ਕੌਮਾਗਾਟਾ ਮਾਰੂ ਦਾ ਸਾਕਾ

ਕੌਮਾਗਾਟਾ ਮਾਰੂ ਦਾ ਸਾਕਾ

ਗੁਰਪ੍ਰੀਤ ਸਿੰਘ ਰਟੋਲ (ਡਾ.)

ਗੁਰਪ੍ਰੀਤ ਸਿੰਘ ਰਟੋਲ (ਡਾ.)

ਕੌਮਾਗਾਟਾ ਮਾਰੂ ਸ਼ਬਦ ਮਨੁੱਖੀ ਵਿਤਕਰੇ ਦਾ ਪ੍ਰਬਲ ਬਿੰਬ ਬਣ ਕੇ ਜ਼ਹਿਨ ਵਿੱਚ ਉਭਰਦਾ ਹੈ। ਕੌਮਾਗਾਟਾ ਮਾਰੂ ਦਰਅਸਲ ਜਾਪਾਨੀ ਜਹਾਜ਼ ਦਾ ਨਾਂ ਸੀ, ਜੋ ਕੋਲੇ ਦੀ ਢੋਆ-ਢੁਆਈ ਲਈ ਜਰਮਨੀ ਦੀ ਇਕ ਕੰਪਨੀ ਵੱਲੋਂ ਬਣਾਇਆ ਗਿਆ ਸੀ। ਕੈਨੇਡਾ ਵਿੱਚ ਹਿੰਦੋਸਤਾਨੀਆਂ ਦੀ ਖਾਸ ਕਰ ਪੰਜਾਬੀਆਂ ਦੀ ਵਧਦੀ ਤਾਦਾਦ ਨੂੰ ਦੇਖ ਕੇ ਕੈਨੇਡਾ ਸਰਕਾਰ ਨੇ 1910 ਵਿਚ ਇਕ ਨਵਾਂ ਕਾਨੂੰਨ Continuous Journey Act ਲਾਗੂ ਕਰ ਦਿੱਤਾ। ਇਸ ਨਵੇਂ ਕਾਨੂੰਨ ਮੁਤਾਬਕ ਉਹ ਹੀ ਬੰਦਾ ਕੈਨੇਡਾ ਵਿੱਚ ਦਾਖਲ ਹੋ ਸਕਦਾ ਸੀ, ਜੋ ਸਿੱਧਾ ਆਪਣੇ ਦੇਸ਼ ਤੋਂ ਟਿਕਟ ਲੈ ਕੇ ਆਵੇਗਾ ਅਤੇ ਉਸ ਕੋਲ ਦੋ ਸੌ ਡਾਲਰ ਦੀ ਨਕਦੀ ਹੋਣੀ ਚਾਹੀਦੀ ਸੀ। ਇਸ ਦਾ ਸਿੱਧਾ ਅਰਥ ਹਿੰਦੋਸਤਾਨੀਆਂ ਨੂੰ ਕੈਨੇਡਾ ਆਉਣ ਤੋਂ ਰੋਕਣਾ ਸੀ।

