਹੀ ਜਥੇਬੰਦ ਰੂਪ ਧਾਰਨ ਕਰਨ ਲੱਗਾ ਹੈ। ਪੰਜਸ਼ੀਰ ਵਾਦੀ ’ਤੇ ਤਾਲਿਬਾਨ ਵਿਰੋਧੀਆਂ ਦਾ ਕਬਜ਼ਾ ਹੈ ਅਤੇ ਜੇਕਰ ਉਹ ਮਜ਼ਬੂਤੀ ਫੜ ਲੈਂਦੇ ਹਨ ਤਾਂ ਤਾਜਿਕ ਤੇ ਉਜ਼ਬੇਕ ਵੀ ਉਨ੍ਹਾਂ ਦੀ ਮਦਦ ’ਤੇ ਆ ਜਾਣਗੇ ਅਤੇ ਹੋਰ ਮੁਲਕ ਵੀ। ਅਜਿਹੀ ਸੂਰਤੇਹਾਲ ਪਾਕਿਸਤਾਨ ਲਈ ਖ਼ੁਸ਼ਗਵਾਰ ਨਹੀਂ ਸਾਬਤ ਹੋਵੇਗੀ।
ਚੀਨ ਦੀ ਸਖ਼ਤ ਸੁਰ
ਪਿਛਲੇ ਡੇਢ ਕੁ ਮਹੀਨੇ ਤੋਂ ਪਾਕਿਸਤਾਨ ਵਿਚ ਚੀਨੀ ਨਾਗਰਿਕਾਂ ਉੱਤੇ ਹੋ ਰਹੇ ਹਮਲਿਆਂ ਤੋਂ ਚੀਨ ਸਰਕਾਰ ਬਹੁਤ ਨਾਖ਼ੁਸ਼ ਹੈ। ਉਸ ਨੇ ਇਸ ਨਾਖ਼ੁਸ਼ੀ ਦਾ ਇਜ਼ਹਾਰ ਇਸਲਾਮਾਬਾਦ ਸਥਿਤ ਆਪਣੇ ਦੂਤਾਵਾਸ ਵੱਲੋਂ ਜਾਰੀ ਇਕ ਤਿੱਖੇ ਬਿਆਨ ਰਾਹੀਂ ਕੀਤਾ ਹੈ। ਬਿਆਨ ਵਿਚ ਪਾਕਿਸਤਾਨ ਸਰਕਾਰ ਉੱਤੇ ਜ਼ੋਰ ਪਾਇਆ ਗਿਆ ਹੈ ਕਿ ਉਹ ਚੀਨੀ ਨਾਗਰਿਕਾਂ ਦੀ ਹਿਫ਼ਾਜ਼ਤ ਯਕੀਨੀ ਬਣਾਉਣ ਲਈ ‘ਅਮਲੀ ਤੇ ਅਸਰਦਾਰ’ ਕਦਮ ਚੁੱਕੇ। ਇਹ ਬਿਆਨ ਬਲੋਚਿਸਤਾਨ ਸੂਬੇ ਦੀ ਗਵਾਦਰ ਬੰਦਰਗਾਹ ਵਿਖੇ ਚੀਨੀ ਨਾਗਰਿਕਾਂ ਵਾਲੀ ਇਕ ਕਾਰ ਉਪਰ ਹੋਏ ਖ਼ੁਦਕੁਸ਼ ਹਮਲੇ ਮਗਰੋਂ ਜਾਰੀ ਕੀਤਾ ਗਿਆ। ਇਸ ਹਮਲੇ ਵਿਚ ਦੋ ਬੱਚੇ ਮਾਰੇ ਗਏ ਅਤੇ ਇਕ ਚੀਨੀ ਨਾਗਰਿਕ ਸਮੇਤ ਤਿੰਨ ਜਣੇ ਫੱਟੜ ਹੋਏ। ਬਿਆਨ ਵਿਚ ਇਹ ਚੇਤਾਇਆ ਗਿਆ ਹੈ ਕਿ ਹਮਲੇ ਦਾ ਅਸਲ ਨਿਸ਼ਾਨਾ ਚੀਨੀ ਨਾਗਰਿਕ ਸੀ ਜੋ ਚੀਨ-ਪਾਕਿ ਆਰਥਿਕ ਗਲਿਆਰਾ (ਸੀ.ਪੀ.ਈ.