ਰਾਜਦੀਪ ਸਿੰਘ ਗਿੱਲ ਪੰਜਾਬ ਪੁਲੀਸ ਦੇ ਸਾਬਕਾ ਡੀਜੀਪੀ ਵਜੋਂ ਘੱਟ, ਖੇਡਾਂ ਦੇ ਮਸੀਹੇ ਵਜੋਂ ਵੱਧ ਜਾਣਿਆ ਜਾਂਦਾ ਹੈ। ਉਸ ਨੇ ਬਤੌਰ ਖੇਡ ਪ੍ਰਬੰਧਕ 12 ਕੌਮਾਂਤਰੀ ਟੂਰਨਾਮੈਂਟ/ ਚੈਂਪੀਅਨਸਿ਼ਪਾਂ, 23 ਨੈਸ਼ਨਲ ਚੈਂਪੀਅਨਸਿ਼ਪਾਂ ਤੇ ਡੇਢ ਸੌ ਤੋਂ ਵੱਧ ਸੂਬਾਈ ਪੱਧਰ ਦੇ ਟੂਰਨਾਮੈਂਟ ਕਾਮਯਾਬੀ ਨਾਲ ਕਰਵਾਏ। ਉਹ ਪੰਜਾਬ ਬਾਸਕਟਬਾਲ ਐਸੋਸੀਏਸ਼ਨ ਤੇ ਭਾਰਤੀ ਬਾਸਕਟਬਾਲ ਫੈਡਰੇਸ਼ਨ ਦਾ ਪ੍ਰਧਾਨ ਰਿਹਾ ਅਤੇ ਘੁੜਸਵਾਰੀ ਸੰਘ ਨਾਲ ਵੀ ਜੁੜਿਆ ਆ ਰਿਹਾ ਹੈ। ਅੱਜ ਕੱਲ੍ਹ ਉਹ ਪੰਜਾਬ ਓਲੰਪਿਕ ਐਸੋਸੀਏਸ਼ਨ ਦਾ ਸੀਨੀਅਰ ਮੀਤ ਪ੍ਰਧਾਨ ਹੈ ਅਤੇ ਪੰਜਾਬ ਓਲੰਪਿਕ ਭਵਨ ਵਿਚ ਹਾਲ ਆਫ ਫੇਮ ਨੂੰ ਸਿ਼ੰਗਾਰਨ ਦੀਆਂ ਉਚੇਚੀਆਂ ਵਿਉਂਤਾਂ ਬਣਾ ਰਿਹਾ ਹੈ। ਉਸ ਨੇ ਹੋਰ ਪੁਸਤਕਾਂ ਤੋਂ ਇਲਾਵਾ ਪੰਜਾਬ ਪੁਲੀਸ ਦੇ ਖਿਡਾਰੀਆਂ ਦੇ ਇਤਿਹਾਸ ਦਾ ਬੜਾ ਸੁੰਦਰ ਖੇਡ ਗ੍ਰੰਥ ‘ਗ੍ਰਿਟ ਐਂਡ ਗਲੋਰੀ’ ਛਪਵਾਇਆ ਹੈ।
ਪ੍ਰਿੰ. ਸਰਵਣ ਸਿੰਘ
ਰਾਜਦੀਪ ਸਿੰਘ ਗਿੱਲ ਪੰਜਾਬ ਪੁਲੀਸ ਦੇ ਸਾਬਕਾ ਡੀਜੀਪੀ ਵਜੋਂ ਘੱਟ, ਖੇਡਾਂ ਦੇ ਮਸੀਹੇ ਵਜੋਂ ਵੱਧ ਜਾਣਿਆ ਜਾਂਦੈ। ਉਹ ਸਾਲਾਂਬੱਧੀ ਖੇਡਾਂ ਤੇ ਖਿਡਾਰੀਆਂ ਦਾ ਰਹਬਿਰ ਰਿਹਾ। ਉਸ ਨੇ ਇਕ ਹਜ਼ਾਰ ਤੋਂ ਵੱਧ ਖਿਡਾਰੀ ਪੰਜਾਬ ਪੁਲੀਸ ਵਿਚ ਭਰਤੀ ਕੀਤੇ/ਕਰਵਾਏ ਜੋ ਉਸ ਨੂੰ ਆਪਣਾ ਇਸ਼ਟ ਮੰਨਦੇ ਹਨ। ਪੰਜਾਬ ਪੁਲੀਸ ਦਾ ਸਭ ਤੋਂ ਵੱਡਾ ਅਫਸਰ ਹੋਣ ਦੇ ਬਾਵਜੂਦ ਉਹ ਬੜਾ ਨਿਮਰ ਤੇ ਮਿਲਾਪੜਾ ਇਨਸਾਨ ਹੈ। ਅਫਸਰੀ ਦਾ ਰੋਅਬ ਪਾਉਣ ਦੀ ਥਾਂ ਖਿਡਾਰੀਆਂ ਨੂੰ ਮੋਹ ਨਾਲ ਮਿਲਦਾ ਰਿਹਾ ਤੇ ਉਨ੍ਹਾਂ ਦੇ ਕੰਮ ਆ ਕੇ ਖੁਸ਼ ਹੁੰਦਾ ਰਿਹੈ। ਉਸ ਨੇ ਬਤੌਰ ਖੇਡ ਪ੍ਰਬੰਧਕ 12 ਕੌਮਾਂਤਰੀ ਟੂਰਨਾਮੈਂਟ/ ਚੈਂਪੀਅਨਸਿ਼ਪਾਂ, 23 ਨੈਸ਼ਨਲ ਚੈਂਪੀਅਨਸਿ਼ਪਾਂ ਤੇ ਡੇਢ ਸੌ ਤੋਂ ਵੱਧ ਸੂਬਾਈ ਪੱਧਰ ਦੇ ਟੂਰਨਾਮੈਂਟ ਕਾਮਯਾਬੀ ਨਾਲ ਕਰਵਾਏ। ਉਹ ਖੇਡ ਸਾਹਿਤ ਦਾ ਸਿਰਜਕ ਤੇ ਸ਼ੌਂਕੀ ਹੈ। ਉਸ ਦੀ ਲਾਇਬ੍ਰੇਰੀ ਵਿਸ਼ਵ ਭਰ ਦੀਆਂ ਖੇਡ ਪੁਸਤਕਾਂ ਨਾਲ ਮਾਲਾਮਾਲ ਹੈ ਜੋ ਖੇਡ ਖੋਜੀਆਂ ਲਈ ਅਨਮੋਲ ਖ਼ਜ਼ਾਨਾ ਹੈ।
ਡੀਜੀਪੀ ਦੇ ਅਹੁਦੇ ਤੋਂ ਰਿਟਾਇਰ ਹੋਣ ਪਿੱਛੋਂ ਉਸ ਦਾ ਪੱਕਾ ਟਿਕਾਣਾ ਬਾਗਾਂ ਦੇ ਸ਼ਹਿਰ ਪਟਿਆਲੇ ਵਿਚ ਹੈ। ਦੋਵੇਂ ਪੁੱਤਰ ਆਪਣੇ ਕੰਮਾਂ ਕਾਰਾਂ ਤੇ ਹਨ। ਉਹ ਪੰਜਾਬ ਬਾਸਕਟਬਾਲ ਐਸੋਸੀਏਸ਼ਨ ਤੇ ਭਾਰਤੀ ਬਾਸਕਟਬਾਲ ਫੈਡਰੇਸ਼ਨ ਦਾ ਪ੍ਰਧਾਨ ਰਿਹਾ ਅਤੇ ਘੁੜਸਵਾਰੀ ਸੰਘ ਨਾਲ ਵੀ ਜੁੜਿਆ ਆ ਰਿਹੈ। ਉਹ ਭਾਰਤ ਦੀਆਂ ਨੈਸ਼ਨਲ ਖੇਡਾਂ ਵਿਚ ਪੰਜਾਬ ਰਾਜ ਦੇ ਖਿਡਾਰੀ ਦਲਾਂ ਦਾ ਚੀਫ ਡੀ ਮਿਸ਼ਨ ਬਣ ਕੇ ਜਾਂਦਾ ਰਿਹਾ ਤੇ ਪੰਜਾਬ ਨੂੰ ਚੈਂਪੀਅਨਸਿ਼ਪਾਂ ਜਿਤਾਉਂਦਾ ਰਿਹੈ। ਪੰਜਾਬ ਦੇ ਖੇਡ ਖੇਤਰ ਵਿਚ ਉਸ ਦਾ ਯੋਗਦਾਨ ਅਦੁੱਤੀ ਹੈ। ਅੱਜ ਕੱਲ੍ਹ ਉਹ ਪੰਜਾਬ ਓਲੰਪਿਕ ਐਸੋਸੀਏਸ਼ਨ ਦਾ ਸੀਨੀਅਰ ਮੀਤ ਪ੍ਰਧਾਨ ਹੈ। ਪੰਜਾਬ ਓਲੰਪਿਕ ਭਵਨ ਵਿਚ ਹਾਲ ਆਫ ਫੇਮ ਨੂੰ ਸਿ਼ੰਗਾਰਨ ਦੀਆਂ ਉਚੇਚੀਆਂ ਵਿਉਂਤਾਂ ਬਣਾ ਰਿਹੈ। ਖ਼ੁਦ ਖਿਡਾਰੀ ਰਿਹਾ, ਖੇਡ ਪ੍ਰੇਮੀ, ਖੇਡ ਮਾਹਿਰ, ਖੇਡ ਪ੍ਰੋਮੋਟਰ, ਖੇਡ ਪ੍ਰਬੰਧਕ, ਖੇਡ ਲੇਖਕ, ਗੱਲ ਕੀ ਖੇਡਾਂ ਦਾ ਐਨਸਾਈਕਲੋਪੀਡੀਆ ਹੈ। ਉਸ ਨੇ ਹੋਰਨਾਂ ਪੁਸਤਕਾਂ ਤੋਂ ਇਲਾਵਾ, ਪੰਜਾਬ ਪੁਲੀਸ ਦੇ ਖਿਡਾਰੀਆਂ ਦੇ ਇਤਿਹਾਸ ਦਾ ਬੜਾ ਸੁੰਦਰ ਖੇਡ ਗ੍ਰੰਥ ਛਪਵਾਇਆ ਹੈ ਜਿਸ ਦਾ ਨਾਂ ਹੈ ‘ਗ੍ਰਿਟ ਐਂਡ ਗਲੋਰੀ’। 