ਗੁਰਦਿੱਤ ਸਿੰਘ ਮਲਾਇਆ ਦਾ ਅਮੀਰ ਵਪਾਰੀ ਸੀ। ਉਹ ਕਿਸੇ ਕੰਮ ਕੁਝ ਦਿਨਾਂ ਲਈ ਹਾਂਗਕਾਂਗ ਆ ਗਿਆ ਸੀ। ਇੱਥੇ ਉਸ ਨੂੰ ਹਜ਼ਾਰਾਂ ਪੰਜਾਬੀ ਮਿਲੇ, ਜਿਹੜੇ ਕੈਨੇਡਾ ਜਾਣ ਲਈ ਘਰੋਂ ਨਿਕਲੇ ਸੀ ਪਰ ਕੋਈ ਜਹਾਜ਼ ਦੀ ਟਿਕਟ ਨਹੀਂ ਦੇ ਰਿਹਾ ਸੀ। 5 ਜਨਵਰੀ 1914 ਨੂੰ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਦਿਹਾੜੇ ’ਤੇ ਹਾਂਗਕਾਂਗ ਦੇ ਗੁਰਦੁਆਰੇ ਵਿੱਚ ਦੀਵਾਨ ਸਜਿਆ। ਇੱਥੇ ਗੁਰਦਿੱਤ ਸਿੰਘ ਨੇ ਐਲਾਨ ਕੀਤਾ ਕਿ ਜੇ ਪੰਜ ਸੌ ਦੇ ਕਰੀਬ ਯਾਤਰੀ ਹੋ ਜਾਣ ਤਾਂ ਉਹ ਆਪਣਾ ਖੁਦ ਦਾ ਜਹਾਜ਼ ਚਲਾ ਕੇ ਸਭ ਨੂੰ ਕੈਨੇਡਾ ਪਹੁੰਚਾ ਸਕਦਾ ਹੈ। ਲੋਕਾਂ ਨੇ ਆਪਣੇ ਹੱਥ ਉੱੱਪਰ ਚੁੱਕ ਕੇ ਗੁਰਦਿੱਤ ਸਿੰਘ ਨੂੰ ਹਾਮੀ ਭਰੀ। ਲੰਮੀ ਜੱਦੋ-ਜਹਿਦ ਤੋਂ ਬਾਅਦ ਇੱਕ ਜਾਪਾਨੀ ਦੋਸਤ ਦੀ ਮਦਦ ਨਾਲ ਉਸ ਨੂੰ ਕੌਮਾਗਾਟਾ ਮਾਰੂ ਜਹਾਜ਼ ਛੇ ਮਹੀਨੇ ਲਈ 11 ਹਜ਼ਾਰ ਹਾਂਗਕਾਂਗ ਡਾਲਰ ਪ੍ਰਤੀ ਮਹੀਨੇ ਦੇ ਹਿਸਾਬ ਨਾਲ ਕਿਰਾਏ ’ਤੇ ਮਿਲ ਗਿਆ। ਜਹਾਜ਼ ਦਾ ਨਾਂ ਬਦਲ ਕੇ ‘ਗੁਰੂ ਨਾਨਕ ਜਹਾਜ਼’ ਰੱਖਿਆ ਗਿਆ। ਬਿਨਾਂ ਆਗਿਆ ਦੇ ਟਿਕਟਾਂ ਵੇਚਣ ਦੇ ਦੋਸ਼ ਵਿੱਚ ਹਾਂਗਕਾਂਗ ਪੁਲੀਸ ਨੇ ਗੁਰਦਿੱਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਸੀ ਪਰ ਜੱਜ ਨੇ ਰਿਹਾਅ ਕਰ ਦਿੱਤਾ। ਇਸ ਗ੍ਰਿਫਤਾਰੀ ਦੇ ਡਰੋਂ ਕਾਫੀ ਲੋਕ ਡਰ ਗਏ, ਜਿਸ ਕਰਕੇ ਹਾਂਗਕਾਂਗ ਤੋਂ 165 ਯਾਤਰੀ ਹੀ ਜਾਣ ਲਈ ਤਿਆਰ ਹੋਏ। 165 ਯਾਤਰੀਆਂ ਨੂੰ ਲੈ ਕੇ ਕੌਮਾਗਾਟਾ ਮਾਰੂ ਹਾਂਗਕਾਂਗ ਤੋਂ ਚਾਰ ਅਪਰੈਲ 1914 ਨੂੰ ਰਵਾਨਾ ਹੋਇਆ। ਹਾਂਗਕਾਂਗ ਤੋਂ ਚੱਲ ਕੇ ਸ਼ੰਘਾਈ (ਚੀਨ), ਮੋਜੀ, ਕੋਬੇ ਦੀਆਂ ਬੰਦਰਗਾਹਾਂ ਤੋਂ ਕੈਨੇਡਾ ਜਾਣ ਲਈ ਯਾਤਰੀ ਜਹਾਜ਼ ’ਚ ਚੜ੍ਹਾਉਂਦਿਆਂ ਯੋਕੋਹਾਮਾ (ਜਾਪਾਨ) ਪਹੁੰਚਿਆ। ਉੱਥੇ ਕੈਨੇਡਾ ਜਾਣ ਲਈ 376 ਯਾਤਰੀ ਹੋ ਗਏ ਸਨ, ਜਿਨ੍ਹਾਂ ’ਚੋਂ 340 ਸਿੱਖ, 24 ਮੁਸਲਮਾਨ ਤੇ 12 ਹਿੰਦੂ ਸਨ। ਜਹਾਜ਼ ’ਚ ਦੋ ਔਰਤਾਂ ਤੇ ਤਿੰਨ ਬੱਚਿਆਂ ਤੋਂ ਬਿਨਾਂ ਬਾਕੀ ਸਾਰੇ ਮਰਦ ਸਨ।

