ਪ੍ਰਿੰ. ਸਰਵਣ ਸਿੰਘ
ਕੁਲਵੰਤ ਸਿੰਘ ਬੁਡਲਾਢਾ ਕਬੱਡੀ ਦੀ ਕੁਮੈਂਟਰੀ ਦਾ ਕਲਹਿਰੀ ਮੋਰ ਹੈ। ਉਹ ਖੇਡ ਲੇਖਕ ਵੀ ਹੈ ਜਿਸ ਨੇ ਜ਼ਿਲ੍ਹਾ ਮਾਨਸਾ ਤੇ ਬਠਿੰਡੇ ਦੇ ਦਰਜਨਾਂ ਖਿਡਾਰੀਆਂ ਦੇ ਰੇਖਾ ਚਿਤਰ ਉਲੀਕੇ ਹਨ। ਉਨ੍ਹਾਂ ਵਿਚ ਨੈਸ਼ਨਲ ਚੈਂਪੀਅਨ ਵੀ ਹਨ ਅਤੇ ਏਸ਼ੀਆਈ ਖੇਡਾਂ ਦੇ ਮੈਡਲਿਸਟ ਤੇ ਓਲੰਪਿਕ ਖੇਡਾਂ ਵਿਚ ਭਾਗ ਲੈਣ ਵਾਲੇ ਵੀ ਹਨ। ਲਿਖਣ ਦੇ ਨਾਲ-ਨਾਲ ਉਹ ਕਬੱਡੀ ਦੀ ਦਿਲਚਸਪ ਕੁਮੈਂਟਰੀ ਵੀ ਕਰਦਾ ਹੈ। ਮਲਵਈ ਲਹਿਜੇ `ਚ ਬੋਲਦਾ ਜਦੋਂ ਬਾਗੜੀ ਬੋਲੀ ਦੀਆਂ ਗਰਾਰੀਆਂ ਘੁੰਮਾਉਂਦਾ ਹੈ ਤਾਂ ਉਹਦੀ ਕੁਮੈਂਟਰੀ ਰੰਗ-ਬਰੰਗੇ ਲਹਿਰੀਏ ਵਰਗੀ ਹੋ ਜਾਂਦੀ ਹੈ। ਦੁਪੱਟਾ ਸੱਤ ਰੰਗ ਦਾ ਬਣ ਜਾਂਦੈ। ਉਹਦੇ ਫਿਕਰਿਆਂ `ਚ ਅਨਾਰ ਚਲਦੇ ਤੇ ਫੁੱਲਝੜੀਆਂ ਝੜਦੀਆਂ ਹਨ। ਉਸ ਨੂੰ ਹਾਸੇ ਖੇਡੇ ਦੇ ਭੂੰਡ ਪਟਾਕੇ ਵੀ ਚਲਾਉਣੇ ਆਉਂਦੇ ਹਨ। ਉਹ ਛੁਰਲੀਆਂ ਛੱਡਣ ਤੇ ਚੱਕਰੀਆਂ ਚਲਾਉਣ ਦਾ ਵੀ ਮਾਹਿਰ ਹੈ। ਜਦੋਂ ਕੁਮੈਂਟਰੀ ਕਰ ਰਿਹਾ ਹੁੰਦੈ ਤਾਂ ਉਹਦਾ ਚਿਹਰਾ ਮਤਾਬੀ ਵਾਂਗ ਜਗ ਰਿਹਾ ਹੁੰਦੈ। ਗੇੜੇ `ਤੇ ਗੇੜਾ ਬੰਨ੍ਹੀ ਫਿਰਦੈ। ਕਿਸੇ ਧਾਵੀ ਨੂੰ ਗਹਿਗੱਡਵਾਂ ਜੱਫਾ ਲੱਗਜੇ ਤਾਂ ਕਹਿੰਦੈ, “ਕਰਤਾ ਗੱਡਾ ਡਹੀਏਂ। ਗੱਡਤਾ ਅਰਲਾਕੋਟ। ਲਾਤੇ ਜਿੰਦੇ…”।
1993 ਵਿਚ ਮੈਂ ਕਿਲਾ ਰਾਇਪੁਰ ਦੀਆਂ ਖੇਲ੍ਹਾਂ ਦੀ ਹਾਜ਼ਰੀ ਭਰ ਕੇ ਬੋਹੇ ਦੇ ਟੂਰਨਾਮੈਂਟ `ਚ ਗਿਆ ਤਾਂ ਦੂਰੋਂ ਹੀ ਕੁਮੈਂਟਰੀ ਦੇ ਮਾਰੋ-ਮਾਰ ਕਰਦੇ ਬੋਲ ਕੰਨੀਂ ਪਏ ਜਿਵੇਂ ਏ.ਕੇ. ਸੰਤਾਲੀ ਚਲਦੀ ਹੋਵੇ। ਅੱਗੇ ਜਾ ਕੇ ਵੇਖਿਆ ਤਾਂ ਸਮੱਧਰ ਕੱਦ ਤੇ ਵਿਰਲੀ ਦਾੜ੍ਹੀ ਵਾਲਾ ਛੀਂਟਕਾ ਜਿਹਾ ਨੌਜੁਆਨ ਮਾਈਕ ਫੜੀ ਮੇਲ੍ਹ ਰਿਹਾ ਸੀ। ਪਹਿਲੀ ਨਜ਼ਰੇ ਇਉਂ ਲੱਗਾ ਜਿਵੇਂ ਕਲਹਿਰੀ ਮੋਰ ਪੈਲਾਂ ਪਾ ਰਿਹਾ ਹੋਵੇ। ਬਾਅਦ ਵਿਚ ਮੈਂ ਉਹਦਾ ਨਾਂ ਹੀ ‘ਕਲਹਿਰੀ ਮੋਰ’ ਰੱਖ ਲਿਆ। ਉਹਦੇ ਪੈਰੀਂ ਤਿੱਲੇਦਾਰ ਜੁੱਤੀ ਸੀ ਤੇ ਅੱਖਾਂ ਉਤੇ ਫੈਸ਼ਨਦਾਰ ਕਾਲੀਆਂ ਐਨਕਾਂ। ਜੁੱਸਾ ਉਹਦਾ ਭਾਵੇਂ ਮਣ ਕੁ ਦਾ ਸੀ ਪਰ ਗੱਲਾਂ ਕੁਇੰਟਲ-ਕੁਇੰਟਲ ਦੀਆਂ ਕਰ ਰਿਹਾ ਸੀ। ਬੋਲਾਂ ਵਿਚ ਗੜ੍ਹਕ ਸੀ ਤੇ ਪੈਰਾਂ ਵਿਚ ਫੁਰਤੀ। ਉਦੋਂ ਉਹ ਬੁਢਲਾਡੇ ਦੇ ਕੋਪ੍ਰੇਟਿਵ ਬੈਂਕ ਵਿਚ ਕਲਰਕ ਸੀ ਜਿਥੋਂ ਫਿਰ ਮੈਨੇਜਰ ਬਣ ਕੇ ਰਿਟਾਇਰ ਹੋਇਆ। ਹੁਣ ਕਦੇ ਵੱਡੇ ਲੜਕੇ ਪਾਸ ਆਸਟ੍ਰੇਲੀਆ ਵਿਚ ਹੁੰਦਾ, ਕਦੇ ਛੋਟੇ ਲੜਕੇ ਪਾਸ ਬੁਢਲਾਡੇ। ਵੈਸੇ ਉਸ ਦਾ ਜੱਦੀ ਪਿੰਡ ਧਲੇਵਾਂ ਹੈ। ਨਾਨਕੇ ਬਾਹਮਣ ਵਾਲੇ ਹਨ ਜੋ ਬਾਗੜੀ ਬੋਲਣ ਵਾਲੇ ਪਿੰਡਾਂ ਵਿਚਕਾਰ ਹੈ। ਦਸਵੀਂ ਤਕ ਉਹ ਉਥੇ ਹੀ ਪੜ੍ਹਿਆ। ਮਾਨਸਾ ਕਾਲਜ ਵਿਚ ਅਜਮੇਰ ਔਲਖ ਦਾ ਵਿਦਿਆਰਥੀ ਰਿਹਾ ਹੋਣ ਕਰਕੇ ਨਾਟਕਾਂ ਚੇਟਕਾਂ ਵਿਚ ਭਾਗ ਲੈਂਦਾ ਰਿਹਾ। ਸੱਦਾ ਮਿਲਣ ’ਤੇ ਇਲਾਕੇ ਵਿਚ ਮਾਈਕ ਤੋਂ ਸਟੇਜ ਸਕੱਤਰੀ ਕਰਦਾ ਰਿਹਾ। ਫਿਰ ਉਹਦਾ ਮਾਈਕ ਅੱਗੇ ਬੋਲਣ ਦਾ ਸ਼ੌਕ ਕਬੱਡੀ ਦੀ ਕੁਮੈਂਟਰੀ ਕਰਨ ਵਿਚ ਬਦਲ ਗਿਆ। ਜਦੋਂ ਮੇਰੇ ਸੰਪਰਕ ਵਿਚ ਆਇਆ ਤਾਂ ਖਿਡਾਰੀਆਂ ਬਾਰੇ ਲਿਖਣ ਲੱਗ ਪਿਆ।
ਉਹਦੀਆਂ ਲਿਖਤਾਂ ਵਿਚੋਂ ਓਲੰਪੀਅਨ ਖਿਡਾਰੀ ਸਵਰਨ ਸਿੰਘ ਵਿਰਕ ਬਾਰੇ ਨੇੜਲੀ ਜਾਣਕਾਰੀ ਮਿਲਦੀ ਹੈ। ਇਹ ਇਕ ਓਲੰਪੀਅਨ ਦੀ ਕਰੜੀ ਜਦੋਜਹਿਦ ਦੀ ਲੰਮੀ ਕਹਾਣੀ ਹੈ ਕਿ ਕਿਵੇਂ ਇਕ ਨਿਮਨ ਕਿਸਾਨ ਦਾ ਪੁੱਤਰ ਖੇਤੀਬਾੜੀ ’ਚੋਂ ਪੂਰੀ ਨਾ ਪੈਂਦੀ ਵੇਖ ਫੌਜ ਵਿਚ ਭਰਤੀ ਹੁੰਦਾ ਹੈ। ਭਰਤੀ ਹੋ ਕੇ ਪਰਿਵਾਰ ਦੇ ਗੁਜ਼ਾਰੇ ਦਾ ਸਾਧਨ ਬਣਦਾ ਹੈ। ਚੰਗੇ ਕੱਦ ਕਾਠ ਕਰ ਕੇ ਰੋਇੰਗ ਵਰਗੀ ਪਾਣੀ ਦੀ ਖੇਡ ਵਿਚ ਸ਼ਾਮਲ ਕਰ ਲਿਆ ਜਾਂਦਾ ਹੈ ਜਿਸ ਖੇਡ ਦਾ ਉਸ ਨੇ ਪਹਿਲਾਂ ਕਦੇ ਨਾਂ ਵੀ ਨਹੀਂ ਸੀ ਸੁਣਿਆ। ਉਹਦੀ ਕਹਾਣੀ ਮਿਲਖਾ ਸਿੰਘ ਤੇ ਪੰਜਾਬ ਦੇ ਹੋਰ ਕਈ ਫੌਜੀ ਖਿਡਾਰੀਆਂ ਵਰਗੀ ਹੈ, ਜੋ ਮਜਬੂਰੀ ਵੱਸ ਫੌਜ ਵਿਚ ਭਰਤੀ ਹੋਏ ਅਤੇ ਨੈਸ਼ਨਲ ਤੇ ਏਸ਼ੀਆ ਪੱਧਰ ਦੇ ਜਿੱਤ-ਮੰਚਾਂ ਉਤੇ ਚੜ੍ਹੇ।
ਸਵਰਨ ਸਿੰਘ 19ਵੇਂ ਸਾਲ ਦੀ ਉਮਰ ਵਿਚ ਭਰਤੀ ਹੋਇਆ ਅਤੇ 21ਵੇਂ ਸਾਲ ਦੀ ਉਮਰ ਵਿਚ ਮੈਡਲ ਜਿੱਤਣ ਲੱਗ ਪਿਆ। ਕਦੇ ਕੌਮੀ ਖੇਡਾਂ `ਚੋਂ, ਕਦੇ ਏਸ਼ੀਆ ਰੋਇੰਗ ਚੈਂਪੀਅਨਸ਼ਿਪਸ `ਚੋਂ ਤੇ ਕਦੇ ਏਸ਼ੀਅਨ ਗੇਮਜ਼ ’ਚੋਂ। ਕਿਸੇ ਭਾਰਤੀ ਖਿਡਾਰੀ ਦਾ ਓਲੰਪਿਕ ਖੇਡਾਂ `ਚ ਭਾਗ ਲੈਣ ਲਈ ਕੁਆਲਾਫਾਈ ਕਰਨਾ ਹੀ ਵੱਡੀ ਪ੍ਰਾਪਤੀ ਮੰਨੀ ਜਾਂਦੀ ਹੈ, ਸਵਰਨ ਸਿੰਘ ਵਿਰਕ ਨੇ ਲੰਡਨ ਦੀਆਂ ਓਲੰਪਿਕ ਖੇਡਾਂ ਵਿਚੋਂ 16ਵਾਂ ਸਥਾਨ ਪ੍ਰਾਪਤ ਕੀਤਾ। ਪੇਸ਼ ਹੈ ਇਸ ਬਾਰੇ ਕੁਲਵੰਤ ਬੁਡਲਾਢੇ ਦੇ ਲਿਖੇ ਦਾ ਸੰਖੇਪ ਸਾਰ:
ਜ਼ਿਲ੍ਹਾ ਮਾਨਸਾ ਦਾ ਪਹਿਲਾ ਓਲੰਪੀਅਨ ਤੇ ਅਰਜਨ ਅਵਾਰਡੀ ਸਵਰਨ ਸਿੰਘ ਵਿਰਕ: 1992 ਵਿੱਚ ਮਾਨਸਾ ਜ਼ਿਲ੍ਹਾ ਬਣਨ ਤੋਂ ਬਾਅਦ ਏਸ਼ੀਆਈ ਖੇਡਾਂ ਵਿੱਚੋਂ ਪਹਿਲਾ ਮੈਡਲ ਜਿੱਤਣ ਦਾ ਰਿਕਾਰਡ ਤਾਂ ਭਾਵੇਂ ਰੋਇੰਗ ਵਾਲੇ ਕੈਪਟਨ ਪੱਪੀ ਸਿੰਘ ਰੱਲੀਵਾਲੇ ਦੇ ਨਾਮ ਬੋਲਦੈ, ਪਰ ਓਲੰਪਿਕ ਖੇਡਾਂ ਵਿਚ ਹਿੱਸਾ ਲੈ ਕੇ ਇਤਿਹਾਸ ਰਚਣ ਵਾਲਾ ਦਲੇਲਵਾਲੇ ਪਿੰਡ ਦਾ ਜੰਮਪਲ ਸਵਰਨ ਸਿੰਘ ਵਿਰਕ ਹੈ। ਏਸ਼ੀਅਨ ਗੇਮਾਂ ਵਿਚੋਂ ਦੋ ਵਾਰ ਮੈਡਲ ਜਿੱਤ ਕੇ ਭਾਰਤ ਦਾ ਨਾਮ ਚਮਕਾਉਣ ਵਾਲੇ ਇਸ ਜੋਧੇ ਖਿਡਾਰੀ ਨੇ ਨੈਸ਼ਨਲ ਅਤੇ ਇੰਟਰਨੈਸ਼ਨਲ ਪੱਧਰ `ਤੇ ਦਰਜਨ ਤੋਂ ਵਧ ਮੈਡਲ ਜਿੱਤੇ ਹਨ। ਮਾਨਸਾ ਜ਼ਿਲ੍ਹੇ ਦਾ ਪਹਿਲਾ ਅਰਜਨ ਐਵਾਰਡ ਜੇਤੂ ਬਣਨਾ ਵੀ ਸਵਰਨ ਦੇ ਹਿੱਸੇ ਆਇਆ ਹੈ।