550 ਪੰਨਿਆਂ ਦੇ ਮੋਮੀ ਕਾਗਜ਼ ਤੇ ਮਜ਼ਬੂਤ ਜਿਲਦ ਵਾਲੇ ਇਸ ਗ੍ਰੰਥ ਦਾ ਵਜ਼ਨ ਤਿੰਨ ਕਿੱਲੋ ਤੋਂ ਉਪਰ ਹੈ ਜੋ ਲਾਇਬ੍ਰੇਰੀਆਂ ਦਾ ਸਿ਼ੰਗਾਰ ਹੈ। ਉਸ ਦਾ ਕਹਿਣਾ ਹੈ ਕਿ ਇਸ ਦਾ ਪੰਜਾਬੀ ਰੂਪ ਵੀ ਛੇਤੀ ਛਪੇਗਾ।
ਉਸ ਨੇ ਇਹ ਖੇਡ ਗ੍ਰੰਥ ਆਪਣੇ ਮਰਹੂਮ ਪਿਤਾ ਨਛੱਤਰ ਸਿੰਘ ਗਿੱਲ ਦੀ ਯਾਦ ਨੂੰ ਸਮਰਪਿਤ ਕੀਤਾ ਹੈ ਜਿਨ੍ਹਾਂ ਨੇ ਬਚਪਨ ਤੋਂ ਹੀ ਆਪਣੇ ਪੁੱਤਰਾਂ ਨੂੰ ਖੇਡਾਂ ਦੀ ਚੇਟਕ ਲਾਈ। ਉਸ ਦੀ ਪਹਿਲੀ ਛਾਪ ਨਵੰਬਰ 2002 ਵਿਚ ਛਪੀ ਸੀ ਜਿਸ ਨੂੰ ਫੂਲਕੀਆਂ ਪ੍ਰੈੱਸ ਪ੍ਰਾਈਵੇਟ ਲਿਮਟਿਡ ਨੇ ਛਾਪਿਆ। ਵਿਸੇ਼ਸ਼ ਸੰਦੇਸ਼ ਉੱਘੇ ਖੇਡ ਪ੍ਰੋਮੋਟਰ ਅਸ਼ਵਨੀ ਕੁਮਾਰ, ਮੈਂਬਰ ਕਾਰਜਕਾਰੀ ਬੋਰਡ, ਕੌਮਾਂਤਰੀ ਓਲੰਪਿਕ ਕਮੇਟੀ ਨੇ ਲਿਖਿਆ। ਸ਼ੁਭ ਸੰਦੇਸ਼ ਦੇਣ ਵਾਲੇ ਹਨ ਸਰਬਸ੍ਰੀ ਜੇਐੱਫ ਰਬਿੇਰੋ, ਕੇਪੀਐੱਸ ਗਿੱਲ, ਪੀਸੀ ਡੋਗਰਾ, ਸਰਬਜੀਤ ਸਿੰਘ, ਮਹਿਲ ਸਿੰਘ ਭੁੱਲਰ ਤੇ ਕੇਪੀ ਸਿੰਘ।
ਰਾਜਦੀਪ ਸਿੰਘ ਗਿੱਲ ਨੇ ਭੂਮਿਕਾ ਵਿਚ ਦੱਸਿਆ ਕਿ 1976 ਵਿਚ ਜਦੋਂ ਮੈਂ ਪੰਜਾਬ ਪੁਲੀਸ ਦੀਆਂ ਖੇਡਾਂ ਨਾਲ ਜੁੜਿਆ ਤਾਂ ਪੁਲੀਸ ਦੀਆਂ ਸ਼ਾਨਦਾਰ ਖੇਡ ਪ੍ਰਾਪਤੀਆਂ ਦੇ ਬਾਵਜੂਦ ਉਹਨਾਂ ਦਾ ਕੋਈ ਇਤਿਹਾਸਕ ਦਸਤਾਵੇਜ਼ ਨਹੀਂ ਸੀ। 18 ਸਾਲ ਪੁਲੀਸ ਦੇ ਖੇਡ ਪ੍ਰਬੰਧ ਨਾਲ ਜੁੜੇ ਰਹਿਣ ਪਿੱਛੋਂ ਮੈਂ ਥਾਂ ਥਾਂ ਖਿਲਰਿਆ ਸਾਰਾ ਪੁਰਾਣਾ ਰਿਕਾਰਡ ਇਕੱਠਾ ਕੀਤਾ ਤੇ ਅੱਠ ਸਾਲ ਦੀ ਮਿਹਨਤ ਨਾਲ ਮੁਕੰਮਲ ਕਰ ਕੇ 2002 ਵਿਚ ਪੁਸਤਕ ਰੂਪ ਵਿਚ ਛਪਵਾਇਆ। ਇਸ ਦੌਰਾਨ 1947 ਤੋਂ ਪਹਿਲਾਂ ਦੇ ਸਹੀ ਰਿਕਾਰਡ ਨੂੰ ਕਲਮਬੱਧ ਕਰਨ ਵਿਚ ਕਾਫੀ ਕਠਨਾਈ ਆਈ। ਪੁਰਾਣੇ ਅਖ਼ਬਾਰ ਫੋਲੇ ਤੇ ਲਾਇਬ੍ਰੇਰੀਆਂ ਛਾਣੀਆਂ। ਮੇਰੇ ਦੋ ਸਹਾਇਕ ਲਖਬੀਰ ਸਿੰਘ ਤੇ ਇੰਦਰਵੀਰ ਸ਼ਰਮਾ ਬੜੇ ਕੰਮ ਆਏ। 1925 ਤੋਂ 31 ਮਾਰਚ 2001 ਤਕ ਹੋਈਆਂ ਆਲ ਇੰਡੀਆ ਪੁਲੀਸ ਗੇਮਜ਼, ਨੈਸ਼ਨਲ ਗੇਮਜ਼, ਸੈਫ਼ ਗੇਮਜ਼, ਵਰਲਡ ਪੁਲੀਸ ਗੇਮਜ਼, ਏਸ਼ੀਅਨ ਚੈਂਪੀਅਨਸਿ਼ਪਸ/ਕੱਪ, ਏਸ਼ੀਅਨ ਗੇਮਜ਼, ਕਾਮਨਵੈਲਥ ਚੈਂਪੀਅਨਸਿ਼ਪਸ, ਕਾਮਨਵੈਲਥ ਗੇਮਜ਼, ਵਰਲਡ ਚੈਂਪੀਅਨਸਿ਼ਪਸ/ਕੱਪ ਅਤੇ ਓਲੰਪਿਕ ਗੇਮਜ਼ ਦੇ ਰਿਕਾਰਡ ਹੰਘਾਲੇ। ਉੱਦਮੀ ਤੇ ਸਿਰੜੀ ਸਮਝੇ ਜਾਂਦੇ ਆਮ ਪੰਜਾਬੀਆਂ ਵਾਂਗ ਪੰਜਾਬ ਪੁਲੀਸ ਦੇ ਖਿਡਾਰੀ ਵੀ ਖੇਡ ਮੈਦਾਨਾਂ ਦੇ ਸਾਹਸੀ ਤੇ ਸ਼ਾਨਾਂਮੱਤੇ ਜੁਝਾਰੂ ਰਹੇ, ਇਸ ਲਈ ਪੁਸਤਕ ਦਾ ਪੂਰਾ ਨਾਂ ਹੀ ‘ਗ੍ਰਿਟ ਐਂਡ ਗਲੋਰੀ, ਦਿ ਮੈਗਨੀਫੀਸ਼ੈਂਟ ਪ੍ਰਫਾਰਮੈਂਸ ਆਫ਼ ਦਾ ਪੰਜਾਬ ਪੁਲੀਸ ਇਨ ਸਪੋਰਟਸ 1925-2001’ ਰੱਖ ਦਿੱਤਾ। ਨਿੱਕਾ ਨਾਂ ‘ਪੰਜਾਬ ਪੁਲੀਸ ਸਪੋਰਟਸ’ ਹੈ। ਪੁਸਤਕ ਦੇ ਦਸ ਚੈਪਟਰ ਹਨ: ਸੰਦੇਸ਼, ਭੂਮਿਕਾ, ਮਾਨ ਸਨਮਾਨ, ਰਿਕਾਰਡਜ਼, ਪ੍ਰਾਪਤੀਆਂ, ਬੈੱਸਟ ਖਿਡਾਰੀ, ਬਾਕੀ ਖਿਡਾਰੀ, ਤਸਵੀਰਾਂ, ਪੁਸਤਕ ਸੂਚੀ ਤੇ ਧੰਨਵਾਦੀ ਸ਼ਬਦ।
ਰਾਜਦੀਪ ਸਿੰਘ ਗਿੱਲ ਦਾ ਜਨਮ 1950 ਵਿਚ ਨਛੱਤਰ ਸਿੰਘ ਗਿੱਲ ਦੇ ਘਰ ਮੋਗੇ ਵਿਚ ਹੋਇਆ। ਗਿੱਲ ਪਰਿਵਾਰ ਮੋਗੇ ਦਾ ਮਾਣ ਕਿਹਾ ਜਾਂਦਾ ਹੈ। ਰਾਜਦੀਪ ਸਿੰਘ ਦਾ ਪੜਦਾਦਾ ਖੇਮ ਸਿੰਘ ਅਤੇ ਦਾਦਾ ਉਜਾਗਰ ਸਿੰਘ ਪਹਿਲਵਾਨੀ ਦਾ ਸ਼ੌਕ ਰੱਖਦੇ ਸਨ। ਉਹ ਪਹਿਲਵਾਨਾਂ ਨੂੰ ਮੋਗੇ ਸੱਦਦੇ ਤੇ ਦੰਗਲ ਕਰਵਾਉਂਦੇ। ਦਾਦਾ ਜੀ ਖ਼ੁਦ ਵੀ ਘੁਲਦੇ ਸਨ।
ਉਨ੍ਹਾਂ ਨੇ ਆਪਣੇ ਪੁੱਤਰ ਨਛੱਤਰ ਸਿੰਘ ਨੂੰ ਵੀ ਪਹਿਲਵਾਨੀ ਵਿਚ ਪਾਇਆ। ਉਨ੍ਹਾਂ ਨੇ ਚੜ੍ਹਦੀ ਉਮਰੇ ਕਈ ਪਹਿਲਵਾਨਾਂ ਨੂੰ ਢਾਹਿਆ ਤੇ ਫਰੀਦਕੋਟ ਵਿਖੇ ਝੰਡੀ ਕਰੀ ਫਿਰਦੇ ਇਕ ਨਾਮੀ ਪਹਿਲਵਾਨ ਦੀਆਂ ਗੋਡੀਆਂ ਲਵਾਈਆਂ। ਉਹ ਦੌਧਰ ਦੇ ਮਸ਼ਹੂਰ ਪਹਿਲਵਾਨ ਗੁਰਬਖ਼ਸ਼ ਸਿੰਘ ਨਾਲ ਜ਼ੋਰ ਕਰਿਆ ਕਰਦੇ ਸਨ। ਗਿੱਲ ਪਰਿਵਾਰ ਪੜ੍ਹਿਆ ਲਿਖਿਆ ਹੋਣ ਕਰਕੇ ਪਹਿਲਵਾਨ ਨਛੱਤਰ ਸਿੰਘ ਦੀ ਪੜ੍ਹਾਈ ਤੇ ਵੀ ਜ਼ੋਰ ਦਿੱਤਾ ਗਿਆ। ਇੰਝ ਉਹਦਾ ਪਹਿਲਵਾਨੀ ਵੱਲੋਂ ਰੁਝਾਨ ਘਟ ਗਿਆ ਅਤੇ ਹਾਕੀ ਤੇ ਅਥਲੈਟਿਕਸ ਵੱਲ ਵਧ ਗਿਆ। ਉਸ ਨੇ ਸਕੂਲੀ ਪੜ੍ਹਾਈ ਮੋਗੇ ਤੋਂ ਕਰ ਕੇ ਹਾਕੀ ਖੇਡਣ ਲਈ ਖਾਲਸਾ ਕਾਲਜ ਅੰਮ੍ਰਿਤਸਰ ਵਿਚ ਦਾਖਲਾ ਲੈ ਲਿਆ ਜਿਥੇ ਮੋਗੇ ਦੇ ਬਾਈ ਬਲਬੀਰ ਸਿੰਘ ਤੇ ਮਾਝੇ ਦੇ ਭਾਊ ਧਰਮ ਸਿੰਘ ਨਾਲ ਖੇਡਣ ਦਾ ਮੌਕਾ ਮਿਲਿਆ। ਉਥੋਂ ਬੀਏ ਕਰ ਕੇ ਐੱਲਐੱਲਬੀ ਦਿੱਲੀ ਤੋਂ ਕੀਤੀ ਜਿਥੇ ਦਿੱਲੀ ਯੂਨੀਵਰਸਿਟੀ ਦੀ ਹਾਕੀ ਟੀਮ ਦਾ ਕਪਤਾਨ ਬਣਿਆ। ਨਾਲ ਗੋਲਾ ਸੁੱਟਣ ਤੇ ਡਿਸਕਸ ਸੁੱਟਣ ਦਾ ਵੀ ਯੂਨੀਵਰਸਿਟੀ ਚੈਂਪੀਅਨ ਬਣ ਗਿਆ। ਇਹ 1947-50 ਦੀਆਂ ਗੱਲਾਂ ਹਨ। ਬਾਅਦ ਵਿਚ ਨਛੱਤਰ ਸਿੰਘ ਗਿੱਲ ਮੋਗੇ ਤੋਂ ਵਿਧਾਨ ਸਭਾ ਪੰਜਾਬ ਦੇ ਮੈਂਬਰ ਬਣੇ ਅਤੇ ਮੋਗੇ ਵਿਚ ਹਾਕੀ ਦੇ ਟੂਰਨਾਮੈਂਟ ਤੇ ਕੁਸ਼ਤੀ ਦੇ ਦੰਗਲ ਕਰਵਾਉਂਦੇ ਰਹੇ। ਉਹ ਮੰਨੇ ਦੰਨੇ ਖੇਡ ਪ੍ਰਮੋਟਰ ਸਨ। ਮਾੜੀ ਗੱਲ ਇਹ ਹੋਈ ਕਿ ਦਹਿਸ਼ਤੀ ਦੌਰ ਵਿਚ ਅਣਪਛਾਤੇ ਅਤਿਵਾਦੀਆਂ ਨੇ ਉਨ੍ਹਾਂ ਦਾ ਘਰ ਵਿਚ ਹੀ ਕਤਲ ਕਰ ਦਿੱਤਾ।
ਨਛੱਤਰ ਸਿੰਘ ਗਿੱਲ ਨੇ ਆਪਣੇ ਦੋਹਾਂ ਪੁੱਤਰਾਂ ਨੂੂੰ ਰੀਝ ਨਾਲ ਪੜ੍ਹਾਇਆ ਤੇ ਖੇਡਾਂ ਵਿਚ ਪਾਇਆ। ਵੱਡਾ ਪੁੱਤਰ ਪਰਮਜੀਤ ਸਿੰਘ ਗਿੱਲ ਤੇ ਛੋਟਾ ਰਾਜਦੀਪ ਸਿੰਘ ਗਿੱਲ ਪੜ੍ਹਾਈ ਵਿਚ ਹੁਸਿ਼ਆਰ ਰਹੇ ਤੇ ਖੇਡਾਂ ਵਿਚ ਵੀ ਤਕੜੇ ਰਹੇ। ਦੋਵੇਂ ਆਈਪੀਐੱਸ ਅਫਸਰ ਬਣੇ ਤੇ ਦੋਵੇਂ ਡੀਜੀਪੀ ਬਣ ਕੇ ਰਿਟਾਇਰ ਹੋਏ। ਪਰਮਜੀਤ ਸਿੰਘ ਗਿੱਲ ਤਾਂ ਆਪਣੇ ਪਿਤਾ ਜੀ ਵਾਂਗ ਮੋਗੇ ਤੋਂ ਵਿਧਾਨ ਸਭਾ ਦੀ ਚੋਣ ਵੀ ਲੜਿਆ। ਰਾਜਦੀਪ ਸਿੰਘ ਗਿੱਲ ਨੇ ਸਕੂਲੀ ਪੜ੍ਹਾਈ ਮਸੂਰੀ ਤੋਂ ਤੇ ਉਚੇਰੀ ਪੜ੍ਹਾਈ ਸਰਕਾਰੀ ਕਾਲਜ ਚੰਡੀਗੜ੍ਹ ਤੋਂ ਕੀਤੀ। ਉਸ ਨੇ ਵੀ ਆਪਣੇ ਪਿਤਾ ਜੀ ਵਾਂਗ ਹਾਕੀ ਤੇ ਅਥਲੈਟਿਕਸ ਵਿਚ ਚੰਗਾ ਨਾਮਣਾ ਖੱਟਿਆ। 1967 ਵਿਚ ਉਹ ਆਪਣੇ ਕਾਲਜ ਦੀ ਹਾਕੀ ਟੀਮ ਦਾ ਮੈਂਬਰ ਸੀ ਜਿਸ ਨੇ ਪੰਜਾਬ ਯੂਨੀਵਰਸਿਟੀ `ਚ ਵਿਸ਼ੇਸ਼ ਸਥਾਨ ਹਾਸਲ ਕੀਤਾ।
ਉਹ ਲਗਾਤਾਰ ਤਿੰਨ ਸਾਲ ਪੰਜਾਬ ਯੂਨੀਵਰਸਿਟੀ ਵਿਚ ਹਾਕੀ ਖੇਡਿਆ ਅਤੇ 800 ਮੀਟਰ ਦੌੜ ਤੇ ਰਿਲੇਅ ਟੀਮਾਂ ਵਿਚ ਦੌੜਦਿਆਂ ਯੂਨੀਵਰਸਿਟੀ `ਚੋਂ ਪੁਜ਼ੀਸ਼ਨਾਂ ਹਾਸਲ ਕੀਤੀਆਂ। ਉਸ ਨੂੰ ਹਾਕੀ ਖੇਡਦਿਆਂ ਦੇਖ ਕੇ ਪੰਜਾਬ ਯੂਨੀਵਰਸਿਟੀ ਦੀ ਹਾਕੀ ਟੀਮ ਦੇ ਕੋਚ ਬਣੇ ਓਲੰਪੀਅਨ ਧਰਮ ਸਿੰਘ ਨੇ ਪੁੱਛਿਆ, ਕਿਤੇ ਤੂੰ ਮੋਗੇ ਵਾਲੇ ਬਾਈ ਨਛੱਤਰ ਸਿੰਘ ਦਾ ਪੁੱਤਰ ਤਾਂ ਨਹੀਂ? ਉਹਦੇ ਵਾਂਗ ਹੀ ਹਾਕੀ ਖੇਡਦੈਂ। ਰਾਜਦੀਪ ਸਿੰਘ ਦੇ ‘ਹਾਂ ਜੀ’ ਕਹਿਣ ਤੇ ਉਸ ਨੇ ਕਿਹਾ, ਉਸ ਨੂੰ ਆਖੀਂ- ਮਾਝੇ ਵਾਲਾ ਭਾਊ ਮਿਲਿਆ ਸੀ, ਤੇਰਾ ਕੋਈ ਫਿਕਰ ਨਾ ਕਰੇ। ਯੂਨੀਵਰਸਿਟੀ ਦੀ ਟੀਮ ਵਿਚ ਉਸ ਨੂੰ ਓਲੰਪੀਅਨ ਸੁਰਜੀਤ ਸਿੰਘ, ਬਲਦੇਵ ਸਿੰਘ ਤੇ ਅਜੀਤ ਸਿੰਘ ਹੋਰਾਂ ਨਾਲ ਖੇਡਣ ਦੇ ਮੌਕੇ ਮਿਲੇ। ਜੇਕਰ ਸਿਵਿਲ ਸਰਵਿਸਜ਼ ਦਾ ਇਮਤਿਹਾਨ ਨਾ ਦੇਣਾ ਹੁੰਦਾ ਤਾਂ ਸੰਭਵ ਸੀ ਰਾਜਦੀਪ ਸਿੰਘ ਵੀ ਹਾਕੀ ਦਾ ਓਲੰਪੀਅਨ ਬਣਦਾ। ਅਸਲ ਵਿਚ ਉਹਦੀ ਓਲੰਪੀਅਨ ਬਣਨ ਦੀ ਅਧੂਰੀ ਰਹਿ ਗਈ ਰੀਝ ਨੇ ਹੀ ਉਸ ਨੂੰ ਉੱਚ ਕੋਟੀ ਦਾ ਖੇਡ ਪ੍ਰੋਮੋਟਰ ਬਣਾਇਆ। ਚਾਲੀ ਸਾਲਾਂ ਤੋਂ ਖੇਡਾਂ ਦਾ ਮਸੀਹਾ ਬਣ ਕੇ ਆਪਣੀਆਂ ਅਧੂਰੀਆਂ ਰੀਝਾਂ ਹੀ ਪੂਰੀਆਂ ਕਰ ਰਿਹੈ! ਪੇਸ਼ ਹੈ ਉਸ ਦੀ ਰਿਟਾਇਰਮੈਂਟ ਸਮੇਂ ਖੇਡ ਪ੍ਰੇਮੀਆਂ ਵੱਲੋਂ ਭੇਟ ਕੀਤਾ ਗਿਆ ਮਾਣ ਪੱਤਰ:
ਸਨਮਾਨ ਪੱਤਰ
ਰਾਜਦੀਪ ਸਿੰਘ ਗਿੱਲ ਨੂੰ ਖੇਡਾਂ ਦਾ ਮਸੀਹਾ ਕਿਹਾ ਜਾਂਦਾ ਹੈ। ਡੀਜੀਪੀ ਦੇ ਅਹੁਦੇ ਤੋਂ ਸੇਵਾ ਮੁਕਤ ਹੋਣ ਤੱਕ ਆਪ ਜੀ ਨੇ ਆਪਣੇ ਸੇਵਾ ਕਾਲ ਦੌਰਾਨ ਖੇਡਾਂ ਵਾਸਤੇ ਜੋ ਕੀਤਾ ਉਸ ਨੂੰ ਕੋਈ ਇਕ ਵਿਅਕਤੀ ਵਿਸ਼ੇਸ਼ ਤਾਂ ਕੀ ਬਲਕਿ ਕੋਈ ਸੰਸਥਾ ਵੀ ਨਹੀਂ ਸੀ ਕਰ ਸਕਦੀ। ਆਪਣੇ ਵਿਦਿਆਰਥੀ ਜੀਵਨ ਵਿਚ ਹਾਕੀ, ਫੁੱਟਬਾਲ ਤੇ ਅਥਲੈਟਿਕਸ ਵਿਚ ਵੱਡੀਆਂ ਮੱਲਾਂ ਮਾਰਨ ਵਾਲੇ ਰਾਜਦੀਪ ਸਿੰਘ ਗਿੱਲ ਹੁਰਾਂ ਕੋਲ ਹਰ ਖਿਡਾਰੀ ਆਪਣੇ ਹਿੱਤ ਸੁਰੱਖਿਅਤ ਸਮਝਦਾ ਰਿਹਾ। ਜਦੋਂ ਵੀ ਕਿਸੇ ਖਿਡਾਰੀ ਨੂੰ ਆਪਣੇ ਹੱਕ ਖੁੱਸਦੇ ਜਾਪਦੇ ਤਾਂ ਉਹ ਉਨ੍ਹਾਂ ਦੀ ਛਤਰ ਛਾਇਆ ਹੇਠ ਆ ਜਾਂਦਾ। ਪੁਲੀਸ ਅਫਸਰ ਵਜੋਂ ਵੀ ਆਪ ਜੀ ਨੇ ਬਾਖੂਬੀ ਸੇਵਾ ਨਿਭਾਈ। ਆਪ ਜੀ ਉਹ ਜੌਹਰੀ ਹਨ ਜੋ ਖਿਡਾਰੀ ਰੂਪੀ ਹੀਰਿਆਂ ਦੀ ਤਲਾਸ਼ ਵਿਚ ਹਰ ਵੇਲੇ ਜੁਟੇ ਰਹਿੰਦੇ। ਆਪਣੇ ਦਫ਼ਤਰ ਵਿਚ ਦੇਰ ਰਾਤ ਤਕ ਆਪ ਖਿਡਾਰੀਆਂ ਦੇ ਭਲੇ ਲਈ ਸਕੀਮਾਂ ਬਣਾਉਂਦੇ ਅਤੇ ਆਪ ਦੇ ਦਰਵਾਜ਼ੇ ਹਰ ਖਿਡਾਰੀ ਲਈ ਹਮੇਸ਼ਾ ਖੁੱਲੇ੍ਹ ਰਹਿੰਦੇ।
ਰਾਜਦੀਪ ਸਿੰਘ ਗਿੱਲ ਦੀ ਇਹ ਇਮਾਨਦਾਰੀ ਤੇ ਤਨਦੇਹੀ ਨਾਲ ਫਰਜ਼ ਨਿਭਾਉਣ ਵਾਲੀ ਸ਼ਖਸੀਅਤ ਦਾ ਹੀ ਪ੍ਰਤਾਪ ਸੀ ਕਿ 2007 ਵਿਚ ਜਦੋਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਸਾਫ ਸੁਥਰੇ ਢੰਗ ਨਾਲ ਨੇਪਰੇ ਚਾੜ੍ਹਨਾ ਸੀ ਤਾਂ ਚੋਣ ਕਮਿਸ਼ਨ ਨੇ ਆਪ ਜੀ ਨੂੰ ਮੈਰਿਟ ਦੇ ਆਧਾਰ ਤੇ ਡੀਜੀਪੀ ਲਗਾਇਆ। ਆਪ ਜੀ ਦੀ ਕਾਰਜ ਕੁਸ਼ਲਤਾ ਦੀ ਇਹ ਵੱਡੀ ਮਿਸਾਲ ਹੈ। ਭਾਰਤੀ ਬਾਸਕਟਬਾਲ ਸੰਘ, ਪੰਜਾਬ ਬਾਸਕਟਬਾਲ ਐਸੋਸੀਏਸ਼ਨ ਦੇ ਪ੍ਰਧਾਨ, ਪੰਜਾਬ ਓਲੰਪਿਕ ਸੰਘ ਦੇ ਸੀਨੀਅਰ ਮੀਤ ਪ੍ਰਧਾਨ ਤੇ ਪੰਜਾਬ ਘੁੜਸਵਾਰੀ ਐਸੋਸੀਏਸ਼ਨ ਦੇ ਪ੍ਰਧਾਨ ਹੋਣ ਸਮੇਤ ਕਈ ਖੇਡ ਅਹੁਦਿਆਂ ਤੇ ਰਹਿਣ ਵਾਲੇ ਰਾਜਦੀਪ ਸਿੰਘ ਗਿੱਲ ਦਾ ਪਰਿਵਾਰਕ ਪਿਛੋਕੜ ਵੀ ਖੇਡਾਂ ਨਾਲ ਓਤ-ਪੋਤ ਰਿਹਾ। ਆਪ ਜੀ ਦੇ ਪਿਤਾ ਜੀ ਤੇ ਦਾਦਾ ਜੀ ਆਪਣੇ ਸਮੇਂ ਦੇ ਨਾਮੀ ਪਹਿਲਵਾਨ ਰਹੇ। ਆਪ ਜੀ ਦਾ ਸਮੁੱਚਾ ਪਰਿਵਾਰ ਪੀੜ੍ਹੀਆਂ ਤੋਂ ਖਿਡਾਰੀਆਂ ਦੀ ਸਰਪ੍ਰਸਤੀ ਕਰਦਾ ਰਿਹਾ। 1973 ਦੇ ਬੈਚ ਵਿਚ ਸਿਵਲ ਸੇਵਾਵਾਂ ਪ੍ਰੀਖਿਆ ਵਿਚ ਸੱਤਵਾਂ ਰੈਂਕ ਹਾਸਲ ਕਰਨ ਵਾਲੇ ਆਰਐੱਸ ਗਿੱਲ ਨੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਚ ਪੜ੍ਹਦਿਆਂ ਬੀਏ ਐੱਮਏ (ਹਿਸਟਰੀ) ਤਕ ਪਹਿਲੀ ਪੁਜੀਸ਼ਨ ਹਾਸਲ ਕਰਦਿਆਂ ਸਕਾਲਰਸ਼ਿਪ ਹਾਸਲ ਕੀਤੇ। ਆਪ ਜੀ ਨੇ ਮੁੱਢਲੀ ਪੜ੍ਹਾਈ ਮਸੂਰੀ ਦੇ ਹੈਪਟਨ ਕੋਰਟ ਤੇ ਸੇਂਟ ਜਾਰਜਜ਼ ਕਾਲਜ ਵਿਖੇ ਹਾਸਲ ਕੀਤੀ। ਇਕੋ ਵੇਲੇ ਤਿੰਨ ਤਿੰਨ ਖੇਡਾਂ ਵਿਚ ਯੂਨੀਵਰਸਿਟੀ ਚੈਂਪੀਅਨ ਰਹੇ ਰਾਜਦੀਪ ਗਿੱਲ ਹੁਰਾਂ ਨੇ ਜਦੋਂ ਤੋਂ ਪੁਲੀਸ ਸਰਵਿਸ ਸ਼ੁਰੂ ਕੀਤੀ ਤਾਂ ਆਪ ਜੀ ਦਾ ਦਿਲ ਸਦਾ ਖੇਡਾਂ ਤੇ ਖਿਡਾਰੀਆਂ ਲਈ ਧੜਕਦਾ ਰਿਹਾ।
ਰਾਜਦੀਪ ਸਿੰਘ ਗਿੱਲ ਨੇ ਪੀਏਪੀ ਵਿਚ ਹੁੰਦਿਆਂ ਪੰਜਾਬ ਪੁਲੀਸ ਦੇ ਖਿਡਾਰੀਆਂ ਨੂੰ ਖੇਡਾਂ ਲਈ ਤਿਆਰ ਕੀਤਾ। ਪਦਮਸ੍ਰੀ, ਅਰਜੁਨਾ ਐਵਾਰਡ, ਦਰੋਣਾਚਾਰੀਆ ਐਵਾਰਡ ਤੇ ਮਹਾਰਾਜਾ ਰਣਜੀਤ ਸਿੰਘ ਐਵਾਰਡ ਜੇਤੂ ਓਲੰਪੀਅਨਾਂ ਅਤੇ ਕੌਮਾਂਤਰੀ ਮੁਕਾਬਲਿਆਂ ਦੇ ਖਿਡਾਰੀਆਂ ਦਾ ਮਾਰਗ ਦਰਸ਼ਨ ਕਰਨ ਵਾਲੇ ਰਾਜਦੀਪ ਸਿੰਘ ਗਿੱਲ ਪੁਲੀਸ ਦੇ ਉਚ ਅਹੁਦਿਆਂ ਤੇ ਰਹਿੰਦੇ ਹੋਏ ਹਰ ਸਾਲ ਵੱਡਾ ਸਮਾਗਮ ਕਰ ਕੇ ਜਿਥੇ ਉੱਘੇ ਸਾਬਕਾ ਖਿਡਾਰੀਆਂ ਦਾ ਸਨਮਾਨ ਕਰਦੇ ਉਥੇ ਨਵੇਂ ਖਿਡਾਰੀਆਂ ਤੇ ਖੇਡਾਂ ਨਾਲ ਜੁੜੇ ਪ੍ਰੋਮੋਟਰਾਂ ਦਾ ਵੀ ਸਨਮਾਨ ਕਰਦੇ। ਬਲਬੀਰ ਸਿੰਘ ਸੀਨੀਅਰ ਵਰਗੇ ਧਨੰਤਰ ਖਿਡਾਰੀ ਵੀ ਆਪ ਜੀ ਦੀ ਮਹਿਮਾਨ ਨਿਵਾਜੀ ਤੇ ਖੇਡਾਂ ਪ੍ਰਤੀ ਜਨੂਨ ਦੇ ਕਾਇਲ ਸਨ।
ਆਪ ਜੀ ਕਈ ਵੱਡੇ ਖੇਡ ਮੁਕਾਬਲਿਆਂ ਦੀ ਮੇਜ਼ਬਾਨੀ ਕਰ ਚੁੱਕੇ ਹਨ ਜਿਨ੍ਹਾਂ ਵਿਚ ਭਾਰਤ-ਰੂਸ ਤੇ ਪੰਜਾਬ-ਪੋਲੈਂਡ ਹਾਕੀ ਮੈਚ, ਕੌਮੀ ਖੇਡਾਂ, ਸਰਵ ਭਾਰਤੀ ਪੁਲੀਸ ਖੇਡਾਂ, ਹਿੰਦ-ਪਾਕਿ ਪੰਜਾਬ ਖੇਡਾਂ, ਵੱਖ ਵੱਖ ਖੇਡਾਂ ਦੀਆਂ ਕੌਮੀ ਚੈਂਪੀਅਨਸ਼ਿਪਾਂ ਆਦਿ ਸ਼ਾਮਲ ਹਨ। ਖੇਡ ਜਗਤ ਆਪ ਜੀ ਨੂੰ ਪੁਲੀਸ ਅਫਸਰ ਵਜੋਂ ਘੱਟ ਪਰ ਖਿਡਾਰੀਆਂ ਦੇ ਖ਼ੈਰ-ਖਵਾਹ ਵਜੋਂ ਵੱਧ ਜਾਣਦਾ ਹੈ। ਆਪ ਜੀ ਨੇ ਪੰਜਾਬ ਪੁਲੀਸ ਦੀਆਂ ਖੇਡ ਪ੍ਰਾਪਤੀਆਂ ਬਾਰੇ ਵੱਡ-ਆਕਾਰੀ ਪੁਸਤਕ ‘ਗ੍ਰਿਟ ਐਂਡ ਗਲੋਰੀ’ ਲਿਖ ਕੇ ਮਿਸਾਲ ਕਾਇਮ ਕੀਤੀ ਹੈ ਜਿਸ ਨੂੰ ਖੇਡਾਂ ਦਾ ਗ੍ਰੰਥ ਵੀ ਕਹਿ ਸਕਦੇ ਹਾਂ। ਅਸੀਂ ਦੁਆ ਕਰਦੇ ਹਾਂ ਕਿ ਆਪ ਪੁਲੀਸ ਮਹਿਕਮੇ ਵਿਚੋਂ ਸੇਵਾ ਮੁਕਤ ਹੋਣ ਤੋਂ ਪਿੱਛੋਂ ਵੀ ਖਿਡਾਰੀਆਂ ਦੇ ਰਹਬਿਰ ਬਣੇ ਰਹੋਗੇ ਤੇ ਖੇਡ ਜਗਤ ਦੀਆਂ ਖੁਸ਼ੀਆਂ ਪ੍ਰਾਪਤ ਕਰੋਗੇ।
* * *
2001 ਦੀਆਂ ਨੈਸ਼ਨਲ ਗੇਮਜ਼ ਸਮੇਂ ਰਾਜਦੀਪ ਸਿੰਘ ਗਿੱਲ ਪੰਜਾਬ ਦੇ ਖੇਡ ਦਲ ਦਾ ਚੀਫ਼ ਡੀ ਮਿਸ਼ਨ ਸੀ। ਉਦੋਂ ਪੰਜਾਬ ਦੇ ਖਿਡਾਰੀਆਂ ਨੇ 62 ਸੋਨੇ, 44 ਚਾਂਦੀ ਤੇ 57 ਤਾਂਬੇ ਦੇ ਤਗ਼ਮੇ ਜਿੱਤ ਕੇ ਓਵਰਆਲ ਨੈਸ਼ਨਲ ਚੈਂਪੀਅਨਸਿ਼ਪ ਜਿੱਤੀ ਸੀ। 2002 ਵਿਚ ਵੀ ਉਹ ਪੰਜਾਬ ਦਲ ਦਾ ਮੋਹਰੀ ਸੀ ਜਿਸ ਦੀ ਅਗਵਾਈ ਵਿਚ ਪੰਜਾਬ ਦੇ ਖਿਡਾਰੀਆਂ ਨੇ 54 ਸੋਨੇ, 37 ਚਾਂਦੀ ਤੇ 55 ਤਾਂਬੇ ਦੇ ਤਗ਼ਮੇ ਜਿੱਤ ਕੇ ਭਾਰਤ ਭਰ ਵਿਚ ਦੂਜਾ ਸਥਾਨ ਹਾਸਲ ਕੀਤਾ ਸੀ।
