ਪ੍ਰਿੰ. ਸਰਵਣ ਸਿੰਘ
ਪਾਵੇਲ ਕੁੱਸਾ ਨੇ ਵਿਦਿਆਰਥੀਆਂ, ਕਿਰਤੀਆਂ, ਕਿਸਾਨਾਂ ਤੇ ਨੌਜੁਆਨਾਂ ਦੀਆਂ ਜਥੇਬੰਦਕ ਸਰਗਰਮੀਆਂ ਵਿਚ ਚੋਖਾ ਯੋਗਦਾਨ ਪਾਇਆ ਹੈ। ਨਾਲ ਪੰਜਾਬੀ ਅਤੇ ਅੰਗਰੇਜ਼ੀ ਦਾ ਸੂਝਵਾਨ ਪੱਤਰਕਾਰ ਹੈ। ਉਹ ਅਖ਼ਬਾਰਾਂ ਵਿਚ ਛਪਦਾ ਹੋਇਆ ਆਪਣੇ ਮੈਗਜ਼ੀਨ ‘ਸੁਰਖ ਲੀਹ’ ਅਤੇ ‘ਸਲਾਮ’ ਵੀ ਚਲਾ ਰਿਹਾ ਹੈ। ਕਿਸਾਨ ਅੰਦੋਲਨ ਵਿਚ ਉਸ ਨੇ ਯਾਦਗਾਰੀ ਯੋਗਦਾਨ ਪਾਇਆ। ਉਹਨੂੰ ਇਨਕਲਾਬੀ ਲਹਿਰ ਵਾਲੀ ਗੁੜਤੀ ਆਪਣੇ ਪਰਿਵਾਰ ਤੋਂ ਮਿਲੀ। ਲੋਕ ਹੱਕਾਂ ਲਈ ਰੈਲੀਆਂ, ਮੁਜ਼ਾਹਰੇ, ਧਰਨੇ, ਨਾਟਕਾਂ, ਸਭਿਆਚਾਰਕ ਸਮਾਗਮਾਂ ਨੇ ਅਫਸਰ ਬਣਨ ਅਤੇ ਪੈਸੇ ਕਮਾਉਣ ਵਰਗੀਆਂ ਲਾਲਸਾਵਾਂ ਨੂੰ ਬਚਪਨ ਵਿਚ ਹੀ ਦਫ਼ਨ ਕਰ ਦਿੱਤਾ। ਫਿਰ ਤਾਂ ਕਿਰਤੀਆਂ ਲਈ ਕੰਮ ਉਹਦਾ ਮਿਸ਼ਨ ਹੋ ਗਿਆ। ਘਰਦਿਆਂ ਨੇ ਉਸ ਦਾ ਨਾਂ ਮੈਕਸਿਮ ਗੋਰਕੀ ਦੇ ਨਾਵਲ ‘ਮਾਂ’ ਦੇ ਮੁੱਖ ਪਾਤਰ ਪਾਵੇਲ ਦੇ ਨਾਂ ’ਤੇ ਰੱਖਿਆ ਸੀ।
2006 ਵਿਚ ਮੈਂ ਲਿਖਿਆ ਸੀ: ਕਬੱਡੀ ਨੂੰ ਡਰੱਗ ਦਾ ਜੱਫਾ। ਫਿਰ 2021 ਵਿਚ ਲਿਖਿਆ: ਕਬੱਡੀ ਡਰੱਗ ਦੇ ਜੱਫੇ ਤੋਂ ਗੁੰਡਾਗਰਦੀ ਦੇ ਜੱਫੇ ਤਕ। ਪਾਵੇਲ ਨੇ ਹੁਣ ਲਿਖਿਆ ਹੈ: ਕਬੱਡੀ ਨੂੰ ਕਰੋੜਾਂ ਦਾ ਜੱਫਾ। ਕਬੱਡੀ ਨੂੰ ਡਰੱਗ ਤੇ ਗੁੰਡਾਗਰਦੀ ਦੇ ਜੱਫਿਆਂ ਪਿੱਛੇ ਅਸਲ ਵਿਚ ਲੋਟੂ ਕਾਰਪੋਰੇਟਾਂ ਦੇ ਬਹੁਕਰੋੜੀ ਜੱਫੇ ਹਨ! ਖੇਡਾਂ ਮਨੁੱਖੀ ਸਰੀਰਕ ਸਮਰੱਥਾ ਦੇ ਪ੍ਰਗਟਾਵਿਆਂ ਰਾਹੀਂ ਸਾਡੀ ਸਰੀਰਕ ਤੇ ਮਾਨਸਿਕ ਤ੍ਰਿਪਤੀ ਦਾ ਸਾਧਨ ਹਨ ਪਰ ਪੈਸੇ ਦੇ ਯੁੱਗ ’ਚ ਮਨੁੱਖੀ ਸਰੀਰਕ ਸਮਰੱਥਾ ਦੀਆਂ ਬੁਲੰਦੀਆਂ ਸਿੱਕਿਆਂ ਦੇ ਅੰਬਾਰ ਮੂਹਰੇ ਬੌਣੀਆਂ ਬਣਾ ਦਿੱਤੀਆਂ ਗਈਆਂ ਹਨ। ਸੁਹਿਰਦ ਖੇਡ ਪ੍ਰੇਮੀ ਨਿਰਾਸ਼ ਹਨ ਜੋ ਸ਼ੌਕੀਆ ਖਿਡਾਰੀਆਂ ਦੀ ਤਲਾਸ਼ ਕਰਦੇ ਹਨ ਪਰ ਉਹ ਭੁੱਲ ਜਾਂਦੇ ਹਨ ਕਿ ਖਿਡਾਰੀਆਂ ਦੀਆਂ ਡੋਰਾਂ ਬਹੁਕੌਮੀ ਕਾਰਪੋਰੇਸ਼ਨਾਂ ਦੇ ਹੱਥਾਂ ਚ ਹਨ। ਖੇਡਾਂ ਨੂੰ ਬਹੁਕੌਮੀ ਕਾਰਪੋਰੇਸ਼ਨਾਂ ਦੇ ਚੁੰਗਲ ਚੋਂ ਮੁਕਤ ਕਰਵਾ ਕੇ ਹੀ ਇਨ੍ਹਾਂ ਨੂੰ ਸਹੀ ਮਾਇਨਿਆਂ ਵਿਚ ਮਾਣਿਆ ਜਾ ਸਕਦਾ ਹੈ। ਜੱਫਿਆਂ ਤੋਂ ਮੁਕਤੀ ਦੇਸੀ ਵਿਦੇਸ਼ੀ ਬਹੁਕੌਮੀ ਕੰਪਨੀਆਂ ਤੇ ਘਰਾਣਿਆਂ ਦੀ ਚੌਧਰ ਦੇ ਖ਼ਾਤਮੇ ਨਾਲ ਹੀ ਹੋਣੀ ਹੈ।
ਪਾਵੇਲ ਦਾ ਜਨਮ ਸਾਡੇ ਗੁਆਂਢੀ ਪਿੰਡ ਕੁੱਸਾ ਵਿਚ ਕ੍ਰਿਸ਼ਨ ਦਿਆਲ ਅਤੇ ਕੁਲਦੀਪ ਕੌਰ ਦੇ ਘਰ ਹੋਇਆ। ਪਵੇਲ ਦੀ ਪਤਨੀ ਦਾ ਨਾਂ ਸ਼ੀਰੀਂ ਹੈ ਤੇ ਪੁੱਤਰ ਦਾ ਸੁਕੀਰਤ। ਪਰਿਵਾਰਕ ਜੀਆਂ ਦੇ ਪੰਜੇ ਨਾਂ ਜਾਤਾਂ ਪਾਤਾਂ ਤੇ ਦੇਸ਼ਾਂ ਦੀਆਂ ਹੱਦਾਂ ਉਲੰਘਦੇ ਹਨ। ਪਾਵੇਲ ਕੁੱਸਾ ਅਠੱਤੀ ਸਾਲਾਂ ਦਾ ਇਨਕਲਾਬੀ ਨੌਜੁਆਨ ਹੈ। ਉਸ ਨੇ ਵਿਦਿਆਰਥੀਆਂ, ਕਿਰਤੀਆਂ ਕਿਸਾਨਾਂ ਤੇ ਨੌਜੁਆਨਾਂ ਦੀਆਂ ਜਥੇਬੰਦਕ ਸਰਗਰਮੀਆਂ ਵਿਚ ਚੋਖਾ ਯੋਗਦਾਨ ਪਾਇਆ ਹੈ। ਨਾਲ ਪੰਜਾਬੀ ਤੇ ਅੰਗਰੇਜ਼ੀ ਦਾ ਸੂਝਵਾਨ ਪੱਤਰਕਾਰ ਹੈ। ਉਹ ਅਖ਼ਬਾਰਾਂ ਵਿਚ ਛਪਦਾ ਹੋਇਆ ਆਪਣੇ ਮੈਗਜ਼ੀਨ ‘ਸੁਰਖ ਲੀਹ’ ਅਤੇ ‘ਸਲਾਮ’ ਵੀ ਚਲਾ ਰਿਹਾ ਹੈ। ਕਿਸਾਨ ਅੰਦੋਲਨ ਵਿਚ ਉਸ ਨੇ ਯਾਦਗਾਰੀ ਯੋਗਦਾਨ ਪਾਇਆ। ਉਸ ਦਾ ਤਾਇਆ ਓਮ ਪ੍ਰਕਾਸ਼ ਕੁੱਸਾ, 1967 ਵਿਚ ਸ਼ੁਰੂ ਹੋਏ ਲਾਜਪਤ ਰਾਏ ਕਾਲਜ ਢੁੱਡੀਕੇ ਦਾ ਸਾਡਾ ਮੁਢਲਾ ਵਿਦਿਆਰਥੀ ਸੀ। ਸਰੀਰੋਂ ਭਾਵੇਂ ਕਮਜ਼ੋਰ ਸੀ ਪਰ ਜਦੋਂ ਜੋਸ਼ੀਲੀ ਆਵਾਜ਼ ਵਿਚ ਕਵਿਤਾ ਸੁਣਾਉਂਦਾ ਸੀ ਤਾਂ ਹੇਠਲੀ ਉਤੇ ਲਿਆ ਦਿੰਦਾ ਸੀ। ਭਾਸ਼ਣ ਰੋਹ ਨਾਲ ਦਿੰਦਾ ਤੇ ਇਨਕਲਾਬ ਜਿ਼ੰਦਾਬਾਦ ਦੇ ਨਾਅਰਿਆਂ ਨਾਲ ਕਾਲਜ ਦੀਆਂ ਕੰਧਾਂ ਕੰਬਾਅ ਦਿੰਦਾ। ਉਸ ਨੇ ਆਪਣੀਆਂ ਇਨਕਲਾਬੀ ਕਵਿਤਾਵਾਂ ਦੀ ਪੁਸਤਕ ‘ਲੱਪ ਚਿਣਗਾਂ ਦੀ’ ਤੇ ‘ਜੰਗ ਅਜੇ ਮੁੱਕੀ ਨਹੀਂ’ ਛਪਵਾਈਆਂ। ਉਹ ਸਕੂਲਾਂ ਵਿਚ ਅਧਿਆਪਕ ਰਿਹਾ ਅਤੇ ਉਸ ਦੇ ਇਨਕਲਾਬੀ ਬਿਆਨ ਤੇ ਲੇਖ ਅਖ਼ਬਾਰਾਂ ਵਿਚ ਛਪਦੇ ਰਹੇ। ਬਦਕਿਸਮਤੀ ਨਾਲ ਉਹ ਜੁਆਨ ਉਮਰੇ ਹੀ ਵਿਛੋੜਾ ਦੇ ਗਿਆ।
