ਹਰਿੰਦਰ ਸਿੰਘ ਗੋਗਨਾ
ਸਿਖਰ ਦੁਪਹਿਰ ਵਿੱਚ ਚਿਰਾਗ ਬਿਸਤਰ ਤੋਂ ਉੱਠਿਆ ਤੇ ਫਿਰ ਚੁੱਪ ਚੁਪੀਤੇ ਆਪਣੀ ਗੁਲੇਲ ਲੈ ਕੇ ਘਰ ਦੀ ਛੱਤ ’ਤੇ ਆ ਗਿਆ। ਉਸ ਦੇ ਘਰ ਦੇ ਲਾਗੇ ਖੜ੍ਹੇ ਸੰਘਣੇ ਰੁੱਖ ਦੀ ਛਾਂ ਛੱਤ ’ਤੇ ਆਉਂਦੀ ਸੀ। ਇਸੇ ਰੁੱਖ ’ਤੇ ਕਿੰਨੇ ਹੀ ਪੰਛੀ ਤਪਦੀ ਦੁਪਹਿਰ ਵਿੱਚ ਆਰਾਮ ਕਰਦੇ ਸਨ।
ਚਿਰਾਗ ਨੇ ਕੱਲ੍ਹ ਹੀ ਆਪਣੇ ਦੋਸਤ ਕਮਲ ਨਾਲ ਮਿਲ ਕੇ ਇੱਕ ਗੁਲੇਲ ਬਣਾਈ ਸੀ ਤਾਂ ਕਿ ਇਸ ਨਾਲ ਪੰਛੀਆਂ ’ਤੇ ਨਿਸ਼ਾਨਾ ਲਗਾ ਕੇ ਨਿਸ਼ਾਨੇਬਾਜ਼ ਬਣ ਸਕੇ। ਉਹ ਚਾਹੁੰਦਾ ਸੀ ਕਿ ਉਹ ਅਜਿਹਾ ਨਿਸ਼ਾਨੇਬਾਜ਼ ਬਣੇ ਕਿ ਉੱਡਦੇ ਪੰਛੀਆਂ ’ਤੇ ਲਗਾਇਆ ਉਸ ਦਾ ਨਿਸ਼ਾਨਾ ਵੀ ਖਾਲੀ ਨਾ ਜਾਵੇ।
ਬਸ! ਫਿਰ ਕੀ ਸੀ, ਚਿਰਾਗ ਨੇ ਬੈਠੇ ਪੰਛੀਆਂ ’ਤੇ ਗੁਲੇਲ ਨਾਲ ਨਿਸ਼ਾਨਾ ਲਗਾਇਆ। ਜਿਸ ਨਾਲ ਇੱਕ ਗਟਾਰ ਬੁਰੀ ਤਰ੍ਹਾਂ ਜ਼ਖ਼ਮੀ ਹੋ ਕੇ ਜ਼ਮੀਨ ’ਤੇ ਡਿੱਗ ਪਈ। ਇਹ ਵੇਖ ਕੇ ਚਿਰਾਗ ਖੁਸ਼ੀ ਨਾਲ ਕੁੱਦਣ ਲੱਗਾ ਤੇ ਆਪ ਮੁਹਾਰਾ ਬੋਲਿਆ, ‘‘ਵੇਖਿਆ ਮੇਰਾ ਨਿਸ਼ਾਨਾ…।’’
ਉਸ ਦੇ ਕਦਮਾਂ ਦਾ ਖੜਾਕ ਸੁਣ ਕੇ ਹੇਠਾਂ ਸੁੱਤੇ ਦਾਦਾ ਜੀ ਦੀ ਅੱਖ ਖੁੱਲ੍ਹ ਗਈ ਤੇ ਉਹ ਹੌਲੀ ਹੋਲੀ ਘਰ ਦੀ ਛੱਤ ’ਤੇ ਆ ਗਏ। ਉਸ ਸਮੇਂ ਚਿਰਾਗ ਇੱਕ ਹੋਰ ਪੰਛੀ ਨੂੰ ਆਪਣਾ ਨਿਸ਼ਾਨਾ ਬਣਾਉਣ ਜਾ ਰਿਹਾ ਸੀ।
