ਹਰਕੰਵਲ ਸਿੰਘ ਕੰਗ
ਜਦੋਂ ਮੱਘਰ ਦਾ ਮਹੀਨਾ ਦਸਤਕ ਦਿੰਦਾ ਹੈ ਤਾਂ ਮਨ ਨੂੰ ਥੋੜ੍ਹੀ-ਥੋੜ੍ਹੀ ਠੰਢ ਅਤੇ ਕੋਸੀ-ਕੋਸੀ ਧੁੱਪ ਮੋਹ ਰਹੀ ਹੁੰਦੀ ਹੈ। ਪਾਲਾ ਰਾਤਾਂ ਨੂੰ ਹੱਡਾਂ ਠਾਰਨ ਲੱਗਦਾ ਹੈ। ਪੌਦੇ ਹਵਾ ਦੇ ਨਾਲ ਅਠਖੇਲੀਆਂ ਕਰਦੇ ਨਜ਼ਰ ਆਉਂਦੇ ਹਨ। ਨਾਨਕਸ਼ਾਹੀ ਯੰਤਰੀ ਅਨੁਸਾਰ ਇਹ ਸਾਲ ਦਾ 9ਵਾਂ ਮਹੀਨਾ ਹੈ, ਜੋ ਅੱਧ ਨਵੰਬਰ ਤੋਂ ਸ਼ਰੂ ਹੋ ਕੇ ਅੱਧ ਦਸੰਬਰ ਤੱਕ ਚੱਲਦਾ ਹੈ। ਠੰਢ ਦੀ ਆਮਦ ਦੇਖਦਿਆਂ ਜੀਵ-ਜੰਤੂ ਆਪਣੇ ਆਲ੍ਹਣੇ ਬਣਾ ਲੈਂਦੇ ਹਨ। ਹਰ ਕੋਈ ਅੱਗੇ ਆ ਰਹੀ ਸਰਦੀ ਤੋਂ ਆਪਣੇ ਬਚਾਅ ’ਚ ਜੁਟ ਜਾਂਦਾ ਹੈ। ਰਾਤਾਂ ਵੱਡੀਆਂ ਤੇ ਦਿਨ ਛੋਟੇ ਹੁੰਦੇ ਜਾਂਦੇ ਨੇ। ਪਹਾੜਾਂ ਵਿੱਚ ਜਦੋਂ ਬਰਫ ਪੈਂਦੀ ਹੈ ਤਾਂ ਠੰਢੀ ਪੌਣ ਵਗਦੀ ਹੈ। ਸ਼ਾਇਦ ਤਾਂ ਹੀ ਕਿਸੇ ਨੇ ਕਿਹਾ ਹੈ: ਪਾਲਾ ਪੋਹ ਨਾ ਮਾਘ, ਪਾਲਾ ’ਵਾ ਦਾ।
ਮੱਘਰ ਮਹੀਨੇ ਹਰ ਪੰਜਾਬੀ ਦਾ ਮਨ ਮੱਲੋਮੱਲੀ ਕੰਮ ਕਰਨ ਨੂੰ ਕਰਦਾ ਹੈ। ਮੌਸਮ ਇੰਨਾ ਸੁਹਾਵਣਾ ਹੁੰਦਾ ਹੈ ਕਿ ਮਨ ਕੁਦਰਤ ਦੇ ਸਿਰਜਕ ਅੱਗ ਝੁਕ ਜਾਂਦਾ ਹੈ। ਇਨ੍ਹਾਂ ਰੁੱਤਾਂ ਨੂੰ ਮਾਨਣਾ ਵਧੇਰੇ ਕਰਕੇ ਉੱਤਰੀ ਭਾਰਤ ਦੇ ਲੋਕਾਂ ਦੇ ਹਿੱਸੇ ਹੀ ਆਇਆ ਹੈ। ਰਾਤ ਨੂੰ ਸਾਫ ਆਕਾਸ਼ ਵਿੱਚ ਤਾਰੇ ਚੰਦਰਮਾ ਨਾਲ ਬਾਤਾਂ ਪਾਉਂਦੇ ਮਹਿਸੂਸ ਹੁੰਦੇ ਹਨ ਪਰ ਇਨਸਾਨ ਦੀ ਖੁਦਗਰਜ਼ੀ ਕਾਰਨ ਹੁਣ ਅੰਬਰਾਂ ਵਿੱਚ ਧੂੜ ਚੜ੍ਹੀ ਰਹਿੰਦੀ ਹੈ। ਇਸ ਮਹੀਨੇ ਹਾੜ੍ਹੀ ਦੀ ਮੁੱਖ ਫ਼ਸਲ ਕਣਕ ਦੀ ਬਿਜਾਈ ਕਰਕੇ ਕਿਸਾਨ ਥੋੜ੍ਹਾ ਵਿਹਲਾ ਹੋ ਜਾਂਦਾ ਹੈ। ਭਾਵੇਂ ਕਿ ਹੁਣ ਸ਼ਹਿਰਾਂ ਵਿੱਚ ਹਵਾ ਗੰਧਲੀ ਹੈ ਪਰ ਪਿੰਡਾਂ ਦੀ ਸਵੇਰ ਦਾ ਨਜ਼ਾਰਾ ਤੱਕਿਆਂ ਹੀ ਬਣਦਾ ਹੈ। ਇਸ ਕਰਕੇ ਹੀ ਪੰਜਾਬੀਆਂ ਨੇ ਇਸ ਮਹੀਨੇ ਨੂੰ ਪੁਰਾਤਨ ਸਮਿਆਂ ਤੋਂ ਵਿਆਹ ਮੁਕਲਾਵਿਆਂ ਲਈ ਰਾਖਵਾਂ ਰੱਖਿਆ ਹੋਇਆ ਹੈ। ਜੇ ਇਸ ਮਹੀਨੇ ਥੋੜ੍ਹਾ ਮੀਂਹ ਪੈ ਜਾਵੇ ਤਾਂ ਵਾਤਾਵਰਨ ਸਾਫ ਹੋ ਜਾਂਦਾ ਹੈ ਤੇ ਠੰਢ ਵਧ ਜਾਂਦੀ ਹੈ। ਬਰਾਨੀ ਖੇਤੀ ਲਈ ਇਹ ਸਮਾਂ ਸੋਨੇ ’ਤੇ ਸੁਹਾਗਾ ਹੋ ਨਬਿੜਦਾ ਹੈ ਕਿਉਂਕਿ ਜਿਨ੍ਹਾਂ ਖੇਤਾਂ ਲਈ ਪਾਣੀ ਦਾ ਪ੍ਰਬੰਧ ਨਹੀਂ ਹੁੰਦਾ, ਉਨ੍ਹਾਂ ਵਿੱਚ ਵੀ ਕਣਕ, ਜੌ ਤੇ ਹੋਰ ਫਸਲਾਂ ਬੀਜ ਦਿੱਤੀਆਂ ਜਾਂਦੀਆਂ ਨੇ।
ਮੱਘਰ ਦਾ ਮਹੀਨਾ ਇੱਕ ਤਰ੍ਹਾਂ ਰੁੱਤਾਂ ਦਾ ਬਾਦਸ਼ਾਹ ਹੋ ਨਬਿੜਦਾ ਹੈ। ਮੌਸਮ ਅਜਿਹਾ ਹੁੰਦਾ ਹੈ ਕਿ ਸਰੀਰਕ ਕਸਰਤਾਂ ਦੇ ਸ਼ੌਕੀਨਾਂ ਲਈ ਵੀ ਇਹ ਆਦਰਸ਼ ਸਮਾਂ ਹੁੰਦਾ ਹੈ। ਇਸ ਮਹੀਨੇ ਵੱਧ ਖੁਰਾਕ ਖਾਧੀ ਵੀ ਸਹਿਜੇ ਹੀ ਹਜ਼ਮ ਹੋ ਜਾਂਦੀ ਹੈ। ਪਾਲਾ ਤੇ ਨਿੱਘ ਦੋਵੇਂ ਇਸ ਮਹੀਨੇ ਸਾਵੇਂ ਸਾਵੇਂ ਹੁੰਦੇ ਹਨ। ਭਗਤੀ ਕਰਨ ਲਈ ਵੀ ਇਹ ਮੌਸਮ ਬੜਾ ਆਦਰਸ਼ਕ ਹੁੰਦਾ ਹੈ।
ਮੱਘਰ ਚੜ੍ਹਦਿਆਂ ਸਾਰ ਹੀ ਪੰਜਾਬ ਵਿੱਚ ਵਿਆਹ ਸ਼ਰੂ ਹੋ ਜਾਂਦੇ ਹਨ। ਵਿਆਹਾਂ ਲਈ ਕਾਰਾਂ ਦੀ ਬੁਕਿੰਗ ਵਾਲਿਆਂ ਤੋਂ ਲੈ ਕੇ ਵਾਜੇ ਵਾਲਿਆਂ, ਫੋਟੋਗ੍ਰਾਫਰਾਂ ਅਤੇ ਹਲਵਾਈਆਂ ਦਾ ਸੀਜ਼ਨ ਸ਼ੁਰੂ ਹੋ ਜਾਂਦਾ ਹੈ। ਲਾਗੀਆਂ ਲਈ ਵੀ ਰੁਜ਼ਗਾਰ ਪੈਦਾ ਹੋ ਜਾਂਦਾ ਹੈ। ਵਿਆਹ ਦੀ ਵਰੀ ਖਰੀਦਣ ਸੁਆਣੀਆਂ ਵਿਸ਼ੇਸ਼ ਤੌਰ ’ਤੇ ਸ਼ਹਿਰਾਂ ਨੂੰ ਜਾਂਦੀਆਂ ਨੇ। ਬਜਾਜਾਂ ਦੀਆਂ ਮੱਲੀਆਂ ਗੱਲਾਂ ਵਿੱਚ ਆ ਕੇ ਸੁਆਣੀਆਂ ਮਹਿੰਗੇ-ਮਹਿੰਗੇ ਸੂਟ ਚਾਈਂ-ਚਾਈਂ ਖਰੀਦ ਕੇ ਘਰਾਂ ਨੂੰ ਆਉਂਦੀਆਂ ਨੇ। ਇੱਕ ਤਰ੍ਹਾਂ ਕਿਸਾਨ ਦੀ ਕਮਾਈ ਦੂਜਿਆਂ ਨੂੰ ਰੁਜ਼ਗਾਰ ਦਿੰਦੀ ਹੈ। ਹੁਣ ਭਾਵੇਂ ਵਿਆਹ ਪਿੰਡਾਂ ਤੋਂ ਨਿਕਲ ਕੇ ਪੈਲੇਸਾਂ ਤੱਕ ਸੁੰਗੜ ਗਏ ਨੇ ਪਰ ਜਦੋਂ ਪਿੰਡਾਂ ਵਿੱਚ ਵਿਆਹ ’ਚ ਨਾਨਕਾ ਮੇਲ ਦੀ ਆਮਦ ਹੁੰਦੀ ਤਾਂ ਵਿਆਹ ਦਾ ਮੁੱਢ ਬੱਝ ਜਾਂਦਾ। ਦੋਵੇਂ ਪਾਸਿਆਂ ਭਾਵ ਕਿ ਨਾਨਕਿਆਂ ਤੇ ਦਾਦਕਿਆਂ ਦੇ ਪੱਖ ਇੱਕ ਦੂਜੇ ਨੂੰ ਸਿੱਠਣੀਆਂ ਦੇ ਕੇ ਜਿੱਥੇ ਮਿੱਠੀਆਂ ਮਿੱਠੀਆਂ ਟਕੋਰਾਂ ਕਰਦੇ, ਉੱਥੇ ਹੀ ਵਡਿਆਈ ਵੀ ਕਰਦੇ ਹਨ। ਇਸ ਮਹੀਨੇ ਪੰਜਾਬੀ ਰੱਜ ਕੇ ਜਸ਼ਨ ਮਨਾਉਂਦੇ ਹਨ।
ਮੱਘਰ ਮਹੀਨੇ ਜਦੋਂ ਖੇਤਾਂ ਦੇ ਕਿਆਰਿਆਂ ’ਚ ਕਣਕ ਜੰਮ ਆਉਂਦੀ ਹੈ ਤਾਂ ਦੂਰੋਂ ਹੀ ਅਜਿਹੇ ਦ੍ਰਿਸ਼ਾਂ ਨੂੰ ਦੇਖ ਕੇ ਮਨ ਗਦ-ਗਦ ਹੋ ਉੱਠਦਾ ਹੈ। ਕਣਕ ਦੀ ਬਿਜਾਈ ਤੋਂ ਬਾਅਦ ਕਿਸਾਨ ਇਸ ਮਹੀਨੇ ਗੰਨੇ ਦੀ ਪਿੜਾਈ ਵੱਲ ਪੈ ਜਾਂਦਾ ਹੈ। ਮੂੰਹ ਹਨੇਰੇ ਜੋੜੀਆਂ ਘੁਲਾੜੀਆਂ ਅਤੇ ਇਨ੍ਹਾਂ ’ਚੋਂ ਨਿਕਲਦੀਆਂ ਸੰਗੀਤਮਈ ਧੁਨਾਂ ਮਨ ਨੂੰ ਮੰਤਰ-ਮੁਘਦ ਕਰ ਦਿੰਦੀਆਂ ਨੇ। ਸਵੇਰੇ ਸਵੇਰੇ ਰਸ ਵਿੱਚ ਲੱਸੀ ਪਾ ਕੇ ਪੀਣ ਨਾਲ ਇੱਕ ਵਾਰ ਤਾਜ਼ੇ ਦਮ ਹੋ ਕੇ ਗੰਨੇ ਦੀਆਂ ਭਰੀਆਂ ਢੋਹਣ ਲਈ ਸਰੀਰ ’ਚ ਲੋਹੜਿਆਂ ਦੀ ਜਾਨ ਆ ਜਾਂਦੀ ਹੈ। ਹੁਣ ਇਹ ਘੁਲਾੜੀਆਂ ਸਿਰਫ ਸੜਕਾਂ ਕਿਨਾਰੇ ਦੇਖਣ ਨੂੰ ਮਿਲਦੀਆਂ ਨੇ ਤੇ ਗੁੜ ਦਾ ਸਵਾਦ ਵੀ ਬਦਲ ਗਿਆ ਹੈ।
ਮੱਘਰ ਵਿੱਚ ਕਣਕ ਨੂੰ ਪਹਿਲਾ ਪਾਣੀ ਲੱਗਦਾ ਹੈ। ਕਣਕ ਦੀ ਸਿੰਜਾਈ ਲਈ ਛੱਡਿਆ ਪਾਣੀ ਜਦੋਂ ਭਾਫਾਂ ਛੱਡਦਾ ਕਿਆਰੇ ਦੇ ਕਿਨਾਰੇ ਤੱਕ ਪੁੱਜਦਾ ਹੈ ਤਾਂ ਤੁਰੰਤ ਨੱਕਾ ਮੋੜ ਕੇ ਅਗਲੇ ਕਿਆਰੇ ਨੂੰ ਪਾਣੀ ਛੱਡ ਕੇ ਹੱਥ ਵਿੱਚ ਫੜਿਆ ਗੰਨਾ ਵੀ ਚੂਪਣਾ, ਸ਼ਾਇਦ ਇਹ ਕਿਸਾਨ ਦੀ ਨਰੋਈ ਸਿਹਤ ਦਾ ਰਾਜ਼ ਰਿਹਾ ਹੈ। ਕਣਕ ਨੂੰ ਪਾਣੀ ਲਾਉਣ ਬਾਅਦ ਗੋਡੀ ਦਾ ਕੰਮ ਸ਼ੁਰੂ ਹੋ ਜਾਂਦਾ ਪਰ ਫਿਰ ਸਪਰੇਆਂ ਨੇ ਗੋਡੀ ਦਾ ਕੰਮ ਖਤਮ ਕਰ ਦਿੱਤਾ। ਸ਼ਾਇਦ ਇੱਥੋਂ ਹੀ ਕਿਸਾਨ ਦੇ ਸਾਦੇ ਜੀਵਨ ਵਿੱਚ ਵਧੇਰੇ ਸੁੱਖ-ਆਰਾਮ ਦੀ ਲਾਲਸਾ ਕਾਰਨ ਜ਼ਹਿਰਾਂ ਨੇ ਥਾਂ ਲੈ ਲਈ ਅਤੇ ਆਖਰ ਹੁਣ ਅਸੀਂ ਕੈਂਸਰ ਵਰਗੀਆਂ ਨਾਮੁਰਾਦ ਬਿਮਾਰੀਆਂ ਵਿੱਚ ਘਿਰ ਗਏ ਹਾਂ।
