ਗੁਰਦੇਵ ਸਿੰਘ ਸਿੱਧੂ
ਕਾਰਨ ਤੇ ਸਿੱਟੇ
ਸਟ ਇੰਡੀਆ ਕੰਪਨੀ ਦੇ ਹਿੰਦੋਸਤਾਨ ਵਿਚਲੇ ਹੁਕਮਰਾਨ ਲਾਰਡ ਡਲਹੌਜ਼ੀ ਦੀ ਦੇਸੀ ਰਿਆਸਤਾਂ ਨੂੰ ਹੜੱਪਣ ਦੀ ਨੀਤੀ ਅਧੀਨ ਪੰਜਾਬ ਨੂੰ ਲਗਭਗ ਅੱਧੀ ਸਦੀ ਪ੍ਰਭੂਸੱਤਾ ਦਾ ਸੁੱਖ ਭੁਗਤਾਉਣ ਵਾਲੇ ਮਹਾਰਾਜਾ ਰਣਜੀਤ ਸਿੰਘ ਦੇ ਅਕਾਲ ਚਲਾਣੇ ਤੋਂ ਛੇਤੀ ਹੀ ਪਿੱਛੋਂ ਅੰਗਰੇਜ਼ੀ ਸਲਤਨਤ ਦਾ ਹਿੱਸਾ ਬਣਾਉਣ ਦੀ ਕਵਾਇਦ ਸ਼ੁਰੂ ਹੋ ਗਈ। ਲਾਰਡ ਡਲਹੌਜ਼ੀ ਪੰਜਾਬ ਦੇ ਸੁਤੰਤਰ ਖਾਲਸਾ ਰਾਜ ਨੂੰ ਕੰਪਨੀ ਬਹਾਦਰ ਦੇ ਝੰਡੇ ਹੇਠ ਲਿਆਉਣ ਨੂੰ ਕਿੰਨਾ ਮਹੱਤਵ ਦਿੰਦਾ ਸੀ, ਇਸ ਦਾ ਅੰਦਾਜ਼ਾ ਇਸ ਤੱਥ ਤੋਂ ਲਾਇਆ ਜਾ ਸਕਦਾ ਹੈ ਕਿ ਪਹਿਲੇ ਅੰਗਰੇਜ਼-ਸਿੱਖ ਯੁੱਧ ਵਿਚ ਉਹ ਅੰਗਰੇਜ਼ੀ ਸੈਨਾ ਦੇ ਸੈਨਾਪਤੀ ਦਾ ਡਿਪਟੀ ਬਣ ਕੇ ਯੁੱਧ ਵਿਚ ਸ਼ਾਮਲ ਹੋਇਆ ਸੀ।
ਦਲੀਪ ਸਿੰਘ ਮਹਾਰਾਜਾ ਰਣਜੀਤ ਸਿੰਘ ਦਾ ਉਸ ਦੀ ਸਭ ਤੋਂ ਛੋਟੀ ਰਾਣੀ, ਮਹਾਰਾਣੀ ਜਿੰਦਾਂ, ਦੇ ਪੇਟੋਂ 6 ਸਤੰਬਰ 1938 ਨੂੰ ਜਨਮਿਆ ਪੁੱਤਰ ਸੀ। ਉਨ੍ਹੀਂ ਦਿਨੀਂ ਸਿੱਖ ਸਰਦਾਰ ਘਰਾਣਿਆਂ ਵਿਚ ਆਪਣੇ ਬੱਚਿਆਂ ਨੂੰ ਨਿੱਕੀ ਉਮਰ ਵਿਚ ਹੀ ਵਿਆਹ ਲੈਣ ਦਾ ਰਿਵਾਜ ਸੀ। ਮਹਾਰਾਜਾ ਰਣਜੀਤ ਸਿੰਘ ਦਾ ਵਿਆਹ ਪੰਦਰਾਂ ਸਾਲ ਦੀ ਉਮਰ ਵਿੱਚ ਕਨ੍ਹੱਈਆ ਮਿਸਲ ਦੇ (ਸਵਰਗੀ) ਸਰਦਾਰ ਗੁਰਬਖਸ਼ ਸਿੰਘ ਅਤੇ ਸਰਦਾਰਨੀ ਸਦਾ ਕੌਰ ਦੀ ਪੁੱਤਰੀ ਬੀਬੀ ਮਹਿਤਾਬ ਕੌਰ ਨਾਲ ਹੋਇਆ। ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਪੁੱਤਰ ਕੰਵਰ ਖੜਕ ਸਿੰਘ ਦੀ ਸ਼ਾਦੀ ਵੀ ਉਸ ਦੀ ਬਾਲ ਉਮਰ ਵਿੱਚ ਹੀ ਕਰ ਦਿੱਤੀ। ਜਦੋਂ ਇਹ ਸ਼ਾਦੀ ਕਨ੍ਹੱਈਆ ਮਿਸਲ ਦੇ ਸ. ਜੈਮਲ ਸਿੰਘ ਦੀ ਪੁੱਤਰੀ ਚੰਦ ਕੌਰ ਨਾਲ ਹੋਈ, ਉਦੋਂ ਖੜਕ ਸਿੰਘ ਦੀ ਉਮਰ ਕੇਵਲ ਗਿਆਰਾਂ ਸਾਲ ਦੀ ਸੀ। ਪੰਦਰਾਂ ਸਾਲ ਦੀ ਉਮਰ ਵਿੱਚ ਖੜਕ ਸਿੰਘ ਦੀ ਦੂਜੀ ਸ਼ਾਦੀ ਸ. ਜੋਧ ਸਿੰਘ ਬਾਜਵਾ ਕਲਾਸਵਾਲਾ ਦੀ ਬੇਟੀ ਖੇਮ ਕੌਰ ਨਾਲ ਹੋਈ। ਖੜਕ ਸਿੰਘ ਦੇ ਪੁੱਤਰ ਨੌਨਿਹਾਲ ਸਿੰਘ ਦੇ ਵਿਆਹ ਦੀ ਵਿੱਥਿਆ ਵੀ ਇਸ ਤੋਂ ਭਿੰਨ ਨਹੀਂ। ਨੌਨਿਹਾਲ ਸਿੰਘ ਦੀ ਸ਼ਾਦੀ ਉਸ ਦੀ ਉਮਰ ਦੇ ਸੋਲਵੇਂ ਸਾਲ ਵਿੱਚ ਸਰਦਾਰ ਸ਼ਾਮ ਸਿੰਘ ਅਟਾਰੀਵਾਲਾ ਦੀ ਛੋਟੀ ਭੈਣ ਬੀਬੀ ਨਾਨਕੀ ਨਾਲ ਹੋ ਗਈ ਸੀ। ਇਸ ਲਈ ਇਹ ਗੱਲ ਹੈਰਾਨੀ ਵਾਲੀ ਨਹੀਂ ਸੀ ਹੋਣੀ, ਜੇਕਰ ਇਸ ਪਰਿਵਾਰਕ ਪਰੰਪਰਾ ਅਨੁਸਾਰ ਦਲੀਪ ਸਿੰਘ ਦੀ ਸ਼ਾਦੀ ਵੀ ਛੋਟੀ ਉਮਰ ਵਿਚ ਹੀ ਹੋ ਜਾਂਦੀ, ਪਰ ਰਾਜਨੀਤਿਕ ਦ੍ਰਿਸ਼ ਬਦਲਣ ਕਾਰਨ ਅਜਿਹਾ ਹੋ ਨਹੀਂ ਸਕਿਆ।
ਮਹਾਰਾਜਾ ਸ਼ੇਰ ਸਿੰਘ ਨੂੰ ਕਤਲ ਕੀਤੇ ਜਾਣ ਪਿੱਛੋਂ 15 ਸਤੰਬਰ 1843 ਨੂੰ ਦਲੀਪ ਸਿੰਘ ਨੂੰ ਰਾਜ ਤਿਲਕ ਲਗਾਇਆ ਗਿਆ। ਇਸ ਵੇਲੇ ਉਸ ਦੀ ਉਮਰ ਕੇਵਲ ਪੰਜ ਸਾਲ ਹੀ ਸੀ। ਰਾਜ ਗੱਦੀ ਉੱਤੇ ਬੈਠਣ ਤੋਂ ਪੌਣੇ ਦੋ ਸਾਲ ਬਾਅਦ ਲਗਭਗ ਸੱਤ ਕੁ ਸਾਲ ਦੀ ਉਮਰ ਵਿੱਚ 21 ਜੁਲਾਈ 1945 ਨੂੰ ਉਸ ਦੀ ਮੰਗਣੀ ਅਟਾਰੀ ਖਾਨਦਾਨ ਦੇ ਸ. ਚਤਰ ਸਿੰਘ ਦੀ ਲੜਕੀ ਨਾਲ ਕੀਤੀ ਗਈ। ਸ. ਚਤਰ ਸਿੰਘ ਲਾਹੌਰ ਦਰਬਾਰ ਦਾ ਸਿਰਕੱਢ ਸਰਦਾਰ ਹੋਣ ਕਾਰਨ ਇਸ ਸਮੇਂ ਹਜ਼ਾਰੇ ਦੇ ਗਵਰਨਰ ਵਜੋਂ ਜ਼ਿੰਮੇਵਾਰੀ ਨਿਭਾ ਰਿਹਾ ਸੀ। ਸੰਭਵ ਹੈ, ਛੇਤੀ ਹੀ ਮਹਾਰਾਜਾ ਦਲੀਪ ਸਿੰਘ ਦੀ ਸ਼ਾਦੀ ਹੋ ਜਾਂਦੀ ਪਰ ਲਾਹੌਰ ਦਰਬਾਰ ਵਿਚ ਚੱਲ ਰਹੀ ਖਾਨਾਜੰਗੀ ਕਾਰਨ ਅਜਿਹਾ ਨਹੀਂ ਹੋ ਸਕਿਆ। ਮਹਾਰਾਜਾ ਦਲੀਪ ਸਿੰਘ ਦਾ ਮਾਮਾ ਜਵਾਹਰ ਸਿੰਘ ਵਜ਼ੀਰ ਵਜੋਂ ਜ਼ਿੰਮੇਵਾਰੀ ਨਿਭਾ ਰਿਹਾ ਸੀ। ਉਹ ਸਿੱਖ ਫ਼ੌਜ ਹੱਥੋਂ 21 ਸਤੰਬਰ 1845 ਨੂੰ ਕਤਲ ਹੋ ਗਿਆ ਅਤੇ ਦਸੰਬਰ 1845 ਵਿੱਚ ਅੰਗਰੇਜ਼ਾਂ ਨਾਲ ਸਿੱਖ ਫ਼ੌਜ ਦੀ ਪਹਿਲੀ ਲੜਾਈ ਸ਼ੁਰੂ ਹੋ ਗਈ। ਮੁੱਦਕੀ, ਫੇਰੂ ਸ਼ਹਿਰ, ਸਭਰਾਉਂ ਆਦਿ ਸਥਾਨਾਂ ਉੱਤੇ ਹੋਈਆਂ ਲੜਾਈਆਂ ਵਿੱਚ ਸਿੱਖ ਫ਼ੌਜ ਨੂੰ ਹਰਾਉਣ ਉਪਰੰਤ ਹਿੰਦੋਸਤਾਨ ਦਾ ਅੰਗਰੇਜ਼ ਗਵਰਨਰ ਜਨਰਲ 20 ਫਰਵਰੀ 1846 ਨੂੰ ਲਾਹੌਰ ਵਿਚ ਦਾਖਲ ਹੋਇਆ। ਨੌਂ ਮਾਰਚ 1846 ਨੂੰ ਲਾਹੌਰ ਦਰਬਾਰ ਅਤੇ ਕੰਪਨੀ ਦਰਮਿਆਨ ਸਹੀ ਕੀਤੀ ਸੰਧੀ ਅਨੁਸਾਰ ਦਲੀਪ ਸਿੰਘ ਦੇ ਨਾਂ ਹੇਠ ਚੱਲ ਰਹੇ ਰਾਜ ਪ੍ਰਬੰਧ ਵਿਚ ਮਹਾਰਾਣੀ ਜਿੰਦਾਂ ਨੂੰ ਕੁਝ ਅਧਿਕਾਰ ਦਿੱਤਾ ਗਿਆ, ਪਰ ਕੁਝ ਹੀ ਮਹੀਨਿਆਂ ਪਿੱਛੋਂ 16 ਦਸੰਬਰ 1846 ਨੂੰ ਹੋਈ ਨਵੀਂ ਸੰਧੀ, ਜੋ ਭਰੋਵਾਲ ਦੀ ਸੰਧੀ ਦੇ ਨਾਮ ਨਾਲ ਜਾਣੀ ਜਾਂਦੀ ਹੈ, ਅਧੀਨ ਰਾਜਭਾਗ ਦਾ ਕੰਟਰੋਲ ਗਵਰਨਰ ਜਨਰਲ ਹਿੰਦ ਵੱਲੋਂ ਲਾਹੌਰ ਵਿਚ ਨਿਯੁਕਤ ਰੈਜ਼ੀਂਡੈਂਟ ਮਿਸਟਰ ਹੈਨਰੀ ਲਾਰੈਂਸ ਦੇ ਹੱਥ ਦੇ ਦਿੱਤਾ ਗਿਆ। ਮਹਾਰਾਣੀ ਜਿੰਦਾਂ ਨੂੰ ਬਿਲਕੁਲ ਅਧਿਕਾਰਹੀਣ ਕਰ ਦਿੱਤਾ ਗਿਆ, ਦਲੀਪ ਸਿੰਘ ਤਾਂ ਪਹਿਲਾਂ ਹੀ ਨਾਮਧਰੀਕ ਮਹਾਰਾਜਾ ਸੀ।
