ਡਾ. ਵਰਿੰਦਰ ਭਾਟੀਆ
ਵਿਦਿਆਰਥੀਆਂ ਦੀ ਮਾਨਸਿਕ ਸਿਹਤ ਇੱਕ ਜ਼ਰੂਰੀ ਪਹਿਲੂ ਹੈ। ਮਾਨਸਿਕ ਸਿਹਤ ਦੇ ਸਬੰਧ ਵਿੱਚ ਫ੍ਰੈਂਡਸਨ ਨੇ ਕਿਹਾ ਸੀ, ‘‘ਮਾਨਸਿਕ ਸਿਹਤ ਦਾ ਵਿਕਾਸ ਸਿੱਖਿਆ ਦਾ ਇੱਕ ਮਹੱਤਵਪੂਰਨ ਉਦੇਸ਼ ਹੈ।’’ ਵਿਦਿਆਰਥੀਆਂ ਦੀ ਮਾਨਸਿਕ ਸਿਹਤ ਨੂੰ ਕਾਇਮ ਰੱਖਣ ਲਈ ਅਧਿਆਪਕ ਅਹਿਮ ਰੋਲ ਨਿਭਾਅ ਸਕਦੇ ਹਨ। ਕੁਝ ਸੁਝਾਅ ਦਿੱਤੇ ਜਾ ਸਕਦੇ ਹਨ। ਵਿਦਿਆਰਥੀਆਂ ਪ੍ਰਤੀ ਅਧਿਆਪਕ ਦਾ ਵਤੀਰਾ ਨਿਮਰਤਾ ਵਾਲਾ, ਸਲੀਕੇ ਵਾਲਾ ਅਤੇ ਹਮਦਰਦੀ ਵਾਲਾ ਹੋਣਾ ਚਾਹੀਦਾ ਹੈ। ਉਸ ਨੂੰ ਜਮਾਤ ਅਤੇ ਸੰਸਥਾ ਦੇ ਸਾਰੇ ਵਿਦਿਆਰਥੀਆਂ ਨਾਲ ਬਿਨਾਂ ਕਿਸੇ ਭੇਦਭਾਵ ਜਾਂ ਪੱਖਪਾਤ ਦੇ ਬਰਾਬਰ ਅਤੇ ਪਿਆਰ ਨਾਲ ਪੇਸ਼ ਆਉਣਾ ਚਾਹੀਦਾ ਹੈ। ਇਸ ਨਾਲ ਉਨ੍ਹਾਂ ਦੀ ਮਾਨਸਿਕ ਸਿਹਤ ’ਤੇ ਚੰਗਾ ਪ੍ਰਭਾਵ ਪੈਂਦਾ ਹੈ। ਕਿਸੇ ਵਿਦਿਅਕ ਅਦਾਰੇ ਵਿੱਚ ਅਨੁਸ਼ਾਸ਼ਨ ਸਥਾਪਤ ਕਰਨ ਵਿੱਚ ਸਕੂਲ ਅਧਿਆਪਕਾਂ ਦਾ ਵਿਸ਼ੇਸ਼ ਯੋਗਦਾਨ ਹੁੰਦਾ ਹੈ ਅਤੇ ਨਾਲ ਹੀ ਅਨੁਸ਼ਾਸ਼ਨ ਦਾ ਮਾਨਸਿਕ ਸਿਹਤ ਨਾਲ ਸਿੱਧਾ ਸਬੰਧ ਹੈ। ਇਸ ਲਈ ਅਧਿਆਪਕਾਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਜਮਾਤ ਅਤੇ ਸੰਸਥਾ ਦਾ ਅਨੁਸ਼ਾਸ਼ਨ, ਡਰ, ਸਜ਼ਾ, ਜ਼ੁਲਮ ਅਤੇ ਕਠੋਰਤਾ ’ਤੇ ਆਧਾਰਿਤ ਨਾ ਹੋਵੇ, ਸਗੋਂ ਆਜ਼ਾਦੀ, ਬਰਾਬਰੀ, ਭਾਈਚਾਰਕ ਸਾਂਝ ਅਤੇ ਨਿਆਂ ਦੇ ਜਮਹੂਰੀ ਸਿਧਾਂਤਾਂ ’ਤੇ ਆਧਾਰਿਤ ਹੋਵੇ। ਇਸ ਦੇ ਨਾਲ ਹੀ ਵਿਦਿਆਰਥੀਆਂ ਨੂੰ ਜ਼ਿੰਮੇਵਾਰੀ ਨਾਲ ਕੰਮ ਸੌਂਪ ਕੇ ਸਕੂਲ ਦੇ ਪ੍ਰਸ਼ਾਸਨ ਵਿੱਚ ਭਾਗੀਦਾਰ ਬਣਾਇਆ ਜਾਵੇ। ਅਜਿਹਾ ਕਰਨ ਨਾਲ ਵਿਦਿਆਰਥੀਆਂ ਦੀ ਮਾਨਸਿਕ ਸਿਹਤ ਨੂੰ ਸਖ਼ਤ ਅਨੁਸ਼ਾਸ਼ਨ ਦੇ ਮਾੜੇ ਪ੍ਰਭਾਵਾਂ ਤੋਂ ਬਚਾਇਆ ਜਾ ਸਕਦਾ ਹੈ। ਇਸੇ ਤਰ੍ਹਾਂ ਪੜ੍ਹਾਉਣ ਦੇ ਢੰਗ ਵੀ ਵਿਦਿਆਰਥੀ ਦੀ ਮਾਨਸਿਕ ਸਿਹਤ ’ਤੇ ਡੂੰਘਾ ਪ੍ਰਭਾਵ ਪਾਉਂਦੇ ਹਨ। ਯੋਗ ਅਧਿਆਪਨ ਤਰੀਕਿਆਂ ਦੀ ਅਣਹੋਂਦ ਵਿੱਚ ਵਿਦਿਆਰਥੀਆਂ ਵਿੱਚ ਕਈ ਤਰ੍ਹਾਂ ਦੀਆਂ ਮਾਨਸਿਕ ਵਿਗਾੜਾਂ, ਬੁਰਾਈਆਂ, ਨਿਰਾਸ਼ਾ ਅਤੇ ਬਿਮਾਰੀਆਂ ਪੈਦਾ ਹੋ ਜਾਂਦੀਆਂ ਹਨ, ਜੋ ਉਨ੍ਹਾਂ ਦੇ ਭਵਿੱਖੀ ਜੀਵਨ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ। ਜਮਾਤ ਦੇ ਵਿਦਿਆਰਥੀਆਂ ਦੀਆਂ ਵੱਖ-ਵੱਖ ਮਾਨਸਿਕ ਯੋਗਤਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਅਨੁਕੂਲ ਅਧਿਆਪਨ ਫਾਰਮੂਲੇ, ਸੁਝਾਅ, ਤਕਨੀਕਾਂ ਅਤੇ ਢੰਗਾਂ ਦੀ ਵਰਤੋਂ ਕਰਨੀ ਚਾਹੀਦੀ ਹੈ।
ਕਈ ਵਾਰ ਵਿਦਿਆਰਥੀਆਂ ਨੂੰ ਇੰਨਾ ਜ਼ਿਆਦਾ ਹੋਮਵਰਕ ਦਿੱਤਾ ਜਾਂਦਾ ਹੈ ਕਿ ਇਸ ਨੂੰ ਸਮੇਂ ਸਿਰ ਪੂਰਾ ਕਰਨਾ ਉਨ੍ਹਾਂ ਦੀ ਸਮਰੱਥਾ ਤੋਂ ਬਾਹਰ ਹੁੰਦਾ ਹੈ। ਇਸ ਕਾਰਨ ਮਾਪੇ ਵੀ ਮਾਨਸਿਕ ਦਬਾਅ ਵਿੱਚ ਆ ਜਾਂਦੇ ਹਨ। ਵਿਦਿਆਰਥੀ ਸਮੇਂ ਸਿਰ ਹੋਮਵਰਕ ਪੂਰਾ ਨਾ ਕਰ ਸਕਣ ਕਾਰਨ ਸਜ਼ਾ ਬਾਰੇ ਸੋਚ ਕੇ ਡਰਦੇ ਅਤੇ ਚਿੰਤਤ ਰਹਿੰਦੇ ਹਨ। ਇਸ ਨਾਲ ਉਨ੍ਹਾਂ ਵਿੱਚ ਮਾਨਸਿਕ ਤਣਾਅ ਪੈਦਾ ਹੁੰਦਾ ਹੈ। ਚਾਹੀਦਾ ਹੈ ਕਿ ਵਿਦਿਆਰਥੀਆਂ ਨੂੰ ਸਿਰਫ਼ ਏਨਾ ਹੀ ਹੋਮਵਰਕ ਦਿੱਤਾ ਜਾਵੇ ਜਿਸ ਨੂੰ ਉਹ ਬਿਨਾਂ ਕਿਸੇ ਮਾਨਸਿਕ ਤਣਾਅ ਦੇ ਆਸਾਨੀ ਨਾਲ ਪੂਰਾ ਕਰ ਸਕਣ। ਇਹ ਵਿਦਿਆਰਥੀਆਂ ਨੂੰ ਤਣਾਅ ਤੋਂ ਮੁਕਤ ਰੱਖਣ ਲਈ ਇੱਕ ਸੰਵੇਦਨਸ਼ੀਲ ਨੁਕਤਾ ਹੈ। ਪੜ੍ਹਾਉਣ ਦੇ ਨਾਲ-ਨਾਲ ਅਧਿਆਪਕਾਂ ਨੂੰ ਹੋਰ ਸਹਿ-ਪਾਠਕ੍ਰਮ ਗਤੀਵਿਧੀਆਂ ਜਿਵੇਂ ਖੇਡਾਂ, ਸਕਾਊਟਿੰਗ, ਯੋਗ, ਕਸਰਤ, ਪ੍ਰਸ਼ਨੋਤਰੀ ਮੁਕਾਬਲੇ, ਐਕਟਿੰਗ, ਗਾਇਨ, ਵਾਦਨ, ਸੰਗੀਤ, ਡਾਂਸ, ਸੱਭਿਆਚਾਰਕ ਪ੍ਰੋਗਰਾਮ, ਸਫਾਈ ਪ੍ਰੋਗਰਾਮ ਆਦਿ ਕਰਵਾਉਣੇ ਚਾਹੀਦੇ ਹਨ। ਅਜਿਹਾ ਕਰਨ ਨਾਲ ਬੱਚਾ ਆਪਣੀਆਂ ਭਾਵਨਾਵਾਂ, ਇੱਛਾਵਾਂ, ਮੂਲ ਪ੍ਰਵਿਰਤੀਆਂ, ਵਿਸ਼ੇਸ਼ ਰੁਚੀਆਂ, ਜਨਮ-ਸ਼ਕਤੀ ਆਦਿ ਦਾ ਪ੍ਰਗਟਾਵਾ ਕਰਕੇ ਆਪਣੀ ਮਾਨਸਿਕ ਸਿਹਤ ਨੂੰ ਤੰਦਰੁਸਤ ਰੱਖਣ ਵਿੱਚ ਸਫਲ ਸਾਬਤ ਹੋਵੇਗਾ। ਹਰ ਸਿੱਖਿਆ ਅਦਾਰੇ ਵਿੱਚ ਹੋਰ ਵਿਦਿਅਕ ਗਤੀਵਿਧੀਆਂ ਦੇ ਨਾਲ-ਨਾਲ ਮਾਰਗਦਰਸ਼ਨ ਅਤੇ ਕੌਂਸਲਿੰਗ ਦਾ ਪ੍ਰਬੰਧ ਕਰਨਾ ਚਾਹੀਦਾ ਹੈ। ਵਿਦਿਆਰਥੀਆਂ ਦੀਆਂ ਸਮੱਸਿਆਵਾਂ ਦਾ ਨਿਰਦੇਸ਼ਨ ਅਤੇ ਨਿਦਾਨ, ਭਵਿੱਖ ਵਿੱਚ ਕੋਰਸਾਂ/ਵਿਸ਼ਿਆਂ ਦੀ ਚੋਣ, ਕਰੀਅਰ ਕੌਂਸਲਿੰਗ, ਵੋਕੇਸ਼ਨਲ ਮਾਰਗਦਰਸ਼ਨ ਅਤੇ ਕੌਂਸਲਿੰਗ ਵਿਦਿਆਰਥੀਆਂ ਨੂੰ ਕੁਸ਼ਲਤਾ ਨਾਲ ਪ੍ਰਦਾਨ ਕਰਕੇ ਅਸੀਂ ਵਿਦਿਆਰਥੀਆਂ ਨੂੰ ਤਨਾਅ ਜਾਂ ਮਾਨਸਿਕ ਬਿਮਾਰੀ ਤੋਂ ਬਚਾ ਸਕਦੇ ਹਨ।
ਸਾਡੀਆਂ ਵਿਦਿਅਕ ਸੰਸਥਾਵਾਂ ਵਿੱਚ ਵਿਦਿਆਰਥੀਆਂ ਦੀ ਮਾਨਸਿਕ ਸਿਹਤ ਨੂੰ ਤੰਦਰੁਸਤ ਰੱਖਣ ਦੀ ਜ਼ਿੰਮੇਵਾਰੀ ਸਾਰਿਆਂ ਦੀ ਹੈ। ਸਿੱਖਿਆ ਨਾਲ ਜੁੜੇ ਹਰ ਆਮ ਅਤੇ ਖਾਸ ਨੂੰ ਉਨ੍ਹਾਂ ਦੀ ਮਾਨਸਿਕ ਸਿਹਤ ਨੂੰ ਉਤਸ਼ਾਹਿਤ ਕਰਨ ਲਈ ਕੰਮ ਕਰਨਾ ਪਵੇਗਾ।
ਸੰਪਰਕ: 9530659393