ਅਤੈ ਸਿੰਘ ਸੰਧੂ
ਅਟੁੱਟ ਰਿਸ਼ਤਾ
ਇਕੋ ਰਿਸ਼ਤਾ ਮਾਂ-ਪੁੱਤ, ਬਾਕੀ ਸਭ ਗੰਢ-ਤੁੱਪ…
ਧਰਤੀ ਦਾ ਸਭ ਤੋਂ ਕਮਾਊ ਪੁੱਤ ਕਿਸਾਨ ਏ। ਕਾਮਾ ਕਿਸਾਨ ਦੀ ਦੂਜੀ ਬਾਂਹ ਏ। ਕਿਰਤੀ ਕਿਸਾਨ ਦਾ ਦੂਜਾ ਹੱਥ ਏ। ਧਰਤੀ ਦਾ ਸਾਊ ਪੁੱਤ ਸਾਧ ਏ ਜਿਹਨੇ ਆਪਣੇ ਆਪ ਨੂੰ ਸਾਧ ਲਿਆ। ਗੁਆਊ ਪੁੱਤ ਅਮਲੀ ਏ ਜਿਹੜਾ ਕਿਸੇ ਦਾ ਵੀ ਸਕਾ ਨਹੀਂ ਹੁੰਦਾ- ਮਾਂ ਦਾ ਵੀ ਨਹੀਂ! ਮਾਂ ਨੂੰ ਮਤਰੇਈ ਆਖਣਾ ਸਭਿਅਕ ਨਹੀਂ। ਉਸ ਲਈ ਸਭ ਬਰਾਬਰ ਨੇ। ਇਕੋ ਜਿਹੇ ਨੇ। ਕਿਸੇ ਮਾਂ ਦੇ ਜਾਏ ਨੇ!
ਕਿਸਾਨ ਧਰਤੀ ਦੀ ਹਿਕੜੀ ਵਿਚ ਹਲ ਦੀ ਚੌਅ ਦੇ ਚੰਡੇ ਫਾਲੇ ਨਾਲ ਰਾਹਲ ਮੱਲਦਿਆਂ, ਸਿਆੜ ਕੱਢਦਿਆਂ, ਛੱਡਿਆ ਗਿਆ ਪਾੜਾ ਮੁੜ ਸਿਆੜ ਨਾਲ ਰਲਾਉਂਦਿਆਂ; ਜੇਤਰਾ ਲਾਉਂਦਾ ਏ। ਸੁਹਾਗਦਾ ਏ। ਬੀਜਦਾ ਏ। ਰੂੜੀ ਪਾਉਂਦਾ ਏ। ਖਾਲ ਖਾਲਦਾ ਏ। ਪਾਣੀ ਲਾਉਂਦਾ ਏ। ਮੂੰਹਾਂ ਬੰਨ੍ਹਦਾ ਏ, ਮੋੜਦਾ ਏ, ਸੀਰਾਂ ਖਾਲ ਵਾਲੇ ਪਾਸਿਓਂ ਵਗਦੇ ਪਾਣੀ ਵਿੱਚ ਖਲੋਕੇ ਪੈਰ ਦੇ ਅੰਗੂਠੇ ਨਾਲ ਟੋਹ ਟੋਹ ਕੇ ਨੱਪਦਾ ਏ। ਕਦੇ ਕਹੀ ਨਾਲ ਵੱਟ ਛਿਲਦਾ ਤਰਾਸ਼ਦਾ ਏ। ਕਦੇ ਪੈਰ ਦੇ ਅੰਗੂਠੇ ਹੇਠ ਸੱਪ ਦੀ ਸਿਰੀ ਵੀ ਨੱਪੀ ਜਾਂਦੀ ਏ। ਸਿਰੀ ਨੱਪੀ ਗਈ ਤਾਂ ਸੱਪ ਗਿਆ। ਅਧਮੋਇਆ ਸੱਪ ਗਲ ਵਿੱਚ ਪਾਉਣ ਵਾਲੀ ਗੱਲ ਹੋ ਜਾਂਦੀ ਏ- ਨਾ ਪਾਉਣ ਜੋਗੇ ਨਾ ਲਾਹੁਣ ਜੋਗੇ! ਅਖਾਣ ਐਵੇਂ ਨਹੀਂ ਬਣਦੇ! ਵਾਪਰੇ ਦੇ ਅਗੇਤਰ-ਪਿਛੇਤਰ ਈ ਹੁੰਦੇ ਨੇ ਅਖਾਣ। ਸੱਚ ਦਾ ਪ੍ਰਮਾਣ ਹੁੰਦੇ ਨੇ। ਸਮੇਂ ਦਾ ਪਰਤੌ ਹੁੰਦੇ ਨੇ। ਹੁਣ ਚੰਡੀ ਕਹੀ ਨੂੰ ਕੀ ਪਤਾ ਓਹਦੇ ਟੱਪ ਹੇਠ ਸੱਪ ਸਲੂਟੀ ਏ, ਮਿੱਟੀ ਏ ਜਾਂ ਕਾਮੇ ਕਿਸਾਨ ਦੇ ਪੈਰ ਦਾ ਅੰਗੂਠਾ! ਓਹਨੇ ਤਾਂ ਆਪਣਾ ਕਰਮ ਕਰਨਾ! ਸਭ ਨੇ ਆਪਣਾ ਕਰਮ ਈ ਕਰਨਾ, ਨਿਭਾਉਣਾ, ਪੂਰਨਾ। ਕਦੇ ਪਾਣੀ ਟੁੱਟ ਗਿਆ, ਕਦੇ ਡਾਫ ਲੱਗਗੀ, ਕਦੇ ਕੰਨੀ ਵਾਲਾ ਕਿਆਰਾ ਸੁੱਕਾ ਰਹਿ ਗਿਆ ਜਿੱਥੇ ਮੁੜ ਪਾਣੀ ਦਾ ਨਕਾਲ ਲਜਾਣਾ ਓਨਾ ਈ ਔਖਾ, ਜਿੰਨਾ ਜੇਠ ਵਿਆਹੁਣਾ! ਯਕੀਨ ਜਾਣਿਓ, ਪਾਣੀ ਲਾਉਂਦਿਆਂ ਕਦੇ ਬੰਦੇ ਨੂੰ ਠੱਕੇ, ਕੱਕਰਾਂ ਦੀ ਅਸਹਿ-ਅਕਹਿ ਹੱਡ ਠਾਰਵੀਂ ਠੰਢ ਵਿੱਚ ਨੱਕਾ ਟੁੱਟਣ ਕਰਕੇ ਨੱਕੇ ਅੱਗੇ ਲੰਮੇ ਪੈ ਕੇ ਵੀ ਪਾਣੀ ਰੁੜ੍ਹਨੋਂ ਰੋਕਿਆ ਜਾਂਦਾ! ਕਦੇ ਸਾਰੇ ਦਿਨ ਦੀ ਹੱਡ-ਭੰਨਵੀਂ ਮਿਹਨਤ ਕਰਦਿਆਂ ਅਣਗਿਣਤ ਕੰਮਾਂ ਦੀ ਥਕਾਵਟ ਕਰਕੇ ਵਾਹੇ-ਸੁਹਾਗੇ ਖੱਤੇ ਵਿੱਚ ਪਿਆਂ ਨੂੰ ਨੀਂਦ ਜੱਫਾ ਮਾਰ ਈ ਲੈਂਦੀ। ਕਈ ਵਾਰ ਓਦੋਂ ਓਹਦੇ ਲਾਗੋਂ ਜਾਂ ਉੱਤੋਂ ਦੀ ਸੱਪ ਲੰਘ ਜਾਣਾ। ਪਤਾ ਦਿਨੇ ਸੱਪ ਦੀ ਲੀਕ ਵੇਖ ਕੇ ਲੱਗਣਾ, ਚਲ, ਕੋਈ ਨ੍ਹੀਂ, ਬਚਾ ਹੋ ਗਿਆ! ਮੁੜ ਓਵੇਂ ਈ ਚੱਲ ਸੋ ਚੱਲ। ਉਂਜ ਵੀ, ਸੱਪ, ਗਾਰਾ ਤੇ ਜ਼ਬਾਨ ਨੂੰ ਨਾ ਛੇੜਨ ਵਿੱਚ ਈ ਭਲਾ!
ਕਿਰਸਾਨੀ-ਸਭਿਅਤ ਇਤਿਹਾਸ ਕਿਸੇ ਗਿਆਨ ਪੁਸਤਕ ਵਿਚ ਸਾਂਭਿਆ ਏ ਜਾਂ ਨਹੀਂ? ਇਲਮ ਨਹੀਂ। ਏਨਾ ਜ਼ਰੂਰ ਆ, ਇਹ ਵਿਹਾਰੀ ਗਿਆਨ ਪੀੜ੍ਹੀ-ਦਰ-ਪੀੜ੍ਹੀ ਹਰ ਖੇਤ-ਪੁੱਤਰ ਦੇ ਮਨ ਵਿਚ ਸਾਂਭਿਆ, ਸੰਵਾਰਿਆ, ਸਮਾਇਆ; ਕਿਰਸਾਨੀ ਜੀਵਨ ਦਾ ਅਚੇਤ, ਸਹਿਜ, ਸਦੀਵ ਅੰਗ ਈ ਬਣ ਗਿਆ ਏ!
ਹਾੜੀ-ਸਾਉਣੀ ਦੋ ਮੁੱਖ ਰੁੱਤਾਂ, ਦੋ ਵੱਡੀਆਂ-ਫ਼ਸਲਾਂ: ਕਣਕ-ਮਕੱਈ – ਨਾਲ ਦੀ ਨਾਲ ਵਿੱਤ ਮੂਜਬ ਓਸ ਰੁੱਤ ਦੀਆਂ ਫ਼ਸਲਾਂ- ਪੱਠਾ-ਦੱਥਾ, ਸਾਗ-ਸਬਜ਼ੀ, ਗੰਨਾ-ਗੁੱਲੀ ਵੀ ਬੀਜਣਾ ਈ ਬੀਜਣਾ। ਝੋਨਾ/ਜੀਰੀ/ਧਾਨ ਕਦੇ ਪੂਰੇ-ਪੁਰਾਣੇ ਪੰਜਾਬ ਦੀ ਮੁੱਖ ਫ਼ਸਲ ਰਹੀ ਸੁਣੀ ਨਹੀਂ। ਓਦੋਂ ਲੋੜ ਜੋਗਾ, ਘਰ ਖਾਣ ਜੋਗਾ ਝੋਨਾ/ਬਾਸਮਤੀ ਈ ਲਾਏ ਜਾਂਦੇ। ਚਰੀ, ਬਾਜਰਾ, ਗਾਚਾ, ਗੁਆਰਾ, ਸਰ੍ਹੋਂ, ਤੋਰੀਆ, ਤਾਰਾਮੀਰਾ, ਰਾਈ, ਕਮਾਦ-ਕਮਾਦੀ, ਜੌਂ, ਟੀਂਡੇ, ਤੋਰੀਆਂ, ਕਪਾਹ, ਜਵੀਂ, ਤਿਲ, ਗੋਂਗਲੂ, ਮੂਲੀਆਂ, ਗਾਜਰਾਂ, ਛੋਲੇ, ਤਰਾਂ, ਖਰਬੂਜੇ, ਹਦਵਾਣੇ, ਮਸਰ, ਮੂੰਗੀ, ਮੋਠ, ਛਟਾਲਾ, ਕੱਦੂ, ਮੇਥੀ, ਮੇਥਰੇ, ਗੰਢੇ ਓਦੋਂ ਦੀਆਂ ਰਵਾਇਤੀ ਫ਼ਸਲਾਂ ਸਮਝੋ। ਟਾਹਲੀ, ਤੂਤ, ਮਲ੍ਹੇ, ਬੇਰੀਆਂ, ਕਰੀਰ, ਸਣ, ਸੰਨੁਕੜਾ ਅੰਬ, ਜਾਮਨੂੰ, ਅਮਰੂਦ, ਕਿੱਕਰ। ਕਿੱਕਰ ਆਪਣੀ ਰਾਖੀ ਆਪ ਕਰਦੀ ਏ। ਆਪਣੇ ਆਪ ਉੱਗਣ ਪਲਣ ਵਰਤਣ ਵਾਲੀਆਂ ਹੋਰ ਵੀ ਬਹੁਤ ਸਾਰੀਆਂ ਰੁੱਤ-ਰੁੱਤ ਦੀਆਂ ਕੁਦਰਤੀ ਨਿਆਮਤਾਂ ਕਿਸੇ ਅੜੇ-ਥੁੜੇ ਵੇਲੇ ਬੁੱਤਾ ਵੀ ਸਾਰ ਦੇਂਦੀਆਂ, ਸੁਆਦ ਵੀ ਬਦਲ ਦੇਂਦੀਆਂ, ਨਰੋਈਆਂ ਵੀ ਹੁੰਦੀਆਂ। ਸੌਂਚਲ, ਚਲਾਈ, ਪੀਲੂ, ਮੈਣਾ, ਤਾਂਦਲਾ-ਸਲਾਰਾ, ਚਿੱਬੜ, ਦੱਭ, ਸਰਕੜਾ, ਮੋਥਰਾ, ਖੱਬਲ, ਅੱਕ, ਧਤੂਰਾ, ਭੱਖੜਾ, ਇਟ-ਸਿਟ, ਦਰਾਣੀ-ਜਠਾਣੀ, ਕਰਾੜੀ, ਕਾਸ਼ਣੀ ਤੇ ਹੋਰ ਵੀ ਕਈ ਕੁਝ! ਨਾਂ ਭੁੱਲ ਜਾਂਦੇ ਨੇ ਕਦੇ, ਚੇਤੇ ਨਹੀਂ ਭੁਲਦੇ, ਕਿੰਨਾ ਕੁਝ ਚੇਤਿਆਂ ਵਿਚ ਚਿਰਾਂ ਤੀਕ ਵੱਸਿਆ, ਸਮਾਇਆ, ਸੰਭਾਲਿਆ ਰਹਿੰਦਾ – ਵਿਸਰਦਾ ਔਖਾ! ਇਨ੍ਹਾਂ ਦੇ ਚਿੰਨ੍ਹ, ਦ੍ਰਿਸ਼, ਥਾਂ ਅਜੇ ਵੀ ਪਿੰਡ, ਖੇਤ, ਬੰਨੇ ਦੇ ਨਾਲ ਨਾਲ ਸਾਕਾਰ ਹੋ ਜਾਂਦੇ ਆ! ਆਪਣੇ ਵੱਲ ਖਿੱਚ ਲਿਜਾਂਦੇ ਆ! ਪੁਰਾਣੇ ਬੇਲੀਆਂ ਵਾਂਗ ਸਿੰਞਾਣ ਲੈਂਦੇ ਨੇ! ਇਨ੍ਹਾਂ ਦਾ ਦੇਣ ਅਸੀਂ ਕਿੱਥੇ ਜਾ ਕੇ ਦੇਵਾਂਗੇ ਭਲਾ? ਇਨ੍ਹਾਂ ਸਾਥੋਂ ਕਦੇ ਲਿਆ ਕੁਝ ਨਾ, ਸਦਾ ਦਿੱਤਾ ਈ ਦਿੱਤਾ; ਪੀੜ੍ਹੀ-ਦਰ-ਪੀੜ੍ਹੀ। ਇਹ ਕੁਦਰਤੀ ਦਾਤ ਉਨ੍ਹਾਂ ਵੇਲਿਆਂ ਵਿਚ ਇਕੋ ਵੇਲੇ ਸਬਜ਼ੀ-ਭਾਜੀ ਵੀ, ਦਵਾ-ਦਾਰੂ ਵੀ, ਪੱਠਾ-ਦੱਥਾ ਵੀ! ਕੁਦਰਤ ਦੀ ਬਖਸ਼ਿਸ਼ ਅਪਾਰ!
