ਪ੍ਰਿੰ. ਗੁਲਵੰਤ ਮਲੌਦਵੀ
ਕਹਿੰਦੇ ਨੇ ਅੰਗਰੇਜ਼ੀ ਦੇ ਸ਼ਬਦ ਨਿਊ (ਨਵਾਂ) ਤੋਂ ਨਿਊਜ਼ ਬਣਿਆ। ਕੁਝ ਨਵਾਂ ਸੁਣਨ ਨੂੰ ਕਿਸ ਦਾ ਦਿਲ ਨਹੀਂ ਕਰਦਾ? ਅਸੀਂ ਇੱਕ ਦੂਜੇ ਨੂੰ ਆਮ ਹੀ ਕਹਿੰਦੇ ਹਾਂ, ‘‘ਕੋਈ ਹੋਰ ਸੁਣਾ ਨਵੀਂ ਤਾਜ਼ੀ…।’’
ਏਧਰ ਸਾਡਾ ਜਿਗਰਾ ਦੇਖੋ ਜਿਹੜੇ ਪਿਛਲੇ ਕਈ ਸਾਲਾਂ ਤੋਂ ਸਰਕਾਰੀ ਰੇਡੀਓ, ਟੀਵੀ ਤੋਂ ਰੋਜ਼ਾਨਾ ਇੱਕੋ ਜਿਹੀਆਂ ਖ਼ਬਰਾਂ ਹੀ ਸੁਣ ਰਹੇ ਹਾਂ। ਇਨ੍ਹਾਂ ਨੂੰ ‘‘ਸਦਾਬਹਾਰ’’ ਖ਼ਬਰਾਂ ਵੀ ਕਿਹਾ ਜਾ ਸਕਦਾ ਹੈ। ਪਰ ਕੁਝ ‘ਦੁਖੀਏ’ ਇਨ੍ਹਾਂ ਨੂੰ ‘ਸਦ-ਕੁਮਲਾਈਆਂ’ ਖ਼ਬਰਾਂ ਦਾ ਨਾਂ ਦਿੰਦੇ ਹਨ। ਜੋ ਮਰਜ਼ੀ ਕਹਿ ਲਵੋ- ਇਨ੍ਹਾਂ ਖ਼ਬਰਾਂ ਨੂੰ ਲਿਖਣ ਵਾਲਿਆਂ ਦੀ ‘ਸਿਰਜਣ ਸ਼ਕਤੀ’ ਤੇ ‘ਕਲਾਕਾਰੀ’ ਦੇ ਅਸੀਂ ਬਹੁਤ ‘ਕਾਇਲ’ ਹਾਂ ਕਿਉਂਕਿ ਉਹ ਇੱਕੋ ਜਿਹੀਆਂ ਖ਼ਬਰਾਂ ਨੂੰ ਵਾਰ-ਵਾਰ ਤਰੋ-ਤਾਜ਼ਾ ਬਣਾ ਕੇ ਪੇਸ਼ ਕਰਨ ਦਾ ‘ਹੁਨਰ’ ਬਾਖ਼ੂਬੀ ਜਾਣਦੇ ਹਨ।
ਹਰ ਰੋਜ਼ ਸਵੇਰੇ ਛੇ ਵਜੇ ਰੇਡੀਓ ’ਤੇ ਸਮਾਚਾਰ ਸੁਣ ਕੇ ਅਸੀਂ ਅਪਣੇ ਦਿਨ ਦੀ ਸ਼ੁਰੂਆਤ ਕਰਦੇ ਹਾਂ। ਅਸੀਂ ਬਿਲਕੁਲ ਵੀ ਅੱਕਦੇ-ਥਕਦੇ ਨਹੀਂ। ਹਾਲਾਂਕਿ ਸਾਨੂੰ ਪਤਾ ਹੁੰਦਾ ਹੈ ਕਿ ਖ਼ਬਰਾਂ ਦੀ ਝਲਕ ਕਿਹੋ ਜਿਹੀ ਹੋਵੇਗੀ! ਰੋਜ਼ ਦੇ ਤਜਰਬੇ ਨਾਲ ਅਸੀਂ ਜਾਣਦੇ ਹਾਂ ਕਿ ‘ਸਮਾਚਾਰ ਬੁਲੇਟਿਨ’ ਕਿਹੜੀ ਖ਼ਬਰ ਨਾਲ ਸ਼ੁਰੂ ਤੇ ਕਿਸ ਨਾਲ ਸਮਾਪਤ ਹੋਵੇਗਾ।
ਤੁਸੀਂ ਇਤਰਾਜ਼ ਕਰ ਸਕਦੇ ਹੋ… ਜੇ ਐਨੇ ਈ ਔਖੇ ਹੋ ਤਾਂ ਖ਼ਬਰਾਂ ਨਾ ਸੁਣੋ। ਉੱਤਰ ਹੈ- ‘ਸਮਾਚਾਰ’ ਸੁਣਨਾ ਸਾਡੀ ਮਜਬੂਰੀ ਹੈ।
ਕਈ ਦਹਾਕੇ ਪਹਿਲਾਂ, ਜਦੋਂ ਅਸੀਂ ਕਾਲਜ ਵਿਚ ਪੜ੍ਹਦੇ ਸਾਂ, ਸਾਡੇ ਪ੍ਰੋਫ਼ੈਸਰਾਂ ਦਾ ਹੁਕਮ ਸੀ ਕਿ ‘‘ਖ਼ਬਰਾਂ ਜ਼ਰੂਰ ਸੁਣਿਆ ਕਰੋ, ਇਸ ਨਾਲ ਤੁਹਾਡਾ ਗਿਆਨ ਵਧੇਗਾ, ਤੁਹਾਡੀ ਚੇਤਨਾ ਤਿੱਖੀ ਹੋਵੇਗੀ…!’’
‘‘ਸਤਿ ਬਚਨ’’ ਕਹਿ ਅਸੀਂ ਲਗਾਤਾਰ ਆਪਣੇ ਪ੍ਰੋਫ਼ੈਸਰਾਂ ਦੇ ਹੁਕਮਾਂ ਦੀ ਪਾਲਣਾ ਕਰਦੇ ਰਹੇ ਤੇ ਖ਼ਬਰਾਂ ਸੁਣਨ ਨੂੰ ਅਪਣੀ ਆਦਤ ਤੇ ਖ਼ਬਤ ਬਣਾ ਬੈਠੇ।
ਹੁਣ ਜਦੋਂ ਵੀ ਮੌਕਾ ਮਿਲਦਾ ਹੈ ਅਸੀਂ ਖ਼ਬਰਾਂ ਸੁਣਨ ਦੀ ਕੋਸ਼ਿਸ਼ ਕਰਦੇ ਹਾਂ। ਆਜ਼ਾਦੀ ਮਿਲਣ ਪਿੱਛੋਂ ਆਮ ਲੋਕਾਂ ਲਈ ਖ਼ਬਰਾਂ ਸੁਣਨ ਦਾ ਸਾਧਨ ਸਰਕਾਰੀ ਰੇਡੀਓ ਹੀ ਹੁੰਦਾ ਸੀ। ਰੇਡੀਓ ’ਤੇ ਕੰਮ ਕਰਨਾ ਮਾਣ ਵਾਲੀ ਗੱਲ ਸੀ। ਰੇਡੀਓ ’ਤੇ ਕੰਮ ਕਰਨ ਵਾਲੇ ਅਧਿਕਾਰੀ, ਆਮ ਲੋਕਾਂ ਦੇ ਮਨਾਂ ਵਿਚ ਖ਼ਬਰਾਂ ਸੁਣਨ ਦੀ ‘ਇੱਛਾ’ ਤੇ ‘ਉਤਸੁਕਤਾ’ ਕਾਇਮ ਰੱਖਣ ਵਿਚ ਸਫ਼ਲ ਰਹੇ। ਘਰਾਂ ਵਿਚ, ਖੇਤਾਂ ਵਿਚ, ਦੁਕਾਨਾਂ ਵਿਚ, ਮਕਾਨਾਂ ਵਿਚ ਥਾਂ-ਥਾਂ ’ਤੇ ‘‘ਇਹ ਅਕਾਸ਼ਵਾਣੀ ਹੈ… ਖ਼ਬਰਾਂ ਸੁਣੋ…’’ ਬੋਲ ਗੂੰਜਦੇ।
ਪਰ ਪਿਛਲੇ ਪੰਜ-ਸੱਤ ਸਾਲਾਂ ਤੋਂ ਖ਼ਬਰਾਂ ਸੁਣਨ ਦਾ ਚਾਅ ਮੱਠਾ ਹੀ ਨਹੀਂ ਪਿਆ ਸਗੋਂ ਦਮ ਤੋੜਨ ਲਈ ਸਹਿਕ ਰਿਹਾ ਹੈ।
ਜੇ ਕਿਸੇ ਨੂੰ ਕਹੋ, ‘‘ਖ਼ਬਰਾਂ ਦਾ ਟੈਮ ਆ… ਸੁਣ ਲਵੋ…।’’
ਅੱਗੋਂ ਰੁੱਖਾ ਜਿਹਾ ਉੱਤਰ ਮਿਲਦਾ ਹੈ, ‘‘ਕਿਹੜੀਆਂ ਖ਼ਬਰਾਂ ਜੀ!!! ਪਤਾ ਈ ਆ… ਇਨ੍ਹਾਂ ਕੀਹਦੇ-ਕੀਹਦੇ ਗੁਣ ਗਾਉਣੇ ਨੇ…।’’
ਸਰਕਾਰੀ ਦੂਰਦਰਸ਼ਨ ਦੇ ਆਉਣ ਨਾਲੇ ਨੇਤਾਵਾਂ ਦੇ ਦਰਸ਼ਨ ਖੁਲ੍ਹੇਆਮ ਹੋਣ ਲੱਗੇ। ਪ੍ਰਾਈਵੇਟ ਚੈਨਲਾਂ ਦਾ ਯੁੱਗ ਆਇਆ, ਬਹੁਤ ਸਾਰੇ ਨਿਊਜ਼ ਚੈਨਲ ਮੈਦਾਨ ਵਿਚ ਉਤਰੇ। ਸਾਨੂੰ ਬੜਾ ਚਾਅ ਚੜ੍ਹਿਆ ਕਿ ਮੁਕਾਬਲੇਬਾਜ਼ੀ ਦੇ ਯੁੱਗ ਵਿਚ ‘ਭਰੋਸੇਮੰਦ’ ਤੇ ‘ਮਿਆਰੀ’ ਖ਼ਬਰਾਂ ਸੁਣਨ ਨੂੰ ਮਿਲਣਗੀਆਂ। ਸਮਾਜ ਨੂੰ ‘ਸਹੀ’ ਤੇ ‘ਪੁਖ਼ਤਾ’ ਸੇਧ ਮਿਲੇਗੀ।
ਪਰ ਥੋੜ੍ਹੇ ਸਮੇਂ ਵਿਚ ਹੀ ਜ਼ਿਆਦਾਤਰ ਪ੍ਰਾਈਵੇਟ ਨਿਊਜ਼ ਚੈਨਲਾਂ ਨੇ ਖ਼ਬਰਾਂ ਦੀ ਉਹ ਖ਼ਬਰ ਲਈ ਕਿ ਖ਼ਬਰਾਂ ਕਿਧਰੇ ਰੁਲ ਹੀ ਗਈਆਂ। ਹੋਇਆ ਇਹ ਕਿ ਖ਼ਬਰਾਂ ਘੱਟ ਤੇ ਇਸ਼ਤਿਹਾਰ ਜ਼ਿਆਦਾ।
ਖ਼ਬਰਾਂ ਨੂੰ ਕਮਰਸ਼ੀਅਲ ਬਰੇਕ ਵਾਰ-ਵਾਰ ਲੱਗਦੇ ਤੇ ਜਾਮ ਲੱਗ ਜਾਂਦਾ। ‘ਬਰੇਕਿੰਗ ਨਿਊਜ਼’ ਦੇ ਬੰਬ ਫਟਦੇ…। ‘ਐਕਸਕਲੂਸਿਵ ਨਿਊਜ਼’ ਦੇ ਧਮਾਕੇ।
ਨਿਊਜ਼ ’ਤੇ ਚਰਚਾ ਕਰਨ ਲਈ ਨੇਤਾ ਸਟੂਡੀਓ ਵਿਚ ਬੁਲਾਏ ਜਾਂਦੇ… ‘ਵਿਸ਼ਾ ਮਾਹਿਰ’ ਰੌਣਕਾਂ ਲਾਉਂਦੇ। ‘ਬੁੱਧੀਜੀਵੀ’, ‘ਵਿਦਵਾਨ’, ‘ਸੰਤ ਮਹਾਤਮਾ’ ਸਭ ਦੇ ਦਰਸ਼ਨ ਸਟੂਡੀਓ ਵਿਚ ਹੁੰਦੇ।
ਸਭ ਤੋਂ ਵੱਧ ਰੌਣਕਾਂ ਵੱਖ-ਵੱਖ ਪਾਰਟੀਆਂ ਦੇ ਬੁਲਾਰੇ ਲਾਉਂਦੇ। ਸੱਤਾਧਾਰੀ ਪਾਰਟੀ ਦੇ ਬੁਲਾਰਿਆਂ ਦੀ ਮੜ੍ਹਕ ਦੇਖਣ ਵਾਲੀ ਹੁੰਦੀ।
ਸੁੰਦਰ ਪੁਸ਼ਾਕਾਂ ਵਿਚ ਸਜੀਆਂ ਐਂਕਰ ਬੀਬੀਆਂ, ਭੈਣਾਂ ਅਤੇ ਕੋਟ-ਪੈਂਟ-ਟਾਈ-ਰੁਮਾਲ ਨਾਲ ਸਜੇ-ਫੱਬੇ ਐਂਕਰ ਭਾਈ ਸਟੂਡੀਓ ਨੂੰ ਚਾਰ ਚੰਨ ਲਾ ਦਿੰਦੇ। ‘ਚਰਚਾ’ ਸ਼ੁਰੂ ਹੋਣ ਤੋਂ ਪਹਿਲਾਂ ਸਭ ਸੁੰਦਰ ਦਿਸਦਾ। ਛੇਤੀ ਹੀ ਚਰਚਾ-ਬਹਿਸ ਵਿਚ ਤੇ ਫੇਰ ਲੜਾਈ ਸੰਗਰਾਮ ਵਿਚ ਬਦਲ ਜਾਂਦੀ।
ਐਂਕਰ-ਸਟੂਡੀਓ ਦੀ ਬਹਿਸ ਨੂੰ ਕੰਟਰੋਲ ਕਰਨ ਦਾ ਦਿਖਾਵਾ ਕਰਦੇ। ‘ਚਰਚਾ’ ਵਿਚ ਭਾਗ ਲੈਣ ਵਾਲੇ ਕਈ-ਕਈ ਬੰਦੇ ਇਕੋ ਵਾਰ ਇਕੱਠੇ ਹੀ ਬੋਲਣਾ ਸ਼ੁਰੂ ਕਰ ਦਿੰਦੇ। ਦਰਸ਼ਕ ਸਮਝ ਨਾ ਸਕਦੇ ਕਿ ਇਹ ਕਿਹੜਾ ਨਿਊਜ਼ ਬੁਲਟਿਨ ਚਲ ਰਿਹਾ ਹੈ।