ਸੀ.) ਪ੍ਰਾਜੈਕਟ ਦਾ ਇਕ ਅਧਿਕਾਰੀ ਹੈ। ਪਹਿਲਾਂ 29 ਜੁਲਾਈ ਨੂੰ ਕਰਾਚੀ ਵਿਚ ਇਕ ਚੀਨੀ ਇੰਜੀਨੀਅਰ ਗੋਲੀ ਨਾਲ ਹਲਾਕ ਕਰ ਦਿੱਤਾ ਗਿਆ ਸੀ। ਇਨ੍ਹਾਂ ਦੋਵਾਂ ਘਟਨਾਵਾਂ ਦੀ ਜ਼ਿੰਮੇਵਾਰੀ ਬਲੋਚ ਕੌਮਪ੍ਰਸਤਾਂ ਨੇ ਲਈ ਹੈ। 14 ਜੁਲਾਈ ਨੂੰ ਖੈ਼ਬਰ ਪਖ਼ਤੂਨਖ਼ਵਾ ਸੂਬੇ ਦੇ ਉੱਤਰੀ ਕੋਹਿਸਤਾਨ ਜ਼ਿਲ੍ਹੇ ਵਿਚ ਧਮਾਕੇ ਮਗਰੋਂ ਚੀਨੀ ਕਾਮਿਆਂ ਵਾਲੀ ਬੱਸ ਇਕ ਖੱਡ ਵਿਚ ਜਾ ਡਿੱਗੀ ਸੀ। ਪਾਕਿਸਤਾਨ ਨੇ ਮੁੱਢ ਵਿਚ ਇਸ ਘਟਨਾ ਨੂੰ ਸੜਕ ਹਾਦਸਾ ਦੱਸਿਆ ਸੀ, ਪਰ ਬਾਅਦ ਵਿਚ ਉਸ ਨੂੰ ਕਬੂਲਣਾ ਪਿਆ ਕਿ ਇਹ ਘਟਨਾ ਵੀ ਖ਼ੁਦਕੁਸ਼ ਹਮਲੇ ਕਾਰਨ ਵਾਪਰੀ। ਇਸ ਵਿਚ 9 ਚੀਨੀ ਨਾਗਰਿਕਾਂ ਸਮੇਤ 13 ਲੋਕ ਮਾਰੇ ਗਏ ਸਨ ਅਤੇ 28 ਜ਼ਖ਼ਮੀ ਹੋਏ ਜਿਨ੍ਹਾਂ ਵਿਚੋਂ ਬਹੁਤੇ ਚੀਨੀ ਸਨ। ਇਹ ਸਾਰੇ ਚੀਨੀ, ਕੋਹਿਸਤਾਨ ਜ਼ਿਲ੍ਹੇ ਵਿਚ ਉਸਰ ਰਹੇ ਦਾਸੂ ਡੈਮ ’ਤੇ ਕੰਮ ਕਰਦੇ ਸਨ। ਪਾਕਿਸਤਾਨੀ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਬੱਸ ਉੱਤੇ ਹਮਲੇ ਨੂੰ ਭਾਰਤੀ ਖ਼ੁਫ਼ੀਆ ਏਜੰਸੀ ‘ਰਾਅ’ ਤੇ ਅਫ਼ਗਾਨ ਏਜੰਸੀ ‘ਐੱਸ.ਡੀ.ਐਫ.’ ਦਾ ਕਾਰਾ ਦੱਸਿਆ ਸੀ, ਪਰ ਹੁਣ ਚੀਨ ਸਰਕਾਰ ਵੱਲੋਂ ਜਾਰੀ ਸਖ਼ਤ ਚਿਤਾਵਨੀ ਦਰਸਾਉਂਦੀ ਹੈ ਕਿ ਉਹ ਮੁਲਕ ਬਹਾਨੇਬਾਜ਼ੀ ਦੀ ਥਾਂ ਨਿੱਗਰ ਤੇ ਅਮਲੀ ਕਦਮਾਂ ਦਾ ਤਲਬਗਾਰ ਹੈ।
– ਪੰਜਾਬੀ ਟ੍ਰਿਬਿਊਨ ਫੀਚਰ