ਕਿਸਾਨ ਦੀ ਅਸਲ ਕਮਾਈ ਸਬਰ, ਸੰਤੋਖ, ਸਿਰੜ ਅੱਗੇ ਤੋਂ ਅੱਗੇ ਤੁਰੀ ਆਉਂਦੀ ਕਿਸਾਨੀ ਪਰੰਪਰਾ ਦੀ ਗੂੜ੍ਹੀ ਲੀਕ ਬਣ ਗਈ! ਡੂੰਘੀਆਂ ਜੜ੍ਹਾਂ ਛੇਤੀ ਕੀਤਿਆਂ ਆਪਣੀ ਥਾਂ ਤੋਂ ਨਹੀਂ ਹਿਲਦੀਆਂ! ਪੈੜਾਂ ਨਾ ਐਵੇਂ ਪੈਂਦੀਆਂ, ਨਾ ਐਵੇਂ ਮਿਟਦੀਆਂ ਨੇ। ਸੰਭਾਲਣ ਵਾਲੀਆਂ ਹੁੰਦੀਆਂ ਨੇ ਵਿਰਾਸਤੀ ਪੈੜਾਂ! ਪੰਜਾਬੀ ਕਿਸਾਨੀ ਬਜ਼ੁਰਗਾਂ ਤੋਂ ਗੱਭਰੂਆਂ ਤੱਕ ਤੁਰਦੀ ਹੰਭੀ, ਥੱਕੀ, ਅੱਕੀ ਨਹੀਂ! ਮਰਿਆਦਾ ਚੁੱਕੀ, ਬੰਨ੍ਹੀ, ਨੱਪੀ ਨਹੀਂ ਜਾਂਦੀ। ਨਿਭਾਹੀ, ਰਚਾਈ, ਸਮਾਈ ਜਾਂਦੀ ਏ। ਇਹ ਸਬਰ, ਸੰਤੋਖ, ਸਿਰੜ ਦੀ ਮਰਿਆਦਾ ਖੇਤਾਂ ਦੇ ਪੁੱਤਾਂ ਦੀ ਹੱਡੀਂ ਰਚੀ, ਅਨੁਭਵੀ, ਹੰਢਾਈ ਸੱਚਾਈ ਬਣ ਗਈ ਏ! ਕਿਸਾਨੀ ਏਸੇ ਧੁਰੇ ਉੱਤੇ ਈ ਟਿਕੀ ਏ – ਅਡੋਲ, ਅਟੱਲ, ਦ੍ਰਿੜ੍ਹ!
ਕਿਸਾਨੀ ਉੱਤੇ ਜੀਅ-ਜੰਤ ਪਲਦੇ, ਪਸ਼ੂ-ਡੰਗਰ ਪਲਦੇ, ਰੁੱਖ-ਬੂਟੇ ਪਲਦੇ, ਚਿੜੀ-ਜਨੌਰ ਪਲਦੇ, ਵਪਾਰੀ-ਆੜ੍ਹਤੀ ਪਲਦੇ, ਕਿਰਤੀ-ਕਾਮੇ ਪਲਦੇ ਤੇ ਹੋਰ ਕੌਣ-ਕੌਣ ਪਲਦੇ ਤੇ ਅੱਗੇ ਕੀਹਨੂੰ-ਕੀਹਨੂੰ ਪਾਲਦੇ; ਇਹ ਗਿਣਤੀ ਕੌਣ ਕਰੇ! ਪ੍ਰੋ. ਪੂਰਨ ਸਿੰਘ ਤਾਂ ਗੱਲ ਈ ਸਿਰੇ ਲਾ ਗਏ- ਇਹਨੂੰ ‘ਜੱਗ ਦਾ ਭੰਡਾਰੀ’ ਆਖ ਕੇ! ਹੁਣ ਕਿਸਾਨ ਕੀ ਕਰਦਾ? ਉਹ ਫ਼ਸਲ ਬੀਜਣ ਵੇਲੇ ਈ ਖੱਤੇ ਦੀ ਨੁੱਕਰੇ ਕੁਝ ਬੀ ਹੌਲੀ-ਹੌਲੀ ਖਿਲਾਰਦਿਆਂ ਨਾਲ ਨਾਲ ਸੁੱਚੇ ਬੋਲ ਉਚਾਰਦਾ:
ਕੁਝ ਹਾਲੀ ਦਾ ਕੁਝ ਪਾਲੀ ਦਾ
ਕੁਝ ਚਿੜੀ ਜਨੌਰ ਭਿਆਲੀ ਦਾ
ਇਹ ਗੱਲ ਨਿੱਕੀ ਨਹੀਂ। ਵੱਡੀ ਏ। ਬਹੁਤ ਵੱਡੀ! ਕਿਸਾਨ ਦੇ ਜਿਗਰੇ ਜਿੱਡੀ! ਬਿਜਾਈ ਤੋਂ ਪਹਿਲਾਂ ਈ ਬੋਹਲ ਦੇ ਸੁਪਨੇ ਜਿੱਡੀ। ਵੰਡ ਖਾਣ ਦੀ ਰੀਤ ਜਿੱਡੀ। ਇਨਸਾਨੀ ਨੀਤ ਜਿੱਡੀ! ਨੀਤ ਇਨਸਾਨੀਅਤ ਦੀ ਪਛਾਣ ਏ। ਨੇਕ ਨੀਤ ਦੈਵੀ ਗੁਣ ਏ। ਬਦਨੀਤ ਹੈਵਾਨੀ ਲੱਛਣ ਏ। ਨੀਤੀ ਕੁਦਰਤੀ ਰੀਤ ਨਹੀਂ। ਇਹ ਮਕਸਦੀ ਏ। ਮਕਸਦ-ਪੂਰਤੀ-ਅਪੂਰਤੀ ਏ। ਨੀਤੀ ਘੜੀ ਜਾਂਦੀ ਏ। ਕਿਸ ਲਈ ਘੜੀ ਜਾਂਦੀ ਏ? ਕਿਵੇਂ ਘੜੀ ਜਾਂਦੀ ਏ? ਕਿਉਂ ਲੋੜ ਪੈਂਦੀ ਏ ਇਸ ਦੀ? ਗੱਲ ਵੱਡੀ ਏ। ਨਿੱਕੀ ਨਹੀਂ। ਐਵੇਂ ਨਹੀਂ ਜੀ! ਇਹ ਤਾਂ ਕਾਨੂੰਨ ਵੀ ਬਣ ਜਾਂਦੀ ਏ। ਬਣਾ ਲਈ ਜਾਂਦੀ ਏ। ਕਿਸ ਲਈ, ਕਿਸ ਲਈ ਨਹੀਂ? ਕਿਰਤੀ-ਕਾਮੇ-ਕਿਸਾਨ ਦੀ ਤਾਂ ਨੀਤ ਹੁੰਦੀ ਏ। ਇਨਸਾਨੀ ਨੀਤ! ਨੇਕ ਹੁੰਦੀ ਏ ਇਹ! ਅੰਨ ਜੀਵ ਦੀ ਮੂਲ ਲੋੜ ਏ। ਅੰਨ ਉਗਾਉਣ ਲਈ ਸੰਦ ਕਿਰਤੀ ਬਣਾਉਂਦਾ ਏ। ਕਿਸਾਨ ਦਾ ਹੱਥ ਕਾਮਾ ਵਟਾਉਂਦਾ ਏ। ਜ਼ਮੀਨ ਨਾਲ ਜੁੜੇ ਹੋਰ ਮਿਹਨਤੀ ਲੋਕ ਵੀ ਕਿਸਾਨ ਦੇ ਕੰਮਾਂ ਵਿੱਚ ਮਦਦ ਕਰਕੇ ਉਸ ਦੇ ਕੰਮ ਦਾ ਭਾਰ ਵੰਡਾਉਂਦੇ ਨੇ। ਇਵਜ਼ ਵਿੱਚ ਕਿਸਾਨ ਉਨ੍ਹਾਂ ਦਾ ਹੱਕ ਕਿਸੇ ਨਾ ਕਿਸੇ ਰੂਪ ਵਿਚ ਪੂਰਦਾ ਏ। ਇਹ ਇਵਜ਼ਾਨਾ ਲਗਭਗ ਮਿਥਿਆ, ਟੁੱਕਿਆ, ਬੰਨ੍ਹਿਆ ਹੁੰਦਾ। ਇਹ ਦੁਵੱਲਾ ਕਾਰਜ ਦੋਹੀਂ ਪਾਸੀਂ ਮਦਦਗਾਰ ਤਾਂ ਹੁੰਦਾ ਈ, ਆਪਸੀ ਸਾਂਝ ਵਧਾਉਂਦਾ, ਪਕਾਉਂਦਾ, ਦ੍ਰਿੜ੍ਹਾਉਂਦਾ – ਇਹ ਆਪਸੀ ਨਿਰਭਰਤਾ, ਲੋਕ ਭਾਈਚਾਰਾ, ਸਹਿਚਾਰਤਾ-ਸਹਿਕਾਰਤਾ ਦਾ ਸੰਕੇਤ ਦੇਂਦਾ ਲੱਗਦਾ। ਕਿਸਾਨੀ ਦਾ ਮਸ਼ੀਨੀਕਰਨ ਹੋਣ ਨਾਲ ਇਸ ਦਾ ਰੂਪ ਤਾਂ ਬਦਲਿਆ, ਭਾਈਚਾਰਕ ਸਾਂਝ ਦਾ ਰੁਖ਼ ਨਹੀਂ ਬਦਲਿਆ। ‘ਬੰਦਾ ਈ ਬੰਦੇ ਦੇ ਕੰਮ ਆਉਂਦਾ’ ਨੂੰ ਭੁੱਲਿਆ ਨਹੀਂ ਪੰਜਾਬੀ ਭਾਈਚਾਰਾ ਅਜੇ ਤੱਕ ਵੀ। ਇਹ ਸ਼ੁਭ ਸੰਕੇਤ ਅਜੇ ਵੀ ਘੋਰ ਹਨੇਰੇ ਵਿਚ ਚਾਨਣ ਦੀ ਲੋਅ ਏ! ਪਰਛਾਵਾਂ ਚਾਣਨ ਦਾ ਈ ਹੁੰਦਾ। ਹਨੇਰੇ ਦਾ ਨਹੀਂ! ਚਾਣਨ ਹਨੇਰੇ ਨੂੰ ਹਟਾਉਂਦਾ ਏ। ਹਨੇਰਾ ਚਾਣਨ ਨਹੀਂ ਮਿਟਾਉਂਦਾ। ਇਹ ਕੁਦਰਤ ਦਾ ਦਸਤੂਰ, ਕਰਮ, ਨੇਮ ਏ!
ਕਿਰਸਾਨੀ ਕਿਰਸਾਨ ਦਾ ਕਿੱਤਾ ਏ, ਕਿਰਤੀ ਦੀ ਕਿਰਤ ਏ, ਕਾਮੇ ਦਾ ਕਰਮ ਏ। ਕਰਮ, ਕਿਰਤ, ਕਿੱਤਾ ਖੇਤ ਦਾ ਨੇਮ ਏ। ਨੇਮ ਆਪਣੇ ਆਪ ਏ। ਆਪ ਅਪਣਾਇਆ ਜਾਂਦਾ ਏ। ਆਪੇ ਨਿਭਦਾ ਏ। ਨਿਭਾਹਿਆ ਜਾਂਦਾ ਏ। ਸਭ ਕੁਝ ਨੇਮ ਵਿਚ ਏ। ਕੁਦਰਤ, ਮਨ, ਰਚਨ ਨੇਮ ਏ। ਨਿਰੰਤਰ ਨਿੰਮਦਾ ਏ। ਨਿੱਤ ਨਵੇਲਾ ਏ। ਨੇਮ ਏ ਤਾਂ ਨਿੱਤ ਏ! ਧਰਤ-ਆਸਮਾਨ, ਚੰਨ-ਸੂਰਜ-ਤਾਰੇ, ਗ੍ਰਹਿ-ਉਪਗ੍ਰਹਿ, ਖੰਡ-ਬ੍ਰਹਿਮੰਡ, ਪੌਣ-ਪਾਣੀ, ਦਿੱਖ-ਅਦਿੱਖ ਨਿੱਤ ਨੇ। ਨੇਮ ਨੇ। ਨੇਮੀ ਨੇ। ਪ੍ਰੇਮੀ ਨੇ। ਖਿੱਚ ਨੇ। ਇਕ ਦੂਜੇ ਵੱਲ ਖਿੱਚੇ ਜਾਂਦੇ ਨੇ। ਇਕ ਦੂਜੇ ਨੂੰ ਆਪਣੇ ਵੱਲ ਖਿੱਚੀ ਰੱਖਦੇ ਨੇ। ਖਿੱਚ ਏ ਤਾਂ ਦੂਰ ਵੀ ਨੇੜ ਏ। ਨੇੜ ਨੇਮੀ ਦਾ ਨੇਮ ਏ। ਨੇੜ ਮੇਲ ਏ। ਜੋੜ ਏ। ਜੋੜ ਸਮਤਾ ਏ। ਸਮਤਾ ਇਕੋ ਜਿਕੇ ਦੀ ਹੁੰਦੀ ਏ। ਇਕਮਿਕਤਾ, ਇਕਸੁਰਤਾ, ਇਕਸਾਰਤਾ ਏ। ਬ੍ਰਹਿਮੰਡੀ ਖੰਡ ਖੰਡਿਕ ਹੋ ਕੇ ਵੀ ਮੰਡਿਕ ਨੇ। ਇਕੇ ਮੰਡਲ ਵਿਚ ਵਿਚਰਦੇ ਵੀ ਆਪਣੀ ਹੋਂਦ ਮਿਟਣ ਨਹੀਂ ਦੇਂਦੇ। ਕਿਸੇ ਦੀ ਹੋਂਦ ਮੇਟਦੇ ਨਹੀਂ। ਬ੍ਰਹਿਮੰਡ ਦੇ ਹਰ ਖੰਡ ਦੀ ਆਪਣੀ ਹੋਂਦ ਏ। ਕਿਣਕੇ-ਕਿਣਕੇ ਦੀ, ਕਤਰੇ-ਕਤਰੇ ਦੀ, ਕਤਰ-ਕਤਰ ਦੀ ਆਪਣੀ ਆਪਣੀ ਹੋਂਦ ਏ। ਇਹ ਹੋਂਦ ਈ ਬਣਤਰ ਏ, ਪਛਾਣ ਏ, ਨੁਹਾਰ ਏ। ਹੋਂਦ ਜੀਵ ਦੀ ਹੋਣੀ ਏ, ਥੀਣੀ ਏ, ਜੀਣੀ ਏ! ਹੋਣੀ ਕੁਦਰਤੀ ਏ, ਹੋਈ ਜਾਣੀ ਏ, ਹੋ ਕੇ ਰਹਿਣੀ ਏ। ਥੀਣੀ ਬਣਤਰੀ ਏ, ਕੁਝ ਬਣਨ ਦੀ ਇੱਛਾ ਏ, ਇੱਛ-ਪੂਰਤੀ ਦੀ ਘਾਲਣਾ ਏ। ਜੀਣੀ ਜੀਣ ਦੀ ਲੋਚਾ ਏ, ਆਪਣੀ ਤਰ੍ਹਾਂ ਜੀਣ ਦੀ ਸੱਧਰ ਏ, ਸਭ ਨੇ ਆਪਣੀ ਜੀਊਣੀ ਜੀਣੀ ਏ। ਕਿਸੇ ਦੀ ਜੀਊਣੀ ਵਿਚ ਕਿਸੇ ਦਾ ਦਖ਼ਲ ਕਿਉਂ ਹੋਵੇ? ਖਾਹ-ਮਖਾਹ ਦਾ ਦਖਲ ਸਭਿਅਕ ਨਹੀਂ। ਸੁਭਾਵਿਕ ਨਹੀਂ।
ਅਸੁਭਾਵਿਕਤਾ ਕੁਦਰਤੀ ਨਹੀਂ, ਨਿਆਈਂ ਨਹੀਂ, ਸਾਵੀਂ ਨਹੀਂ। ਸਾਵਾਂ ਈ ਕੁਦਰਤੀ ਏ। ਸਹੀ ਏ। ਸੂਤਵਾਂ ਏ। ਕੁਦਰਤ ਨਿਆਈਂ ਏ। ਕੁਦਰਤੀ ਨਿਆਂ ਈ ਅਸਲ ਨਿਆਂ ਏ। ਕੁਦਰਤੀ ਨੇਮ ਈ ਸਰਬ-ਸਾਂਝਾ ਨੇਮ ਏ। ਕੁਦਰਤੀ ਜੀਊਣੀ ਈ ਅਸਲ ਜੀਊਣੀ ਏ! ਕੁਦਰਤ ਅਨੰਤ ਏ! ਦਿਆਲੂ ਏ! ਬਖਸ਼ਿੰਦ ਏ! ਕੁਦਰਤ ਰਾਜ ਨਹੀਂ ਕਰਦੀ। ਗ਼ੁਲਾਮੀ ਨਹੀਂ ਕਰਾਉਂਦੀ। ਕੁਦਰਤ ਖ਼ੁਦਮੁਖਤਿਆਰ ਏ। ਮਨੁੱਖ ਕੁਦਰਤੀ ਜੀਵ ਵੀ ਏ, ਸਮਾਜੀ ਜੀਵ ਵੀ ਏ, ਰਾਜਸੀ ਜੀਵ ਵੀ ਏ। ਪਦਾਰਥੀ, ਰੂਹਾਨੀ, ਦੁਨਿਆਵੀ ਤੇ ਹੋਰ ਕੀ ਕੀ ਹੋ ਗਿਆ ਏ, ਮਨੁੱਖ ਨਾਂ ਦਾ ਜੀਵ! ਅਜੇ ਕੀ ਕੀ ਹੋਣਾ ਏ ਇਹਨੇ! ਭਲਾ ਮਨੁੱਖ ਨੇ ਮਨੁੱਖ ਕਦੋਂ ਹੋਣਾ ਏ?
ਪੂਰੇ ਦਾ ਪੂਰਾ ਜੱਗ ਖਿੱਚ-ਸ਼ਕਤੀ ਉੱਤੇ ਟਿਕਿਆ ਏ। ਸਭ ਕੁਝ ਚੱਲ ਏ- ਜੋ ਜੀਵੰਤ ਏ। ਅਚੱਲ ਨਿਰਜਿੰਦ ਏ। ਪੌਣ ਰੁਮਕਦੀ ਏ। ਪਾਣੀ ਵਹਿੰਦਾ ਏ। ਧਰਤੀ ਆਪਣੇ ਧੁਰੇ ਦੁਆਲੇ ਘੁੰਮਦੀ ਏ। ਸੂਰਜ ਦੁਆਲੇ ਘੁੰਮਦੀ ਏ। ਦਿਨ ਰਾਤ ਘੁੰਮਦੀ ਏ। ਨਿੱਤ, ਨਿਰੰਤਰ; ਨੇਮ ਨਾਲ। ਜੱਗ ਵੀ ਇਉਂ ਈ ਚਲਦਾ ਏ, ਘੁੰਮਦਾ ਏ; ਕਿਤੇ ਦੀ ਕਿਤੇ ਅੱਪੜ ਜਾਂਦਾ ਏ! ਜੱਗ-ਜੀਵ ਵੀ ਇਉਂ ਈ ਵਿਚਰਦਾ ਏ। ਕੁਦਰਤ ਦੇ ਨਾਲ-ਨਾਲ, ਅੰਗ-ਸੰਗ, ਇਕਮਿਕ ਹੋ ਕੇ। ਜੀਵ ਲੈਂਦਾ, ਚਾਹੁੰਦਾ, ਲੋੜਦਾ ਕੀ ਏ- ਇਸ ਜੱਗ ਕੋਲੋਂ? ਸਿਰਫ਼ ਜੀਊਣਾ! ਚੱਜ ਨਾਲ ਜੀਊਣਾ! ਜੀਊਣ ਵਾਂਗ ਜੀਊਣਾ! ਮਾਣ ਨਾਲ, ਤਾਣ ਨਾਲ, ਹਾਣ ਨਾਲ। ਧਰਤ ਗੋਲਾਈ ਏ। ਬ੍ਰਹਿਮੰਡ ਗੋਲਾਈ ਏ। ਆਸਮਾਨ ਗੋਲਾਈ ਏ। ਦਿਸਹੱਦਾ ਗੋਲਾਈ ਏ। ਖ਼ੂਬਸੂਰਤੀ ਗੋਲਾਈ ਏ। ਮੁਹੱਬਤ ਗੋਲਾਈ ਏ। ਅਸੀਂ ਜਿੱਥੋਂ ਤੁਰਦੇ ਆਂ, ਓਥੋਂ ਹੋਰ ਕਿਤੇ ਨਹੀਂ ਪਹੁੰਚਦੇ; ਓਥੇ ਈ ਮੁੜ ਆਉਂਦੇ ਆਂ! ਬੱਸ, ਏਨੀ ਕੁ ਈ ਲੋਕਾਈ, ਜ਼ਿੰਦਗੀ, ਹੋਂਦ ਏ ਅਸਾਡੀ! ਏਨੀ ਕੁ ਤਾਂ ਸਾਡੇ ਜੋਗੀ ਰਹਿਣ ਦਿਓ ਜੀ!
