ਪ੍ਰਿੰ. ਸਰਵਣ ਸਿੰਘ
ਸਿਰਮੌਰ ਰਚਨਾਕਾਰ
ਪਹਿਲੀ ਫਰਵਰੀ ਨੂੰ ਨਾਵਲਕਾਰ ਜਸਵੰਤ ਸਿੰਘ ਕੰਵਲ ਦੀ ਪਹਿਲੀ ਬਰਸੀ ਹੈ ਜੋ ਗ਼ਦਰੀ ਬਾਬਿਆਂ ਦੀ ਯਾਦਗਾਰ ਢੁੱਡੀਕੇ ਵਿਖੇ ਮਨਾਈ ਜਾਵੇਗੀ। ਸ਼ਾਮਲ ਹੋਣ ਲਈ ਸਭ ਨੂੰ ਖੁੱਲ੍ਹਾ ਸੱਦਾ ਹੈ। ਸੌ ਕਿਤਾਬਾਂ ਲਿਖਣ ਤੇ ਉਮਰ ਦਾ ਸੈਂਕੜਾ ਮਾਰਨ ਵਾਲਾ ਉਹ ਪੰਜਾਬੀ ਦਾ ਪਹਿਲਾ ਲੇਖਕ ਹੈ। ਉਸ ਨੇ ਪੰਜਾਬੀ ਦੇ ਸਭ ਤੋਂ ਵੱਧ ਪਾਠਕ ਪੈਦਾ ਕੀਤੇ ਹਨ। ਉਸ ਦੇ ਕਈ ਨਾਵਲਾਂ ਦੇ ਦਰਜਨ ਤੋਂ ਵੱਧ ਐਡੀਸ਼ਨ ਛਪੇ। ਉਸ ਨੂੰ ਦਸ ਲੱਖ ਤੋਂ ਵੀ ਵੱਧ ਰਾਇਲਟੀ ਮਿਲੀ ਹੋਵੇਗੀ ਤੇ ਉਦੋਂ ਤੋਂ ਮਿਲਣ ਲੱਗੀ ਜਦੋਂ ਦਸ ਹਜ਼ਾਰ ਦਾ ਕਿੱਲਾ ਆ ਜਾਂਦਾ ਸੀ। ਖੇਤੀਬਾੜੀ ਤੇ ਰਾਇਲਟੀ ਦੀ ਆਮਦਨ ਨਾਲ ਉਸ ਨੇ ਵੱਡਾ ਪਰਿਵਾਰ ਪਾਲਿਆ, ਚਾਰ ਧੀਆਂ ਹੋਸਟਲਾਂ ਵਿਚ ਭੇਜ ਕੇ ਐੱਮ.ਐੱਸਸੀ. ਤਕ ਪੜ੍ਹਾਈਆਂ, ਵਿਆਹੀਆਂ ਤੇ ਕੁਝ ਜ਼ਮੀਨ ਵੀ ਖਰੀਦੀ। ਬਣਦਾ ਸਰਦਾ ਦਸਵੰਧ ਸਿੱਖਿਆ, ਸਿਹਤ ਤੇ ਸਾਹਿਤ ਦੇ ਲੇਖੇ ਲਾਇਆ। ਸੌ ਤੋਂ ਵੱਧ ਲੇਖਕਾਂ ਨੂੰ ਬਾਵਾ ਬਲਵੰਤ, ਬਲਰਾਜ ਸਾਹਨੀ ਤੇ ਡਾ. ਜਸਵੰਤ ਗਿੱਲ ਪੁਰਸਕਾਰ ਦਿੱਤੇ। ਦੇਸ਼ ਵਿਦੇਸ਼ ਦੀਆਂ ਸੈਰਾਂ ਕੀਤੀਆਂ। ਭਾਈ ਜੋਧ ਸਿੰਘ ਤੇ ਖੁਸ਼ਵੰਤ ਸਿੰਘ ਸੌਵੇਂ ਸਾਲ ’ਚ ਤਾਂ ਪਹੁੰਚ ਗਏ ਸਨ, ਪਰ ਉਹ ਸੈਂਕੜਾ ਨਹੀਂ ਸੀ ਮਾਰ ਸਕੇ। ਸੈਂਕੜੇ ਦੀ ਮਾਲੀ ਕੇਵਲ ਕੰਵਲ ਨੇ ਮਾਰੀ।
ਜਸਵੰਤ ਸਿੰਘ ਕੰਵਲ ਬਾਰੇ ਮੈਂ ਪਹਿਲਾਂ ਹੀ ਕੁਝ ਲੇਖ ਲਿਖ ਚੁੱਕਾ ਹਾਂ ਸਗੋਂ ਪੂਰੀ ਕਿਤਾਬ ‘ਪੰਜਾਬੀਆਂ ਦਾ ਬਾਈ ਜਸਵੰਤ ਸਿੰਘ ਕੰਵਲ’। ਸਮਝ ਨਹੀਂ ਆਉਂਦੀ ਉਹਦੀ ਬਰਸੀ ’ਤੇ ਕੀ ਲਿਖਾਂ? ਇਕ ਦਿਨ ਵਰਿਆਮ ਸਿੰਘ ਸੰਧੂ ਨਾਲ ਗੱਲ ਚੱਲੀ ਕਿ ਉਨ੍ਹਾਂ ਲੇਖਕਾਂ ਦੀਆਂ ਹੀ ਬਰਸੀਆਂ ਮਨਾਈਆਂ ਜਾਂਦੀਆਂ ਹਨ ਜਿਨ੍ਹਾਂ ਦੇ ਵਾਰਸ ਜੀਂਦੇ ਜਾਗਦੇ ਹੋਣ। ਸ਼ੁਕਰ ਹੈ ਕੰਵਲ ਦਾ ਪੁੱਤਰ, ਪੂਰਾ ਪਰਿਵਾਰ, ਖ਼ਾਸਕਰ ਉਹਦਾ ਸਾਹਿਤਕ ਵਾਰਸ ਦੋਹਤਾ ਡਾ. ਸੁਮੇਲ ਸਿੰਘ ਸਿੱਧੂ, ਸਭ ਜਿਊਂਦੇ ਜਾਗਦੇ ਹਨ ਜਿਸ ਕਰਕੇ ਲੱਗਦਾ ਹੈ ਉਸ ਦੀਆਂ ਬਰਸੀਆਂ ਮਨਾਈਆਂ ਜਾਂਦੀਆਂ ਰਹਿਣਗੀਆਂ।
ਕੰਵਲ ਡੂੰਘੀਆਂ ਜੜ੍ਹਾਂ ਵਾਲਾ ਬਿਰਖ ਸੀ ਜੋ 100 ਸਾਲ 7 ਮਹੀਨੇ 4 ਦਿਨ, ਸੱਜੀਆਂ ਖੱਬੀਆਂ ’ਵਾਵਾਂ ਨਾਲ ਝੂਮਦਾ, ਫਲ-ਫੁੱਲ ਤੇ ਛਾਵਾਂ ਦਿੰਦਾ ਰਿਹਾ। ਉਸ ਨੇ ਸੈਂਕੜੇ ਕਲਮਾਂ ਨੂੰ ਲਿਖਣ ਦੀ ਚੇਟਕ ਲਾਈ। ਤੀਹ ਲੇਖਕ ਤਾਂ ਢੁੱਡੀਕੇ ਦੇ ਹੀ ਹਨ। 27 ਜੂਨ 1919 ਨੂੰ ਉਸ ਨੇ ਢੁੱਡੀਕੇ ਦੀ ਹਵਾ ’ਚ ਪਹਿਲਾ ਸਾਹ ਲਿਆ ਸੀ ਤੇ ਢੁੱਡੀਕੇ ਵਿਚ ਹੀ 1 ਫਰਵਰੀ 2020 ਨੂੰ ਸਵੇਰੇ 7:40 ਵਜੇ ਆਖ਼ਰੀ ਸਾਹ ਲਿਆ। ਉਸੇ ਦਿਨ 3:30 ਵਜੇ ਉਸ ਦੀ ਮ੍ਰਿਤਕ ਦੇਹ ਦਾ ‘ਜਸਵੰਤ ਸਿੰਘ ਕੰਵਲ ਅਮਰ ਰਹੇ’ ਦੇ ਨਾਅਰਿਆਂ ਨਾਲ ਕਪੂਰਾ ਪੱਤੀ ਦੇ ਸਿਵਿਆਂ ਵਿਚ ਸਸਕਾਰ ਕਰ ਦਿੱਤਾ ਗਿਆ। 10 ਫਰਵਰੀ ਨੂੰ ਅੰਤਿਮ ਅਰਦਾਸ ਉਪਰੰਤ ਸ਼ਰਧਾਂਜਲੀ ਸਮਾਗਮ ਹੋਇਆ ਜਿਸ ਵਿਚ ਪੰਜਾਬ ਸਰਕਾਰ ਦੇ ਭਾਸ਼ਾ ਮੰਤਰੀ ਦਾ ਸਰਕਾਰੀ ਪੱਤਰ ਪੜ੍ਹ ਕੇ ਸੁਣਾਇਆ ਗਿਆ ਕਿ ਸਰਕਾਰੀ ਕਾਲਜ ਢੁੱਡੀਕੇ ਵਿਖੇ ਬਣਾਏ ਨਵੇਂ ਆਡੀਟੋਰੀਅਮ ਦਾ ਨਾਂ ਜਸਵੰਤ ਸਿੰਘ ਕੰਵਲ ਭਵਨ ਰੱਖਿਆ ਜਾਵੇਗਾ। ਕੁਝ ਦਿਨਾਂ ਬਾਅਦ ਪੰਜਾਹ ਸੱਠ ਲੇਖਕਾਂ ਪਾਠਕਾਂ ਨੇ ਸਿਮਰਤੀ ਸਮਾਗਮ ਕੀਤਾ ਤੇ ਬੋਰਡ ਲਾ ਕੇ ਜਸਵੰਤ ਸਿੰਘ ਕੰਵਲ ਭਵਨ ਦਾ ਨਾਮਕਰਣ ਕਰ ਦਿੱਤਾ। ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਜਸਵੰਤ ਸਿੰਘ ਕੰਵਲ ਬਾਰੇ ਸਿਮਰਤੀ ਗ੍ਰੰਥ ਪ੍ਰਕਾਸ਼ਿਤ ਕਰਨ ਦਾ ਐਲਾਨ ਕੀਤਾ ਗਿਆ ਜੀਹਦੇ ਪ੍ਰਕਾਸ਼ਨ ਸਬੰਧੀ ਯੂਨੀਵਰਸਿਟੀ ਹੀ ਦੱਸ ਸਕਦੀ ਹੈ। ਸੰਗਤ ਦਾ ਧੰਨਵਾਦ ਕੰਵਲ ਦੇ ਪੁੱਤਰ ਸਰਬਜੀਤ ਸਿੰਘ ਤੇ ਦੋਹਤੇ ਸੁਮੇਲ ਸਿੰਘ ਸਿੱਧੂ ਨੇ ਕੀਤਾ।
ਪਰਿਵਾਰ ਨੇ ਜਸਵੰਤ ਸਿੰਘ ਕੰਵਲ ਦੀ ਯਾਦ ਵਿਚ ਉਸ ਦਾ ਪੜ੍ਹਨ ਲਿਖਣ ਵਾਲਾ ਕਮਰਾ, ਮੇਜ਼ ਕੁਰਸੀ ਤੇ ਕਾਗਜ਼ ਕਲਮ ਉਵੇਂ ਹੀ ਸਾਂਭ ਰੱਖੇ ਹਨ। ਕਿਤਾਬਾਂ ਤੇ ਕੁਝ ਹੱਥ ਲਿਖਤਾਂ ਵੀ ਸੰਭਾਲੀਆਂ ਹੋਈਆਂ ਹਨ। ਇਹ ਸੇਵਾ ਕੰਵਲ ਦੇ ਪੋਤੇ ਹਰਮੀਤ ਸਿੰਘ ਨੂੰ ਸੌਂਪੀ ਗਈ ਹੈ। ਮੇਰੀਆਂ ਕੰਵਲ ਨਾਲ ਜੁੜੀਆਂ ਬੇਸ਼ੁਮਾਰ ਯਾਦਾਂ ਹਨ। ਸੱਠ ਸਾਲਾਂ ਦਾ ਸਨੇਹ ਜੁ ਸੀ ਤੇ ਤੀਹ ਸਾਲ ਢੁੱਡੀਕੇ ਕਾਲਜ ਵਿਚ ਪੜ੍ਹਾਉਣ ਦਾ ਨੇੜ। ਉਹਦੀ ਸਰਪੰਚੀ ਵੇਲੇ 1956 ਤੋਂ ਹਰ ਸਾਲ ਢੁੱਡੀਕੇ ਦਾ ਲਾਜਪਤ ਰਾਏ ਖੇਡ ਮੇਲਾ ਲੱਗ ਰਿਹਾ ਹੈ। 