ਕੁਲਦੀਪ ਸਿੰਘ ਦੀਪ (ਡਾ.)
ਰਾਬਿੰਦਰਨਾਥ ਟੈਗੋਰ ਦੀ ਕਹਾਣੀ ‘ਕਾਬੁਲੀਵਾਲਾ’ ਦਾ ਮੁੱਖ ਪਾਤਰ ਅਫ਼ਗ਼ਾਨ ਨਾਗਰਿਕ ਹੈ। ਸਾਡੇ ਮੁਲਕ ਵਿੱਚ ਬਹੁਤ ਸਾਰੇ ਲੋਕ ਉਸ ਦੇ ਕਿਰਦਾਰ ਦੇ ਸ਼ੀਸ਼ੇ ਰਾਹੀਂ ਅਫ਼ਗ਼ਾਨ ਲੋਕਾਂ ਨੂੰ ਦੇਖਣ ਸਮਝਣ ਦੀ ਕੋਸ਼ਿਸ਼ ਕਰਦੇ ਰਹੇ ਹਨ। ਪਰ ਅੱਜ ਤਾਲਿਬਾਨ ਦੇ ਕਬਜ਼ੇ ਹੇਠਲਾ ਅਫ਼ਗ਼ਾਨਿਸਤਾਨ ਅਸਲੋਂ ਵੱਖਰੀ ਤਸਵੀਰ ਪੇਸ਼ ਕਰਦਾ ਹੈ। ਅਜਿਹੇ ਸਮਿਆਂ ਵਿੱਚ ਉੱਥੋਂ ਦੀ ਆਵਾਮ ਦੀ ਹਾਲਤ ਦਾ ਬਿਰਤਾਂਤ ਪੇਸ਼ ਹੈ।
ਇਹ ਸੰਵਾਦ ਬੋਲਣ ਵਾਲੀ ਰਾਬਿੰਦਰਨਾਥ ਟੈਗੋਰ ਦੀ ਕਹਾਣੀ ‘ਕਾਬੁਲੀਵਾਲਾ’ ਦੀ ਮਾਸੂਮ ਪਾਤਰ ਮਿੰਨੀ ਬਹੁਤ ਉਦਾਸ ਹੈ ਤੇ ਕਾਬੁਲੀਵਾਲੇ ਦੇ ਝੋਲੇ ਵਿੱਚ ਹੁਣ ਬਦਾਮ ਅਤੇ ਕਿਸ਼ਮਿਸ਼ਾਂ ਨਹੀਂ ਹਨ ਸਗੋਂ ਪੀੜ, ਉਦਾਸੀ, ਹਉਕੇ, ਸਿਸਕੀਆਂ ਅਤੇ ਤਰਲੇ ਹਨ। ਉਸ ਦਾ ਵਤਨ ਇੱਕ ਵਾਰ ਫਿਰ ਉਜਾੜੇ ਦੀ ਨਵੀਂ ਦਾਸਤਾਨ ਲਿਖ ਰਿਹਾ ਹੈ। ਵੀਹਵੀਂ ਸਦੀ ਦੇ ਆਖ਼ਰੀ ਦਹਾਕੇ ਤੋਂ ਚੱਲਿਆ ਅਣਹੋਣੀਆਂ ਦਾ ਸਿਲਸਿਲਾ ਦਹਿਸ਼ਤ ਦੇ ਨਵੇਂ ਰੂਪ ਵਿੱਚ ਸਾਹਮਣੇ ਹੈ। ਜਦੋਂ ਟੈਗੋਰ ਨੇ ਇਹ ਕਹਾਣੀ ਲਿਖੀ ਸੀ, ਉਸ ਵੇਲੇ ਵੀ ਪਾਤਰ ਰਹਿਮਤ ਕਾਬੁਲੀਵਾਲਾ ਭੁੱਖ ਨਾਲ ਵਿਲਕਦਾ ਰੋਜ਼ੀ-ਰੋਟੀ ਦੀ ਤਲਾਸ਼ ਵਿੱਚ ਭਾਰਤ ਆਇਆ ਸੀ ਤੇ ਇੱਕ ਨੰਨ੍ਹੀ ਪਰੀ ਮਿੰਨੀ ਨੂੰ ਮੇਵੇ ਤੇ ਕਿਸ਼ਮਿਸ਼ ਦੇ ਕੇ ਉਸ ਵਿੱਚੋਂ ਆਪਣੀ ਧੀ ਦਾ ਅਕਸ ਤਲਾਸ਼ਦਾ ਸੀ। ਅੱਜ ਇਸ ਕਹਾਣੀ ਤੋਂ ਕਈ ਦਹਾਕੇ ਬਾਅਦ ਕਾਬੁਲੀਵਾਲੇ ਦਾ ਮੁਲਕ ਮੁਫ਼ਲਿਸੀ ਅਤੇ ਜਹਾਲਤ ਦੇ ਸਿਖਰ ’ਤੇ ਪਹੁੰਚ ਗਿਆ ਹੈ। ਇੱਥੋਂ ਦੀ ਆਬਾਦੀ ਲਗਭਗ ਤਿੰਨ ਕਰੋੜ ਹੈ। ਜਦੋਂ ਬਚਪਨ ਵਿੱਚ ਇਹ ਕਹਾਣੀ ਪੜ੍ਹਦੇ ਤਾਂ ਹੈਰਾਨ ਹੁੰਦੇ ਸਾਂ ਕਿ ਸਿਰਫ਼ ਚਾਦਰ ਖਰੀਦ ਕੇ ਪੈਸੇ ਨਾ ਦੇਣ ਕਰਕੇ ਕਾਬੁਲੀਵਾਲੇ ਨੇ ਕਿਸੇ ਬੰਦੇ ਨੂੰ ਛੁਰਾ ਕਿਉਂ ਮਾਰ ਦਿੱਤਾ ਸੀ…। ਦਰਅਸਲ, ਪਿਛਲੀ ਅੱਧੀ ਸਦੀ ਵਿੱਚ ਇਸ ਮੁਲਕ ਦੇ ਲੋਕਾਂ ਨੂੰ ਆਲੂ-ਗੰਢੇ ਭਾਵੇਂ ਨਾ ਮਿਲੇ ਹੋਣ, ਪਰ ਛੁਰੇ, ਬੰਬ, ਬੰਦੂਕਾਂ ਤੇ ਪਿਸਤੌਲ ਖਿਡੌਣਿਆਂ ਵਾਂਗ ਇਨ੍ਹਾਂ ਦੇ ਘਰਾਂ ਵਿੱਚ ਆਮ ਮਿਲ ਜਾਂਦੇ ਹਨ। ਹਥਿਆਰ ਚੁੱਕਣਾ, ਲੜਨਾ, ਮਰਨਾ ਜਾਂ ਮਾਰਨਾ ਇਨ੍ਹਾਂ ਦੀ ਹੋਣੀ ਬਣ ਚੁੱਕਿਆ ਹੈ। ਹੁਣ ਅਫ਼ਗ਼ਾਨਿਸਤਾਨ ਦੀ ਆਵਾਮ ਇਸ ਖ਼ਤਰਨਾਕ ਮੋੜ ’ਤੇ ਪਹੁੰਚ ਚੁੱਕੀ ਹੈ ਜਿੱਥੇ ਇਹੀ ਪਤਾ ਨਹੀਂ ਲੱਗ ਰਿਹਾ ਕਿ ਅਜਿਹੇ ਬਦਤਰ ਹਾਲਾਤ ਵਿੱਚ ਕੌਣ ਨਾਇਕ ਹੈ ਅਤੇ ਕੌਣ ਖਲਨਾਇਕ।
ਕਈ ਵਾਰ ਸਥਿਤੀ ਏਨੀ ਦੁਚਿੱਤੀ ਅਤੇ ਗੁੰਝਲ ਭਰਪੂਰ ਹੁੰਦੀ ਹੈ ਕਿ ਸਭ ਕੁਝ ਦਿਸਦਿਆਂ ਵੀ ਕੁਝ ਸਪਸ਼ਟ ਨਹੀਂ ਹੁੰਦਾ। ਅਫ਼ਗ਼ਾਨਿਸਤਾਨ ਦੀ ਆਵਾਮ ਵੀ ਅੱਜਕੱਲ੍ਹ ਅਜਿਹੀ ਹੋਣੀ ਹੰਢਾ ਰਹੀ ਹੈ। ਉਸ ਨੂੰ ਸਮਝ ਨਹੀਂ ਆ ਰਿਹਾ ਕਿ 1973 ਵਿੱਚ ਮੁਹੰਮਦ ਜ਼ਹੀਰ ਸ਼ਾਹ ਦਾ ਤਖ਼ਤ ਪਲਟਣ ਵਾਲੇ ਅਫ਼ਗ਼ਾਨਿਸਤਾਨ ਦੀ ਹੋਣੀ ਤਖ਼ਤਾ ਪਲਟਣਾ ਹੀ ਕਿਉਂ ਬਣ ਗਈ? ਇਹ ਗੱਲ ਵੀ ਇਨ੍ਹਾਂ ਦੀ ਸਮਝ ਤੋਂ ਪਰ੍ਹੇ ਜਾਪਦੀ ਹੈ ਕਿ ਅੱਠਵੇਂ ਦਹਾਕੇ (1979) ਵਿੱਚ ਕਾਬਜ਼ ਸੋਵੀਅਤ ਰੂਸ ਨੇ ਉਸ ਦੀ ਰਾਖੀ ਕਰਨ ਦੀ ਸ਼ੁਰੂਆਤ ਕੀਤੀ ਸੀ ਜਾਂ ਅਜਿਹੇ ਦੋਜ਼ਖ ਦੀ ਜੋ ਸ਼ੁਰੂ ਤਾਂ ਭਾਵੇਂ ਸੋਵੀਅਤ ਰੂਸ ਤੋਂ ਹੋਇਆ ਸੀ, ਪਰ ਮੁੱਕਿਆ ਅਜੇ ਤੱਕ ਵੀ ਨਹੀਂ। ਇਹ ਗੱਲ ਵੀ ਉਨ੍ਹਾਂ ਦੀ ਸਮਝ ਤੋਂ ਬਾਹਰ ਹੀ ਰਹੀ ਕਿ ਸੋਵੀਅਤ ਰੂਸ ਨੂੰ ਖਦੇੜਨ ਵਾਲੇ ਅਮਰੀਕਾ, ਸਾਊਦੀ ਅਰਬ, ਕਤਰ ਅਤੇ ਪਾਕਿਸਤਾਨ ਵਰਗੇ ਮੁਲਕ ਉਸ ਦੇ ਹਾਮੀ ਸਨ ਜਾਂ ਇਹ ਖੂਹ ’ਚੋਂ ਨਿਕਲ ਕੇ ਖਾਈ ਵਿੱਚ ਡਿੱਗਣ ਵਰਗੀ ਸਥਿਤੀ ਸੀ? ਕੀ ਉਸ ਵੇਲੇ ਵੱਖ ਵੱਖ ਮੁਜਾਹਿਦੀਨ ਗਰੁੱਪਾਂ ਦੇ ਹਮਾਇਤੀ ਅਮਰੀਕਾ ਅਤੇ ਇਸ ਦੇ ਸਹਿਯੋਗੀ ਮੁਲਕਾਂ ਨੇ ਸੋਵੀਅਤ ਸੰਘ ਨੂੰ ਖਦੇੜਿਆ ਸੀ ਜਾਂ ਆਪਣੇ ਦਾਖ਼ਲੇ ਲਈ ਰਾਹ ਪੱਧਰਾ ਕੀਤਾ ਸੀ? ਇਹ ਮੁਜਾਹਿਦੀਨ 1992 ਤੋਂ 1996 ਦਰਮਿਆਨ ਇਕ ਦੂਜੇ ਖ਼ਿਲਾਫ਼ ਹਿੰਸਾ ਕਰਦੇ ਰਹੇ ਤੇ ਮੁਲਕ ਨੂੰ ਬਲਦੀ ਦੇ ਬੁੱਥੇ ਦਿੰਦੇ ਰਹੇ। ਇਸੇ ਸਮੇਂ ਦੌਰਾਨ ਹੀ ਤਾਲਿਬਾਨ ਉੱਭਰੇ।
ਕਾਬੁਲੀਵਾਲੇ ਇਹ ਵੀ ਸਮਝਣ ਦੀ ਕੋਸ਼ਿਸ਼ ਕਰ ਰਹੇ ਜਾਪਦੇ ਹਨ ਕਿ 1996 ਤੋਂ 2001 ਦੀ ਤਾਲਿਬਾਨ ਦੀ ਪਹਿਲੀ ਪਾਰੀ ਦੌਰਾਨ ਬਣੀ ਸਰਕਾਰ ਨੂੰ ਉਹ ‘ਆਪਣੀ’ ਸਰਕਾਰ ਕਹਿ ਕੇ ਸੋਹਲੇ ਗਾਉਣ ਜਾਂ ਆਪਣੀ ਕਿਸਮਤ ਨੂੰ ਝੂਰਨ?
