ਗੁਰਬਚਨ ਜਗਤ
ਦਸੰਬਰ 1969 ਦੇ ਅਖੀਰਲੇ ਦਿਨ ਸਨ ਜਦੋਂ ਜਲੰਧਰ ਵਿਖੇ ਮੈਂ ਸਹਾਇਕ ਪੁਲੀਸ ਸੁਪਰਡੈਂਟ ਵਜੋਂ ਤਾਇਨਾਤ ਸਾਂ, ਜਿੱਥੇ ਮੇਰਾ ਵਿਆਹ ਹੋਇਆ ਸੀ। ਜਲੰਧਰ ਡਿਵੀਜ਼ਨ ਦੇ ਕਮਿਸ਼ਨਰ ਕੁੰਵਰ ਸੁਰਿੰਦਰ ਸਿੰਘ ਬੇਦੀ ਬੇਮਿਸਾਲ ਅਫ਼ਸਰ ਤਾਂ ਸਨ ਹੀ ਸਗੋਂ ਕਲਾ ਦੇ ਸਰਪ੍ਰਸਤ ਵੀ ਸਨ। ਵਿਆਹ ਦੀ ਰਿਸੈਪਸ਼ਨ ਵੇਲੇ ਉਨ੍ਹਾਂ ਮੈਥੋਂ ਪੁੱਛਿਆ ਕਿ ਰਿਹਾਇਸ਼ ਕਿੱਥੇ ਕੀਤੀ ਹੈ ਤਾਂ ਮੈਂ ਜਵਾਬ ਦਿੱਤਾ ਕਿ ਕਿਰਾਏ ਦੇ ਮਕਾਨ ਵਿਚ ਰਹਿੰਦਾ ਹਾਂ। ਉਹ ਚੁੱਪ ਕਰ ਰਹੇ ਪਰ ਅਗਲੀ ਸਵੇਰ ਮੈਨੂੰ ਬਾਰਾਂਦਰੀ ਵਿਚਲਾ ਇਕ ਸਰਕਾਰੀ ਮਕਾਨ ਅਲਾਟ ਕਰ ਦਿੱਤਾ ਗਿਆ। ਇਲਾਕਾ ਬਹੁਤ ਵਧੀਆ ਸੀ ਤੇ ਘਰ ਵੀ ਸੁੰਦਰ ਸੀ। ਅਸੀਂ ਝੱਟ ਉੱਥੇ ਆ ਗਏ ਤੇ ਇਹ ਸਾਡਾ ਪਹਿਲਾ ਘਰ ਬਣਿਆ। ਉਸ ਵੇਲੇ ਦੇ ਅਫ਼ਸਰ ਆਪਣੇ ਆਈਏਐੱਸ ਤੇ ਆਈਪੀਐੱਸ ਪ੍ਰੋਬੇਸ਼ਨਰਾਂ ਦੀ ਸਿਖਲਾਈ ਤੇ ਭਲਾਈ ਦਾ ਖ਼ਾਸ ਖਿਆਲ ਰੱਖਦੇ ਸਨ। ਉਹ ਸਿਖਲਾਈ ਦੇ ਹਰੇਕ ਪੱਖ ਵਿਚ ਖੁੱਭ ਕੇ ਹਿੱਸਾ ਲੈਂਦੇ ਸਨ ਤੇ ਨੇੜਿਓਂ ਨਜ਼ਰ ਰੱਖਦੇ ਸਨ। ਨਾਲ ਹੀ ਉਨ੍ਹਾਂ ਸਾਡੀ ਪ੍ਰਸ਼ਾਸਨਿਕ ਜੀਵਨ ਦੇ ਸਮਾਜਿਕ ਤੇ ਸਭਿਆਚਾਰਕ ਪੱਖਾਂ ਨਾਲ ਜਾਣ ਪਛਾਣ ਕਰਵਾਈ। ਉਨ੍ਹਾਂ ਦੀ ਸੰਗਤ ਨੇ ਭਾਈਚਾਰੇ ਤੇ ਸੁਰੱਖਿਆ ਦਾ ਡੂੰਘਾ ਅਹਿਸਾਸ ਪੈਦਾ ਕਰ ਦਿੱਤਾ। ਮੇਰੀ ਪਤਨੀ ਨੇ ਖ਼ੁਸ਼ੀ ਖ਼ੁਸ਼ੀ ਘਰ ਨੂੰ ਸੰਵਾਰਨ ਦਾ ਕਾਜ ਹੱਥੀਂ ਲੈ ਲਿਆ ਪਰ ਕੁਝ ਦੇਰ ਬਾਅਦ ਹੀ ਮੇਰੀ ਤਰੱਕੀ ਹੋ ਗਈ ਤੇ ਮੈਨੂੰ ਪੁਲੀਸ ਸਿਖਲਾਈ ਕਾਲਜ, ਫਿਲੌਰ ਵਿਖੇ ਪੁਲੀਸ ਸੁਪਰਡੈਂਟ (ਆਊਟਡੋਰ ਸਰਗਰਮੀਆਂ) ਵਜੋਂ ਤਾਇਨਾਤ ਕਰ ਦਿੱਤਾ ਗਿਆ। ਇਹ ਮੇਰੇ ਕਰੀਅਰ ਦੀਆਂ ਬਹੁਤ ਸਾਰੀਆ ਪੌੜੀਆਂ ਚੜ੍ਹਨ ਦੀ ਸ਼ੁਰੂਆਤ ਸੀ ਜੋ ਮੇਰੀ ਖੁਸ਼ਨਸੀਬੀ ਸੀ (ਹਾਲਾਂਕਿ ਮੇਰੀ ਸੱਸ ਦਾ ਖਿਆਲ ਸੀ ਕਿ ਉਸ ਦੇ ਬੰਗਲੌਰ ਵਾਲੇ ਇਕ ਜੋਤਸ਼ੀ ਨੇ ਇਸ ਦੀ ਪਹਿਲਾਂ ਹੀ ਭਵਿੱਖਬਾਣੀ ਕਰ ਦਿੱਤੀ ਸੀ ਤੇ ਜਿਸ ਮੁਤਾਬਿਕ ਮੇਰੀ ਪਤਨੀ ਮੇਰੇ ਤੇ ਮੇਰੇ ਕਰੀਅਰ ਲਈ ਬਹੁਤ ਖੁਸ਼ਨਸੀਬ ਸਾਬਿਤ ਹੋਵੇਗੀ)।
ਪੁਲੀਸ ਟਰੇਨਿੰਗ ਕਾਲਜ ਮਹਾਰਾਜਾ ਰਣਜੀਤ ਸਿੰਘ ਵੱਲੋਂ ਬਣਵਾਏ ਇਕ ਪੁਰਾਣੇ ਕਿਲ੍ਹੇ ਵਿਚ ਸਥਿਤ ਹੈ ਅਤੇ ਇਹ ਇਕ ਵਾਹਵਾ ਵੱਡਾ ਕੰਪਲੈਕਸ ਹੈ। ਇਸ ਵਿਚ ਵੱਡੇ ਵੱਡੇ ਮੈਦਾਨ ਹਨ ਜੋ ਪਰੇਡ, ਪੀਟੀ, ਘੁੜਸਵਾਰੀ ਜਿਹੀਆਂ ਆਊਟਡੋਰ ਸਰਗਰਮੀਆਂ ਲਈ ਵਰਤੇ ਜਾਂਦੇ ਸਨ। ਕੰਪਲੈਕਸ ਦੀ ਪੂਰੀ ਦੇਖਭਾਲ ਕੀਤੀ ਜਾਂਦੀ ਸੀ ਕਿਉਂਕਿ ਇੱਥੇ ਸਿਖਲਾਈ ਲੈਣ ਆਉਣ ਵਾਲਿਆਂ ਦੀ ਤਾਦਾਦ ਕਾਫ਼ੀ ਹੁੰਦੀ ਸੀ। ਪੰਜਾਬ, ਹਰਿਆਣਾ, ਜੰਮੂ ਕਸ਼ਮੀਰ ਤੇ ਦਿੱਲੀ ਤੋਂ ਟਰੇਨੀ ਆਉਂਦੇ ਸਨ, ਖ਼ਾਸਕਰ ਤਰੱਕੀ ਦੇ ਕੋਰਸਾਂ ਵਾਲੇ ਟਰੇਨੀ। ਹੁਸ਼ਿਆਰ ਤੇ ਤਾਨਸ਼ਾਹ ਕਿਸਮ ਦੇ ਡਰਿਲ ਇੰਸਟ੍ਰਕਟਰ ਇਸ ਸਿਖਲਾਈ ਕੰਪਲੈਕਸ ਦੀ ਅਹਿਮ ਕੜੀ ਹੁੰਦੇ ਸਨ। ਹਰ ਕੋਈ ਉਨ੍ਹਾਂ ਦਾ ਸਤਿਕਾਰ ਕਰਦਾ ਸੀ – ਇਹ ਵੱਖਰੀ ਗੱਲ ਹੈ ਕਿ ਜਦੋਂ ਸ਼ਾਮ ਨੂੰ ਸੈਂਕੜਿਆਂ ਦੀ ਤਾਦਾਦ ਵਿਚ ਕਾਂ ਕਾਵਾਂਰੌਲੀ ਪਾਉਣ ਲੱਗਦੇ ਸਨ ਤਾਂ ਇਹ ਕਾਨਾਫੂਸੀ ਸ਼ੁਰੂ ਹੋ ਜਾਂਦੀ ਕਿ ਇਹ ਅਸਲ ਵਿਚ ਪੁਰਾਣੇ ਡਰਿਲ ਇੰਸਟ੍ਰਕਟਰਾਂ ਦੀਆਂ ਆਤਮਾਵਾਂ ਹਨ ਜੋ ਅਜੇ ਤਾਈਂ ਕੂਕ ਰਹੀਆਂ ਹਨ। ਇਕ ਵਧੀਆ ਅਸਤਬਲ ਵਿਚ ਬਹੁਤ ਸਾਰੇ ਘੋੜੇ ਸਨ ਜਿਨ੍ਹਾਂ ਨੂੰ ਸੰਗੀਤਕ ਪਦਚਾਲ ’ਤੇ ਨੇਜ਼ਾਬਾਜ਼ੀ ਦਾ ਕਮਾਲ ਦਿਖਾਉਂਦੇ ਦੌੜਾਕਾਂ ਲਈ ਸਿਖਲਾਈ ਦਿੱਤੀ ਜਾਂਦੀ ਸੀ।
ਸਾਨੂੰ ਜਿਹੜਾ ਘਰ ਅਲਾਟ ਕੀਤਾ ਗਿਆ ਉਹ ਅੰਗਰੇਜ਼ਾਂ ਦੇ ਜ਼ਮਾਨੇ ਦਾ ਸੀ ਜਿੱਥੇ ਸਾਰਜੈਂਟ ਰਿਹਾ ਕਰਦੇ ਸਨ। ਬਾਅਦ ਵਿਚ ਇਸ ਦੇ ਦੋ ਟੋਟੇ ਕਰ ਦਿੱਤੇ ਗਏ ਸਨ ਜਿਸ ਦਾ ਇਕ ਹਿੱਸਾ ਸਾਡੇ ਲਈ ਸੀ ਤੇ ਦੂਜਾ ਐਡਜੁਟੈਂਟ ਲਈ। 1970 ਦੀਆਂ ਗਰਮੀਆਂ ਦੇ ਦਿਨ ਸਨ। ਉਦੋਂ ਕੂਲਰ ਤੇ ਏਅਰ ਕੰਡੀਸ਼ਨਰ ਨਹੀਂ ਹੁੰਦੇ ਸਨ ਤੇ ਅਸੀਂ ਮੱਛਰਦਾਨੀ ਲਾ ਕੇ ਬਾਹਰ ਸੌਂਦੇ ਸਾਂ। ਪਹਿਲੀ ਹੀ ਅੱਧੀ ਰਾਤ ਅਸੀਂ ਜ਼ੋਰਦਾਰ ਖੜਾਕ ਤੇ ਧਕ ਧਕ ਹੋਣ ਨਾਲ ਜਾਗ ਪਏ- ਨੇੜਿਓਂ ਰੇਲਗੱਡੀ ਲੰਘ ਰਹੀ ਸੀ। ਕੋਈ ਸਾਨੂੰ ਦੱਸਣਾ ਭੁੱਲ ਗਿਆ ਸੀ ਕਿ ਮਸਾਂ 30 ਕੁ ਗਜ਼ ਦੂਰ ਰੇਲ ਪਟੜੀ ਹੈ। ਜੁਆਇਨਿੰਗ ਮੀਮੋ ਵਿਚ ਜੋ ਇਕ ਹੋਰ ਅਹਿਮ ਗੱਲ ਬਿਆਨ ਕਰਨ ਤੋਂ ਰਹਿ ਗਈ ਸੀ ਉਹ ਸੀ ‘ਥੰਡਰਬੌਕਸ’। ਇਹ ਵਾਕਈ ਬੀਤੇ ਜ਼ਮਾਨੇ ਦਾ ਮਨਪ੍ਰਚਾਵੇ ਦਾ ਉਮਦਾ ਜ਼ਰੀਆ ਹੁੰਦਾ ਸੀ ਜਿਸ ਦੇ ਇਸਤੇਮਾਲ ਦੇ ਵੇਰਵੇ ਮੈਂ ਪਾਠਕਾਂ ਨਾਲ ਸਾਂਝੇ ਨਹੀਂ ਕਰਨਾ ਚਾਹੁੰਦਾ। ਸਵੇਰੇ ਪੰਜ ਤੋਂ ਰਾਤੀਂ ਅੱਠ ਵਜੇ ਤੱਕ ਰਿਵੈਲੀ (ਸਿਗਨਲ) ਤੋਂ ਲੈ ਕੇ ਰੀਟ੍ਰੀਟ ਤੱਕ ਸਾਰੀ ਰੂਟੀਨ ਦਾ ਜ਼ਿੰਮਾ ਮੇਰਾ ਹੁੰਦਾ ਸੀ। ਵੱਡੀ ਉਮਰ ਦੇ ਖਿਝੂ ਜਿਹੇ ਮੇਰੇ ਬੌਸ ਦਾ ਪਿਛੋਕੜ ਨੇਵੀ ਤੋਂ ਸੀ। ਉਨ੍ਹਾਂ ਦੇ ਆਦੇਸ਼ਾਂ ਮੁਤਾਬਿਕ ਮੇਰੀ ਕਮਾਂਡ ਹੇਠ ਸਵੇਰੇ ਪੰਜ ਵਜੇ ਪੀਟੀ ਸ਼ੁਰੂ ਹੋਣੀ ਚਾਹੀਦੀ ਸੀ ਤੇ ਦੌੜਾਕਾਂ ਦੀ ਅਗਵਾਈ ਮੈਂ ਕਰਦਾ ਸੀ। ਜਦੋਂ ਕਿਤੇ ਉਨ੍ਹਾਂ ਨੂੰ ਪੀਟੀ/ਡਰਿਲ ਸਮੇਂ ਦਿੱਤੇ ਜਾ ਰਹੇ ਮੇਰੇ ਆਦੇਸ਼ ਸੁਣਾਈ ਦਿੰਦੇ ਤਾਂ ਉਹ ਬਾਅਦ ਵਿਚ ਇਸ ਬਾਰੇ ਮੈਥੋਂ ਪੁੱਛਦੇ ਰਹਿੰਦੇ ਸਨ। ਸਟਾਫ ਤੇ ਟਰੇਨੀਆਂ ਅੰਦਰ ਕਠੋਰ ਅਭਿਆਸ ਤੇ ਸਖ਼ਤ ਅਨੁਸ਼ਾਸਨ ਦੀ ਆਦਤ ਕੁੱਟ ਕੁੱਟ ਕੇ ਭਰੀ ਜਾਂਦੀ ਸੀ। ਆਊਟਡੋਰ ਸਰਗਰਮੀਆਂ ’ਤੇ ਜ਼ੋਰ ਦੇਣ ਵਿਚ ਨਿਰੰਤਰ ਢਿੱਲ-ਮੱਠ ਵਰਤੀ ਜਾ ਰਹੀ ਸੀ ਜਿਸ ਦੇ ਅਸਰ ਨਜ਼ਰ ਆ ਰਹੇ ਸਨ। ਪੁਲੀਸ ਦੀ ਡਿਊਟੀ ਜਿਸਮਾਨੀ ਤੇ ਮਾਨਸਿਕ ਤੌਰ ’ਤੇ ਬਹੁਤ ਸਖ਼ਤ ਹੁੰਦੀ ਹੈ ਅਤੇ ਸ਼ੁਰੂਆਤੀ ਪੜਾਅ ’ਤੇ ਹੀ ਸਹੀ ਰਵੱਈਆ ਧਾਰਨ ਕਰਨਾ ਪੈਂਦਾ ਹੈ। ਸਵੇਰ ਦੀ ਪੀਟੀ ਤੋਂ ਬਾਅਦ ਪਰੇਡ ਹੁੰਦੀ ਹੈ ਤੇ ਫਿਰ ਨਾਸ਼ਤੇ ਤੋਂ ਬਾਅਦ ਪ੍ਰਸ਼ਾਸਕੀ ਡਿਊਟੀਆਂ ਸ਼ੁਰੂ ਹੁੰਦੀਆਂ ਹਨ ਤੇ ਸ਼ਾਮ ਨੂੰ ਆਊਟਡੋਰ ਸਰਗਰਮੀਆਂ ’ਤੇ ਪ੍ਰਿੰਸੀਪਲ ਦੇ ਨਾਲ ਅੰਤਮ ਰਾਊਂਡ ਲਾਇਆ ਜਾਂਦਾ ਹੈ। ਮੈਨੂੰ ਘੁੜਸਵਾਰੀ ਦਾ ਖਾਸਾ ਚਾਅ ਸੀ ਤੇ ਸਕੂਲ ਵਿਚ ਘੁੜਸਵਾਰੀ ਤੋਂ ਇਲਾਵਾ ਛੁੱਟੀ ਵਾਲੇ ਦਿਨ ਪਰੇਡ ਮੌਕੇ ਕੁਝ ਇੰਸਟ੍ਰਕਟਰਾਂ ਨਾਲ ਮੈਂ ਦਰਿਆ ਦੇ ਕੰਢੇ ਪੇਂਡੂ ਇਲਾਕੇ ਦੇ ਫੇਰੇ ’ਤੇ ਚਲਾ ਜਾਂਦਾ ਸੀ। ਦਰਿਆ, ਅੰਬਰ ਤੇ ਘੋੜੇ – ਇਹ ਵਾਕਈ ਬਹੁਤ ਹੀ ਅਜਬ ਨਜ਼ਾਰਾ ਹੁੰਦਾ ਸੀ।
ਉਂਝ, ਸਾਡੀ ਖ਼ੁਸ਼ੀ, ਸ਼ਾਂਤੀ ਤੇ ਸਿੱਖਿਆ ਦਾ ਵੱਡਾ ਟਿਕਾਣਾ ਸੀ ਮਾਣਮੱਤੇ ਸੇਵਾਮੁਕਤ ਮੇਜਰ ਜਨਰਲ ਤੇ ਉਨ੍ਹਾਂ ਦੀ ਪਤਨੀ। ਮੇਜਰ ਜਨਰਲ ਹਰਨਰਾਇਣ ਸਿੰਘ ਭਾਰਤ ਦੇ ਪਹਿਲੇ ਦੋ ਰਾਸ਼ਟਰਪਤੀਆਂ ਨਾਲ ਮਿਲਟਰੀ ਸੈਕਟਰੀ ਵਜੋਂ ਤਾਇਨਾਤ ਰਹੇ ਸਨ ਅਤੇ ਉਨ੍ਹਾਂ ਨੂੰ ਸੇਵਾਵਾਂ ਬਦਲੇ ਪਦਮ ਭੂਸ਼ਨ ਨਾਲ ਨਿਵਾਜਿਆ ਗਿਆ ਸੀ (ਜੋ ਉਨ੍ਹਾਂ ਦਿਨਾਂ ਵਿਚ ਕਿਸੇ ਕਿਸੇ ਨੂੰ ਹੀ ਮਿਲਦਾ ਸੀ)। ਉਹ ਚੀਫਜ਼ ਕਾਲਜ (ਜਿਸ ਨੂੰ ਐਚੀਸਨ ਕਾਲਜ, ਲਾਹੌਰ ਵਜੋਂ ਜਾਣਿਆ ਜਾਂਦਾ ਸੀ), ਆਰਆਈਐਮਸੀ ਡੇਹਰਾਦੂਨ ਅਤੇ ਸੈਂਡਹਰਸਟ ਤੋਂ ਗ੍ਰੈਜੁਏਟ ਸੀ। ਉਹ 1932 ਵਿਚ ਬਰਤਾਨਵੀ ਫ਼ੌਜ ਵਿਚ ਭਰਤੀ ਹੋਏ ਸਨ ਅਤੇ ਉਨ੍ਹਾਂ ਉੱਤਰ ਪੱਛਮੀ ਸਰਹੱਦੀ ਸੂਬੇ (ਅੱਜਕੱਲ੍ਹ ਪਾਕਿਸਤਾਨ ਦਾ ਖ਼ੈਬਰ ਪਖ਼ਤੂਨਖ਼ਵਾ ਸੂਬਾ) ’ਚ ਸੇਵਾ ਨਿਭਾਈ ਤੇ ਫਿਰ ਦੂਜੀ ਆਲਮੀ ਜੰਗ ਵੇਲੇ ਉਨ੍ਹਾਂ ਪੰਜਵੀਂ ਇੰਡੀਅਨ ਡਿਵੀਜ਼ਨ ਦੇ ਨਾਲ ਅਫਰੀਕਨ ਮੁਹਿੰਮ ਵਿਚ ਹਿੱਸਾ ਲਿਆ ਸੀ। ਉਨ੍ਹਾਂ ਇਰੇਟੀਰੀਆ, ਇਥੋਪੀਆ, ਅਲ ਅਲਾਮੀਨ ਦੀਆਂ ਲੜਾਈਆਂ ਲੜੀਆਂ ਜਿਨ੍ਹਾਂ ’ਚੋਂ ਕੁਝ ਵਿਚ ਜਿੱਤ ਤੇ ਕੁਝ ਵਿਚ ਹਾਰ ਹੋਈ ਸੀ। ਉਹ ਇਕ ਕਹਾਣੀ ਸੁਣਾਉਂਦੇ ਸਨ ਕਿ ਕਿਵੇਂ ਉਨ੍ਹਾਂ ਦੀ ਛਾਉਣੀ ਦਾ ਮਾਲ-ਮੱਤਾ ਖ਼ਤਮ ਹੋਣ ’ਤੇ ਉਨ੍ਹਾਂ ਨੂੰ ਰੇਗਿਸਤਾਨ ਦਾ ਇਕ ਲੰਮਾ ਸਫ਼ਰ ਕਰਨਾ ਪਿਆ ਸੀ। ਅਸੀਂ ਇਸ ਟਿਕਾਣੇ ਦਾ ਪੂਰਾ ਲਾਭ ਉਠਾਉਂਦੇ ਸਾਂ ਤੇ ਸਾਡੀਆਂ ਬਹੁਤੀਆਂ ਸ਼ਾਮਾਂ ਉੱਥੇ ਹੀ ਬੀਤਦੀਆਂ ਸਨ। ਅੰਕਲ (ਜਨਰਲ) ਖੁੱਲ੍ਹ-ਖੁਲਾਸੇ ਸੁਭਾਅ ਵਾਲੇ ਸਨ ਜੋ ਰਾਸ਼ਟਰਪਤੀ ਭਵਨ ਦੀਆਂ ਗੱਲਾਂ ਸੁਣਾਉਂਦੇ ਰਹਿੰਦੇ ਸਨ। ਆਂਟੀ ਵੀ ਬਹੁਤ ਪੜ੍ਹੇ ਲਿਖੇ ਸਨ ਤੇ ਅਕਸਰ ਕੁਝ ਨਾ ਕੁਝ ਪੜ੍ਹਦੇ ਰਹਿੰਦੇ ਸਨ। ਉਹ ਦੋਵੇਂ ਜੀਅ ਹਰ ਵੇਲੇ ਤਿਆਰ-ਬਰ-ਤਿਆਰ ਮਿਲਦੇ ਅਤੇ ਸਾਰੇ ਮਹਿਮਾਨਾਂ ਦੀ ਨਾਸ਼ਤੇ, ਦੁਪਹਿਰ ਦੇ ਖਾਣੇ ਤੇ ਰਾਤ ਦੇ ਖਾਣੇ ’ਤੇ ਪੂਰੀ ਆਓ ਭਗਤ ਹੁੰਦੀ ਸੀ। ਅਸੀਂ ਪੜਛੱਤੀ ’ਤੇ ਬਹਿ ਕੇ ਡ੍ਰਿੰਕ ਲੈਂਦੇ ਸਾਂ ਤੇ ਹੇਠਾਂ ਆ ਕੇ ਖਾਣਾ ਖਾਂਦੇ ਸਾਂ। ਹਰੇਕ ਸ਼ਾਮ ਸਾਹਿਤਕ ਚਰਚਾ ਤੇ ਚਲੰਤ ਮਾਮਲਿਆਂ ਤੋਂ ਲੈ ਕੇ ਪੁਰਾਣੇ ਕਿੱਸੇ ਕਹਾਣੀਆਂ ਨਾਲ ਗੁਜ਼ਰਦੀ ਸੀ। ਆਂਟੀ ਨੇ ਮੇਰੀ ਪਤਨੀ ਕਿਰਨ ਨੂੰ ਘਰ ਬਣਾਉਣ ਤੇ ਸੰਵਾਰਨ ਦੀਆਂ ਬਹੁਤ ਸਾਰੀਆਂ ਗੱਲਾਂ ਸਿਖਾਈਆਂ, ਕਹਿਣਾ ਬਣਦਾ ਹੈ ਕਿ ਉਹ ਬਹੁਤ ਹੀ ਬਾਕਮਾਲ ਔਰਤ ਸਨ ਤੇ ਮਹਿਮਾਨ-ਨਿਵਾਜ਼ੀ ਵਿਚ ਉਨ੍ਹਾਂ ਦਾ ਕੋਈ ਸਾਨੀ ਨਹੀਂ ਸੀ। ਉਨ੍ਹਾਂ ਸਾਨੂੰ ਕਈ ਵਾਰ ਨਮੋਸ਼ੀ ਤੋਂ ਬਚਾਇਆ।
ਸਾਡੇ ਵਿਆਹ ਦੀ ਪਹਿਲੀ ਵਰ੍ਹੇਗੰਢ ਆਉਣ ਵਾਲੀ ਸੀ ਅਤੇ ਮਿੱਤਰਚਾਰਾ ਤੇ ਰਿਸ਼ਤੇਦਾਰ ਦਾਅਵਤ ਮੰਗ ਰਹੇ ਸਨ। ਆਦਤਨ ਅਸੀਂ ਆਂਟੀ ਕੋਲ ਚਲੇ ਗਏ। ਮੈਂ ਆਖਿਆ ਕਿ ਮੈਂ ਵਿਸਕੀ ਦਾ ਖਰਚਾ ਨਹੀਂ ਝੱਲ ਸਕਦਾ ਤੇ ਰੰਮ ਨਾਲ ਕੰਮ ਸਾਰਨਾ ਪਵੇਗਾ। ਉਨ੍ਹਾਂ ਦਾ ਜਵਾਬ ਆਇਆ ਕਿ ਕੋਈ ਚਿੰਤਾ ਨਹੀਂ ਕਰਨੀ, ਅਸੀਂ ਰੰਮ ਦੀ ‘ਜ਼ਬਰਦਸਤ ਕਾਕਟੇਲ’ ਪੇਸ਼ ਕਰਾਂਗੇ। ਮਹਿਮਾਨਾਂ ਦੀ ਕਾਂਟ-ਛਾਂਟ ਕੀਤੀ ਗਈ ਜਿਨ੍ਹਾਂ ਵਿਚ ਕੁਝ ਕਰੀਬੀ ਪਰਿਵਾਰਕ ਮੈਂਬਰ, ਦੋਸਤ ਤੇ ਪ੍ਰਿੰਸੀਪਲ ਤੇ ਕੁਝ ਕੁ ਅਫ਼ਸਰ ਸ਼ਾਮਲ ਸਨ। ਇਹ ਜ਼ਬਰਦਸਤ ਜਾਦੂਈ ਮਿਸ਼ਰਣ ਨੂੰ ਬਣਾਉਣ ਲਈ ਤਿੰਨ ਦਿਨ ਲੱਗੇ। ਫਿਰ ਅੱਗ ਬਾਲ ਕੇ ਤੇ ਕੜਾਹੀ ਵਿਚ ਪਾ ਕੇ ਚੁੱਲ੍ਹੇ ’ਤੇ ਰੱਖ ਦਿੱਤਾ ਗਿਆ। ਇੱਕੀ ਦਸੰਬਰ ਦਾ ਦਿਨ ਸੀ, ਅੰਤਾਂ ਦੀ ਠੰਢ ਪੈ ਰਹੀ ਸੀ ਤੇ ਮਹਿਮਾਨ ਪਹੁੰਚ ਗਏ। ਖਟ-ਮਿਠੀ ਕਾਕਟੇਲ ਤਿਆਰ ਹੋ ਗਈ ਜਿਸ ਦੀ ਗਰਮਾਇਸ਼ ਬੜੀ ਤੇਜ਼ੀ ਨਾਲ ਫੈਲ ਰਹੀ ਸੀ। ਹਰ ਕੋਈ ਗਲਾਸ ਤੇ ਗਲਾਸ ਚਾੜ੍ਹ ਰਿਹਾ ਸੀ ਕਿਉਂਕਿ ਉਨ੍ਹਾਂ ਨੂੰ ਇਹ ਕੋਈ ਸਾਫਟ ਡ੍ਰਿੰਕ ਹੀ ਜਾਪਦਾ ਸੀ। ਹੌਲੀ ਹੌਲੀ ਇਸ ਦਾ ਰੰਗ ਚੜ੍ਹਨਾ ਸ਼ੁਰੂ ਹੋ ਗਿਆ ਤੇ ਮੇਰੀ ਪਤਨੀ ਨੇ ਰਾਤ ਦੇ ਖਾਣੇ (ਸੈਂਡਵਿਚ ਆਦਿ) ਦਾ ਐਲਾਨ ਕਰ ਦਿੱਤਾ। ਇਸ ਦੌਰਾਨ ਕੜਾਹੀ ਲਗਭਗ ਖਾਲੀ ਹੋ ਗਈ। ਆਂਟੀ ਨੇ ਆਖਿਆ ਕਿ ਘਬਰਾਉਣ ਦੀ ਕੋਈ ਲੋੜ ਨਹੀਂ ਤੇ ਉਨ੍ਹਾਂ ਮੈਨੂੰ ਰੰਮ ਦੀਆਂ ਕੁਝ ਬੋਤਲਾਂ ਲਿਆਉਣ ਲਈ ਆਖਿਆ ਜੋ ਉਨ੍ਹਾਂ ਕੜਾਹੀ ਵਿਚ ਉਲੱਦ ਦਿੱਤੀਆਂ। ਕਾਕਟੇਲ ਕਮਾਲ ਦੀ ਸੀ। ਦੋ ਕੁ ਘੰਟੇ ਵਿਚ ਦਾਅਵਤ ਕਾਮਯਾਬੀ ਸਹਿਤ ਸਮਾਪਤ ਹੋ ਗਈ। ਬਸ ਦੋ ਕੁ ਮਹਿਮਾਨਾਂ ਨੇ ਉਸ ਕਾਕਟੇਲ ਨੂੰ ਪੀਣ ਤੋਂ ਮਨ੍ਹਾਂ ਕਰ ਦਿੱਤਾ ਜਿਨ੍ਹਾਂ ਲਈ ਮੈਨੂੰ ਬਾਜ਼ਾਰ ਤੋਂ ਵਿਸਕੀ ਮੰਗਵਾਉਣੀ ਪਈ।
ਅੰਕਲ ਤੇ ਆਂਟੀ ਦੀ ਸੰਗਤ ਵਿਚ ਮਾਣਿਆ ਇਕ ਇਕ ਪਲ ਅਭੁੱਲ ਸੀ। ਉਹ ਵੱਡੇ ਦਿਲ ਵਾਲੇ ਤੇ ਸਾਫ਼ਗੋ ਇਨਸਾਨ ਸਨ। ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਕਹਾਣੀਆਂ ਦੱਸ ਸਕਦਾ ਹਾਂ ਕਿਉਂਕਿ ਹਰ ਰੋਜ਼ ਉਨ੍ਹਾਂ ਤੋਂ ਕੁਝ ਨਾ ਕੁਝ ਸਿੱਖਣ ਨੂੰ ਮਿਲਦਾ ਸੀ। ਜਰਨਲ ਸਾਹਿਬ ਨੇ ਮੈਨੂੰ ਪ੍ਰਸ਼ਾਸਨ ਦੀਆਂ ਬਾਰੀਕੀਆਂ ਸਿਖਾਈਆਂ ਕਿ ਬਿਨਾਂ ਕੁਰੱਖ਼ਤ ਬਣੇ ਸਖ਼ਤ ਕਿਵੇਂ ਬਣਿਆ ਜਾਂਦਾ ਹੈ, ਅਡੋਲ ਰਹਿ ਕੇ ਨੇਮਾਂ ਦੀ ਪਾਲਣਾ ਕਿਵੇਂ ਕਰੀਦੀ ਹੈ, ਕਾਨੂੰਨ ’ਤੇ ਪਹਿਰਾ ਕਿਵੇਂ ਦੇਣਾ ਹੈ, ਸੀਨੀਅਰਾਂ ਦੀ ਚਮਚਾਗਿਰੀ ਕੀਤੇ ਬਗ਼ੈਰ ਉਨ੍ਹਾਂ ਦਾ ਸਤਿਕਾਰ ਕਿਵੇਂ ਕਰੀਦਾ ਹੈ। ਫਿਲੌਰ ਤੋਂ ਬਾਅਦ ਵੀ ਉਨ੍ਹਾਂ ਨਾਲ ਸਾਡਾ ਰਿਸ਼ਤਾ ਨਿਭਦਾ ਰਿਹਾ ਅਤੇ ਜਿੱਥੇ ਵੀ ਕਿਤੇ ਮੇਰੀ ਤਾਇਨਾਤੀ ਹੁੰਦੀ ਤਾਂ ਸਾਲ ਵਿਚ ਘੱਟੋਘੱਟ ਇਕ ਵਾਰ ਉਹ ਸਾਨੂੰ ਮਿਲਣ ਆਉਂਦੇ ਤੇ ਸਾਡੇ ਕੋਲ ਠਹਿਰਦੇ ਸਨ। ਉਮਰ ਵਧਣ ਨਾਲ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਆ ਗਈਆਂ ਸਨ ਪਰ ਉਨ੍ਹਾਂ ਦੇ ਮਿਜਾਜ਼ ਤੇ ਅੰਦਾਜ਼ ਵਿਚ ਕੋਈ ਫ਼ਰਕ ਨਹੀਂ ਆਇਆ ਸੀ ਅਤੇ ਮੈਨੂੰ ਯਕੀਨ ਹੈ ਕਿ ਜ਼ਿੰਦਗੀ ਦਾ ਸਫ਼ਰ ਮੁਕੰਮਲ ਹੋਣ ’ਤੇ ਉਨ੍ਹਾਂ ਰੂਹਾਂ ਨੂੰ ਸੱਚੀ ਸ਼ਾਂਤੀ ਮਿਲ ਗਈ ਹੋਵੇਗੀ। ਉਨ੍ਹਾਂ ਦੇ ਬੱਚੇ ਤੇ ਅੱਗੇ ਉਨ੍ਹਾਂ ਦੇ ਬੱਚਿਆਂ ’ਚ ਵੀ ਵੱਡਿਆਂ ਦੇ ਅੰਸ਼ ਨਜ਼ਰ ਆਉਂਦੇ ਹਨ ਤੇ ਬਾਖ਼ੁਸ਼ੀ ਰਹਿ ਰਹੇ ਹਨ। ਅਸੀਂ ਹਰ ਰੋਜ਼ ਉਸ ਜੋੜੇ ਨੂੰ ਯਾਦ ਕਰਦੇ ਹਾਂ। ਰਾਵਲਪਿੰਡੀ ਦੀ ਉਹ ਸੁੱਘੜ ਔਰਤ ਅਤੇ ਫ਼ੌਜੀ ਵਿਰਾਸਤ ਤੇ ਬੇਮਿਸਾਲ ਜਬ੍ਹੇ ਵਾਲਾ ਤੇ ਅਸੂਲਪ੍ਰਸਤ ਜਰਨੈਲ। ਮੈਂ ਚਾਹੁੰਦਾ ਹਾਂ ਤੇ ਪ੍ਰਾਰਥਨਾ ਕਰਦਾ ਹਾਂ ਕਿ ਇਹੋ ਜਿਹੇ ਹੋਰ ਬਹੁਤ ਸਾਰੇ ਹੋਣ ਪਰ ਸਾਡੇ ਲਈ ਉਹ ਚਾਨਣ, ਉਮੀਦ, ਵਕਾਰ ਤੇ ਅਸੂਲਾਂ ਦੇ ਮੀਨਾਰ ਸਨ। ਉਨ੍ਹਾਂ ਸਦਕਾ ਫਿਲੌਰ ਅਤੇ ਉਸ ਦਾ ਕਿਲ੍ਹਾ ਸਾਡੇ ਅੰਦਰ ਵਸਦਾ ਰਿਹਾ ਹੈ। ਇਸ ਸੰਦਰਭ ਵਿਚ ਚਰਚਿਲ ਦਾ ਇਕ ਕਥਨ ਹੈ: ‘ਪੁਰਾਣੀ ਦੁਨੀਆ ਦੀ ਢਲਦੀ ਸ਼ਾਮ ਦੇਖਣ ਲਾਇਕ ਹੁੰਦੀ ਹੈ।’
* ਸਾਬਕਾ ਚੇਅਰਮੈਨ, ਯੂਪੀਐੱਸਸੀ ਅਤੇ
ਸਾਬਕਾ ਰਾਜਪਾਲ, ਮਨੀਪੁਰ।