ਡਾ. ਹਰਦੀਪ ਸਿੰਘ ਝੱਜ
ਪੰਜਾਬ ਦੇ ਇਤਿਹਾਸ ਵਿਚ ਬੱਬਰ ਅਕਾਲੀ ਲਹਿਰ (1923-1926) ਵਿਸ਼ੇਸ਼ ਸਥਾਨ ਰੱਖਦੀ ਹੈ। ਇਹ ਲਹਿਰ ਉਸ ਸਮੇਂ ਹੋਂਦ ’ਚ ਆਈ ਜਦੋਂ ਗੁਰਦੁਆਰਾ ਸੁਧਾਰ ਲਹਿਰ (1920-1925) ਅਤਿ ਨਾਜ਼ੁਕ ਦੌਰ ’ਚੋਂ ਲੰਘ ਰਹੀ ਸੀ। ਇਹ ਲਹਿਰ ਕਿਵੇਂ ਪੈਦਾ ਹੋਈ? ਇਸ ਦਾ ਕੀ ਉਦੇਸ਼ ਸੀ? ਇਸ ਦੀ ਜਥੇਬੰਦੀ ਤੇ ਕੰਮ ਕਰਨ ਦਾ ਪ੍ਰੋਗਰਾਮ ਕੀ ਸੀ? ਇਸ ਨੂੰ ਬ੍ਰਿਟਿਸ਼ ਹਕੂਮਤ ਨੇ ਪੁਲੀਸ ਤੇ ਫ਼ੌਜੀ ਤਾਕਤ ਨਾਲ ਕਿੰਨੇ ਜ਼ੁਲਮ ਕਰਕੇ ਦਬਾਇਆ ਅਤੇ ਬੱਬਰਾਂ ਨੇ ਕਿਸ ਤਰ੍ਹਾਂ ਹੱਸ-ਹੱਸ ਕੇ ਕੁਰਬਾਨੀਆਂ ਦਿੱਤੀਆਂ? ਇਸ ਨੂੰ ਕਿੰਨੀ ਸਫ਼ਲਤਾ ਹੋਈ ਅਤੇ ਇਸ ਦੇ ਅਸਫ਼ਲ ਰਹਿਣ ਦੇ ਕੀ ਕਾਰਨ ਬਣੇ? ਇਨ੍ਹਾਂ ਸਾਰੀਆਂ ਗੱਲਾਂ ਦਾ ਇਤਿਹਾਸਕ ਪੱਖ ਅਤੇ ਪਿਛੋਕੜ ਸਮਝਣਾ ਜ਼ਰੂਰੀ ਹੈ। ਪਰ ਜਿਨ੍ਹਾਂ ਯੋਧਿਆਂ ਨੇ ਇਸ ਲਹਿਰ ਦੌਰਾਨ ਅੰਗਰੇਜ਼ ਸਰਕਾਰ ਦੇ ਜ਼ੁਲਮ ਦਾ ਸਾਹਮਣਾ ਕਰਦੇ ਹੋਏ ਸ਼ਹੀਦੀਆਂ ਦਿੱਤੀਆਂ, ਉਨ੍ਹਾਂ ਵਿੱਚ ਕਰਮ ਸਿੰਘ ਬੱਬਰ ਦਾ ਨਾਂ ਮੋਹਰਲੀ ਕਤਾਰ ’ਚ ਆਉਂਦਾ ਹੈ। ਉਸ ਦਾ ਜਨਮ 1880 ਈ: ਨੂੰ ਅਣਵੰਡੇ ਪੰਜਾਬ ਦੇ ਜ਼ਿਲ੍ਹਾ ਨਵਾਂਸ਼ਹਿਰ ਦੇ ਪਿੰਡ ਦੌਲਤਪੁਰ ਵਿੱਚ ਮਾਤਾ ਦੁੱਲੀ ਅਤੇ ਪਿਤਾ ਨੱਥਾ ਸਿੰਘ ਦੇ ਘਰ ਹੋਇਆ। ਕਰਮ ਸਿੰਘ ਨੇ ਮੁੱਢਲੀ ਪੜ੍ਹਾਈ ਆਪਣੇ ਪਿੰਡ ਦੇ ਸਕੂਲ ਤੋਂ ਹਾਸਲ ਕੀਤੀ। ਉਹ 8 ਸਾਲ ਬਰਤਾਨਵੀ ਫ਼ੌਜ ਦੀ ਨੌਕਰੀ ਕਰਨ ਮਗਰੋਂ ਸੰਤ ਕਰਮ ਸਿੰਘ ਹੋਤੀ ਦੇ ਸੰਪਰਕ ਵਿੱਚ ਆਇਆ। 1907 ਵਿਚ ਕਰਮ ਸਿੰਘ ਕੈਨੇਡਾ ਪਹੁੰਚਿਆ। ਇੱਥੇ ਬ੍ਰਿਟਿਸ਼ ਸਰਕਾਰ ਦੇ ਭਾਰਤੀਆਂ ’ਤੇ ਹੋ ਰਹੇ ਜ਼ੁਲਮਾਂ ਨੂੰ ਦੇਖ ਕੇ ਉਸ ਦੇ ਅੰਦਰ ਸਾਮਰਾਜ ਵਿਰੋਧੀ ਭਾਵਨਾ ਪੈਦਾ ਹੋਈ। ਜਦੋਂ 21 ਅਪਰੈਲ, 1913 ਵਿੱਚ ਗ਼ਦਰ ਪਾਰਟੀ ਸਥਾਪਤ ਹੋਈ ਤਾਂ ਕਰਮ ਸਿੰਘ ਇਸ ਦਾ ਮੈਂਬਰ ਬਣਿਆ। 1914 ਵਿੱਚ ਪਹਿਲੇ ਵਿਸ਼ਵ ਯੁੱਧ ਦੌਰਾਨ ਭਾਰਤ ’ਚ ਗ਼ਦਰ ਮਚਾ ਕੇ ਗੋਰਿਆਂ ਨੂੰ ਇੱਥੋਂ ਭਜਾਉਣ ਵਾਲੇ ਸੂਰਮਿਆਂ ’ਚੋਂ ਕਰਮ ਸਿੰਘ ਵੀ ਸ਼ਾਮਿਲ ਸੀ।
21 ਫਰਵਰੀ, 1921 ਨੂੰ ਨਨਕਾਣਾ ਸਾਹਿਬ ’ਚ ਹੋਏ ਖ਼ੂਨੀ ਸਾਕੇ ਦੌਰਾਨ ਮਹੰਤ ਨਰੈਣ ਦਾਸ ਵੱਲੋਂ 100 ਤੋਂ ਵੱਧ ਸਿੱਖ ਸ਼ਹੀਦ ਕੀਤੇ ਗਏ ਤੇ ਸਿੱਟੇ ਵੱਜੋਂ ਸਿੱਖਾਂ ਵਿੱਚ ਗੁੱਸੇ ਦੀ ਲਹਿਰ ਪੈਦਾ ਹੋਈ। ਮਗਰੋਂ ਕਰਮ ਸਿੰਘ ਨੇ ਕੈਨੇਡਾ ਤੋਂ ਪਰਤੇ ਆਪਣੇ ਮਿੱਤਰ ਆਸਾ ਸਿੰਘ ਭੁਕੜੁਦੀ ਨਾਲ ਨਨਕਾਣਾ ਸਾਹਿਬ ਜਾ ਕੇ ਅੰਮ੍ਰਿਤ ਛਕਿਆ। ਹੁਣ ਤਕ ਨਰੈਣ ਸਿੰਘ ਚੱਲਿਆ ਆ ਰਿਹਾ ਨਾਂ ਅੰਮ੍ਰਿਤ ਛਕਣ ਮਗਰੋਂ ਬਦਲ ਕੇ ਕਰਮ ਸਿੰਘ ਰੱਖਿਆ ਗਿਆ। ਨਨਕਾਣਾ ਸਾਹਿਬ ਤੋਂ ਆ ਕੇ ਕਰਮ ਸਿੰਘ ਨੇ ਅਕਾਲੀਆਂ ਵੱਲੋਂ ਚਲਾਈ ਗੁਰਦੁਆਰਾ ਸੁਧਾਰ ਲਹਿਰ ਵਿੱਚ ਸਰਗਰਮ ਹਿੱਸਾ ਲਿਆ। ਮਾਰਚ 1921 ਵਿੱਚ ਕਰਮ ਸਿੰਘ ਨੇ ਮਾਹਲਪੁਰ ਵਿਖੇ ਦੀਵਾਨ ’ਚ ਬ੍ਰਿਟਿਸ਼ ਸਰਕਾਰ ਵਿਰੋਧੀ ਜੋਸ਼ੀਲਾ ਭਾਸ਼ਣ ਦਿੱਤਾ। ਸਤੰਬਰ 1921 ਦੇ ਆਖਰੀ ਦਿਨਾਂ ’ਚ ਅਕਾਲੀਆਂ ਵੱਲੋਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਕੁੱਕੜ ਮਜਾਰੇ ਵਿੱਚ ਲਵਾਏ ਗਏ ਵੱਡੇ ਦੀਵਾਨ ਵਿੱਚ ਕਰਮ ਸਿੰਘ ਦੌਲਤਪੁਰ ਨੇ ਕਰਮ ਸਿੰਘ ਝਿੰਗੜ ਅਤੇ ਆਸਾ ਸਿੰਘ ਭੁਕੜੁਦੀ ਸਮੇਤ ਹਿੱਸਾ ਲਿਆ। ਅਕਤੂਬਰ 1921 ਦੇ ਅਖ਼ੀਰ ’ਚ ਕਰਮ ਸਿੰਘ 50 ਸਿੱਖਾਂ ਦਾ ਜੱਥਾ ਲੈ ਕੇ ਪਿੰਡ ਹੋਤੀਆਂ ਜ਼ਿਲ੍ਹਾ ਗੁਰਦਾਸਪੁਰ ਗਿਆ ਅਤੇ ਫਰਵਰੀ 1922 ਵਿੱਚ ਆਪਣੇ ਜਥੇ ਸਮੇਤ ਕੋਟ ਫਤੂਹੀ ਵਿਖੇ ਕਾਨਫਰੰਸ ’ਚ ਹਿੱਸਾ ਲਿਆ। ਸੰਨ 1922 ਵਿੱਚ ‘ਚਾਬੀਆਂ ਦੇ ਮੋਰਚੇ’ ਵਿੱਚ ਸਰਮਗਰਮ ਹਿੱਸਾ ਲਿਆ। ਸੁੰਦਰ ਸਿੰਘ ਬੱਬਰ ਆਪਣੀ ਪੁਸਤਕ ‘ਬੱਬਰ ਅਕਾਲੀ ਲਹਿਰ’ (1970) ਦੇ ਸਫ਼ਾ. 