ਇਹ ਗੱਲ ਵੀ ਉਨ੍ਹਾਂ ਲਈ ਪਹੇਲੀ ਹੀ ਹੈ ਕਿ ਓਸਾਮਾ ਤੇ ਓਬਾਮਾ ਵਿੱਚੋਂ ਉਨ੍ਹਾਂ ਦਾ ਕੌਣ ਸੀ। ਦਰਅਸਲ, ਅਮਰੀਕਾ ਨੇ ਓਸਾਮਾ ਦੇ ਬਹਾਨੇ ਹੀ ਪਹਿਲੀ ਵਾਰ ਸਿੱਧੇ ਤੌਰ ’ਤੇ ਅਫ਼ਗ਼ਾਨਿਸਤਾਨ ਵਿੱਚ ਦਖ਼ਲ ਦਿੱਤਾ ਸੀ। ਪਹਿਲਾਂ ਸੋਵੀਅਤ ਰੂਸ ਖ਼ਿਲਾਫ਼ ਤਾਲਿਬਾਨ ਨੂੰ ਹੱਲਾਸ਼ੇਰੀ ਤੇ ਹਥਿਆਰ ਦਿੱਤੇ ਸਨ, ਬਾਅਦ ਵਿੱਚ ਤਾਲਿਬਾਨ ’ਤੇ ਹਮਲਾ ਕਰ ਕੇ ਰਾਜਭਾਗ ਆਪਣੇ ਹੱਥਾਂ ਵਿੱਚ ਲੈ ਲਿਆ ਸੀ। ਇਹ ਵੀ ਆਮ ਅਫ਼ਗ਼ਾਨਾਂ ਲਈ ਰਹੱਸ ਹੀ ਹੈ ਕਿ ਅਮਰੀਕਾ ਦੀ ਸਰਪ੍ਰਸਤੀ ਵਿੱਚ ਬੁਰਹਾਨੂਦੀਨ ਰੱਬਾਨੀ ਤੋਂ ਅਸ਼ਰਫ਼ ਗਨੀ ਤੱਕ ਦੀਆਂ ‘ਘਰੇਲੂ ਸਰਕਾਰਾਂ’ ਦਾ ਮਹਿਲ ਅਮਰੀਕਾ ਦੇ ਅਫ਼ਗ਼ਾਨਿਸਤਾਨ ਵਿੱਚੋਂ ਬਾਹਰ ਨਿਕਲਣ ਤੋਂ ਬਾਅਦ ਇੱਕ ਹਫ਼ਤੇ ਵਿੱਚ ਹੀ ਤਾਸ਼ ਦੇ ਪੱਤਿਆਂ ਵਾਂਗ ਖਿੱਲਰ ਕਿਉਂ ਗਿਆ?
ਅਮਰੀਕਾ ਦੀ ਸਰਪ੍ਰਸਤੀ ਵਾਲੇ ਇਨ੍ਹਾਂ ਵੀਹ ਸਾਲਾਂ ਵਿੱਚ ਸਰਕਾਰੀ ਅੰਕੜਿਆਂ ਮੁਤਾਬਿਕ ਤਕਰੀਬਨ ਤਿੰਨ ਹਜ਼ਾਰ ਅਮਰੀਕੀ ਫ਼ੌਜੀ, ਸੱਠ ਤੋਂ ਸੱਤਰ ਹਜ਼ਾਰ ਅਫ਼ਗ਼ਾਨ ਫ਼ੌਜੀ ਅਤੇ ਤਕਰੀਬਨ ਸਵਾ ਲੱਖ ਅਫ਼ਗ਼ਾਨੀ ਲੋਕ ਮਾਰੇ ਗਏ; ਅਮਰੀਕਾ ਤੇ ਇਸ ਦੀਆਂ ਏਜੰਸੀਆਂ ਦੇ 61 ਲੱਖ ਕਰੋੜ ਰੁਪਏ ਖ਼ਰਚ ਹੋਏ… ਪਰ ਪੱਲੇ ਕੀ ਪਿਆ? ਦੰਗੇ, ਫਸਾਦ, ਹਮਲੇ, ਦਹਿਸ਼ਤ ਅਤੇ ਉਜਾੜਾ। ਇਹ ਗੱਲ ਕਿਸੇ ਨੂੰ ਵੀ ਹਜ਼ਮ ਕਰਨੀ ਔਖੀ ਹੈ ਕਿ ਵੀਹ ਸਾਲ ਅਫ਼ਗ਼ਾਨ ਫ਼ੌਜ ਨੂੰ ਸਿਖਲਾਈ ਦੇਣ ਦਾ ਦਾਅਵਾ ਕਰਨ ਵਾਲੇ ਅਮਰੀਕਾ ਦੇ ਜਾਣ ਤੋਂ ਇੱਕ ਹਫ਼ਤੇ ਦੇ ਅੰਦਰ ਹੀ ਸਾਰੀ ਸਿਖਲਾਈ ਕਿਵੇਂ ਧਰੀ ਧਰਾਈ ਰਹਿ ਗਈ। ਕਈ ਸੂਬਿਆਂ ਵਿੱਚ ਫ਼ੌਜੀ ਬਿਨਾ ਲੜੇ ਹੀ ਆਤਮ-ਸਮਰਪਣ ਕਰ ਗਏ। ਹਾਲਾਂਕਿ ਅਫ਼ਗ਼ਾਨ ਫ਼ੌਜ ਦੀ ਗਿਣਤੀ ਸਾਢੇ ਤਿੰਨ ਲੱਖ ਅਤੇ ਤਾਲਿਬਾਨ ਦੀ ਗਿਣਤੀ ਲਗਭਗ ਸੱਤਰ ਹਜ਼ਾਰ ਸੀ; ਅਫ਼ਗ਼ਾਨ ਫ਼ੌਜ ਕੋਲ 167 ਲੜਾਕੂ ਜਹਾਜ਼ ਸਨ ਜਦੋਂਕਿ ਤਾਲਿਬਾਨ ਕੋਲ ਇੱਕ ਵੀ ਨਹੀਂ ਸੀ; ਅਫ਼ਗ਼ਾਨ ਫ਼ੌਜ ਦਾ ਬਜਟ 5.5 ਬਿਲੀਅਨ ਸੀ ਜਦੋਂਕਿ ਤਾਲਿਬਾਨ ਦਾ 1.5 ਬਿਲੀਅਨ। ਸਵਾਲ ਇਹ ਬਣਦਾ ਹੈ ਕਿ ਇਹ ਵੀਹ ਸਾਲ ਕੋਈ ਹਕੀਕਤ ਸਨ ਜਾਂ ਛਲਾਵਾ ਜਾਂ ਅਫ਼ਗ਼ਾਨ ਲੋਕਾਂ ਨਾਲ ਹੁਣ ਕੋਈ ਹੋਰ ਨਵੀਂ ‘ਖੇਡ’ ਖੇਡੀ ਜਾ ਰਹੀ ਹੈ।
ਇਸ ਸਵਾਲ ਦੀ ਮੂਕ ਇਬਾਰਤ ਹਰ ਅਫ਼ਗ਼ਾਨ ਦੇ ਚਿਹਰੇ ਤੋਂ ਪੜ੍ਹੀ ਜਾ ਸਕਦੀ ਹੈ ਕਿ ਇਨ੍ਹਾਂ ਦਿਨਾਂ ਵਿੱਚ ਇਸ ਮੁਲਕ ਵਿੱਚ ਵਾਪਰਨ ਵਾਲੇ ਸਾਰੇ ਘਟਨਾਕ੍ਰਮ ਦਾ ਵੱਡਾ ਦੋਸ਼ੀ ਕੌਣ ਹੈ? ਕੀ ਇਹ ਤਾਲਿਬਾਨ ਹੈ ਜਿਸ ਨੇ ਦੋਹਾ ਸਮਝੌਤੇ ਦੀ ਉਲੰਘਣਾ ਕਰਕੇ ਰਾਤੋ ਰਾਤ ਦੇਸ਼ ’ਤੇ ਕਬਜ਼ਾ ਕੀਤਾ? ਕੀ ਇਹ ਅਸ਼ਰਫ ਗਨੀ ਹੈ ਜਿਹੜਾ ਆਪਣੇ ਤਿੰਨ ਕਰੋੜ ਲੋਕਾਂ ਨੂੰ ਅਧਵਾਟੇ ਛੱਡ ਕੇ ਮੁਲਕ ’ਚੋਂ ਭੱਜ ਗਿਆ? ਕੀ ਇਹ ਅਮਰੀਕਾ ਹੈ ਜਿਹੜਾ ਪਹਿਲਾਂ ਵੀਅਤਨਾਮ ਅਤੇ ਕਿਊਬਾ ਵਿੱਚ ਬਦਨਾਮੀ ਖੱਟਣ ਮਗਰੋਂ ਭੱਜਿਆ ਸੀ ਤੇ ਹੁਣ ਇੱਥੋਂ ਵੀ ਭੱਜ ਗਿਆ? ਕੀ ਅਫ਼ਗ਼ਾਨਿਸਤਾਨ ਦੀ ਫ਼ੌਜ ਕਮਜ਼ੋਰ ਹੈ? ਜਾਂ ਫਿਰ ਆਵਾਮ ਆਪ ਹੀ ਕਿਧਰੇ ਦੋਸ਼ੀ ਹੈ ਜੋ ਅਜੇ ਤੱਕ ਨਾ ਤਾਂ ਵਾਰ ਵਾਰ ਆਉਣ ਵਾਲੇ ਬਿਗਾਨਿਆਂ ਦੇ ਕਿਰਦਾਰ ਨੂੰ ਪਛਾਣ ਸਕੀ ਤੇ ਨਾ ਹੀ ‘ਆਪਣਿਆਂ’ ਦੇ ਕਿਰਦਾਰ ਨੂੰ ਪਛਾਣ ਕੇ ਇਨ੍ਹਾਂ ਦੋਵੇਂ ਪ੍ਰਕਾਰ ਦੀਆਂ ਭ੍ਰਿਸ਼ਟ ਅਤੇ ਨਸ਼ਿਆਂ ਤੇ ਹਥਿਆਰਾਂ ਦੇ ਰੂਪ ਵਿੱਚ ਮੌਤ ਵੰਡਣ ਵਾਲੀਆਂ ਜਨੂੰਨੀ ਤਾਕਤਾਂ ਦੇ ਵਿਰੋਧ ਵਿੱਚ ਕੋਈ ਇਮਾਨਦਾਰ ਅਤੇ ਲੋਕਪੱਖੀ ਬਦਲ ਸਿਰਜ ਸਕੀ।
ਇਹ ਵੀ ਸਮਝ ਨਹੀਂ ਆਉਂਦੀ ਕਿ ਤਾਲਿਬਾਨ ਦੀ ਵਾਪਸੀ ਨੂੰ ਖੁਸ਼ਆਮਦੀਦ ਕਹੀਏ ਜਾਂ ਮੰਝਧਾਰ ਵਿੱਚ ਛੱਡ ਕੇ ਜਾਣ ਕਰਕੇ ਅਮਰੀਕਾ ਨੂੰ ਫਿਟ ਲਾਹਨਤ। ਕੁਝ ਲੋਕ ਤਾਲਿਬਾਨ ਨੂੰ ਦਹਿਸ਼ਤ ਦਾ ਹਰਕਾਰਾ ਕਹਿੰਦੇ ਹਨ, ਪਰ ਕੁਝ ਉਸ ਨੂੰ ਅਮਰੀਕਾ ਦੇ ਬਸਤੀਵਾਦ ਤੋਂ ਨਿਜਾਤ ਪਾਉਣ ਦੇ ਸਾਧਨ ਵਜੋਂ ਵਡਿਆਉਂਦੇ ਹਨ।
ਕਾਬੁਲੀਵਾਲਿਆਂ ਦੇ ਮੁਲਕ ਵਿੱਚ ਇਸ ਵੇਲੇ ਚਾਰੇ ਪਾਸੇ ਖ਼ੌਫ਼ ਤੇ ਦਹਿਸ਼ਤ ਦਾ ਮਾਹੌਲ ਹੈ। ਕਾਬੁਲ ਹਵਾਈ ਅੱਡੇ ਦੇ ਆਲੇ-ਦੁਆਲੇ ਮੌਤ ਦੀ ਸਰਦਲ ’ਤੇ ਖੜ੍ਹੇ ਤਕਰੀਬਨ ਸਵਾ ਲੱਖ ਲੋਕ ਇਸ ਖ਼ੌਫ਼ਜ਼ਦਾ ਮਾਨਸਿਕਤਾ ਦਾ ਹੀ ਇਜ਼ਹਾਰ ਕਰ ਰਹੇ ਹਨ। ਇਹ ਲੋਕ ਇਸ ਲਈ ਇੱਥੇ ਖੜ੍ਹੇ ਹਨ ਕਿ ਕਿਸੇ ਵੀ ਤਰੀਕੇ ਮੁਲਕ ਵਿੱਚੋਂ ਬਾਹਰ ਨਿਕਲ ਕੇ ਪੀੜ ਅਤੇ ਦਹਿਸ਼ਤ ਦੇ ਮਾਹੌਲ ਤੋਂ ਮੁਕਤ ਹੋ ਸਕਣ। ਪਿਛਲੀ ਅੱਧੀ ਸਦੀ ਵਿੱਚ ਕੀ ਕੁਝ ਨਹੀਂ ਦੇਖਿਆ ਇਸ ਬਦਕਿਸਮਤ ਧਰਤੀ ਨੇ। ਅਮੀਰ ਮੀਨਾਈ ਦਾ ਇੱਕ ਸ਼ਿਅਰ ਚੇਤੇ ਆ ਰਿਹਾ ਹੈ:
