ਮਨਮੋਹਨ
ਪੀਟਰ ਫਰੈਂਕੋਪੈਨ ਦੀ ਕਿਤਾਬ ‘The Silk Roads: A New History of the World’ (2015) ਪੁਰਾਣੇ ਸਮਿਆਂ ’ਚ ਸੰਸਾਰ ਦੇ ਪੂਰਬ ਵੱਲੋਂ ਨਿਕਲੇ ਰੇਸ਼ਮ ਮਾਰਗਾਂ ਤੋਂ ਲੈ ਕੇ ਵਰਤਮਾਨ ਸਮਿਆਂ ’ਚ ਨਵੇਂ ਨਵੇਂ ਰੇਸ਼ਮ ਮਾਰਗਾਂ ਦੇ ਉਭਾਰ ਬਾਰੇ ਚਰਚਾ ਛੇੜਦੀ ਹੈ। ਸੰਸਾਰ ਦੇ ਨਵੇਂ ਸਿਰਜ ਹੋ ਰਹੇ ਇਤਿਹਾਸ ਵਿਚ ਹੁਣ ਸਾਰਾ ਧਿਆਨ ਪੂਰਬੀ ਯੂਰਪ ਤੋਂ ਲੈ ਕੇ ਮੱਧ ਏਸ਼ੀਆ ਤੇ ਭਾਰਤੀ ਉਪ-ਮਹਾਂਦੀਪ ਤੋਂ ਹੁੰਦਾ ਹੋਇਆ ਚੀਨ ਤੇ ਉਸਦੇ ਗਿਰਦ ਫ਼ੈਲੇ ਇਲਾਕਿਆਂ ’ਤੇ ਕੇਂਦਿਰਤ ਹੋ ਰਿਹਾ ਹੈ। ਇਹ ਕਿਤਾਬ ਇਕ ਤਰ੍ਹਾਂ ਸੰਸਾਰ ਦੇ ਪੁਰਾਤਨ ਧਰਮਾਂ, ਵਿਸ਼ਵਾਸਾਂ ਅਤੇ ਅਕੀਦਿਆਂ ਤੋਂ ਲੈ ਕੇ ਸਮਕਾਲੀ ਦੌਰ ਦੀ ਅੰਤਰ-ਰਾਸ਼ਟਰੀ ਰਾਜਨੀਤੀ ਅਤੇ ਕੂਟਨੀਤੀ ਤੱਕ ਦੇ ਵਿਸ਼ਿਆਂ ਦੀ ਇਨ੍ਹਾਂ ਰੇਸ਼ਮ ਮਾਰਗਾਂ ਉਪਰ ਲੰਮੇਰੀਆਂ ਯਾਤਰਾਵਾਂ ਦਾ ਬਿਰਤਾਂਤ ਹੈ। ਪੀਟਰ ਫਰੈਂਕੋਪੈਨ ਮੁਤਾਬਿਕ ਸਦੀਆਂ ਤੋਂ ਨਵੀਂ ਦੁਨੀਆ ’ਚ ਅਮਰੀਕਾ ਦੀ ਖ਼ੁਸ਼ਹਾਲੀ ਅਤੇ ਅਮੀਰੀ ਦਾ ਬੋਲਬਾਲਾ ਰਿਹਾ ਹੈ, ਪਰ ਅੱਜ ਮੱਧ ਏਸ਼ੀਆ ਤੋਂ ਲੈ ਕੇ ਭਾਰਤ ਤੇ ਚੀਨ ਤੱਕ ਫੈਲਿਆ ਖੇਤਰ (ਜੋ ਕਦੇ ਰੇਸ਼ਮ ਮਾਰਗਾਂ ਨਾਲ ਜੁੜੀਆਂ ਵਪਾਰਕ ਸਰਗਰਮੀਆਂ ਦਾ ਕੇਂਦਰ ਹੁੰਦਾ ਸੀ) ਫਿਰ ਆਲਮੀ ਸਿਆਸਤ, ਆਰਥਿਕਤਾ, ਦਰਾਮਦ-ਬਰਾਮਦ ਅਤੇ ਸਭਿਆਚਾਰਕ ਖੇਤਰ ਨਾਲ ਜੁੜੇ ਕਾਰ-ਵਿਹਾਰ ਦੇ ਵਿਸ਼ਿਆਂ ’ਚ ਤੇਜ਼ੀ ਨਾਲ ਉੱਭਰ ਰਿਹਾ ਹੈ। ਇਹ ਕਿਤਾਬ ਸੰਸਾਰ ਦੇ ਇਤਿਹਾਸ ਦੀ ਮੁੜ ਜੋਖ ਪਰਖ ਕਰਦੀ ਹੈ। ਇਸ ਵਿਚ ਵੱਡੇ ਵੱਡੇ ਸਾਮਰਾਜਾਂ ਦੀ ਚੜ੍ਹਤ ਅਤੇ ਨਿਘਾਰ ਬਾਰੇ ਚਰਚਾ ਦੇ ਨਾਲ ਵਿਚਾਰਾਂ, ਵਿਧਾਨਾਂ, ਵਿਵਹਾਰਾਂ ਅਤੇ ਵਸਤਾਂ ਦੇ ਵਹਾਓ ਦੀ ਨਿਰੰਤਰਤਾ ’ਚ ਅੰਤਰ-ਰਾਸ਼ਟਰੀ ਮਾਮਲਿਆਂ ਦੇ ਸੰਦਰਭ ’ਚ ਨਵੇਂ ਯੁੱਗ ਦੇ ਆਰੰਭ ਹੋਣ ਦੇ ਆਸਾਰ ਦਿਖਾਈ ਦੇ ਰਹੇ ਹਨ।
ਪੀਟਰ ਫਰੈਂਕੋਪੈਨ ਗੱਲ ਚਾਰ ਹਾਜ਼ਾਰ ਸਾਲ ਪਹਿਲਾਂ ਰੇਸ਼ਮ ਮਾਰਗ ਦੇ ਸਿਰਜੇ ਜਾਣ ਦੇ ਇਤਿਹਾਸ ਨਾਲ ਸ਼ੁਰੂ ਕਰਦਾ ਹੈ। ਉਸ ਦਾ ਕਹਿਣਾ ਹੈ ਕਿ ਪਿਛਲੇ ਪੰਜ ਛੇ ਹਜ਼ਾਰ ਸਾਲ ਦੀ ਸਭਿਅਤਾ ਦੇ ਇਤਿਹਾਸ ’ਚ ਹਰ ਦੌਰ ਅੰਦਰ ਕਿਸੇ ਨਾ ਕਿਸੇ ਵਸਤੂ ਦੇ ਵਪਾਰ ਕਾਰਨ ਦੁਨੀਆ ਦਾ ਹਰ ਇਲਾਕਾ ਵਪਾਰ ਮਾਰਗਾਂ ਰਾਹੀਂ ਆਪਸ ’ਚ ਜੁੜਿਆ ਰਿਹਾ ਹੈ। ਉਹ ਵੱਖ ਵੱਖ ਧਰਮਾਂ, ਵਿਸ਼ਵਾਸਾਂ, ਇਨਕਲਾਬਾਂ, ਮੇਲ-ਜੋਲ, ਸਵਰਗ ਨਰਕ, ਮੌਤ ਅਤੇ ਤਬਾਹੀ ਜਿਹੇ ਅਦਿੱਖ ਵਰਤਾਰਿਆਂ ਦੇ ਆਦਾਨ ਪ੍ਰਦਾਨ ਅਤੇ ਦਿਸਦੀਆਂ ਵਸਤਾਂ ਜਿਵੇਂ ਜੱਤ, ਘੋੜੇ, ਗ਼ੁਲਾਮ, ਸੋਨਾ, ਚਾਂਦੀ, ਕਾਲਾ ਸੋਨਾ, ਕਣਕ ਦੇ ਵਪਾਰ ਅਤੇ ਆਦਾਨ-ਪ੍ਰਦਾਨ ਲਈ ਆਵਾਜਾਈ ਦੇ ਮਾਰਗਾਂ ਦੀ ਭਾਲ਼ ਅਤੇ ਉਸਾਰੀ ਆਦਿ ਅਤੇ ਇਨ੍ਹਾਂ ’ਤੇ ਕਾਬਜ਼ਾ ਹੋਣ ਲਈ ਪੈਦਾ ਹੋਏ ਯੂਰਪੀ ਬਸਤੀਵਾਦੀ ਸਾਮਰਾਜਾਂ ਦੇ ਸੰਕਟਾਂ, ਆਪਸੀ ਜੰਗਾਂ, ਸਮਝੌਤਿਆਂ, ਘੱਲੂਘਾਰਿਆਂ, ਸ਼ੀਤ ਜੰਗਾਂ ਆਦਿ ਬਾਰੇ ਵਿਸਤਾਰ ’ਚ ਚਰਚਾ ਕਰਦਾ ਹੈ। ਵਰਤਮਾਨ ਸਮਿਆਂ ’ਚ ਸਿਰਜੇ ਅਤੇ ਤਲਾਸ਼ੇ ਜਾ ਰਹੇ ਨਵੇਂ ਰੇਸ਼ਮ ਮਾਰਗਾਂ ਦੀ ਗੱਲ ਵੀ ਵਿਸਤਾਰ ਨਾਲ ਕਰਦਾ ਹੈ।