ਜੇ ਇਹ ਕਹਿ ਲਈਏ ਕਿ ਮੱਘਰ ਦਾ ਮਹੀਨਾ ਬੁੱਤਾਂ ਵਿੱਚ ਮੋਹ ਪਿਆਰ ਅਤੇ ਰੂਹ ਭਰ ਦਿੰਦਾ ਹੈ ਤਾਂ ਸ਼ਇਦ ਕੋਈ ਅਤਿਕਥਨੀ ਨਹੀਂ ਹੋਵੇਗੀ। ਇਸ ਮਹੀਨੇ ਦੀ ਸੁਹਾਵਣੀ ਰੁੱਤ ਨੂੰ ਦੇਖਦਿਆਂ ਹੀ ਰੂਹਾਂ ਦੇ ਮਿਲਾਪ ਲਈ ਇਹ ਮਹੀਨਾ ਖਾਸ ਤੌਰ ’ਤੇ ਚੁਣਿਆ ਗਿਆ ਹੈ। ਜਦੋਂ ਡੋਲੀ ਵਿਦਾ ਹੋਣ ਤੋਂ ਪਹਿਲਾਂ ‘ਅੱਜ ਦੀ ਰਾਤ ਰੱਖ ਡੋਲੀ ਨੀ ਮਾਂ/ਰਹਾਂ ਬਾਬਲ ਦੀ ਬਣ ਕੇ ਗੋਲੀ ਨੀ ਮਾਂ’ ਦੀਆਂ ਧੁੰਨਾਂ ਹਵਾ ਵਿੱਚ ਫੈਲਦੀਆਂ ਨੇ ਤਾਂ ਉਹ ਕਿਸ ਤਰ੍ਹਾਂ ਸਾਡੇ ਹਾਵਾਂ ਭਾਵਾਂ ਦਾ ਪ੍ਰਗਟਾਵਾ ਕਰਦੀਆਂ ਨੇ, ਉਨ੍ਹਾਂ ਪਲਾਂ ਨੂੰ ਮਾਣ ਕੇ ਹੀ ਅਨੁਭਵ ਕੀਤਾ ਜਾ ਸਕਦਾ ਹੈ।
ਇੱਕ ਪੰਜਾਬੀ ਲੋਕ ਗੀਤ ਵਿੱਚ ਇੱਕ ਵਿਆਂਹਦੜ ਆਪਣੇ ਪਤੀ ਨੂੰ ਇਸ ਮਹੀਨੇ ਘਰ ਤੋਂ ਨਾ ਜਾਣ ਲਈ ਆਖਦੀ ਹੋਈ ਪੱਜ ਲਾਉਂਦੀ ਹੈ, ‘ਮੱਘਰ ਨਾ ਜਾਈਂ ਚੰਨਾ, ਲੇਫ ਰੰਗਾਵਣੇ।’ ਇਸੇ ਤਰ੍ਹਾਂ ‘ਚੜਿ੍ਹਆ ਮਹੀਨਾ ਮੱਘਰ ਕੱਤਨੀਆਂ ਖੱਦਰ ਕਿ ਲੇਫ ਰੰਗਾਨੀਆਂ/ ਪੀਆ ਵਸੇ ਪਰਦੇਸ ਕਿ ਟੰਗਣੇ ਪਾਨੀਆਂ। ’
ਪਰਦੇਸੀਆਂ ਦੇ ਦੁੱਖ ਦਰਦ ਵੀ ਸ਼ਾਇਦ ਵਿਲੱਖਣ ਕਿਸਮ ਦੇ ਹੀ ਰਹੇ ਨੇ। ਇਸ ਪਿਆਰ ਦੀ ਰੁੱਤ ਵਿੱਚ ਪਰਦੇਸ ਵਸਦੇ ਮਾਹੀ ਦੀ ਯਾਦ ਵਾਰ-ਵਾਰ ਸਤਾਉਣ ਲੱਗਦੀ ਹੈ। ਇਸ ਲੋਕ ਗੀਤ ਵਿੱਚ ਵੀ ਇਸ ਦੀ ਝਲਕ ਪੈਂਦੀ ਹੈ:
ਮੱਘਰ ਮਹੀਨੇ ਜੀ ਮੈਂ ਲੇਫ ਭਰਾਵਾਂ,
ਲਾਲ ਤੁਸੀਂ ਪ੍ਰਦੇਸ ਕੁਝ ਚਿਤ ਨ ਭਾਵਾਂ।
ਲੋਕ ਬੋਲੀ ‘ਕੱਤ ਦੇ ਤੇਲੀਆ ਤਾੜਾ ਰੂੰ ਮੇਰੇ ਪੇਕਿਆਂ ਦੀ’ ਵੀ ਸ਼ਾਇਦ ਕਿਸੇ ਮੁਟਿਆਰ ਨੇ ਮੱਘਰ ਮਹੀਨੇ ਹੀ ਸਿਰਜੀ ਹੋਵੇਗੀ।