ਲਗਪਗ ਡੇਢ ਮਹੀਨੇ ਦੇ ਸਫਰ ਤੋਂ ਬਾਅਦ 21 ਮਈ 1914 ਨੂੰ ਕੌਮਾਗਾਟਾ ਮਾਰੂ ਵਿਕਟੋਰੀਆ ਦੀ ਬੰਦਰਗਾਹ ’ਤੇ ਪਹੁੰਚਿਆ ਪਰ ਵਿਕਟੋਰੀਆ ਨੇ ਜਹਾਜ਼ ਰੁਕਣ ਨਾ ਦਿੱਤਾ। ਜਹਾਜ਼ ਬੰਦਰਗਾਹ ’ਤੇ ਰੋਕੇ ਬਿਨਾਂ ਹੀ ਵੈਨਕੂਵਰ ਵੱਲ ਮੋੜ ਦਿੱਤਾ ਗਿਆ। ਗੁਰਦਿੱਤ ਸਿੰਘ ਆਉਣ ਵਾਲਾ ਖਤਰਾ ਭਾਂਪ ਗਿਆ ਸੀ। ਵਿਕਟੋਰੀਆ ਤੋਂ ਚੱਲ ਕੇ 23 ਮਈ 1914 ਦੀ ਸਵੇਰ ਨੂੰ ਜਹਾਜ਼ ਵੈਨਕੂਵਰ ਦੀ ਬੰਦਰਗਾਹ ਕੋਲ ਪਹੁੰਚ ਗਿਆ। ਬੰਦਰਗਾਹ ਤੋਂ ਇਕ ਮੀਲ ਦੂਰ ਜਹਾਜ਼ ਨੂੰ ਪੁਲੀਸ ਦੀਆਂ ਕਿਸ਼ਤੀਆਂ ਨੇ ਘੇਰਾ ਪਾ ਲਿਆ ਤੇ ਉਥੇ ਹੀ ਰੁਕਣ ਲਈ ਇਸ਼ਾਰਾ ਕੀਤਾ। ਗੁਰਦਿੱਤ ਸਿੰਘ ਨੇ ਉਸੇ ਸ਼ਾਮ ਕੈਨੇਡੀਅਨ ਇਮੀਗ੍ਰੇਸ਼ਨ ਵਿਭਾਗ ਨੂੰ ਤਾਰ ਭੇਜੀ ਕਿ ਉਹ ਬ੍ਰਿਟਿਸ਼ ਸਬਜੈਕਟ ਹੋਣ ਦੇ ਨਾਤੇ ਕੈਨੇਡਾ ਦੀ ਧਰਤੀ ’ਤੇ ਉਤਰਨ ਦੇ ਹੱਕਦਾਰ ਹਨ। ਕੈਨੇਡਾ ਵੀ ਉਸ ਵੇਲੇ ਹਿੰਦੋਸਤਾਨ ਦੀ ਤਰ੍ਹਾਂ ਇੰਗਲੈਂਡ ਦੀ ਬਸਤੀ ਸੀ। ਮੈਲਕਮ ਰੀਡ (ਇਮੀਗ੍ਰੇਸ਼ਨ ਵਿਭਾਗ ਦਾ ਇੰਸਪੈਕਟਰ) ਤੇ ਵਿਲੀਅਮ ਹੌਪਕਿਨਸਨ (ਬੰਦਰਗਾਹ ਦੁਭਾਸ਼ੀਆ) ਨੇ ਅਜਿਹੀ ਚਾਲ ਚੱਲੀ ਕਿ ਗੁਰਦਿੱਤ ਸਿੰਘ ਦੀਆਂ ਸਾਰੀਆਂ ਉਮੀਦਾਂ ’ਤੇ ਪਾਣੀ ਫੇਰ ਦਿੱਤਾ। ਜਹਾਜ਼ ਦੇ ਮੁਸਾਫਰਾਂ ਕੋਲ ਖਾਣੇ-ਪਾਣੀ ਦੀ ਕਿੱਲਤ ਹੋ ਰਹੀ ਸੀ। ਗੁਰਦਿੱਤ ਸਿੰਘ ਨੇ ਮੈਲਕਮ ਰੀਡ ਨੂੰ ਤਾਰ ਵਿੱਚ ਕਿਹਾ ਕਿ ਜਦੋਂ ਤੱਕ ਉਨ੍ਹਾਂ ਦੇ ਉਤਰਨ ਬਾਰੇ ਕੋਈ ਕਾਨੂੰਨੀ ਫੈਸਲਾ ਨਹੀਂ ਹੁੰਦਾ ਉਦੋਂ ਤਕ ਮੁਸਾਫਰਾਂ ਨੂੰ ਇਮੀਗ੍ਰੇਸ਼ਨ ਵਿਭਾਗ ਦੇ ਇੰਤਜ਼ਾਰ ਘਰ ’ਚ ਰੁਕਣ ਦੀ ਆਗਿਆ ਦਿੱਤੀ ਜਾਵੇ ਪਰ ਮੈਲਕਮ ਰੀਡ ਨੇ ਕਿਸੇ ਤਾਰ ਦਾ ਜਵਾਬ ਨਾ ਦਿੱਤਾ।

ਦੂਜੇ ਪਾਸੇ ਵੈਨਕੂਵਰ ਰਹਿੰਦੇ ਪੰਜਾਬੀਆਂ ਦੀ ਖਾਲਸਾ ਦੀਵਾਨ ਸੁਸਾਇਟੀ ਨੇ ਸ਼ੋਰ ਕਮੇਟੀ ਬਣਾ ਕੇ ਕਾਨੂੰਨੀ ਪੈਰਵੀ ਸ਼ੁਰੂ ਕਰ ਦਿੱਤੀ। ਖਾਲਸਾ ਦੀਵਾਨ ਸੁਸਾਇਟੀ ਨੇ ਕੈਨੇਡੀਅਨ ਵਕੀਲ ਐਡਬਰਡ ਨੂੰ ਸਾਰੀ ਕਹਾਣੀ ਦੱਸੀ ਤੇ ਉਹ ਕੇਸ ਲੜਨ ਲਈ ਤਿਆਰ ਹੋ ਗਿਆ। ਮੈਲਕਮ ਰੀਡ ਨੇ ਐਡਬਰਡ ਦੀ ਵੀ ਕੋਈ ਦਲੀਲ ਨਹੀਂ ਸੁਣੀ। ਵਿਲੀਅਮ ਹੌਪਕਿਨਸਨ ਹਰ ਦੂਜੇ-ਚੌਥੇ ਦਿਨ ਜਹਾਜ਼ ’ਤੇ ਗੇੜਾ ਮਾਰਦਾ ਤੇ ਸਥਿਤੀ ਦਾ ਜਾਇਜ਼ਾ ਲੈ ਕੇ ਮੁੜ ਜਾਂਦਾ। ਹੌਲੀ-ਹੌਲੀ ਮਹੀਨਾ ਬੀਤ ਗਿਆ ਪਰ ਗੁਰਦਿੱਤ ਸਿੰਘ ਨੂੰ ਉਤਰਨ ਨਾ ਦਿੱਤਾ ਗਿਆ। ਜਹਾਜ਼ ਦੇ ਮੁਸਾਫਰਾਂ ਵਿੱਚ ਆਪੋਧਾਪੀ ਵਧਣੀ ਸ਼ੁਰੂ ਹੋ ਗਈ। ਖਾਣੇ ਤੇ ਪਾਣੀ ਦੀ ਕਮੀ ਕਰਕੇ ਮੁਸਾਫਰ ਬਿਮਾਰ ਹੋਣੇ ਸ਼ੁਰੂ ਹੋ ਗਏ। ਖਾਨਾਪੂਰਤੀ ਲਈ ਇਮੀਗ੍ਰੇਸ਼ਨ ਵਿਭਾਗ ਨੇ ਖਾਲਸਾ ਦੀਵਾਨ ਸੁਸਾਇਟੀ ਨੂੰ ਹਫਤੇ ਦਾ ਰਾਸ਼ਨ ਭੇਜਣ ਲਈ ਆਗਿਆ ਦੇ ਦਿੱਤੀ। ਦੂਜੇ ਪਾਸੇ ਐਡਬਰਡ ਨੇ ਵਿਕਟੋਰੀਆ ਕੋਰਟ ਵਿਚ ਅਪੀਲ ਕੀਤੀ ਤੇ ਕੇਸ ਦੀ ਸੁਣਵਾਈ ਸ਼ੁਰੂ ਹੋ ਗਈ। ਇਕ ਮੁਸਾਫਰ ਨੂੰ ਮੈਲਕਮ ਰੀਡ ਨੇ ਆਪਣੀ ਮਰਜ਼ੀ ਨਾਲ ਚੁਣ ਕੇ ਅਦਾਲਤ ਸਾਹਮਣੇ ਪੇਸ਼ ਕਰਨ ਦਾ ਮੰਨ ਬਣਾ ਲਿਆ। ਗੁਰਦਿੱਤ ਸਿੰਘ ਨੇ ਇਸ ਦਾ ਵਿਰੋਧ ਕੀਤਾ ਕਿ ਉਹ ਜਹਾਜ਼ ਦਾ ਮਾਲਕ ਹੈ ਤੇ ਉਸ ਨੂੰ ਕੋਰਟ ਆਪਣਾ ਪੱਖ ਰੱਖਣ ਦਿੱਤਾ ਜਾਵੇ ਪਰ ਉਸ ਦੀ ਕੋਈ ਗੱਲ ਨਾ ਸੁਣੀ ਗਈ ਤੇ ਸਭ ਤੋਂ ਭੋਲੇ ਭਾਲੇ ਮੁਸਾਫਰ ਮੁਨਸ਼ੀ ਸਿੰਘ ਨੂੰ ਨਾਲ ਲੈ ਜਾ ਕੇ ਕੋਰਟ ਵਿਚ ਟਰਾਇਲ ਲਈ ਪੇਸ਼ ਕਰ ਦਿੱਤਾ। ਐਡਬਰਡ ਬਰਡ ਨੇ ਜੱਜ ਅੱਗੇ ਤਿੰਨ ਦਲੀਲਾਂ ਰੱਖੀਆਂ। ਅਦਾਲਤ ਵਿਚ ਮੈਲਕਮ ਰੀਡ ਨੇ ਜੱਜ ਨਾਲ ਪਹਿਲਾਂ ਹੀ ਗੰਢ ਤੁੱਪ ਕਰ ਲਈ ਸੀ। ਜੱਜ ਨੇ ਆਖਰ ਫੈਸਲਾ ਕੌਮਾਗਾਟਾ ਮਾਰੂ ਦੇ ਮੁਸਾਫਰਾਂ ਦੇ ਵਿਰੁੱਧ ਸੁਣਾ ਦਿੱਤਾ। ਗੁਰਦਿੱਤ ਸਿੰਘ ਤੇ ਮੁਸਾਫਰਾਂ ਨੇ ਵਾਪਸ ਮੁੜਨ ਤੋਂ ਮਨ੍ਹਾਂ ਕਰ ਦਿੱਤਾ। ਮੈਲਕਮ ਰੀਡ ਨੇ ਗੁੱਸੇ ਵਿੱਚ ਆ ਕੇ 18 ਜੁਲਾਈ 1914 ਦੀ ਰਾਤ ਨੂੰ ਦੋ ਸੌ ਹਥਿਆਰਬੰਦ ਸਿਪਾਹੀਆਂ ਨੂੰ ‘ਸੀ ਲੌਇਨ’ ਜਹਾਜ਼ ਦੇ ਕੇ ਕੌਮਾਗਾਟਾ ਮਾਰੂ ਨੂੰ ਸਮੁੰਦਰ ’ਚੋਂ ਖਦੇੜਣ ਲਈ ਭੇਜ ਦਿੱਤਾ। ਜਿਵੇਂ ਹੀ ਸਿਪਾਹੀਆਂ ਨੇ ਹਮਲਾ ਕਰਨਾ ਸ਼ੁਰੂ ਕੀਤਾ, ਅੱਗਿਓਂ ਮੁਸਾਫਰਾਂ ਨੇ ਕੋਲੇ ਮਾਰ-ਮਾਰ ਕੇ ਸਿਪਾਹੀ ਜ਼ਖ਼ਮੀ ਕਰ ਦਿੱਤੇ। ਇਸ ਮਗਰੋਂ ਮੈਲਕਮ ਰੀਡ ਨੇ ਓਟਾਵਾ ਸਰਕਾਰ ਤੋਂ ਕੌਮਾਗਾਟਾ ਮਾਰੂ ਨੂੰ ਖਦੇੜਣ ਵਾਸਤੇ ਫੌਜ ਦੀਆਂ ਟੁੱਕੜੀਆਂ ਤੇ ਵੱਡਾ ਸਮੁੰਦਰੀ ਬੇੜਾ ‘ਰੇਨਬੋ’ ਮੰਗਵਾ ਲਿਆ। ਖਾਲਸਾ ਦੀਵਾਨ ਸੁਸਾਇਟੀ ਨੇ ਵੀ ਮਤਾ ਪਾ ਕੇ ਘਰਾਂ ਵਿਚ ਤੇਲ ਇਕੱਠਾ ਕਰਨ ਦੀ ਹਦਾਇਤ ਦੇ ਦਿੱਤੀ ਕਿ ਜੇ ਕੌਮਾਗਾਟਾ ਮਾਰੂ ’ਤੇ ਫੌਜ ਨੇ ਹਮਲਾ ਕੀਤਾ ਤਾਂ ਉਹ ਵੈਨਕੂਵਰ ਸ਼ਹਿਰ ਨੂੰ ਅੱਗ ਲਗਾ ਦੇਣਗੇ। 21 ਜੁਲਾਈ 1914 ਦੀ ਸਵੇਰ ਨੂੰ ‘ਰੇਨਬੋ’ ਕੌਮਾਗਾਟਾ ਮਾਰੂ ਦੇ ਨੇੜੇ ਆ ਗਿਆ ਤੇ ਅੱਠ ਵਜੇ ਤਕ ਤੋਪਾਂ ਦੇ ਮੂੰਹ ਕੌਮਾਗਾਟਾ ਮਾਰੂ ਵੱਲ ਕਰ ਦਿੱਤੇ ਗਏ। ਰੇਨਬੋ ਕੌਮਾਗਾਟਾ ਮਾਰੂ ਦੇ ਹੋਰ ਨੇੜੇ ਆ ਗਿਆ ਤੇ ਪੰਪਾਂ ਰਾਹੀ ਮੁਸਾਫਰਾਂ ’ਤੇ ਉਭਲਦਾ ਪਾਣੀ ਸੁੱਟਣਾ ਸ਼ੁਰੂ ਕਰ ਦਿੱਤਾ। ਮੁਸਾਫਰ ਗਰਮ ਪਾਣੀ ਨਾਲ ਝੁਲਸ ਰਹੇ ਸਨ ਪਰ ਡਟੇ ਰਹੇ। ਉਸੇ ਵੇਲੇ ਉਟਾਵਾ ਸਰਕਾਰ ਵੱਲੋਂ ਭੇਜਿਆ ਖੇਤਬਾੜੀ ਮੰਤਰੀ ਮਾਰਟਿਨ ਬਰੱਲ ਰੇਨਬੋ ’ਤੇ ਪਹੁੰਚਿਆ ਅਤੇ ਹਮਲਾ ਰੋਕਣ ਦੇ ਨਾਲ ਹੀ ਮੁਸਾਫਰਾਂ ਨੂੰ ਦੋ ਮਹੀਨੇ ਦਾ ਰਾਸ਼ਨ ਦੇਣ ਦਾ ਹੁਕਮ ਕੀਤਾ। 22 ਜੁਲਾਈ ਨੂੰ ਸਾਰਾ ਦਿਨ ਜਹਾਜ਼ ਵਿਚ ਰਾਸ਼ਨ ਲੱਦਿਆ ਗਿਆ ਤੇ ਸ਼ੋਰ ਕਮੇਟੀ ਦੇ ਮੈਬਰਾਂ ਨੂੰ ਆਖਰੀ ਵਾਰ ਗੁਰਦਿੱਤ ਸਿੰਘ ਤੇ ਬਾਕੀ ਮੁਸਾਫਰਾਂ ਨੂੰ ਮਿਲਣ ਦੀ ਆਗਿਆ ਦਿੱਤੀ ਗਈ। ਕਮੇਟੀ ਨੇ ਗੁਰਦਿਤ ਸਿੰਘ ਨੂੰ ਪ੍ਰਸਤਾਵ ਦਿੱਤਾ ਕਿ ਹੁਣ ਵਾਪਸ ਜਾ ਕੇ ਇਹ ਹੀ ਜਹਾਜ਼ ਖਰੀਦ ਕੇ ਉਹ ਸਿੱਧਾ ਕੱਲਕੱਤੇ ਤੋਂ ਲੈ ਕੇ ਆਉਣ। ਮੁਸਾਫਰਾਂ ਦੇ ਚਿਹਰਿਆਂ ’ਤੇ ਨਿਰਾਸ਼ਾ ਸਾਫ ਝਲਕ ਰਹੀ ਸੀ। ਗੁਰਦਿੱਤ ਸਿੰਘ ਨੂੰ ਇਹ ਮਲਾਲ ਸੀ ਕਿ ਉਹ ਮੁਸਾਫਰਾਂ ਨਾਲ ਕੀਤਾ ਆਪਣਾ ਵਾਅਦਾ ਪੁਗਾ ਨਹੀਂ ਸਕਿਆ। ਆਖਰ ਭਰੇ ਮਨ ਨਾਲ ਅਧੂਰੇ ਸੁਫਨੇ ਲੈ ਕੇ ਕੌਮਾਗਾਟਾ ਮਾਰੂ ਪੂਰੇ ਦੋ ਮਹੀਨੇ ਸਮੁੰਦਰ ’ਚ ਖੜ੍ਹਾ ਰਹਿ ਕੇ 23 ਜੁਲਾਈ 1914 ਨੂੰ ਜਾਪਾਨ ਵੱਲ ਚੱਲ ਪਿਆ।