ਮੇਰੇ ਬਚਪਨ ਵੇਲੇ ਕੁੱਸਾ ਜਿ਼ਲ੍ਹਾ ਫਿਰੋਜ਼ਪੁਰ ਦਾ ਨੁੱਕਰੇ ਛਿਪਿਆ ਪਿੰਡ ਸੀ। ਐਨ ਓਵੇਂ ਜਿਵੇਂ ਸਾਡਾ ਪਿੰਡ ਚਕਰ ਜਿ਼ਲ੍ਹਾ ਲੁਧਿਆਣੇ ਦਾ ਅਖ਼ੀਰਲਾ ਪਿੰਡ ਸੀ। ਸਾਡੇ ਪਿੰਡੋਂ ਨਿਕਲੀ ਕੱਸੀ ਹੀ ਚਕਰ ਅਤੇ ਕੁੱਸੇ ਨੂੰ ਜੋੜਦੀ ਸੀ। ਕੁੱਸਾ ਉਦੋਂ ਗੁਮਨਾਮ ਜਿਹਾ ਪਿੰਡ ਸੀ ਜਿਸ ਨੂੰ ਬਾਅਦ ਵਿਚ ਓਮ ਪ੍ਰਕਾਸ਼ ਕੁੱਸਾ, ਨਾਵਲਕਾਰ ਕਰਮਜੀਤ ਕੁੱਸਾ, ਸਿ਼ਵਚਰਨ ਜੱਗੀ ਕੁੱਸਾ, ਇਨਕਲਾਬੀ ਪੱਤਰਕਾਰ ਤੇ ਬੁਲਾਰਾ ਪਾਵੇਲ ਕੁੱਸਾ ਅਤੇ ਕੁਝ ਕਬੱਡੀ ਖਿਡਾਰੀਆਂ ਨੇ ਨਾਮੀ ਪਿੰਡ ਬਣਾਇਆ। ਉਸ ਪਿੰਡ ਵਿਚ ਹਜ਼ਾਰਾਂ ਕਿਰਤੀ ਕਿਸਾਨਾਂ ਤੇ ਮਜਦੂਰਾਂ ਦੇ ਜੋੜਮੇਲੇ ਵਿਚ ਗੁਰਸ਼ਰਨ ਭਾਅ ਜੀ ਦਾ ਮਿਸਾਲੀ ਮਾਨ ਸਨਮਾਨ ਕੀਤਾ ਗਿਆ। ਪਾਵੇਲ ਨੇ ਆਪਣੇ ਬਾਰੇ ਲਿਖਿਆ:
ਇਨਕਲਾਬੀ ਲਹਿਰ ਵਿਚ ਸਰਗਰਮੀ ਨਾਲ ਕੰਮ ਕਰਨ ਵਾਲੇ ਪਰਿਵਾਰ ਵਿਚ ਮੈਂ ਇਨਕਲਾਬ ਦੀ ਗੁੜਤੀ ਲੈ ਕੇ ਜਨਮਿਆ। ਦਾਦੇ ਦੇ ਆਜ਼ਾਦ ਹਿੰਦ ਫੌਜ ਅੰਦਰ ਕੰਮ ਕਰਨ ਦੀ ਵਿਰਾਸਤ ਤੋਂ ਲੈ ਕੇ ਤਾਏ ਓਮ ਪ੍ਰਕਾਸ਼ ਦੀ ਇਨਕਲਾਬੀ ਸਰਗਰਮੀ ਅਤੇ ਇਨਕਲਾਬੀ ਕਵਿਤਾ ਪਰਿਵਾਰਕ ਪਿਛੋਕੜ ਵਿਚ ਸੀ, ਉਹ ਮੇਰੇ ਜਨਮ ਤੋਂ ਪਹਿਲਾਂ ਗੁਜ਼ਰ ਗਏ ਸਨ। ਮਾਤਾ ਪਿਤਾ ਦੀ ਲੋਕ ