ਅਵਤਾਰ ਸਿੰਘ
ਦੇਸ਼ ਵੰਡ ਵੇਲੇ ਜੇਕਰ ਆਪਣਿਆਂ ਵੱਲੋਂ ਆਪਣਿਆਂ ਦੀ ਵੱਢ-ਟੁੱਕ ਦੀਆਂ ਘਟਨਾਵਾਂ ਵਾਪਰੀਆਂ ਤਾਂ ਇਕ-ਦੂਜੇ ਦਾ ਭਲਾ ਲੋਚਣ ਵਾਲਿਆਂ ਦੀ ਵੀ ਘਾਟ ਨਹੀਂ ਸੀ। ਇਹ ਲੋਕ ਕਿਸੇ ਮਜਬੂਰੀਵੱਸ ਚਾਹੇ ਆਪਣੇ ਹਮਸਾਇਆਂ ਨੂੰ ਹਿਜਰਤ ਤੋਂ ਨਾ ਰੋਕ ਸਕੇ, ਪਰ ਊਨ੍ਹਾਂ ਨਾਲੋਂ ਮੋਹ ਕਦੇ ਘਟਿਆ ਨਹੀਂ।
ਉਹਦਾ ਨਾਂ ਤਾਂ ਵਲੀ ਸੀ, ਪਰ ਅਸੀਂ ਉਹਨੂੰ ਆਪਣੇ ਅਣਜਾਣਪੁਣੇ ਕਾਰਨ ਬਲੀ ਕਹਿੰਦੇ। ਜੇ ਸਾਨੂੰ ਪਤਾ ਵੀ ਹੁੰਦਾ ਕਿ ਉਹ ਬਲੀ ਨਹੀਂ, ਵਲੀ ਹੈ, ਤਾਂ ਵੀ ਅਸੀਂ ਦੁਆਬੀਆਂ ਨੇ ਉਹਨੂੰ ਬਲੀ ਹੀ ਕਹਿਣਾ ਸੀ। ਜਦੋਂਕਿ ਬਲੀ ਬਲਵਾਨ ਨੂੰ ਕਹਿੰਦੇ ਹਨ ਤੇ ਵਲੀ ਅਰਬੀ ਭਾਸ਼ਾ ਦਾ ਸ਼ਬਦ ਹੈ ਜਿਹਦਾ ਅਰਥ ਹੈ ਰੱਬ ਦਾ ਖ਼ਾਸ ਦੋਸਤ। ਇਸਲਾਮ ਵਿੱਚ ਵਲੀ ਦਾ ਰੁਤਬਾ ਜੇ ਪੈਗ਼ੰਬਰ ਦੇ ਬਰਾਬਰ ਨਹੀਂ ਤਾਂ ਨੇੜੇ ਤੇੜੇ ਜ਼ਰੂਰ ਹੈ। ਵਲੀ ਦੀ ਵਡਿਆਈ ਮਿਰਜ਼ਾ ਗ਼ਾਲਬਿ ਦੇ ਸ਼ਿਅਰ ਤੋਂ ਵੀ ਪਤਾ ਲੱਗਦੀ ਹੈ: ਯੇ ਮਿਸਾਈਲ-ਏ-ਤਸੱਵੁਫ਼ ਯੇ ਤਿਰਾ ਬਯਾਂ ਗ਼ਾਲਬਿ, ਤੁਝੇ ਹਮ ਵਲੀ ਸਮਝਤੇ ਜੁ ਨਾ ਬਾਦਾ-ਖ੍ਵਾਰ ਹੋਤਾ। ਵਲੀ ਦੀ ਅਜ਼ਮਤ ਦਾ ਹਿਸਾਬ ਲਾਉ ਕਿ ਗ਼ਾਲਬਿ ਅਗਰ ਸ਼ਰਾਬ ਨਾ ਪੀਂਦੇ ਹੁੰਦੇ ਤਾਂ ਉਹ ਵਲੀ ਹੋਣੇ ਸਨ।
ਗੱਲ ਉਨੀ ਸੌ ਪੈਂਹਟ ਛਿਆਹਟ ਦੀ ਹੋਵੇਗੀ। ਮੈਂ ਉਦੋਂ ਮਸਾਂ ਚਾਰ ਪੰਜ ਸਾਲ ਦਾ ਹੋਵਾਂਗਾ ਕਿ ਅਸੀਂ ਆਪਣੇ ਘਰ ਦੇ ਸਾਰੇ ਜੀ ਰੋਟੀ ਖਾ ਰਹੇ ਹੁੰਦੇ ਕਿ ਬਲੀ ਘਰ ਦੇ ਮੁੱਖ ’ਤੇ ਆ ਕੇ ਖੜ੍ਹ ਜਾਂਦਾ। ਉਹ ਆਪਣੀ ਜਾਣੇ ਪਤਾ ਨਹੀਂ ਕੀ ਬੋਲਦਾ, ਪਰ ਸਾਨੂੰ ਉਹਦੇ ਟੁੱਟੇ ਭੱਜੇ ਤੇ ਅਬੁੱਝ ਵਾਕ ਵਿੱਚੋਂ ਸਿਰਫ਼ ਤਿੰਨ ਲਫ਼ਜ਼ ਸੁਣਦੇ – ਖੰਨਾ, ਟੁੱਕ ਅਤੇ ਦਾੜ। ਉਹ ਲੱਲੇ ਨੂੰ ੜਾੜੇ ਵਾਂਗ ਬੋਲਦਾ ਤੇ ਅਸੀਂ ਸਮਝ ਜਾਂਦੇ ਕਿ ਉਹ ਰੋਟੀ ਨਾਲ਼ ਦਾਲ਼ ਵੀ ਮੰਗਦਾ ਹੈ (ਉਸ ਆਖਦਾ: ਛੰਨਾ, ਟੁੱਕ ਤੇ ਦਾਲ)। ਉਹਨੇ ਕਮੀਜ਼ ਪਾਈ ਹੋਣੀ, ਤੇੜ ਕੱਛਾ ਤੇ ਪੈਰੋਂ ਨੰਗਾ ਹੋਣਾ। ਉਹਦੇ ਚੀਥੜੇ ਮੈਲ਼ ਨਾਲ ਏਨੇ ਆਕੜੇ ਹੁੰਦੇ, ਜਿਵੇਂ ਮਾਂਡੀ ਦਿੱਤੀ ਹੋਵੇ। ਉਹਦੇ ਵਾਲ਼ ਇਸ ਤਰ੍ਹਾਂ ਲੱਗਦੇ, ਜਿਵੇਂ ਝੋਨੇ ਦੀਆਂ ਮੁੰਜਰਾਂ ਹੋਣ। ਉਹਦੇ ਦੰਦ ਦੇਖੇ ਨਾ ਜਾਂਦੇ ਤੇ ਉਹਨੂੰ ਦੇਖ ਕੇ ਇਸ ਤਰ੍ਹਾਂ ਲੱਗਦਾ, ਜਿਵੇਂ ਉਹਨੂੰ ਜੰਮਣ ਵੇਲੇ ਵੀ ਨੁਹਾਇਆ ਨਾ ਹੋਵੇ। ਉਹ ਰੋਜ਼ ਆਉਂਦਾ ਤੇ ‘ਖੰਨਾ ਟੁੱਕ ਦਾੜ’ ਮੰਗਦਾ। ਅਸੀਂ ਉਹਨੂੰ ਰੋਜ਼ ਦੇਖਦੇ ਜਿਸ ਕਰਕੇ ਸਾਡੇ ਮਨ ਵਿੱਚ ਉਹਨੂੰ ਜਾਣਨ ਦੀ ਕੋਈ ਉਤਸੁਕਤਾ ਨਹੀਂ ਸੀ। ਏਨਾ ਜ਼ਰੂਰ ਸੀ ਕਿ ਉਹ ਸਾਨੂੰ ਅਜੀਬ ਲੱਗਦਾ ਤੇ ਉਹਨੂੰ ਦੇਖ ਕੇ ਏਨੀ ਅਲ਼ਕਤ ਆਉਂਦੀ ਕਿ ਸਾਨੂੰ ਆਪਣੀ ਰੋਟੀ ਜੂਠੀ ਹੋ ਗਈ ਲੱਗਦੀ।
ਉਦੋਂ ਪੰਜਾਬ ਦੀ ਵੰਡ ਹੋਈ ਨੂੰ ਮਸਾਂ ਸਤਾਰਾਂ ਅਠਾਰਾਂ ਸਾਲ ਹੋਏ ਸਨ। ਹਰ ਇਲਾਕੇ ਦੇ ਲੋਕਾਂ ਨੇ ਸੰਤਾਲੀ ਦੀ ਇਸ ਵੰਡ ਨੂੰ ਆਪੋ ਆਪਣੇ ਹਿਸਾਬ ਨਾਲ ਲਫ਼ਜ਼ ਦੇ ਦਿੱਤੇ ਸਨ। ਸਾਡੇ ਪਿੰਡਾਂ ਵਾਲੇ ਉਨ੍ਹਾਂ ਦਿਨਾਂ ਨੂੰ ਰੌਲ਼ੇ ਕਹਿੰਦੇ ਤੇ ਸਾਡੇ ਘਰ ਰੋਜ਼ ਰਾਤ ਨੂੰ ਸੌਣ ਲੱਗਿਆਂ ਬੀਬੀ ਭਾਈਏ ਦੀਆਂ ਗੱਲਾਂ ਵਿੱਚ ਰੌਲ਼ਿਆਂ ਦੀ ਗੱਲ ਜ਼ਰੂਰ ਛਿੜਦੀ। ਮੇਰੇ ਬੀਬੀ ਭਾਈਏ ਲਈ ਬੇਸ਼ੱਕ ਉਹ ਹਾਲੇ ਕੱਲ੍ਹ ਦੀ ਗੱਲ ਸੀ, ਪਰ ਅਸੀਂ ਉਹ ਗੱਲਾਂ ਇਵੇਂ ਸੁਣਦੇ, ਜਿਵੇਂ ਕੋਈ ਪਿਛਲੇ ਜਨਮ ਦੀ ਗੱਲ ਹੋਵੇ।
ਗੱਲਾਂ ਸੁਣਦਿਆਂ ਸਾਨੂੰ ਕੋਠੜੀਆਂ ਵਿੱਚ ਪਏ ਬਰਛੇ ਦਾ ਚੇਤਾ ਆਉਂਦਾ ਤੇ ਗਭਲੇ ਅੰਦਰ ਦੀ ਛੱਤ ਉੱਪਰ ਪਈਆਂ ਛੋਟੀਆਂ ਇੱਟਾਂ ਦਾ ਖ਼ਿਆਲ ਆਉਂਦਾ, ਜਿਨ੍ਹਾਂ ਨਾਲ਼ ਅਸੀਂ ਰੇਲ-ਗੱਡੀ ਖੇਡਦੇ। ਸਾਰੀਆਂ ਇੱਟਾਂ ਨੇੜੇ ਨੇੜੇ ਲਾਈਨ ਵਿੱਚ ਖੜ੍ਹੀਆਂ ਕਰ ਲੈਣੀਆਂ ਤੇ ਫਿਰ ਸਿਰੇ ਵਾਲੀ ਇੱਟ ਨੂੰ ਹੌਲ਼ੀ ਦੇਣੇ ਡੇਗ ਦੇਣਾ। ਇੱਟਾਂ ਨੇ ਇਕ ਇਕ ਕਰਕੇ ਲਗਾਤਾਰ ਡਿੱਗਣਾ, ਜਿਵੇਂ ਰੇਲ ਗੱਡੀ ਚੱਲਦੀ ਹੋਵੇ। ਛਕ ਛਕ ਅਸੀਂ ਮੂੰਹ ਨਾਲ ਕਰੀ ਜਾਣੀ ਤੇ ਬੜਾ ਆਨੰਦ ਆਉਣਾ।
ਰਾਤ ਨੂੰ ਗੱਲਾਂ ਸੁਣਦੇ ਸੁਣਦੇ ਸਾਨੂੰ ਨੀਂਦ ਆ ਜਾਂਦੀ ਤੇ ਸਾਡੇ ਸੁਪਨਿਆਂ ਵਿੱਚ ਬਰਛੇ ਆਉਂਦੇ, ਕਦੇ ਨਿੱਕੀਆਂ ਇੱਟਾਂ ਤੇ ਕਦੇ ਚੱਲਦੀਆਂ ਰੇਲਾਂ ਦੀ ਛਕ ਛਕ ਸੁਣਾਈ ਦਿੰਦੀ। ਇਨ੍ਹਾਂ ਸੁਪਨਈ ਰੇਲਾਂ ਵਿਚ ਸਾਨੂੰ ਤੰਦਰੁਸਤ ਲੋਕਾਂ ਦੀ ਬਜਾਏ ਵੱਢੇ ਟੁੱਕੇ ਤੇ ਲਹੂ-ਲੁਹਾਣ ਲੋਕ ਹੀ ਨਜ਼ਰ ਆਉਂਦੇ; ਚੀਕ ਪੁਕਾਰ ਤੇ ਹਾਲ-ਪਾਹਰਿਆ ਵਾਧੂ ਸੁਣਾਈ ਦਿੰਦੀ।