ਰਾਜਦੀਪ ਸਿੰਘ ਗਿੱਲ ਨੇ ਸੈਂਕੜੇ ਖਿਡਾਰੀ ਪੰਜਾਬ ਪੁਲੀਸ ਵਿਚ ਭਰਤੀ ਕੀਤੇ ਤੇ ਕਰਵਾਏ ਸਨ ਜਿਨ੍ਹਾਂ ਵਿਚੋਂ 61 ਖਿਡਾਰੀ ਕੌਮਾਂਤਰੀ ਮੁਕਾਬਲਿਆਂ ਵਿਚ ਚੈਂਪੀਅਨ ਅਤੇ 67 ਨੈਸ਼ਨਲ ਖੇਡਾਂ ਦੇ ਚੈਂਪੀਅਨ ਬਣੇ। ਉਸ ਦੀ ਪ੍ਰਧਾਨਗੀ ਵਿਚ ਪੰਜਾਬ ਬਾਸਕਟਬਾਲ ਐਸੋਸੀਏਸ਼ਨ ਵੱਲੋਂ ਤਿਆਰ ਕੀਤੀਆਂ ਪੰਜਾਬ ਦੀਆਂ ਟੀਮਾਂ ਨੇ ਨੈਸ਼ਨਲ ਪੱਧਰ ਤੇ 20 ਗੋਲਡ, 31 ਸਿਲਵਰ ਤੇ 17 ਤਾਂਬੇ ਦੇ ਮੈਡਲ ਜਿੱਤੇ। 1987 ਵਿਚ ਪੰਜਾਬ ਸਰਕਾਰ ਤੇ ਪੰਜਾਬ ਓਲੰਪਿਕ ਐਸੋਸੀਏਸ਼ਨ ਨੇ ਉਸ ਦਾ ਮਾਣ ਸਨਮਾਨ ਕੀਤਾ ਅਤੇ 1990 ਵਿਚ ਉਸ ਨੂੰ ਪ੍ਰੈਜ਼ੀਡੈਂਟ ਪੁਲੀਸ ਮੈਡਲ ਮਿਲਿਆ। 2002 ਵਿਚ ਉਸ ਨੂੰ ਮਿਸਾਲੀ ਸੇਵਾਵਾਂ ਲਈ ਰਾਸ਼ਟਰਪਤੀ ਪੁਲੀਸ ਮੈਡਲ ਨਾਲ ਸਨਮਾਨਿਆ ਗਿਆ। ਉਸ ਨੇ ਹੋਰਨਾਂ ਕਾਰਜਾਂ ਤੋਂ ਇਲਾਵਾ ਪੰਜਾਬ ਦੇ ਪਿੰਡਾਂ ਵਿਚ ਲੋਕਾਂ ਦੇ ਸਹਿਯੋਗ ਨਾਲ ਖੇਡਾਂ ਲਈ 300 ਖੇਡ ਮੈਦਾਨ ਤਿਆਰ ਕਰਵਾਏ ਤੇ ਚਿੱਤਰਾਂ ਦੀਆਂ ਨੁਮਾਇਸ਼ਾਂ ਲਗਵਾਈਆਂ। ਜਿਥੇ ਉਸ ਦੇ ਹਿਰਦੇ ਵਿਚ ਖੇਡਾਂ ਦੀ ਰੂਹ ਹੈ, ਉਥੇ ਸੂਖਮ ਕਲਾਵਾਂ ਦਾ ਵੀ ਵਾਸ ਹੈ। ਖੇਡ ਸੰਸਥਾਵਾਂ ਸਮੇਤ ਉਹ ਕਲਾ ਕੇਂਦਰਾਂ ਨਾਲ ਵੀ ਜੁੜਿਆ ਹੋਇਆ ਹੈ।
ਪੁਸਤਕ ‘ਗ੍ਰਿਟ ਐਂਡ ਗਲੋਰੀ’ ਵਿਚ ਪੰਜਾਬ ਪੁਲੀਸ ਦੇ ਸੈਂਕੜੇ ਖਿਡਾਰੀਆਂ ਬਾਰੇ ਤੱਥਗਤ ਜਾਣਕਾਰੀ ਦਿੱਤੀ ਗਈ ਹੈ। ਮਸਲਨ, ਖਿਡਾਰੀਆਂ ਨੇ ਕਿਹੜੀ ਕਿਹੜੀ ਖੇਡ ਵਿਚ ਹਿੱਸਾ ਲਿਆ, ਕਿੰਨੇ ਮੈਡਲ ਜਿੱਤੇ, ਕਿੰਨੇ ਰਿਕਾਰਡ ਰੱਖੇ, ਪੰਜਾਬ ਚੈਂਪੀਅਨਸਿ਼ਪ ਤੋਂ ਲੈ ਕੇ ਓਲੰਪਿਕ ਖੇਡਾਂ ਤਕ ਕਿੰਨੇ ਖੇਡ ਮੁਕਾਬਲਿਆਂ ਵਿਚ ਭਾਗ ਲਿਆ ਤੇ ਕਿਹੜੇ ਕਿਹੜੇ ਮਾਣ ਸਨਮਾਨ ਮਿਲੇ। 1978 ਤੋਂ 1995 ਤਕ ਪੰਜਾਬ ਪੁਲੀਸ ਦੇ 30 ਖਿਡਾਰੀਆਂ ਨੂੰ ਪੰਜਾਬ ਸਰਕਾਰ ਦਾ ਖੇਡ ਐਵਾਰਡ ਮਹਾਰਾਜਾ ਰਣਜੀਤ ਸਿੰਘ ਐਵਾਰਡ ਮਿਲਿਆ। ਭਾਰਤ ਸਰਕਾਰ ਦਾ ਵਿਸ਼ੇਸ਼ ਖੇਡ ਪੁਰਸਕਾਰ ਅਰਜਨਾ ਐਵਾਰਡ 1961 ਤੋਂ ਸ਼ੁਰੂ ਹੋਇਆ ਸੀ ਜੋ 2000 ਤਕ ਪੰਜਾਬ ਪੁਲੀਸ ਦੇ 26 ਖਿਡਾਰੀਆਂ ਨੇ ਹਾਸਲ ਕੀਤਾ। ਉਨ੍ਹਾਂ ਵਿਚ ਉਹ ਵੀ ਸ਼ਾਮਲ ਹਨ ਜਿਨ੍ਹਾਂ ਨੂੰ ਪੰਜਾਬ ਪੁਲੀਸ ਵਿਚ ਭਰਤੀ ਹੋਣ ਤੋਂ ਪਹਿਲਾਂ ਜਾਂ ਪੁਲੀਸ ਛੱਡਣ ਪਿੱਛੋਂ ਇਹ ਅਵਾਰਡ ਮਿਲਿਆ।
ਪੰਜਾਬ ਪੁਲੀਸ ਨਾਲ ਸੰਬੰਧਿਤ ਅਰਜੁਨਾ ਐਵਾਰਡੀ ਹਨ ਪ੍ਰਿਥੀਪਾਲ ਸਿੰਘ, ਨ੍ਰਿਪਜੀਤ ਸਿੰਘ ਬੇਦੀ, ਚਰਨਜੀਤ ਸਿੰਘ, ਊਧਮ ਸਿੰਘ, ਗੁਰਬਚਨ ਸਿੰਘ ਭੰਗੂ, ਗੁਰਦੇਵ ਸਿੰਘ, ਕਰਤਾਰ ਸਿੰਘ ਢਿੱਲੋਂ, ਸੁਰਿੰਦਰ ਸਿੰਘ ਸੋਢੀ, ਜਗਦੀਸ਼ ਸਿੰਘ, ਸੁਰਜੀਤ ਸਿੰਘ, ਨਰਿੰਦਰ ਸਿੰਘ, ਬਲਜੀਤ ਸਿੰਘ ਢਿੱਲੋਂ, ਬਲਬੀਰ ਸਿੰਘ ਜੂਨੀਅਰ, ਰਮਨਦੀਪ ਸਿੰਘ, ਬਲਵਿੰਦਰ ਸਿੰਘ, ਸੁਖਪਾਲ ਸਿੰਘ, ਦਲਬੀਰ ਸਿੰਘ, ਸੱਜਣ ਸਿੰਘ, ਜਗਜੀਤ ਸਿੰਘ, ਬਲਵੰਤ ਸਿੰਘ, ਪ੍ਰੇਮ ਚੰਦ ਡੋਗਰਾ, ਸੁਨੀਤਾ ਰਾਣੀ, ਜੈਪਾਲ ਸਿੰਘ, ਹਰਦੀਪ ਸਿੰਘ, ਪਰਗਟ ਸਿੰਘ ਤੇ ਕੌਰ ਸਿੰਘ। ਦਰਜਨ ਤੋਂ ਵੱਧ ਖੇਡਾਂ ਦੇ ਹਜ਼ਾਰ ਤੋ ਵੱਧ ਖਿਡਾਰੀਆਂ ਦੇ ਵੇਰਵਿਆਂ ਤੇ ਤਸਵੀਰਾਂ ਨਾਲ ਇਹ ਪੁਸਤਕ ਭਰੀ ਪਈ ਹੈ।