ਵੀਹਵੀਂ ਤੇ ਇੱਕੀਵੀਂ ਸਦੀ ਅਮਰੀਕਾ ਅਤੇ ਯੂਰਪ, ਪੂਰਬ ਅਤੇ ਪੱਛਮ ਨੂੰ ਜੋੜਨ ਵਾਲੇ ਖੇਤਰਾਂ ’ਤੇ ਆਪਣਾ ਦਬਦਬਾ ਕਾਇਮ ਰੱਖਣ ਦੇ ਸੰਘਰਸ਼ ਦੀਆਂ ਸਰਾਪੀਆਂ ਹੋਈਆਂ ਹਨ। ਪਿਛਲੇ ਕੁਝ ਦਹਾਕਿਆਂ ਤੋਂ ਦੇਖਿਆ ਗਿਆ ਹੈ ਕਿ ਪੱਛਮ ਕੋਲ ਇਸ ਖੇਤਰ ’ਚ ਵਾਪਰੇ ਵਰਤਾਰਿਆਂ ਦੇ ਥੀਮਾਂ ਰਾਹੀਂ ਪੈਦਾ ਹੋਏ ਪੈਟਰਨਾਂ ’ਚ ਕਿਸੇ ਵੱਡੀ ਇਤਿਹਾਸਕ ਸਮਝ ਦਾ ਕੋਈ ਪਰਿਪੇਖ ਨਹੀਂ ਮਿਲਦਾ। ਵੱਡੇ ਨੀਤੀਘਾੜਿਆਂ, ਸਿਆਸਤਦਾਨਾਂ ਅਤੇ ਸਫ਼ੀਰਾਂ ਨੂੰ ਅਫ਼ਗਾਨਿਸਤਾਨ, ਇਰਾਨ ਅਤੇ ਇਰਾਕ ਨੂੰ ਆਪਸ ’ਚ ਨਿਖੇੜ-ਜੋੜ ਕੇ ਦੇਖਣ ਦੀ ਵੱਡੀ ਸਮੱਸਿਆ ਦਰਪੇਸ਼ ਰਹੀ ਹੈ। ਤੁਰਕੀ ’ਚ ਦੇਸ਼ ਦੀ ਆਤਮਾ ਨੂੰ ਬਚਾਉਣ ਲਈ ਸੰਘਰਸ਼ ਜਾਰੀ ਹੈ। ਯੂਕਰੇਨ ’ਚ ਵੀ ਦੇਸ਼ ਪ੍ਰਤੀ ਵੱਖ ਵੱਖ ਨੁਕਤਾ ਨਿਗ਼ਾਹਾਂ ਤੋਂ ਇਹੋ ਦੁਚਿੱਤੀ ਹੈ। ਸੀਰੀਆ ’ਚ ਰੂੜ੍ਹੀਵਾਦੀ ਅਤੇ ਉਦਾਰਵਾਦੀ ਧਿਰਾਂ ਬਦਲਾਓ ਦੇ ਦੁਖਦਾਈ ਅਨੁਭਵਾਂ ’ਚੋਂ ਲੰਘ ਰਹੀਆਂ ਹਨ। ਕਾਕੇਸ਼ੀਆ ਵੀ ਪਛਾਣ ਅਤੇ ਰਾਸ਼ਟਰਵਾਦ ਜਿਹੇ ਬਹੁਭਾਂਤੀ ਮਸਲਿਆਂ ਕਾਰਨ ਸੰਕ੍ਰਾਂਤੀ ਦੇ ਦੌਰ ’ਚੋਂ ਗੁਜ਼ਰ ਰਿਹਾ ਹੈ। ਇਸੇ ਤਰ੍ਹਾਂ ਦੇ ਕੁਝ ਮਸਲੇ ਚੇਚਨੀਆ ਅਤੇ ਜੌਰਜੀਆ ਜਿਹੇ ਦੇਸ਼ਾਂ ’ਚ ਵੀ ਦਿਸਦੇ ਹਨ। 2005 ’ਚ ਕਿਰਗ਼ਿਜ਼ਸਤਾਨ ’ਚ ਹੋਇਆ ‘ਗੁਲਲਾਲਾ ਇਨਕਲਾਬ’ (Tulip Revolution) ਦਰਅਸਲ ਪੱਛਮੀ ਚੀਨ ਦੇ ਸਿਨਜ਼ਿਆਂਗ ਸੂਬੇ ’ਚ ਉਗਿਆਰ ਲੋਕਾਂ ’ਚ ਪੈਦਾ ਹੋ ਰਹੀ ਹਿੱਲ-ਜੁਲ ਅਤੇ ਹੋਣ ਵਾਲੀ ਉਥਲ ਪੁਥਲ ਦੀ ਪੂਰਵ-ਧੁਨੀ ਹੈ। ਇਸ ਤੋਂ ਇਲਾਵਾ ਇਰਾਕ ਅਤੇ ਅਫ਼ਗ਼ਾਨਿਸਤਾਨ ਦੇ ਅੰਦਰੂਨੀ ਮਸਲਿਆਂ ’ਚ ਦਖ਼ਲਅੰਦਾਜ਼ੀ ਕਰਕੇ ਪੱਛਮੀ ਮੁਲਕਾਂ ਦਬਾਓ ਬਣਾ ਰਹੇ ਹਨ ਤਾਂ ਜੋ ਯੂਕਰੇਨ ਅਤੇ ਇਰਾਨ ’ਤੇ ਆਪਣਾ ਦਾਬਾ ਪ੍ਰਬਲ ਕੀਤਾ ਜਾ ਸਕੇ। ਪੂਰਬ ਤੋਂ ਪੱਛਮ ਵੱਲ ਇਕ ਵਾਰ ਫਿਰ ਨਵੇਂ ਰੇਸ਼ਮ ਮਾਰਗ ਉੱਭਰ ਰਹੇ ਹਨ। ਰੂਸ ਵੱਲੋਂ ਗੁਆਂਢੀ ਮੁਲਕਾਂ ਵਿਚ ਇਸਲਾਮਿਕ ਰੂੜ੍ਹੀਵਾਦ ਨਾਲ ਕਸ਼ਮਕਸ਼ ਅਤੇ ਚੀਨ ਵੱਲੋਂ ਆਪਣੇ ਪੱਛਮੀ ਸੂਬੇ ਸਿਨਜ਼ਿਆਂਗ ਨੂੰ ਕਾਬੂ ’ਚ ਕਰਨ ਦਾ ਸੰਘਰਸ਼ ਇਸੇ ਪ੍ਰਕਰਣ ਦਾ ਹਿੱਸਾ ਹਨ। ਸਭਿਆਚਾਰਕ, ਬੌਧਿਕ ਅਤੇ ਆਰਥਿਕ ਦ੍ਰਿਸ਼ ’ਤੇ ਪ੍ਰਬਲਤਾ ਅਤੇ ਪ੍ਰਭਾਵ ਕਾਰਨ ਜਾਣਿਆ ਜਾਂਦਾ ਇਲਾਕਾ ਹੁਣ ਫਿਰ ਨਵੇਂ ਰੂਪ ’ਚ ਉਭਰਦਾ ਦਿਸਦਾ ਹੈ। ਇਕ ਵਾਰ ਫਿਰ ਸੰਸਾਰ ਦੀ ਗੁਰੂਤਾ ਦਾ ਕੇਂਦਰ ਓਥੇ ਹੀ ਜਾ ਰਿਹਾ ਹੈ ਜਿੱਥੇ ਦੋ ਤਿੰਨ ਸਹਿੰਸਰ ਪਹਿਲਾਂ ਸੀ।