ਬੀਬੀ ਨੂੰ ਪੁੱਛਣਾ ਕਿ ਗਭਲੇ ਅੰਦਰ ਦੀ ਛੱਤ ਉੱਤੇ ਇੱਟਾਂ ਕਿਉਂ ਰੱਖੀਆਂ। ਬੀਬੀ ਦੱਸਦੀ: ‘‘ਪੁੱਤ, ਰੌਲ਼ਿਆਂ ਵੇਲ਼ੇ ਚੜ੍ਹਾਈਆਂ ਸੀ।’’ ਪੁੱਛਣਾ ਕਿ ਸਾਨੂੰ ਕਾਹਦਾ ਡਰ ਸੀ ਤਾਂ ਉਹ ਦੱਸਦੀ: ‘‘ਪੁੱਤ, ਸਾਡੇ ਲੋਕ ਮੁਸਲਮਾਨਾਂ ਨੂੰ ਮਾਰਦੇ ਵੱਢਦੇ ਸੀ ਤਾਂ ਡਰ ਸੀ ਕਿਤੇ ਉਹ ਸਾਡੇ ’ਤੇ ਹਮਲਾ ਨਾ ਕਰ ਦੇਣ।’’ ਅਸੀਂ ਅਗਲਾ ਸਵਾਲ ਕਰਨਾ ਕਿ ‘‘ਇੱਟਾਂ ਨਾਲ ਕੀ ਹੋਣਾ ਸੀ’’ ਤਾਂ ਉਹ ਦੱਸਦੀ, ‘‘ਪੁੱਤ, ਇੱਟਾਂ ਅਸੀਂ ਆਪਣੇ ਲਈ ਕੋਠੇ ਚੜ੍ਹਾਈਆਂ ਸੀ ਕਿ ਬੰਦੇ ਹੇਠਾਂ ਲੜਨਗੇ ਤੇ ਅਸੀਂ ਤੀਵੀਆਂ ਮਾਨੀਆਂ ਕੋਠੇ ਚੜ੍ਹ ਕੇ ਇੱਟਾਂ ਨਾਲ ਆਪਣੀ ਰਾਖੀ ਕਰਾਂਗੀਆਂ।’’
ਇਹ ਗੱਲਾਂ ਸੁਣ ਕੇ ਸਾਡੇ ਬਾਲ ਮਨ ਖ਼ੌਫ਼ਜ਼ਦਾ ਹੋ ਜਾਂਦੇ, ਸਾਡੇ ਦਿਲਾਂ ਵਿੱਚ ਦੰਗੇ ਫ਼ਸਾਦ ਤੇ ਰੌਲ਼ਿਆਂ ਦੇ ਦ੍ਰਿਸ਼ ਘੁੰਮਣ ਲੱਗ ਜਾਂਦੇ ਤੇ ਕੰਨਾਂ ਵਿਚ ਹਾਹਾਕਾਰ ਗੂੰਜਣ ਲੱਗ ਜਾਂਦੀ। ਸਾਡੇ ਸਾਹਮਣੇ ਸੁਣੀ ਹੋਈ ਅਰਦਾਸ ਵਿਚਲੀਆਂ ਰੰਬੀਆਂ, ਆਰੇ, ਦੇਗਾਂ, ਸੂਲ਼ੀਆਂ ਤੇ ਬਰਛੇ ਉੱਲਰਦੇ, ਸਵਾ ਸਵਾ ਮਣ ਦੇ ਪੀਸਣੇ ਤੇ ਚੱਕੀਆਂ ਆਉਂਦੀਆਂ, ਚਰਖੜੀਆਂ ਤੇ ਲਹੂ ਲੁਹਾਣ ਖੋਪੜੀਆਂ ਦੇ ਦ੍ਰਿਸ਼ ਸਾਕਾਰ ਹੁੰਦੇ ਤੇ ਅਸੀਂ ਸੋਚਦੇ ਕਿ ਮੁਸਲਮਾਨ ਕਿੰਨੇ ਖ਼ੌਫ਼ਨਾਕ ਹੁੰਦੇ ਹੋਣਗੇ।
ਬੀਬੀ ਭਾਈਏ ਕੋਲੋਂ ਅਸੀਂ ਤਰ੍ਹਾਂ ਤਰ੍ਹਾਂ ਦੇ ਸਵਾਲ ਪੁੱਛਣੇ। ਕਦੇ ਉਨ੍ਹਾਂ ਖਿਝ ਜਾਣਾ ਤੇ ਕਦੇ ਲੰਮੀਆਂ ਕਹਾਣੀਆਂ ਛੇੜ ਲੈਣੀਆਂ ਕਿ ਕਿਵੇਂ ਸਾਡੇ ਲੋਕਾਂ ਨੇ ਧਰਮ ਕਰਮ ਦੀਆਂ ਸਭ ਗੱਲਾਂ ਵਿਸਾਰ ਕੇ ਵਸਦੇ ਰਸਦੇ ਮੁਸਲਮਾਨਾਂ ਦੇ ਘਰਾਂ ਦੇ ਘਰ ਉਜਾੜ ਦਿੱਤੇ। ਕਿਵੇਂ ਅਬਲਾ ਔਰਤਾਂ ਦੀਆਂ ਇੱਜ਼ਤਾਂ ਲੁੱਟੀਆਂ ਤੇ ਕੁਆਰੀਆਂ ਕੁੜੀਆਂ ਖਿੱਦੋ ਦੀ ਤਰ੍ਹਾਂ ਉਧੇੜ ਦਿੱਤੀਆਂ। ਕਿਵੇਂ ਕਾਵਾਂ, ਕੁੱਤਿਆਂ, ਬਿੱਲਿਆਂ ਤੇ ਬੰਦਿਆਂ ਵਿੱਚ ਕੋਈ ਫ਼ਰਕ ਨਾ ਰਿਹਾ।
ਅੱਜ ਉਹ ਲਹੂ ਦੇ ਅੱਥਰੂਆਂ ਦੀਆਂ ਦਰਦਨਾਕ ਕਹਾਣੀਆਂ ਚੇਤਿਆਂ ਵਿੱਚ ਉੱਸਲਵੱਟੇ ਲੈਂਦੀਆਂ ਹਨ ਤੇ ਤਰ੍ਹਾਂ ਤਰ੍ਹਾਂ ਦੇ ਸਵਾਲ ਪੁੱਛਦੀਆਂ ਹਨ। ਉਹ ਕਿਹੋ ਜਿਹੇ ਦਿਨ ਸਨ ਤੇ ਕਿਹੋ ਜਿਹਾ ਵਕਤ ਸੀ, ਜਦ ਸਾਡੇ ਦਿਲਾਂ ਨੂੰ ਨਫ਼ਰਤ ਦੇ ਕੋਬਰੇ ਨੇ ਡੱਸ ਲਿਆ ਸੀ ਕਿ ਅਸੀਂ ਖ਼ੁਦ ਨੂੰ ਸਾਂਝੀਵਾਲਤਾ ਤੇ ਸਰਬੱਤ ਦੇ ਭਲੇ ਦੇ ਪੁਜਾਰੀ ਦੱਸਣ ਵਾਲੇ ਲੋਕ ਲਹੂ ਦੇ ਏਨੇ ਪਿਆਸੇ ਹੋ ਗਏ ਕਿ ਸਾਡੇ ਕਹਿਰ ਦੀਆਂ ਕਹਾਣੀਆਂ ਮੁੱਕਣ ਵਿੱਚ ਨਹੀਂ ਆਉਂਦੀਆਂ।