ਬਤੌਰ ਖਿਡਾਰੀ ਜਿਨ੍ਹਾਂ ਨੂੰ ਪਦਮਸ੍ਰੀ ਦੀ ਉਪਾਧੀ ਨਾਲ ਸਨਮਾਨਿਆ ਗਿਆ ਉਨ੍ਹਾਂ ਵਿਚੋਂ ਪੰਜਾਬ ਪੁਲੀਸ ਨਾਲ ਸੰਬੰਧਿਤ ਅੱਠ ਖਿਡਾਰੀ ਹਨ। ਬਲਬੀਰ ਸਿੰਘ ਸੀਨੀਅਰ ਨੂੰ 1957 ਵਿਚ ਪਦਮਸ੍ਰੀ ਪੁਰਸਕਾਰ ਦਿੱਤਾ ਗਿਆ। ਉਸ ਨੂੰ ਓਲੰਪਿਕ ਖੇਡਾਂ ਵਿਚੋਂ ਤਿੰਨ ਗੋਲਡ ਮੈਡਲ ਜਿੱਤਣ ਕਰਕੇ ‘ਗੋਲਡਨ ਹੈਟ ਟ੍ਰਿਕ’ ਵਾਲਾ ਬਲਬੀਰ ਵੀ ਕਿਹਾ ਜਾਂਦੈ। ਹੈਲਸਿੰਕੀ-1952 ਦੀਆਂ ਓਲੰਪਿਕ ਖੇਡਾਂ ਵਿਚ ਸੈਮੀ ਫਾਈਨਲ ਅਤੇ ਫਾਈਨਲ ਮੈਚਾਂ ਵਿਚ ਭਾਰਤੀ ਟੀਮ ਦੇ ਕੁਲ 9 ਗੋਲਾਂ ਵਿਚੋਂ 8 ਗੋਲ ਉਸ ਦੀ ਸਟਿੱਕ ਨਾਲ ਹੋਏ ਸਨ। ਉਥੇ ਹਾਲੈਂਡ ਵਿਰੁੱਧ ਫਾਈਨਲ ਮੈਚ ਵਿਚ ਉਸ ਦੇ 5 ਗੋਲ ਸਨ ਜੋ ਓਲੰਪਿਕ ਖੇਡਾਂ ਦਾ ਸੱਤ ਦਹਾਕੇ ਪੁਰਾਣਾ ਰਿਕਾਰਡ ਹੈ। ਉਸ ਨੇ ਭਾਰਤੀ ਟੀਮਾਂ ਦਾ ਕੋਚ/ਮੈਨੇਜਰ ਬਣ ਕੇ ਭਾਰਤ ਨੂੰ ਵਿਸ਼ਵ ਹਾਕੀ ਕੱਪ ਅਤੇ ਛੇ ਮੈਡਲ ਜਿਤਾਏ। ਹਾਕੀ ਦੀ ਕੋਚਿੰਗ ਬਾਰੇ ‘ਦਿ ਗੋਲਡਨ ਯਾਰਡ ਸਟਿੱਕ’ ਪੁਸਤਕ ਵੀ ਲਿਖੀ। ਭਾਰਤ-ਚੀਨ ਜੰਗ ਵੇਲੇ ਆਪਣੇ ਤਿੰਨੇ ਓਲੰਪਿਕ ਗੋਲਡ ਮੈਡਲ ਪ੍ਰਧਾਨ ਮੰਤਰੀ ਰਿਲੀਫ਼ ਫੰਡ ਲਈ ਦਾਨ ਕੀਤੇ। ਫਿਰ ਆਪਣੀਆਂ ਖੇਡ ਨਿਸ਼ਾਨੀਆਂ ਸਪੋਰਟਸ ਅਥਾਰਟੀ ਆਫ਼ ਇੰਡੀਆ ਦੇ ਸਪੁਰਦ ਕਰ ਦਿੱਤੀਆਂ ਜੋ ਸਾਈ ਨੇ ਪਤਾ ਨਹੀਂ ਕਿਥੇ ‘ਗੁਆ’ ਛੱਡੀਆਂ ਜੋ ਹੁਣ ਮਿਲ ਨਹੀਂ ਰਹੀਆਂ।
ਬਲਬੀਰ ਸਿੰਘ 31 ਦਸੰਬਰ 1923 ਤੋਂ 25 ਮਈ 2020 ਤਕ ਜੀਵਿਆ। ਉਹਦਾ ਸਟੇਟ ਸਨਮਾਨ ਸਹਿਤ ਚੰਡੀਗੜ੍ਹ ਵਿਚ ਸਸਕਾਰ ਹੋਇਆ। ਉਸ ਮੌਕੇ ਪੰਜਾਬ ਸਰਕਾਰ ਵੱਲੋਂ ਐਲਾਨ ਕੀਤਾ ਗਿਆ ਕਿ ਮੁਹਾਲੀ ਦੇ ਹਾਕੀ ਸਟੇਡੀਅਮ ਦਾ ਨਾਂ ਬਲਬੀਰ ਸਿੰਘ ਹਾਕੀ ਸਟੇਡੀਅਮ ਰੱਖਿਆ ਜਾਵੇਗਾ। ਪੰਜਾਬ ਸਰਕਾਰ ਭਾਰਤ ਸਰਕਾਰ ਨੂੰ ਪੁਰਜ਼ੋਰ ਸਿਫਾਰਸ਼ ਕਰੇਗੀ ਕਿ ਵਿਸ਼ਵ ਦੇ ਸਿਰਮੌਰ ਹਾਕੀ ਖਿਡਾਰੀ, ਆਇਕੌਨਿਕ ਓਲੰਪੀਅਨ ਬਲਬੀਰ ਸਿੰਘ ਨੂੰ ਭਾਰਤ ਰਤਨ ਪੁਰਸਕਾਰ ਨਾਲ ਨਿਵਾਜੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਐਲਾਨ ਕੀਤਾ ਕਿ ਗੁਰਸਿੱਖ ਖਿਡਾਰੀ ਬਲਬੀਰ ਸਿੰਘ ਦਾ ਚਿੱਤਰ ਕੇਂਦਰੀ ਸਿੱਖ ਅਜਾਇਬ ਘਰ ਵਿਚ ਸੁਸ਼ੋਭਿਤ ਕੀਤਾ ਜਾਵੇਗਾ। ਤਸੱਲੀ ਦੀ ਗੱਲ ਹੈ ਕਿ ਉਸ ਦੀ ਪਹਿਲੀ ਬਰਸੀ ਤੇ ਬਲਬੀਰ ਸਿੰਘ ਸੀਨੀਅਰ ਹਾਕੀ ਸਟੇਡੀਅਮ ਦਾ ਉਦਘਾਟਨ ਕਰ ਦਿੱਤਾ ਗਿਆ ਹੈ ਪਰ ਗੁਰਸਿੱਖ ਖਿਡਾਰੀ ਦਾ ਚਿੱਤਰ ਅਜੇ ਕੇਂਦਰੀ ਸਿੱਖ ਅਜਾਇਬ ਘਰ ਵਿਚ ਸੁਸ਼ੋਭਿਤ ਨਹੀਂ ਹੋਇਆ ਤੇ ਨਾ ਹੀ ਭਾਰਤ ਰਤਨ ਦੀ ਗੱਲ ਅੱਗੇ ਤੁਰੀ ਹੈ।
ਚਰਨਜੀਤ ਸਿੰਘ ਨੂੰ 1964 ਵਿਚ ਪਦਮਸ੍ਰੀ ਦੀ ਉਪਾਧੀ ਦਿੱਤੀ ਗਈ। ਉਹ ਉਨ੍ਹਾਂ ਖਿਡਾਰੀਆਂ ਵਿਚੋਂ ਸੀ ਜੋ ਖੇਡਾਂ ਵਿਚ ਮੱਲਾਂ ਮਾਰਨ ਨਾਲ ਪੜ੍ਹਾਈ ਵਿਚ ਵੀ ਹੁਸਿ਼ਆਰ ਰਹੇ। ਉਹ ਟੋਕੀਓ ਦੀਆਂ ਓਲੰਪਿਕ ਖੇਡਾਂ-1964 ਵਿਚੋਂ ਗੋਲਡ ਮੈਡਲ ਜਿੱਤਣ ਵਾਲੀ ਭਾਰਤੀ ਹਾਕੀ ਟੀਮ ਦਾ ਕਪਤਾਨ ਸੀ। ਉਸ ਦਾ ਜਨਮ ਜਿ਼ਲ੍ਹਾ ਹੁਸਿ਼ਆਰਪੁਰ ਦੇ ਪਿੰਡ ਨੇਹੜੀ ਵਿਚ 2 ਫਰਵਰੀ 1931 ਨੂੰ ਹੋਇਆ ਸੀ। ਪੰਜਾਬ ਪੁਲੀਸ ਨੂੰ ਛੱਡ ਕੇ ਉਹ ਹਿਮਾਚਲ ਯੂਨੀਵਰਸਿਟੀ ਸਿ਼ਮਲੇ ਚਲਾ ਗਿਆ ਸੀ ਜਿਥੇ ਡਾਇਰੈਕਟਰ ਦੇ ਅਹੁਦੇ ਤੋਂ ਰਿਟਾਇਰ ਹੋਇਆ ਸੀ।