‘ਬੰਦਾ ਬੰਦੇ ਦਾ ਦਾਰੂ’ ਇਹ ਤਾਂ ਸੁਣਨ ਵਿਚ ਆਇਆ, ਇਹ ਸੁਣਨ ਵਿਚ ਨਹੀਂ ਆਇਆ ‘ਬੰਦਾ ਬੰਦੇ ਨੂੰ ਮਾਰੂ’! ਬਾਰੂਦ ਨਾਲ ਚਾਹੇ ਕਾਨੂੰਨ ਨਾਲ। ਹਥਿਆਰ ਚਾਹੇ ਪਿਆਰ ਨਾਲ। ਜ਼ਹਿਰ ਦੇ ਕੇ ਨਹੀਂ ਤਾਂ ਗੁੜ ਦੇ ਕੇ। ਫਾਹੇ ਲਾ ਕੇ ਨਹੀਂ ਤਾਂ ਲਾਰੇ ਲਾ ਕੇ! ਉਂਜ ਵੀ ਤਰੱਕੀ ਦੇ ਏਸ ਜੁਗ ਵਿਚ ਭਲੇ ਬੰਦੇ ਨੇ ਆਪ ਈ ਫਾਹੇ ਲੱਗਣਾ, ਚਿੱਟਾ ਗੁੜ ਚੱਟਣਾ, ਦਾਰੂ ਦੀ ਥਾਂ ਦਵਾ ਪੀਣਾ ਸਿੱਖ ਲਿਆ!
ਕੇਹੀ ਸੁਆਲੀਆ ਪੁੱਛ, ਅਜੀਬ ਵਿਅੰਗੀ ਟਕੋਰ, ਟੇਢੀ ਕੌੜੀ ਸੱਚਾਈ – ਬੰਦਾ ਈ ਬੰਦੇ ਲਈ ਕਾਨੂੰਨ ਬਣਾਉਂਦਾ! ਕਿਹੜਾ ਬੰਦਾ ਕਿਹੜੇ ਬੰਦੇ ਲਈ ਕਾਨੂੰਨ ਘੜਦਾ? ਕੌਣ ਕੀਹਨੂੰ ਸਜ਼ਾ ਸੁਣਾਉਂਦਾ? ਕੌਣ ਕਾਹਦੀ ਸਜ਼ਾ ਭੁਗਤਦਾ? ਖੌਰੇ ਬੰਦਾ ਬੰਦਾ ਹੋਣ ਦੀ ਸਜ਼ਾ ਕੱਟਦਾ! ਵਾਹੀਵਾਨ ਅੰਨ ਉਗਾਉਂਦਾ, ਧਨਵਾਨ ਹੋਣ ਦੀ ਥਾਂ ਕਰਜ਼ਾ ਚੁਕਦਾ, ਪਹਿਲਾ ਕਰਜ਼ਾ ਲਾਹੁਣ ਲਈ, ਘਰ ਦੀਆਂ ਗਰਜ਼ਾਂ ਪੂਰਨ ਲਈ, ਘਰ ਬਣਾਉਣ ਲਈ, ਬੀ ਬੀਜਣ ਲਈ, ਕਦੇ ਮਾਮਲਾ ਤਾਰਨ ਲਈ ਵੀ ਕਰਜ਼ਾਈ ਹੋਣਾ ਪੈਂਦਾ ਰਿਹਾ ਅੰਨ ਉਗਾਉਣ ਵਾਲੇ ਨੂੰ: ‘ਮੇਰਾ ਮਾਮਲਾ ਨਾ ਹੋਇਆ ਪੂਰਾ, ਕੱਤੇ ਦੀ ਕਪਾਹ ਵੇਚ ਕੇ।’
ਭਲਾ ਖੇਤੀ ਲਈ ਕਾਹਦਾ ਕਾਨੂੰਨ? ਖੇਤ ਲਈ ਕਿਹੜਾ ਕਾਨੂੰਨ? ਸਿਆੜ ਲਈ ਕੀ ਕਾਨੂੰਨ? ਕਾਨੂੰਨ ਈ ਕਾਨੂੰਨ- ਨਿਆਂ ਕਿੱਥੇ, ਅਮਨ-ਅਮਾਨ ਕਿੱਥੇ? ਕਿਰਤ-ਕਿਰਤੀ, ਕੰਮ-ਕਾਮੇ, ਕਿਸਾਨ-ਕਿਸਾਨੀ ਲਈ ਵੀ ਕਾਨੂੰਨ? ਆਹਰ-ਆਹਾਰ, ਕਾਰ-ਵਿਹਾਰ, ਦਾਣੇ-ਪਾਣੀ ਲਈ ਵੀ ਕਾਨੂੰਨ? ਹਲ ਵਾਹ ਪੱਠਿਆਂ ਨੂੰ ਜਾਣ ਵਾਲੇ ਲਈ ਵੀ ਕਾਨੂੰਨ? ਮਿੱਟੀ ਨਾਲ ਮਿੱਟੀ ਹੋਣ ਵਾਲੇ ਲਈ ਵੀ ਕਾਨੂੰਨ? ਉਹਨੂੰ ਕਾਨੂੰਨ ਪੜ੍ਹਨ, ਜਾਣਨ, ਸਮਝਣ ਦੀ ਵਿਹਲ ਕਿੱਥੇ! ਓਹ ਏਨਾ ਜਾਣਦਾ:
* ਖੂਹ ਦੀ ਮਿੱਟੀ ਖੂਹ ਨੂੰ ਲੱਗ ਜਾਂਦੀ ਆ
* ਖੇਤੀ ਦੀ ਕਮਾਈ ਖੇਤੀ ਵਿਚ ਈ ਖਪ ਜਾਂਦੀ ਆ
* ਘਾਹੀਆਂ ਦਿਆਂ ਪੁੱਤਾਂ ਘਾਹ ਈ ਖੋਤਣਾ
* ਮਿਲਦਿਆਂ ਦੇ ਸਾਕ, ਵਾਹੁੰਦਿਆਂ ਦੀਆਂ ਪੈਲੀਆਂ!
