ਸ਼ਮਸ਼ੇਰ ਐੱਮ ਚੌਧਰੀ
ਬੀਰ ਬਿਕਰਮ
ਐ ਆਜ਼ਾਦੀ, ਆਪਣਾ ਸਿਰ ਸੂਰਮੇ ਵਾਂਗ ਉੱਚਾ ਕਰ
ਅੰਬਰ ਦਾ ਸੀਨਾ ਪਾੜਦੀ ਆਵਾਜ਼ ਨਾਲ
ਆਪਣੀ ਵੀਣੀਆਂ ’ਤੇ ਬੱਝੀਆਂ ਜੰਜ਼ੀਰਾਂ ਤੋੜ ਦੇ
ਐ ਆਜ਼ਾਦੀ, ਬੱਬਰ ਸ਼ੇਰ ਵਾਂਗ ਬੜ੍ਹਕ ਮਾਰ,
ਆਪਣੀ ਪੂਰੀ ਤਾਕਤ ਨਾਲ
– ਸ਼ਮਸੁਰ ਰਹਿਮਾਨ,
ਬੰਗਲਾਦੇਸ਼ ਦੀ ਆਜ਼ਾਦੀ ਦਾ ਕਵੀ
ਬੰਗਲਾਦੇਸ਼ ਦੇ ਹੋਂਦ ਵਿਚ ਆਉਣ ਅਤੇ ਬੰਗਲਾਦੇਸ਼ ਤੇ ਭਾਰਤ ਦਰਮਿਆਨ ਸਬੰਧਾਂ ਦੀ ਪੰਜਾਹਵੀਂ ਵਰ੍ਹੇਗੰਢ ਮੌਕੇ ਇਹ ਯਾਦ ਕਰਨਾ ਬਹੁਤ ਮਾਕੂਲ ਗੱਲ ਹੈ ਕਿ ਇਸ ਰਿਸ਼ਤੇ ਦੀਆਂ ਜੜ੍ਹਾਂ ਅਜਿਹੇ ਇਤਿਹਾਸ ਵਿਚ ਲੱਗੀਆਂ ਹੋਈਆਂ ਹਨ ਤੇ ਇਹ ਰਿਸ਼ਤਾ ਅਜਿਹੇ ਭੂਗੋਲ ਵਿਚ ਪ੍ਰਵਾਨ ਚੜ੍ਹਿਆ ਹੈ ਜਿਸ ਨੂੰ ਬਦਲਿਆ ਨਹੀਂ ਜਾ ਸਕਦਾ। 1971 ਵਿਚ ਬੰਗਲਾਦੇਸ਼ ਦੇ ਮੁਕਤੀ ਯੁੱਧ ਵਿਚ ਭਾਰਤ ਦੀ ਸਿੱਧੀ ਭੂਮਿਕਾ ਨੇ ਸਾਡੇ ਦੋਵਾਂ ਦੇਸ਼ਾਂ ਦੇ ਆਪਸੀ ਸਬੰਧਾਂ ਦੇ ਨਕਸ਼ ਘੜੇ ਸਨ। ਇਕ ਨੌਜਵਾਨ ਫ਼ੌਜੀ ਅਫ਼ਸਰ ਦੇ ਤੌਰ ’ਤੇ ਮੈਨੂੰ ਸਾਡੇ ਮੁਕਤੀ ਯੁੱਧ ਵਿਚ ਹਿੱਸਾ ਲੈਣ ਦਾ ਮਾਣ ਹਾਸਲ ਹੋਇਆ ਸੀ। ਇਸ ਦੌਰਾਨ ਮੈਨੂੰ ਪਾਕਿਸਤਾਨੀ ਫ਼ੌਜ ਨੇ ਜੰਗੀ ਕੈਦੀ ਬਣਾ ਲਿਆ ਸੀ ਅਤੇ ਮੇਰੇ ਖਿਲਾਫ਼ ਬਗ਼ਾਵਤ ਤੇ ਦੇਸ਼ ਧ੍ਰੋਹ ਦੇ ਦੋਸ਼ ਆਇਦ ਕੀਤੇ ਗਏ ਸਨ। ਦਸੰਬਰ 1971 ਵਿਚ ਇਕ ਫ਼ੌਜੀ ਅਦਾਲਤ ਵਿਚ ਮੇਰੇ ਖਿਲਾਫ਼ ਮੁਕੱਦਮਾ ਸ਼ੁਰੂ ਹੋਣਾ ਸੀ। ਮੈਂ ਜਾਣਦਾ ਸਾਂ ਕਿ ਮੇਰੇ ਖਿਲਾਫ਼ ਆਇਦ ਦੋਸ਼ਾਂ ਦੇ ਮੱਦੇਨਜ਼ਰ ਮੈਨੂੰ ਸਜ਼ਾ-ਏ-ਮੌਤ ਸੁਣਾਏ ਜਾਣਾ ਤੈਅ ਹੈ। ਚਾਰ ਦਸੰਬਰ ਨੂੰ ਜਦੋਂ ਭਾਰਤ ਜੰਗ ਵਿਚ ਕੁੱਦ ਪਿਆ ਤਾਂ ਸਭ ਕੁਝ ਇਕਦਮ ਬਦਲ ਗਿਆ। ਇਸ ਲਈ ਨਿੱਜੀ ਤੌਰ ’ਤੇ ਮੈਂ ਆਪਣੇ ਭਾਰਤੀ ਦੋਸਤਾਂ ਦਾ ਖ਼ਾਸ ਤੌਰ ’ਤੇ ਸ਼ੁਕਰਗੁਜ਼ਾਰ ਹਾਂ।
1971 ਦੀਆਂ ਘਟਨਾਵਾਂ ਬਾਰੇ ਮੇਰੀਆਂ ਯਾਦਾਂ ਦੀ ਲੜੀ ਉਸ ਸਾਲ ਦੀ ਸੱਤ ਤਾਰੀਕ ਤੋਂ ਸ਼ੁਰੂ ਹੁੰਦੀ ਹੈ। ਉਸ ਦਿਨ ਬੰਗਾਲੀ ਲੋਕਾਂ ਦੇ ਨਿਰਵਿਵਾਦ ਨੇਤਾ ਬੰਗਬੰਧੂ ਸ਼ੇਖ ਮੁਜੀਬੁਰ ਰਹਿਮਾਨ ਨੇ ਢਾਕਾ ਦੇ ਇਤਿਹਾਸਕ ਰੇਸ ਕੋਰਸ ਮੈਦਾਨ ’ਤੇ ਵਿਸ਼ਾਲ ਜਨਤਕ ਸਭਾ ਨੂੰ ਸੰਬੋਧਨ ਕੀਤਾ। ਆਪਣੇ ਉਸ ਇਤਿਹਾਸਕ ਸੰਬੋਧਨ ਵਿਚ ਬੰਗਬੰਧੂ ਨੇ ਬੰਗਾਲੀਆਂ ਨੂੰ ਹੋਕਾ ਦਿੱਤਾ ਸੀ ਕਿ ਉਹ ਆਪਣੇ ਘਰਾਂ ਨੂੰ ਕਿਲਿਆਂ ਵਿਚ ਤਬਦੀਲ ਕਰ ਲੈਣ ਅਤੇ ਉਨ੍ਹਾਂ ਕੋਲ ਜੋ ਕੁਝ ਵੀ ਹੈ, ਉਸੇ ਨਾਲ ਦੁਸ਼ਮਣ ਦਾ ਟਾਕਰਾ ਕਰਨ। ਉਨ੍ਹਾਂ ਯਾਦਦਹਾਨੀ ਕਰਵਾਈ ਸੀ ਕਿ ਪਹਿਲਾਂ ਹੀ ਬਹੁਤ ਖ਼ੂਨ ਖਰਾਬਾ ਹੋ ਚੁੱਕਿਆ ਹੈ ਤੇ ਉਹ ਹੁਣ ਹੋਰ ਖ਼ੂਨ ਵਹਾਉਣ ਲਈ ਤਿਆਰ ਰਹਿਣ ਤੇ ਇਸ ਸਰਜ਼ਮੀਨ ਦੇ ਲੋਕਾਂ ਨੂੰ ਮੁਕਤੀ ਮਿਲ ਕੇ ਰਹੇਗੀ। ਉਨ੍ਹਾਂ ਇਸ ਸੱਦੇ ਨਾਲ ਆਪਣਾ ਤੇਜ਼-ਤਰਾਰ ਭਾਸ਼ਣ ਖ਼ਤਮ ਕੀਤਾ ‘‘ਇਸ ਵਾਰ ਇਹ ਸੰਘਰਸ਼ ਸਾਡੀ ਮੁਕਤੀ ਲਈ ਹੈ; ਇਸ ਵਾਰ ਇਹ ਸੰਘਰਸ਼ ਸਾਡੀ ਆਜ਼ਾਦੀ ਲਈ ਹੈ।’’ ਇਸ ਤਰ੍ਹਾਂ ਯੁੱਧ ਲਈ ਕਤਾਰਬੰਦੀ ਹੋ ਗਈ।
ਉਸੇ ਸ਼ਾਮ ਚਿਟਾਗਾਂਗ (ਹੁਣ ਚੋਟੋਗ੍ਰਾਮ) ਵਿਚ ਸੀਨੀਅਰ ਬੰਗਾਲੀ ਫ਼ੌਜੀ ਅਫ਼ਸਰਾਂ ਦੀ ਇਕ ਗੁਪਤ ਮੀਟਿੰਗ ਵਿਚ ਲੈਫਟੀਨੈਂਟ ਕਰਨਲ ਐਮ.ਆਰ. ਚੌਧਰੀ ਨੇ ਇਹ ਖ਼ੁਲਾਸਾ ਕੀਤਾ। ਖ਼ੁਲਾਸੇ ਮੁਤਾਬਿਕ ਸਭ ਤੋਂ ਸੀਨੀਅਰ ਬੰਗਾਲੀ ਅਫ਼ਸਰ ਬ੍ਰਿਗੇਡੀਅਰ ਮਜੂਮਦਾਰ ਨੇ ਆਪਣੇ ਭਰੋਸੇਯੋਗ ਸੂਤਰਾਂ ਤੋਂ ਜਾਣਕਾਰੀ ਹਾਸਲ ਕੀਤੀ ਹੈ ਕਿ ਪਾਕਿਸਤਾਨੀ ਫ਼ੌਜ ਵੱਲੋਂ ਇਕ ਵੱਡੇ ਅਪਰੇਸ਼ਨ ਦੀ ਕੜੀ ਦੇ ਤੌਰ ’ਤੇ ਹਥਿਆਰਬੰਦ ਦਸਤਿਆਂ ਵਿਚਲੇ ਸਾਰੇ ਬੰਗਾਲੀ ਅਫ਼ਸਰਾਂ ਨੂੰ ਨਿਹੱਥੇ ਕਰਨ ਦੀ ਯੋਜਨਾ ਬਣਾਈ ਗਈ ਹੈ। ਇਸ ਵਿਚ ਪੁਲੀਸ ਅਤੇ ਈਸਟ ਪਾਕਿਸਤਾਨ ਰਾਈਫਲਜ਼ (ਈਪੀਆਰ) ਜਿਹੇ ਨੀਮ ਫ਼ੌਜੀ ਦਸਤਿਆਂ ਨੂੰ ਨਿਹੱਥਾ ਕਰਨਾ ਵੀ ਸ਼ਾਮਲ ਹੈ। ਮੀਟਿੰਗ ਵਿਚ ਸਰਬਸੰਮਤੀ ਨਾਲ ਇਹ ਤੈਅ ਕੀਤਾ ਗਿਆ ਕਿ ਪਾਕਿਸਤਾਨੀ ਫ਼ੌਜ ਦੀ ਅਜਿਹੀ ਕਿਸੇ ਵੀ ਕੋਸ਼ਿਸ਼ ਦਾ ਡਟਵਾਂ ਵਿਰੋਧ ਕੀਤਾ ਜਾਵੇ ਭਾਵੇਂ ਇਸ ਦਾ ਮਤਲਬ ਬਗ਼ਾਵਤ ਹੀ ਕਿਉਂ ਨਾ ਸਮਝਿਆ ਜਾਵੇ। ਉਨ੍ਹਾਂ ਆਵਾਮੀ ਲੀਗ ਦੀ ਲੀਡਰਸ਼ਿਪ ਨਾਲ ਸਬੰਧ ਸਥਾਪਤ ਕਰਨ ਤੇ ਉਨ੍ਹਾਂ ਨਾਲ ਤਾਲਮੇਲ ਕਾਇਮ ਕਰਨ ਬਾਰੇ ਵੀ ਸਹਿਮਤੀ ਜਤਾਈ।