ਮਿਲੇ ਖਾਕ ਮੇਂ ਨੌਜਵਾਨ ਕੈਸੇ ਕੈਸੇ
ਜ਼ਮੀਂ ਖਾਂ ਗਈ ਆਸਮਾਨ ਕੈਸੇ ਕੈਸੇ।
ਕਾਬੁਲੀਵਾਲਿਆਂ ਦੇ ਮੁਲਕ ਵਿੱਚ ਇਸ ਵੇਲੇ ਜੇਕਰ ਕੋਈ ਵਰਗ ਸਭ ਤੋਂ ਵੱਧ ਸਦਮੇ ਵਿੱਚ ਹੈ ਤਾਂ ਉਹ ਉਸ ਦੇਸ਼ ਦੀਆਂ ‘ਮਿੰਨੀ’ ਦੇ ਹਾਣ ਦੀਆਂ ਲੱਖਾਂ ਧੀਆਂ ਹਨ ਜਿਨ੍ਹਾਂ ਨੂੰ ਬਹੁਤ ਮੁਸ਼ਕਿਲ ਨਾਲ ਖੁੱਲ੍ਹੀ ਹਵਾ ਵਿੱਚ ਸਾਹ ਲੈਣਾ ਨਸੀਬ ਹੋਇਆ ਸੀ। ਉਹ ਹੁਣ ਫਿਰ ਘਰਾਂ ਦੀ ਚਾਰਦੀਵਾਰੀ ਵਿੱਚ ਸਿਮਟ ਗਈਆਂ ਹਨ। ਅਫ਼ਗ਼ਾਨਿਸਤਾਨ ਵਿੱਚ (1996-2001 ਵਿੱਚ) ਮੁੱਲਾ ਉਮਰ ਦੀ ਅਗਵਾਈ ਵਿੱਚ ਤਾਲਿਬਾਨੀ ਹਕੂਮਤ ਆਉਂਦਿਆਂ ਹੀ ਔਰਤਾਂ ਦੀ ਦੁਰਗਤੀ ਦਾ ਵੀ ਆਗਾਜ਼ ਹੋ ਗਿਆ ਸੀ। ਤਾਲਿਬਾਨ ਨੇ ਔਰਤਾਂ ਨੂੰ ਜਬਰੀ ਬੁਰਕਾ ਪਹਿਨਣ ਦਾ ਹੁਕਮ ਜਾਰੀ ਕੀਤਾ। ਟੀਵੀ, ਸੰਗੀਤ ਅਤੇ ਸਿਨੇਮਾ ’ਤੇ ਪਾਬੰਦੀ ਲਗਾਈ। ਦਸ ਸਾਲ ਦੀ ਉਮਰ ਤੋਂ ਬਾਅਦ ਕੁੜੀਆਂ ਦੇ ਸਕੂਲ ਜਾਣ ’ਤੇ ਪਾਬੰਦੀ ਲਗਾਈ। ਔਰਤਾਂ ਦੇ ਨੌਕਰੀ ਕਰਨ ’ਤੇ ਰੋਕ ਲਗਾ ਦਿੱਤੀ। ਜੇਕਰ ਕੋਈ ਔਰਤ ਆਪਣੇ ਪਰਿਵਾਰ ਦੇ ਕਿਸੇ ਮਰਦ ਤੋਂ ਬਿਨਾ ਘਰ ਤੋਂ ਬਾਹਰ ਨਿਕਲਦੀ ਸੀ ਤਾਂ ਉਸ ਦਾ ਸਮਾਜਿਕ ਬਾਈਕਾਟ ਕਰ ਦਿੱਤਾ ਜਾਂਦਾ ਸੀ। ਕੋਈ ਔਰਤ ਕਿਸੇ ਮਰਦ ਡਾਕਟਰ ਤੋਂ ਆਪਣਾ ਇਲਾਜ ਨਹੀਂ ਕਰਵਾ ਸਕਦੀ ਸੀ ਅਤੇ ਔਰਤਾਂ ਦੇ ਡਾਕਟਰ ਜਾਂ ਨਰਸ ਬਣਨ ’ਤੇ ਪਾਬੰਦੀ ਲਗਾ ਦਿੱਤੀ ਸੀ। ਇਨ੍ਹਾਂ ਸਭ ਸ਼ਰਤਾਂ ਦਾ ਉਲੰਘਣ ਕਰਨ ’ਤੇ ਔਰਤਾਂ ਨੂੰ ਭਿਆਨਕ ਜਨਤਕ ਸਜ਼ਾ ਦਿੱਤੀ ਜਾਂਦੀ ਸੀ।
ਕਦੇ ਉਹ ਦੌਰ ਵੀ ਸੀ ਜਦ 1926 ਵਿੱਚ ਅਫ਼ਗ਼ਾਨਿਸਤਾਨ ਵਿੱਚ ਅਮੀਰ ਅਮਾਨੁੱਲ੍ਹਾ ਦੀ ਹਕੂਮਤ ਸੀ ਜਿਸ ਦੌਰਾਨ ਅਮਾਨੁੱਲ੍ਹਾ ਅਤੇ ਉਸ ਦੀ ਪੜ੍ਹੀ ਲਿਖੀ ਬੀਵੀ ਬੇਗ਼ਮ ਸੋਰਾਇਆ ਨੇ ਅਫ਼ਗ਼ਾਨਿਸਤਾਨ ਦੀ ਹਰ ਔਰਤ ਨੂੰ ਬਰਾਬਰ ਦਾ ਸਤਿਕਾਰ ਅਤੇ ਆਜ਼ਾਦੀ ਦੇਣ ਦੀ ਸ਼ੁਰੂਆਤ ਕੀਤੀ। ‘Canadian women for women in Afghanistan’ ਸੰਸਥਾ ਦੀ ਇੱਕ ਰਿਪੋਰਟ ਮੁਤਾਬਿਕ 1926 ਵਿੱਚ ਬੇਗ਼ਮ ਸੋਰਾਇਆ ਨੇ ਅਫ਼ਗ਼ਾਨ ਔਰਤਾਂ ਲਈ ਕਿਹਾ ਸੀ:
“ਇਹ ਨਾ ਸੋਚੋ ਕਿ ਸਿਰਫ਼ ਆਦਮੀਆਂ ਨੂੰ ਹੀ ਦੇਸ਼ ਸੇਵਾ ਕਰਨ ਦੀ ਜ਼ਰੂਰਤ ਹੈ। ਔਰਤਾਂ ਨੂੰ ਇਸ ਵਿੱਚ ਹਿੱਸਾ ਲੈਣਾ ਚਾਹੀਦਾ ਹੈ, ਬਿਲਕੁਲ ਉਂਝ ਹੀ ਜਿਵੇਂ ਔਰਤਾਂ ਨੇ ਇਸਲਾਮ ਦੇ ਸ਼ੁਰੂਆਤੀ ਸਾਲਾਂ ਵਿੱਚ ਲਿਆ ਸੀ। ਔਰਤਾਂ ਨੇ ਜਿਹੜੀਆਂ ਵੀ ਮੁੱਲਵਾਨ ਸੇਵਾਵਾਂ ਦਿੱਤੀਆਂ, ਉਨ੍ਹਾਂ ਨੂੰ ਹਮੇਸ਼ਾ ਯਾਦ ਰੱਖਿਆ ਗਿਆ। ਅਸੀਂ ਵੀ ਸਾਡੇ ਵਤਨ ਦੇ ਵਿਕਾਸ ਲਈ ਯੋਗਦਾਨ ਦੇਣਾ ਹੈ… ਅਤੇ ਇਹ ਬਿਨਾ ਗਿਆਨ ਤੋਂ ਨਹੀਂ ਹੋ ਸਕਦਾ। ਇਸ ਲਈ ਸਾਨੂੰ ਜ਼ਿਆਦਾ ਤੋਂ ਜ਼ਿਆਦਾ ਗਿਆਨ ਹਾਸਿਲ ਕਰਨਾ ਹੋਵੇਗਾ ਤਾਂ ਕਿ ਅਸੀਂ ਆਪਣੀਆਂ ਸੇਵਾਵਾਂ ਦੇ ਸਕੀਏ।”
ਵੀਹਵੀਂ ਸਦੀ ਦੀ ਸ਼ੁਰੂਆਤ ਤੋਂ ਲੈ ਕੇ ਤਾਲਿਬਾਨ ਦਾ ਸ਼ਾਸਨ ਸ਼ੁਰੂ ਹੋਣ ਤਕ ਅਫ਼ਗ਼ਾਨਿਸਤਾਨ ਵਿੱਚ ਔਰਤਾਂ ਦੀ ਸਥਿਤੀ ਏਨੀ ਬਦਤਰ ਨਹੀਂ ਸੀ ਸਗੋਂ ਔਰਤਾਂ ਦੀ ਆਜ਼ਾਦੀ, ਸਤਿਕਾਰ ਅਤੇ ਬਰਾਬਰੀ ਨੂੰ ਲੈ ਕੇ ਕਾਫ਼ੀ ਕੰਮ ਹੋਇਆ। ਅਮਨੈਸਟੀ ਇੰਟਰਨੈਸ਼ਨਲ ਦੀ ਰਿਪੋਰਟ ਮੁਤਾਬਿਕ ਅਫ਼ਗ਼ਾਨਿਸਤਾਨ ਵਿੱਚ ਔਰਤਾਂ ਨੂੰ 1919 ਵਿੱਚ ਹੀ ਵੋਟ ਦਾ ਅਧਿਕਾਰ ਮਿਲ ਗਿਆ ਸੀ।
1923 ਵਿੱਚ ਔਰਤਾਂ ਨੂੰ ਨਿਕਾਹ ਦੀ ਪਸੰਦ ਨੂੰ ਲੈ ਕੇ ਕਾਨੂੰਨੀ ਅਧਿਕਾਰ ਮਿਲ ਗਿਆ। 1940 ਤੋਂ 1950 ਦਰਮਿਆਨ ਔਰਤਾਂ ਨਰਸ, ਡਾਕਟਰ ਤੇ ਅਧਿਆਪਕ ਬਣੀਆਂ। 1959 ਤੋਂ 1965 ਦਰਮਿਆਨ ਸਿਵਿਲ ਸੇਵਾਵਾਂ ਵਿੱਚ ਵੀ ਔਰਤਾਂ ਦੀ ਸ਼ਮੂਲੀਅਤ ਹੋਈ। ਇਨ੍ਹਾਂ ਸਮਿਆਂ ਵਿੱਚ ਔਰਤਾਂ ਦੀ ਆਪਣੀ ਮਰਜ਼ੀ ਸੀ ਕਿ ਉਹ ਬੁਰਕਾ ਪਹਿਨਣ ਜਾਂ ਪੱਛਮੀ ਪਹਿਰਾਵਾ। ਕਾਬੁਲ ਯੂਨੀਵਰਸਿਟੀ ਵਿੱਚ ਵੀ ਕੁੜੀਆਂ ਦੀ ਗਿਣਤੀ ਵਿੱਚ ਇਜ਼ਾਫ਼ਾ ਹੋਇਆ। ਦੋ ਔਰਤਾਂ ਨੂੰ ਸੈਨੇਟਰ ਵੀ ਬਣਾਇਆ ਗਿਆ ਅਤੇ 1966 ਤੋਂ 1971 ਦਰਮਿਆਨ 14 ਮਹਿਲਾਵਾਂ ਜੱਜ ਵੀ ਬਣੀਆਂ। ਇਹ ਸਭ 1978 ਤੱਕ ਸਹਿਜ ਰੂਪ ਵਿੱਚ ਚਲਦਾ ਰਿਹਾ। ਜਦੋਂ ਅਮਰੀਕਾ ਦੀ ਅਗਵਾਈ ਵਿੱਚ ਨਾਟੋ ਮੁਲਕਾਂ ਦੀਆਂ ਸਾਜ਼ਿਸ਼ਾਂ ਦੀ ਬਦੌਲਤ ਸੋਵੀਅਤ ਰੂਸ ਨੂੰ ਖਦੇੜਨ ਲਈ ਮਦਰੱਸਿਆਂ ਵਿੱਚ ਪੜ੍ਹਨ ਵਾਲੇ ਤਾਲਬਿਾਂ ਦੇ ਹੱਥਾਂ ਵਿੱਚ ਹਥਿਆਰ ਆ ਗਏ ਤੇ ਅਫ਼ਗ਼ਾਨਿਸਤਾਨ ਵਿੱਚ ਯੁਗਗਰਦੀ ਦਾ ਮਾਹੌਲ ਸ਼ੂਰੂ ਹੋਇਆ ਤਾਂ ਇਸ ਦਾ ਸਭ ਤੋਂ ਵੱਧ ਨੁਕਸਾਨ ਔਰਤਾਂ ਨੂੰ ਹੋਣਾ ਸ਼ੁਰੂ ਹੋਇਆ।
1996 ਤੋਂ 2001 ਦਰਮਿਆਨ ਔਰਤਾਂ ’ਤੇ ਏਨੇ ਕੁ ਤਸ਼ੱਦਦ ਹੋਏ ਕਿ ਉਨ੍ਹਾਂ ਨੂੰ ਯਾਦ ਕਰਕੇ ਅਫ਼ਗ਼ਾਨ ਔਰਤਾਂ ਦੀ ਰੂਹ ਕੰਬ ਉੱਠਦੀ ਹੈ। ਹੁਣ ਤਾਲਿਬਾਨ ਅਫ਼ਗ਼ਾਨਿਸਤਾਨ ਵਿੱਚ ਸਰਕਾਰ ਬਣਾਉਣ ਦੀਆਂ ਤਿਆਰੀਆਂ ਕਰ ਰਹੇ ਹਨ ਅਤੇ ਉੱਥੋਂ ਦੀਆਂ ਔਰਤਾਂ ਦੇ ਚਿਹਰਿਆਂ ’ਤੇ ਖ਼ੌਫ਼ ਸਾਫ਼ ਦੇਖਿਆ ਜਾ ਸਕਦਾ ਹੈ। ਅਫ਼ਗ਼ਾਨਿਸਤਾਨ ਦੀ ਇੱਕ ਮਹਿਲਾ ਅਧਿਕਾਰੀ ਕਹਿੰਦੀ ਹੈ: “ਮੈਨੂੰ ਡਰ ਹੈ ਕਿ ਉਹ ਲੋਕ ਆਉਣਗੇ ਅਤੇ ਮੈਨੂੰ ਮਾਰ ਸੁੱਟਣਗੇ ਕਿਉਂਕਿ ਮੈਂ ਪਿਛਲੇ 20 ਸਾਲਾਂ ਤੋਂ ਤਾਲਿਬਾਨੀ ਵਿਚਾਰਧਾਰਾ ਦੇ ਖ਼ਿਲਾਫ਼ ਜਾ ਕੇ ਔਰਤਾਂ ਦੇ ਅਧਿਕਾਰਾਂ ਦੀ ਗੱਲ ਕਰ ਰਹੀ ਹਾਂ।”
ਪ੍ਰਸਿੱਧ ਰਸਾਲੇ ‘ਦਿ ਗਾਰਡੀਅਨ’ ਵਿੱਚ ਕਾਬੁਲ ਰਹਿਣ ਵਾਲੀ ਇੱਕ ਔਰਤ ਦਾ ਲੇਖ ਛਪਿਆ ਹੈ। ਇਸ ਵਿੱਚ ਉਹ ਲਿਖਦੀ ਹੈ: “ਆਪਣੇ ਦਫ਼ਤਰ ਦਾ ਕੰਪਿਊਟਰ ਬੰਦ ਕਰਦੇ ਹੋਏ ਮੈਨੂੰ ਬੇਹੱਦ ਤਕਲੀਫ਼ ਹੋਈ, ਉਹ ਕੰਪਿਊਟਰ ਜਿਸ ਦਾ ਇਸਤੇਮਾਲ ਮੈਂ ਚਾਰ ਸਾਲਾਂ ਤਕ ਲੋਕਾਂ ਦੀ ਸੇਵਾ ਲਈ ਕੀਤਾ। ਮੈਂ ਜਦ ਆਪਣਾ ਡੈਸਕ ਛੱਡਿਆ ਤਾਂ ਮੈਂ ਰੋ ਰਹੀ ਸੀ। ਮੈਨੂੰ ਪਤਾ ਸੀ ਕਿ ਇਹ ਮੇਰੀ ਨੌਕਰੀ ਦਾ ਆਖ਼ਰੀ ਦਿਨ ਹੈ। ਘਰ ਪਹੁੰਚਦੇ ਸਾਰ ਮੈਂ ਅਤੇ ਮੇਰੀ ਭੈਣ ਨੇ ਸਾਡੇ ਪਛਾਣ ਪੱਤਰ ਅਤੇ ਸਰਟੀਫਿਕੇਟ ਛੁਪਾ ਦਿੱਤੇ। ਜਿਨ੍ਹਾਂ ਚੀਜ਼ਾਂ ’ਤੇ ਸਾਨੂੰ ਮਾਣ ਹੋਣਾ ਚਾਹੀਦਾ ਹੈ, ਉਨ੍ਹਾਂ ਨੂੰ ਸਾਨੂੰ ਛੁਪਾਉਣਾ ਪੈ ਰਿਹਾ ਹੈ। ਮੈਨੂੰ ਲੱਗਦਾ ਹੈ ਕਿ ਹੁਣ ਮੈਂ ਕਦੇ ਉੱਚੀ-ਉੱਚੀ ਹੱਸ ਨਹੀਂ ਸਕਾਂਗੀ, ਕਦੇ ਆਪਣੀ ਪਸੰਦ ਦਾ ਗਾਣਾ ਨਹੀਂ ਸੁਣ ਸਕਾਂਗੀ, ਆਪਣੇ ਦੋਸਤਾਂ ਨੂੰ ਨਹੀਂ ਮਿਲ ਸਕਾਂਗੀ, ਆਪਣੀ ਪਸੰਦ ਦੇ ਕੱਪੜੇ ਨਹੀਂ ਪਹਿਨ ਸਕਾਂਗੀ ਤੇ ਮੇਕਅੱਪ ਨਹੀਂ ਕਰ ਸਕਾਂਗੀ… ਮੈਂ ਕੋਈ ਨੌਕਰੀ ਨਹੀਂ ਕਰ ਸਕਾਂਗੀ। ਜਿਨ੍ਹਾਂ ਡਿਗਰੀਆਂ ਲਈ ਮੈਂ ਏਨੇ ਸਾਲ ਮਿਹਨਤ ਕੀਤੀ, ਉਹ ਵੀ ਆਪਣੇ ਕੋਲ ਨਹੀਂ ਰੱਖ ਸਕਾਂਗੀ।”
