ਬਲੋਚ ਕੌਮਪ੍ਰਸਤ ਕਰੀਮਾ ਮਹਿਰਾਬ ਉਰਫ਼ ਕਰੀਮਾ ਬਲੋਚ ਦੀ ਕੈਨੇਡਾ ਵਿੱਚ ਭੇਤਭਰੀ ਮੌਤ ਦਾ ਮਾਮਲਾ ਪਾਕਿਸਤਾਨੀ ਮੀਡੀਆ ਵਿੱਚ ਬਹੁਤੀ ਚਰਚਾ ਦਾ ਵਿਸ਼ਾ ਨਹੀਂ ਬਣਿਆ। ਹਾਂ, ਸੋਸ਼ਲ ਮੀਡੀਆ ਵੱਲੋਂ ਇਕ ਰੂਸੀ ਬਲੌਗਰ ਦੇ ਇਸ ਦਾਅਵੇ ਨੂੰ ਖੂ਼ਬ ਉਛਾਲਿਆ ਜਾ ਰਿਹਾ ਹੈ ਕਿ 37 ਵਰ੍ਹਿਆਂ ਦੀ ਕਰੀਮਾ, ਭਾਰਤੀ ਖ਼ੁਫੀਆ ਏਜੰਸੀ ‘ਰਿਸਰਚ ਐਂਡ ਐਨੇਲਾਇਸਿਸ ਵਿੰਗ’ (ਰਾਅ) ਦੀ ਏਜੰਟ ਸੀ ਅਤੇ ਇਹ ਰਾਜ਼ ਬੇਪਰਦ ਹੋਣ ਕਾਰਨ ‘ਰਾਅ’ ਨੇ ਉਸ ਨੂੰ ਮਰਵਾਇਆ। ਦੂਜੇ ਪਾਸੇ, ‘ਬਲੋਚਿਸਤਾਨ ਵੌਇਸਜ਼’ ਨਾਮੀ ਵੈੱਬਪੇਪਰ ਵਿੱਚ ਆਮਿਹ ਅਖ਼ਤਰ ਨਾਮੀ ਬਲੋਚ ਕੌਮਪ੍ਰਸਤ ਨੇ ਕਰੀਮਾ ਦੀ ਹੱਤਿਆ ਪਾਕਿਸਤਾਨ ਖੁ਼ਫੀਆ ਏਜੰਸੀ ‘ਆਈਐੱਸਆਈ’ ਵੱਲੋਂ ਕਰਵਾਏ ਜਾਣ ਦੇ ਦੋਸ਼ ਲਾਏ ਹਨ। ਇਸ ਬਲੌਗਰ ਨੇ ਸ਼ੱਕ ਪ੍ਰਗਟਾਇਆ ਹੈ ਕਿ ਕਰੀਮਾ ਨੂੰ ਡੋਬ ਕੇ ਮਾਰਨ ਵਾਸਤੇ ‘‘ਆਈਐੱਸਆਈ ਨੇ ਕੈਨੇਡਾ ਵਿਚਲੀ ਖ਼ਾਲਿਸਤਾਨੀ ਲੌਬੀ ਦੀ ਮਦਦ ਲਈ ਜਿਸ ਨੂੰ ‘ਆਈਐੱਸਆਈ’ ਲਗਾਤਾਰ ਫੰਡ ਦਿੰਦੀ ਆ ਰਹੀ ਹੈ।’’
ਕਰੀਮਾ ਪਿਛਲੇ ਹਫ਼ਤੇ ਟੋਰਾਂਟੋ ਦੇ ਲੇਕਸਾਈਡ ਇਲਾਕੇ ਦੇ ਸੈਂਟਰ ਆਈਲੈਂਡ ਵਿੱਚ ਮਰੀ ਹੋਈ ਮਿਲੀ ਸੀ। ਲਾਸ਼ ਮਿਲਣ ਤੋਂ ਦੋ ਦਿਨ ਪਹਿਲਾਂ ਤੋਂ ਉਹ ਲਾਪਤਾ ਸੀ। ਭਾਵੇਂ ਟੋਰਾਂਟੋ ਪੁਲੀਸ ਨੂੰ ਇਹ ਮੌਤ ਅਪਰਾਧਿਕ ਮਾਮਲਾ ਨਹੀਂ ਜਾਪੀ, ਪਰ ਬਲੋਚ ਕੌਮਪ੍ਰਸਤ ਉਸ ਦੀ ਇਸ ਧਾਰਨਾ ਨਾਲ ਮੁਤਫਿ਼ਕ ਨਹੀਂ। ਉਨ੍ਹਾਂ ਨੇ ਸ਼ੁੱਕਰਵਾਰ ਨੂੰ ਟੋਰਾਂਟੋ ਦੇ ਪੁਲੀਸ ਹੈੱਡਕੁਆਰਟਰ ਦੇ ਬਾਹਰ ਮੁਜ਼ਾਹਰਾ ਕਰ ਕੇ ਇਸ ਮਾਮਲੇ ਦੀ ਬਾਰੀਕੀ ਨਾਲ ਪੜਤਾਲ ਕੀਤੇ ਜਾਣ ਦੀ ਮੰਗ ਕੀਤੀ। ਕਰੀਮਾ ਦੇ ਪਤੀ ਹੱਮਾਲ ਹੈਦਰ ਨੇ ਵੀ ਪੁਲੀਸ ਨੂੰ ਲਿਖ਼ਤੀ ਦਰਖ਼ਾਸਤ ਦੇ ਕੇ ਸੱਚ ਸਾਹਮਣੇ ਲਿਆਉਣ ਲਈ ਕਿਹਾ ਹੈ। ਕਰੀਮਾ 2016 ਵਿੱੱਚ ਕੋਇਟਾ ਜੇਲ੍ਹ ਵਿਚੋਂ ਰਿਹਾਈ ਮਗਰੋਂ ਕੈਨੇਡਾ ਪਹੁੰਚੀ ਸੀ ਅਤੇ ਉਸ ਨੇ ਉੱਥੇ ਰਾਜਸੀ ਪਨਾਹ ਲਈ ਪਟੀਸ਼ਨ ਪਾਈ ਹੋਈ ਸੀ। ਇਸ ਪਟੀਸ਼ਨ ਦਾ ਫੈ਼ਸਲਾ ਹੁਣ ਹੋਣ ਹੀ ਵਾਲਾ ਸੀ ਕਿ ਉਸ ਦੀ ਮੌਤ ਦੀ ਖ਼ਬਰ ਆ ਗਈ।
ਪਾਕਿਸਤਾਨੀ ਅਖ਼ਬਾਰੀ ਮੀਡੀਆ ਦੀ ‘ਖ਼ਾਮੋਸ਼ੀ’ ਦੇ ਬਾਵਜੂਦ ਅੰਗਰੇਜ਼ੀ ਅਖ਼ਬਾਰ ‘ਡਾਅਨ’ ਨੇ ਪਿਛਲੇ ਹਫ਼ਤੇ ਦੋ ਲੇਖ ਛਾਪ ਕੇ ਪਾਕਿਸਤਾਨ ਵਿੱਚ ਅਸਹਿਮਤਾਂ ਤੇ ‘ਬਾਗ਼ੀਆਂ’ ਦੀਆਂ ਗੁੰਮਸ਼ੁਦਗੀਆਂ ਤੇ ਹੱਤਿਆਵਾਂ ਦੇ ਘਟਨਾਕ੍ਰਮ ਨੂੰ ਉਭਾਰਿਆ। ਅਖ਼ਬਾਰ ਵਿੱਚ ਪ੍ਰਕਾਸ਼ਿਤ ਆਸਿਮ ਸੱਜਾਦ ਅਖ਼ਤਰ ਦੇ ਲੇਖ ‘ਦਮਨ ਦਾ ਦਾਇਰਾ’ ਵਿੱਚ ਦੱਖਣੀ ਵਜ਼ੀਰਿਸਤਾਨ ਤੋਂ ਕੌਮੀ ਅਸੈਂਬਲੀ ਦੇ ਮੈਂਬਰ ਅਲੀ ਵਜ਼ੀਰ ਨੂੰ ਜ਼ੰਜੀਰਾਂ ਵਿਚ ਜਕੜ ਕੇ ਅਦਾਲਤ ਵਿੱਚ ਲਿਆਂਦੇ ਜਾਣ ਅਤੇ ਕਰੀਮਾ ਬਲੋਚ ਦੀ ਭੇਤਭਰੀ ਮੌਤ ਵਰਗੇ ਮਾਮਲਿਆਂ ਦੇ ਹਵਾਲੇ ਨਾਲ ਲਿਖਿਆ ਕਿ ਅਜਿਹੀਆਂ ਘਟਨਾਵਾਂ ਦਰਸਾਉਂਦੀਆਂ ਹਨ ਕਿ ਹਕੂਮਤਾਂ ਅਸਹਿਮਤੀ ਜਰਨ ਲਈ ਤਿਆਰ ਨਹੀਂ।
ਇਕ ਦਹਾਕਾ ਪਹਿਲਾਂ ਫੌਜੀ ਹੁਕਮਰਾਨ ਪਰਵੇਜ਼ ਮੁਸ਼ੱਰਫ਼ ਨੇ ਖੁੱਲ੍ਹੇਆਮ ਇਕਬਾਲ ਕੀਤਾ ਸੀ ਕਿ ਉਸ ਨੇ ਏਜੰਸੀਆਂ ਨੂੰ ਬਾਗ਼ੀ ਤੇ ਬਦਮਾਸ਼ ਬੰਦੇ ਕਾਨੂੰਨੀ-ਗ਼ੈਰਕਾਨੂੰਨੀ ਢੰਗ ਨਾਲ ਚੁੱਕਣ ਤੇ ਪੱਕੇ ਤੌਰ ’ਤੇ ਦਫ਼ਾ ਕਰਨ ਦੀ ਖੁੱਲ੍ਹ ਦਿੱਤੀ ਹੋਈ ਸੀ, ਪਰ ਉਹ ਸਮਾਂ ਮੁੱਕਣ ਅਤੇ 2008 ਤੋਂ ਜਮਹੂਰੀਅਤ ਦੀ ਰਸਮੀ ਤੇ ਕਾਨੂੰਨੀ ਵਾਪਸੀ ਦੇ ਬਾਵਜੂਦ ਮੁਸ਼ੱਰਫ਼ੀ ਵਿਧੀ-ਵਿਧਾਨ ਪੂਰੇ ਜ਼ੋਰ-ਸ਼ੋਰ ਨਾਲ ਬਰਕਰਾਰ ਹੈ। ਕੋਈ ਮਹੀਨਾ ਸੁੱਕਾ ਨਹੀਂ ਜਾਂਦਾ ਜਦੋਂ ਅਸਹਿਮਤਾਂ ਦੇ ਆਗੂ ਨਾਜਾਇਜ਼ ਤੌਰ ’ਤੇ ਨਾ ਮਾਰੇ ਜਾਂਦੇ ਹੋਣ। ਬਲੋਚ ਜਾਂ ਪਖ਼ਤੂਨ ਕੌਮਪ੍ਰਸਤ ਤਾਂ ਉਚੇਚੇ ਤੌਰ ’ਤੇ ਏਜੰਸੀਆਂ ਦੇ ਨਿਸ਼ਾਨੇ ਉੱਤੇ ਹਨ। ‘ਬਲੋਚਿਸਤਾਨ ਟਾਈਮਜ਼’ ਦੇ ਸੰਪਾਦਕ ਸਾਜਿਦ ਹੁਸੈਨ ਦੀ ਸਵੀਡਨ ਵਿੱਚ ਹੱਤਿਆ ਅਤੇ ਅਲੀ ਵਜ਼ੀਰ ਦੇ ਮੌਸੇਰੇ ਭਰਾ ਆਰਿਫ਼ ਦਾ ਸਵਾਤ ਵਿੱਚ ਕਤਲ ਇਸ ਘਿਨਾਉਣੇ ਸਿਲਸਿਲੇ ਦੀਆਂ ਉਭਰਵੀਆਂ ਮਿਸਾਲਾਂ ਹਨ। ਇਮਰਾਨ ਖ਼ਾਨ ਜਦੋਂ ਵਿਰੋਧੀ ਧਿਰ ਵਿੱਚ ਸਨ ਤਾਂ ਅਜਿਹੇ ਹਰ ਮਾਮਲੇ ਦੀ ਅਦਾਲਤੀ ਪੜਤਾਲ ਦੀ ਮੰਗ ਕਰਦੇ ਸਨ। ਹੁਣ ਵਜ਼ੀਰ-ਏ-ਆਜ਼ਮ ਬਣਨ ਮਗਰੋਂ ਉਹ ਇਉਂ ਵਿਹਾਰ ਕਰਦੇ ਹਨ ਜਿਵੇਂ ਕੁਝ ਵੀ ਗ਼ੈਰ-ਕਾਨੂੰਨੀ ਨਹੀਂ ਵਾਪਰ ਰਿਹਾ। ਅਜਿਹਾ ਰੁਖ਼ ਜਿੱਥੇ ਮੁਲਕ ਵਿਚ ਨਸਲੀ ਪਾੜਾ ਵਧਾ ਰਿਹਾ ਹੈ, ਉਥੇ ਕੌਮਾਂਤਰੀ ਪੱਧਰ ਉੱਤੇ ਪਾਕਿਸਤਾਨ ਦੇ ਅਕਸ ਨੂੰ ਵੀ ਢਾਹ ਲਾ ਰਿਹਾ ਹੈ।