25 ਮਾਰਚ ਦੀ ਕਾਲੀ ਬੋਲ਼ੀ ਰਾਤ ਨੂੰ ਪਾਕਿਸਤਾਨੀ ਫ਼ੌਜ ਨੇ ਜਦੋਂ ਬੰਗਾਲੀਆਂ ’ਤੇ ਘਾਤਕ ਹਮਲੇ ਦੀ ਸ਼ੁਰੂਆਤ ਕੀਤੀ ਤਾਂ ਅਸੀਂ ਬੰਗਾਲੀ ਲੋਕਾਂ ਅਤੇ ਚਿਟਾਗਾਂਗ ਵਿਚਲੀ 8ਵੀਂ ਈਸਟ ਬੰਗਾਲ ਰੈਜੀਮੈਂਟ ਦੇ ਜਵਾਨਾਂ ਤੇ ਅਫ਼ਸਰਾਂ ਨੇ ਪਾਕਿਸਤਾਨੀ ਫ਼ੌਜ ਖਿਲਾਫ਼ ਵਿਦਰੋਹ ਦਾ ਐਲਾਨ ਕਰ ਦਿੱਤਾ। 26 ਮਾਰਚ ਨੂੰ ਅਸੀਂ ਬੰਗਲਾਦੇਸ਼ ਨਾਲ ਵਫ਼ਾ ਨਿਭਾਉਣ ਦਾ ਅਹਿਦ ਲਿਆ ਤੇ ਬੰਗਬੰਧੂ ਸ਼ੇਖ ਮੁਜੀਬੁਰ ਰਹਿਮਾਨ ਨੂੰ ਆਪਣਾ ਨੇਤਾ ਮੰਨ ਲਿਆ। ਕੁਝ ਦਿਨਾਂ ’ਚ ਹੀ ਸਾਰੇ ਬੰਗਲਾਦੇਸ਼ ਅੰਦਰ ਵਿਦਰੋਹ ਫੈਲ ਗਿਆ।
ਉਸ ਦਿਨ ਤੋਂ ਲੈ ਕੇ 11 ਅਪਰੈਲ ਤੱਕ ਮੈਂ ਚਿਟਾਗਾਂਗ ਸ਼ਹਿਰ ਤੇ ਆਸ-ਪਾਸ ਪਾਕਿਸਤਾਨੀ ਫ਼ੌਜ ਖਿਲਾਫ਼ ਬਹੁਤ ਸਾਰੇ ਗੁਰੀਲਾ ਫ਼ੌਜੀ ਅਪਰੇਸ਼ਨਾਂ ਵਿਚ ਹਿੱਸਾ ਲਿਆ ਸੀ। ਨਫ਼ਰੀ ਤੇ ਸਾਜ਼ੋ-ਸਾਮਾਨ ਪੱਖੋਂ ਹੀਣੀ ਸਥਿਤੀ ਵਿਚ ਹੁੰਦਿਆਂ ਵੀ ਅਸੀਂ ਆਪਣੇ ਤੋਂ ਕਿਤੇ ਬਿਹਤਰ ਪਾਕਿਸਤਾਨੀ ਫ਼ੌਜ ਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚਾਇਆ। ਸਾਡੇ ਕੋਲ ਬੰਦਿਆਂ ਤੇ ਹਥਿਆਰਾਂ ਦੀ ਵਾਕਈ ਬਹੁਤ ਘਾਟ ਸੀ, ਪਰ ਅਸੀਂ ਆਪਣੇ ਹੌਸਲੇ, ਮਨੋਬਲ ਅਤੇ ਦੇਸ਼ਭਗਤੀ ਦੇ ਭਾਵ ਨਾਲ ਚਲਦੇ ਰਹੇ। ਵੱਡੀ ਗੱਲ ਇਹ ਸੀ ਕਿ ਬੰਗਲਾਦੇਸ਼ ਦੇ ਲੋਕ ਇਸ ਮਹਾਨ ਸਫ਼ਰ ਵਿਚ ਸਾਡੇ ਨਾਲ ਸਨ। ਗਿਆਰ੍ਹਾਂ ਅਪਰੈਲ ਨੂੰ ਕਲੂਰਘਾਟ ਪੁਲ ਦੀ ਰਾਖੀ ਕਰਦਿਆਂ ਮੈਂ ਜ਼ਖ਼ਮੀ ਹੋ ਗਿਆ। ਗੋਲੀ ਲੱਗਣ ਤੋਂ ਫ਼ੌਰੀ ਬਾਅਦ ਮੈਂ ਆਪਣੀ ਲੱਤ ਵਿਚ ਤਿੱਖਾ ਦਰਦ ਮਹਿਸੂਸ ਕੀਤਾ ਤੇ ਮੇਰੇ ਪੇਟ ਦੇ ਹੇਠਲੇ ਹਿੱਸੇ ਵਿਚ ਅਸਹਿ ਜਲਣ ਉੱਠੀ। ਇੰਝ ਲੱਗ ਰਿਹਾ ਸੀ ਜਿਵੇਂ ਕਿਸੇ ਨੇ ਮੇਰੇ ਸਰੀਰ ਵਿਚ ਬਲਦੀ ਹੋਈ ਰਾਡ ਘੁਸੇੜ ਦਿੱਤੀ ਹੋਵੇ। ਗੋਲੀ ਮੇਰੇ ਖੱਬ ਪੱਟ ’ਚੋਂ ਹੁੰਦੀ ਹੋਈ ਮੇਰੇ ਪੇਟ ਦੇ ਹੇਠਲੇ ਹਿੱਸੇ ਵਿਚਦੀ ਖੱਬੇ ਪੁੜੇ ਵਿਚ ਜਾ ਧਸੀ ਤੇ ਮੇਰਾ ਬੁਰਾ ਹਾਲ ਕਰ ਸੁੱਟਿਆ।
ਮੈਂ ਸੋਚ ਰਿਹਾ ਸਾਂ ਕਿ ਇਹ ਸ਼ਾਇਦ ਕੁਝ ਮਿੰਟਾਂ ਦੀ ਗੱਲ ਹੈ ਜਦੋਂ ਪਾਕਿਸਤਾਨੀ ਮੈਨੂੰ ਦਬੋਚ ਲੈਣਗੇ ਅਤੇ ਤਸ਼ੱਦਦ ਕਰ ਕੇ ਮੌਤ ਦੇ ਘਾਟ ਉਤਾਰ ਦੇਣਗੇ, ਪਰ ਉਨ੍ਹਾਂ ਮੈਨੂੰ ਜ਼ਿੰਦਾ ਰੱਖਿਆ ਜਿਸ ਦੇ ਕਾਰਨ ਉਹ ਹੀ ਬਿਹਤਰ ਦੱਸ ਸਕਦੇ ਸਨ।
ਜਦੋਂ ਮੈਂ ਚਿਟਾਗਾਂਗ ਛਾਉਣੀ ਦੇ ਸੀਐਮ ਹਸਪਤਾਲ ਵਿਚ ਜ਼ਖ਼ਮੀ ਹਾਲਤ ਵਿਚ ਪਿਆ ਸੀ ਤਾਂ ਇਕ ਮੇਜਰ ਨੇ ਮੇਰੇ ਉਪਰ ਬੰਦੂਕ ਦੇ ਬੱਟ ਮਾਰਨੇ ਸ਼ੁਰੂ ਕਰ ਦਿੱਤੇ ਤੇ ਮੈਨੂੰ ਮਾਰਨ ਦੀ ਧਮਕੀ ਦਿੱਤੀ। ਆਮ ਤੌਰ ’ਤੇ ਕਿਸੇ ਹਸਪਤਾਲ ਵਿਚ ਇੰਝ ਨਹੀਂ ਹੁੰਦਾ ਭਾਵੇਂ ਜੰਗ ਵੀ ਚੱਲ ਰਹੀ ਹੋਵੇ, ਪਰ ਉਨ੍ਹਾਂ ਨੇ ਸਾਰੇ ਨੇਮਾਂ ਦੀਆਂ ਧੱਜੀਆਂ ਉਡਾ ਦਿੱਤੀਆਂ। ਉਂਝ, ਇਕ ਵਹਿਸ਼ੀ ਫ਼ੌਜ ਤੋਂ ਅਜਿਹੀ ਭੱਦਰਕਾਰੀ ਦੀ ਉਮੀਦ ਰੱਖਣਾ ਮੇਰੀ ਨਾਸਮਝੀ ਹੀ ਸੀ। ਜਦੋਂ ਇਕ ਹੌਸਲੇਮੰਦ ਨਰਸਿੰਗ ਅਰਦਲੀ ਨੇ ਉਸ ਮੇਜਰ ਨੂੰ ਵਾਰਡ ’ਚੋਂ ਬਾਹਰ ਕੱਢਿਆ ਤਾਂ ਮੈਂ ਪੂਰੀ ਤਰ੍ਹਾਂ ਬੇਸੁਧ ਹੋ ਚੁੱਕਿਆ ਸੀ ਤੇ ਮੇਰੇ ਨੱਕ, ਮੂੰਹ ਅਤੇ ਛਾਤੀ ’ਚੋਂ ਖ਼ੂਨ ਹੀ ਖ਼ੂਨ ਵਗ ਰਿਹਾ ਸੀ।
ਉਸ ਤੋਂ ਬਾਅਦ ਮੈਨੂੰ ਢਾਕਾ ਭੇਜ ਦਿੱਤਾ ਗਿਆ ਤੇ ਪੁੱਛ ਪੜਤਾਲ ਲਈ ਫੀਲਡ ਇੰਟੈਰੋਗੇੇਸ਼ਨ ਸੈਂਟਰ ਲਿਜਾਇਆ ਗਿਆ। ਇਹ ਇਕ ਜੰਗੀ ਕੈਦੀ ਵਜੋਂ ਮੇਰੀ ਜ਼ਿੰਦਗੀ ਦੀ ਸ਼ੁਰੂਆਤ ਸੀ। ਇਸ ਕੈਦ ਦੌਰਾਨ ਦੋ ਅਜਿਹੀਆਂ ਘਟਨਾਵਾਂ ਵਾਪਰੀਆਂ ਜਿਨ੍ਹਾਂ ਦਾ ਮੁਕਤੀ ਯੁੱਧ ਦੇ ਪ੍ਰਸੰਗ ਵਿਚ ਜ਼ਿਕਰ ਕਰਨਾ ਮੈਂ ਜ਼ਰੂਰੀ ਸਮਝਦਾ ਹਾਂ। ਪਹਿਲੀ ਘਟਨਾ ਅਗਸਤ ਦੇ ਅਖ਼ੀਰ ਵਿਚ ਵਾਪਰੀ ਸੀ ਜਦੋਂ ਮੈਨੂੰ ਸਰਕਾਰੀ ਗਵਾਹ ਬਣਨ ਲਈ ਕਿਹਾ ਗਿਆ। ਮੇਰੇ ਮੁੱਖ ਤਫ਼ਤੀਸ਼ੀ ਅਫ਼ਸਰ ਤੇ ਬਹੁਤ ਹੀ ਘਟੀਆ ਇਨਸਾਨ ਮੇਜਰ ਫਾਰੂਕੀ ਨੇ ਮੈਨੂੰ ਇਕ ਬਿਆਨ ’ਤੇ ਦਸਤਖ਼ਤ ਕਰਨ ਲਈ ਕਿਹਾ ਜਿਸ ਵਿਚ ਦਰਜ ਸੀ ਕਿ ਮਾਰਚ ਦੇ ਸ਼ੁਰੂ ਤੋਂ ਹੀ ਮੈਨੂੰ ਇਲਮ ਸੀ ਕਿ ਸ਼ੇਖ ਮੁਜੀਬੁਰ ਰਹਿਮਾਨ ਵੱਲੋਂ ਭਾਰਤ ਦੀ ਮਦਦ ਨਾਲ ਪਾਕਿਸਤਾਨ ਨੂੰ ਤੋੜਨ ਦੀ ਸਾਜ਼ਿਸ਼ ਰਚੀ ਗਈ ਸੀ। ਇਸ ਮੰਤਵ ਲਈ ਸ਼ੇਖ ਮੁਜੀਬੁਰ ਰਹਿਮਾਨ ਵੱਲੋਂ ਭਾਰਤੀਆਂ ਅਤੇ ਇਸ ਨਾਲ ਜੁੜੇ ਬੰਗਾਲੀ ਫ਼ੌਜੀ ਅਫ਼ਸਰਾਂ ਨੂੰ ਸੰਦੇਸ਼ ਪਹੁੰਚਾਏ ਜਾਂਦੇ ਰਹੇ ਸਨ। ਅਸੀਂ ਸਭ ਜਾਣਦੇ ਸਾਂ ਕਿ ਬੰਗਬੰਧੂ ਕਦੇ ਸਾਜ਼ਿਸ਼ਕਾਰ ਨਹੀਂ ਹੋ ਸਕਦੇ ਸਗੋਂ ਇਕ ਆਗੂ ਸਨ। ਜਦੋਂ ਮੈਂ ਉਸ ਤੋਂ ਪੁੱਛਿਆ ਕਿ ਉਹ ਮੇਰੇ ਕੋਲੋਂ ਅਜਿਹੀ ਮਨਘੜਤ ਕਹਾਣੀ ਕਿਉਂ ਲਿਖਵਾਉਣਾ ਚਾਹੁੰਦੇ ਹਨ ਤਾਂ ਉਸ ਨੇ ਘਰੋੜ ਕੇ ਜਵਾਬ ਦਿੱਤਾ, ‘‘ਸਾਨੂੰ ਵੀ ਆਪਣੀਆਂ ਕਾਰਵਾਈਆਂ ਸਹੀ ਠਹਿਰਾਉਣੀਆਂ ਪੈਂਦੀਆਂ ਹਨ’’। ਮੇਜਰ ਫਾਰੂਕੀ ਦੇ ਆਪਣੇ ਸ਼ਬਦਾਂ ਵਿਚ ਉਹ ਖ਼ੁਦ ਮੰਨ ਰਿਹਾ ਸੀ ਕਿ ਉਸ ਨੂੰ ਪਾਕਿਸਤਾਨੀ ਫ਼ੌਜ ਵੱਲੋਂ ਕੀਤੇ ਗਏ ਕਤਲੇਆਮ ਨੂੰ ਜਾਇਜ਼ ਠਹਿਰਾਉਣ ਲਈ ਮੇਰੀ ਮਦਦ ਦੀ ਲੋੜ ਸੀ। ਉਸ ਨੇ ਕਿਹਾ ਕਿ ਜੇ ਮੈਂ ਸਹਿਯੋਗ ਕਰਾਂਗਾ ਤਾਂ ਮੇਰੀ ਜਾਨ ਬਖ਼ਸ਼ ਦਿੱਤੀ ਜਾਵੇਗੀ ਤੇ ਨਿਸਬਤਨ ਹਲਕੀ ਸਜ਼ਾ ਦੇ ਕੇ ਰਿਹਾਅ ਕਰ ਦਿੱਤਾ ਜਾਵੇਗਾ।
ਮੇਜਰ ਫਾਰੂਕੀ ਨੂੰ ਮੈਨੂੰ ਇਹ ਦੱਸਣ ’ਚ ਕੋਈ ਬਹੁਤਾ ਸਮਾਂ ਨਹੀਂ ਲੱਗਿਆ ਕਿ ਮੈਂ ਵਾਅਦਾ ਮੁਆਫ਼ ਗਵਾਹ ਬਣਨ ਤੋਂ ਇਨਕਾਰ ਕਰਦਾ ਹਾਂ। ਉਹ ਗੁੱਸੇ ਨਾਲ ਲਾਲ ਹੋ ਗਿਆ ਤੇ ਭੜਕਿਆ, ‘‘ਠੀਕ ਹੈ, ਤਾਂ ਫਿਰ ਤੂੰ ਜਾਣਦਾ ਹੈਂ ਕਿ ਸਾਡੇ ਨਾਲ ਸਹਿਯੋਗ ਨਾ ਕਰਨ ਦੇ ਕੀ ਸਿੱਟੇ ਨਿਕਲਣਗੇ।’’ ਮੈਂ ਉਸ ਨੂੰ ਯਾਦ ਕਰਵਾਇਆ ਕਿ ਮੈਂ ਮਰਨ ਤੋਂ ਨਹੀਂ ਡਰਦਾ। ਅਗਲੇ ਹੀ ਦਿਨ ਪਹਿਲੀ ਸਤੰਬਰ ਨੂੰ ਮੈਨੂੰ ਮੇਰੇ ਦੋਸ਼ਪੱਤਰ ਦੀ ਕਾਪੀ ਦੇ ਦਿੱਤੀ ਗਈ ਜਿਸ ਵਿਚ ਛੇ ਦੋਸ਼ ਦਰਜ ਸਨ। ਪਹਿਲਾ ਦੋਸ਼ ਸੀ ਕਿ ਪਾਕਿਸਤਾਨ ਸਰਕਾਰ ਖਿਲਾਫ਼ ਵਿਦਰੋਹ ਤੇ ਜੰਗ ਨੂੰ ਸ਼ਹਿ ਦੇਣਾ। ਇਸ ਤਰ੍ਹਾਂ ਇਕ ਫ਼ੌਜੀ ਅਦਾਲਤ ਵਿਚ ਮੇਰੇ ਮੁਕੱਦਮੇ ਦਾ ਅਮਲ ਲਗਭਗ ਤਿਆਰ ਹੋ ਗਿਆ ਸੀ। ਉਸ ਦੋਸ਼ਪੱਤਰ ਦੀ ਕਾਪੀ ਅੱਜ ਵੀ ਮੇਰੇ ਕੋਲ ਪਈ ਹੈ। ਇਸ ਨੂੰ ਮੈਂ ਆਪਣੀ ਸਿਰਮੌਰ ਪ੍ਰਵਾਨਤਾ, ਮੇਰੇ ਸਭ ਤੋਂ ਵੱਡੇ ਇਨਾਮ ਦੇ ਰੂਪ ਵਿਚ ਅਤੇ ਆਪਣੇ ਕਾਜ਼ ਲਈ ਲੜਨ ਤੇ ਮਰਨ ਦੇ ਅਹਿਦ ਵਜੋਂ ਦੇਖਦਾ ਹਾਂ। ਇਸ ਦਾ ਮੈਨੂੰ ਬਿਲਕੁਲ ਵੀ ਪਛਤਾਵਾ ਨਹੀਂ ਸਗੋਂ ਮੇਰਾ ਮਨ ਫ਼ਖ਼ਰ ਨਾਲ ਭਰ ਜਾਂਦਾ ਹੈ।
ਦੂਜੀ ਘਟਨਾ ਨਵੰਬਰ ਵਿਚ ਵਾਪਰੀ ਸੀ। ਈਦ ਤੋਂ ਐਨ ਇਕ ਦਿਨ ਪਹਿਲਾਂ 19 ਨਵੰਬਰ ਨੂੰ ਮੈਨੂੰ ਦੱਸਿਆ ਗਿਆ ਕਿ ਮੇਰੇ ਮਾਪੇ ਮਿਲਣ ਆਏ ਹਨ। ਮਿੰਟਾਂ ’ਚ ਹੀ ਮੈਨੂੰ ਇਕ ਕੁਰਸੀ ’ਤੇ ਬਿਠਾ ਦਿੱਤਾ ਗਿਆ ਅਤੇ ਇਕ ਨਾਲ ਲੱਗਦੀ ਇਮਾਰਤ ਵਿਚ ਲਿਜਾਇਆ ਗਿਆ ਜਿੱਥੇ ਉਹ ਇੰਤਜ਼ਾਰ ਕਰ ਰਹੇ ਸਨ।
ਮੇਰੇ ਪਿਤਾ ਨੇ ਮੈਨੂੰ ਦੱਸਿਆ ਕਿ ਕਿਸੇ ਪਾਕਿਸਤਾਨੀ ਅਧਿਕਾਰੀ ਨੇ ਉਨ੍ਹਾਂ ਨਾਲ ਰਾਬਤਾ ਕਾਇਮ ਕਰ ਕੇ ਇਹ ਤਜਵੀਜ਼ ਦਿੱਤੀ ਸੀ ਕਿ ਮੈਨੂੰ ਪਾਕਿਸਤਾਨ ਦੇ ਸਦਰ ਕੋਲ ਇਕ ਲਿਖਤੀ ਪਟੀਸ਼ਨ ਦਾਖ਼ਲ ਕਰਨੀ ਚਾਹੀਦੀ ਹੈ ਜਿਸ ਵਿਚ ਦਰਜ ਕੀਤਾ ਜਾਵੇ ਕਿ ਮੈਨੂੰ ਆਪਣੇ ਸੀਨੀਅਰਾਂ ਨੇ ਵਰਗਲਾਇਆ ਸੀ ਜਿਸ ਕਰਕੇ ਮੈਂ ਆਪਣੀਆਂ ਕਾਰਵਾਈਆਂ ’ਤੇ ਅਫ਼ਸੋਸ ਜ਼ਾਹਰ ਕਰਦਾ ਹਾਂ ਤੇ ਰਹਿਮ ਦੀ ਅਪੀਲ ਕਰਦਾ ਹਾਂ। ਇਸ ਤੋਂ ਇਲਾਵਾ ਮੈਂ ਪਾਕਿਸਤਾਨ ਪ੍ਰਤੀ ਪੂਰੀ ਵਫ਼ਾਦਾਰੀ ਦਾ ਅਹਿਦ ਲੈਂਦਾ ਹਾਂ। ਮੇਰੇ ਪਿਤਾ ਨੂੰ ਉਸ ਵਿਅਕਤੀ ਨੇ ਭਰੋਸਾ ਦਿਵਾਇਆ ਸੀ ਕਿ ਜੇ ਮੈਂ ਇਹ ਲਿਖ ਕੇ ਦੇ ਦਿਆਂਗਾ ਤਾਂ ਮੈਨੂੰ ਫ਼ੌਜੀ ਅਦਾਲਤ ਵੱਲੋਂ ਮੌਤ ਦੀ ਸਜ਼ਾ ਨਹੀਂ ਦਿੱਤੀ ਜਾਵੇਗੀ ਪਰ ਫ਼ੌਜ ’ਚੋਂ ਬਰਤਰਫ਼ ਕਰ ਦਿੱਤਾ ਜਾਵੇਗਾ ਅਤੇ ਨਰਮ ਸਜ਼ਾ ਦਿੱਤੀ ਜਾਵੇਗੀ।
ਮੈਂ ਆਪਣੇ ਪਿਤਾ ਨੂੰ ਠਰੰਮੇ ਨਾਲ ਦੱਸਿਆ ਕਿ ਮੈਂ ਅਜਿਹਾ ਕੁਝ ਨਹੀਂ ਕੀਤਾ ਜਿਸ ’ਤੇ ਮੈਨੂੰ ਮੁਆਫ਼ੀ ਮੰਗਣੀ ਪਵੇ ਅਤੇ ਮੈਂ ਪਾਕਿਸਤਾਨੀਆਂ ਤੋਂ ਕਦੇ ਵੀ ਰਹਿਮ ਨਹੀਂ ਮੰਗਾਂਗਾ। ਮੈਂ ਜੋ ਕੁਝ ਵੀ ਕੀਤਾ ਸੀ, ਉਹ ਆਪਣੀ ਜ਼ਮੀਰ ਦੀ ਆਵਾਜ਼ ਸੁਣ ਕੇ ਕੀਤਾ ਸੀ। ਜੇ ਮੇਰੇ ਜਵਾਬ ਨਾਲ ਮੇਰੇ ਪਰਿਵਾਰ ਨੂੰ ਕੋਈ ਦੁੱਖ ਪਹੁੰਚਿਆ ਹੈ ਤਾਂ ਉਹ ਇਸ ਨੂੰ ਸਬਰ ਨਾਲ ਜਰ ਜਾਣ।
28 ਨਵੰਬਰ ਨੂੰ ਮੈਨੂੰ ਇਕ ਹੋਰ ਕੋਠੜੀ ਵਿਚ ਲਿਜਾਇਆ ਗਿਆ ਤੇ ਮੇਰਾ ਮੁਕੱਦਮਾ ਪੂਰਾ ਹੋਣ ਤੱਕ ਕਾਲ ਕੋਠੜੀ ਵਿਚ ਤਾੜ ਦਿੱਤਾ ਗਿਆ। ਮੈਨੂੰ ਦੱਸਿਆ ਗਿਆ ਸੀ ਕਿ ਦਸੰਬਰ ਦੇ ਪਹਿਲੇ ਹਫ਼ਤੇ ਮੁਕੱਦਮੇ ਦੀ ਕਾਰਵਾਈ ਸ਼ੁਰੂ ਹੋ ਜਾਵੇਗੀ। ਐਨ ਜਦੋਂ ਮੈਂ ਸੋਚ ਰਿਹਾ ਸਾਂ ਕਿ ਹੁਣ ਮੇਰੀਆਂ ਮੁਸੀਬਤਾਂ ਕਦੇ ਖ਼ਤਮ ਨਹੀਂ ਹੋਣਗੀਆਂ ਤਾਂ ਇਕ ਹੋਰ ਹੀ ਭਾਣਾ ਵਾਪਰ ਗਿਆ।
ਚਾਰ ਦਸੰਬਰ ਨੂੰ ਸੁਵਖ਼ਤੇ ਹੀ ਸਾਡੀ ਇਮਾਰਤ ਦੇ ਐਨ ਉਪਰੋਂ ਲੰਘੇ ਲੜਾਕੂ ਜਹਾਜ਼ਾਂ ਦੀ ਗੂੰਜਾਰ ਨਾਲ ਮੇਰੀ ਨੀਂਦ ਖੁੱਲ੍ਹੀ। ਮੈਂ ਉੱਠਿਆ ਤੇ ਘਿਸਰ ਕੇ ਖਿੜਕੀ ਤੱਕ ਪਹੁੰਚਿਆ ਤੇ ਇਕ ਲੱਤ ਦੇ ਭਾਰ ਖਿੜਕੀ ਦੀ ਗਰਿੱਲ ਫੜ ਕੇ ਖੜ੍ਹਾ ਹੋ ਕੇ ਬਾਹਰ ਤੱਕਿਆ। ਭਾਰਤੀ ਹਵਾਈ ਸੈਨਾ ਦੇ ਲੜਾਕੂ ਜਹਾਜ਼ਾਂ ਵੱਲੋਂ ਢਾਕਾ ਹਵਾਈ ਅੱਡੇ ਉਪਰ ਭਾਰੀ ਬੰਬਾਰੀ ਕੀਤੀ ਜਾ ਰਹੀ ਸੀ। ਭਾਰਤੀ ਹਵਾਈ ਸੈਨਾ ਦੇ ਜੈੱਟਾਂ ਵੱਲੋਂ ਹਵਾਈ ਅੱਡੇ ਦੇ ਹਰ ਟਿਕਾਣੇ ’ਤੇ ਬੰਬ ਸੁੱਟੇ ਜਾ ਰਹੇ ਸਨ ਜਿੱਥੇ ਪਾਕਿਸਤਾਨੀ ਹਵਾਈ ਸੈਨਾ ਦਾ ਇਕਮਾਤਰ ਅੱਡਾ ਸੀ। ਮੈਂ ਜੋ ਕੁਝ ਦੇਖ ਰਿਹਾ ਸੀ ਉਹ ਕੋਈ ਫਿਲਮ ਨਹੀਂ ਸੀ ਸਗੋਂ ਇਹ ਸਭ ਕੁਝ ਮੇਰੀਆਂ ਅੱਖਾਂ ਸਾਹਮਣੇ ਹਕੀਕੀ ਰੂਪ ਵਿਚ ਵਾਪਰ ਰਿਹਾ ਸੀ ਤੇ ਮੇਰੀ ਖ਼ੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ।
16 ਦਸੰਬਰ
16 ਦਸੰਬਰ ਸਵੇਰੇ ਤਕਰੀਬਨ 11 ਵਜੇ ਮੈਨੂੰ ਪਤਾ ਚੱਲਿਆ ਕਿ ਪਾਕਿਸਤਾਨੀ ਫ਼ੌਜ ਨੇ ਆਤਮ-ਸਮਰਪਣ ਕਰ ਦਿੱਤਾ ਹੈ। ਮੈਂ ਆਪਣੇ ਘਰ ਜਾਣ ਲਈ ਉਤਾਵਲਾ ਹੋ ਰਿਹਾ ਸਾਂ। ਬਾਅਦ ਦੁਪਹਿਰ ਜਦੋਂ ਸ਼ਾਮ ਪੈਣ ਵਾਲੀ ਸੀ ਤਾਂ ਕੈਂਪ ਕਮਾਂਡਰ ਮੇਜਰ ਗੁਫ਼ਰਾਨ ਮੇਰੇ ਸੈੱਲ ਵਿਚ ਆਇਆ। ਉਸ ਨੇ ਮੇਰੇ ਵੱਲ ਇਕ ਘਾਬਰੀ ਜਿਹੀ ਮੁਸਕਰਾਹਟ ਸੁੱਟੀ ਤੇ ਕੋਲ ਆ ਕੇ ਮੇਰੇ ਹੱਥ ਘੁੱਟਦਿਆਂ ਕਿਹਾ, ‘‘ਸ਼ਮਸ਼ੇਰ, ਮੁਬਾਰਕਾਂ। ਤੁਸੀਂ ਜਿੱਤ ਗਏ ਹੋ।’’ ਇਕ ਪਲ ਲਈ ਮੈਨੂੰ ਸੁੱਝ ਨਹੀਂ ਸੀ ਰਿਹਾ ਕਿ ਮੈਂ ਕੀ ਆਖਾਂ। ਮੈਂ ਉਸ ਨੂੰ ਕਿਹਾ ਕਿ ਮੈਂ ਘਰ ਜਾਣਾ ਚਾਹੁੰਦਾ ਹਾਂ ਤੇ ਇਸ ਦਾ ਫ਼ੌਰੀ ਬੰਦੋਬਸਤ ਕੀਤਾ ਜਾਵੇ। ਮੇਜਰ ਗੁਫ਼ਰਾਨ ਨੇ ਕਿਹਾ ਕਿ ਉਸ ਨੂੰ ਨਹੀਂ ਪਤਾ ਕਿ ਫੌਰੀ ਕਿਸੇ ਗੱਡੀ ਦਾ ਪ੍ਰਬੰਧ ਹੋ ਸਕੇਗਾ ਕਿਉਂਕਿ ਚਾਰੇ ਪਾਸੇ ਅਫ਼ਰਾ-ਤਫ਼ਰੀ ਦਾ ਮਾਹੌਲ ਹੈ। ਉਸ ਨੇ ਇਹ ਵੀ ਕਿਹਾ ਕਿ ਰਾਤ ਨੂੰ ਬਾਹਰ ਨਿਕਲਣਾ ਸਾਡੇ ਲਈ ਸਹੀ ਨਹੀਂ ਹੋਵੇਗਾ। ਇਸ ਲਈ ਇਕ ਰਾਤ ਲਈ ਉਹ ਇਸੇ ਕੈਂਪ ਅੰਦਰ ਸੁਰੱਖਿਆ ਦਾ ਬਿਹਤਰ ਇੰਤਜ਼ਾਮ ਕਰਵਾ ਦੇਵੇਗਾ ਤੇ ਅਗਲੀ ਸਵੇਰ ਉਹ ਘਰ ਚੱਲਣਗੇ। ਜੱਕੋਤਕੀ ਵਿਚ ਮੈਂ ਸਹਿਮਤ ਹੋ ਗਿਆ, ਪਰ ਮੈਂ ਉਸ ਨੂੰ ਇਕ ਰੇਡੀਓ ਦਾ ਪ੍ਰਬੰਧ ਕਰਨ ਲਈ ਆਖਿਆ ਜੋ ਉਸ ਨੇ ਮੰਗਵਾ ਦਿੱਤਾ ਤੇ ਅਸੀਂ ਤੁਰੰਤ ਆਕਾਸ਼ਵਾਣੀ ਸਟੇਸ਼ਨ ਲਗਾਇਆ। ਥੋੜ੍ਹੀ ਦੇਰ ਬਾਅਦ ਸਾਨੂੰ ਭਾਰਤੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਠਰੰਮੇਦਾਰ ਤੇ ਭਰੋਸੇਮੰਦ ਆਵਾਜ਼ ਸੁਣਾਈ ਦਿੱਤੀ ਜਿਸ ਵਿਚ ਉਹ ਕਹਿ ਰਹੇ ਸਨ ‘‘ਢਾਕਾ ਹੁਣ ਇਕ ਆਜ਼ਾਦ ਮੁਲਕ ਦੀ ਆਜ਼ਾਦ ਰਾਜਧਾਨੀ ਹੈ। ਜੈ ਬੰਗਲਾ।’’ ਇਹ ਪਲ ਉਮਰ ਭਰ ਲਈ ਮੇਰੀਆਂ ਯਾਦਾਂ ਵਿਚ ਉੱਕਰ ਗਿਆ।
ਬੰਗਲਾਦੇਸ਼ ਮੁਕਤੀ ਬਾਹਿਨੀ ਅਤੇ ਭਾਰਤੀ ਫ਼ੌਜ ਅੱਗੇ ਜਿਸ ਰੇਸ ਕੋਰਸ ਮੈਦਾਨ ’ਤੇ ਪਾਕਿਸਤਾਨ ਫ਼ੌਜ ਵੱਲੋਂ 16 ਦਸੰਬਰ ਨੂੰ ਆਤਮ-ਸਮਰਪਣ ਕੀਤਾ ਗਿਆ ਸੀ, ਉਸ ਤੋਂ ਇਕ ਦਿਨ ਬਾਅਦ ਉਸੇ ਮੈਦਾਨ ’ਤੇ ਮੈਂ ਇਕ ਆਜ਼ਾਦ ਬੰਗਲਾਦੇਸ਼ ਦੇ ਨਾਗਰਿਕ ਵਜੋਂ ਗਿਆ। ਮੈਂ ਹਮੇਸ਼ਾ ਲਈ ਅਪੰਗ ਹੋ ਗਿਆ ਸਾਂ, ਪਰ ਮੈਨੂੰ ਇਸ ਗੱਲ ਦਾ ਮਾਣ ਸੀ ਕਿ ਮੈਂ ਇਸ ਸੰਘਰਸ਼ ਦਾ ਹਿੱਸਾ ਬਣਿਆ ਹਾਂ। ਮਨੁੱਖੀ ਇਤਿਹਾਸ ਵਿਚ ਇਹ ਕਦੇ ਕਦਾਈਂ ਹੀ ਦੇਖਣ ਵਿਚ ਆਉਂਦਾ ਹੈ ਜਦੋਂ ਕਿਸੇ ਨੂੰ ਆਪਣੀ ਸਰਜ਼ਮੀਨ ਦੀ ਮੁਕਤੀ ਤੇ ਆਜ਼ਾਦੀ ਲਈ ਲੜਨ ਦਾ ਵਡਭਾਗ ਪ੍ਰਾਪਤ ਹੁੰਦਾ ਹੈ। ਮੈਂ ਵੀ ਕੁਝ ਅਜਿਹੇ ਸੁਭਾਗਿਆਂ ’ਚੋਂ ਹੀ ਇਕ ਸਾਂ।