ਕੌਮਾਗਾਟਾ ਮਾਰੂ ਦੋ ਮਹੀਨਿਆਂ ਦੇ ਸਮੁੰਦਰੀ ਸਫਰ ਤੋਂ ਬਾਅਦ 26 ਸਤੰਬਰ ਨੂੰ ਕਲਕੱਤੇ ਕੋਲ ਪਹੁੰਚਿਆ ਤਾਂ ਅੱਗੋਂ ਬ੍ਰਿਟਿਸ਼ ਸਰਕਾਰ ਵੱਲੋਂ ਭੇਜੀ ਪੁਲੀਸ ਨੇ ਸਮੁੰਦਰ ਵਿਚ ਹੀ ਰੋਕ ਲਿਆ। ਤਿੰਨ ਦਿਨ ਜਹਾਜ਼ ਸਮੁੰਦਰ ਵਿਚਕਾਰ ਖੜ੍ਹਾ ਰਿਹਾ। 29 ਸਤੰਬਰ 1914 ਨੂੰ ਕਲਕੱਤੇ ਤੋਂ ਪੱਚੀ ਮੀਲ ਬਜਬਜ ਘਾਟ ’ਤੇ ਮੁਸਾਫਰਾਂ ਨੂੰ ਉਤਾਰ ਕੇ ਜ਼ਬਰਦਸਤੀ ਰੇਲ ਗੱਡੀ ’ਚ ਬੈਠਣ ਲਈ ਕਿਹਾ ਗਿਆ। ਗੁਰਦਿੱਤ ਸਿੰਘ ਨੇ ਬੈਠਣ ਤੋਂ ਮਨ੍ਹਾਂ ਕਰ ਦਿੱਤਾ। ਮੁਸਾਫਰਾਂ ਕੋਲ ਗੁਰੂ ਗ੍ਰੰਥ ਸਾਹਿਬ ਦੀ ਬੀੜ ਸੀ। ਉਨ੍ਹਾਂ ਦੀ ਮੰਗ ਸੀ ਕਿ ਪਹਿਲਾਂ ਉਨ੍ਹਾਂ ਨੂੰ ਹਾਵੜਾ ਗੁਰਦੁਆਰੇ ਵਿਚ ਗੁਰੂ ਗ੍ਰੰਥ ਸਾਹਿਬ ਨੂੰ ਮਰਿਆਦਾ ਸਹਿਤ ਪਹੁੰਚਾਉਣ ਦੀ ਆਗਿਆ ਦਿੱਤੀ ਜਾਵੇ। ਸ਼ਾਮ ਦਾ ਵੇਲਾ ਸੀ ਪੁਲੀਸ ਨਾ ਮੰਨੀ ਤਾਂ ਮੁਸਾਫਰ ਬਜਬਜ ਘਾਟ ਕੋਲ ਬੈਠ ਗਏ ਤੇ ਰਹਿਰਾਸ ਦਾ ਪਾਠ ਸ਼ੁਰੂ ਕਰ ਦਿੱਤਾ। ਪਿੱਛੋਂ ਪੁਲੀਸ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। 19 ਮੁਸਾਫਰ ਥਾਂ ’ਤੇ ਹੀ ਮਾਰੇ ਗਏ ਤੇ ਅਨੇਕਾਂ ਜ਼ਖ਼ਮੀ ਹੋ ਗਏ। ਕੁਝ ਮੁਸਾਫਰਾਂ ਨੇ ਗੁਰਦਿੱਤ ਸਿੰਘ ਨੂੰ ਜ਼ਬਰਦਸਤੀ ਉਥੋਂ ਭਜਾ ਦਿੱਤਾ ਤਾਂ ਕਿ ਉਹ ਅੰਗਰੇਜ਼ ਸਰਕਾਰ ਦੇ ਜ਼ੁੁਲਮਾਂ ਦੀ ਦਾਸਤਾਨ ਦੁਨੀਆਂ ਨੂੰ ਸੁਣਾ ਸਕੇ। ਗੁਰਦਿੱਤ ਸਿੰਘ ਸੱਤ ਸਾਲ ਰੂਪੋਸ਼ ਰਿਹਾ ਤੇ ਇਨ੍ਹਾਂ ਸਾਲਾਂ ਵਿਚ ਉਸ ਨੇ ਕੌਮਾਗਾਟਾ ਮਾਰੂ ਜਹਾਜ਼ ਦੀ ਦਾਸਤਾਨ ‘ਜ਼ੁਲਮੀ ਕਥਾ’ ਪੁਸਤਕ ਦੇ ਰੂਪ ਵਿਚ ਲਿਖੀ। 1954 ਵਿੱਚ ਬਾਬਾ ਗੁਰਦਿੱਤ ਸਿੰਘ ਅਕਾਲ ਚਲਾਣਾ ਕਰ ਗਏ।