ਸਮੁੱਚੇ ਭਾਰਤ ਅਤੇ ਏਸ਼ੀਆ ਪੱਧਰ `ਤੇ ਮੈਡਲ ਤੇ ਮਾਣ-ਸਨਮਾਨ ਪ੍ਰਾਪਤ ਕਰਨ ਵਾਲੇ ਇਸ ਖਿਡਾਰੀ ਦੇ ਖੇਡ ਜੀਵਨ ਦੀਆਂ ਪਰਤਾਂ ਫਰੋਲਣ `ਤੇ ਪਤਾ ਲਗਦੈ ਕਿ ਮੈਡਲ ਜਿੱਤਣੇ ਤੇ ਮਾਣ-ਸਨਮਾਨ ਹਾਸਲ ਕਰਨੇ ਸੌਖੇ ਨਹੀਂ ਹੁੰਦੇ। ਏਡੀ ਕਾਮਯਾਬੀ ਹਾਸਲ ਕਰਨ ਲਈ ਬਚਪਨ ਤੇ ਜੁਆਨੀ ਦੇ ਸਾਰੇ ਸੁਖ ਆਰਾਮ ਤਿਆਗ ਕੇ ਮਿਹਨਤਾਂ ਮੁਸ਼ੱਕਤਾਂ ਨਾਲ ਯਾਰੀ ਗੰਢਣੀ ਪੈਂਦੀ ਐ। ਸਿਆਣਿਆਂ ਦੇ ਕਥਨ ਨੇ ਕਿ ਸਫਲਤਾ ਕਦੇ ਸੌਖੀ ਨਹੀਂ ਹੱਥ ਆਉਂਦੀ। ਹਰ ਸਫਲਤਾ ਦੇ ਪਿੱਛੇ ਅਸਫਲਤਾ ਦੀਆਂ ਅਣਗਿਣਤ ਕਹਾਣੀਆਂ ਹੁੰਦੀਆਂ ਹਨ। ਸਫਲ ਵਿਅਕਤੀ ਦੀ ਚਮਕ ਦਮਕ ਵੇਖ ਕੇ ਤਾਂ ਲੋਕ ਚਕਾਚੌਂਧ ਹੁੰਦੇ ਹੀ ਨੇ ਪਰ ਉਸ ਦੁਆਰਾ ਦੇਖੇ ਕਾਲੇ ਹਨੇਰਿਆਂ ਤੋਂ ਵਧੇਰੇ ਲੋਕ ਅਣਜਾਣ ਹੀ ਰਹਿੰਦੇ ਨੇ।
20 ਫਰਵਰੀ 1990 ਨੂੰ ਪਿੰਡ ਦਲੇਲਵਾਲੇ ਵਿਚ ਪਹਿਲੀ ਕਿਲਕਾਰੀ ਮਾਰਨ ਵਾਲੇ ਸਵਰਨ ਦੇ ਪਰਿਵਾਰ ਦਾ ਸੰਘਰਸ਼ ਵੀ ਮੈਡਲ ਜਿੱਤਣ ਵਰਗਾ ਹੀ ਹੈ। ਦੇਸ਼ ਵੰਡ ਦਾ ਸੰਤਾਪ ਭੋਗ ਕੇ, ਸਭ ਕੁਝ ਲੁਟਾਅ ਪੁਟਾਅ ਕੇ ਖਾਲ਼ੀ ਹੱਥ ਆਉਣ ਵਾਲੇ ਅਨੇਕਾਂ ਪਰਿਵਾਰਾਂ ਵਿਚ ਇਹਦੇ ਦਾਦਾ ਜੈਮਲ ਸਿੰਘ ਵਿਰਕ ਵੀ ਸਨ। ਦਲੇਲਵਾਲੇ ਪਿੰਡ ਵਿਚ ਏਸ ਪਰਿਵਾਰ ਨੂੰ ਟਬਿਿਆਂ ਵਾਲ਼ੀ ਉੱਚੀ ਨੀਵੀਂ ਤੇ ਰੇਤਲੀ ਜ਼ਮੀਨ ਮਿਲੀ ਸੀ। ਸਵਰਨ ਅਜੇ ਪੰਜ ਸੱਤ ਦਿਨਾਂ ਦਾ ਹੀ ਸੀ ਜਦੋਂ ਜ਼ਮੀਨ ਦੀ ਪਰਿਵਾਰਕ ਵੰਡ ਹੋ ਗਈ। ਪੈਂਦੀ ਸੱਟੇ ਇਹਦੀ ਮਾਤਾ ਸੁਰਜੀਤ ਕੌਰ ਤੇ ਪਿਤਾ ਗੁਰਮੁਖ ਸਿਉਂ ਨੂੰ ਆਪਣੇ ਬੋਟਾਂ ਦੀ ਸੰਭਾਲ਼ ਲਈ ਨਵਾਂ ਆਲ੍ਹਣਾ ਬਨਾਉਣਾ ਪੈ ਗਿਆ। ਸਵਰਨ ਦਾ ਵੱਡਾ ਭਰਾ ਲਖਵਿੰਦਰ ਓਸ ਵੇਲੇ ਸਾਲ ਕੁ ਦਾ ਸੀ। ਕੱਚਾ ਪਿੱਲਾ ਮਕਾਨ ਬਣਾਏ ਨੂੰ ਅਜੇ ਦੋ ਸਾਲ ਹੀ ਹੋਏ ਸਨ ਕਿ 1992 ਵਿਚ ਘੱਗਰ ਦਰਿਆ ਦਾ ਹਰਿਆਣੇ ਦੇ ਪਿੰਡ ਚਾਂਦਪੁਰੇ ਵਾਲਾ ਬੰਨ੍ਹ ਟੁਟਣ ਕਾਰਨ ਇਨ੍ਹਾਂ ਦਾ ਪਿੰਡ ਵੀ ਪਾਣੀ ਦੀ ਲਪੇਟ ਵਿਚ ਆ ਗਿਆ। ਘਰ ਦੁਆਲ਼ੇ ਬੰਨ੍ਹ ਮਾਰ ਕੇ ਉਹ ਤਾਂ ਬਚਾਅ ਲਿਆ ਗਿਆ ਪਰ ਪੰਜਾਬ ਤੇ ਹਰਿਆਣੇ ਦੇ ਪੱਚੀ ਤੀਹ ਪਿੰਡਾਂ ਦੀਆਂ ਫਸਲਾਂ ਬਰਬਾਦ ਹੋ ਗਈਆਂ। ਸੰਕਟ ਦਾ ਇਹ ਓਹੋ ਜਿਹਾ ਸਮਾਂ ਸੀ ਜਦੋਂ ਪੰਜਾਬੀ ਭਾਈਚਾਰੇ ਦੀ ਪਰਖ ਹੁੰਦੀ ਰਹੀ ਐ ਕਿ ਕੌਣ ਮਦਦ ਲਈ ਬਹੁੜਦੈ? ਸਮਾਜ ਸੇਵੀ ਲੰਗਰ ਤੋਂ ਲੈ ਕੇ, ਕੱਪੜੇ ਲੀੜੇ ਤੇ ਮੱਛਰਦਾਨੀਆਂ ਤਕ ਵੀ ਲੋੜਵੰਦਾਂ ਲਈ ਪਹੁੰਚਦੀਆਂ ਕਰ ਦਿੰਦੇ ਨੇ। ਦੋ ਢਾਈ ਸਾਲਾਂ ਦੇ ਸਵਰਨ ਨੂੰ ਉਹ ਹਾਲਾਤ ਅੱਜ ਵੀ ਯਾਦ ਨੇ। ਆਖ਼ਰ ਮਿਹਨਤੀ ਪਰਿਵਾਰ ਹਿੰਮਤ ਨਾਲ ਨਿਕਲ ਹੀ ਜਾਂਦੇ ਨੇ ਅਜਿਹੀਆਂ ਆਫ਼ਤਾਂ ਵਿਚੋਂ:
ਨਾਲ ਮਿਹਨਤਾਂ ਸਿੰਜਦੇ, ਜੋ ਵੀ ਆਪਣੇ ਰੁੱਖ
ਪੈਰ ਚੁੰਮਦੀਆਂ ਖੁਸ਼ੀਆਂ, ਦੂਰ ਹੁੰਦੇ ਸਭ ਦੁੱਖ
ਆਫ਼ਤ ਆਈ ਤੋਂ ਆਦਮੀ, ਜਾਂਦੇ ਜੋ ਘਬਰਾਅ
ਉਹ ਦੂਣੀ ਚੌਣੀ ਹੋ ਕੇ, ਮੱਲ ਲੈਂਦੀ ਹੈ ਰਾਹ।
ਉਹਦੇ ਬਾਪੂ ਨੂੰ ਵੰਡ ਦੇ ਹਿੱਸੇ ਅੱਠ ਏਕੜ ਜ਼ਮੀਨ ਆਈ ਸੀ, ਜਿਸ ਵਿਚੋਂ ਤਿੰਨ ਏਕੜ `ਚ ਹੀ ਫਸਲ ਹੁੰਦੀ ਸੀ ਜਦ ਕਿ ਬਾਕੀ ਦੇ ਪੰਜ ਏਕੜ ਟਿੱਬੇ ਸਨ। ਬਲ਼ਦ ਵੀ ਇਕੋ ਹਿੱਸੇ ਆਇਆ ਸੀ। ਪਿੰਡ ਵਿਚ ਕਿਸੇ ਮਿੱਤਰ ਪਿਆਰੇ ਨਾਲ ਵਿੜ੍ਹੀ ਕਰ ਲਈ ਸੀ ਖੇਤੀ ਦੇ ਕੰਮ ਵਾਸਤੇ। ਇਕ ਬਲ਼ਦ ਇਨ੍ਹਾਂ ਦਾ ਤੇ ਇਕ ਵਿੜ੍ਹੀ ਵਾਲੇ ਗੁਆਂਢੀਆਂ ਦਾ, ਰਲ਼ ਮਿਲ਼ ਕੇ ਖੇਤੀ ਕਰਦੇ ਰਹੇ। ਬਾਪੂ ਨੇ ਦੋਹਾਂ ਪੁੱਤਾਂ ਨੂੰ ਬੋਹੇ ਦੇ ਜਨਤਾ ਮਾਡਲ ਪ੍ਰਾਈਵੇਟ ਸਕੂਲ ਵਿਚ ਪੜ੍ਹਨੇ ਪਾ ਦਿੱਤਾ। ਪਿੰਡਾਂ ਦੇ ਕੱਚੇ ਰਸਤਿਆਂ ਤੋਂ ਦੀ ਆਉਂਦੀ ਪ੍ਰਾਈਵੇਟ ਬੱਸ `ਤੇ ਉਹ ਸਕੂਲ ਪੜ੍ਹਨ ਜਾਂਦੇ। ਇਕ ਦਿਨ ਮੀਂਹ ਪੈਣ ਨਾਲ ਕੱਚੇ ਰਸਤੇ ਵਿਚ ਬੱਸ ਪਲਟ ਗਈ। ਸਵਰਨ ਨੂੰ ਤਾਂ ਖ਼ਾਸ ਸੱਟ ਨਾ ਲੱਗੀ ਪਰ ਵੱਡੇ ਭਾਈ ਦਾ ਹੱਸ ਟੁੱਟ ਗਿਆ। ਇਕ ਮਹੀਨਾ ਉਹ ਸਕੂਲ ਨਾ ਜਾ ਸਕਿਆ। ਏਸ ਚੌਧਰੀ ਨੂੰ ਮੌਜਾਂ ਲੱਗ ਗਈਆਂ ਸਕੂਲੋਂ ਟਾਲ਼ਾ ਵੱਟਣ ਦੀਆਂ। ਪਰ ਜਦੋਂ ਮਾਪਿਆਂ ਨੂੰ ਪਤਾ ਲੱਗਿਆ ਤਾਂ ਪਹਿਲੀ ਕੰਡ ਝਾੜ ਨਾਲ ਹੀ ਲੀਹੇ ਪੈ ਗਿਆ।
ਫਿਰ ਦੋਵੇ ਭਾਈ ਪੰਜਵੀਂ ਦਾ ਇਮਤਿਹਾਨ ਦੇ ਕੇ ਆਪਣੇ ਪਿੰਡ ਦੇ ਸਰਕਾਰੀ ਸਕੂਲ ਵਿੱਚ ਹੀ ਪੜ੍ਹਨ ਲੱਗ ਗਏ। ਸਕੂਲ ਦੇ ਮਾਸਟਰ ਇਹਦੇ ਘਰ ਵਾਲਿ਼ਆਂ ਨੂੰ ਕਹਿੰਦੇ ਵੱਡੇ ਨੂੰ ਤਾਂ ਅਸੀਂ ਦਾਖਲ ਕਰ ਲਵਾਂਗੇ, ਪਰ ਆਹ ਛੋਟਾ ਸਵਰਨਾ ਤਾਂ ਪੂਰਾ ਹੀ ਨਾਲਾਇਕ ਹੈ, ਇਹਨੂੰ ਕਿਸੇ ਪ੍ਰਾਈਵੇਟ ਸਕੂਲ ਵਿਚ ਲਾ ਦਿਓ। ਜਦੋਂ ਪੰਜਵੀਂ ਦਾ ਨਤੀਜਾ ਵੇਖਿਆ ਤਾਂ ਇਹ ਚੌਧਰੀ ਚਾਰੇ ਖ਼ਾਨੇ ਚਿੱਤ ਪਾਇਆ ਗਿਆ। ਫਿਰ ਸ਼ੁਕੀਨ ਪੁੱਤ ਨੇ ਝੁਨੀਰ ਵੱਲ ਨੂੰ ਮੋੜਾ ਕੱਟ ਲਿਆ। ਸੱਤਵੀਂ ਤਕ ਝੁਨੀਰ ਪੜ੍ਹਿਆ ਤੇ ਅੱਠਵੀਂ ਵਿਚ ਅੱਕਾਂਵਾਲੀ ਦੇ ਗੁਰੂ ਨਾਨਕ ਦੇਵ ਪ੍ਰਾਈਵੇਟ ਸਕੂਲ ਜਾ ਧਰਿਆ ਕਿਤਾਬਾਂ ਵਾਲ਼ਾ ਬੈਗ। ਘਰ ਕੋਈ ਸਾਈਕਲ ਵੀ ਨਹੀਂ ਸੀ ਹੁੰਦਾ, ਮੰਗਵੇਂ ਸਾਈਕਲ ’ਤੇ ਸਕੂਲ ਜਾਂਦਾ। ਰੋਜ਼ ਰੋਜ਼ ਭਲਾ ਕੌਣ ਦਿੰਦੈ ਮੰਗਵਾਂ, ਜੱਟਾਂ ਨੇ ਤਾਂ ਟਰਾਲੀ `ਤੇ ਵੀ ਲਿਖਵਾਇਆ ਹੁੰਦੈ, ਨਿੱਤ ਮੰਗਵੀਂ ਨਾ ਮਿਲਦੀ ਟਰਾਲੀ, ਆਪਣੀ ਬਣਾ ਲੈ ਮਿੱਤਰਾ। ਸਾਈਕਲ ਨਾ ਮਿਲਦਾ ਤਾਂ ਤੁਰ ਕੇ ਵਾਟਾਂ ਨਬੇੜਦਾ। ਅੱਠਾਂ ਦੀ ਕਲਾਸ ਵਿੱਚੋਂ ਸਾਰਿਆਂ ਤੋਂ ਮਲੂਕੜਾ ਵੀ ਇਹੀ ਹੁੰਦਾ ਸੀ। ਓਦੋਂ ਕਾਲ਼ੇ ਧਾਗੇ ਵਿਚ ਪਰੋ ਕੇ ਚਾਂਦੀ ਦਾ ਮੜਿ੍ਹਆ ਤਵੀਤ ਡੌਲ਼ੇ ਨਾਲ ਬੰਨ੍ਹ ਕੇ ਰੱਖਦਾ ਸੀ। ਅੱਠਵੀਂ ਕਰ ਕੇ ਇਹ ਝੁਨੀਰ ਵੱਲ ਨੂੰ ਹੋ ਤੁਰਿਆ। ਨੌਂਵੀਂ ਜਮਾਤ ਦਸਮੇਸ਼ ਸਕੂਲ ਝੁਨੀਰ ਵਿੱਚ ਪੜ੍ਹਦੇ ਨੇ ਵਾਲੀਬਾਲ ਖੇਡਣੀ ਸ਼ੁਰੂ ਕੀਤੀ। ਵੱਡਾ ਭਾਈ ਪੜ੍ਹਨ ਵਿੱਚ ਵਾਹਵਾ ਹੁਸਿ਼ਆਰ ਸੀ। ਉਹ ਘਰ ਦੇ ਕੰਮ ਵੀ ਨਿੱਠ ਕੇ ਕਰਦਾ ਪਰ ਸਵਰਨ ਟਾਲ ਮਟੋਲ ਕਰ ਛੱਡਦਾ। ਮਾਤਾ ਨੇ ਕਹਿਣਾ ਪੜ੍ਹ ਲਿਆ ਕਰ ਨਹੀਂ ਤਾਂ ਡੰਗਰ ਵੱਛੇ ਚਾਰਨ ਜੋਗਾ ਹੀ ਰਹਿ ਜਾਵੇਂਗਾ। ਇਹਨੇ ਕਹਿਣਾ ਮੈਂ ਤਾਂ ਫ਼ੌਜੀ ਬਣੂੰ। ਦਸਵੀਂ ਦੇ ਪੇਪਰਾਂ ਵੇਲੇ ਦੱਬ ਕੇ ਮਿਹਨਤ ਕੀਤੀ ਤੇ ਨਾਲਾਇਕ ਕਹਾਉਣ ਵਾਲਾ ਮੁੰਡਾ 47% ਨੰਬਰ ਲੈ ਕੇ ਪਾਸ ਹੋ ਗਿਆ।
ਫੌਜ ਦੀ ਭਰਤੀ ਹੋਣ ਲਈ ਬਾਰਾਂ ਜਮਾਤਾਂ ਪਾਸ ਕਰਨੀਆਂ ਜ਼ਰੂਰੀ ਸਨ। ਸਵਰਨ ਨੇ 10+2 ਕਰਨ ਲਈ ਝੁਨੀਰ ਦੇ ਸਰਕਾਰੀ ਸਕੂਲ ਦਾਖਲਾ ਲਿਆ। ਬਾਪੂ ਨਾਲ ਰਾਤਾਂ ਨੂੰ ਪਾਣੀ ਦੀਆਂ ਵਾਰੀਆਂ ਵੀ ਲਵਾਈਆਂ। ਸਰਦੀਆਂ ਵਿੱਚ ਰਾਤ ਨੂੰ ਪਾਣੀ ਦੀ ਵਾਰੀ ਸਮੇਂ ਟੋਕਰਾ ਪਾਥੀਆਂ ਲੈ ਜਾਂਦਾ ਤੇ ਅੱਗ ਨਾ ਬੁਝਣ ਦਿੰਦਾ। ਨੱਕੇ ਤਾਂ ਸਾਰੇ ਬਾਪੂ ਮੋੜਦਾ ਪਰ ਨਿੱਘ ਇਹ ਦਿੰਦਾ।
10+2 ਦੇ ਪੇਪਰ ਦੇ ਕੇ ਸਵਰਨ ਖੇਤੀ ਵਿੱਚ ਪੂਰੀ ਜ਼ਿੰਮੇਵਾਰੀ ਨਾਲ ਬਾਪੂ ਦਾ ਸਾਥੀ ਬਣ ਗਿਆ। ਕਣਕ ਦੀ ਸਾਰੀ ਵਾਢੀ ਆਪਣੇ ਹੱਥੀਂ ਕਰਵਾਈ। ਦਾਣਾ ਫੱਕਾ ਨਬੇੜ ਕੇ ਤੇ ਤੂੜੀ ਤੰਦ ਸਾਂਭ ਕੇ ਨਰਮੇ ਦੀ ਬਿਜਾਈ ਵੀ ਕਰਵਾ ਦਿੱਤੀ। ਉਸ ਸਮੇਂ ਘਰ ਵਿੱਚ ਤਿੰਨ ਖੁਸ਼ੀਆਂ ਨੇ ਅੱਗੜ ਪਿੱਛੜ ਦਸਤਕ ਦਿੱਤੀ। ਪਹਿਲੀ ਖ਼ੁਸ਼ੀ ਵੱਡੇ ਭਰਾ ਦਾ ਪੰਜਾਬ ਪੁਲੀਸ ਵਿੱਚ ਭਰਤੀ ਹੋਣਾ, ਦੂਜੀ ਖ਼ੁਸ਼ੀ ਸੀ ਘਰ ਦੀ ਘੋੜੀ ਨੇ ਨੁਕਰੀ ਵਛੇਰੀ ਨੂੰ ਜਨਮ ਦੇਣਾ ਤੇ ਤੀਜੀ ਖ਼ੁਸ਼ੀ ਬਣ ਗਈ ਸਵਰਨ ਦਾ ਬਾਰ੍ਹਵੀਂ ਪਾਸ ਹੋਣਾ। ਵੱਡੇ ਭਾਈ ਦੀ ਤਨਖ਼ਾਹ ਆਉਣ ਨਾਲ ਘਰ ਦਾ ਗੁਜ਼ਾਰਾ ਤੁਰਨ ਲੱਗ ਪਿਆ। ਸਵਰਨ ਵੀ ਹੁਣ ਫ਼ੌਜੀ ਬਣਨ ਲਈ ਤਣੇ ਤੁੜਾਉਣ ਲੱਗ ਪਿਆ। ਪਹਿਲੀ ਭਰਤੀ ਬਠਿੰਡੇ ਦੀ ਆਈ। ਚਾਰ ਸੌ ਮੀਟਰ ਟਰੈਕ ਦੇ ਚਾਰੇ ਚੱਕਰ ਸਭ ਤੋਂ ਪਹਿਲਾਂ ਪੂਰੇ ਕੀਤੇ। ਪਰ ਮੈਡੀਕਲ ਟੈਸਟ ਵਿੱਚੋਂ ਇਹ ਕਹਿ ਕੇ ਬਾਹਰ ਕਰ ਦਿੱਤਾ ਕਿ ਤੇਰੀਆਂ ਅੱਖਾਂ ਵਿੱਚ ਤਾਂ ਧੱਬੇ ਨੇ। ਦੂਜੀ ਭਰਤੀ ਲੁਧਿਆਣੇ ਆਈ, ਓਥੇ ਫੇਰ ਸਾਰੇ ਟ੍ਰਾਇਲ ਪਹਿਲੇ ਨੰਬਰ ’ਤੇ ਰਹਿ ਕੇ ਪਾਸ ਕੀਤੇ। ਉਥੇ ਅੱਖੀਂਆ ਦੇ ਵਣਜ ਵੀ ਵਪਾਰੀਆਂ ਨੂੰ ਸੋਹਣੇ ਲੱਗੇ ਤੇ ਸੁੱਖੀਂ ਸਾਂਦੀ ਮੈਡੀਕਲ ਟੈਸਟ ਵਿੱਚੋਂ ਵੀ ਪਾਸ ਹੋ ਗਿਆ। ਲਿਖਤੀ ਪੇਪਰ ਦੀਆਂ ਤਰੀਕਾਂ ਨੇੜੇ ਆ ਗਈਆਂ ਪਰ ਨਤੀਜਾ ਆਉਣ ’ਤੇ ਫਿਰ ਮੂਧੇ ਮੂੰਹ ਡਿੱਗ ਪਿਆ। ਤਦ ਪਤਾ ਲੱਗਿਆ ਕਿ ਪੜ੍ਹਾਈ ਦੀ ਕਿੰਨੀ ਅਹਿਮੀਅਤ ਹੁੰਦੀ ਐ?
ਤੀਜੀ ਭਰਤੀ ਰਾਮਗੜ੍ਹ ਸੈਂਟਰ ਰਾਂਚੀ ਦੀ ਆ ਗਈ। ਘਰ ਦੇ ਕਹਿਣ ਦੂਰ ਐ, ਨਹੀਂ ਜਾਣਾ, ਏਨੀ ਦੂਰ ’ਕੱਲਾ ਕਿਵੇਂ ਜਾਵੇਂਗਾ? ਟੱਪਿਆ ਤਾਂ ਕਦੇ ਜਾਖਲ ਨੀ। ਪਰ ਇਹ ਕਿੱਥੇ ਟਲ਼ਦਾ ਸੀ? ਜਵਾਨੀ ਦੇ ਜੋਸ਼ ਮੂਹਰੇ ਕੀ ਦਿੱਲੀ ਤੇ ਕੀ ਦੱਖਣ? ਪਿੰਡ ਦੇ ਇਕ ਸਾਥੀ ਨੂੰ ਨਾਲ਼ ਲੈ ਕੇ ਠਿੱਲ੍ਹ ਪਿਆ ਰਾਮਗੜ੍ਹ ਸੈਂਟਰ ਵੱਲ। ਰਾਂਚੀ ਟ੍ਰਾਇਲ ਦਿੱਤੇ, ਤੀਜੀ ਵਾਰੀ ਵੀ ਨੰਬਰ ਇੱਕ ਵਾਲਾ ਝੰਡਾ ਗੱਡ ਦਿੱਤਾ। ਮੈਡੀਕਲ ਟੈਸਟ ਵੀ ਪਾਸ ਕਰ ਲਿਆ, ਲਿਖਤੀ ਪੇਪਰ ਦੇਣ ਦੀ ਤਰੀਕ ਵੀ ਮਿਲ ਗਈ। ਪਿੰਡ ਆ ਕੇ ਪੇਪਰ ਦੀ ਤਿਆਰੀ ਵਿੱਚ ਜੁੱਟ ਗਿਆ। ਦਿਨ ਰਾਤ ਦੀ ਮਿਹਨਤ ਰੰਗ ਲਿਆਈ। ਪੱਪੂ ਪਾਸ ਹੋ ਗਿਆ। ਹੁਣ ਤਾਂ ਭਰਤੀ ਪੱਤਰ ਹੀ ਆਉਣਾ ਸੀ।
ਰਾਮਗੜ੍ਹ ਰਾਂਚੀ ਸੈਂਟਰ ਪਹੁੰਚ ਕੇ 21-7-2008 ਨੂੰ ਹਾਜ਼ਰੀ ਭਰੀ। ਨਵੇਂ ਰੰਗਰੂਟਾਂ ਵਿੱਚੋਂ ਮਾਨਸਾ ਦੇ ਛੇ ਜਵਾਨ ਇੱਕੋ ਜਗ੍ਹਾ ’ਕੱਠੇ ਹੋ ਗਏ। ਟ੍ਰੇਨਿੰਗ ਚਾਲੂ ਹੋ ਗਈ। ਫੌਜੀ ਸਿਖਲਾਈ ਬੰਦੇ ਨੂੰ ‘ਬੰਦਾ’ ਬਣਾ ਦਿੰਦੀ ਐ। 21 ਮਈ 2009 ਨੂੰ ਟ੍ਰੇਨਿੰਗ ਪੂਰੀ ਕਰ ਕੇ ਰੰਗਰੂਟ ਤੋਂ ਸਿਪਾਹੀ ਬਣਨ ਦੀ ਸਹੁੰ ਚੁੱਕੀ। ਦਸ ਸਿੱਖ ਰੱਜਮੈਂਟ ਵਿੱਚ ਚੋਣ ਹੋ ਗਈ। ਪਿੰਡ ਪਹਿਲੀ ਛੁੱਟੀ ਕੱਟ ਕੇ ਵਾਪਸ ਰਾਮਗੜ੍ਹ ਪਹੁੰਚਦਿਆਂ ਪੂਨੇ ਤੋਂ ਇੱਕ ਪੱਤਰ ਆਇਆ, ਸਿਪਾਹੀ ਸਵਰਨ ਸਿੰਘ ਵਿਰਕ ਰੋਇੰਗ ਲਈ ਹਾਜ਼ਰ ਹੋ। ਸਤੰਬਰ 2009 ਨੂੰ ਇਸ ਜਵਾਨ ਨੇ ਪੂਨੇ ਜਾ ਹਾਜ਼ਰੀ ਭਰੀ। ਤਿੰਨ ਚਾਰ ਮਹੀਨੇ ਰੋਇੰਗ ਦੀ ਦੱਬ ਕੇ ਪ੍ਰੈਕਟਿਸ ਕੀਤੀ ਤੇ ਸਿੰਗਲ ਸਕੱਲ ਈਵੈਂਟ ਵਿੱਚ ਜ਼ੋਰ ਅਜ਼ਮਾਈ ਕੀਤੀ। ਖੇਡਾਂ ਵਿੱਚ ਜ਼ੋਰ ਦੇ ਨਾਲ ਜੁਗਤ ਵੀ ਲੜਾਉਣੀ ਪੈਂਦੀ ਐ। ਇਹਦੇ ਕੋਲ ਜ਼ੋਰ ਤਾਂ ਵਾਧੂ ਸੀ ਪਰ ਜੁਗਤ ਦੀ ਘਾਟ ਸੀ। ਜ਼ਿਆਦਾ ਜ਼ੋਰ ਲਾਉਣ ’ਤੇ ਕਿਸ਼ਤੀ ਪਲਟੀ ਮਾਰ ਜਾਂਦੀ। ਇਕ ਦਿਨ ਸੱਟ ਖਾ ਬੈਠਾ। ਪਿੱਠ ਵਿੱਚ ਦਰਦ ਸ਼ੁਰੂ ਹੋ ਗਿਆ। ਦਰਦ ਏਨਾ ਸੀ ਕਿ ਤੁਰਨ ਵਿੱਚ ਵੀ ਤਕਲੀਫ਼ ਹੁੰਦੀ ਸੀ। ਮਸੀਂ ਇਲਾਜ ਹੋਇਆ।
2010 ਵਿੱਚ ਆਰਮੀ ਦੇ ਰੋਇੰਗ ਮੁਕਾਬਲੇ ਸ਼ੁਰੂ ਹੋ ਗਏ। ਨਵੇਂ ਸਿਖਾਂਦਰੂ ਨੂੰ ਚੱਪੂ ਚਲਾਉਣ ਦਾ ਕੁਝ ਕੁ ਵੱਲ ਆ ਗਿਆ ਸੀ। ਬੱਸ ਇੱਕੋ ਵੱਡੀ ਕਮਜ਼ੋਰੀ ਸੀ ਬੈਲੈਂਸ ਨਾ ਰੱਖਣ ਦੀ। ਕਈ ਵਾਰ ਜ਼ਿਆਦਾ ਜ਼ੋਰ ਲਾਉਣ ਕਰਕੇ ਬੋਟ ਪਲਟੀ ਮਾਰ ਜਾਂਦੀ ਸੀ। ਮੁਕਾਬਲਾ ਸ਼ੁਰੂ ਹੋਇਆ ਤਾਂ ਇਹਨੇ ਆਰਮੀ ਰੋਇੰਗ ਨੋਡ ਦਾ ਸਭ ਤੋਂ ਵਧੀਆ ਸਮਾਂ ਕੱਢ ਕੇ ਨਵਾਂ ਰਿਕਾਰਡ ਰੱਖ ਦਿੱਤਾ ਤੇ ਆਪਣੀ ਜ਼ਿੰਦਗੀ ਦਾ ਪਹਿਲਾ ਗੋਲਡ ਮੈਡਲ ਜਿੱਤ ਲਿਆ।