ਦਾਦਾ ਜੀ ਨੂੰ ਸਮਝਦੇ ਦੇਰ ਨਾ ਲੱਗੀ। ਉਨ੍ਹਾਂ ਨੇ ਚਿਰਾਗ ਨੂੰ ਆਵਾਜ਼ ਦੇ ਕੇ ਰੋਕਿਆ, ‘‘ਓਏ ਨਲਾਇਕਾ, ਮੈਂ ਤਾਂ ਸੋਚਿਆ ਤੂੰ ਸੁੱਤਾ ਹੋਵੇਂਗਾ…ਤੇ ਤੂੰ ਆਹ ਪੰਛੀਆਂ ਨੂੰ ਤੰਗ ਪਰੇਸ਼ਾਨ ਕਰ ਲੱਗਾ ਏਂ। ਆਪ ਤਾਂ ਆਰਾਮ ਕੀਤਾ ਨਹੀਂ ਤੇ ਦੂਜਿਆਂ ਲਈ ਵੀ ਪਰੇਸ਼ਾਨੀ ਦਾ ਕਾਰਨ ਬਣ ਰਿਹਾ ਹੈਂ। ਚੱਲ ਹੇਠਾਂ…।’’ ਤਦੇ ਦਾਦਾ ਜੀ ਨੇ ਹੇਠਾਂ ਡਿੱਗ ਚੁੱਕੀ ਗਟਾਰ ਨੂੰ ਤੜਫਦੀ ਦੇਖਿਆ ਤਾਂ ਉਸ ਵੱਲ ਵੇਖ ਕੇ ਗੁੱਸੇ ਨਾਲ ਚਿਰਾਗ ਨੂੰ ਕਹਿਣ ਲੱਗੇ, ‘‘ਤੂੰ ਤਾਂ ਇਸ ਬੇਕਸੂਰ ਪੰਛੀ ਦੀ ਜਾਨ ਹੀ ਲੈ ਲਈ। ਲਿਆ ਇੱਥੇ ਤੇਰੀ ਗੁਲੇਲ…।’’ ਫਿਰ ਦਾਦਾ ਜੀ ਨੇ ਉਸ ਕੋਲੋਂ ਗੁਲੇਲ ਖੋਹ ਲਈ। ਚਿਰਾਗ ਨਾਰਾਜ਼ਗੀ ਨਾਲ ਦਾਦਾ ਜੀ ਵੱਲ ਘੂਰਦਾ ਹੋਇਆ ਘਰ ਦੀ ਛੱਤ ਤੋਂ ਹੇਠਾਂ ਆ ਗਿਆ ਤੇ ਅਣਮੰਨੇ ਮਨ ਨਾਲ ਬਿਸਤਰ ’ਤੇ ਲੇਟ ਗਿਆ।
ਇਸ ਦੌਰਾਨ ਉਸ ਨੇ ਚੋਰ ਨਜ਼ਰ ਨਾਲ ਦੇਖ ਲਿਆ ਸੀ ਕਿ ਦਾਦਾ ਜੀ ਨੇ ਉਸ ਦੀ ਗੁਲੇਲ ਕਿੱਥੇ ਛੁਪਾਈ ਹੈ। ਸੋਚਣ ਲੱਗਾ ਕਿ ਕੱਲ੍ਹ ਦਾਦਾ ਜੀ ਭੂਆ ਜੀ ਕੋਲ ਦੂਜੇ ਸ਼ਹਿਰ ਜਾਣਗੇ ਤਾਂ ਉਹ ਗੁਲੇਲ ਚੁੱਕ ਲਵੇਗਾ ਤੇ ਫਿਰ ਜੀਅ ਭਰ ਕੇ ਪੰਛੀਆਂ ਨੂੰ ਆਪਣਾ ਨਿਸ਼ਾਨਾ ਬਣਾਵੇਗਾ।
ਉਸੇ ਸ਼ਾਮ ਚਿਰਾਗ ਦੇ ਦਾਦਾ ਜੀ ਘਰ ਦੇ ਪਿੱਛੇ ਬਣੀ ਕਿਆਰੀ ਵਿੱਚ ਗੁਡਾਈ ਕਰ ਰਹੇ ਸਨ ਤਾਂ ਚਿਰਾਗ ਵੀ ਖੁਰਪੀ ਲੈ ਕੇ ਗੁਡਾਈ ਕਰਨ ਲੱਗਾ।
ਦਾਦਾ ਜੀ ਉਸ ਵੱਲ ਵੇਖ ਕੇ ਮੁਸਕਰਾਏ ਤੇ ਕਹਿਣ ਲੱਗੇ, ‘‘ਪੁੱਤਰ, ਏਦਾਂ ਦੇ ਚੰਗੇ ਕੰਮਾਂ ਵਿੱਚ ਮਨ ਲਗਾਇਆ ਕਰ ਨਾ ਕਿ ਸ਼ੈਤਾਨਾਂ ਵਾਲੇ ਕੰਮਾਂ ਵਿੱਚ। ਬੇਕਸੂਰ ਪੰਛੀਆਂ ਨੂੰ ਮਾਰਨਾ ਪਾਪ ਹੈ।’’
ਬਾਲ ਕਹਾਣੀ