ਗੱਲ ਕੀ ਪੁਰਾਣੇ ਸਮਿਆਂ ਵਿੱਚ ਵਿਆਹਾਂ ਦੀ ਤਿਆਰੀ ਤੇ ਗਰਮ ਕੱਪੜੇ ਪਹਿਨਣ ਤੇ ਤਿਆਰ ਕਰਨੇ ਇਸ ਮਹੀਨੇ ਦੇ ਵੱਡੇ ਕੰਮ ਹੁੰਦੇ। ਭੈਣਾਂ ਵੀਰਿਆਂ ਲਈ ਤੇ ਮੰਗੇਤਰਾਂ ਆਪਣੇ ਸੁਹਾਗਾਂ ਲਈ ਸਵੈਟਰ ਬੁਣਦੀਆਂ। ਵੱਡੀਆਂ ਬੀਬੀਆਂ ਚਰਖੇ ਡਾਹ ਕੇ ਸੂਤ ਕੱਤਣ ਬਹਿ ਜਾਂਦੀਆਂ। ਰਾਤਾਂ ਨੂੰ ਚਰਖਿਆਂ ਦੀ ਘੁੰ ਘੂੰ ਦੀਆਂ ਆਵਾਜ਼ਾਂ ਹਵਾ ਵਿੱਚ ਸੰਗੀਤ ਘੋਲਦੀਆਂ। ਪੰਜਾਬ ਵਿੱਚ ਤ੍ਰਿੰਝਣ ਵੀ ਰਾਤ ਨੂੰ ਲੱਗਣ ਦੀ ਪਰੰਪਰਾ ਰਹੀ ਹੈ।
ਮੱਘਰ ਦੇ ਮਹੀਨੇ ਗੁਰੂ ਨਾਨਕ ਵੀ ਕੁਦਰਤ ਨਾਲ ਸੰਵਾਦ ਰਚਾਉਂਦੇ ਹਨ:
ਮੰਘਰ ਮਾਹੁ ਭਲਾ ਹਰਿ ਗੁਣ ਅੰਕਿ ਸਮਾਵਏ॥
ਗੁਣਵੰਤੀ ਗੁਣ ਰਵੈ ਮੈ ਪਿਰੁ ਨਿਹਚਲੁ ਭਾਵਏ॥
ਨਿਹਚਲੁ ਚਤੁਰੁ ਸੁਜਾਣੁ ਬਿਧਾਤਾ ਚੰਚਲੁ ਜਗਤੁ ਸਬਾਇਆ॥
ਗਿਆਨੁ ਧਿਆਨੁ ਗੁਣ ਅੰਕਿ ਸਮਾਣੇ ਪ੍ਰਭ ਭਾਣੇ ਤਾ ਭਾਇਆ॥
ਗੀਤ ਨਾਦ ਕਵਿਤ ਕਵੇ ਸੁਣਿ ਰਾਮ ਨਾਮਿ ਦੁਖੁ ਭਾਗੈ॥
ਨਾਨਕ ਸਾ ਧਨ ਨਾਹ ਪਿਆਰੀ ਅਭ ਭਗਤੀ ਪਿਰ ਆਗੈ॥
ਭਾਵ ਕਿ ਜਿਸ ਮਨੁੱਖ ਰੂਪੀ ਇਸਤਰੀ ਦੇ ਹਿਰਦੇ ਵਿੱਚ ਪ੍ਰਭੂ ਦੇ ਗੁਣਾਂ ਦਾ ਸੰਚਾਰ ਹੋ ਗਿਆ, ਉਨ੍ਹਾਂ ਲਈ ਮੱਘਰ ਦਾ ਮਹੀਨਾ ਭਲਾ ਹੈ।
ਗੁਰੂ ਅਰਜਨ ਦੇਵ ਵੀ ਬਾਰਾਂਮਾਹ ਰਾਗ ਮਾਂਝ ਦੇ ਵਿੱਚ ਮੱਘਰ ਮਹੀਨੇ ਦਾ ਵਿਖਿਆਨ ਇਸ ਤਰ੍ਹਾਂ ਕਰਦੇ ਹਨ:
ਮੰਘਿਰਿ ਮਾਹਿ ਸੋਹੰਦੀਆ ਹਰਿ ਪਿਰ ਸੰਗਿ ਬੈਠੜੀਆਹ॥
ਤਿਨ ਕੀ ਸੋਭਾ ਕਿਆ ਗਣੀ ਜਿ ਸਾਹਿਬਿ ਮੇਲੜੀਆਹ॥
ਤਨੁ ਮਨੁ ਮਉਲਿਆ ਰਾਮ ਸਿਉ ਸੰਗਿ ਸਾਧ ਸਹੇਲੜੀਆਹ॥
ਸਾਧ ਜਨਾ ਤੇ ਬਾਹਰੀ ਸੇ ਰਹਨਿ ਇਕੇਲੜੀਆਹ॥
ਤਿਨ ਦੁਖੁ ਨ ਕਬਹੂ ਉਤਰੈ ਸੇ ਜਮ ਕੈ ਵਸਿ ਪੜੀਆਹ॥
ਜਿਨੀ ਰਾਵਿਆ ਪ੍ਰਭੁ ਆਪਣਾ ਸੇ ਦਿਸਨਿ ਨਿਤ ਖੜੀਆਹ॥
ਰਤਨ ਜਵੇਹਰ ਲਾਲ ਹਰਿ ਕੰਠਿ ਤਿਨਾ ਜੜੀਆਹ॥
ਨਾਨਕ ਬਾਂਛੈ ਧੂੜਿ ਤਿਨ ਪ੍ਰਭ ਸਰਣੀ ਦਰਿ ਪੜੀਆਹ॥
ਮੰਘਿਰਿ ਪ੍ਰਭੁ ਆਰਾਧਣਾ ਬਹੁੜਿ ਨ ਜਨਮੜੀਆਹ॥
ਇਸੇ ਤਰ੍ਹਾਂ ਬਾਬਾ ਬੁੱਲ੍ਹੇ ਸ਼ਾਹ ਵੀ ਮੱਘਰ ਮਹੀਨੇ ਆਪਣੇ ਮਾਲਕ ਦੇ ਮਿਲਣ ਦੀ ਤਾਂਘ ਦਾ ਜ਼ਿਕਰ ਕਰਦੇ ਨੇ:
ਮੱਘਰ ਮੈਂ ਕਰ ਰਹੀਆਂ ਸੋਧ ਕੇ ਸਭ ਉੱਚੇ ਨੀਚੇ ਵੇਖ।
ਪੜ੍ਹ ਪੰਡਤ ਪੋਥੀ ਭਾਲ ਰਹੇ ਹਰਿ ਹਰਿ ਸੇ ਰਹੇ ਅਲੇਖ।
ਮੱਘਰ ਮੈਂ ਘਰ ਕਿੱਧਰ ਜਾਂਦਾ, ਰਾਕਸ਼ ਨੇਹੁੰ ਹੱਡਾਂ ਨੂੰ ਖਾਂਦਾ, ਸੜ ਸੜ ਜੀਅ ਪਿਆ ਕੁਰਲਾਂਦਾ, ਆਵੇ ਲਾਲ ਕਿਸੇ ਦਾ ਆਂਦਾ, ਬਾਂਦੀ ਹੋ ਰਹਾਂ।
ਜੋ ਕੋਈ ਸਾਨੂੰ ਯਾਰ ਮਿਲਾਵੇ, ਸੋਜ਼ੇ-ਅਲਮ ਥੀਂ ਸਰਦ ਕਰਾਵੇ, ਚਿਖਾ ਤੋਂ ਬੈਠੀ ਸਤੀ ਉਠਾਵੇ, ਬੁੱਲਾ ਸ਼ੌਹ ਬਿਨ ਨੀਂਦ ਨਾ ਆਵੈ, ਭਾਵੇਂ ਸੋ ਰਹੇਂ।
ਇਸ ਤਰ੍ਹਾਂ ਮੱਘਰ ਦੇ ਮਹੀਨੇ ਸੁਹਾਵਣੀ ਠੰਢੀ ਰੁੱਤ ਹੋਣ ਸਦਕਾ ਪ੍ਰਭੂ ਦੇ ਭਗਤ ਰੂਹਾਨੀ ਸੰਗਤ ’ਚ ਰੰਗੇ ਜਾਂਦੇ ਹਨ।
ਸੰਪਰਕ: 97819-78123