ਸਵਰਨ ਦੀ ਇਸ ਮਾਣਮੱਤੀ ਪ੍ਰਾਪਤੀ ਨੂੰ ਵੇਖਦਿਆਂ ਇਹਨੂੰ ਸੀਨੀਅਰ ਟੀਮ ਵਿੱਚ ਸ਼ਾਮਲ ਕਰ ਲਿਆ ਗਿਆ। ਇਹ ਡਬਲ ਸਕੱਲ ਜਾਣੀ ਦੋ ਚਾਲਕਾਂ ਵਾਲੀ ਰੇਸ ਦੀ ਤਿਆਰੀ ਕਰਨ ਲੱਗ ਪਿਆ। 2010 ਵਿੱਚ ਹੋਣ ਵਾਲ਼ੀਆਂ ਏਸ਼ੀਆਈ ਖੇਡਾਂ ਦਾ ਰੋਇੰਗ ਕੈਂਪ ਹੈਦਰਾਬਾਦ ਲੱਗਿਆ। ਰੇਸ ਸ਼ੁਰੂ ਹੋਣ ’ਤੇ 250 ਕੁ ਮੀਟਰ ਦੇ ਫ਼ਾਸਲੇ ’ਤੇ ਜਾ ਕੇ ਇਹਦੀ ਬੋਟ ਲੋਟਣੀ ਖਾ ਗਈ। ਇਹ ਘਬਰਾਇਆ ਨਹੀਂ ਸਗੋਂ ਓਹਨੂੰ ਸਿੱਧੀ ਕਰਨ ਲਈ ਜ਼ੋਰ ਅਜ਼ਮਾਈ ਕਰਦਾ ਰਿਹਾ। ਮੁਕਾਬਲਾ ਵੇਖਣ ਆਇਆ ਰੋਇੰਗ ਦਾ ਕੌਮੀ ਪ੍ਰਧਾਨ ਇਹਨੂੰ ਜਦੋਜਹਿਦ ਕਰਦੇ ਵੇਖ ਕੇ ਕਹਿ ਰਿਹਾ ਸੀ, ਇਹ ਜਵਾਨ ਕਿਸੇ ਦਿਨ ਦੇਸ਼ ਦਾ ਹੀਰੋ ਬਣੇਗਾ।
2011 ਵਿੱਚ ਸੀਨੀਅਰ ਨੈਸ਼ਨਲ ਦੇ ਮੁਕਾਬਲੇ ਆ ਗਏ। ਸਵਰਨ ਨੇ ਇਥੇ ਸੈਨਾ ਦੇ ਤਿੰਨ ਵਿੰਗਾਂ, ਆਰਮੀ, ਨੇਵੀ ਤੇ ਹਵਾਈ ਸੈਨਾ ਵੱਲੋਂ ਸਰਵਿਸ ਦੀ ਟੀਮ ਦੇ ਖਿਡਾਰੀ ਵਜੋਂ ਭਾਗ ਲਿਆ। ਸਾਰਿਆਂ ਨੂੰ 50 ਮੀਟਰ ਦੀ ਲੀਡ ਦੇ ਕੇ ਪਹਿਲਾ ਨੈਸ਼ਨਲ ਗੋਲਡ ਮੈਡਲ ਜਿੱਤ ਲਿਆ ਤੇ ਦੇਸ਼ ਦਾ ਕੌਮੀ ਰਿਕਾਰਡ ਆਪਣੇ ਨਾਮ ਕਰ ਲਿਆ। ਇੱਕ ਸਾਲ ਚਾਰ ਮਹੀਨਿਆਂ ਦੀ ਤਿਆਰੀ ਕਰ ਕੇ, ਨੈਸ਼ਨਲ ਵਿਚੋਂ ਨਵਾਂ ਰਿਕਾਰਡ ਸਥਾਪਤ ਕਰ ਕੇ, ਸੋਨੇ ਦਾ ਮੈਡਲ ਜਿੱਤਣ ਦਾ ਰਿਕਾਰਡ ਅੱਜ ਵੀ ਸਵਰਨ ਦੇ ਨਾਮ ਬੋਲਦੈ। 2011 ਵਿੱਚ ਹੀ ਸਵਰਨ ਨੈਸ਼ਨਲ ਟੀਮ ਦੇ ਕੈਂਪ ਵਿੱਚ ਪਹੁੰਚ ਗਿਆ। ਸਤੰਬਰ 2011 ਵਿੱਚ ਵਿਸ਼ਵ ਰੋਇੰਗ ਮੁਕਾਬਲਿਆਂ ਦੀ ਤਾਰੀਖ਼ ਆ ਗਈ। ਟਰਾਇਲ ਹੋਏ ਤੇ ਸਵਰਨ ਨੂੰ ਬਜਰੰਗ ਦੇ ਨਾਲ ਸਪੇਅਰ ਵਜੋਂ ਚੁਣ ਲਿਆ। ਮੁਕਾਬਲੇ ਲਈ ਯੂਰਪ ਦੇ ਦੇਸ਼ ਸਲੋਵੀਨੀਆ ਜਾਣਾ ਸੀ। ਜਦੋਂ ਇੰਡੀਆ ਵਾਲੀ ਜਰਸੀ ਪਾ ਕੇ ਪਹਿਲੀ ਵਾਰ ਸ਼ੀਸ਼ੇ ਸਾਹਮਣੇ ਹੋ ਕੇ ਆਪਣੇ ਆਪ ਨੂੰ ਨਿਹਾਰਿਆ ਤਾਂ ਓਹੀ ਖੇਤਾਂ ਵਿੱਚ ਨਰਮੇ ਦੀ ਗੋਡੀ ਕਰਨ ਤੇ ਤਿਰਫਾਲ਼ੀ ਫੇਰਨ ਦਾ ਸਮਾਂ ਯਾਦ ਆ ਗਿਆ। ਸਲੋਵੀਨੀਆ ਵਿਚ ਵਿਸ਼ਵ ਦੇ ਚੋਟੀ ਦੇ ਰੋਅਰਾਂ ਵਿੱਚੋਂ 17ਵੇਂ ਨੰਬਰ ’ਤੇ ਆਉਣ ਵਾਲਾ ਸਵਰਨ ਪਹਿਲਾ ਭਾਰਤੀ ਬਣਿਆ। ਇਸ ਤੋ ਪਹਿਲਾਂ ਭਾਰਤ ਦਾ 27ਵਾਂ ਤੇ 21ਵਾਂ ਨੰਬਰ ਹੀ ਆਇਆ ਸੀ।
ਫਿਰ ਸਵਰਨ ਦੀ ਚੋਣ 2012 ਦੀਆਂ ਉਲੰਪਿਕ ਖੇਡਾਂ ਲਈ ਹੋ ਗਈ। ਰੋਇੰਗ ਦੇ ਇਤਿਹਾਸ ਵਿੱਚ 2 ਸਾਲ 11 ਮਹੀਨਿਆਂ ਦੇ ਖੇਡ ਸਫ਼ਰ ਵਾਲ਼ਾ ਪਹਿਲਾ ਓਲੰਪੀਅਨ ਹੋਣ ਦਾ ਰਿਕਾਰਡ ਵੀ ਸਵਰਨ ਦੇ ਨਾਮ ਬੋਲਦੈ। ਲੰਡਨ ਹੋਏ ਮੁਕਾਬਲਿਆਂ ਵਿੱਚ ਸਾਰੀ ਦੁਨੀਆਂ ਦੇ ਚੋਣਵੇਂ ਕਿਸ਼ਤੀ ਚਾਲਕਾਂ ਵਿੱਚੋਂ 16ਵੇਂ ਨੰਬਰ ’ਤੇ ਆਉਣ ਵਾਲਾ ਵੀ ਇਹ ਪਹਿਲਾ ਭਾਰਤੀ ਬਣਿਆ। ਫਿਰ 14ਵੀਂ ਏਸ਼ੀਆ ਚੈਂਪੀਅਨਸਿ਼ਪ ਦੇ ਮੁਕਾਬਲੇ ਸਊਥ ਕੋਰੀਆ ਵਿੱਚ ਹੋਏ ਜਿਥੇ ਉਸ ਨੇ ਸਿਲਵਰ ਮੈਡਲ ਜਿੱਤਿਆ।