ਪ੍ਰਿਥੀਪਾਲ ਸਿੰਘ ਨੂੰ 1967 ਵਿਚ ਪਦਮਸ੍ਰੀ ਪੁਰਸਕਾਰ ਮਿਲਿਆ। ਉਹ ਤਿੰਨ ਓਲੰਪਿਕਸ ਖੇਡਿਆ ਤੇ ਤਿੰਨਾਂ ਵਿਚ ਹੀ ਸਭ ਤੋਂ ਵੱਧ ਗੋਲ ਕੀਤੇ। ਉਸ ਨੂੰ ਪੈਨਲਟੀ ਕਾਰਨਰ ਦਾ ਬਾਦਸ਼ਾਹ ਕਿਹਾ ਜਾਂਦਾ ਸੀ। ਉਹ ਨਨਕਾਣਾ ਸਾਹਿਬ ਦਾ ਜੰਮਪਲ ਸੀ ਜਿਸ ਕਰਕੇ ਮੈਂ ਉਹਦੇ ਬਾਰੇ ਉਲੀਕੇ ਸ਼ਬਦ ਚਿੱਤਰ ਦਾ ਨਾਂ ‘ਗੁਰੂ ਨਾਨਕ ਦਾ ਗਰਾਈਂ’ ਰੱਖਿਆ ਸੀ। ਮਈ 1983 ਵਿਚ ਜਦੋਂ ਪੰਜਾਬ ਵਿਚ ਦਹਿਸ਼ਤੀ ਦੌਰ ਸ਼ੁਰੂ ਹੋਇਆ ਤਾਂ ਖੇਤੀਬਾੜੀ ਯੂਨੀਵਰਸਿਟੀ ਵਿਚ ਉਹਦੇ ਦਫਤਰ ਮੂਹਰੇ ਗੋਲੀਆਂ ਮਾਰ ਕੇ ਉਸ ਨੂੰ ਕਤਲ ਕਰ ਦਿੱਤਾ ਗਿਆ ਸੀ।
ਮੁੱਕੇਬਾਜ਼ ਕੌਰ ਸਿੰਘ ਨੂੰ 1983 ਵਿਚ ਪਦਮਸ੍ਰੀ ਪੁਰਸਕਾਰ ਦਿੱਤਾ ਗਿਆ। ਉਹ ਨਵੀਂ ਦਿੱਲੀ ਦੀਆਂ ਏਸਿ਼ਆਈ ਖੇਡਾਂ-1982 ਵਿਚ ਹੈਵੀ ਵੇਟ ਮੁੱਕੇਬਾਜ਼ੀ ਦਾ ਚੈਂਪੀਅਨ ਸੀ। ਪਹਿਲਵਾਨ ਕਰਤਾਰ ਸਿੰਘ ਢਿੱਲੋਂ ਨੂੰ 1986-87 ਵਿਚ ਪਦਮਸ੍ਰੀ ਦੇ ਖਿ਼ਤਾਬ ਨਾਲ ਸਨਮਾਨਿਆ ਗਿਆ। ਉਹ ਪਿੰਡ ਸੁਰ ਸਿੰਘ ਦਾ ਜੰਮਪਲ ਹੈ। ਉਸ ਨੇ 1973 ਤੋਂ 2010 ਤਕ ਕੁਲ ਦੁਨੀਆ ਗਾਹੀ ਅਤੇ ਸੈਂਕੜੇ ਕੁਸ਼ਤੀਆਂ ਤੇ ਦਰਜਨਾਂ ਗੁਰਜਾਂ ਜਿੱਤੀਆਂ। ਏਸਿ਼ਆਈ ਖੇਡਾਂ ਵਿਚੋਂ ਦੋ ਸੋਨੇ, ਇਕ ਚਾਂਦੀ, ਕਾਮਨਵੈਲਥ ਖੇਡਾਂ ਵਿਚੋਂ ਤਿੰਨ ਤਗ਼ਮੇ ਤੇ ਵਿਸ਼ਵ ਵੈਟਰਨ ਚੈਂਪੀਅਨਸਿ਼ਪਾਂ ਦੇ 16 ਸੋਨ ਤਗ਼ਮੇ ਜਿੱਤੇ। ਉਹ ਪੰਜਾਬ ਪੁਲੀਸ ਵਿਚੋਂ ਬਤੌਰ ਆਈਜੀ ਰਿਟਾਇਰ ਹੋਇਆ। ਬਾਡੀ ਬਿਲਡਰ ਪ੍ਰੇਮ ਚੰਦ ਦੇਗੜਾ ਨੂੰ 1990 ਵਿਚ ਪਦਮਸ੍ਰੀ ਪੁਰਸਕਾਰ ਮਿਲਿਆ। ਪਰਗਟ ਸਿੰਘ ਨੂੰ 1996-97 ਦਾ ਪਦਮਸ੍ਰੀ ਪੁਰਸਕਾਰ ਦਿੱਤਾ ਗਿਆ। ਉਹ ਓਲੰਪਿਕ ਖੇਡਾਂ ਵਿਚ ਭਾਰਤ ਹਾਕੀ ਟੀਮਾਂ ਦਾ ਦੋ ਵਾਰ ਕਪਤਾਨ ਬਣਿਆ ਸੀ। ਪੁਲੀਸ ਵਿਚ ਐੱਸਪੀ ਤੇ ਪੰਜਾਬ ਦਾ ਸਪੋਰਟਸ ਡਾਇਰੈਕਟਰ ਰਹਿਣ ਪਿੱਛੋਂ ਸਿਆਸਤ ਵਿਚ ਗਿਆ ਤੇ ਅੱਜ ਕੱਲ੍ਹ ਪੰਜਾਬ ਦਾ ਸਿੱਖਿਆ, ਖੇਡਾਂ ਤੇ ਯੁਵਕ ਭਲਾਈ ਵਿਭਾਗਾਂ ਦਾ ਮੰਤਰੀ ਹੈ।
ਸੁਨੀਤਾ ਰਾਣੀ ਨੂੰ 2001 ਵਿਚ ਪਦਮਸ੍ਰੀ ਅਵਾਰਡ ਨਾਲ ਸਨਮਾਨਿਆ ਗਿਆ। ਉਸ ਦਾ ਜਨਮ ਸੁਨਾਮ ਨੇੜੇ ਪਿੰਡ ਤੋਲਾਵਾਲ ਵਿਚ 4 ਦਸੰਬਰ 1979 ਨੂੰ ਹੋਇਆ ਸੀ। ਉਸ ਨੇ ਲੰਮੀਆਂ ਦੌੜਾਂ ਵਿਚ ਪੰਜ ਨੈਸ਼ਨਲ ਰਿਕਾਰਡ ਰੱਖੇ, ਇਕ ਏਸ਼ੀਆ ਦਾ ਰਿਕਾਰਡ ਕਾਇਮ ਕੀਤਾ ਤੇ ਕੌਮਾਂਤਰੀ ਮੁਕਾਬਲਿਆਂ ਦੇ ਵੀਹ ਤੋਂ ਵੱਧ ਮੈਡਲ ਜਿੱਤੇ। ਪੰਜਾਬ ਪੁਲੀਸ ਨੇ ਉਸ ਨੂੰ ਡੀਐੱਸਪੀ ਭਰਤੀ ਕੀਤਾ ਸੀ। ਉਹ ਅਜਿਹੀ ਅਥਲੀਟ ਹੈ ਜਿਸ ਨੇ ਆਮ ਘਰਾਂ ਦੀਆਂ ਲੜਕੀਆਂ ਵਿਚ ਦੌੜਾਂ ਦੌੜਨ ਦਾ ਉਤਸ਼ਾਹ ਭਰਿਆ ਕਿ ਉਹ ਵੀ ਕੌਮੀ ਤੇ ਕੌਮਾਂਤਰੀ ਪੱਧਰ `ਤੇ ਜਿੱਤਾਂ ਜਿੱਤ ਸਕਦੀਆਂ ਹਨ। ਉਹਦੇ ਬਾਰੇ ਵੈਟਰਨ ਅਥਲੀਟ ਤ੍ਰਿਲੋਕ ਸਿੰਘ ਨੇ ‘ਸੁਨਾਮ ਸ਼ਹਿਰ ਦੀ ਨਾਮਵਰ ਦੌੜਾਕ ਸੁਨੀਤਾ ਰਾਣੀ’ ਨਾਂ ਦੀ ਕਿਤਾਬ ਲਿਖੀ ਜਿਸ ਵਿਚ ਉਹਦੀ ਪੂਰੀ ਜੀਵਨੀ ਪੇਸ਼ ਕੀਤੀ ਗਈ। ਦੇਖਦੇ ਹਾਂ ਪੰਜਾਬ ਪੁਲੀਸ ਦੇ ਖਿਡਾਰੀਆਂ ਦਾ ਇਤਿਹਾਸ ਪੰਜਾਬੀ ਵਿਚ ਕਦੋਂ ਛਪਦੈ?
ਸੰਪਰਕ: principalsarwansingh@gmail.com