ਚਿਰਾਗ ਕੁਝ ਨਾ ਬੋਲਿਆ ਤੇ ਦਾਦਾ ਜੀ ਦੀ ਗੱਲ ਨੂੰ ਅਣਸੁਣਿਆ ਕਰ ਗੁਡਾਈ ਕਰਦਾ ਰਿਹਾ। ਤਦੇ ਕਿੰਨੇ ਹੀ ਪੰਛੀ ਨਾਲ ਦੀ ਕੰਧ ’ਤੇ ਬਹਿ ਕੇ ਸ਼ੋਰ ਮਚਾਉਣ ਲੱਗੇ। ਚਿਰਾਗ ਨੇ ਉਨ੍ਹਾਂ ਵੱਲ ਦੇਖਿਆ ਤੇ ਸੋਚਿਆ ਕਿ ਉਸ ਕੋਲ ਇਸ ਸਮੇਂ ਗੁਲੇਲ ਹੁੰਦੀ ਤਾਂ ਮਜ਼ਾ ਆ ਜਾਂਦਾ। ਸ਼ਿਕਾਰ ਉਸ ਦੇ ਕਿੰਨੇ ਨੇੜੇ ਹੈ।
ਤਦੇ ਉਸ ਦੇ ਦਾਦਾ ਜੀ ਉਸ ਵੱਲ ਤੇਜ਼ੀ ਨਾਲ ਵਧੇ। ਇਹ ਵੇਖ ਚਿਰਾਗ ਡਰ ਗਿਆ ਕਿ ਦਾਦਾ ਜੀ ਉਸ ’ਤੇ ਕਿਸੇ ਗ਼ਲਤੀ ਲਈ ਉਸ ਨੂੰ ਮਾਰਨ ਵਾਲੇ ਹਨ, ਪਰ ਇਹ ਕੀ, ਉਸ ਦੇ ਦਾਦਾ ਜੀ ਨੇ ਆਪਣੇ ਹੱਥ ਵਿਚਲਾ ਤਸਲਾ ਤੇਜ਼ੀ ਨਾਲ ਉਸ ਦੇ ਪਿੱਛੇ ਸੁੱਟਿਆ। ਉਦੋਂ ਤੱਕ ਚਿਰਾਗ ਨੂੰ ਕੁਝ ਸਮਝ ਨਾ ਆਇਆ।
ਅਸਲ ਵਿੱਚ ਚਿਰਾਗ ਦੇ ਬਿਲਕੁਲ ਨੇੜੇ ਹੀ ਇੱਕ ਸੱਪ ਉਸ ਵੱਲ ਵਧ ਰਿਹਾ ਸੀ। ਪੰਛੀਆਂ ਦੇ ਸ਼ੋਰ ਨਾਲ ਦਾਦਾ ਜੀ ਦਾ ਧਿਆਨ ਚਿਰਾਗ ਵੱਲ ਗਿਆ ਤਾਂ ਨਾਲ ਹੀ ਉਸ ਦੇ ਪਿੱਛੇ ਕਾਲੇ ਨਾਗ ’ਤੇ ਉਨ੍ਹਾਂ ਦੀ ਨਜ਼ਰ ਟਿਕ ਗਈ। ਸਮਾਂ ਘੱਟ ਹੋਣ ਕਾਰਨ ਹੋਰ ਕੋਈ ਚਾਰਾ ਨਾ ਵੇਖ ਕੇ ਦਾਦਾ ਜੀ ਨੇ ਕੋਲ ਪਿਆ ਤਸਲਾ ਚੁੱਕਿਆ ਤੇ ਸੱਪ ਦੇ ਫਨ ਚੁੱਕਣ ਤੋਂ ਪਹਿਲਾਂ ਹੀ ਉਸ ’ਤੇ ਤਸਲਾ ਸੁੱਟ ਦਿੱਤਾ। ਜਿਸ ਨਾਲ ਸੱਪ ਤਸਲੇ ਵਿੱਚ ਉਲਝ ਗਿਆ। ਹੁਣ ਤੱਕ ਚਿਰਾਗ ਵੀ ਸੰਭਲ ਗਿਆ ਸੀ। ਦਾਦਾ ਜੀ ਨੇ ਜਿਵੇਂ ਹੀ ਸੱਪ ਸ਼ਬਦ ਕਿਹਾ ਤਾਂ ਉਹ ਦੌੜ ਕੇ ਦੂਰ ਜਾ ਖਲੋਤਾ। ਖ਼ਤਰਾ ਟਲ ਗਿਆ। ਦਾਦਾ ਜੀ ਨੇ ਦੇਖਿਆ ਸੱਪ ਤਸਲੇ ਹੇਠੋਂ ਨਿਕਲ ਕੇ ਤੇਜ਼ੀ ਨਾਲ ਕਿਆਰੀ ਵਿੱਚੋਂ ਬਾਹਰ ਜਾ ਰਿਹਾ ਸੀ।