ਬਲੀ ਕਿਸੇ ਮੁਸਲਮਾਨ ਟੱਬਰ ਦਾ ਸਿਧਰਾ ਮੁੰਡਾ ਸੀ ਤੇ ਘਰੇ ਘੱਟ ਵੱਧ ਹੀ ਰਹਿੰਦਾ। ਸਾਰਾ ਦਿਨ ਬਾਹਰ ਤੁਰਦਾ ਫਿਰਦਾ ਰਹਿੰਦਾ। ਜਿਸ ਦਿਨ ਉਹਦੇ ਘਰਦਿਆਂ ਨੂੰ ਅਚਾਨਕ ਜਾਣਾ ਪਿਆ ਸੀ ਤਾਂ ਬਲੀ ਘਰ ਨਹੀਂ ਸੀ ਤੇ ਨਾ ਹੀ ਉਹਦਾ ਕੋਈ ਅਤਾ ਪਤਾ ਸੀ ਕਿ ਉਹ ਕਿੱਥੇ ਹੋਵੇਗਾ। ਉਹਦੇ ਘਰਦਿਆਂ ਨੇ ਉਹਨੂੰ ਇੱਥੇ ਹੀ ਛੱਡ ਜਾਣ ’ਚ ਸਿਆਣਪ ਸਮਝੀ। ਉਹਨੂੰ ਨਾਲ ਲੈ ਜਾਣਾ ਓਦਾਂ ਵੀ ਖ਼ਤਰੇ ਤੋਂ ਖ਼ਾਲੀ ਨਹੀਂ ਸੀ। ਕਰਮਾਂ ਦਾ ਮਾਰਿਆ ਬਲੀ ਵਿਚਾਰਾ ਇੱਥੇ ਰਹਿ ਗਿਆ। ਉਹ ਸਾਰਾ ਦਿਨ ਲੋਕਾਂ ਦੇ ਦਰਾਂ ’ਤੇ ਭਟਕਦਾ, ‘ਖੰਨਾ ਟੁੱਕ ਦਾੜ’ ਮਿਲ਼ ਜਾਣੀ ਤੇ ਰਾਤ ਨੂੰ ਨਾਲ ਦੇ ਪਿੰਡ ਦੀ ਉੱਜੜੀ ਮਸੀਤ ਵਿੱਚ ਸੌਂ ਜਾਂਦਾ। ਇਸ ਤੋਂ ਇਲਾਵਾ ਉਹਦੇ ਸੌਣ ਲਈ ਕੋਈ ਥਾਂ ਨਹੀਂ ਸੀ।
ਬੀਬੀ ਦੱਸਦੀ ਕਿ ਖ਼ੁਸ਼ੀਆ ਮੁਸਲਮਾਨ ਮੇਰੇ ਭਾਈਏ ਦਾ ਬੜਾ ਨੇਕ ਮਿੱਤਰ ਸੀ ਜਿਹਦੀ ਰੀਸੇ ਭਾਈਆ ਜੀ ਹਮੇਸ਼ਾ ਸਲਵਾਰ ਕਮੀਜ਼ ਪਹਿਨਦੇ ਤੇ ਲੜ ਛੱਡਵੀਂ ਪੱਗ ਬੰਨ੍ਹਦੇ। ਹਰ ਵਕਤ ਦੋਵੇਂ ਇਕੱਠੇ ਰਹਿੰਦੇ ਤੇ ਛਿੰਝਾਂ ਮੇਲੇ ਦੇਖਦੇ; ਕਦੇ ਕਦੇ ਪ੍ਰਾਹੁਣਚਾਰੀ ਵੀ ਇਕੱਠੇ ਜਾਂਦੇ। ਮੇਰੀ ਬੀਬੀ ਸੂਫ਼ ਦੇ ਘੱਗਰੇ ਪਾਉਂਦੀ। ਸਿੱਖਾਂ ਤੇ ਮੁਸਲਮਾਨਾਂ ਵਿੱਚ ਏਨਾ ਇਤਫ਼ਾਕ ਸੀ ਕਿ ਵੇਲੇ ਕੁਵੇਲੇ ਇਕ ਦੂਜੇ ਦੇ ਘਰਾਂ ਵਿੱਚੋਂ ਦਾਲ਼, ਸਬਜ਼ੀ ਜਾਂ ਦੁੱਧ ਲੱਸੀ ਵੀ ਲੈ ਆਉਂਦੇ। ਬੀਬੀ ਦੱਸਦੀ ਕਿ ਸੰਤਾਲੀ ਦੇ ਨੇੜੇ ਜਾ ਕੇ ਪਤਾ ਨਹੀਂ ਕੀ ਹੋਇਆ ਕਿ ਚਿਰਾਂ ਦੀ ਸਾਂਝ ਵਿੱਚ, ਜਿਵੇਂ ਜ਼ਹਿਰ ਘੁਲ਼ ਗਈ ਹੋਵੇ। ਘਰਾਂ ਵਿੱਚ ਮੁਸਲਮਾਨਾਂ ਪ੍ਰਤੀ ਨਫ਼ਰਤ ਦੀਆਂ ਗੱਲਾਂ ਹੋਣ ਲੱਗ ਪਈਆਂ ਜਿਨ੍ਹਾਂ ਨੂੰ ਸੁਣ ਕੇ ਸਿੱਖ ਬੱਚੇ ਆਪਣੇ ਮੁਸਲਮਾਨ ਦੋਸਤਾਂ ਦੇ ਮੂੰਹ ਚਿੜਾਉਣ ਲੱਗ ਪਏ। ਇਕੱਲੀ ਨਫ਼ਰਤ ਨਾਲ ਗੱਲ ਨਾ ਬਣਦੀ ਤਾਂ ਅਸ਼ਲੀਲਤਾ ਦੇ ਤੜਕੇ ਲੱਗਦੇ। ਸਿਆਣਿਆਂ ਦੀ ਬਜਾਏ ਬੱਚਿਆਂ ਨੂੰ ਆਪਣੇ ਦੀਨ ਮਜ਼ਹਬ ਦਾ ਏਨਾ ਦੁੱਖ ਲੱਗਦਾ ਕਿ ਇਕ ਦੂਜੇ ਦਾ ਸਿਰ ਪਾੜਨ ਤੱਕ ਜਾਂਦੇ। ਵੱਡੇ ਦੱਬ ਘੁੱਟ ਜਾਂਦੇ ਤੇ ਦਿਲ ਵਿੱਚ ਕਿਸੇ ਮੌਕੇ ਦੀ ਉਮੀਦ ਅਤੇ ਉਡੀਕ ਵਿੱਚ ਵਿਉਂਤਾਂ ਬਣਾਉਂਦੇ। ਜਿਵੇਂ ਜਿਵੇਂ ਸੰਤਾਲੀ ਨੇੜੇ ਆ ਰਹੀ ਸੀ, ਉਵੇਂ ਉਵੇਂ ਦਿਲਾਂ ਵਿੱਚ ਗ਼ੁਬਾਰ ਵਧਦਾ ਜਾਂਦਾ ਸੀ ਤੇ ਬੁਰੇ ਅਸਾਰ ਨਜ਼ਰ ਆਉਂਦੇ ਸਨ।
ਬੀਬੀ ਦੱਸਦੀ ਕਿ ਉਧਰ ਆਜ਼ਾਦੀ ਦਾ ਐਲਾਨ ਹੋਇਆ ਤੇ ਇੱਧਰ ਸੰਤ ਬਖ਼ਲੌਰ ਸਿੰਘ ਨੇ ਆਪਣੇ ਸੇਵਕ ਇਕੱਠੇ ਕੀਤੇ ਤੇ ਮੁਸਲਮਾਨਾਂ ਦੇ ਵੱਡੇ ਪਿੰਡ ਮੀਰਪੁਰ ਨੂੰ ਅੱਗ ਲਾ ਦਿੱਤੀ। ਕਿਸੇ ਨੂੰ ਘਰੋਂ ਨਿਕਲਣ ਦਾ ਵਕਤ ਵੀ ਨਾ ਦਿੱਤਾ। ਕੁਝ ਮਾਰ ਦਿੱਤੇ ਤੇ ਕੁਝ ਸਾੜ ਦਿੱਤੇ। ਬਾਕੀ ਦੇ ਮੁਸਲਮਾਨ ਇਸ ਅਫ਼ਰਾ-ਤਫ਼ਰੀ ਤੇ ਚੀਕ ਚਿਹਾੜੇ ਵਿੱਚ ਪਿੰਡ ਛੱਡ ਕੇ ਦੌੜ ਗਏ। ਉਨ੍ਹਾਂ ਦੀਆਂ ਕਈ ਸੁਨੱਖੀਆਂ ਨੂੰਹਾਂ-ਧੀਆਂ ਸੰਤ ਨੇ ਆਪਣੇ ਕਬਜ਼ੇ ਵਿੱਚ ਲੈ ਲਈਆਂ ਤੇ ਖੇਹ ਖ਼ਰਾਬ ਕਰਕੇ, ਆਪਣੇ ਚੇਲਿਆਂ ਨੂੰ ਸੌਂਪ ਦਿੱਤੀਆਂ। ਬੀਬੀ ਦੱਸਦੀ ਕਿ ਸੜਦੇ ਹੋਏ ਮੀਰਪੁਰ ਪਿੰਡ ਦੇ ਧੂੰਏਂ ਦੇ ਅੰਬਾਰ ਸਾਡੇ ਪਿੰਡੋਂ ਨਜ਼ਰ ਆਉਂਦੇ ਤੇ ਲੋਕ ਕੋਠਿਆਂ ’ਤੇ ਚੜ੍ਹ ਚੜ੍ਹ ਦੇਖਦੇ।
ਦੇਖਦੇ ਹੀ ਦੇਖਦੇ ਪਿੰਡ ਪਿੰਡ ਜਥੇ ਬਣਨ ਲੱਗੇ। ਸ਼ਹਿਰੋਂ ਜਾ ਜਾ ਬਰਛੇ ਖ਼ਰੀਦੇ ਜਾਣ ਲੱਗੇ, ਘਰ ਪਏ ਟਕੂਏ, ਗੰਡਾਸੇ ਤੇ ਕਿਰਪਾਨਾਂ ਤਿੱਖੀਆਂ ਹੋਣ ਲੱਗੀਆਂ। ਅੱਖਾਂ ਵਿੱਚੋਂ ਹਵਸ ਡੁੱਲ੍ਹ ਡੁੱਲ੍ਹ ਪੈਣ ਲੱਗੀ, ਨੱਕ ਵਿੱਚੋਂ ਠੂੰਹੇਂ ਡਿੱਗਦੇ, ਮੱਥੇ ’ਤੇ ਕਿਆਮਤ ਲਿਸ਼ਕਦੀ ਤੇ ਕੰਨਾਂ ਵਿੱਚ ਚੰਡੀ ਗੂੰਜਦੀ।
ਮੇਰੇ ਪਿੰਡ ਦੇ ਮੁਸਲਮਾਨ ਵੀ ਸਾਮਾਨ ਸਮੇਟਣ ਲੱਗੇ ਤੇ ਧਾਹਾਂ ਮਾਰ ਮਾਰ ਘਰ ਛੱਡਣ ਲੱਗੇ। ਕਿਸੇ ਨੇ ਉਨ੍ਹਾਂ ਨੂੰ ਰੁਕਣ ਲਈ ਨਾ ਕਿਹਾ ਤੇ ਨਾ ਕਿਸੇ ਨੇ ਮੱਦਦ ਦਾ ਭਰੋਸਾ ਦਿੱਤਾ। ਬੀਬੀ ਦੱਸਦੀ ਕਿ ਸਾਡੇ ਭਾਈਏ ਦੇ ਮਿੱਤਰ ਖ਼ੁਸ਼ੀਏ ਦੇ ਟੱਬਰ ਨੇ ਅਖ਼ੀਰ ਵਿੱਚ ਪਿੰਡ ਛੱਡਿਆ ਤੇ ਉਹ ਭੁੱਬਾਂ ਮਾਰ ਮਾਰ ਰੋ ਰਿਹਾ ਸੀ ਤੇ ਕਹਿ ਰਿਹਾ ਸੀ: ‘‘ਉਇ ਯਾਰੋ, ਮੈਂ ਵੀ ਜਾਵਾਂ!’’ ਭਾਈਆ ਜੀ ਸਾਹਮਣੇ ਖੜ੍ਹੇ ਸਨ ਤੇ ਸੰਤ ਬਖ਼ਲੌਰ ਸਿੰਘ ਦੇ ਡਰੋਂ, ਆਪਣੇ ਬਚਪਨ ਦੇ ਮਿੱਤਰ ਨੂੰ ਝੂਠੇ ਸੱਚੇ ਵੀ ਰੁਕਣ ਲਈ ਨਾ ਕਹਿ ਸਕੇ।
ਸਾਡੇ ਪਿੰਡਾਂ ਦੇ ਸਾਰੇ ਮੁਸਲਮਾਨ ਬੇਟ ਦੇ ਪਿੰਡ ਮੰਢਾਲ਼ੇ ਕੋਲ ਇਕੱਠੇ ਹੋ ਰਹੇ ਸਨ ਜਿੱਥੋਂ ਉਨ੍ਹਾਂ ਨੇ ਵੱਡੇ ਕਾਫ਼ਲੇ ਦੇ ਰੂਪ ਵਿੱਚ ਸਤਲੁਜ ਦਰਿਆ ਦੇ ਕੰਢੇ ਕੰਢੇ ਪਾਕਿਸਤਾਨ ਵੱਲ ਰਵਾਨਾ ਹੋਣਾ ਸੀ। ਬੀਬੀ ਦੱਸਦੀ ਕਿ ਮੇਰੇ ਭਾਈਆ ਜੀ ਤਿੰਨ ਦਿਨ ਲਗਾਤਾਰ ਰਾਤ ਬਰਾਤੇ, ਲੁਕ ਛਿਪ ਕੇ ਆਪਣੇ ਖ਼ੁਸ਼ੀਏ ਮਿੱਤਰ ਦੇ ਟੱਬਰ ਲਈ ਰੋਟੀ ਲੈ ਕੇ ਮੰਢਾਲ਼ੇ ਜਾਂਦੇ ਰਹੇ। ਫਿਰ ਕਿਸੇ ਨੇ ਜਗਤਾਰੇ ਨੂੰ ਦੱਸ ਦਿੱਤਾ ਤੇ ਉਹਨੇ ਆ ਕੇ ਮੇਰੇ ਭਾਈਏ ਨੂੰ ਡਾਂਟ ਪਾਈ ਤੇ ਰੋਟੀ ਲਿਜਾਣੋਂ ਰੋਕ ਦਿੱਤਾ। ਅਖੇ ‘‘ਇਹ ਕੌਮ ਭਲੇ ਦੇ ਲਾਇਕ ਨਹੀਂ, ਇਨ੍ਹਾਂ ਨੇ ਤੈਨੂੰ ਹੀ ਮਾਰ ਦੇਣਾ।’’
ਜਗਤਾਰਾ ਜਥੇ ਸਮੇਤ ਪਿੰਡੋਂ ਨਿਕਲਦਾ ਤੇ ਰੀਝ ਨਾਲ ਮੁਸਲਮਾਨਾਂ ਦੇ ਘਰ ਲੁੱਟਦਾ ਤੇ ਵੱਢਦਾ ਟੁੱਕਦਾ। ਬੀਬੀ ਦੱਸਦੀ ਕਿ ਉਹ ਮੇਰੇ ਬਾਬੇ ਕੋਲ ਆਇਆ ਕਿ ਉਹ ਮੇਰੇ ਭਾਈਏ ਨੂੰ ਵੀ ਲੁੱਟਮਾਰ ਕਰਨ ਲਈ ਭੇਜੇ। ਪਰ ਮੇਰੇ ਬਾਬੇ ਨੇ ਭਾਈਏ ਨੂੰ ਜਾਣ ਨਾ ਦਿੱਤਾ। ਜਗਤਾਰੇ ਨੇ ਮੇਰੇ ਬਾਬੇ ਨੂੰ ਨਾਲ ਜਾਣ ਲਈ ਮਨਾ ਲਿਆ। ਬੀਬੀ ਦੱਸਦੀ ਕਿ ਮੇਰਾ ਬਾਬਾ ਨਾਲ ਤਾਂ ਚਲਿਆ ਜਾਂਦਾ, ਪਰ ਉਹ ਲੁੱਟ ਤੱਕ ਹੀ ਸੀਮਤ ਰਹਿੰਦਾ ਤੇ ਲੁੱਟ ਵਿੱਚੋਂ ਉਹਦੇ ਹਿੱਸੇ ਇਕ ਸੱਜਰ ਮੱਝ ਆਈ। ਮੇਰਾ ਬਾਬਾ ਕਿਤੋਂ ਕਲਾ ਵਾਲੀ ਚੱਕੀ ਚੁੱਕ ਲਿਆਇਆ ਤੇ ਕਿਤੋਂ ਕਾਲ਼ੇ ਸ਼ਾਹ ਪੱਥਰ ਦਾ ਭਾਰਾ ਕੂੰਡਾ ਲੈ ਆਇਆ। ਇਕ ਦੁੱਧ ਚਿੱਟੇ ਸੰਗਮਰਮਰ ਦਾ ਗਲਾਸ ਲਿਆਇਆ ਜਿਹਦੇ ਵਿੱਚ ਅਸੀਂ ਘਰ ਦੀ ਸਭ ਤੋਂ ਪਵਿੱਤਰ ਚੀਜ਼ ਧੂਫ਼ ਰੱਖਦੇ।
ਮੇਰਾ ਬਾਬਾ ਘਰ ਆ ਕੇ ਜਗਤਾਰੇ ਦੇ ਕਹਿਰ ਦੀਆਂ ਕਹਾਣੀਆਂ ਸੁਣਾਉਂਦਾ। ਕਿਵੇਂ ਕਿਸੇ ਘਰ ਵਿੱਚ ਪਏ ਸੰਦੂਕ ਦੇ ਪਿਛਲੇ ਪਾਸੇ ਕੋਈ ਮੁਸਲਮਾਨ ਇਸ ਉਮੀਦ ਨਾਲ ਲੁਕਿਆ ਹੋਇਆ ਸੀ ਕਿ ਚਾਰ ਦਿਨ ਦੇ ਰੌਲ਼ੇ-ਰੱਪੇ ਬਾਅਦ ਸ਼ਾਂਤੀ ਪਰਤ ਆਵੇਗੀ ਤੇ ਜਨ ਜੀਵਨ ਆਮ ਵਾਂਗ ਹੋ ਜਾਵੇਗਾ। ਪਰ ਉਹਦੀ ਰਤਾ ਕੁ ਜਿੰਨੀ ਹਿਲਜੁਲ ਦੀ ਜਗਤਾਰੇ ਨੂੰ ਭਿਣਕ ਪੈ ਗਈ ਤਾਂ ਉਹਨੇ ਰੋਂਦੇ ਕੁਰਲਾਉਂਦੇ ਮੁਸਲਮਾਨ ਦੇ ਢਿੱਡ ਵਿੱਚ ਬਰਛੇ ਮਾਰ ਮਾਰ ਕੇ ਮਾਰ ਦਿੱਤਾ। ਬੀਬੀ ਦੱਸਦੀ ਕਿ ਉਸ ਦਿਨ ਮਗਰੋਂ ਮੇਰੇ ਬਾਬੇ ਨੇ ਉਹਦੇ ਨਾਲ ਜਾਣਾ ਛੱਡ ਦਿੱਤਾ।
ਲੋਕ ਦੱਸਦੇ ਕਿ ਫਲਾਹੀਆਂ ਦੀ ਝਿੜੀ ਵਿੱਚ ਜਗਤਾਰੇ ਨੇ ਮੁਸਲਮਾਨਾਂ ਦੀਆਂ ਦੋ ਜੁਆਨ ਕੁੜੀਆਂ ਦੇਖ ਲਈਆਂ। ਉਹਦੇ ਨਾਲ, ਨਾਲ ਦੇ ਪਿੰਡ ਦਾ ਜਮਾਂਦਰੂ ਜਾਹਲ ਅਤੇ ਮੁਸ਼ਟੰਡਾ ਬੁੜ੍ਹਾ ਪਾਰੜਾ ਵੀ ਸੀ। ਜਗਤਾਰੇ ਨੇ ਇਕ ਕੁੜੀ ਨੂੰ ਪਾਰੜੇ ਨਾਲ ਜਾਣ ਲਈ ਕਿਹਾ ਤਾਂ ਉਹਨੇ ਨਾਂਹ ਕਰ ਦਿੱਤੀ। ਕਹਿੰਦੇ ਹਨ ਕੁੜੀ ਦੀ ਨਾਂਹ ਸੁਣ ਕੇ, ਜਗਤਾਰਾ ਗੁੱਸੇ ਵਿੱਚ ਲਾਲ ਪੀਲ਼ਾ ਹੋ ਗਿਆ, ਉਹਦੀਆਂ ਅੱਖਾਂ ਵਿੱਚ ਲਹੂ ਉਤਰ ਆਇਆ ਤੇ ਉਹਨੇ ਦੋਵਾਂ ਕੁੜੀਆਂ ਦਾ ਥਾਏਂ ਕਤਲ ਕਰ ਦਿੱਤਾ। ਕੁਆਰੀਆਂ ਕੁੜੀਆਂ ਦੀਆਂ ਮੁਰਦਾ ਦੇਹਾਂ ਨੂੰ ਕੋਈ ਡਰਦਾ ਹੱਥ ਨਹੀਂ ਸੀ ਲਾਉਂਦਾ ਤੇ ਉਹ ਲਾਸ਼ਾਂ ਕਾਵਾਂ, ਕੁੱਤਿਆਂ ਤੇ ਗਿਰਝਾਂ ਦੇ ਕੰਮ ਆਈਆਂ।
ਮੈਂ ਤੇ ਮੇਰਾ ਮਿੱਤਰ ਅਕਸਰ, ਘਰੋਂ ਸੁਣੀਆਂ ਮੁਸਲਮਾਨਾਂ ਦੀਆਂ ਗੱਲਾਂ, ਆਪਸ ਵਿੱਚ ਸਾਂਝੀਆਂ ਕਰਦੇ ਤੇ ਕੋਈ ਵੀ ਓਪਰਾ ਬੰਦਾ ਦੇਖ ਕੇ ਡਰ ਜਾਂਦੇ ਜਿਵੇਂ ਉਹ ਕੋਈ ਮੁਸਲਮਾਨ ਹੋਵੇ। ਬੇਸ਼ੱਕ ਅਸੀਂ ਇਹ ਗੱਲਾਂ ਸੁਣ ਸੁਣ ਵੱਡੇ ਹੋਏ, ਪਰ, ਜਦ ਕਦੇ ਵੀ ਉਹ ਗੱਲਾਂ ਮੁੜ ਯਾਦ ਕਰਦੇ ਤਾਂ ਕਈ ਗੱਲਾਂ ਸੱਚੀਆਂ ਲੱਗਦੀਆਂ ਤੇ ਕਈਆਂ ’ਤੇ ਯਕੀਨ ਨਾ ਆਉਣਾ ਕਿ ਸਾਡੇ ਲੋਕ ਏਨੇ ਜ਼ਾਲਿਮ ਤਾਂ ਨਹੀਂ ਹੋ ਸਕਦੇ। ਖ਼ਾਸਕਰ ਜਗਤਾਰਾ ਤਾਂ ਪਿੰਡ ਦੇ ਇਕ ਗੁਰਦੁਆਰੇ ਦਾ ਖ਼ਜ਼ਾਨਚੀ ਸੀ ਤੇ ਹਰ ਸੰਗਰਾਂਦ ਨੂੰ ਗੁਰਦੁਆਰੇ ਪ੍ਰਸ਼ਾਦ ਵੀ ਉਹੀ ਵਰਤਾਉਂਦਾ ਸੀ। ਉਹਨੂੰ ਦੇਖ ਕੇ ਕੋਈ ਨਹੀਂ ਸੀ ਕਹਿ ਸਕਦਾ ਕਿ ਪ੍ਰਸ਼ਾਦ ਵਰਤਾਉਣ ਵਾਲੇ ਹੱਥ ਕਾਤਲ ਵੀ ਹੋ ਸਕਦੇ ਹਨ।
ਜਦ ਮੈਂ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਐਮ ਫਿਲ ਕਰ ਰਿਹਾ ਸੀ ਤਾਂ ਮੇਰੇ ਇਕ ਦੋਸਤ ਨੇ ਪੰਜਾਬ ਦੀ ਵੰਡ ’ਤੇ ਲਿਖੇ ਨਾਵਲਾਂ ’ਤੇ ਐੱਮ ਫਿਲ ਕਰਨੀ ਸ਼ੁਰੂ ਕੀਤੀ। ਉਹਨੇ ਮੈਨੂੰ ਨਾਨਕ ਸਿੰਘ ਦਾ ਨਾਵਲ ‘ਅੱਗ ਦੀ ਖੇਡ’ ਪੜ੍ਹਨ ਲਈ ਕਿਹਾ। ਉਹ ਨਾਵਲ ਪੜ੍ਹਦਿਆਂ ਮੇਰੇ ਮਨ ਵਿੱਚ ਬੀਬੀ ਤੋਂ ਸੁਣੀਆਂ ਗੱਲਾਂ ਸਾਕਾਰ ਹੋਣੀਆਂ ਸ਼ੁਰੂ ਹੋ ਗਈਆਂ ਤੇ ਉਨ੍ਹਾਂ ਗੱਲਾਂ ’ਤੇ ਵੀ ਯਕੀਨ ਬੱਝ ਗਿਆ ਜਿਹੜੀਆਂ ਕਲਪਿਤ ਲੱਗਣ ਲੱਗ ਪਈਆਂ ਸਨ।
ਮੈਂ ਆਪਣੇ ਭਾਈਏ ਨੂੰ ਕਦੇ ਉੱਚੀ ਉੱਚੀ ਹੱਸਦੇ ਨਹੀਂ ਸੀ ਸੁਣਿਆ। ਬੀਬੀ ਦੱਸਦੀ: ‘‘ਤੁਹਾਡੇ ਭਾਈਏ ਨੂੰ ਆਪਣੇ ਖ਼ੁਸ਼ੀਏ ਮਿੱਤਰ ਦਾ ਹੇਰਵਾ ਵੱਢ ਵੱਢ ਖਾਂਦਾ ਰਹਿੰਦਾ ਕਿ ਜਦ ਉਹ ਕਹਿੰਦਾ ਸੀ ‘ਉਇ ਯਾਰੋ, ਮੈਂ ਵੀ ਜਾਵਾਂ!’ ਤਾਂ ਉਹ ਝੂਠਾ ਸੱਚਾ ਵੀ ਉਹਨੂੰ ਧਰਵਾਸ ਨਹੀਂ ਸਨ ਦੇ ਸਕੇ।’’ ਮੈਨੂੰ ਆਪਣੇ ਭਾਈਏ ਦੀ ਇਸ ਗੱਲ ’ਤੇ ਤਰਸ ਵੀ ਆਉਂਦਾ ਤੇ ਖਿਝ ਵੀ। ਬੇਸ਼ੱਕ ਉਨ੍ਹਾਂ ਦਾ ਹੁਕਮ ਸੀ ਕਿ ਜਦ ਵੀ ਬਲੀ ਆਵੇ ਤਾਂ ਉਹਨੂੰ ਕੁਝ ਨਾ ਕੁਝ ਖਾਣ ਨੂੰ ਜ਼ਰੂਰ ਦੇਣਾ ਹੈ ਤਾਂ ਵੀ ਖ਼ੁਸ਼ੀਏ ਵਾਲੀ ਗੱਲ ਤਾਂ ਉੱਥੇ ਦੀ ਉੱਥੇ ਖੜ੍ਹੀ ਹੈ ਨਾ। ਸੰਤ ਬਖ਼ਤੌਰ ਸਿੰਘ ਨੇ ਵੀ ਕੋਈ ਖਾ ਥੋੜ੍ਹੀ ਜਾਣਾ ਸੀ। ਮੇਰਾ ਭਾਈਆ ਕਿਸੇ ਦੀ ਮਿੰਨਤ ਤਰਲ਼ਾ ਕਰਕੇ ਆਪਣੇ ਦੋਸਤ ਖ਼ੁਸ਼ੀਏ ਨੂੰ ਇੱਥੇ ਰੱਖ ਲੈਂਦਾ ਤਾਂ ਏਨਾ ਦੁਖੀ ਨਾ ਹੁੰਦਾ। ਹੁਣ ਪਛਤਾਉਣ ਦਾ ਕੀ ਫ਼ਾਇਦਾ! ਹੁਣ ਤਾਂ ਸਾਰਾ ਪੰਜਾਬ ਸੱਤ ਧੂਣੀਆਂ ਬਾਲ਼ ਕੇ ਸੱਤ ਹਜ਼ਾਰ ਸਾਲ ਵੀ ਤਪ ਕਰੀ ਜਾਵੇ ਤਾਂ ਵੀ ਮੁਕੰਮਲ ਪਸ਼ਚਾਤਾਪ ਨਹੀਂ ਹੋ ਸਕਦਾ।
ਹੁਣ ਹਰ ਸਾਲ ਜਦ ਪੰਦਰਾਂ ਅਗਸਤ ਨੇੜੇ ਆਉਂਦੀ ਹੈ ਤਾਂ ਮੈਨੂੰ ਆਜ਼ਾਦੀ ਦਾ ਜਸ਼ਨ, ਬਰਬਾਦੀ ਦਾ ਕਫ਼ਨ ਮਹਿਸੂਸ ਹੁੰਦਾ ਹੈ ਤੇ ਉਸ ਦਿਨ ਮੈਨੂੰ ਮੇਰੇ ਭਾਈਏ ਦਾ ਦੋਸਤ ਖ਼ੁਸ਼ੀਆ ਤੇ ਬਲੀ ਚੇਤੇ ਆਉਂਦੇ ਹਨ ਜਿਨ੍ਹਾਂ ਦੀ ਗੱਲ ਲਿਖਣੀ ਜਾਂ ਕਹਿਣੀ ਮੇਰੇ ਲਈ ਹਾਰਾਕੀਰੀ ਤੋਂ ਘੱਟ ਨਹੀਂ। ਇਹ ਲਿਖਦੇ ਲਿਖਦੇ ਮੇਰੇ ਅੰਦਰੋਂ ਕਈ ਵਾਰੀ ਭੁੱਬਾਂ ਵਰਗਾ ਰੋਣਾ ਫੁੱਟਿਆ ਤੇ ਮੈਨੂੰ ਸੁਰਜੀਤ ਪਾਤਰ ਦਾ ਸ਼ਿਅਰ ਯਾਦ ਆਇਆ ਕਿ ‘ਹਰ ਵਾਰੀ ਆਪਣੇ ਹੀ ਅੱਥਰੂ ਅੱਖੀਆਂ ਵਿੱਚ ਨਹੀਂ ਆਉਂਦੇ, ਕਦੀ ਕਦੀ ਸਾਡੇ ਪਿਤਰ ਵੀ ਰੋਂਦੇ ਸਾਡੀਆਂ ਅੱਖਾਂ ਥਾਣੀ’।
ਬੇਸ਼ੱਕ ਮੈਂ ਮੁਸਲਮਾਨਾਂ ਦੀ ਉਸ ਮੱਝ ਦਾ ਦੁੱਧ ਨਹੀਂ ਪੀਤਾ, ਪਰ ਮੈਂ ਉਸ ਚੱਕੀ ਵਿੱਚ ਪੀਸੀ ਸੂਜੀ ਦਾ ਪ੍ਰਸ਼ਾਦ ਛਕਿਆ ਹੈ। ਉਸ ਕੂੰਡੇ ਵਿੱਚ ਰਗੜੇ ਮਸਾਲੇ ਤੇ ਕੁੱਟੀ ਹੋਈ ਚਟਣੀ ਦਾ ਸੁਆਦ ਚੱਖਿਆ ਹੈ। ਹੋਰ ਤਾਂ ਹੋਰ ਸਾਲਾਂਬੱਧੀ ਉਸ ਸੰਗਮਰਮਰ ਦੇ ਦੁੱਧ ਚਿੱਟੇ ਗਲਾਸ ਵਿੱਚ ਰੱਖਿਆ ਧੂਫ਼ ਧੁਖ਼ਾਇਆ ਹੈ। ਮੇਰੇ ਅੰਦਰ ਕਦੇ ਕਦੇ ਮੇਰੇ ਭਾਈਏ ਦਾ ਮਿੱਤਰ ਖ਼ੁਸ਼ੀਆ ਬੋਲਦਾ ਹੈ ਜੋ ਆਪਣਾ ਸਾਮਾਨ ਸਮੇਟੀ ਘਰ ਦੇ ਬਾਹਰ ਖੜ੍ਹਾ ਧਾਹਾਂ ਮਾਰ ਮਾਰ ਪੁਕਾਰ ਰਿਹਾ ਹੈ ‘‘ਉਇ ਯਾਰੋ, ਮੈਂ ਵੀ ਜਾਵਾਂ!’’
ਹੁਣ ਤਾਂ ਗੱਲ ਇਸ ਤੋਂ ਵੀ ਅੱਗੇ ਲੰਘ ਗਈ। ਕਦੇ ਕਦੇ ਮੈਨੂੰ ਇਵੇਂ ਲੱਗਦਾ, ਜਿਵੇਂ ਮੈਂ ਹੀ ਬਲੀ ਹੋਵਾਂ ਤੇ ਮੈਨੂੰ ਮੇਰੇ ਬੀਬੀ ਭਾਈਆ ਤੇ ਭੈਣ ਭਾਈ ਪਾਗਲ ਜਾਣ ਕੇ ਇੱਧਰ ਛੱਡ ਗਏ ਹੋਣ। ਜਿਵੇਂ ਮੈਨੂੰ ਸਾਂਭਣ ਵਾਲਾ ਇਸ ਦੇਸ਼ ਵਿੱਚ ਮੇਰਾ ਕੋਈ ਨਾ ਹੋਵੇ ਤੇ ਮੈਂ ਹੁਣ ਲੋਕਾਂ ਦੇ ਮੁੱਖ ’ਤੇ ਖੜ੍ਹਾ ਕਹਿ ਰਿਹਾ ਹੋਵਾਂ – ‘‘ਖੰਨਾ ਟੁੱਕ ਦਾੜ’’।
ਸੰਪਰਕ: 94175-18384