ਹੈਦਰਾਬਾਦ ਦੀ ਉਸਮਾਨੀਆ ਯੂਨੀਵਰਸਿਟੀ ਵਿੱਚ ਕੰਪਿਊਟਰ ਸਾਇੰਸ ਦੀ ਵਿਦਿਆਰਥਣ 27 ਸਾਲਾ ਅਫ਼ਗ਼ਾਨ ਕੁੜੀ ਦੀ ਰਾਤਾਂ ਦੀ ਨੀਂਦ ਹਰਾਮ ਹੋ ਚੁੱਕੀ ਹੈ। ਉਸ ਨੇ ਆਪਣੇ ਮਾਪਿਆਂ ਨੂੰ ਕਿਹਾ ਹੈ: ‘‘ਅਗਰ ਤੁਸੀਂ ਉਨ੍ਹਾਂ ਨੂੰ ਛੁਪਾ ਨਹੀਂ ਸਕਦੇ ਤਾਂ ਉਹ ਸਾਰੀਆਂ ਤਸਵੀਰਾਂ ਸਾੜ ਦਿਓ ਜਿਨ੍ਹਾਂ ਵਿੱਚ ਮੈਂ ਹਿਜਾਬ ਨਹੀਂ ਪਹਿਨਿਆ ਹੋਇਆ ਅਤੇ ਜਿਹੜੀਆਂ ਵਿੱਚ ਮੈਂ ਆਪਣੇ ਪੁਰਸ਼ ਮਿੱਤਰਾਂ ਨਾਲ ਦਿਸਦੀ ਹਾਂ। ਮੇਰੇ ਸਫ਼ਾਰਤਖ਼ਾਨੇ ਦੇ ਦਸਤਾਵੇਜ਼ ਅਤੇ ਮੇਰੀਆਂ ਡਿਗਰੀਆਂ ਸਾੜ ਦਿਓ। ਉਨ੍ਹਾਂ ਨੂੰ ਇਹ ਨਾ ਦੱਸਣਾ ਕਿ ਤੁਹਾਡੀ ਬੇਟੀ ਦੂਜੇ ਮੁਲਕ ਦੀ ਵਿਦਿਆਰਥਣ ਹੈ।”
ਤਾਲਿਬਾਨ ਕਹਿ ਰਹੇ ਹਨ ਕਿ ਔਰਤਾਂ ਨੂੰ ਸ਼ਰੀਆ ਕਾਨੂੰਨ ਮੁਤਾਬਿਕ ਕੰਮ ਕਰਨ ਦੀ ਆਜ਼ਾਦੀ ਅਤੇ ਬੱਚਿਆਂ ਨੂੰ ਪੜ੍ਹਾਈ ਦੀ ਇਜਾਜ਼ਤ ਮਿਲੇਗੀ, ਪਰ ਪ੍ਰਸਿੱਧ ਲੇਖਕਾ ਤਸਲੀਮਾ ਨਸਰੀਨ ਕਹਿੰਦੀ ਹੈ ਕਿ ‘‘ਸ਼ਰੀਆ ਕਾਨੂੰਨ ਵਿੱਚ ਨਾ ਤਾਂ ਔਰਤਾਂ ਅਤੇ ਘੱਟਗਿਣਤੀਆਂ ਨੂੰ ਅਧਿਕਾਰ ਹਨ ਅਤੇ ਨਾ ਹੀ ਬੋਲਣ ਦੀ ਆਜ਼ਾਦੀ ਹੈ।’’
ਜ਼ਿਕਰਯੋਗ ਹੈ ਕਿ ਕੁੜੀਆਂ ਦੀ ਪੜ੍ਹਨ ਦੀ ਆਜ਼ਾਦੀ ਦੀ ਹਮਾਇਤ ਕਰਨ ਕਰਕੇ ਤਾਲਿਬਾਨ ਨੇ ਪਾਕਿਸਤਾਨੀ ਕੁੜੀ ਮਲਾਲਾ ਯੂਸਫ਼ਜ਼ਈ ਨੂੰ ਗੋਲੀ ਮਾਰ ਦਿੱਤੀ ਸੀ। ਅਜਿਹੀਆਂ ਘਟਨਾਵਾਂ ਦੀ ਰੌਸ਼ਨੀ ਵਿੱਚ ਕੋਈ ਤਾਲਿਬਾਨ ਤੋਂ ਔਰਤਾਂ ਦੇ ਹੱਕਾਂ ਦੀ ਰਾਖੀ ਅਤੇ ਆਜ਼ਾਦੀ ਦੀ ਆਸ ਕਿਵੇਂ ਰੱਖ ਸਕਦਾ ਹੈ?
ਅਫ਼ਗ਼ਾਨਿਸਤਾਨ ਦੀ 54 ਫ਼ੀਸਦੀ ਆਬਾਦੀ ਅੱਜ ਵੀ ਗ਼ਰੀਬੀ ਰੇਖਾ ਤੋਂ ਥੱਲੇ ਹੈ। ਉੱਥੇ ਅਫ਼ੀਮ ਅਤੇ ਹੋਰ ਸਿੰਥੈਟਿਕ ਨਸ਼ਿਆਂ ਦਾ ਸਭ ਤੋਂ ਵੱਡਾ ਕਾਰੋਬਾਰ ਹੈ। ਬੱਚੇ ਖਿਡੌਣਿਆਂ ਨਾਲ ਨਹੀਂ ਬੰਬਾਂ ਨਾਲ ਖੇਡਦੇ ਹਨ। ਔਰਤਾਂ ਮੁੜ ਘਰਾਂ ਦੀ ਕੈਦ ਵਿੱਚ ਗ਼ੁਲਾਮ ਹੋ ਗਈਆਂ ਹਨ। ਕਾਬੁਲੀਵਾਲਿਆਂ ਨੂੰ ਇਹ ਸਮਝ ਨਹੀਂ ਆ ਰਿਹਾ ਕਿ ਜਿੱਤਿਆ ਕੌਣ ਹੈ, ਪਰ ਇਹ ਜ਼ਰੂਰ ਸਮਝ ਆ ਰਿਹਾ ਹੈ ਕਿ ਅਫ਼ਗ਼ਾਨਿਸਤਾਨ ਦੀ ਆਵਾਮ ਹਾਰ ਗਈ ਹੈ ਜਿਸ ਨੇ ਪਤਾ ਨਹੀਂ ਹੋਰ ਕਿੰਨਾ ਕੁ ਸਮਾਂ ਦਹਿਸ਼ਤਾਂ ਤੇ ਉਜਾੜਿਆਂ ਦੀ ਸੂਲੀ ਚੜ੍ਹਨਾ ਹੈ।
ਸੰਪਰਕ: 98768-20600