ਕਰਮਜੀਤ ਸਿੰਘ ਸੇਖੋਂਂ, ਅਨੁਰੀਤ ਕੌਰ, ਸੁਧੀਰ ਥੰਮਨ ਅਤੇ ਅਨੁਰਾਗ ਮਲਿਕ*
ਪੰਜਾਬ ਦੇ ਦੱਖਣੀ-ਪੱਛਮੀ ਖੇਤਰ ਵਿੱਚ ਪੈਂਦੇ ਜ਼ਿਲ੍ਹਿਆਂ ਬਠਿੰਡਾ, ਮਾਨਸਾ, ਸ੍ਰੀ ਮੁਕਤਸਰ ਸਾਹਿਬ, ਫ਼ਰੀਦਕੋਟ, ਫਾਜ਼ਿਲਕਾ ਅਤੇ ਫਿਰੋਜ਼ਪੁਰ ਆਦਿ ਵਿੱਚ ਲਗਭਗ 70 ਫ਼ੀਸਦੀ ਧਰਤੀ ਹੇਠਲਾ ਪਾਣੀ ਮਾੜਾ (ਲੂਣਾ, ਖਾਰਾ ਜਾਂ ਲੂਣਾ-ਖਾਰਾ) ਹੈ। ਅਜਿਹੇ ਪਾਣੀਆਂ ਦੀ ਹੱਦ ਤੋਂ ਵੱਧ ਵਰਤੋਂ ਨਾਲ ਜ਼ਮੀਨ ਦੇ ਰਸਾਇਣਕ ਅਤੇ ਭੌਤਿਕ ਗੁਣਾਂ ਉੱਪਰ ਮਾੜਾ ਪ੍ਰਭਾਵ ਪੈਂਂਦਾ ਹੈ ਜਿਸ ਨਾਲ ਫ਼ਸਲਾਂ ਦਾ ਝਾੜ ਘਟ ਜਾਂਦਾ ਹੈ। ਪਿਛਲੇ ਸਮੇਂ ਵਿੱਚ ਵੱਖੋ-ਵੱਖ ਕੰਪਨੀਆਂ ਵੱਲੋਂ ਬਹੁਤ ਸਾਰੇ ਦਾਅਵੇ ਕੀਤੇ ਜਾਂਦੇ ਰਹੇ ਹਨ ਕਿ ਲੂਣੇ-ਖਾਰੇ ਪਾਣੀ ਵਾਲੇ ਟਿਊਬਵੈੱਲ ਦੀ ਡਲਿਵਰੀ ਪਾਇਪ ਉੱਪਰ ਖ਼ਾਸ ਉਪਕਰਨ ਲਗਾ ਕੇ ਇਸ ਨੂੰ ਸਿੰਜਾਈ ਲਈ ਵਰਤਣ ਦੇ ਅਨੁਕੂਲ ਬਣਾਇਆ ਜਾ ਸਕਦਾ ਹੈ। ਸਮੇਂ-ਸਮੇਂ ’ਤੇ ਕਿਸਾਨਾਂ ਨੇ ਪਾਣੀ ਸੋਧਕ ਯੰਤਰ (ਵਾਟਰ ਪਿਊਰਫਾਈਰ੍ਰਡੀਸਕੇਲਰ) ਦੀ ਜ਼ਿਆਦਾ ਕੀਮਤ ਹੋਣ ਕਰ ਕੇ ਇਸ ਦੀ ਉਪਯੋਗਤਾ ਸਬੰਧੀ ਸਵਾਲ ਕੀਤੇ ਹਨ। ਕਿਸਾਨਾਂ ਦੀ ਉਤਸੁਕਤਾ ਅਤੇ ਇਸ ਮਸਲੇ ਦੀ ਮਹੱਤਤਾ ਨੂੰ ਮੱਦੇਨਜ਼ਰ ਰੱਖਦੇ ਹੋਏ ਇੱਕ ਖੋਜ ਤਜਰਬਾ 5 ਸਾਲ ਤੱਕ ਖੇਤਰੀ ਕੇਂਦਰ ਬਠਿੰਡਾ ਅਧੀਨ ਜੋਧਪੁਰ ਫਾਰਮ ਵਿਚ ਮੈਰਾ ਰੇਤਲੀ ਜ਼ਮੀਨ ਵਿੱਚ ਲੂਣੇ-ਖਾਰੇ ਪਾਣੀ ਨੂੰ ਸੋਧਣ ਵਾਲੇ ਉਪਰਕਨ ਦੀ ਕਾਰਗੁਜ਼ਾਰੀ ਘੋਖਣ ਲਈ ਨਰਮਾ-ਕਣਕ/ਰਾਇਆ ਫ਼ਸਲੀ ਚੱਕਰ ਵਿੱਚ ਕੀਤਾ ਗਿਆ।