ਸੰਪਰਕ: 90564-90559

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਦਰਿਆ ਅਗਨ ਦਾ ਤਰਨਾ ਹੈ

ਦਰਿਆ ਅਗਨ ਦਾ ਤਰਨਾ ਹੈ

ਬਰਦੌਲੀ ਦੇ ਕਿਸਾਨ ਅੰਦੋਲਨ ਦੀ ਵਿਰਾਸਤ

ਬਰਦੌਲੀ ਦੇ ਕਿਸਾਨ ਅੰਦੋਲਨ ਦੀ ਵਿਰਾਸਤ

ਇਹ ਸਾਡੀ ਫ਼ਿਤਰਤ ਨਹੀਂ !

ਇਹ ਸਾਡੀ ਫ਼ਿਤਰਤ ਨਹੀਂ !

ਕਿਸਾਨਾਂ ਦਾ ਦਰਦ ਅਤੇ ਸੁਪਰੀਮ ਕੋਰਟ

ਕਿਸਾਨਾਂ ਦਾ ਦਰਦ ਅਤੇ ਸੁਪਰੀਮ ਕੋਰਟ

ਲਖੀਮਪੁਰ ਮਾਮਲਾ ਅਤੇ ਸਰਕਾਰ

ਲਖੀਮਪੁਰ ਮਾਮਲਾ ਅਤੇ ਸਰਕਾਰ

ਕਿਸ ਹੀ ਜੋਰੁ ਅਹੰਕਾਰ ਬੋਲਣ ਕਾ॥

ਕਿਸ ਹੀ ਜੋਰੁ ਅਹੰਕਾਰ ਬੋਲਣ ਕਾ॥

ਮੁੱਖ ਖ਼ਬਰਾਂ

ਬੀਐੱਸਐੱਫ ਦਾ ਅਧਿਕਾਰ ਖੇਤਰ ਵਧਾਉਣ ਖ਼ਿਲਾਫ਼ ਨਿੱਤਰੇ ਪੰਜਾਬ ਦੇ ਸਿਆਸੀ ਦਲ

ਬੀਐੱਸਐੱਫ ਦਾ ਅਧਿਕਾਰ ਖੇਤਰ ਵਧਾਉਣ ਖ਼ਿਲਾਫ਼ ਨਿੱਤਰੇ ਪੰਜਾਬ ਦੇ ਸਿਆਸੀ ਦਲ

ਚੰਨੀ ਵੱਲੋਂ ਸੱਦੀ ਗਈ ਸਰਬ ਪਾਰਟੀ ਮੀਟਿੰਗ ਵਿੱਚ ਭਾਜਪਾ ਸ਼ਾਮਲ ਨਾ ਹੋਈ; ...

ਜੰਮੂ-ਕਸ਼ਮੀਰ ਦੇ ਵਿਕਾਸ ਲਈ ਨੌਜਵਾਨਾਂ ਨੂੰ ਲਿਆ ਜਾਵੇਗਾ ਭਰੋਸੇ ਵਿੱਚ: ਅਮਿਤ ਸ਼ਾਹ

ਜੰਮੂ-ਕਸ਼ਮੀਰ ਦੇ ਵਿਕਾਸ ਲਈ ਨੌਜਵਾਨਾਂ ਨੂੰ ਲਿਆ ਜਾਵੇਗਾ ਭਰੋਸੇ ਵਿੱਚ: ਅਮਿਤ ਸ਼ਾਹ

ਫਾਰੂਕ ਅਬਦੁੱਲ੍ਹਾ ਵੱਲੋਂ ਪਾਕਿਸਤਾਨ ਨਾਲ ਗੱਲਬਾਤ ਕਰਨ ਦੇ ਦਿੱਤੇ ਗਏ ਸੁ...

ਨਰਮਾ ਪੱਟੀ ਦੇ ਕਿਸਾਨਾਂ ਨੇ ਬਠਿੰਡਾ ਦਾ ਮਿੰਨੀ ਸਕੱਤਰੇਤ ਘੇਰਿਆ

ਨਰਮਾ ਪੱਟੀ ਦੇ ਕਿਸਾਨਾਂ ਨੇ ਬਠਿੰਡਾ ਦਾ ਮਿੰਨੀ ਸਕੱਤਰੇਤ ਘੇਰਿਆ

ਗੁਲਾਬੀ ਸੁੰਡੀ ਨਾਲ ਨੁਕਸਾਨੇ ਨਰਮੇ ਦਾ ਮੁਆਵਜ਼ਾ ਮੰਗਿਆ

ਵੈੱਬ ਸੀਰੀਜ਼ ‘ਆਸ਼ਰਮ’ ਦੇ ਨਿਰਦੇਸ਼ਕ ਪ੍ਰਕਾਸ਼ ਝਾਅ ਉੱਤੇ ਸਿਆਹੀ ਸੁੱਟੀ

ਵੈੱਬ ਸੀਰੀਜ਼ ‘ਆਸ਼ਰਮ’ ਦੇ ਨਿਰਦੇਸ਼ਕ ਪ੍ਰਕਾਸ਼ ਝਾਅ ਉੱਤੇ ਸਿਆਹੀ ਸੁੱਟੀ

ਬਜਰੰਗ ਦਲ ਦੇ ਕਾਰਕੁਨਾਂ ਨੇ ਸੈੱਟ ’ਤੇ ਪਹੁੰਚ ਕੇ ਭੰਨਤੋੜ ਕੀਤੀ

ਸ਼ਹਿਰ

View All