ਚਿਰਾਗ ਬੁੱਤ ਜਿਹਾ ਬਣਿਆ ਖੜ੍ਹਾ ਸੀ। ਪੰਛੀ ਸ਼ਾਂਤ ਹੋ ਚੁੱਕੇ ਸਨ। ਚਿਰਾਗ ਦੇ ਦਾਦਾ ਜੀ ਨੇ ਚਿਰਾਗ ਨੂੰ ਕਿਹਾ, ‘‘ਸ਼ੁਕਰ ਹੈ ਮੇਰੀ ਨਜ਼ਰ ਸਮੇਂ ਸਿਰ ਇਸ ਜ਼ਹਿਰੀਲੇ ਸੱਪ ’ਤੇ ਪੈ ਗਈ ਨਹੀਂ ਤਾਂ ਕੁਝ ਵੀ ਹੋ ਸਕਦਾ ਸੀ। ਪਰ ਇਹ ਨਜ਼ਰ ਇਨ੍ਹਾਂ ਪੰਛੀਆਂ ਦੇ ਸੁਚੇਤ ਕਰਾਉਣ ਕਾਰਨ ਪਈ ਹੈ। ਜੇਕਰ ਇਹ ਸ਼ੋਰ ਨਾ ਮਚਾਉਂਦੇ ਤਾਂ ਮੇਰਾ ਧਿਆਨ ਇੱਧਰ ਨਹੀਂ ਸੀ ਜਾਣਾ। ਤੂੰ ਇਨ੍ਹਾਂ ਪੰਛੀਆਂ ਨੂੰ ਤੰਗ ਪਰੇਸ਼ਾਨ ਕਰਦਾ ਹੈ ਤੇ ਇਨ੍ਹਾਂ ਦੀ ਜਾਨ ਦਾ ਦੁਸ਼ਮਣ ਬਣਿਆ ਰਹਿੰਦਾ ਹੈ। ਅੱਜ ਇਨ੍ਹਾਂ ਕਾਰਨ ਹੀ ਤੈਨੂੰ ਨਵਾਂ ਜੀਵਨ ਮਿਲਿਆ ਹੈ।’’
ਇਸ ਵਾਰ ਚਿਰਾਗ ਨੂੰ ਅਹਿਸਾਸ ਸੀ ਕਿ ਦਾਦਾ ਜੀ ਜੋ ਕਹਿ ਰਹੇ ਹਨ ਬਿਲਕੁਲ ਸਹੀ ਹੈ। ਉਸ ਨੇ ਪਿਆਰ ਭਰੀ ਨਜ਼ਰ ਨਾਲ ਪੰਛੀਆਂ ਵੱਲ ਵੇਖਿਆ ਤੇ ਦਾਦਾ ਜੀ ਕੋਲ ਵਾਅਦਾ ਕੀਤਾ ਕਿ ਅੱਜ ਤੋਂ ਬਾਅਦ ਪੰਛੀਆਂ ਨੂੰ ਕਦੇ ਵੀ ਨਹੀਂ ਸਤਾਵੇਗਾ।
ਚਿਰਾਗ ਨੇ ਉਸੇ ਦਿਨ ਦਾਦਾ ਜੀ ਵੱਲੋਂ ਛੁਪਾਈ ਆਪਣੀ ਗੁਲੇਲ ਚੁੱਕ ਕੇ ਤੋੜ ਦਿੱਤੀ ਸੀ। ਹੁਣ ਉਹ ਰੋਜ਼ਾਨਾ ਘਰ ਦੀ ਛੱਤ ’ਤੇ ਜਾਂਦਾ ਤੇ ਪੰਛੀਆਂ ਲਈ ਦਾਣਾ ਪਾਣੀ ਰੱਖ ਆਉਂਦਾ। ਰੁੱਖ ’ਤੇ ਬੈਠੇ ਪੰਛੀ ਬੇ-ਡਰ ਹੋ ਕੇ ਚਿਰਾਗ ਵੱਲੋਂ ਰੱਖਿਆ ਭੋਜਨ ਖਾਂਦੇ ਤੇ ਪਾਣੀ ਪੀ ਪਿਆਸ ਬੁਝਾਉਂਦੇ। ਇਹ ਵੇਖ ਚਿਰਾਗ ਨੂੰ ਸੱਚੀ ਖੁਸ਼ੀ ਹੁੰਦੀ। ਉਹ ਪੰਛੀਆਂ ਦਾ ਦੋਸਤ ਬਣ ਗਿਆ ਸੀ।
ਸੰਪਰਕ: 98723-25960