ਲਾਰਡ ਡਲਹੌਜ਼ੀ ਨੇ ਜਾਣ ਲਿਆ ਸੀ ਕਿ ਪੰਜਾਬੀ ਪਰੰਪਰਾ ਅਨੁਸਾਰ ਵਿਅਕਤੀ ਦੋ ਪਰਿਵਾਰਾਂ ਤੋਂ ਪ੍ਰਭਾਵ ਕਬੂਲਦਾ ਹੈ, ਇਕ ਉਸ ਦਾ ਆਪਣਾ ਪਰਿਵਾਰ ਅਤੇ ਦੂਜਾ ਸਹੁਰਾ ਪਰਿਵਾਰ। ਦਲੀਪ ਸਿੰਘ ਦੇ ਮਾਮਲੇ ਵਿਚ ਉਸ ਦੇ ਪਰਿਵਾਰ ਦੀ ਇਕੋ ਇਕ ਦੂਜੀ ਮੈਂਬਰ ਉਸ ਦੀ ਮਾਂ ਮਹਾਰਾਣੀ ਜਿੰਦਾਂ ਸੀ ਅਤੇ ਲਾਰਡ ਡਲਹੌਜ਼ੀ ਦਾ ਕੱਢਿਆ ਸਿੱਟਾ ਇਹ ਸੀ ਕਿ ਆਪਣੀ ਮਾਂ ਦੀ ਸੰਗਤ ਵਿਚ ਰਹਿੰਦਿਆਂ ਬਾਲਪਨ ਵਿਚੋਂ ਨਿਕਲਣ ਉਪਰੰਤ ਦਲੀਪ ਸਿੰਘ ਦੇ ਮਨ ਵਿਚ ਮਹਾਰਾਜੇ ਵਜੋਂ ਆਪਣੇ ਅਧਿਕਾਰਾਂ ਦੀ ਪ੍ਰਾਪਤੀ ਬਾਰੇ ਇੱਛਾ ਕਦੇ ਵੀ ਜਨਮ ਲੈ ਸਕਦੀ ਹੈ। ਇਸ ਸੰਭਾਵਨਾ ਤੋਂ ਛੁਟਕਾਰਾ ਪਾਉਣ ਲਈ ਉਸ ਨੇ ਮਹਾਰਾਣੀ ਜਿੰਦਾਂ ਨੂੰ ਪਹਿਲਾਂ ਲਾਹੌਰ ਬਦਰ ਅਤੇ ਫਿਰ ਪੰਜਾਬ ਬਦਰ ਕਰ ਦਿੱਤਾ ਸੀ। ਹੁਣ ਉਸ ਦਾ ਨਿਸ਼ਾਨਾ ਲੋੜੀਂਦੀ ਗੰਢਤੁੱਪ ਕਰ ਕੇ ਮਹਾਰਾਜਾ ਦਲੀਪ ਸਿੰਘ ਨੂੰ ਉਸ ਦੇ ਭਾਵੀ ਸਹੁਰੇ ਪਰਿਵਾਰ ਨਾਲੋਂ ਤੋੜਨਾ ਸੀ।
ਸ. ਚਤਰ ਸਿੰਘ ਅਟਾਰੀ ਬੜਾ ਦੂਰਅੰਦੇਸ਼ ਅਤੇ ਸਿਆਣਾ ਬਜ਼ੁਰਗ ਸਰਦਾਰ ਸੀ। ਉਹ ਲਾਹੌਰ ਦਰਬਾਰ ਵਿਚ ਘਟਨਾਵਾਂ ਦੇ ਵਹਿਣ ਨੂੰ ਧਿਆਨ ਨਾਲ ਵੇਖ ਰਿਹਾ ਸੀ ਅਤੇ ਉਹ ਕੁਝ ਹੱਦ ਤੱਕ ਭਵਿੱਖ ਨੂੰ ਸਮਝਣ ਦੇ ਸਮਰੱਥ ਸੀ। ਅੰਗਰੇਜ਼ ਹਾਕਮ ਵੱਲੋਂ ਮਹਾਰਾਣੀ ਜਿੰਦਾਂ ਨੂੰ ਪੰਜਾਬ ਤੋਂ ਬਾਹਰ ਕੈਦ ਕਰਨ ਨੇ ਉਸ ਦੇ ਤੌਖ਼ਲੇ ਵਧਾ ਦਿਤੇ ਸਨ। ਇਸ ਲਈ ਉਹ ਚਾਹੁੰਦਾ ਸੀ ਕਿ ਜਿੰਨੀ ਜਲਦੀ ਹੋ ਸਕੇ ਮਹਾਰਾਜਾ ਦਲੀਪ ਸਿੰਘ ਦਾ ਉਸ ਦੀ ਲੜਕੀ ਨਾਲ ਵਿਆਹ ਕਾਰਜ ਸੰਪੰਨ ਹੋ ਜਾਣਾ ਚਾਹੀਦਾ ਹੈ। ਉਸ ਨੇ ਆਪਣੀ ਧੀ ਨੂੰ ਦੇਣ ਵਾਲਾ ਦਾਜ ਦਹੇਜ ਪੂਰੀ ਤਰ੍ਹਾਂ ਤਿਆਰ ਕੀਤਾ ਹੋਇਆ ਸੀ, ਪਰ ਅੰਗਰੇਜ਼ ਹਾਕਮਾਂ ਦੀ ਨੀਅਤ ਨੂੰ ਸਮਝਦਿਆਂ ਉਹ ਵਿਆਹ ਛੇਤੀ ਕਰ ਦੇਣ ਦੀ ਗੱਲ ਖੁੱਲ੍ਹ ਕੇ ਨਹੀਂ ਸੀ ਕਰਦਾ। ਲਾਹੌਰ ਦਰਬਾਰ ਵਿਚ ਕੁਝ ਟਿਕ ਟਿਕਾਅ ਆ ਜਾਣ ਉਪਰੰਤ ਉਸ ਨੇ 1848 ਈਸਵੀ ਦੇ ਸ਼ੁਰੂ ਵਿਚ ਰੈਜ਼ੀਡੈਂਟ ਨੂੰ ਸੁਨੇਹਾ ਭੇਜਿਆ ਕਿ ਇਸ ਜ਼ਿੰਦਗੀ ਵਿਚ ਉਸ ਦੀਆਂ ਕੇਵਲ ਦੋ ਹੀ ਇੱਛਾਵਾਂ ਬਾਕੀ ਹਨ। ਪਹਿਲੀ ਆਪਣੀ ਲੜਕੀ ਦੀ ਸ਼ਾਦੀ ਕਰ ਦੇਣਾ ਅਤੇ ਦੂਜੀ ਤੀਰਥਾਂ ਦੀ ਯਾਤਰਾ ਕਰਨੀ, ਪਰ ਤੀਰਥ ਯਾਤਰਾ ਲਈ ਜਾਣ ਤੋਂ ਪਹਿਲਾਂ ਉਹ ਆਪਣੀ ਲੜਕੀ ਦੀ ਸ਼ਾਦੀ ਕਰ ਦੇਣੀ ਚਾਹੁੰਦਾ ਹੈ। ਰੈਜ਼ੀਡੈਂਟ ਇਸ ਮਾਮਲੇ ਵਿਚ ਵਾਇਸਰਾਏ ਦੀ ਸੋਚ ਤੋਂ ਜਾਣੂੰ ਸੀ। ਇਸ ਲਈ ਉਸ ਨੇ ਸ. ਚਤਰ ਸਿੰਘ ਦੇ ਸੁਨੇਹੇ ਪ੍ਰਤੀ ਕੋਈ ਹੁੰਗਾਰਾ ਨਾ ਭਰਿਆ। ਰੈਜ਼ੀਡੈਂਟ ਵੱਲੋਂ ਕੋਈ ਉੱਤਰ ਨਾ ਮਿਲਣ ਉੱਤੇ ਸ. ਚਤਰ ਸਿੰਘ ਨੇ ਆਪਣੇ ਲੜਕੇ ਰਾਜਾ ਸ਼ੇਰ ਸਿੰਘ ਨੂੰ ਇਸ ਸੰਬੰਧੀ ਅੰਗਰੇਜ਼ ਰੈਜ਼ੀਡੈਂਟ ਨਾਲ ਗੱਲ ਕਰਕੇ ਮਹਾਰਾਜੇ ਦੇ ਵਿਆਹ ਦੀ ਤਰੀਕ ਨਿਸ਼ਚਿਤ ਕਰਵਾਉਣ ਲਈ ਆਖਿਆ। ਮਹਾਰਾਜਾ ਦਲੀਪ ਸਿੰਘ ਦਾ ਰਿਸ਼ਤੇ ਵਜੋਂ ਸਾਲਾ ਲੱਗਦਾ ਰਾਜਾ ਸ਼ੇਰ ਸਿੰਘ ਲਾਹੌਰ ਸਥਿਤ ਅੰਗਰੇਜ਼ ਰੈਜ਼ੀਡੈਂਟ ਦੀ ਸਹਾਇਤਾ ਕਰਨ ਲਈ ਬਣਾਈ ਗਈ ਸਲਾਹਕਾਰ ਕੌਂਸਲ ਦਾ ਮੈਂਬਰ ਸੀ। ਉਸ ਨੇ ਇਸ ਮਾਮਲੇ ਬਾਰੇ ਰੈਜ਼ੀਡੈਂਟ ਨਾਲ ਗੱਲ ਕਰਨ ਦਾ ਯਤਨ ਕੀਤਾ, ਪਰ ਉਸ ਦੇ ਯਤਨ ਨੂੰ ਬੂਰ ਨਾ ਪਿਆ। ਰੈਜ਼ੀਡੈਂਟ ਦਾ ਠੰਢਾ ਹੁੰਗਾਰਾ ਵੇਖਦਿਆਂ ਰਾਜਾ ਸ਼ੇਰ ਸਿੰਘ ਨੇ ਰੈਜ਼ੀਡੈਂਟ ਦੇ ਸਹਾਇਕ ਮਿਸਟਰ ਹਰਬਟ ਐਡਵਰਡ, ਜਿਸ ਨਾਲ ਕੰਮ ਕਰਦਿਆਂ ਉਸ ਦੇ ਮਿੱਤਰਾਨਾ ਸੰਬੰਧ ਬਣ ਚੁੱਕੇ ਸਨ, ਨੂੰ ਸਹਾਇਤਾ ਕਰਨ ਦੀ ਬੇਨਤੀ ਕੀਤੀ। ਹਰਬਰਟ ਐਡਵਰਡ ਨੇ ਰਾਜਾ ਸ਼ੇਰ ਸਿੰਘ ਨਾਲ ਆਪਣੇ ਨਿੱਘੇ ਮਿੱਤਰਾਨਾ ਸੰਬੰਧਾਂ ਕਾਰਨ ਝਟਪਟ ਉਸ ਦੀ ਬੇਨਤੀ ਗਵਰਨਰ ਜਨਰਲ ਲਾਰਡ ਡਲਹੌਜ਼ੀ ਨੂੰ ਭੇਜ ਦਿੱਤੀ। ਲਾਰਡ ਡਲਹੌਜ਼ੀ, ਜੋ ਕਿਸੇ ਵੀ ਸੂਰਤ ਵਿਚ ਇਸ ਰਿਸ਼ਤੇ ਨੂੰ ਸਿਰੇ ਚੜ੍ਹਦਾ ਵੇਖਣਾ ਨਹੀਂ ਸੀ ਚਾਹੁੰਦਾ, ਨੇ ਰੈਜ਼ੀਡੈਂਟ ਦੇ ਸਹਾਇਕ ਦੀ ਇਸ ਕਾਰਵਾਈ ਨੂੰ ਬੇਹੱਦ ਨਾ-ਪਸੰਦ ਕੀਤਾ ਅਤੇ ਇਸ ਬਾਰੇ 22 ਅਗਸਤ 1848 ਨੂੰ ਰੈਜ਼ੀਡੈਂਟ ਨੂੰ ਸੰਬੋਧਿਤ ਪੱਤਰ ਵਿੱਚ ਲਿਖਿਆ, ‘‘ਇਹ ਇਕ ਦੋਸਤਾਂ ਵਾਲਾ ਕਾਰਜ ਹੋਵੇਗਾ ਜੇਕਰ ਤੁਸੀਂ ਜਾਂ ਉਸ (ਐਡਵਰਡ) ਦਾ ਭਲਾ ਚਾਹੁਣ ਵਾਲਾ ਕੋਈ ਵਿਅਕਤੀ ਉਸ (ਐਡਵਰਡ) ਨੂੰ ਇਹ ਦੱਸ ਦੇਵੇ ਕਿ ਰੈਜ਼ੀਡੈਂਟ ਦੇ ਸਹਾਇਕ ਵਜੋਂ ਹਿੰਦ ਸਰਕਾਰ ਨੂੰ ਮਨ ਆਈ ਸਲਾਹ ਦੇਣੀ … ਗੰਭੀਰਤਾ ਰਹਿਤ, ਬਿਲਕੁਲ ਨਾਵਾਜਬ ਅਤੇ ਸਰਾਸਰ ਗ਼ੈਰ-ਜ਼ਰੂਰੀ ਹੈ। … ਮੇਰਾ ਇਸ (ਐਡਵਰਡ ਦੀ ਕਾਰਵਾਈ) ਬਾਰੇ ਕੋਈ ਕਾਰਵਾਈ ਕਰਨ ਦਾ ਇਰਾਦਾ ਨਹੀਂ ਅਤੇ ਇਸ ਦਾ ਨਿੱਜੀ ਤੌਰ ਉੱਤੇ ਤੁਹਾਡੇ ਨਾਲ ਜ਼ਿਕਰ ਕਰ ਰਿਹਾ ਹਾਂ ਕਿਉਂਕਿ ਮੈਂ ਮਿਸਟਰ ਐਡਵਰਡ ਦਾ ਭਲਾ ਚਾਹੁੰਦਾ ਹਾਂ।’’