2014 ਵਿੱਚ ਹੀ ਇਟਲੀ ਨੇ ਇੰਟਰਨੈਸ਼ਨਲ ਰੋਇੰਗ ਰੈਗਾਟਾ ਨਾਮ ਦਾ ਮੁਕਾਬਲਾ ਕਰਵਾਇਆ ਜਿਥੇ ਉਸ ਦਾ 5ਵਾਂ ਸਥਾਨ ਆਇਆ। ਵਾਪਸ ਹੈਦਰਾਬਾਦ ਪਹੁੰਚ ਕੇ ਏਸ਼ੀਆਈ ਖੇਡਾਂ ਲਈ ਤਿਆਰੀ ਕਰਨ ਲੱਗਾ। 17ਵੀਆਂ ਏਸ਼ੀਆਈ ਖੇਡਾਂ-2014 ਸਾਊਥ ਕੋਰੀਆ ਵਿੱਚ ਹੋਈਆਂ ਜਿਥੇ ਉਸ ਨੇ ਕਾਂਸੀ ਦਾ ਮੈਡਲ ਜਿੱਤਿਆ। 2018 ਦੀਆਂ ਏਸ਼ੀਆਈ ਖੇਡਾਂ ਵਿਚੋਂ ਉਸ ਨੇ ਸੋਨੇ ਦਾ ਤਗਮਾ ਜਿੱਤ ਕੇ ਧੰਨ ਧੰਨ ਕਰਾ ਦਿੱਤੀ। ਦੁਨੀਆਂ ਦੀ ਦੋ ਤਿਹਾਈ ਆਬਾਦੀ ਯਾਨੀ 400 ਕਰੋੜ ਤੋਂ ਵੱਧ ਲੋਕਾਂ ’ਚ ਪ੍ਰਥਮ ਆਉਣਾ ਵੱਡੀ ਪ੍ਰਾਪਤੀ ਕਹੀ ਜਾ ਸਕਦੀ ਹੈ।
ਪੰਜਾਬ ਸਰਕਾਰ ਨੇ ਏਸ਼ੀਆ ਦੇ ਮੈਡਲ ਜੇਤੂ ਪੰਜਾਬੀ ਖਿਡਾਰੀਆਂ ਦੇ ਇਨਾਮ ਐਲਾਨੇ ਪਰ ਪਹਿਲਾਂ ਸਵਰਨ ਦਾ ਨਾਂ ਸ਼ਾਮਲ ਨਾ ਕੀਤਾ ਗਿਆ। ਪੰਜਾਬ ਸਰਕਾਰ ਨੇ ਸਵਰਨ ਨੂੰ ਇਨਾਮ ਦੇਣੋਂ ਇਸ ਲਈ ਇਨਕਾਰ ਕਰ ਦਿੱਤਾ ਕਿ ਉਹ ਤਾਂ ਫ਼ੌਜੀ ਐ। ਮੈਡਲ ਜਿੱਤਣ ਲਈ ਓਨਾ ਜ਼ੋਰ ਨੀ ਲੱਗਿਆ ਜਿੰਨਾਂ ਫਿਰ ਇਨਾਮ ਲੈਣ ਲਈ ਲੱਗ ਗਿਆ! ਲੰਬੀ ਜਦੋਜਹਿਦ ਬਾਅਦ ਗਿਆਰਾਂ ਲੱਖ ਰੁਪਏ ਦਾ ਇਨਾਮ ਮਿਲਿਆ ਜਿਸ ਨਾਲ ਘਰ ਦੇ ਕਰਜ਼ੇ ਲਾਹੇ ਗਏ। 2015 ਵਿਚ ਅਰਜਨ ਅਵਾਰਡ ਤੇ 2019 ਵਿਚ ਮਹਾਰਾਜਾ ਰਣਜੀਤ ਸਿੰਘ ਅਵਾਰਡ ਮਿਲਿਆ। 2019 ਵਿੱਚ ਏਸ਼ੀਆ ਚੈਂਪੀਅਨਸ਼ਿਪ ਸਾਊਥ ਕੋਰੀਆ ਵਿੱਚ ਹੋਈ ਜਿਥੇ ਡਬਲ ਸਕੱਲ ਵਿੱਚ ਸੁਖਮੀਤ ਨਾਲ ਜੋਟੀਦਾਰ ਬਣ ਕੇ ਸਵਰਨ ਨੇ ਕਾਂਸੀ ਦਾ ਮੈਡਲ ਜਿੱਤਿਆ। ਚਾਰਾਂ ਦੀ ਟੀਮ ਵਾਲੇ ਮੁਕਾਬਲੇ ਵਿੱਚ ਸੁਖਮੀਤ, ਜਾਕਰ ਤੇ ਰੋਹਿਤ ਨਾਲ ਮਿਲ ਕੇ ਚਾਂਦੀ ਦਾ ਮੈਡਲ ਜਿੱਤਿਆ।
2020 ਵਿੱਚ ਓਲੰਪਿਕ ਕੁਆਲੀਫਾਈ ਤਿਆਰੀ ਕੈਂਪ ਵਿੱਚੋਂ ਕੋਚਾਂ ਤੋਂ ਮਸਾਂ ਛੇ ਦਿਨਾਂ ਦੀ ਛੁੱਟੀ ਲੈ ਕੇ ਕੈਨੇਡਾ ਤੋਂ ਆਈ ਰਵਿੰਦਰ ਕੌਰ ਨਾਲ ਵਿਆਹ ਕਰਵਾਉਣ ਪਿੰਡ ਆਇਆ ਤੇ ਫੇਰ ਕੈਂਪ ਵਿੱਚ ਚਲਾ ਗਿਆ। ਓਧਰ ਕਰੋਨਾ ਮਹਾਮਾਰੀ ਸ਼ੁਰੂ ਹੋ ਗਈ ਤੇ ਤਿਆਰੀ ਕੈਂਪ ਰੋਕ ਦਿੱਤਾ ਗਿਆ। ਮੈਰਿਜ ਰਜਿਸਟਰਡ ਕਰਾਉਣ ਲਈ ਪਿੰਡ ਆਇਆ ਤਾਂ ਪੰਜਾਬ ਸਰਕਾਰ ਨੇ ਕਰਫਿਊ ਲਾ ਦਿੱਤਾ। ਲਾਕ ਡਾਊਨ ਦੌਰਾਨ ਘਰ ਦੇ ਤੇ ਖੇਤੀ ਦੇ ਸਾਰੇ ਕੰਮ ਕਰਵਾਏ। ਵਿਹਲੇ ਬਹਿਣਾ ਸਵਰਨ ਦਾ ਸੁਭਾਅ ਨਹੀਂ। ਹੁਣ ਫੇਰ ਤੋਂ ਉਲੰਪਿਕ ਦੀਆਂ ਤਿਆਰੀਆਂ ਚੱਲ ਰਹੀਆਂ ਨੇ। ਸਵਰਨ ਨੇ ਆਪਣਾ ਹੀ ਨਹੀਂ, ਪਛੜੇ ਕਹੇ ਜਾਂਦੇ ਜ਼ਿਲ੍ਹੇ ਮਾਨਸਾ ਦਾ ਨਾਂ ਵੀ ਰੌਸ਼ਨ ਕੀਤਾ ਹੈ।
ਸੰਪਰਕ: +1-905-799-1661