ਐਂਕਰ ਉੱਚੀ-ਉਚੀ ਬੋਲਦੇ- ਚੀਕਦੇ-ਦਹਾੜਦੇ…
‘‘ਦੇਸ਼ ਜਾਨਣਾ ਚਾਹਤਾ ਹੈ…।’’
‘‘ਜਨਤਾ ਇਨਸਾਫ਼ ਚਾਹਤੀ ਹੈ…।’’
‘‘ਹਮ ਇਨਸਾਫ਼ ਦਿਲਾ ਕਰ ਰਹੇਂਗੇ…’’
ਕਈ ਐਂਕਰ ਹੱਥ ਹਿਲਾਉਂਦੇ, ਸਿਰ ਮਾਰਦੇ, ਇਕ-ਦੋ ਤਾਂ ਕੁਰਸੀ ਤੋਂ ਉੱਠ ਕੇ ਟਪੂਸੀਆਂ ਮਾਰਨ ਲੱਗ ਜਾਂਦੇ। ਛਾਲਾਂ ਮਾਰ ਕੇ ਸੁਣਾਈਆਂ ਜਾਣ ਵਾਲੀਆਂ ਨਿਊਜ਼ ਦੀ ਸਮਝ ਨਾ ਆਉਂਦੀ। ਕਈ ਐਂਕਰ ਸਖ਼ਤ ਭਾਸ਼ਾ ਬੋਲਦੇ।
ਅਜਿਹੇ ਐਂਕਰਾਂ ਤੋਂ ਡਰ ਕੇ ਖ਼ਬਰਾਂ ਸਟੂਡੀਓ ਵਿਚੋਂ ਭੱਜ ਨਿਕਲਦੀਆਂ, ਏਧਰ-ਓਧਰ ਲੁਕ ਜਂਦੀਆਂ, ਲੁਕ ਕੇ ਦੇਖਦੀਆਂ ਕਿ ਕਿਤੇ ਐਂਕਰ ਉਨ੍ਹਾਂ ਨੂੰ ਫੜਨ ਲਈ ਪਿੱਛਾ ਕਰਦਾ ਤਾਂ ਨਹੀਂ ਆ ਰਿਹਾ?
ਇਸ ਤਰ੍ਹਾਂ ਬਹੁਤ ਸਾਰੀਆਂ ਜ਼ਰੂਰੀ ਖ਼ਬਰਾਂ ਗੁੰਮ ਹੋ ਜਾਂਦੀਆਂ।
ਕਈ ਨਿਊਜ਼ ਚੈਨਲ ਖ਼ਬਰਾਂ ਦੀ ਘਾਟ ਹੋ ਜਾਣ ਕਾਰਨ ਦੋ-ਦੋ, ਤਿੰਨ-ਤਿੰਨ ਮਹੀਨੇ ਇਕੋ ਖ਼ਬਰ ਨੂੰ ਵਾਰ-ਵਾਰ ਚਲਾ ਕੇ ਕੰਮ ਚਲਾਉਂਦੇ।
ਇਸ ਤਰ੍ਹਾਂ ਬਹੁਤ ਸਾਰੀਆਂ ਜ਼ਰੂਰੀ ਖ਼ਬਰਾਂ ਗੁੰਮ ਹੋ ਗਈਆਂ ਜਿਨ੍ਹਾਂ ਦੀ ਤਲਾਸ਼ ਹੈ! ਤੁਸੀਂ ਕੋਈ ਮਦਦ ਕਰ ਸਕਦੇ ਹੋ ਗੁੰਮ ਹੋਈਆਂ ਖ਼ਬਰਾਂ ਦੀ ਤਲਾਸ਼ ਵਿਚ?
ਸੰਪਰਕ: 94173-32911