ਤੇ ਜੇ ਕਿਤੇ ਇਉਂ ਹੋ ਵੀ ਜਾਵੇ। ਕਿਰਤੀ-ਕਾਮੇ-ਕਿਸਾਨ ਦੇ ਬੱਚੇ ਜਮਾਤਾਂ ਦੀਆਂ ਜਮਾਤਾਂ ਪਾਸ ਕਰਕੇ, ਡਿਗਰੀਆਂ ਦੀਆਂ ਪੰਡਾਂ ਬੰਨ੍ਹ ਕੇ, ਨੌਕਰੀਆਂ ਲੱਭਣ ਲਈ ਜੁੱਤੀਆਂ ਘਸਾ ਕੇ- ਯੋਗ ਵਰ ਟੱਕਰ ਜਾਣ ਵਾਂਗ ਕੋਈ ਡਾਕਟਰ, ਇੰਜੀਨੀਅਰ, ਅਧਿਆਪਕ ਬਣ ਵੀ ਜਾਣ ਤਾਂ ਵੀ ਪਹਿਲਾਂ ਉਹ ਕਰਜ਼ਾ ਲਾਹੁਣਗੇ! ਫੇਰ ਕਿਸੇ ਨੂੰ ਪੜ੍ਹਾਉਣ ਬਦਲੇ, ਕਿਸੇ ਨੂੰ ਨਰੋਗ ਕਰਨ ਦੇ ਇਵਜ਼ ਵਿਚ, ਨਿਰਮਾਣ ਕਾਰਜ ਕਰਦਿਆਂ – ਨਾਲ ਦੀ ਨਾਲ ਆਮਦਨ ਕਰ ਭਰਨ ਵੇਲੇ, ਔਖੇ ਹੋ ਕੇ ਬੱਚਤਾਂ ਕਰਦੇ, ’ਕੇਰਾਂ ਹਉਕਾ ਤਾਂ ਭਰਨਗੇ: ‘ਡੁੱਬੀ ਤਾਂ ਜੇ ਸਾਹ ਨਾ ਆਇਆ’! ਏਥੇ ਵੀ ਓਹੋ ਮਾਮਲੇ? ਤੇ ਜੇ ਇਉਂ ਨਾ ਹੋਇਆ ਤਾਂ ਏਥੋਂ ਕਿੱਲਾ ਡੂੜ ਕਿੱਲਾ ਵੇਚ ਕੇ ਵਿਦੇਸ਼ੀਂ ਆਪ ਵਿਕਣ ਲਈ ਭੱਜਣਗੇ! ਸਰਵਣ ਵਾਲੀ ਕਥਾ ਤਾਂ ਪੁਰਾਣੀ ਹੋਗੀ! ਕਿਤੇ, ਖ਼ਾਸਕਰ, ਪੰਜਾਬ ਵਿਚ, ਦੁੱਧ ਵੇਚਣਾ ਪੁੱਤ ਵੇਚਣ ਬਰੋਬਰ ਮੰਨਿਆ ਜਾਂਦਾ। ਹੁਣ ਕੀ ਕੁਝ ਵਿਕਣ ਲੱਗ ਪਿਆ ਵਿਕਸਤ ਕਿਸਾਨ ਦਾ ਉਸ ਦੇ ਪੰਜਾਬ ਵਿਚ, ਪਿੰਡ ਵਿਚ, ਘਰ ਵਿਚ! ਲਵੇਰਾ, ਪਾਥੀਆਂ, ਰੂੜੀ, ਤੂੜੀ, ਗੁੜ, ਗੰਨਾ, ਦੁੱਧ-ਘਿਓ-ਪੁੱਤ ਤੱਕ ਵੀ! ਖੌਰੇ ਓਹਨੇ ਆਪ ਵਿਕਾਊ ਹੋਣਾ ਆ ਹੁਣ – ਘਰ, ਪਿੰਡ, ਖੇਤ ਸਣੇ – ਮੋਹ, ਸਾਂਝ, ਰਿਸ਼ਤੇ ਸਣੇ – ਵਿਰਸੇ, ਵਿਆਜ, ਵਿਕਾਸ ਸਣੇ! ਨਹੀਂ ਇਤਬਾਰ ਤਾਂ ਗੁਰਦਿਆਲ ਸਿੰਘ ਦਾ ਨਾਵਲ ‘ਅਣਹੋਏ’, ਬਲਜੀਤ ਕੌਰ ਬਲੀ ਦਾ ‘ਪੈਰਾਂ ਹੇਠਲੀ ਧਰਤੀ’ ਤੇ ਜਸਬੀਰ ਮੰਡ ਦਾ ‘ਆਖਰੀ ਬਾਬੇ’ ’ਕੇਰਾਂ ਮੁੜ ਪੜ੍ਹ ਵੇਖੋ – ਕੀ ਭਾਅ ਤੁਲਦੀ ਆ – ਮਿੱਟੀ ਹੁਣ! ਕਿੰਨੇ ਵਿਚ ਮਿਲਦੀ ਆ ਕਿਰਤ ਹੁਣ! ਕਿਵੇਂ ਜਰੀਦੀ ਏ- ਖੁਸਦੀ, ਖੁਰਦੀ, ਖੁਰਚੀ ਜਾਂਦੀ ਪੁਰਖਿਆਂ ਦੀ ਖੱਟੀ? ਕਿਰਤੀ-ਕਾਮੇ-ਕਿਸਾਨ ਦੀ ਤ੍ਰਿਕੜੀ ਦੀ ਖੱਟੀ।
ਵਿਦਵਾਨਾਂ ਅਨੁਸਾਰ ਕਾਮਾ- ਕੰਮ ਕਰਨ ਵਾਲਾ, ਕਾਰ ਕਮਾਉਣ ਵਾਲਾ; ਕਮਾਊ, ਖੱਟੂ ਹੁੰਦਾ। ਕਰਮ ਉਸ ਦਾ ਵਿਹਾਰ ਬਣਦਾ। ਧਰਮ ਪਰਮਾਰਥ ਤੱਕ ਅਪੜਦਾ। ਕਿਰਤ ਕਰਮ ਵੀ, ਕੰਮ ਵੀ, ਕੀਤਾ ਹੋਇਆ ਵੀ। ਕਿਰਤੀ ਕਿਰਤ ਕਰਨ ਵਾਲਾ। ਕਿਰਸਾਣ, ਜਿਹੜਾ ਜ਼ਮੀਨ ਵਾਹੇ, ਕ੍ਰਿਸ਼ਕ, ਹਲਵਾਹ, ਕਾਸ਼ਤਕਾਰ। ਕਿਰਸਾਣੀ, ਕਾਸ਼ਤਕਾਰੀ, ਵਹਾਈ, ਖੇਤੀ ਕਰਨੀ। ਸਾਡੇ ਪੁਰਖੇ ਕਿਰਤੀ-ਕਾਮੇ-ਕਿਸਾਨ ਦਾ ਜੋੜ,ਮੇਲ, ਗੇੜ ਨੇ। ਇਸ ਦੇ ਸਮਾਨਾਂਤਰ ‘ਜੱਟ’ ਸ਼ਬਦ ਆਉਂਦਾ ਏ। ਜੱਟ, ਹਿੰਦ ਵਿਚ ਮੱਧ ਏਸ਼ੀਆ ਤੋਂ ਆ ਕੇ ਪੱਛਮੀ ਹਿੰਦੋਸਤਾਨ ਵਿਚ ਆਬਾਦ ਹੋਏ। ਇਸ ਜਾਤਿ ਦੇ ਬਹੁਤੇ ਲੋਕ ਖੇਤੀ ਦਾ ਕੰਮ ਕਰਦੇ। ਜੱਟ ਕੱਦਾਵਰ, ਬਲਵਾਨ, ਨਿਸ਼ਕਪਟ, ਉਦਾਰ ਹੁੰਦੇ। ਇਸ ਨੂੰ ਭਾਈ ਕਾਹਨ ਸਿੰਘ ਨਾਭਾ ਦਾ ਮਹਾਨ-ਕੋਸ਼ ਪੁਸ਼ਟ ਕਰਦਾ ਏ।