ਪਹਿਲੀ ਆਲਮੀ ਜੰਗ ਦਾ ਮਕਸਦ ਫ਼ਾਰਸ, ਮੈਸੋਪੋਟੈਮੀਆ ਅਤੇ ਖਾੜੀ ਮੁਲਕਾਂ ਦੇ ਕੁਦਰਤੀ ਸਰੋਤਾਂ ’ਤੇ ਇਜਾਰੇਦਾਰੀ ਸਥਾਪਿਤ ਕਰਨਾ ਸੀ। ਇਸ ’ਚ ਉਸ ਸਮੇਂ ਦੇ ਸਭ ਤੋਂ ਵੱਡੇ ਕਾਰਪੋਰੇਟ ਨੋਕਸ ਡੀ ਅਰਕੇ (Knox D’ Arcy) ਨੇ ਸਾਰੇ ਖੇਤਰ ਦੇ ਕੱੱਚੇ ਤੇਲ ਦੇ ਸਰੋਤਾਂ ’ਤੇ ਮੱਲ ਮਾਰੀ। ਅੱਜ ਕੁਰਦਿਸਤਾਨ ’ਚ ਕੱਚੇ ਤੇਲ ਦੇ ‘ਤੱਕ ਤੱਕ’ ਮੈਦਾਨ ’ਤੇ ਪੱਛਮੀ ਮੁਲਕਾਂ ਦੀ ਅੱਖ ਹੈ। ਇਵੇਂ ਹੀ ਯੂਕਰੇਨ ਦੀ ਪੂਰਬੀ ਵੱਖੀ ’ਚ ‘ਦੋਨਬਾਸ’ ਦਾ ਤੱਟ ਆਪਣੇ ਕੁਦਰਤੀ ਗੈਸ ਦੇ ਭੰਡਾਰ ਕਾਰਨ ਸਾਰੇ ਸ਼ਕਤੀਸ਼ਾਲੀ ਮੁਲਕਾਂ ਦੀਆਂ ਨਿਗ਼ਾਹਾਂ ’ਚ ਹੈ। ਉਜ਼ਬੇਕਿਸਤਾਨ ਅਤੇ ਕਿਰਗਿਜ਼ਸਤਾਨ ਦੀ ‘ਤੀਆਨ ਸ਼ਾਨ’ ਪੱਟੀ ਦੀਆਂ ਸੋਨਾ ਖਾਣਾਂ ’ਤੇ ਵੀ ਅਮਰੀਕੀ ਬਹੁਕੌਮੀ ਕੰਪਨੀਆਂ ਨੇ ਨਜ਼ਰਾਂ ਗੱਡੀਆਂ ਹੋਈਆਂ ਹਨ। ਇਹ ਖਾਣਾਂ ਦੱਖਣੀ ਅਫਰੀਕਾ ਦੀਆਂ ਵਿੱਟਵਾਟਰਸਰੈਂਡ ਦੀਆਂ ਸੋਨ ਖਾਣਾਂ ਤੋਂ ਵੀ ਵੱਧ ਅਮੀਰ ਤੇ ਭਰਪੂਰ ਹਨ। ਕਜ਼ਾਕਿਸਤਾਨ ’ਚ ਬ੍ਰਿਲਿਅਮ, ਡਿਸਪਰੋਸੀਅਮ ਅਤੇ ਇਕ ਬੜੀ ਦੁਰਲੱਭ ਮਿੱਟੀ ਦੇ ਅਥਾਹ ਭੰਡਾਰ ਹਨ। ਇਹ ਤਿੰਨੋਂ ਰਸਾਇਣਕ ਪਦਾਰਥ ਮੋਬਾਈਲ, ਲੈਪਟੌਪ ਅਤੇ ਬੈਟਰੀਆਂ ਬਣਾਉਣ ’ਚ ਕੰਮ ਆਉਂਦੇ ਹਨ। ਪਲੂਟੋਨੀਅਮ ਅਤੇ ਯੂਰੇਨੀਅਮ ਦੇ ਭੰਡਾਰ ਤਾਂ ਪ੍ਰਮਾਣੂ ਹਥਿਆਰਾਂ ਲਈ ਆਉਣ ਵਾਲੇ ਸਮਿਆਂ ’ਚ ਵੱਡੀ ਭੂਮਿਕਾ ਨਿਭਾਉਣਗੇ। ਕਿਸੇ ਵੇਲੇ ਮੱਧ ਏਸ਼ਿਆਈ ਸਤੈਪੀਆਂ ਦੇ ਨਸਲੀ ਘੋੜੇ ਪੇਈਚਿੰਗ, ਦਿੱਲੀ, ਇਸਤੰਬੁਲ ਅਤੇ ਤਹਿਰਾਨ ਦੇ ਬਾਜ਼ਾਰਾਂ ’ਚ ਬੜੇ ਕੀਮਤੀ ਸਮਝੇ ਜਾਂਦੇ ਸਨ। ਅੱਜ ਰੂਸ ਦੇ ਯੂਕਰੇਨ ’ਚ ‘ਕੇਰਨੋਜ਼ੇਮ’ ਨਾਮੀ ਕਾਲ਼ੀ ਮਿੱਟੀ ਹੀ ਕਈ ਲੱਖ ਡਾਲਰਾਂ ’ਚ ਵਿਕ ਜਾਂਦੀ ਹੈ।
ਜੰਗ ਅਤੇ ਸਮਾਜਿਕ ਉਥਲ ਪੁੱਥਲ ਤੋਂ ਪੈਦਾ ਹੋਈ ਅਸਥਿਰਤਾ ਦਾ ਪ੍ਰਭਾਵ ਤੇਲ ਅਤੇ ਪੈਟਰੋਲ ਦੀਆਂ ਕੀਮਤਾਂ, ਤਕਨੋਲੋਜੀ ਅਤੇ ਅੰਨ ਪਦਾਰਥਾਂ ’ਤੇ ਵੀ ਪੈਂਦਾ ਹੈ। 2010 ’ਚ ਰੂਸ ’ਚ ਖ਼ਰਾਬ ਮੌਸਮ ਕਾਰਨ ਕਣਕ ਦੀ ਪੈਦਾਵਾਰ ਬਹੁਤ ਜ਼ਿਆਦਾ ਘਟ ਗਈ ਤਾਂ ਇਸ ਦਾ ਅਸਰ ਸੰਸਾਰ ਭਰ ’ਚ ਅੰਨ ਦੀਆਂ ਕੀਮਤਾਂ ’ਤੇ ਪਿਆ। ਯੂਕਰੇਨ ’ਚ ਆਈ ਅੰਦਰੂਨੀ ਅਸਥਿਰਤਾ ਕਾਰਨ ਦੁਨੀਆ ਦੇ ਸਭ ਤੋਂ ਵੱਡੇ ਕਣਕ ਦੇ ਉਤਪਾਦਕ ਅਤੇ ਨਿਰਯਾਤਕ ਮੁਲਕਾਂ ’ਤੇ ਅਸਰ ਪਿਆ ਤਾਂ ਉਦੋਂ ਵੀ ਪੂਰੀ ਦੁਨੀਆ ’ਚ ਅੰਨ ਦੀਆਂ ਕੀਮਤਾਂ ’ਚ ਭਾਰੀ ਉਛਾਲ ਆਇਆ। ਪੂਰੀ ਦੁਨੀਆ ’ਚ ਅਜਿਹੀ ਸਥਿਤੀ ’ਚ ਹੋਰ ਫ਼ਸਲਾਂ ’ਤੇ ਵੀ ਇਹੋ ਸਿਧਾਂਤ ਲਾਗੂ ਹੁੰਦਾ ਹੈ। ਮੱਧ ਏਸ਼ੀਆ ’ਚ ਉਗਾਏ ਜਾਂਦੇ ਬਾਬਰ ਦੇ ਸੰਤਰਿਆਂ ਅਤੇ ਟਿਊਲਿਪ ਦੇ ਫੁੱਲਾਂ ਦੀ ਸਤ੍ਵਾਰਵੀਂ ਸਦੀ ’ਚ ਪੂਰੇ ਯੂਰਪ ’ਚ ਬੜੀ ਮੰਗ ਸੀ। ਅੱਜ ਇਸ ਦੀ ਥਾਂ ਅਫ਼ਗ਼ਾਨਿਸਤਾਨ ’ਚ ਹੁੰਦੀ ਅਫ਼ੀਮ ਦੀ ਖੇਤੀ ਨੇ ਲੈ ਲਈ ਹੈ ਜੋ ਪੂਰੀ ਦੁਨੀਆ ’ਚ ਹੈਰੋਇਨ ਦੇ ਉਪਭੋਗ ਅਤੇ ਕੀਮਤਾਂ ਨੂੰ ਨਿਯੰਤ੍ਰਿਤ ਤੇ ਨਿਰਦੇਸ਼ਤ ਕਰਦੀ ਹੈ। ਪਿਛਲੇ ਤਿੰਨ ਦਹਾਕਿਆਂ ਤੋਂ ਤਰੁਕਮੇਨਿਸਤਾਨ, ਕਜ਼ਾਕਿਸਤਾਨ ਅਤੇ ਕੈਸਪੀਅਨ ਸਾਗਰ ਕੰਢੇ ਵਸੇ ਅਜ਼ਰਬਾਈਜਾਨ ਅੰਦਰ ਸਮੇਂ ਸਮੇਂ ਵਾਪਰੀਆਂ ਰਾਜਨੀਤਕ ਅਸਥਿਰਤਾਵਾਂ ਅਤੇ ਉਸ ਤੋਂ ਪੈਦਾ ਹੋਈ ਆਰਥਿਕ ਅਸੁਰੱਖਿਆ ਇਨ੍ਹਾਂ ਦੇਸ਼ਾਂ ਨਾਲ ਜੁੜੇ ਵਪਾਰਕ ਤੇ ਵਿੱਤੀ ਸਰੋਕਾਰਾਂ ’ਤੇ ਆਪਣਾ ਪ੍ਰਤੱਖ ਪ੍ਰਭਾਵ ਪਾਉਂਦੇ ਹਨ।
ਆਪਣੇ ਦਿਸਦੇ ‘ਦੂਜੇਪਣ’ (otherness) ਦੇ ਬਾਵਜੂਦ ਇਨ੍ਹਾਂ ਦੇਸ਼ਾਂ ਦੀ ਕਿਸੇ ਨਾ ਕਿਸੇ ਰੂਪ ’ਚ ਪੂਰਬ ਤੇ ਪੱਛਮ ਨੂੰ ਜੋੜਨ ’ਚ ਅਹਿਮੀਅਤ ਰਹੀ ਹੈ। ਇਨ੍ਹਾਂ ਮੁਲਕਾਂ ਵਿਚਲੇ ਵਿਚਾਰਾਂ, ਸਭਿਆਚਾਰਾਂ, ਰੀਤਾਂ ਰਿਵਾਜਾਂ ਅਤੇ ਭਾਸ਼ਾਵਾਂ ’ਚ ਪੁਰਾਤਨ ਸਮਿਆਂ ਤੋਂ ਅੱਜ ਤੱਕ ਆਪਸ ’ਚ ਗਾੜ੍ਹਾ ਮੇਲ ਮਿਲਾਪ ਰਿਹਾ ਹੈ। ਕਾਲ਼ੇ ਸਾਗਰ, ਏਸ਼ੀਆ ਮਾਈਨਰ ਅਤੇ ਲੇਵਾਂਤ ਨੂੰ ਹਿਮਾਲਿਆਂ ਨਾਲ ਜੋੜਦੀ ਪੱਟੀ ’ਤੇ ਸਥਿਤ ਦੇਸ਼ਾਂ ਦੀ ਮਿੱਟੀ, ਪਹਾੜਾਂ ਅਤੇ ਪਾਣੀ ਹੇਠਲੇ ਸਰੋਤਾਂ ਵੱਲ ਅਜੇ ਅਰਥਸ਼ਾਸਤਰੀਆਂ ਦੀ ਨਜ਼ਰ ਨਹੀਂ ਗਈ। ਪੀਟਰ ਫਰੈਂਕੋਪੈਨ ਦਾ ਕਹਿਣਾ ਹੈ ਕਿ ‘ਬਰਿਕਸ’ (ਬ੍ਰਾਜ਼ੀਲ, ਰੂਸ, ਭਾਰਤ, ਚੀਨ ਅਤੇ ਦੱਖਣੀ ਅਫਰੀਕਾ) ਅਤੇ ‘ਮਿਸਟ’ (ਮਲੇਸ਼ੀਆ, ਇੰਡੋਨੇਸ਼ੀਆ, ਦੱਖਣੀ ਕੋਰੀਆ ਅਤੇ ਤੁਰਕੀ) ਦੇਸ਼ਾਂ ’ਤੇ ਧਿਆਨ ਦੇਣ ਦੀ ਬਜਾਏ ਇਨ੍ਹਾਂ ਨੂੰ ਸਮੂਹਾਂ ਨੂੰ ਅਸਲ ਮੱਧ ਏਸ਼ੀਆ ਵੱਲ ਧਿਆਨ ਦੇਣਾ ਚਾਹੀਦਾ ਹੈ।
ਹੁਣ ਕਰੋਨਾ ਮਹਾਮਾਰੀ ਕਾਰਨ ਕੁਝ ਢਿੱਲ ਆਈ ਹੈ, ਪਰ ਤਿੰਨ ਚਾਰ ਸਾਲਾਂ ਤੋਂ ਬੜੀ ਤੇਜ਼ੀ ਨਾਲ ਤੁਰਕਮੇਨਿਸਤਾਨ ਦੇ ਅਸ਼ਗਾਬਾਦ ਅਤੇ ਅਜ਼ਰਬਾਈਜਾਨ ਦੇ ਬਾਕੂ ’ਚ ਨਵੀਆਂ ਵਿਕਾਸ ਗਤੀਵਿਧੀਆਂ ਚੱਲ ਰਹੀਆਂ ਹਨ। ਨਵੇਂ ਹਵਾਈ ਅੱਡੇ, ਸੈਲਾਨੀ ਸਹੂਲਤਾਂ ਅਤੇ ਨਵੇਂ ਹੋਟਲਾਂ ਦਾ ਨਿਰਮਾਣ ਜ਼ੋਰ ਸ਼ੋਰ ਨਾਲ ਹੋ ਰਿਹਾ ਹੈ। ਇਰਾਕ ਦੇ ਕੁਰਦਿਸਤਾਨ ਦੇ ਸ਼ਹਿਰ ਇਬਰੀਲ ’ਚ ਵੀ ਸੈਲਾਨੀ ਸੁਵਿਧਾਵਾਂ ਦਾ ਵਿਸਤਾਰ ਹੋ ਰਿਹਾ ਹੈ। ਕਜ਼ਾਕਿਸਤਾਨ ਦਾ ਸ਼ਹਿਰ ਅਸਤਾਨਾ ਪਿਛਲੇ ਸਮੇਂ ’ਚ ਮੁੜ ਵੱਸਿਆ ਹੈ। ਇਹ ਹੁਣ ਸੈਲਾਨੀਆਂ ਦੀ ਚੋਣ ਦਾ ਕੇਂਦਰ ਬਣ ਰਿਹਾ ਹੈ। ਇੱਥੋਂ ਦੇ ਬਾਸ਼ਿੰਦੇ ਪੈਸਾ ਕਮਾ ਕੇ ਲੰਡਨ, ਨਿਊਯਾਰਕ ਅਤੇ ਪੈਰਿਸ ਵਿਖੇ ਜਾਇਦਾਦਾਂ ਖ਼ਰੀਦ ਰਹੇ ਹਨ। ਉਜ਼ਬੇਕਿਸਤਾਨ ਦੇ ਤਾਂਬੇ ਦੀਆਂ ਖਾਣਾਂ ਦੇ ਮਾਲਿਕ ਮਨਹੱਟਨ, ਮੇਫੇਅਰ ਅਤੇ ਨਾਈਟਬ੍ਰਿਜ ਅਤੇ ਦੱਖਣੀ ਫਰਾਂਸ ’ਚ ਵਿਸ਼ਾਲ ਅਤੇ ਆਲੀਸ਼ਾਨ ਘਰਾਂ ਲਈ ਜ਼ਮੀਨਾਂ ਖ਼ਰੀਦ ਰਹੇ ਹਨ। ਏਸ਼ੀਆ ਦੀ ਰੀੜ੍ਹ ਦੇ ਆਰ ਪਾਰ ਪੂਰਬ ਅਤੇ ਪੱਛਮ, ਦੱਖਣ ਅਤੇ ਉੱਤਰ ਨੂੰ ਜੋੜਦੇ ਹੋਏ ਵੱਖ ਵੱਖ ਰਾਹਾਂ ਰਾਹੀਂ ਨਵੇਂ ਸੰਪਰਕ ਪੈਦਾ ਹੋ ਰਹੇ ਹਨ ਜੋ ਕੁਝ ਸਦੀਆਂ ਪਹਿਲਾਂ ਰੇਸ਼ਮ ਮਾਰਗਾਂ ਦੇ ਰੂਪ ’ਚ ਹੋਏ ਸਨ। ਇਸ ਵਿਚ ਰੂਸ ਥਾਣੀਂ ਅਫ਼ਗ਼ਨਿਸਤਾਨ, ਉਜ਼ਬੇਕਿਸਤਾਨ, ਕਜ਼ਾਕਿਸਤਾਨ, ਕਿਰਗ਼ਿਸਤਾਨ ਅਤੇ ਤਜਾਕਿਸਤਾਨ ਰਾਹੀਂ ਅਮਰੀਕਾ ਦੀਆਂ ਫ਼ੌਜਾਂ ਨੂੰ ‘ਗ਼ੈਰ ਮਾਰੂ ਵਸਤਾਂ’ ਪਹੁੰਚਾਉਣਾ ਵੀ ਸ਼ਾਮਿਲ ਹੈ।