ਟਿਊਬਵੈੱਲ ਦੇ ਲੂਣੇ-ਖਾਰੇੇ ਪਾਣੀ ਅਤੇ ਚੰਗੇ ਨਹਿਰੀ ਪਾਣੀ ਵਿੱਚ ਬਾਕੀ ਸੋਡੀਅਮ ਕਾਰਬੋਨੇਟ ਦੀ ਮਾਤਰਾ ਕ੍ਰਮਵਾਰ 6:4 ਅਤੇ 0.5 ਮਿਲੀਲਿਟਰ ਪ੍ਰਤੀ ਲਿਟਰ ਸੀ ਅਤੇ ਚਾਲਕਤਾ ਕ੍ਰਮਵਾਰ 2.2 ਅਤੇ 0.45 ਡੈਸੀਸਿਮਨ ਪ੍ਰਤੀ ਮੀਟਰ ਸੀ (ਜੇ ਬਾਕੀ ਸੋਡੀਅਮ ਕਾਰਬੋਨੇਟ 2.5 ਮਿਲੀਇਕਵੇਲੈਂਟ ਪ੍ਰਤੀ ਲਿਟਰ ਤੋਂ ਘੱਟ ਅਤੇ ਬਿਜਲਈ ਚਾਲਕਤਾ 2.0 ਡੈਸੀਸਿਮਨ ਪ੍ਰਤੀ ਮੀਟਰ ਤੋਂ ਘੱਟ ਹੋਵੇ ਤਾਂ ਪਾਣੀ ਸਿੰਜਾਈ ਲਈ ਠੀਕ ਮੰਨਿਆ ਜਾਂਦਾ ਹੈ)। ਲੂਣੇ-ਖਾਰੇ ਪਾਣੀ ਨੂੰ ਟਿਊਬਵੈੱਲ ਦੀ ਡਲਿਵਰੀ ਪਾਈਪ ਉੱਪਰ ਲੱਗੇ ਪਾਣੀ ਸੋਧਕ ਉਪਕਰਨ ਵਿੱਚੋਂ ਦੀ ਲੰਘਾਇਆ ਗਿਆ। ਟਿਊਬਵੈੱਲ ਦੇ ਲੂਣੇ-ਖਾਰੇ ਪਾਣੀ ਅਤੇ ਸੋਧੇ ਹੋਏ ਪਾਣੀ ਦੀ ਗੁਣਵੱਤਾ ਨੂੰ ਪਰਖਣ ਵਾਲੇ ਸਾਰੇ ਮਾਪਦੰਡਾਂ ਨੂੰ ਇੱਕੋ ਸਮੇਂ ਘੋਖਿਆ ਗਿਆ। ਲੂਣੇ-ਖਾਰੇ ਪਾਣੀ ਅਤੇ ਸੋਧੇ ਹੋਏ ਪਾਣੀ ਦੀ ਜਾਂਚ ਇਹ ਦਰਸਾਉਂਦੀ ਹੈ ਕਿ ਦੋਵਾਂ ਪਾਣੀਆਂ ਦੀ ਗੁਣਵੱਤਾ (ਚਾਲਕਤਾ ਜਾਂ ਬਾਕੀ ਸੋਡੀਅਮ ਕਾਰਬੋਨੇਟ) ਵਿੱਚ ਕੋਈ ਫਰਕ ਨਹੀਂ ਪਾਇਆ ਗਿਆ।
ਸਾਉਣੀ ਦੌਰਾਨ ਲੂਣੇ-ਖਾਰੇ ਪਾਣੀ ਅਤੇ ਸੋਧੇ ਹੋਏ ਪਾਣੀ ਦੀ ਸਿੰਜਾਈਆਂ ਨਾਲ ਨਰਮੇ ਦਾ ਇੱਕੋ ਜਿਹਾ ਝਾੜ ਮਿਲਿਆ ਜੋ ਚੰਗੇ ਨਹਿਰੀ ਪਾਣੀ ਦੀ ਸਿੰਜਾਈ ਨਾਲੋ ਚੋਖਾ ਘੱਟ ਸੀ। ਦੂਜੇ ਸ਼ਬਦਾਂ ਵਿੱਚ ਨਹਿਰੀ ਪਾਣੀ ਦੀ ਸਿੰਜਾਈ ਨਾਲ ਨਰਮੇ ਦਾ ਝਾੜ ਸਭ ਤੋਂ ਵੱਧ ਨਿਕਲਿਆ ਜੋ ਕਿ ਅਣਸੋਧੇ ਲੂਣੇ-ਖਾਰੇ ਪਾਣੀ ਅਤੇ ਸੋਧੇ ਹੋਏ ਪਾਣੀਆਂ ਦੀ ਸਿੰਜਾਈ ਨਾਲੋਂ ਕਾਫ਼ੀ ਜ਼ਿਆਦਾ ਸੀ। ਹਾੜ੍ਹੀ ਦੇ ਸੀਜਨ ਦੌਰਾਨ ਵੱਖ-ਵੱਖ ਗੁਣਵੱਤਾ ਦੇ ਪਾਣੀਆਂ ਦੀ ਸਿੰਜਾਈ ਦਾ ਕਣਕ ਦੇ ਝਾੜ ਉੱਪਰ ਕੋਈ ਮਾੜਾ ਅਸਰ ਨਹੀ ਹੋਇਆ। ਆਲ ਇੰਡੀਆ ਪਾਣੀ ਪ੍ਰਬੰਧ ਪ੍ਰੋਜੈਕਟ ਦੇ ਅਧੀਨ ਹੋਰ ਤਜਰਬੇ ਵੀ ਇਸ ਤੱਥ ਦੀ ਗਵਾਹੀ ਭਰਦੇ ਹਨ ਕਿ ਰੇਤਲੀਆਂ ਜ਼ਮੀਨਾਂ ਵਿੱਚ ਲੂਣੇ-ਖਾਰੇ ਪਾਣੀ ਦੀ ਸਿੰਜਾਈ ਨਾਲ ਕਣਕ ਦਾ ਝਾੜ ਨਹੀਂ ਘਟਦਾ। ਇਸ ਤੋਂ ਇਹ ਜ਼ਾਹਿਰ ਹੁੰਦਾ ਹੈ ਕਿ ਇਸ ਖੋਜ ਤਜਰਬੇ ਵਿੱਚ ਵੱਖ-ਵੱਖ ਪਾਣੀ ਦੀ ਗੁਣਵੱਤਾ ਨਾਲ ਕਣਕ ਦਾ ਇੱਕੋ ਜਿਹਾ ਝਾੜ ਪਾਣੀ ਸੋਧਕ ਯੰਤਰ (ਵਾਟਰ ਪਿਊਰੀਫਾਇਰ) ਕਰ ਕੇ ਨਹੀਂ ਸੀ। ਇਸੇ ਤਰ੍ਹਾਂ ਹੀ ਵੱਖਰੇ-ਵੱਖਰੇ ਪਾਣੀਆਂ ਦੀ ਗੁਣਵੱਤਾ ਦਾ ਰਾਇਆ ਦੇ ਝਾੜ ਉੱਪਰ ਕੋਈ ਮਾੜਾ ਅਸਰ ਨਹੀਂ ਦੇਖਿਆ ਗਿਆ। ਇਸ ਤੋਂ ਇਲਾਵਾ ਟਿਊਬਵੈੱਲ ਦੇ ਲੂਣੇ-ਖਾਰੇ ਪਾਣੀ ਅਤੇ ਸੋਧੇ ਹੋਏ ਟਿਊਬਵੈੱਲ ਦੇ ਪਾਣੀ ਦੀਆਂ ਸਿੰਜਾਈਆਂ ਦਾ ਜ਼ਮੀਨ ਦੀਆਂ ਵਿਸ਼ੇਸ਼ਤਾਵਾਂ ਪੀ.ਐੱਚ., ਬਿਜਲਈ ਚਾਲਕਤਾ, ਖਾਰਾਪਣ ਤੇ ਮੱਲੜ੍ਹ ਆਦਿ ਉੱਪਰ ਇੱਕੋ ਜਿਹਾ ਹੀ ਦੁਰਪ੍ਰਭਾਵ ਪਿਆ ਜੋ ਕਿ ਨਹਿਰੀ ਪਾਣੀ ਦੀ ਸਿੰਜਾਈ ਨਾਲੋਂ ਇੱਕਦਮ ਵੱਖਰਾ ਸੀ।
ਇਸ ਲਈ ਪਰਖੇ ਗਏ ਪਾਣੀ ਸੋਧਕ ਯੰਤਰ ਨੇ ਟਿਊਬਵੈੱਲ ਦੇ ਲੂਣੇ-ਖਾਰੇ ਪਾਣੀ ਨੂੰ ਨਹੀਂ ਸੁਧਾਰਿਆ ਅਤੇ ਉਸੇ ਤਰ੍ਹਾਂ ਦਾ ਹੀ ਦੁਰਪ੍ਰਭਾਵ ਫ਼ਸਲਾਂ ਦੇ ਝਾੜ ਅਤੇ ਮਿੱਟੀ ਦੀ ਸਿਹਤ ਉੱਪਰ ਪਾਇਆ। ਇਸ ਤਰ੍ਹਾਂ ਦਾ ਦੁਰਪ੍ਰਭਾਵ ਟਿਊਬਵੈੱਲ ਦੇ ਅਣਸੋਧੇ ਲੂਣੇ-ਖਾਰੇ ਪਾਣੀ ਨੇ ਪਾਇਆ ਸੀ। ਇਸ ਲਈ ਕਿਸਾਨਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਕੰਪਨੀਆਂ ਵੱਲੋਂ ਪਾਣੀ ਸੋਧਕ ਯੰਤਰ ਦੁਆਰਾ ਟਿਊਬਵੈੱਲ ਦੇ ਲੂਣੇ-ਖਾਰੇ ਪਾਣੀ ਨੂੰ ਠੀਕ ਕਰਨ ਦੇ ਝੂਠੇ ਝਾਸਿਆਂ ਅਤੇ ਗੁਮਰਾਹਕੁਨ ਪ੍ਰਚਾਰ ਤੋਂ ਸੁਚੇਤ ਰਹਿਣ।
*ਪੀਏਯੂ ਖੇਤਰੀ ਕੇਂਦਰ, ਬਠਿੰਡਾ।