ਖ਼ੈਰ, ਗੱਲ ਖੇਤੀ ਦੀ, ਕਾਨੂੰਨ ਦੀ, ਖੇਤੀ ਕਾਨੂੰਨ ਦੀ। ਖੇਤੀ ਨੇਮ ਏ, ਕਿਸਾਨ ਨੇਮੀ ਏ, ਵੱਤਰ ਨਮੀ ਏ! ਇਨ੍ਹਾਂ ’ਤੇ ਕਿਹੜਾ ਕਾਨੂੰਨ ਲਾਗੂ ਹੁੰਦਾ! ਕਿਸਾਨ ਨੂੰ ਵੱਤਰ ਵੇਖਣਾ, ਜਾਂਚਣਾ, ਸਾਂਭਣਾ ਕੌਣ ਦੱਸਦਾ! ਕਿਹੜੀ ਰੁੱਤੇ ਕਿਹੜੀ ਫ਼ਸਲ ਬੀਜਣੀ ਆ – ਇਸਦਾ ਕਿਹੜੇ ਕੜੇ ਕਾਨੂੰਨ ਨੂੰ ਇਲਮ! ਕਿੰਨੇ ਰਕਬੇ ਵਿਚ ਕਿੰਨਾ ਬੀ ਪਾਉਣਾ – ਕਿਸਾਨ ਜਾਣਦਾ! ਫੇਰ ਉਹਨੂੰ ਕਿਹੜਾ ਸਬਕ ਸਿਖਾਉਣਾ, ਪੜ੍ਹਾਉਣਾ, ਸਮਝਾਉਣਾ! ‘ਅਣਹੋਏ’ ਦੇ ਪਾਤਰ ਬਿਸ਼ਨੇ ਨੂੰ ਸਮਝ ਨਹੀਂ ਲੱਗਦੀ ਭਈ ਸੜਕ ਓਹਦੇ ਜੱਦੀ-ਪੁਸ਼ਤੀ ਥਾਂ ਵਿਚੋਂ ਈ ਕਿਉਂ ਲੰਘਣੀ ਆ। ਪੈਰਾਂ ਹੇਠਲੀ ਧਰਤੀ ਦਾ ਪਾਤਰ ਜੋਗਿੰਦਰ ਵੰਡੀਂਦੀ, ਥੁੜ੍ਹਦੀ, ਸੁੰਗੜਦੀ ਧਰਤੀ ਦੇ ਨਿੱਤ ਦੇ ਕਲੇਸ਼ ਤੋਂ ਸਤਿਆ, ਆਪਣੇ ਲਈ ਹੋਰ ਧਰਤੀ ਤਲਾਸ਼ ਕੇ ਜਗਤਾਰ ਦੇ ਟਰੱਕ ’ਤੇ ਆਪਣਾ ਪਿੰਡ ਛੱਡ ਕੇ ਤੁਰਦਾ ਤਾਂ ਸਾਰਾ ਰਾਹ ਪਿੰਡ ਈ ਉਸ ਦੀ ਸੋਚ ਦਾ ਧੁਰਾ ਰਹਿੰਦਾ। ਸੁਆਲ ਸੁਆਲ ਨਾਲ ਜੁੜੀ ਜਾਂਦੇ: – ਮੈਂ ਆਪਣੀ ਜ਼ਮੀਨ ਦੀ ਬਦਨਾਮੀ ਨ੍ਹੀਂ ਕਰਾਉਣੀ। – ਮੈਂ ਤਾਂ ਆਪਣੀ ਜ਼ਮੀਨ ਉਹਨੂੰ ਦਿੱਤੀਆ ਜਿਹੜਾ ਮੇਰੀ ਜ਼ਮੀਨ ਵਿਚੋਂ ਫ਼ਸਲ ਕੱਢੂਗਾ। – ਮਾੜਾ ਜੱਟ ਜ਼ਮੀਨ ਦੀ ਬਦਨਾਮੀ ਕਰਵਾ ਦੇਂਦਾ! – ਇਹ ਗੱਲ ਮੈਂ ਈ ਜਾਣ ਸਕਦਾਂ ਜੀਹਨੇ ਜ਼ਮੀਨ ਨੂੰ ਪੁੱਤਾਂ ਵਾਂਗ ਪਾਲਿਆ! – ਜੋਗਿੰਦਰ ਲਈ ਜ਼ਮੀਨ ਤੇ ਜਗਤਾਰ ਲਈ ਟਰੱਕ ਜੀਊਂਦੀਆਂ ਹੋਂਦਾਂ ਨੇ। – ਗੈਰ ਕਾਸ਼ਤਕਾਰਾਂ ਨੂੰ ਜ਼ਮੀਨ ਵੇਚਣ ਦਾ ਨਤੀਜਾ ਇਹ ਨਿਕਲਿਆ – ਕੁਬੱਤੀ (ਕੁਵੱਤੀ) ਫ਼ਸਲ ਬੀਜਣ ਵਾਂਗ ਉਸ ਨੂੰ ਉਸ ਦੀ ਮਿਹਨਤ ਦਾ ਮੁੱਲ ਨਹੀਂ ਸੀ ਮਿਲਿਆ। ਜਸਬੀਰ ਮੰਡ ਦਾ ਨਾਵਲ ‘ਆਖਰੀ ਬਾਬੇ’ ਪ੍ਰਤੀਕਕ ਨਾਵਲ ਏ। ਇਹ ਆਖਰ ਦਾ ਚਿੰਨ੍ਹ ਏ। ਆਖਰ ਆਉਣ ਦਾ ਸੰਕੇਤ ਏ! ਦੁਆ ਏ, ਆਖਰ ਨਾ ਈ ਆਵੇ!
* ਖੇਤੀ ਕਰਮਾਂ ਸੇਤੀ, ਪਰ ਹੱਥ ਵਣਜ ਸੁਨੇਹੀਂ ਖੇਤੀ, ਕਦੇ ਨਾ ਹੋਵਣ ਬੱਤੀਆਂ ਦੇ ਤੇਤੀ।
* ਦਿਨ ਕੋ ਬਾਦਲ ਰਾਤ ਕੋ ਤਾਰੇ, ਆਖੀਂ ਮੇਰੇ ਢੋਲ ਨੂੰ ਨਾ ਢੱਗੇ ਮਾਰੇ।
ਵਾਹੀ-ਜੋਤੀ ਨਾਲ ਜੁੜੇ ਲੋਕ-ਮੁਹਾਵਰੇ, ਲੋਕ-ਅਖਾਣ, ਲੋਕ-ਸਿਆਣਪਾਂ ਸਮੁੱਚੀ ਕਿਸਾਨੀ ਦੇ ਤਜਰਬੇ, ਦੁਖੜੇ, ਵਿਰਸੇ ਵੱਲ ਸੈਨਤ ਈ ਏ- ਆਪਣੇ ਵਿਤ ਮੂਜਬ! ਵਿਸਥਾਰ, ਵਿਆਖਿਆ, ਵਿਸ਼ਲੇਸ਼ਣ ਬੜੀ ਦੂਰ ਦੀ ਗੱਲ ਏ! ਇਸ਼ਾਰਾ ਸਿਆਣੇ ਲਈ ਏ ਜੀ: ਖੇਤ ਉਜਾੜ ਪਿਆ, ਕਿਹੜੇ ਹੌਸਲੇ ਗਿੱਧੇ ਦੇ ਵਿਚ ਜਾਵਾਂ! ਗਿੱਧਾ ਹੌਂਸਲੇ ਨਾਲ ਈ ਪਵੇਗਾ ਨਾ!
ਸੰਪਰਕ: 98151-77577