ਦੂਜੇ ਅੰਗਰੇਜ਼-ਸਿੱਖ ਯੁੱਧ ਵਿਚ ਲਾਹੌਰ ਦਰਬਾਰ ਦੀ ਸੈਨਾ ਦਾ ਮੁਕਾਬਲਾ ਜਿਹੜੇ ਸਿੱਖ ਸਰਦਾਰਾਂ ਨਾਲ ਸੀ, ਸ. ਚਤਰ ਸਿੰਘ ਅਟਾਰੀ ਉਨ੍ਹਾਂ ਵਿਚ ਮੁੱਖ ਸੀ। ਰਾਜਾ ਸ਼ੇਰ ਸਿੰਘ ਵੀ ਲਾਹੌਰ ਦਰਬਾਰ ਵਿਚੋਂ ਨੱਸ ਕੇ ਆਪਣੇ ਪਿਤਾ ਨਾਲ ਜਾ ਰਲਿਆ। ਲੜਾਈ ਵਿਚ ਲਾਹੌਰ ਦਰਬਾਰ ਅਤੇ ਅੰਗਰੇਜ਼ੀ ਸੈਨਾ ਦੀ ਕਮਾਨ ਅੰਗਰੇਜ਼ ਸੈਨਾਪਤੀ ਲਾਰਡ ਗਫ ਦੇ ਹੱਥ ਸੀ। ਸਿੱਖ ਸੈਨਾ ਨੇ ਹਾਰ ਜਾਣ ਉਪਰੰਤ 18 ਮਾਰਚ 1849 ਨੂੰ ਹਥਿਆਰ ਸੁੱਟ ਦਿੱਤੇ। ਸ. ਚਤਰ ਸਿੰਘ, ਰਾਜਾ ਸ਼ੇਰ ਸਿੰਘ ਅਤੇ ਹੋਰਨਾਂ ਸਿੱਖ ਮੁਖੀਆਂ ਨੂੰ ਬੰਦੀ ਬਣਾ ਲਿਆ ਗਿਆ। ਉਪਰੰਤ ਰੈਜ਼ੀਡੈਂਟ ਲਾਹੌਰ ਦਾ ਇਕ ਸਹਾਇਕ ਕੈਪਟਨ ਜੇ. ਨਿਕਲਸਨ ਜਦੋਂ ਪਹਿਲੀ ਅਪਰੈਲ ਨੂੰ ਸ. ਚਤਰ ਸਿੰਘ ਅਟਾਰੀ ਦੀ ਜਾਗੀਰ ਦੇ ਮੁੱਖ ਟਿਕਾਣੇ ਪਿੰਡ ਬੁਸਲੀ (ਹਜ਼ਾਰਾ ਇਲਾਕਾ) ਪਹੁੰਚਿਆ ਤਾਂ ਸਥਾਨਕ ਪਠਾਣ ਵਸੋਂ ਨੇ ਆਪਣੀ ਖ਼ੁਸ਼ੀ ਦੇ ਇਜ਼ਹਾਰ ਵਜੋਂ ਉਸ ਨੂੰ ਸ. ਚਤਰ ਸਿੰਘ ਦੇ ਘਰੋਂ ਲੁੱਟਿਆ ਮਾਲ ਦਿਖਾਇਆ। ਇਸ ਮਾਲ ਵਿਚ ਸ. ਚਤਰ ਸਿੰਘ ਦੁਆਰਾ ਆਪਣੀ ਲੜਕੀ ਨੂੰ ਵਿਆਹ ਸਮੇਂ ਦਿੱਤੇ ਜਾਣ ਵਾਲੇ ਵਸਤਰ ਅਤੇ ਹੋਰ ਵਸਤੂਆਂ ਵੀ ਸ਼ਾਮਲ ਸਨ। ਇਸ ਤੋਂ ਪਤਾ ਲੱਗਦਾ ਹੈ ਕਿ ਸ. ਚਤਰ ਸਿੰਘ ਇਸ ਸ਼ਾਦੀ ਦੇ ਸੰਪੰਨ ਹੋ ਜਾਣ ਦੀ ਕਿੰਨੀ ਤੀਬਰਤਾ ਨਾਲ ਉਡੀਕ ਕਰ ਰਿਹਾ ਸੀ, ਪਰ ਦੂਜੇ ਅੰਗਰੇਜ਼-ਸਿੱਖ ਯੁੱਧ ਕਾਰਨ ਮਹਾਰਾਜਾ ਦਲੀਪ ਸਿੰਘ ਦੇ ਅਟਾਰੀ ਖਾਨਦਾਨ ਨਾਲ ਰਿਸ਼ਤੇ ਦਾ ਭੋਗ ਪੈ ਗਿਆ।
ਇਨ੍ਹੀਂ ਦਿਨੀ ਰੋਪੜ ਅਤੇ ਇਸ ਦੇ ਆਲੇ-ਦੁਆਲੇ ਦੇ ਇਲਾਕੇ ਉੱਤੇ ਡੱਲੇਵਾਲੀਆ ਮਿਸਲ ਦਾ ਰਾਜਾ ਭੂਪ ਸਿੰਘ ਕਾਬਜ਼ ਸੀ। ਰਾਜਾ ਭੂਪ ਸਿੰਘ ਆਪਣੀ ਦੋਹਤੀ ਦਾ ਰਿਸ਼ਤਾ ਮਹਾਰਾਜਾ ਦਲੀਪ ਸਿੰਘ ਨਾਲ ਕਰਨਾ ਚਾਹੁੰਦਾ ਸੀ ਅਤੇ ਇਸ ਮਨੋਰਥ ਲਈ ਗੱਲ ਤੋਰਨ ਵਾਸਤੇ ਉਸ ਨੇ ਆਪਣੇ ਦੋ ਦੂਤ ਲਾਹੌਰ ਭੇਜੇ। ਗੁਪਤ ਤੌਰ ’ਤੇ ਇਹ ਸੂਚਨਾ ਲੁਧਿਆਣੇ ਸਥਿਤ ਗਵਰਨਰ-ਜਨਰਲ ਦੇ ਏਜੰਟ ਪਾਸ ਵੀ ਪੁੱਜ ਗਈ। ਉਹ ਦਲੀਪ ਸਿੰਘ ਦਾ ਵਿਆਹ ਕਿਸੇ ਸਿੱਖ ਘਰਾਣੇ ਵਿਚ ਨਾ ਹੋਣ ਦੇਣ ਬਾਰੇ ਵਾਇਸਰਾਏ ਦੀ ਸੋਚ ਤੋਂ ਜਾਣੂੰ ਸੀ। ਉਸ ਨੂੰ ਭਰੋਸਾ ਸੀ ਕਿ ਜੇਕਰ ਇਸ ਰਿਸ਼ਤੇ ਦੀ ਗੱਲ ਨੇਪਰੇ ਚੜ੍ਹ ਗਈ ਤਾਂ ਇਸ ਨਾਲ ਲਾਹੌਰ ਦਰਬਾਰ ਵਿਚਲੇ ਕੁਝ ਸਰਦਾਰਾਂ ਅਤੇ ਛੋਟੇ ਸਿੱਖ ਰਾਜਿਆਂ-ਰਜਵਾੜਿਆਂ ਦੀ ਹਮਦਰਦੀ ਅਤੇ ਹਮਾਇਤ ਮਹਾਰਾਜਾ ਦਲੀਪ ਸਿੰਘ ਨੂੰ ਪ੍ਰਾਪਤ ਹੋ ਜਾਵੇਗੀ। ਇਸ ਲਈ ਉਹ ਚਾਹੁੰਦਾ ਸੀ ਕਿ ਇਹ ਰਿਸ਼ਤੇ ਦੀ ਗੱਲ ਸਿਰੇ ਨਾ ਲੱਗੇ। ਫਲਸਰੂਪ ਉਸ ਨੇ ਰਾਜਾ ਭੂਪ ਸਿੰਘ ਨਾਲ ਸੰਪਰਕ ਬਣਾਇਆ ਅਤੇ ਉਸ ਨੂੰ ਬਰਤਾਨਵੀ ਹਿੰਦੋਸਤਾਨ ਸਰਕਾਰ ਦੀ ਤਾਕਤ ਦਾ ਡਰ ਵਿਖਾਉਂਦਿਆਂ ਆਪਣੀ ਦੋਹਤੀ ਦਾ ਰਿਸ਼ਤਾ ਮਹਾਰਾਜਾ ਦਲੀਪ ਸਿੰਘ ਨਾਲ ਕਰਨ ਦੀ ਯੋਜਨਾ ਤੋਂ ਮੁੜਨ ਲਈ ਮਜਬੂਰ ਕਰ ਦਿੱਤਾ। ਬੇਵੱਸ ਰਾਜਾ ਭੂਪ ਸਿੰਘ ਨੇ ਲਾਹੌਰ ਦਰਬਾਰ ਵਿਚ ਭੇਜੇ ਆਪਣੇ ਦੋਵੇਂ ਦੂਤ ਵਾਪਸ ਬੁਲਾ ਲਏ ਅਤੇ ਮਹਾਰਾਜਾ ਦਲੀਪ ਸਿੰਘ ਦੇ ਇਸ ਰਿਸ਼ਤੇ ਦੀ ਗੱਲ ਸ਼ੁਰੂ ਹੋਣ ਤੋਂ ਪਹਿਲਾਂ ਹੀ ਖ਼ਤਮ ਹੋ ਗਈ।
ਇਸ ਤਰ੍ਹਾਂ ਵਾਇਸਰਾਏ ਹਿੰਦ ਦੇ ਅੜਿੱਕਾ ਬਣਨ ਕਾਰਨ ਮਹਾਰਾਜਾ ਦਲੀਪ ਸਿੰਘ ਦਾ ਕਿਸੇ ਸਿੱਖ ਘਰਾਣੇ ਦੀ ਮੁਟਿਆਰ ਨਾਲ ਵਿਆਹ ਬੰਧਨ ਵਿਚ ਬੱਝਣਾ ਸੰਭਵ ਨਾ ਹੋ ਸਕਿਆ।
ਸੰਪਰਕ: 94170-49417