2019 ਤੱਕ ਇਹ ਮੇਲਾ ਅਸੀਂ ’ਕੱਠੇ ਵੇਖਦੇ ਰਹੇ। ਸੱਠਵਿਆਂ ਸੱਤਰਵਿਆਂ ’ਚ ’ਕੱਠੇ ਕਬੱਡੀ ਮੈਚ ਖਿਡਾਉਂਦੇ ਤੇ ਮੈਚਾਂ ਦੀ ਕਮੈਂਟਰੀ ਕਰਦੇ। ਖ਼ੂਬ ਹਾਸਾ ਖੇਡਾ ਹੁੰਦਾ। ਰਉਂ ਹਲਕਾ ਕਰਨ ਲਈ ਦੱਸਦਾਂ। ਇਕ ਵਾਰ ਧੱਕੜ ਧਾਵੀ ਉਹਦੇ ’ਚ ਅਜਿਹਾ ਵੱਜਾ ਕਿ ਹੌਲੇ ਫੁੱਲ ਕੰਵਲ ਦੀ ਲੋਟ ਪੋਟਣੀ ਲੱਗ ਗਈ। ਉਹਦੀ ਪੱਗ ਪਾਸੇ ਜਾ ਪਈ, ਗੁਲੂਬੰਦ ਖੁੱਲ੍ਹ ਗਿਆ, ਘੜੀ ਡਿੱਗ ਪਈ, ਪਰ ਅਸ਼ਕੇ ਬਾਈ ਦੇ ਕਿ ਵਿਸਲ ਉਹਦੇ ਮੂੰਹ ਵਿਚ ਹੀ ਰਹੀ। ਉਹੀ ਵਿਸਲ ਵਜਾ ਕੇ ਧਾਵੀ ਨੂੰ ਪੁਆਇੰਟ ਦਿੱਤਾ ਤੇ ਪੱਗ ਲੱਕ ਦੁਆਲੇ ਲਪੇਟ ਕੇ ਅਗਲੀ ਕੌਡੀ ਪੁਆਉਣ ਲੱਗਾ। ਅਜਿਹੇ ਸਿਰੜ ਕਰਕੇ ਹੀ ਉਹ ਉਮਰ ਦਾ ਸੈਂਕੜਾ ਮਾਰ ਸਕਿਆ।
2000 ’ਚ ਸੇਵਾਮੁਕਤ ਹੋ ਕੇ ਮੈਂ ਕੈਨੇਡਾ ਵਾਸੀ ਬਣ ਗਿਆ। ਫਿਰ ਵੀ ਹਰੇਕ ਸਿਆਲ ਕੰਵਲ ਨੂੰ ਮਿਲਣ ਆ ਜਾਂਦਾ ਤੇ ਅਸੀਂ ਰਲ਼ ਕੇ ਮੇਲਾ ਵੇਖਦੇ। 28 ਜਨਵਰੀ 2019 ਨੂੰ ਮੈਂ ਉਹਨੂੰ ਮੱਲੋਮੱਲੀ ਮੇਲੇ ਲਿਜਾ ਕੇ ਉਹਤੋਂ ਝੰਡੀ ਕਰਵਾ ਆਇਆ ਸਾਂ। ਖ਼ੂਬ ਤਾੜੀਆਂ ਵੱਜੀਆਂ। 2020 ਦੇ ਖੇਡ ਮੇਲੇ ’ਤੇ ਲਿਜਾਣ ਲਈ ਮੈਂ ਕੈਨੇਡਾ ਤੋਂ ਢੁੱਡੀਕੇ ਪਹੁੰਚਾ ਤਾਂ ਉਹ ਬਿਸਤਰੇ ’ਚ ਨਿਢਾਲ ਪਿਆ ਸੀ। ਗੱਲਾਂ ਦਾ ਹੁੰਗਾਰਾ ਤਾਂ ਭਰਦਾ ਰਿਹਾ, ਪਰ ਮੇਲੇ ਜਾਣ ਤੋਂ ਸਿਰ ਫੇਰ ਗਿਆ। 28 ਜਨਵਰੀ ਨੂੰ ਖੇਡ ਮੇਲਾ ਮੁੱਕਿਆ। ਪਹਿਲੀ ਫਰਵਰੀ ਨੂੰ ਉਹ ਜੱਗ ਦਾ ਭਰਿਆ ਮੇਲਾ ਛੱਡ ਗਿਆ। 2021 ਦਾ ਖੇਡ ਮੇਲਾ ਕਰੋਨਾ ਤੇ ਕਿਸਾਨ ਅੰਦੋਲਨ ਕਰਕੇ ਲੱਗਿਆ ਹੀ ਨਹੀਂ ਜਿਸ ਕਰਕੇ ਮੈਂ ਵੀ ਕੈਨੇਡਾ ਤੋਂ ਢੁੱਡੀਕੇ ਨਹੀਂ ਗਿਆ। ਨਾਲੇ ਹੁਣ ਕਿਹੜਾ ਬਾਘੀਆਂ ਪਾਉਂਦੇ ਕੰਵਲ ਨੇ ਉਡੀਕਦੇ ਹੋਣਾ ਸੀ ਜੀਹਨੂੰ ਮਿਲਣ ਦਾ ਬੜਾ ਚਾਅ ਹੁੰਦਾ ਸੀ! ਬਾਈ ਨੂੰ ਯਾਦ ਕਰਦਿਆਂ ਉਹਦੇ ਮਨਭਾਉਂਦੇ ਕਾਵਿ-ਬੰਦ ਯਾਦ ਆ ਰਹੇ ਨੇ:
ਸਾਡਾ ਜੀਓ ਜਾਮਾ ਜਿਹੜਾ ਆਣ ਮੇਲੇ, ਸਿਰ ਸਦਕਾ ਓਸ ਦੇ ਨਾਮ ਦਾ ਈ
ਭਲਾ ਮੋਏ ਤੇ ਵਿਛੜੇ ਕੌਣ ਮੇਲੇ? ਐਵੇਂ ਜਿਊੜਾ ਲੋਕ ਵਲਾਂਵਦਾ ਈ
ਇਕ ਜੱਟ ਦੇ ਖੇਤ ਨੂੰ ਅੱਗ ਲੱਗੀ, ਵੇਖਾਂ ਆਣ ਕੇ ਕੌਣ ਬੁਝਾਂਵਦਾ ਈ
ਦੇਵਾਂ ਚੂਰੀਆਂ ਘਿਓ ਦੇ ਬਾਲ ਦੀਵੇ, ਵਾਰਸ ਸ਼ਾਹ ਜੇ ਸੁਣਾਂ ਮੈਂ ਆਂਵਦਾ ਈ…
ਏਥੇ ਆਇਆਂ ਨੂੰ ਦੁਨੀਆ ਮੋਹ ਲੈਂਦੀ, ਦਗੇਬਾਜ਼ ਦਾ ਧਾਰ ਕੇ ਭੇਸ ਮੀਆਂ
ਸਦਾ ਨਹੀਂ ਜੁਆਨੀ ਤੇ ਐਸ਼ ਮਾਪੇ, ਸਦਾ ਨਹੀਂ ਜੇ ਬਾਲ ਵਰੇਸ ਮੀਆਂ
ਸਦਾ ਨਹੀਂ ਜੇ ਦੌਲਤਾਂ ਫੀਲ ਘੋੜੇ, ਸਦਾ ਨਹੀਂ ਜੇ ਰਾਜਿਆਂ ਦੇਸ਼ ਮੀਆਂ
ਸ਼ਾਹ ਮੁਹੰਮਦਾ ਸਦਾ ਨਾ ਰੂਪ ਦੁਨੀਆ, ਸਦਾ ਰਹਿਣ ਨਾ ਕਾਲੜੇ ਕੇਸ ਮੀਆਂ…
ਸੱਚੀ ਗੱਲ ਹੈ, ਸਦਾ ਨਾ ਬਾਗ਼ੀਂ ਬੁਲਬੁਲ ਬੋਲੇ, ਸਦਾ ਨਾ ਮੌਜ ਬਹਾਰਾਂ…। ਖ਼ਿਆਲ ਆਉਂਦੈ, ਕੰਵਲ ਜੀਂਦਾ ਹੁੰਦਾ ਤਾਂ ਉਸ ਨੇ ਕਿਸਾਨ ਅੰਦੋਲਨ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਹਣੇ ਮਾਰਵੀਂ ਖੁੱਲ੍ਹੀ ਚਿੱਠੀ ਲਿਖਣੀ ਸੀ ਜਿਵੇਂ ਕਦੇ ਇੰਦਰਾ ਗਾਂਧੀ ਤੇ ਰਾਜੀਵ ਗਾਂਧੀ ਨੂੰ ਲਿਖੀਆਂ ਸਨ। ਉਸ ਨੇ ਦੁਹਾਈਆਂ ਪਾਉਣੀਆਂ ਸਨ, ਕਿਸਾਨਾਂ ਦੀ ਮੰਦੀ ਹਾਲਤ ਦੀਆਂ, ਕਿਸਾਨ ਮਾਰੂ ਕਾਲੇ ਕਾਨੂੰਨਾਂ ਦੀਆਂ ਤੇ ਅੰਦੋਲਨ ਵਿਚ ਸ਼ਹਾਦਤ ਦੇਣ ਵਾਲੇ ਕਿਰਤੀ ਕਿਸਾਨਾਂ ਦੀਆਂ। ਵੰਗਾਰ ਪਾਉਣੀ ਸੀ ਕਿਸਾਨਾਂ ਦੀਆਂ ਮੰਗਾਂ ਮੰਨਣ ਜਾਂ ਗੱਦੀ ਛੱਡਣ ਦੀ। ਕਿਸਾਨ ਅੰਦੋਲਨ ਬਾਰੇ ਅਖ਼ਬਾਰੀ ਲੇਖ ਲਿਖਣੇ ਸਨ ‘ਮੁੜ ਜਾਗੇ ਖੇਤਾਂ ਦੇ ਪੁੱਤ’ ਤੇ ‘ਭਵਕਾਂ ਮਾਰਦਾ ਪੰਜਾਬ’। ਅਤੇ ਕਿਸਾਨ ਜਥੇਬੰਦੀਆਂ ਤੇ ਤੱਤੇ ਨੌਜੁਆਨਾਂ ਨੂੰ ਮੱਤ ਦੇਣੀ ਸੀ, ਸ਼ਾਂਤ ਰਹਿਣ ਦੀ, ਏਕਾ ਰੱਖਣ ਦੀ, ਸਬਰ ਤੇ ਸਿਰੜ ਨਾਲ ਅੱਗੇ ਵਧਣ ਦੀ ਤੇ ਸਿਰਲੇਖ ਰੱਖਣਾ ਸੀ ‘ਕਿਸਾਨਾਂ ਦਾ ਏਕਾ ਲੋਹੇ ਦੀ ਦੀਵਾਰ’। ਟੇਬਲ ਟਾਕ ’ਚ ਧੋਖਾ ਖਾਣ ਤੋਂ ਸਾਵਧਾਨ ਕਰਦੇ ਰਹਿਣਾ ਸੀ। ਜੇਰਾ ਰੱਖਣ ਤੇ ਚੜ੍ਹਦੀ ਕਲਾ ’ਚ ਰਹਿਣ ਦੀ ਨਸੀਹਤ ਦੇਣੀ ਸੀ। ਫਿਰ ਕਿਸਾਨਾਂ ਦੀ ਜਿੱਤ ਉੱਤੇ ਇਕ ਹੋਰ ‘ਜਿੱਤਨਾਮਾ’ ਲਿਖਣਾ ਸੀ। ਉਹ ਕਿਸਾਨੀ, ਪੰਜਾਬ ਤੇ ਪੰਜਾਬੀਅਤ ਨੂੰ ਦਿਲ ਦੀਆਂ ਡੂੰਘਾਈਆਂ ’ਚੋਂ ਪਿਆਰ ਕਰਦਾ ਸੀ। ਪੰਜਾਬ ਦੀ ਰੂਹ ਸੀ, ਕਾਮਰੇਡੀ ਤੇ ਸਿੱਖੀ ਦਾ ਸੁਮੇਲ ਸੀ। ਹੀਰ-ਵੰਨੇ ਪੰਜਾਬ ਦਾ ਆਸ਼ਕ ਸੀ ਜੀਹਦੀਆਂ ਗੱਲਾਂ ਉਹਦਾ ਦੋਹਤਾ ਪ੍ਰੋ. ਸੁਮੇਲ ਵਾਰ ਵਾਰ ਕਰਦਾ ਨਹੀਂ ਥੱਕਦਾ।
ਕੰਵਲ ਗੁਰਬਾਣੀ ਤੇ ਵਾਰਸ ਦੀ ਹੀਰ ਉੱਤੇ ਪੂਰਾ ਮਾਇਲ ਸੀ। ਪਿੰਡ ਦੀ ਫਿਰਨੀ ’ਤੇ ਤੁਰਿਆ ਫਿਰਦਾ ਅਖ਼ਬਾਰਾਂ ਰਸਾਲੇ ਪੜ੍ਹਦਾ ਸੀ। ਤੁਰਿਆ ਜਾਂਦਾ ਆਪਣੇ ਆਪ ਨਾਲ ਗੱਲਾਂ ਕਰਦਾ, ਹੱਥ ਚੁੱਕਦਾ, ਉਂਗਲਾਂ ਤਾਣਦਾ ਸੀ ਜਿਵੇਂ ਬਹਿਸ ਕਰ ਰਿਹਾ ਹੋਵੇ। ਪ੍ਰੋ. ਕਿਸ਼ਨ ਸਿੰਘ ਨੂੰ ਉਹ ਅਸਲੀ ਆਲੋਚਕ ਸਮਝਦਾ ਸੀ। ਉਹ ਯਾਰਾਂ ਦਾ ਦਿਲਦਾਰ ਸੀ, ਸ਼ਤਰੰਜ ਦਾ ਸ਼ੌਕੀਨ ਸੀ, ਲੋਕ ਗੀਤਾਂ ਦਾ ਦੀਵਾਨਾ ਸੀ। ਆਪਮੁਹਾਰਾ ਗਾਉਣ ਲੱਗਦਾ ਸੀ ਤੇ ਗਾਉਂਦਾ ਗਾਉਂਦਾ ਮਚਲ ਜਾਂਦਾ ਸੀ। ਜਸਵੰਤ ਗਿੱਲ ਨੂੰ ਅਵੱਲੇ ਨਾਵਾਂ ਭਾਨਿਆ, ਸੁਭਾਨੋ, ਜੱਸੋ, ਸੁਰਤੀਏ, ਦੁਲਾਰੀਏ, ਰਾਣੋ, ਰਾਜੋ, ਬਾਘੋ, ਜਿੰਦੋ, ਸੁਰਤੋ, ਰਾਧੋ ਤੇ ਬੱਲੋ-ਬੱਲੋ ਨਾਲ ਪੁਕਾਰਦਾ ਸੀ।
2010 ਵਿਚ ਛਪੀ ਉਹਦੀ ਕਿਤਾਬ ਦਾ ਨਾਂ ਸੀ: ਪੰਜਾਬ! ਤੇਰਾ ਕੀ ਬਣੂੰ? ਉਹਦੇ ਸਰਵਰਕ ਉੱਤੇ ਛਪੀਆਂ ਸਤਰਾਂ ਨੇ ਓਦੋਂ ਮੇਰਾ ਓਨਾ ਧਿਆਨ ਨਹੀਂ ਸੀ ਖਿੱਚਿਆ ਜਿੰਨਾ ਹੁਣ ਖਿੱਚ ਰਹੀਆਂ ਹਨ।
‘‘ਗੁਰੂ ਦੇ ਲਾਡਲੇ ਪੰਜਾਬ! ਤੂੰ ਹੁਣ ਕਿਵੇਂ ਜੀਵੇਂਗਾ? ਤੇਰਾ ਅੱਗਾ ਪਿੱਛਾ ਦੁਸ਼ਮਣਾਂ ਜੜ੍ਹਾਂ ਤਕ ਛਾਂਗ ਸੁੱਟਿਆ! ਤੇਰਾਂ ਲੱਖ ਟਿਯੂਬਵੈੱਲਾਂ, ਤੇਰੀ ਤਾਂ ਅੱਡੀਆਂ ਤੱਕ ਰੱਤ ਚੂਸ ਲਈ। ਕਾਂਗਰਸੀ ਤਾਂ ਆਖਦੇ ਸਨ, ਡਾਕੂ ਅੰਗਰੇਜ਼ ਦੇ ਜਾਣ ਪਿੱਛੋਂ ਤੇਰੀਆਂ ਆਨਾਂ ਸ਼ਾਨਾਂ ਨਿਰਾਲੀਆਂ ਹੋਣਗੀਆਂ। ਕਿੱਥੇ ਹੈ ਉਹ ਚੜ੍ਹਦੀ ਕਲਾ? ਪੁੱਤਾਂ ਪੋਤਰਿਆਂ ਵਾਲਾ ਤੂੰ ਤਾਂ ਦੁਨੀਆਂ ਦੇ ਨਕਸ਼ੇ ਤੋਂ ਲਹਿਣ ਵਾਲਾ ਹੋ ਗਿਆ ਏਂ। ਤੇਰਾ ਅਤਿ ਮੰਦੜਾ ਹਾਲ ਵੇਖ ਮੇਰੀ ਕਲਮ ਦਾ ਸਾਹ ਸੂਤਿਆ ਪਿਆ ਹੈ। ਤੇਰਾ ਹੁਣ ਕੀ ਬਣੂੰ?’’
‘‘ਲੁਟੇਰੇ ਤੇ ਅਸਲੋਂ ਵਿਹਲੜ ਸਾਧ ਲਾਣੇ ਵਾਸਤੇ ਕੰਮ ਕਰਨ ਲਈ ਕੋਈ ਨੇਮ ਕਾਨੂੰਨ ਨਹੀਂ, ਕੋਈ ਪਾਬੰਦੀ ਨਹੀਂ। ਕਿਸਾਨ ਤੋਂ ਮੰਡੀ ਤੇ ਬਜ਼ਾਰ ਦੀ ਲੁੱਟ ਪਿੱਛੋਂ ਮੰਗਤਿਆਂ ਤੇ ਸਾਧਾਂ ਦੇ ਧਾੜੇ ਵੀ ਹਿੱਸਾ ਭਾਲਦੇ ਐ। ਤਰਤਾਲੀ ਫ਼ੀਸਦੀ ਕਾਮੇ ਕੰਮ ਕਰਦੇ ਹਨ; ਉਨ੍ਹਾਂ ਦੀ ਕਮਾਈ ’ਤੇ ਸਤਵੰਜਾ ਫ਼ੀਸਦੀ ਵਿਹਲੜ ਅੱਯਾਸ਼ੀਆਂ ਕਰਦੇ ਹਨ। ਜੇ ਕੋਈ ਰੱਬ, ਸਭ ਦਾ ਰਖਵਾਲਾ ਹੁੰਦਾ, ਦਸਾਂ ਨਹੁੰਆਂ ਦੀ ਕਮਾਈ ਬਰਬਾਦ ਹੋਣ ਦੇਂਦਾ? ਹਾਲਤ ਇਹ ਹੈ, ਵਿਹਲੜ ਲਾਣਾ ਚਾਂਭੜਾਂ ਪਾਉਂਦਾ ਹੈ ਤੇ ਕਾਮੇ ਪਸ਼ੂਆਂ ਵਾਂਗ ਪੰਜਾਲੀ ਦਿੱਤੇ ਹਉਂਕ ਰਹੇ ਹਨ। ਨਿਆਂਕਾਰ ਰੱਬ ਕਿੱਥੇ ਮਰ ਗਿਆ? ਇਹ ਸਾਧ ਸੰਤ ਲਾਣੇ ਰੱਬ ਦੇ ਨਾਂ ’ਤੇ ਸਿੱਧੀਆਂ ਡਕੈਤੀਆਂ ਕਰਦੇ ਹਰਾਮ ਖਾਂਦੇ ਹਨ। ਇਨ੍ਹਾਂ ਦੀਆਂ ਲੁਕੀਆਂ ਚੋਰੀਆਂ ਯਾਰੀਆਂ, ਤੋਬਾ ਮੇਰੀ! ਜੇਕਰ ਨਿਆਂਕਾਰ ਰੱਬ ਹੁੰਦਾ, ਵਿਹਲੜ ਗੁਨਾਹਗ਼ਾਰਾਂ ਨੂੰ ਪੁੱਠੀਆਂ ਫਾਂਸੀਆਂ ਦੇਂਦਾ।’’
ਕੰਵਲ ਦੇ ਦਾਦੇ ਦਾ ਨਾਂ ਪੰਜਾਬ ਸਿੰਘ ਸੀ ਜੋ ਉੱਚੇ ਕੱਦ ਦਾ ਸਿਰੜੀ ਕਿਸਾਨ ਸੀ। ਉਹ ਤੜਕੇ ਉੱਠ ਕੇ ਹਲ ਜੋੜਦਾ, ਦੁਪਹਿਰੇ ਪੱਠਾ ਦੱਥਾ ਕਰਦਾ ਤੇ ਸਾਰਾ ਦਿਨ ਮਿੱਟੀ ਨਾਲ ਮਿੱਟੀ ਹੁੰਦਾ ਰਹਿੰਦਾ। ਖੇਤਾਂ ਦੀ ਵਿਰਾਸਤ, ਕਿਰਤ ਤੇ ਕਿਰਸਾਣੀ ਕੰਵਲ ਨੂੰ ਵਿਰਸੇ ਵਿਚ ਮਿਲੀ ਸੀ। ਉਹਦੀਆਂ ਲਿਖਤਾਂ ਵਿਚ ਵੀ ਕਿਰਸਾਣੀ ਉਹਦੇ ਹੱਡੀਂ ਰਚੀ ਦਿਸਦੀ ਹੈ। ਉਹਦੀਆਂ ਲਿਖਤਾਂ ਦੇ ਬਹੁਤੇ ਪਾਤਰ ਕਿਸਾਨ ਮਜ਼ਦੂਰ ਹਨ। ਖੇਤਾਂ ਵਾਲੇ ਵੀ ਹਨ ਤੇ ਵਿਹੜਿਆਂ ਵਾਲੇ ਵੀ। ਉਹਦੇ ਸ਼ਾਹਕਾਰ ਨਾਵਲ ‘ਪੂਰਨਮਾਸ਼ੀ’ ਦੇ ਇਕ ਕਾਂਡ ਉੱਤੇ ਲਿਖਿਆ ਹੈ: ਹਲ ਛੱਡ ਕੇ ਚਰ੍ਹੀ ਨੂੰ ਜਾਣਾ, ਜੱਟ ਦੀ ਜੂਨ ਬੁਰੀ।
‘ਪੂਰਨਮਾਸ਼ੀ’ ਵਿਚ ਪੰਜਾਬ ਦੇ ਪੇਂਡੂ ਜੀਵਨ ਦੀਆਂ ਅਨੇਕ ਝਾਕੀਆਂ ਅੱਖਾਂ ਅੱਗੇ ਆਉਂਦੀਆਂ ਹਨ। ਕਿਤੇ ਤੀਆਂ, ਕਿਤੇ ਮੇਲੇ, ਖੇਡ ਮੁਕਾਬਲੇ, ਖਾਣ ਪੀਣ ਦੀਆਂ ਮਹਿਫ਼ਲਾਂ, ਸਾਕੇਦਾਰੀ, ਪ੍ਰਾਹੁਣਚਾਰੀ, ਸੱਥ ਚਰਚਾ, ਲੋਹੜੀ, ਕਿਤੇ ਡਾਕਾ, ਠਾਣੇ ਦੀ ਹਵਾਲਾਤ, ਅਮਲੀ ਦੇ ਟਾਂਗੇ ਦੀ ਸਵਾਰੀ, ਜੰਞਾਂ ਦਾ ਚੜ੍ਹਨਾ, ਜਾਗੋ ਕੱਢਣੀ, ਵਿਆਹਾਂ ਦੇ ਗੀਤ, ਜੰਞ ਬੰਨ੍ਹਣੀ ਤੇ ਛਡਾਉਣੀ, ਗਾਉਣ ਦੇ ਖਾੜੇ, ਗਮੰਤਰੀਆਂ ਦੀਆਂ ਢੱਡ ਸਾਰੰਗੀਆਂ, ਮੇਲਿਆਂ ’ਚ ਲੜਾਈਆਂ ਭਿੜਾਈਆਂ, ਡੱਬਾਂ ’ਚ ਪਿਸਤੌਲ, ਹੱਥਾਂ ’ਚ ਖੂੰਡੇ, ਮੋਢੇ ਦੁਨਾਲੀਆਂ, ਵਗਦੇ ਖੂਹ, ਜੱਟ ਤੇ ਜ਼ਮੀਨ, ਪੰਚਾਂ ਦੇ ਪੱਖਪਾਤੀ ਫ਼ੈਸਲੇ, ਸ਼ਰੀਕੇ, ਕਬੀਲੇ, ਰਿਸ਼ਤਿਆਂ ’ਚ ਭਾਨੀਆਂ, ਹਾਲੀਆਂ ਪਾਲੀਆਂ ਦੀਆਂ ਬੋਲੀਆਂ, ਤ੍ਰਿੰਞਣ ਦੀਆਂ ਸਹੇਲੀਆਂ, ਚੋਹਲ ਮੋਹਲ, ਗਿਆਨੀ ਦਾ ਉਪਦੇਸ਼ ਤੇ ਇਨਕਲਾਬ ਜ਼ਿੰਦਾਬਾਦ ਦੀਆਂ ਗੱਲਾਂ…।
ਜੇ ਸੰਤ ਸਿੰਘ ਸੇਖੋਂ ਪੰਜਾਬੀ ਸਾਹਿਤ ਦਾ ਬੋਹੜ ਸੀ ਤਾਂ ਜਸਵੰਤ ਸਿੰਘ ਕੰਵਲ ਸਰੂ ਦਾ ਬੂਟਾ ਸੀ। ਉਹ ਵਗਦੀਆਂ ’ਵਾਵਾਂ ਦੇ ਵੇਗ ਵਿਚ ਝੂਮਦਾ ਸੀ। ਕਦੇ ਖੱਬੇ ਲਹਿਰਾਉਂਦਾ ਸੀ, ਕਦੇ ਸੱਜੇ ਤੇ ਕਦੇ ਵਾਵਰੋਲੇ ਵਾਂਗ ਗੋਲਾਈ ’ਚ ਘੁੰਮਦਾ ਸੀ। ਉਹ ਵੇਗਮੱਤਾ ਲੇਖਕ ਸੀ ਤੇ ਲੋਹੜੇ ਦਾ ਜਜ਼ਬਾਤੀ। ਉਹਦੇ ਰੁਮਾਂਚਿਕ ਰਉਂ ’ਚ ਲਿਖੇ ਵਾਕ ਸਿੱਧੇ ਦਿਲਾਂ ’ਤੇ ਅਸਰ ਕਰਦੇ ਰਹੇ। ਉਸ ਨੇ ਲਗਭਗ ਪੰਜਾਹ ਲੱਖ ਲਫ਼ਜ਼ ਲਿਖੇ ਤੇ ਹਜ਼ਾਰਾਂ ਸੰਵਾਦ ਰਚੇ ਜੋ ਨੌਜੁਆਨ ਕੁੜੀਆਂ ਮੁੰਡਿਆਂ ਦੀਆਂ ਡਾਇਰੀਆਂ ਉੱਤੇ ਚੜ੍ਹਦੇ ਰਹੇ। ਉਸ ਦੇ ਨਾਵਲ ‘ਰਾਤ ਬਾਕੀ ਹੈ’ ਨੇ ਹਜ਼ਾਰਾਂ ਨੌਜੁਆਨ ਕਾਮਰੇਡ ਬਣਾਏ ਜਿਸ ਦੀ ਗਵਾਹੀ ਸੋਹਣ ਸਿੰਘ ਜੋਸ਼ ਸਮੇਤ ਅਨੇਕਾਂ ਕਮਿਊਨਿਸਟ ਆਗੂਆਂ ਨੇ ਭਰੀ। ਉਹਦਾ ਨਾਵਲ ‘ਲਹੂ ਦੀ ਲੋਅ’ ਚੋਰੀਓਂ ਦੀਵਿਆਂ ਦੀ ਲੋਅ ਵਿਚ ਪੜ੍ਹਿਆ ਗਿਆ। ਉਹ ਐਮਰਜੈਂਸੀ ਕਾਰਨ ਮਲੇਸ਼ੀਆ ’ਚ ਛਪਿਆ ਤੇ ਇੰਗਲੈਂਡ ਤੋਂ ਸਮੱਗਲ ਹੋ ਕੇ ਪੰਜਾਬ ਪੁੱਜਾ। ਉਹਦੇ ਕਈ ਵਿਚਾਰਧਾਰਕ ਸ਼ਰੀਕਾਂ ਨੇ ‘ਲੋਅ ਦਾ ਲਹੂ’ ਕਹਿ ਕੇ ਭੰਡਿਆ। ਕਈਆਂ ਨੇ ਉਸ ਨੂੰ ਅਤਿਵਾਦੀਆਂ ਦਾ ਹਮਾਇਤੀ ਤੇ ਕਈਆਂ ਨੇ ਰੁਮਾਂਸਿਕ ਆਦਰਸ਼ਵਾਦੀ ਕਿਹਾ। 1947 ਵਿਚ ਉਸ ਨੇ ਪਿੰਡ ਦੇ ਮੁਸਲਮਾਨ ਬਚਾ ਕੇ ਪਾਕਿਸਤਾਨ ਪਹੁੰਚਾਏ, ਲਾਲਾ ਲਾਜਪਤ ਰਾਏ ਦੇ ਨਾਂ ’ਤੇ ਕਾਲਜ ਬਣਵਾਇਆ, ਬਲਰਾਜ ਸਾਹਨੀ ਤੇ ਬਾਵਾ ਬਲਵੰਤ ਦੇ ਨਾਂ ’ਤੇ ਸਾਹਿਤਕ ਪੁਰਸਕਾਰ ਸ਼ੁਰੂ ਕੀਤੇ। ਪਾਸ਼ ਦੇ ਸ਼ਰਧਾਂਜਲੀ ਸਮਾਗਮ ਵਿਚ ਤਲਵੰਡੀ ਸਲੇਮ ਪਹੁੰਚਾ ਤਾਂ ਉਸ ਨੂੰ ਕਿਸੇ ਨਾ ਗੌਲਿਆ। ਉਹ ਪਾਸ਼ ਲਈ ਬਾਵਾ ਬਲਵੰਤ ਪੁਰਸਕਾਰ ਲੈ ਕੇ ਗਿਆ ਸੀ।