63 ’ਤੇ ਲਿਖਦੇ ਹਨ, ‘‘1922 ਦੇ ਸ਼ੁਰੂ ਵਿਚ ਕਰਮ ਸਿੰਘ ਬੱਬਰ ਨੇ ਆਪਣੀ ਵਿਚਾਰਧਾਰਾ ਨੂੰ ਲੋਕਾਂ ਤਕ ਪਹੁੰਚਾਉਣ ਲਈ ਬਹੁਤ ਕੰਮ ਕੀਤਾ। ਉਸ ਦੇ ਜਥੇ ਨੇ ਤਹਿਸੀਲ ਨਵਾਂ ਸ਼ਹਿਰ ਤੇ ਗੜ੍ਹਸ਼ੰਕਰ ਦੇ ਜੁੜਵੇਂ ਇਲਾਕੇ ’ਚ ਬਲਾਚੌਰ, ਮਾਹਿਲ ਗਹਿਲਾ, ਨਵਾਂਸ਼ਹਿਰ, ਚੱਕ ਸੰਘਾ, ਰਾਮ ਗੜ੍ਹ, ਝੰਗੀਆਂ, ਜਾਂਡਲਾ ਤੇ ਲੰਗੜੋਆ ਆਦਿ ਬਹੁਤ ਸਾਰੇ ਪਿੰਡਾ ਂ ਵਿਚ ਭਰਪੂਰ ਪ੍ਰਚਾਰ ਕੀਤਾ।’’ ਅਗਸਤ 1922 ਨੂੰ ਕਰਮ ਸਿੰਘ ਦੌਲਤਪੁਰ ਨੇ ‘ਬੱਬਰ ਅਕਾਲੀ ਦੁਆਬਾ’ ਨਾਂ ਦਾ ਖੁਫ਼ੀਆ ਅਖ਼ਬਾਰ ਸ਼ੁਰੂ ਕੀਤਾ। ਇਸ ਰਸਾਲੇ ਦਾ ਪਹਿਲਾ ਅੰਕ ਬਛੋੜੀ ਦੇ ਕਾਕੇ ਨੰਬਰਦਾਰ ਕੋਲੋਂ ਖੋਹੇ ਗਏ 570 ਰੁਪਏ ਸਰਕਾਰੀ ਮਾਮਲੇ ਨਾਲ ਖਰੀਦੀ ਗਈ ਸਾਈਕਲੋ ਸਟਾਈਲ ਮਸ਼ੀਨ ’ਤੇ 20 ਅਗਸਤ, 1922 ਨੂੰ ਛਪਣਾ ਸ਼ੁਰੂ ਹੋਇਆ। ਇਸ ਦਾ ਉਦੇਸ਼ ਦੇਸ਼ ਦੀ ਮੰਦਹਾਲੀ, ਅੰਗਰੇਜ਼ੀ ਹਕੂਮਤ ਦੇ ਜ਼ੁਲਮ, ਸ਼ਾਂਤਮਈ ਤਰੀਕਿਆਂ ਦਾ ਖੰਡਨ, ਚੱਕਰਵਰਤੀ ਜਥੇ ਦੇ ਬਣਨ ’ਤੇ ਉਸ ਦੇ ਪ੍ਰੋਗਰਾਮਾਂ ਤੋਂ ਲੋਕਾਂ ਨੂੰ ਜਾਣੂ ਕਰਵਾਉਣਾ ਸੀ।
1922 ਤੋਂ 1923 ਦੇ ਸਮੇਂ ਦੌਰਾਨ ਸਫ਼ਰੀ ਪ੍ਰੈੱਸ ਤੋਂ ‘ਬੱਬਰ ਅਕਾਲੀ’ ਅਖ਼ਬਾਰ ਦੇ 15 ਅੰਕ ਪ੍ਰਕਾਸ਼ਿਤ ਕੀਤੇ ਗਏ। ਬੱਬਰ ਕਰਮ ਸਿੰੰਘ ਦੌਲਤਪੁਰ ਵਿਰੁੱਧ ਹੇਠ ਲਿਖੇ ਡਾਕਿਆਂ ਅਤੇ ਕਤਲਾਂ ਦੇ ਕੇਸ ਦਰਜ ਹੋਏ (1) ਰਾਮ ਦਿੱਤਾ ਉਰਫ ਕਾਕਾ ਨੰਬਰਦਾਰ ਤੋਂ 3 ਜੁਲਾਈ, 1923 ਨੂੰ ਸਰਕਾਰੀ ਮਾਮਲੇ ਦੇ 575 ਰੁਪਏ ਲੁੱਟਣਾ। (2) 2,3 ਫਰਵਰੀ, 1923 ਨੂੰ ਸੇਠ ਮੁਣਸ਼ੀ ਰਾਮ ਪਿੰਡ ਜਾਡਲਾ ਦੇ ਘਰ ਡਾਕਾ ਮਾਰਨਾ। (3) ਪਿੰਡ ਢੱਡਾ ਫਤਿਹ ਸਿੰਘ ਦੇ ਵਾਸੀ ਗਦਾਰ ਲਾਭ ਸਿੰਘ, ਜਿਸ ਨੇ ਬੱਬਰ ਕਿਸ਼ਨ ਸਿੰਘ ਨੂੰ ਗ੍ਰਿਫ਼ਤਾਰ ਕਰਵਾਇਆ ਸੀ, ਨੂੰ ਮਾਰਨ ਦੀਆਂ ਤਿੰਨ ਵਾਰੀ ਕੋਸ਼ਿਸ਼ਾਂ ਕੀਤੀਆਂ ਪਰ ਉਹ ਬੱਚਦਾ ਰਿਹਾ। (4) ਬੱਬਰ ਧੰਨਾ ਸਿੰਘ ਲਹਬਿਲਪੁਰ ਨੂੰ ਪਿੰਡ ਨਾ ਵੜਨ ਦੇਣ ਵਾਲੇ ਬਹਬਿਲਪੁਰ ਦੇ ਨੰਬਰਦਾਰ ਹਜ਼ਾਰਾ ਸਿੰਘ ਨੂੰ ਕਤਲ ਕਰਨ ਦਾ ਦੋਸ਼। (5) ਆਪਣੇ ਨਾਨਕੇ ਪਿੰਡ ਕੌਲਗੜ੍ਹ ਦੇ ਨੰਬਰਦਾਰ ਰੱਲਾ ਅਤੇ ਉਸ ਦੇ ਭਰਾ ਦਿੱਤੂ ਦਾ ਕਤਲ।
11 ਮਈ, 1922 ਨੂੰ ਅਰਜਨ ਸਿੰਘ ਅਤੇ ਸੁੰਦਰ ਸਿੰਘ ਬੱਬਰ ਦੀ ਗ੍ਰਿਫ਼ਤਾਰੀ ਨੇ ਕਰਮ ਸਿੰਘ ਐਡੀਟਰ ਦੌਲਤਪੁਰ ਨੂੰ ਮਜਬੂਰ ਕਰ ਦਿੱਤਾ ਕਿ ਉਨ੍ਹਾਂ ਨੂੰ ਸਰਕਾਰੀ ਪਿੱਠੂਆਂ ਪ੍ਰਤੀ ਆਪਣੀ ਨੀਤੀ ਦਾ ਲੇਖਾ-ਜੋਖਾ ਕਰਨਾ ਹੋਵੇਗਾ। ਮਗਰੋਂ ਮਈ 1922 ਨੂੰ ਕਰਮ ਸਿੰਘ ਦੁਆਰਾ ਗੜ੍ਹਸ਼ੰਕਰ ਦੇ ਨੇੜਲੇ ਪਿੰਡ ਕੌਲਗੜ੍ਹ (ਜ਼ਿਲ੍ਹਾ ਹੁਸ਼ਿਆਰਪੁਰ) ਵਿੱਚ ਹੋਈ ਮੀਟਿੰਗ ’ਚ ਝੋਲੀਚੁੱਕਾਂ ਨੂੰ ਸੋਧਣ ਅਤੇ ਉਨ੍ਹਾਂ ਦੀ ਜਾਇਦਾਦ ਜ਼ਬਤ ਕਰਨ ਬਾਰੇ ਵਿਚਾਰ ਰੱਖਿਆ ਪਰ ਆਸਾ ਸਿੰਘ ਦੇ ਵਿਰੋਧ ਕਾਰਨ ਅਸਫ਼ਲ ਰਿਹਾ। ਝੋਲੀਚੁੱਕਾਂ ਨੂੰ ਸੋਧਣ ਦੇ ਪ੍ਰੋਗਰਾਮ ਦੀ ਰਣਨੀਤੀ ਚੋਖੀ ਗਹਿਰਾਈ ਨਾਲ ਵਿਚਾਰ ਕੇ ਕੀਤੀ ਗਈ ਸੀ। ਇਸ ਦੀ ਅਮਲਦਾਰੀ ਸਬੰਧੀ ਦੋ ਸਵਾਲ ਪੈਦਾ ਹੋਏ। ਇਹ ਕਤਲ ਕਿਉਂ ਹੋਏ? ਕੁਝ ਝੋਲੀਚੁੱਕ, ਜਿਨ੍ਹਾਂ ਨੇ ਚੱਕਰਵਰਤੀਆਂ ਵਿਰੁੱਧ ਗਵਾਹੀ ਦਿੱਤੀ ਸੀ ਜਾਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਾਇਆ ਸੀ, ਕਿਉਂ ਸੋਧੇ ਨਹੀਂ ਜਾ ਸਕੇ। ਇਹ ਕਤਲ ਇਸ ਕਰਕੇ ਹੋਏ ਕਿਉਂਕਿ ਭਵਿੱਖ ਵਿਚ ਮਾਰੇ ਜਾਣ ਵਾਲਿਆਂ ਦੀ ਸੂਚੀ ਅਗਾਊਂ ਬਣਾਈ ਨਹੀਂ ਸੀ ਗਈ। ਦੂਜੇ ਸਵਾਲ ਦੀ ਸੰਭਵ ਵਿਆਖਿਆ ਇਸ ਤੱਥ ’ਚ ਪਈ ਹੈ ਕਿ ਬੱਬਰ ਅਕਾਲੀ ਜਥੇ ਨੇ ਕਾਫ਼ੀ ਦੇਰ ਮਗਰੋਂ ਫੈਸਲਾ ਲਿਆ ਕਿ ਵਿਸ਼ਵਾਸਘਾਤੀਆਂ ਨੂੰ ਇਕੱਲਾ ਮਾਰਿਆ ਹੀ ਨਾ ਜਾਵੇ ਸਗੋਂ ਉਨ੍ਹਾਂ ਦੇ ਟੱਬਰਾਂ ਦਾ ਨਾਮੋ-ਨਿਸ਼ਾਨ ਵੀ ਮਿਟਾ ਦਿੱਤਾ ਜਾਵੇ। 24 ਦਸੰਬਰ, 1922 ਨੂੰ ਹਰੀ ਸਿੰਘ ਜਸੋਵਾਲ ਦੀ ਹਵੇਲੀ ਅੰਦਰ ਬੱਬਰ ਅਕਾਲੀ ਜਥੇ ਦੀ ਜਨਰਲ ਮੀਟਿੰਗ ਹੋਈ, ਜਿਸ ’ਚ ਕਰਮ ਸਿੰਘ ਦੌਲਤਪੁਰ ਨੇ ਜਥੇਦਾਰ ਕਿਸ਼ਨ ਸਿੰਘ ਗੜਗੱਜ, ਕਰਮ ਸਿੰਘ ਝਿੰਗੜ, ਧੰਨਾ ਸਿੰਘ ਬਹਬਿਲਪੁਰ, ਉਦੈ ਸਿੰਘ, ਬੂਟਾ ਸਿੰਘ ਪੰਡੋਰੀ ਨਿੱਝਰਾਂ ਸਮੇਤ ਹਿੱਸਾ ਲਿਆ।
ਅਗਸਤ 1922 ਵਿੱਚ ਬੱਬਰ ਅਕਾਲੀ ਜਥੇ ਦੇ ਉੱਭਰਨ ਨਾਲ ਹਥਿਆਰਬੰਦ ਇਨਕਲਾਬ ਦੇ ਸਿਧਾਂਤ ਨੂੰ ਹਰਮਨ ਪਿਆਰਾ ਬਣਾਉਣ ਲਈ ਦੀਵਾਨਾਂ ਦੀ ਮਹੱਤਤਾ ਤੇ ਨਾਲ ਹੀ ਮਨੋਰਥ ’ਚ ਵਾਧਾ ਹੋਇਆ। ਕਿਸਾਨੀ ਨੂੰ ਆਜ਼ਾਦੀ ਪ੍ਰਾਪਤ ਕਰਨ ਲਈ ਅੰਗਰੇਜ਼ੀ ਹਕੂਮਤ ਵਿਰੁੱਧ ਤਲਵਾਰ ਚੁੱਕਣ ਲਈ ਪ੍ਰਰਿਤ ਕਰਨ ਵਾਸਤੇ ਇਨ੍ਹਾਂ ਦੀਵਾਨਾਂ ਵਿੱਚ ਕਵਿਤਾਵਾਂ ਵੀ ਪੜ੍ਹੀਆਂ ਗਈਆਂ। ਭਾਈ ਕਰਮ ਸਿੰਘ ਦੌਲਤਪੁਰ ਇਨਕਲਾਬੀ ਕਵਿਤਾ ਵੀ ਲਿਖਦਾ ਸੀ। ਹੁਸ਼ਿਆਰਪੁਰ ਵਿੱਚ ਚਰਨ ਕੀ ਛਿੰਝ ਮੇਲੇ ’ਚ ਲਾਏ ਦੀਵਾਨ ਵਿੱਚ ਉਸ ਨੇ ਇੱਕ ਕਵਿਤਾ ਪੜ੍ਹੀ, ਜਿਸ ਦੀਆਂ ਸਤਰਾਂ ਸਨ:
ਖੰਡਾ ਪਕੜੋ ਸ਼ੇਰੋ,
ਆਖੇ ਬੱਬਰ ਵੰਗਾਰ,
ਖੰਡਾ ਪਕੜ ਸਾਣ ਤੇ ਲਾਓ,
ਤੇਜ਼ ਕਰੋ ਦੋ ਖੰਡਾ, ਦੋ ਖੰਡਾ।
ਬਿਨ ਖੰਡੇ ਨਾ ਮਿਲੇ ਆਜ਼ਾਦੀ,
ਕਹਿੰਦਾ ਬੱਬਰ ਵੰਗਾਰ।
ਕਰਮ ਸਿੰਘ ਦੀਆਂ ਕਵਿਤਾਵਾਂ ’ਚ ਲੋਕਾਂ ਲਈ ਇਹ ਹੀ ਸੁਨੇਹਾ ਹੁੰਦਾ ਸੀ ਕਿ ਸ਼ਾਂਤੀ ਦਾ ਰਾਹ ਛੱਡ ਕੇ ਹਥਿਆਰ ਉਠਾਓ ਤੇ ਹਥਿਆਰਾਂ ਦੇ ਜ਼ੋਰ ’ਤੇ ਬ੍ਰਿਟਿਸ਼ ਸਰਕਾਰ ਨੂੰ ਹਿੰਦੋਸਤਾਨ ’ਚੋਂ ਭਜਾਓ। ਉਹ ਆਪਣੀ ਕਵਿਤਾ ’ਚ ਝੋਲੀ-ਚੁੱਕਾਂ ਦੇ ਸੁਧਾਰ ਦੀ ਗੱਲ ਵੀ ਕਰਦਾ ਸੀ। ਉਸ ਨੇ ਆਪਣੇ ਅਕੀਦੇ ਤੇ ਸਵੈ-ਰੱਖਿਆ ਨੂੰ ਦਰੁਸਤ ਠਹਿਰਾਉਣ ਲਈ ਹਿੰਸਾ ਦੀ ਵਰਤੋਂ ਦੀ ਵਕਾਲਤ ਕੀਤੀ। ਝੋਲੀਚੁੱਕਾਂ, ਪੁਲੀਸ ਤੇ ਸੀਆਈਡੀ ਨੂੰ ਖ਼ਤਮ ਕਰਨ ਲਈ ਧਮਕੀਆਂ ਤੇ ਤਾਕਤ ਵਰਤਣ ਨੂੰ ਜ਼ਰੂਰੀ ਮੰਨਿਆ ਗਿਆ। ਇਸੇ ਤਰ੍ਹਾਂ ਕਿਸ਼ਨ ਸਿੰਘ ਗੜਗੱਜ ਨੇ ਆਪਣੇ ਲਿਖਤੀ ਬਿਆਨ ਵਿੱਚ ਵੀ ਇਸ ਨੂੰ ਪੂਰੀ ਤਰ੍ਹਾਂ ਨਕਲੀ ਗਵਾਹੀ ਭੁਗਤਾਉਣ ਦੀ ਸਰਕਾਰੀ ਚਾਲ ਦੱਸਿਆ ਹੈ। ਉਸ ਨੇ ਇਹ ਦੋਸ਼ ਵੀ ਰੱਦ ਕੀਤਾ ਕਿ ਕਰਮ ਸਿੰਘ ਬੱਬਰ ਨੇ ਵੱਖ-ਵੱਖ ਦੀਵਾਨਾਂ ’ਚ ਮਹਾਤਮਾ ਗਾਂਧੀ, ਸੈਫੂ-ਊਦ-ਦੀਨ ਕਿਚਲੂ ਅਤੇ ਹੋਰਨਾਂ ਦੀ ਗ਼ਲਤ ਆਲੋਚਨਾ ਕੀਤੀ।
ਆਖਰ ਬੱਬਰ ਅਕਾਲੀਆਂ ਦਾ ਮਦਦਗਾਰ ਹੋਣ ਦਾ ਬਹਾਨਾ ਕਰਨ ਵਾਲੇ ਅਨੂਪ ਸਿੰਘ ਮਾਨਕੋ ਦੀ ਗ਼ਦਾਰੀ ਕਰਕੇ ਬੱਬਰ ਕਰਮ ਸਿੰਘ ਦੌਲਤਪੁਰ 1 ਸਤੰਬਰ, 1923 ਨੂੰ ਪਿੰਡ ਬਬੇਲੀ (ਜ਼ਿਲ੍ਹਾ ਕਪੂਰਥਲਾ) ’ਚ ਆਪਣੇ ਤਿੰਨ ਸਾਥੀਆਂ ਉਦੈ ਸਿੰਘ ਰਾਮਗੜ੍ਹ ਝੁੰਗੀਆਂ, ਬਿਸ਼ਨ ਸਿੰਘ ਮਾਂਗਟ ਅਤੇ ਮਹਿੰਦਰ ਸਿੰਘ ਪੰਡੋਰੀ ਗੰਗਾ ਸਿੰਘ ਸਮੇਤ ਪੁਲੀਸ ਦਾ ਮੁਕਾਬਲਾ ਕਰਦਾ ਹੋਇਆ ਸ਼ਹੀਦ ਹੋ ਗਿਆ। ਅਜੋਕੀ ਨੌਜਵਾਨ ਪੀੜ੍ਹੀ ਨੂੰ ਉਸ ਦੇ ਤਿਆਗ ਤੇ ਸਵੈ-ਸਮਰਪਣ ਜ਼ਿੰਦਗੀ ਤੋਂ ਸੇਧ ਪ੍ਰੇਰਣਾ ਲੈਣੀ ਚਾਹੀਦੀ ਹੈ।
ਸੰਪਰਕ: 94633-64992