ਇਸੇ ਅਖ਼ਬਾਰ ਵਿਚ ਪ੍ਰਕਾਸ਼ਿਤ ਆਈਏ ਰਹਿਮਾਨ ਦੇ ਲੇਖ ਵਿੱਚ ‘ਜਬਰੀ ਗੁੰਮਸ਼ੁਦਗੀਆਂ ਬਾਰੇ ਕਮਿਸ਼ਨ’ ਦੀ ਮਾਹਾਨਾ ਰਿਪੋਰਟ ਦਾ ਹਵਾਲਾ ਦਿੱਤਾ ਗਿਆ ਹੈ ਅਤੇ ਲਿਖਿਆ ਗਿਆ ਹੈ ਕਿ ਕਮਿਸ਼ਨ ਨੂੰ ਨਵੰਬਰ ਮਹੀਨੇ ਦੌਰਾਨ ਅਜਿਹੀਆਂ ਗੁੰਮਸ਼ੁਦਗੀਆਂ ਦੀਆਂ 23 ਸ਼ਿਕਾਇਤਾਂ ਮਿਲੀਆਂ। ਕਮਿਸ਼ਨ ਦੀ ਸਥਾਪਨਾ ਤੋਂ ਲੈ ਕੇ ਹੁਣ ਤੱਕ ਉਸ ਕੋਲ ਅਜਿਹੀਆਂ 6854 ਸ਼ਿਕਾਇਤਾਂ ਆ ਚੁੱਕੀਆਂ ਹਨ। ਕਮਿਸ਼ਨ ਆਪ ਤਸਲੀਮ ਕਰਦਾ ਹੈ ਕਿ ਉਸ ਵੱਲੋਂ ਨਿਪਟਾਏ 4782 ਮਾਮਲਿਆਂ ਵਿਚੋਂ 30 ਫੀਸਦੀ ਮਾਮਲੇ ਸ਼ਿਕਾਇਤਾਂ ਵਾਪਸ ਲੈ ਲਏ ਜਾਣ ਕਾਰਨ ਰਫ਼ਾ-ਦਫ਼ਾ ਕੀਤੇ ਗਏ। ਲੇਖ ਅਨੁਸਾਰ ‘‘ਇਸ ਹਕੀਕਤ ਤੋਂ ਕਮਿਸ਼ਨ ਵੀ ਵਾਕਫ਼ ਹੈ ਕਿ ਸ਼ਿਕਾਇਤਾਂ ਵਾਪਸ ਲਈਆਂ ਨਹੀਂ ਜਾਂਦੀਆਂ, ਜਬਰੀ ਵਾਪਸ ਕਰਵਾਈਆਂ ਜਾਂਦੀਆਂ ਹਨ। ਚੁੱਕੇ ਬੰਦੇ ਘਰ ਪਰਤ ਆਉਣ ’ਤੇ ਪਰਿਵਾਰ ਵਾਲੇ ਸ਼ਿਕਾਇਤ ਵਾਪਸ ਲਏ ਜਾਣ ਵਿੱੱਚ ਭਲਾ ਸਮਝਦੇ ਹਨ। ਜੇਕਰ ਉਹ ਅਜਿਹਾ ਨਹੀਂ ਕਰਦੇ ਤਾਂ ਬੰਦਾ ਚੰਦ ਦਿਨਾਂ ਬਾਅਦ ਫਿਰ ਗਾਇਬ ਕਰ ਦਿੱਤਾ ਜਾਂਦਾ ਹੈ।’’ ਲੇਖ ਵਿੱੱਚ ਕਮਿਸ਼ਨ ਦੇ ਅਖ਼ਤਿਆਰ ਵਧਾਏ ਜਾਣ ਦਾ ਸੁਝਾਅ ਦਿੱਤਾ ਗਿਆ ਹੈ ਪਰ ਨਾਲ ਹੀ ਖ਼ਦਸ਼ਾ ਵੀ ਪ੍ਰਗਟਾਇਆ ਗਿਆ ਹੈ ਕਿ ਅਖ਼ਤਿਆਰ ਵਧਾਏ ਜਾਣ ਦੀ ਸੂਰਤ ਵਿੱਚ ‘‘ਗੁੰਮਸ਼ੁਦਾਵਾਂ’ ਦੀ ਘਰ ਵਾਪਸੀ ਨਾਮੁਮਕਿਨ ਹੋ ਜਾਵੇਗੀ। ਉਹ ਘਰ ਨਹੀਂ ਪਰਤਣਗੇ, ਬਿਲੇ ਲਾ ਦਿੱਤੇ ਜਾਣਗੇ।’’ ਇਸੇ ਪ੍ਰਸੰਗ ਵਿੱਚ ਮੁਜ਼ੱਫ਼ਰਾਬਾਦ (ਮਕਬੂਜ਼ਾ ਕਸ਼ਮੀਰ) ਦੇ ਅਮਾਰ ਅੱਬਾਸ ਦੇ ਹਸ਼ਰ ਦੀ ਮਿਸਾਲ ਵੀ ਇਸ ਮਜ਼ਮੂਨ ਵਿੱਚ ਸ਼ਾਮਲ ਹੈ।
ਗੂਗਲ ਨੂੰ ਨੋਟਿਸ
ਪਾਕਿਸਤਾਨ ਟੈਲੀਕਮਿਊਨੀਕੇਸ਼ਨ ਅਥਾਰਿਟੀ (ਪੀਟੀਏ) ਨੇ ਗੂਗਲ ਤੇ ਵਿਕੀਪੇਡੀਆ ਨੂੰ ਨੋਟਿਸ ਜਾਰੀ ਕਰਕੇ ਹਦਾਇਤ ਕੀਤੀ ਹੈ ਕਿ ਇਨ੍ਹਾਂ ਦੋਵਾਂ ਮੰਚਾਂ ਤੋਂ ‘‘ਕਾਫ਼ਿਰਨਾ ਤੇ ਬੇਅਦਬੀ ਵਾਲੀ ਸਮੱਗਰੀ ਫ਼ੌਰੀ ਤੌਰ ’ਤੇ ਹਟਾਈ ਜਾਵੇ।’’ ਇਨ੍ਹਾਂ ਨੋਟਿਸਾਂ ਵਿੱੱਚ ਅਥਾਰਿਟੀ ਨੇ ਕਿਹਾ ਹੈ ਕਿ ਉਸ ਨੂੰ ਗੂਗਲ ਪਲੇਅਸਟੋਰ ’ਤੇ ਇਸਲਾਮ-ਵਿਰੋਧੀ ਸਮੱਗਰੀ ਲਗਾਤਾਰ ਅਪਲੋਡ ਕੀਤੇ ਜਾਣ ਦੀਆਂ ਸ਼ਿਕਾਇਤਾਂ ਮਿਲੀਆਂ ਹਨ। ਸ਼ਿਕਾਇਤਾਂ ਅਨੁਸਾਰ ਅਹਿਮਦੀ ਭਾਈਚਾਰੇ ਵੱਲੋਂ ਕੁਰਾਨ ਸ਼ਰੀਫ਼ ਦਾ ਗ਼ਲਤ ਰੂਪ ਕਈ ਸੋਸ਼ਲ ਮੀਡੀਆ ਮੰਚਾਂ ਉੱਤੇ ਅਪਲੋਡ ਕੀਤਾ ਗਿਆ ਹੈ। ਇਸੇ ਤਰ੍ਹਾਂ ਇਨ੍ਹਾਂ ਮੰਚਾਂ ਨੂੰ ‘‘ਇਸਲਾਮ ਦੇ ਮੌਜੂਦਾ ਖ਼ਲੀਫਾ’’ ਵਰਗਾ ਕੁਪ੍ਰਚਾਰ ਕਰਨ ਲਈ ਵੀ ਵਰਤਿਆ ਜਾ ਰਿਹਾ ਹੈ। ਅਖ਼ਬਾਰ ‘‘ਐਕਸਪ੍ਰੈੱਸ ਟ੍ਰਿਬਿਊਨ’’ ਮੁਤਾਬਿਕ ਗੂਗਲ ਇਨਕਾਰਪੋਰੇਟਿਡ ਦੇ ਪਾਕਿਸਤਾਨੀ ਦਫ਼ਤਰ ਨੇ ਪੀਟੀਏ ਦੇ ਨੋਟਿਸ ਬਾਰੇ ਫ਼ਿਲਹਾਲ ਖਾਮੋਸ਼ੀ ਧਾਰਨ ਕੀਤੀ ਹੋਈ ਹੈ। ਵਿਕੀਮੇਡੀਆ ਦੇ ਪਾਕਿਸਤਾਨੀ ਦਫ਼ਤਰ ਨੇ ਸਪਸ਼ਟ ਕੀਤਾ ਹੈ ਕਿ ਨੋਟਿਸ ਅੰਦਰ ਦਰਜ ਇਤਰਾਜ਼ਾਂ ਨੂੰ ਦੂਰ ਕਰਨ ਬਾਰੇ ‘‘ਵਿਚਾਰ ਵਾਰਤਾ ਅਜੇ ਜਾਰੀ ਹੈ। ਕੋਈ ਨਿਰਣਾ ਹੋਣ ’ਤੇ ਇਸ ਬਾਰੇ ਮੀਡੀਆ ਨੂੰ ਸੂਚਿਤ ਕਰ ਦਿੱਤਾ ਜਾਵੇਗਾ।’’ ਦੂਜੇ ਪਾਸੇ ਪੀਟੀਏ ਨੇ ਧਮਕੀ ਦਿੱਤੀ ਹੈ ਕਿ ਜੇਕਰ ਸੱਤ ਦਿਨਾਂ ਦੇ ਅੰਦਰ-ਅੰਦਰ ਉਸ ਨੂੰ ਤਸੱਲੀਬਖ਼ਸ਼ ਜਵਾਬ ਨਾ ਮਿਲਿਆ ਤਾਂ ਇਲੈਕਟ੍ਰਾਨਿਕ ਅਪਰਾਧ-ਵਿਰੋਧੀ ਕਾਨੂੰਨ 2016 ਅਧੀਨ ਫੌ਼ਜਦਾਰੀ ਕਾਰਵਾਈ ਵੀ ਕੀਤੀ ਜਾਵੇਗੀ ਤੇ ਦੀਵਾਨੀ ਕਾਰਵਾਈ ਵੀ।
ਬਿਜਲੀ ਤੇ ਬਦਲਾਖ਼ੋਰੀ
ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀਐੱਮਐੱਲ-ਐੱਨ) ਦੇ ਕੌਮੀ ਅਸੈਂਬਲੀ ਮੈਂਬਰ ਜਾਵੇਦ ਹਾਸ਼ਮੀ ਨੂੰ ਪਾਲਾ ਬਦਲਣ ਤੇ ਨਵਾਜ਼ ਸ਼ਰੀਫ਼ ਦਾ ਸਾਥ ਛੱਡਣ ਲਈ ਮਜਬੂਰ ਕਰਨ ਵਾਸਤੇ ਜਿਥੇ ਉਸ ਦੇ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਅਧੀਨ ਫੌਜਦਾਰੀ ਕੇਸ ਦਾਇਰ ਕੀਤੇ ਗਏ ਹਨ, ਉੱਥੇ ਹਾਸ਼ਮੀ ਪਰਿਵਾਰ ਦੇ ਘਰਾਂ ਦੇ ਪੰਜ ਬਿਜਲੀ ਕੁਨੈਕਸ਼ਨ ਵੀ ਕੱਟ ਦਿੱਤੇ ਗਏ ਹਨ। ਹਾਸ਼ਮੀ ਮੁਲਤਾਨ ਰਹਿੰਦਾ ਹੈ ਅਤੇ ਕੁਨੈਕਸ਼ਨ ਕੱਟਣ ਦਾ ਕੰਮ ਮੁਲਤਾਨ ਇਲੈਕਟ੍ਰਿਕ ਪਾਵਰ ਕੰਪਨੀ (ਐਕੋ) ਨੇ ਕੀਤਾ ਹੈ। ਕੱਟੇ ਗਏ ਕੁਨੈਕਸ਼ਨਾਂ ਵਿਚੋਂ ਦੋ ਜਾਵੇਦ ਹਾਸ਼ਮੀ ਦੇ ਜੱਦੀ ਘਰ ਦੇ ਹਨ। ਇਕ ਉਸ ਦੇ ਦਾਮਾਦ ਜ਼ਾਹਿਰ ਬਹਾਰ ਹਾਸ਼ਮੀ, ਇਕ ਜ਼ਾਹਿਰ ਦੇ ਵੱਡੇ ਭਰਾ ਸ਼ਾਹਿਦ ਬਹਾਰ ਅਤੇ ਤੀਜਾ ਉਨ੍ਹਾਂ ਦੀ ਭੈਣ ਫਰਖ਼ੰਦਾ ਬੀਬੀ ਦੇ ਨਾਮ ’ਤੇ ਹੈ। ਇਨ੍ਹਾਂ ਸਭਨਾਂ ਉੱਤੇ ਬਿਜਲੀ ਬਿਲਾਂ ਦੇ ਬਕਾਏ ਨਾ ਤਾਰਨ ਦਾ ਦੋਸ਼ ਹੈ। ਹਰ ਕੁਨੈਕਸ਼ਨ ਦੇ ਬਕਾਏ 14 ਹਜ਼ਾਰ ਰੁਪਏ ਤੋਂ ਘੱਟ ਹਨ। ਦੂਜੇ ਪਾਸੇ ਜਾਵੇਦ ਹਾਸ਼ਮੀ ਨੇ ਇਸ ਮੈਪਕੋ ਦੀ ਕਾਰਵਾਈ ਨੂੰ ਰਾਜਸੀ ਬਦਲਾਖੋਰੀ ਦੱਸਿਆ ਹੈ। ਉਸ ਦਾ ਕਹਿਣਾ ਹੈ ਕਿ ਬਿਜਲੀ ਬਿਲ ਜਾਰੀ ਕਰਨ ਦੀ ਤਾਰੀਖ਼ ਤੋਂ ਪੰਦਰਾਂ ਦਿਨਾਂ ਦੇ ਅੰਦਰ ਕੁਨੈਕਸ਼ਨ ਕੱਟਣਾ ਦਰਸਾਉਂਦਾ ਹੈ ਕਿ ਹੁਕਮਰਾਨ ਧਿਰ ਉਸ ਨੂੰ ਦਬਕਾੳਣ ਲਈ ਕਿੰਨਾ ਨੀਵਾਂ ਜਾ ਸਕਦੀ ਹੈ।
ਇਜ਼ਰਾਈਲ, ਨਵਾਜ਼ ਤੇ ਮਿਹਣੇ
ਪਾਕਿਸਤਾਨੀ ਮੁਸਲਿਮ ਲੀਗ (ਨਵਾਜ਼) ਦੀ ਮੀਡੀਆ ਸਕੱਤਰ ਮਰੀਅਮ ਔਰੰਗਜ਼ੇਬ ਨੇ ਹੁਕਮਰਾਨ ਪਾਕਿਸਤਾਨ ਤਹਿਰੀਕ-ਇ-ਇਨਸਾਫ਼ (ਪੀਟੀਆਈ) ਵੱਲੋਂ ਲਾਏ ਇਹ ਦੋਸ਼ ਰੱਦ ਕੀਤੇ ਹਨ ਕਿ ਸਾਬਾਕਾ ਵਜ਼ੀਰੇ ਆਜ਼ਮ ਨਵਾਜ਼ ਸ਼ਰੀਫ਼ ਨੇ ਆਪਣੇ ਕਾਰਜਕਾਲ ਦੌਰਾਨ ਇਜ਼ਰਾਈਲ ਨਾਲ ਸਫ਼ਾਰਤੀ ਤਾਲੁਕਾਤ ਪੈਦਾ ਭਰਨ ਲਈ ਅਧਿਕਾਰੀਆਂ ਇਕ ਵਫ਼ਦ ਇਜ਼ਰਾਇਲੀ ਰਾਜਧਾਨੀ ਤਲ ਅਵੀਵ ਭੇਜਿਆ ਸੀ। ਉਰਦੂ ਰੋਜ਼ਾਨਾ ‘ਦੁਨੀਆ’ ਦੀ ਰਿਪੋਰਟ ਮੁਤਾਬਿਕ ਮਰੀਅਮ ਔਰੰਗਜ਼ੇਬ ਨੇ ਮੌਜੂਦਾ ਗ੍ਰਹਿ ਮੰਤਰੀ ਸ਼ੇਖ ਰਸ਼ੀਦ ਦੇ ਇਸ ਦਾਅਵੇ ਨੂੰ ਬੇਬੁਨਿਆਦ ਦੱਸਿਆ ਕਿ ਨਵਾਜ਼ ਸ਼ਰੀਫ਼, ਇਜ਼ਰਾਈਲ ਨਾਲ ਨੇੜਤਾ ਚਾਹੁੰਦਾ ਸੀ। ਸ਼ੇਖ ਰਸ਼ੀਦ ਨੂੰ ‘‘ਇਕ ਨੰਬਰ ਦਾ ਝੂਠਾ’’ ਦੱਸਦਿਆਂ ਮਰੀਅਮ ਔਰੰਗਜ਼ੇਬ ਨੇ ਇਹ ਵੀ ਕਿਹਾ ਕਿ ‘‘ਉਸ ਦੇ ਮੂੰਹ ਵਿਚ ਕੀੜੇ ਪੈਣਗੇ।… ਨਿਸ਼ਾਨੀਆਂ ਹੁਣ ਤੋਂ ਨਜ਼ਰ ਆਉਣ ਲੱਗੀਆਂ ਹਨ।’’ ਜ਼ਿਕਰਯੋਗ ਹੈ ਕਿ ਜਦੋਂ ਤੋਂ ਸੰਯੁਕਤ ਅਰਬ ਅਮੀਰਾਤ (ਯੂਏਈ), ਬਹਿਰੀਨ ਤੇ ਮੌਰੱਕੋ ਨੇ ਇਜ਼ਰਾਈਲ ਨਾਲ ਸਫ਼ਾਰਤੀ ਰਿਸ਼ਤਾ ਕਾਇਮ ਕੀਤਾ ਹੈ, ਪਾਕਿਸਤਾਨੀ ਅੰਦਰ ਵੀ ਇਜ਼ਰਾਈਲ ਬਾਰੇ ‘ਅਮਲੀ ਤੇ ਅਸਲਵਾਦੀ ਪਹੁੰਚ’ ਅਪਣਾਏ ਜਾਣ ਦੀ ਮੰਗ ਉੱਠਣ ਲੱਗੀ ਹੈ। ਕੱਟੜਪੰਥੀ ਹਲਕੇ ਇਸ ਮੰਗ ਦਾ ਤਿੱਖਾ ਵਿਰੋਧ ਕਰ ਰਹੇ ਹਨ। ਸ਼ੇਖ ਰਸ਼ੀਦ ਅਜਿਹੇ ਹਲਕਿਆਂ ਦੇ ਹਮਾਇਤੀ ਵਜੋਂ ਜਾਣੇ ਜਾਂਦੇ ਹਨ। ਇਨ੍ਹਾਂ ਹਲਕਿਆਂ ਕੋਲ ਨੰਬਰ ਬਣਾਉਣ ਲਈ ਉਨ੍ਹਾਂ ਨੇ ਨਵਾਜ਼ ਸ਼ਰੀਫ਼ ਨੂੰ ਨਿਸ਼ਾਨਾ ਬਣਾਇਆ ਹਾਲਾਂਕਿ ਅਸਲੀਅਤ ਇਹ ਵੀ ਹੈ ਕਿ ਨਵਾਜ਼ ਸ਼ਰੀਫ਼ ਤੋਂ ਪਹਿਲਾਂ ਪਰਵੇਜ਼ ਮੁਸ਼ਰੱਫ਼ ਅਤੇ ਹੁਣ ਇਮਰਾਨ ਖ਼ਾਨ ਦੀ ਸਰਕਾਰ ਨੇ ਵੀ ਇਜ਼ਰਾਈਲ ਨਾਲ ਗ਼ੈਰ-ਰਸਮੀ ਸਬੰਧ ਬਣਾਏ ਹੋਏ ਹਨ ਜਿਨ੍ਹਾਂ ਦਾ ਮਕਸਦ ਅਰਬ ਮੁਲਕਾਂ ਵਿਚ ਪਾਕਿਸਤਾਨੀ ਅਸਾਸਿਆਂ ਦੀ ਇਜ਼ਰਾਈਲੀ ਹਮਲਿਆਂ ਤੋਂ ਹਿਫ਼ਾਜ਼ਤ ਕਰਨਾ ਹੈ।
ਪੰਜਾਬੀ ਟ੍ਰਿਬਿਊਨ ਫੀਚਰ