ਇਸ ਤੋਂ ਇਲਾਵਾ ਤੇਲ ਤੇ ਗੈਸ ਦੀਆਂ ਪਾਈਪਾਂ ਯੂਰਪ, ਭਾਰਤ, ਚੀਨ ਅਤੇ ਹੋਰ ਥਾਵਾਂ ਦੇ ਉਪਭੋਗਤਾਵਾਂ ਵਾਸਤੇ ਊਰਜਾ ਪੁੱਜਦੀ ਕਰਦੀਆਂ ਹਨ। ਇਹ ਪਾਈਪਾਂ ਇਸ ਖੇਤਰ ’ਚ ਇਕ ਦੂਜੇ ਨੂੰ ਕੱਟਦੀਆਂ-ਜੋੜਦੀਆਂ ਹਰ ਦਿਸ਼ਾ ਵੱਲ ਫੈਲ ਕੇ ਤੁਰਕੀ ਦੀ ਸੇਹਾਨ ਬੰਦਰਗਾਹ ਨੂੰ ਪੂਰੇ ਮੱਧ ਏਸ਼ੀਆ ਨਾਲ ਜੋੜਦੀਆਂ ਹਨ। ਇਸ ਨਾਲ ਇਸ ਤੇਲ ਰੂਪੀ ਬਾਲਣ ਦੀ ਪੂਰਤੀ ਚੀਨ ਤੱਕ ਹੋਣ ਨਾਲ ਨਵੀਂ ਆਰਥਿਕਤਾ ਵਿਕਸਿਤ ਹੋ ਰਹੀ ਹੈ। ਨਵੀਆਂ ਮੰਡੀਆਂ ਖੁੱਲ੍ਹਣ ਨਾਲ ਅਫ਼ਗ਼ਾਨਿਸਤਾਨ, ਪਾਕਿਸਤਾਨ ਅਤੇ ਭਾਰਤ ’ਚ ਆਪਸੀ ਸਹਿਯੋਗ ਵਧ ਰਿਹਾ ਹੈ ਭਾਵੇਂ ਪਿਛਲੇ ਸਮਿਆਂ ’ਚ ਆਰਜ਼ੀ ਤੌਰ ’ਤੇ ਇਸ ਦੀ ਰਫ਼ਤਾਰ ਕੁਝ ਮੱਠੀ ਪਈ ਹੈ। ਇਨ੍ਹਾਂ ਤਿੰਨਾਂ ਮੁਲਕਾਂ ਦੇ ਹਿੱਤ ਇਕ ਮਹੱਤਵਪੂਰਨ ਤੇਲ ਪਾਈਪ ਨਾਲ ਜੁੜੇ ਹਨ ਜਿਸ ਰਾਹੀਂ 950 ਲੱਖ ਕਿਉਬਿਕ ਫੁੱਟ ਕੁਦਰਤੀ ਗੈਸ ਦੀ ਪੂਰਤੀ ਹੋਵੇਗੀ। ਇਸ ਪਾਈਪ ਤੁਰਕਮੇਨਿਸਤਾਨ ਦੇ ਗੈਸ ਸਰੋਤਾਂ ’ਚੋਂ ਸ਼ੁਰੂ ਹੋ ਕੇ ਹੈਰਾਤ ਹੁੰਦੀ ਹੋਈ ਕੰਧਾਰ, ਕੋਇਟਾ ਅਤੇ ਮੁਲਤਾਨ ਥਾਣੀਂ ਭਾਰਤ ’ਚ ਆਏਗੀ। ਇਹੋ ਰੇਸ਼ਮ ਮਾਰਗ ਦੋ ਹਜ਼ਾਰ ਸਾਲ ਪਹਿਲਾਂ ਤੋਂ ਲੈ ਕੇ ਸਤਾਰ੍ਹਵੀਂ ਸਦੀ ਤੱਕ ਸੋਗਦੀਆਨ ਵਪਾਰੀਆਂ ਦਾ ਸੀ ਜੋ ਇਸ ਰਾਹ ’ਤੇ ਘੋੜਿਆਂ ਦਾ ਵਪਾਰ ਕਰਦੇ ਸਨ। ਇਹ ਵਪਾਰ ਮਾਰਗ ਵਿਕਟੋਰੀਅਨ ਯੁੱਗ ਦੇ ਅੰਗਰੇਜ਼ ਨੀਤੀਘਾੜਿਆਂ ਅਤੇ ਮੱਧ ਕਾਲ ’ਚ ਗਜ਼ਨੀ ਦੇ ਰਾਜ ਦਰਬਾਰ ’ਚ ਹਾਜ਼ਰੀ ਭਰਨ ਲਈ ਕਸੀਦਾਗੋਆਂ ਨੇ ਵੀ ਅਪਣਾਏ ਸਨ।
ਮੌਜੂਦਾ ਅਤੇ ਪ੍ਰਸਤਾਵਿਤ ਤੇਲ ਤੇ ਗੈਸ ਪਾਈਪ ਲਾਈਨਾਂ ਸਦਕਾ ਯੂਰਪ ਅਤੇ ਸੰਸਾਰ ਦੇ ਕੇਂਦਰ ਨੂੰ ਜੋੜ ਕੇ ਇਸ ਖੇਤਰ ਅਤੇ ਨਿਰਯਾਤ ਕਰਦੇ ਮੁਲਕਾਂ ਦੇ ਨਾਲ ਨਾਲ ਇਹ ਪਾਈਪਾਂ ਲੰਘਣ ਵਾਲੇ ਇਲਾਕਿਆਂ ਦੀ ਵੀ ਬਹੁਪਰਤੀ ਮਹੱਤਤਾ ’ਚ ਵਾਧਾ ਹੋਇਆ ਹੈ। ਬਹੁਤ ਸਾਰੇ ਦੇਸ਼ ਕਿਸੇ ਹਥਿਆਰ ਦੀ ਬਜਾਏ ਪਾਈਪ ਨੂੰ ਅਸੁਰੱਖਿਅਤ ਜਾਂ ਖ਼ਤਰਾ ਦਿਖਾ ਕੇ ਵੀ ਜਾਂ ਤੇਲ ਦੀ ਪੂਰਤੀ ਰੋਕ ਕੇ ਆਪਣਾ ਉਦੇਸ਼ ਹਾਸਿਲ ਕਰ ਸਕਦੇ ਹਨ। ਪਿੱਛੇ ਜਿਹੇ ਰੂਸ ਨੇ ਯੂਕਰੇਨ ’ਚ ਪਾਈਪ ਰਾਹੀਂ ਤੇਲ ਦੀ ਆਪੂਰਤੀ ਬੰਦ ਕਰ ਕੇ ਆਪਣਾ ਮਕਸਦ ਹੱਲ ਕੀਤਾ ਸੀ। ਇਉਂ ਇਨ੍ਹਾਂ ਪਾਈਪਾਂ ਨੂੰ ਆਰਥਿਕ, ਸਫ਼ਾਰਤੀ ਅਤੇ ਸਿਆਸੀ ਗ਼ਲਬੇ ਵਾਲੇ ਦੇਸ਼ ਵੱਲੋਂ ਇਕ ਤਰ੍ਹਾਂ ਹਥਿਆਰਾਂ ਵਾਂਗ ਵਰਤਣ ਦੀਆਂ ਸੰਭਾਵਨਾਵਾਂ ਵੀ ਪੈਦਾ ਕੀਤੀਆਂ ਸਕਦੀਆਂ ਹਨ। ਦੂਰ ਪੂਰਬ ਵੱਲ ਵੀ ਇਹ ਗੈਸ ਪਾਈਪਾਂ ਭਵਿੱਖ ਵਾਸਤੇ ਜੀਵਨ ਰੇਖਾ ਬਣ ਰਹੀਆਂ ਹਨ ਕਿਉਂਕਿ ਚੀਨ ਅਗਲੇ ਤੀਹ ਸਾਲ ਲਈ ਇਨ੍ਹਾਂ ਨੂੰ ਵਰਤਮਾਨ ਸਥਾਨਾਂ ਤੋਂ ਢੋਅ ਕੇ ਅੱਗੇ ਲਿਜਾਣ ਦਾ ਠੇਕਾ ਲੈ ਰਿਹਾ ਹੈ। ਇਸ ਪ੍ਰੋਜੈਕਟ ’ਚ ਕੁਝ ਹਿੱਸਾ ਰੂਸ ਦਾ ਵੀ ਹੈ। ਇਸੇ ਕਾਰਨ ਚੀਨ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ’ਚ ਰੂਸ ਦੀ ਹਮਾਇਤ ਕਰਦਿਆਂ ਯੂਕਰੇਨ ਦਾ ਮੁੱਦਾ ਨਹੀਂ ਉੱਠਣ ਦਿੱਤਾ।
ਸੜਕੀ ਆਵਾਜਾਈ ਲਈ ਟਰਾਂਸਪੋਰਟ ਸਬੰਧ ਅਤੇ ਪਾਈਪ ਲਾਈਨਾਂ ਦਾ ਫੈਲਾਓ ਪਿਛਲੇ ਤੀਹ ਸਾਲਾਂ ’ਚ ਬਹੁਤ ਹੋਇਆ ਹੈ। ਅੰਤਰਮਹਾਂਦੀਪ ’ਚ ਪਸਰੀ ਸੱਤ ਹਜ਼ਾਰ ਮੀਲ ਲੰਮੀ ਰੇਲ ਲਾਈਨ ਦੀ ਯੋਜਨਾ ਵੀ ਕਾਰਜਸ਼ੀਲ ਹੈ ਜੋ ਚੀਨ ਦੇ ਯੂਗ਼ੀਨੌ ਤੋਂ ਸ਼ੁਰੂ ਹੋ ਕੇ ਜਰਮਨੀ ਦੇ ਡੂਇਸਬਰਗ ਤੱਕ ਜਾਵੇਗੀ। ਇਸ ਰੇਲ ਨਾਲ ਸਮੁੰਦਰੀ ਮਾਰਗ ਦੀ ਸੋਲਾਂ ਦਿਨਾਂ ਦੀ ਯਾਤਰਾ ਇਕ ਤਰ੍ਹਾਂ ਅੱਧੀ ਰਹਿ ਜਾਵੇਗੀ। ਇਸ ਰੇਲ ਰਾਹੀਂ ਇਕ ਪਾਸੇ ਤੋਂ ਲੈਪਟੋਪ, ਇਲੈਟਰੋਨਿਕਸ ਦਾ ਸਾਮਾਨ, ਜੁੱਤੇ, ਕੱਪੜੇ ਅਤੇ ਛੇਤੀ ਖ਼ਰਾਬ ਨਾ ਹੋਣ ਵਾਲੀਆਂ ਨਿੱਕ-ਸੁੱਕ ਵਣਜਾਂ ਜਾਣਗੀਆਂ ਅਤੇ ਦੂਜੇ ਪਾਸੇ ਤੋਂ ਕਾਰਾਂ ਦੇ ਕਲ-ਪੁਰਜ਼ੇ, ਦਵਾਈਆਂ ਅਤੇ ਮੈਡੀਕਲ ਸਾਜ਼ੋ-ਸਾਮਾਨ ਆਵੇਗਾ। ਇਹ ਤਾਂ ਸਿਰਫ਼ ਸ਼ੁਰੂਆਤ ਹੈ। ਹੋਰ ਵੀ ਰੇਲ ਲਾਈਨਾਂ ਵਿਛਾਉਣ ਦੀ ਯੋਜਨਾ ਹੈ। ਇਨ੍ਹਾਂ ਯੋਜਨਾਵਾਂ ਅਧੀਨ ਖਣਿਜਾਂ, ਧਾਤਾਂ ਅਤੇ ਹੋਰ ਊਰਜਾ ਪਦਾਰਥਾਂ ਦੀ ਢੋਆ ਢੁਆਈ ਲਈ ਇਨ੍ਹਾਂ ਮਾਰਗਾਂ ਅਤੇ ਬੰਦਰਗਾਹਾਂ ਨਾਲ ਜੋੜਨ ਦੀਆਂ ਵੱਡੀਆਂ ਸੜਕ ਸਕੀਮਾਂ ਤੇ ਪ੍ਰੋਜੈਕਟ ਚੱਲ ਰਹੇ ਹਨ। ਇਸ ਨਾਲ ਚੀਨ ਦੇ ਪੱਛਮੀ ਪ੍ਰਦੇਸ਼ਾਂ ਦਾ ਮੁੜ ਉਭਾਰ ਹੋ ਰਿਹਾ ਹੈ। ਅੰਦਰੂਨੀ ਖੇਤਰਾਂ ਦੇ ਤੱਟੀ ਇਲਾਕਿਆਂ ’ਚ ਕਿਰਤ ਸਸਤੀ ਹੋਣ ਕਾਰਨ ਉੱਦਮੀ ਵਪਾਰੀਆਂ ਨੇ ਆਪਣੇ ਵਪਾਰ ‘ਦਜ਼ੁੰਗਰੇਨ ਦਰਵਾਜ਼ੇ’ ’ਤੇ ਸਥਾਪਿਤ ਕਰਨੇ ਸ਼ੁਰੂ ਕਰ ਦਿੱਤੇ ਹਨ ਜੋ ਰੇਸ਼ਮ ਮਾਰਗ ਦਾ ਚੀਨ ਵੱਲ ਪੁਰਾਤਨ ਬੂਹਾ ਸੀ। ਇਸ ਤੋਂ ਇਲਾਵਾ ਆਵਾਜਾਈ ਦੀਆਂ ਹੋਰ ਕਈ ਕੜੀਆਂ ਦਾ ਜਨਮ ਹੋ ਰਿਹਾ ਹੈ।
ਨਵੇਂ ਬੌਧਿਕ ਅਤੇ ਸਿੱਖਿਆ ਕੇਂਦਰ ਇਸ ਖੇਤਰ ’ਚ ਉਭਰਦੇ ਦਿਸਦੇ ਹਨ ਜਿਸ ਨੇ ਕਦੇ ਪੁਰਾਤਨ ਸਮਿਆਂ ’ਚ ਵੱਡੇ ਵਿਦਵਾਨ, ਦਾਰਸ਼ਨਿਕ ਤੇ ਚਿੰਤਕ ਪੈਦਾ ਕੀਤੇ। ਫ਼ਾਰਸ ਦੀ ਖਾੜੀ ਦੇ ਗਿਰਦ ਕਈ ਵਿਦਿਅਕ ਕੈਂਪਸ ਸਥਾਪਿਤ ਹੋ ਰਹੇ ਹਨ ਜੋ ਅਮਰੀਕਾ ਦੀਆਂ ਯੇਲ, ਕੋਲੰਬੀਆ ਅਤੇ ਹੋਰ ਯੂਨੀਵਰਸਿਟੀਆਂ ਨਾਲ ਜੁੜੇ ਹੋਏ ਹਨ। ਇਸ ਦੇ ਨਾਲ ਨਾਲ ਮੱਧ ਏਸ਼ਿਆਈ ਮੁਲਕਾਂ ’ਚ ਚੀਨੀ ਭਾਸ਼ਾ ਅਤੇ ਸਭਿਆਚਾਰ ਸਿਖਾਉਣ ਲਈ ਖ਼ੈਰਾਤੀ ਕਨਫਿਊਸ਼ਿਸ਼ ਕੇਂਦਰ ਖੁੱਲ੍ਹ ਰਹੇ ਹਨ। ਇਸ ਤੋਂ ਇਲਾਵਾ ਕਲਾ ਨੂੰ ਸਮਰਪਿਤ ਕੇਂਦਰ ਕਤਰ, ਆਬੂ ਧਾਬੀ, ਬਾਕੂ, ਤਾਸ਼ਕੰਦ ਅਤੇ ਤਬਿਲਿਸੀ ਦੀਆਂ ਆਲੀਸ਼ਾਨ ਇਮਾਰਤਾਂ ’ਚ ਸਥਾਪਿਤ ਹੋ ਰਹੇ ਹਨ। ਪੱਛਮੀ ਫੈਸ਼ਨ ਹਾਊਸ ਬਰਾਂਡਾਂ ਵਾਲੇ ਨਵੇਂ ਨਵੇਂ ਸਟੋਰ ਫ਼ਾਰਸ ਦੀ ਖਾੜੀ ’ਚ ਸਥਿਤ ਦੇਸ਼ਾਂ ਦੇ ਨਾਲ ਨਾਲ ਰੂਸ, ਚੀਨ ਅਤੇ ਦੂਰ-ਪੂਰਬੀ ਦੇਸ਼ਾਂ ’ਚ ਹਰ ਰੋਜ਼ ਖੁੱਲ੍ਹਦੇ ਦੇਖੇ ਜਾ ਰਹੇ ਹਨ। ਨਾਜਾਇਜ਼ ਹਥਿਆਰ, ਨਸ਼ੀਲੇ ਪਦਾਰਥਾਂ ਨੂੰ ਵਰਤਣ ਵਾਲੇ ਲੋਕਾਂ ਵਾਸਤੇ ਖ਼ਰੀਦੋ ਫ਼ਰੋਖ਼ਤ ਲਈ ਇੰਟਰਨੈੱਟ ’ਤੇ ਕਈ ਗੁਪਤ ਸੰਕੇਤਿਤ ਵੈੱਬਸਾਈਟਾਂ ਦੇ ਨਵੇਂ ਰੇਸ਼ਮ ਮਾਰਗ ਖੁੱਲ੍ਹ ਗਏ ਹਨ ਜਿਨ੍ਹਾਂ ਦਾ ਆਪਣਾ ਸੰਚਾਰੀ ਜਾਲ਼ ਹੈ। ਇਨ੍ਹਾਂ ਮਾਰਗਾਂ ’ਤੇ ਅਪਰਾਧੀਆਂ ਅਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ’ਚ ਚੂਹੇ ਬਿੱਲੀ ਦਾ ਖੇਲ੍ਹ ਚੱਲਦਾ ਰਹਿੰਦਾ ਹੈ। ਇਸ ਨਵੇਂ ਅਦਿੱਖ ਰੇਸ਼ਮ ਮਾਰਗ ਦੀ ਆਉਣ ਵਾਲੇ ਯੁੱਗ ’ਚ ਨਿਰੰਤਰ ਮਹੱਤਤਾ ਵਧ ਰਹੀ ਹੈ।
ਇਹ ਹੁਣ ਮਹਿਜ਼ ਇਤਿਹਾਸ ਦਾ ਮਸਲਾ ਨਹੀਂ ਸਗੋਂ ਅਤੀਤ ਦੇ ਰੇਸ਼ਮ ਮਾਰਗਾਂ ਦੇ ਆਰ ਪਾਰ ਫੈਲਿਆ ਸਹੀ ਅਰਥਾਂ ’ਚ ਜਿਉਂਦਾ ਜਾਗਦਾ ਮਜ਼ਮੂਨ ਹੈ। ਚੀਨ ਨੇ ਜ਼ਾਹਿਰ ਕਰ ਦਿੱਤਾ ਹੈ ਕਿ ਅਤੀਤ ਦੀਆਂ ਤਹਿਆਂ ਅੰਦਰ ਪਏ ਪੁਰਾਣੇ ਸਬੰਧ ਭਵਿੱਖ ਲਈ ਕਿੰਨੇ ਮਹੱਤਵਪੂਰਨ ਹਨ। ਇਸੇ ਲਈ ਉਹ ਰੇਸ਼ਮ ਮਾਰਗਾਂ ’ਤੇ ਏਨੇ ਵੱਡੇ ਪੱਧਰ ’ਤੇ ਨਿਵੇਸ਼ ਕਰ ਰਿਹਾ ਹੈ ਤਾਂ ਕਿ ਪੱਛਮ ’ਤੇ ਇਸ ਵਿਰਾਸਤ ਰਾਹੀਂ ਵਪਾਰਕ ਅਤੇ ਬੌਧਿਕ ਪੱਧਰ ’ਤੇ ਆਪਣਾ ਦਾਬਾ ਸਥਾਪਿਤ ਕਰ ਸਕੇ। ਚੀਨ ਦੀ ਪੂਰੀ ਦੁਨੀਆ ਵਿਚ ਫੈਲ ਰਹੀ ਪ੍ਰਬਲਤਾ ਕਾਰਨ ਪੱਛਮੀ ਦੇਸ਼ਾਂ ਖ਼ਾਸਕਰ ਅਮਰੀਕਾ ਦੇ ਖਹਬਿੜਨ ਕੋਈ ਹੈਰਾਨੀ ਵਾਲੀ ਗੱਲ ਨਹੀਂ। ਪੂਰੇ ਸੰਸਾਰ ’ਚ ਊਰਜਾ ਸਰੋਤ ਜਿਵੇਂ ਤੇਲ, ਕੋਇਲਾ, ਕਈ ਪ੍ਰਕਾਰ ਦੇ ਖਣਿਜ ਪਦਾਰਥਾਂ ਅਤੇ ਅੰਨ ਪਦਾਰਥਾਂ ਦੀ ਮੰਗ ਤੇ ਪੂਰਤੀ ਲਈ ਵੱਡੇ ਪੱਧਰ ਦੀਆਂ ‘ਗ੍ਰੇਟ ਗੇਮਜ਼’ ਪ੍ਰਤੱਖ-ਅਪ੍ਰਤੱਖ ਰੂਪ ’ਚ ਚੀਨ ਤੇ ਪੱਛਮੀ ਦੇਸ਼ਾਂ ਵੱਲੋਂ ਖੇਡੀਆਂ ਜਾ ਰਹੀਆਂ ਹਨ। ਪਰ ਇਸ ਸੱਚਾਈ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਪੱਛਮ ਦੇ ਯੁੱਗ ਦਾ ਜੇਕਰ ਅੰਤ ਨਹੀਂ ਹੋਇਆ ਤਾਂ ਵੀ ਇਸ ਦੀ ਦਰਾਜ਼ ਉਮਰ ਦੇ ਚੌਰਾਹੇ ’ਤੇ ਖੜ੍ਹੀ ਨਜ਼ਰ ਆਉਂਦੀ ਹੈ।
ਅੰਤ ’ਚ ਇਹ ਕਹਿ ਸਕਦੇ ਹਾਂ ਕਿ ਆਉਣ ਵਾਲੇ ਦੋ ਦਹਾਕਿਆਂ ’ਚ ਸੜਕੀ ਸੰਸਾਰੀਕਾਰਨ ਜਾਂ ਨਵੇਂ ਨਵੇਂ ਰੇਸ਼ਮ ਮਾਰਗਾਂ ਦਾ ਉਦੈ ਹੋਣ ਜਾ ਰਿਹਾ ਹੈ। ਯੂਰਪ, ਅਮਰੀਕੀ ਮਹਾਦੀਪਾਂ ਦੇ ਮੁਲਕ ਆਪਸੀ ਅੰਦਰੂਨੀ ਸੜਕ ਆਵਜਾਈ ਲਈ ਪਹਿਲਾਂ ਹੀ ਖੁੱਲ੍ਹੇ ਹੋਏ ਹਨ ਜਿਸ ਕਾਰਨ ਸੜਕ ਮਾਰਗੀ ਵਪਾਰ ਜ਼ੋਰਾਂ ’ਤੇ ਹੈ। ਅਮਰੀਕਾ ਦੁਨੀਆ ਦੀ ਸੁਪਰ ਪਾਵਰ ਇਸ ਕਰਕੇ ਹੈ ਕਿਉਂਕਿ ਅਮਰੀਕਾ ਚਾਰੋਂ ਪਾਸਿਓਂ ਸਮੁੰਦਰ ਨਾਲ ਘਿਰਿਆ ਹੋਇਆ ਹੈ। ਸੰਸਾਰ ਦਾ ਅੱਸੀ ਫ਼ੀਸਦੀ ਵਪਾਰ ਸਵੇਜ਼ ਨਹਿਰ ਰਾਹੀਂ ਹੁੰਦਾ ਹੈ। ਚੀਨ ਕੋਲ ਸਾਰੇ ਸਾਧਨ ਹੋਣ ਦੇ ਬਾਵਜੂਦ ਬੰਦਰਗਾਹਾਂ ਦੀ ਘੋਰ ਘਾਟ ਹੈ। ਹੁਣ ਚੀਨ ਇਸ ਕਮੀ ਨੂੰ ਦੂਰ ਕਰਨ ਲਈ ਨਵੇਂ ਰੇਸ਼ਮ ਮਾਰਗਾਂ ਦੀ ਭਾਲ ’ਤੇ ਕੰਮ ਕਰ ਰਿਹਾ ਹੈ। ਪਾਕਿਸਤਾਨ ’ਚ ਚੀਨ ਨੇ ਗਵਾਦੜ ਬੰਦਰਗਾਹ ਲੀਜ਼ ’ਤੇ ਲੈ ਕੇ ਆਪਣਾ ਦਾਬਾ ਕਾਇਮ ਕਰ ਲਿਆ ਹੈ। ਚੀਨ ਇਸ ਬੰਦਰਗਾਹ ’ਤੇ ਕਬਜ਼ਾ ਜਮਾ ਕੇ ਇਕ ਪਾਸੇ ਤਾਂ ਸੁਏਜ ਨਹਿਰ ਦੇ ਨੇੜੇ ਹੋਇਆ ਹੈ, ਦੂਜਾ ਪੂਰੇ ਏਸ਼ੀਆ ਨੂੰ ਚੀਨ ਨੇ ਸੜਕੀ ਵਪਾਰਕ ਆਵਾਜਾਈ ਨਾਲ ਜੋੜਨ ਲਈ ਦਿਨ ਰਾਤ ਕੰਮ ਵਿੱਢਿਆ ਹੋਇਆ ਹੈ। ਚੀਨ ਸੀ-ਪੈਕ ਸੜਕ ਯੋਜਨਾ ਰਾਹੀਂ ਪੂਰੀ ਦੁਨੀਆ ’ਤੇ ਆਪਣਾ ਨਿਯੰਤਰਣ ਕਰਨ ਦੀ ਕੋਸ਼ਿਸ਼ ’ਚ ਹੈ। ਇਸ ਯੋਜਨਾ ’ਚ ਰੂਸ ਵੀ ਚੀਨ ਦੇ ਨਾਲ ਹੈ। ਇਨ੍ਹਾਂ ਨਵੇਂ ਰੇਸ਼ਮ ਮਾਰਗਾਂ ਰਾਹੀਂ ਚੀਨ ਆਪਣਾ ਉਤਪਾਦਨ ਪਾਕਿਸਤਾਨ, ਇਰਾਨ, ਇਰਾਕ, ਉਜ਼ਬੇਕਿਸਤਾਨ, ਤੁਰਕੀ ਰਾਹੀਂ ਯੂਰਪ ਭੇਜੇਗਾ। ਚੀਨ ਦਾ ਇਹ ਨਵਾਂ ਰੇਸ਼ਮ ਮਾਰਗ ਭਾਰਤ ਦੇ ਵੀ ਬਹੁਤ ਨੇੜਿਓਂ ਲੰਘ ਰਿਹਾ ਹੈ। ਇਸ ਨਵੇਂ ਰੇਸ਼ਮ ਮਾਰਗ ਦੇ ਰਾਹ ’ਚ ਪੰਜਾਬ ਅਤੇ ਇਸ ਨਾਲ ਜੁੜੇ ਲਾਗੇ ਦੇ ਖੇਤਰ ਵੀ ਪੈਂਦੇ ਹਨ। ਲਹਿੰਦੇ ਤੇ ਚੜ੍ਹਦੇ ਪੰਜਾਬ ਦੀ ਜ਼ਮੀਨ ਬੜੀ ਜ਼ਰਖੇਜ਼ ਅਤੇ ਇੱਥੇ ਰਹਿੰਦੀ ਵੱਸੋਂ ਬੜੀ ਮਿਹਨਤੀ ਹੈ। ਪੂਰੀ ਦੁਨੀਆ ਦੇ ਅੰਨ ਦੀ ਲੋੜ ਦੀ ਪੂਰਤੀ ਲਈ ਇੱਥੇ ਅੰਨ ਪੈਦਾ ਕਰਨ ਦੀ ਸੰਭਾਵਨਾ ਮੌਜੂਦ ਹੈ। ਪਾਕਿਸਤਾਨ ਆਪਣੀ ਭੁੱਖਮਰੀ ਇਸ ਨਵੇਂ ਰੇਸ਼ਮ ਮਾਰਗ ਦੀ ਯੋਜਨਾ ਰਾਹੀਂ ਮਿਟਾਉਣਾ ਚਾਹੁੰਦਾ ਹੈ। ਭਾਰਤ ’ਚ ਕੌਮੀ-ਬਹੁਕੌਮੀ ਕਾਰਪੋਰੇਟ ਹਿੱਤ ਵੀ ਇਸ ਤੋਂ ਜਾਣੂ ਹਨ ਕਿਉਂਕਿ ਚੀਨ ਜਿਸ ਤਰੀਕੇ ਨਾਲ ‘ਸੀ-ਪੈਕ ਐਕਸਪ੍ਰੈਸ ਵੇਅ’ ਯੋਜਨਾ ਅਧੀਨ ਨਵੇਂ ਵਪਾਰਕ ਰੇਸ਼ਮ ਮਾਰਗਾਂ ਦਾ ਨਿਰਮਾਣ ਕਰ ਰਿਹਾ ਹੈ, ਭਾਰਤ ਅਤੇ ਪੰਜਾਬ ਤੇ ਨਾਲ ਦੇ ਹਰਿਆਣਾ, ਹਿਮਾਚਲ ਤੇ ਜੰਮੂ ਕਸ਼ਮੀਰ ਸੂਬਿਆਂ ਦਾ ਇਸ ਤੋਂ ਪ੍ਰਭਾਵਿਤ ਹੋਣਾ ਲਾਜ਼ਮੀ ਹੈ।
ਸਾਡੇ ਗਿਰਦ ਦੁਨੀਆ ਬਦਲ ਰਹੀ ਹੈ। ਜਿਉਂ ਜਿਉਂ ਅਸੀਂ ਉਸ ਯੁੱਗ ’ਚ ਸ਼ਾਮਿਲ ਹੋ ਰਹੇ ਹਾਂ ਜਿੱਥੇ ਪੱਛਮ ਦੀ ਰਾਜਨੀਤਕ, ਸੈਨਿਕ ਅਤੇ ਆਰਥਿਕ ਪ੍ਰਬਲਤਾ ਨਿਰੰਤਰ ਦਬਾਅ ’ਚ ਹੈ ਅਤੇ ਅਨਿਸ਼ਚਿਤਤਾ ਤੇ ਅਸੁਰੱਖਿਅਤਾ ਦੀ ਭਾਵਨਾ ਬੜੀ ਤੇਜ਼ੀ ਨਾਲ ਫੈਲ ਰਹੀ ਹੈ। ਜਦੋਂ ਅਸੀਂ ਸੋਚ ਰਹੇ ਹੁੰਦੇ ਹਾਂ ਕਿ ਨਵਾਂ ਖ਼ਤਰਾ ਅਤੇ ਚੁਣੌਤੀ ਕਿਧਰੋਂ ਆਵੇਗੀ ਉਦੋਂ ਸਬੰਧਾਂ ਅਤੇ ਚੋਰ ਯਾਰੀਆਂ ਦੇ ਨੈਟਵਰਕ ਆਪਣਾ ਕਾਰਜ ਆਪਸ ’ਚ ਚੁੱਪ ਚਾਪ ਕਰ ਰਹੇ ਹੁੰਦੇ ਹਨ। ਇਸੇ ਕੜੀ ’ਚ ਏਸ਼ੀਆ ਦੀ ਰੀੜ੍ਹ ਦੀ ਹੱਡੀ ਦੇ ਆਰ ਪਾਰ ਕਈ ਨਵੇਂ ਰੇਸ਼ਮ ਮਾਰਗਾਂ ਦੇ ਰੂਪ ’ਚ ਮੁੜ ਉਭਰਦੇ ਨਜ਼ਰ ਆ ਰਹੇ ਹਨ।
ਸੰਪਰਕ: 82839-48811