ਕੰਵਲ, ਲਛਮਣ ਸਿੰਘ ਗਿੱਲ ਤੇ ਗਿਆਨੀ ਲਾਲ ਸਿੰਘ, ਗੁਆਂਢੀ ਪਿੰਡਾਂ ਦੇ ਸਨ। ਢੁੱਡੀਕੇ, ਚੂਹੜਚੱਕ ਤੇ ਦੌਧਰ ਦੇ ਉਹ ਤਿੰਨੇ ਜਣੇ ਪੰਜਾਬੀ ਭਾਸ਼ਾ ਦੇ ਵੱਡੇ ਥੰਮ੍ਹ ਬਣੇ। ਲਛਮਣ ਸਿੰਘ ਗਿੱਲ ਨੇ ਪੰਜਾਬੀ ਨੂੰ ਰਾਜ ਭਾਸ਼ਾ ਦਾ ਦਰਜਾ ਦਿਵਾਇਆ, ਗਿਆਨੀ ਲਾਲ ਸਿੰਘ ਨੇ ਸਰਕਾਰੀ ਦਫ਼ਤਰਾਂ ਵਿਚ ਪੰਜਾਬੀ ਭਾਸ਼ਾ ਲਾਗੂ ਕਰਨ ਦਾ ਰੋਲ ਨਿਭਾਇਆ ਅਤੇ ਜਸਵੰਤ ਸਿੰਘ ਕੰਵਲ ਨੇ ਪੰਜਾਬੀ ਸਭਾਵਾਂ, ਕਨਵੈਨਸ਼ਨਾਂ ਤੇ ਕਾਨਫਰੰਸਾਂ ਕਰਵਾ ਕੇ ਪੰਜਾਬੀ ਨੂੰ ਹਿੰਦੀ/ਸੰਸਕ੍ਰਿਤ ਦੀ ਪਿਓਂਦ ਚਾੜ੍ਹਨੋਂ ਬਚਾਇਆ।
ਚੜ੍ਹਦੀ ਜੁਆਨੀ ’ਚ ਉਸ ਨੇ ਮਲਾਇਆ ਵਿਚ ਚੌਕੀਦਾਰੇ ਦੀ ਨੌਕਰੀ ਕੀਤੀ। ਮੁੜ ਕੇ ਸ਼੍ਰੋਮਣੀ ਕਮੇਟੀ ਦਾ ਕਲਰਕ ਲੱਗਾ ਤੇ ਲੇਖਕ ਬਣ ਗਿਆ। 1947 ਦੇ ਉਜਾੜੇ ਪਿੱਛੋਂ ਕਿਰਸਾਣੀ ਕਰਦਿਆਂ ਕਿਤਾਬਾਂ ਲਿਖਦਿਆਂ ਦੋ ਵਾਰ ਪਿੰਡ ਦਾ ਸਰਪੰਚ ਬਣਿਆ। ਪਿੰਡ ’ਚ ਸਿੱਖਿਆ ਤੇ ਸਿਹਤ ਦੇ ਉੱਚ ਅਦਾਰੇ ਬਣਵਾ ਕੇ ਪਛੜੇ ਪਿੰਡ ਦਾ ਵਿਕਾਸ ਕੀਤਾ। ਕੇਂਦਰੀ ਪੰਜਾਬੀ ਲੇਖਕ ਸਭਾ ਦਾ ਜਨਰਲ ਸਕੱਤਰ, ਪ੍ਰਧਾਨ ਤੇ ਸਰਪ੍ਰਸਤ ਰਿਹਾ। ਉਹ 1980 ਦੀ ਇੰਗਲੈਂਡ ਵਾਲੀ ਪਹਿਲੀ ਵਿਸ਼ਵ ਪੰਜਾਬੀ ਕਾਨਫਰੰਸ ਵਿਚ ਸ਼ਾਮਲ ਹੋਇਆ। ਪੰਜਾਬ ਸਕੂਲ ਸਿੱਖਿਆ ਬੋਰਡ ਦਾ ਮੈਂਬਰ ਰਿਹਾ। ਉਸ ਨੇ ਸ਼੍ਰੋਮਣੀ ਕਮੇਟੀ ’ਚ ਸੇਵਾ ਕਰਦਿਆਂ ਪੋਠੋਹਾਰ ਦੇ ਸਿੱਖਾਂ ਦੀ ਜਾਨ ਹੂਲ ਕੇ ਮਦਦ ਕੀਤੀ।
ਪੰਜ ਜਨਵਰੀ 2019 ਨੂੰ ਮੈਂ ਕੰਵਲ ਨੂੰ ਮਿਲਣ ਆਇਆ ਤਾਂ ਉਹ ਇਕੋ ਸ਼ਿਅਰ ਵਾਰ ਵਾਰ ਦੁਹਰਾਈ ਗਿਆ: ਹਮ ਜੋ ਗਏ ਤੋ ਰਾਹ ਗੁਜ਼ਰ ਨਾ ਥੀ, ਤੁਮ ਜੋ ਆਏ ਤੋ ਮੰਜ਼ਲੇਂ ਲਾਏ…। ਰਾਤ ਮੈਂ ਉਹਦੇ ਕੋਲ ਹੀ ਰਹਿ ਪਿਆ। ਸਵੇਰੇ ਉੱਠੇ ਤਾਂ ਉਹ ‘ਹਮ ਜੋ ਗਏ ਤੁਮ ਜੋ ਆਏ’ ਵਾਲਾ ਸ਼ਿਅਰ ਭੁੱਲ ਚੁੱਕਾ ਸੀ। ਮੈਂ ਉਹਦੀ ਹੱਥ ਲਿਖਤ ਦੀ ਨਿਸ਼ਾਨੀ ਵਜੋਂ ਇਕ ਕਾਗਜ਼ ਮੇਜ਼ ਤੋਂ ਚੁੱਕ ਲਿਆ ਜੋ ਤਾਜ਼ਾ ਹੀ ਲਿਖਿਆ ਸੀ। ਉਹ ਪੁਰਾਣੇ ਪੈਡ ਦਾ ਅੱਧਾ ਵਰਕਾ ਸੀ। ਮੈਂ ਤਹਿ ਕਰ ਕੇ ਬਟੂਏ ’ਚ ਪਾ ਲਿਆ ਜੋ ਅੱਜ ਤਕ ਮੇਰੇ ਬਟੂਏ ਵਿਚ ਹੈ। ਕਦੇ ਕਦੇ ਨਜ਼ਰ ਮਾਰ ਲੈਂਦਾ ਹਾਂ। ਉਸ ਉੱਤੇ ਲਿਖੀ ਪਹਿਲੀ ਸਤਰ ਹੈ: ਕਾਲੀ ਗਾਨੀ ਮਿੱਤਰਾਂ ਦੀ, ਗਲ ਪਾ ਕੇ ਲੱਖਾਂ ਦੀ ਹੋ ਜਾਹ। ਦੂਜੀ ਸਤਰ ਹੈ: ਛੋਟੀਆਂ ਲੜਾਈਆਂ ਬੰਦ। ਚੜ੍ਹਦੀ ਕਲਾ ਬੁਲੰਦ! ਤੇ ਤੀਜੀ ਸਤਰ: ਸ਼ਕਤੀ ਬੰਦੇ ਨੂੰ ਲਲਕਾਰਦੀ ਹੈ…।
ਬੱਸ ਏਨੀਆਂ ਕੁ ਸਤਰਾਂ ਨਾਲ ਮੈਂ ਆਪਣੇ ਮਹਬਿੂਬ ਲੇਖਕ ਨੂੰ ਅੰਤਾਂ ਦੀ ਸ਼ਿੱਦਤ ਨਾਲ ਯਾਦ ਕਰਦਾ ਹਾਂ!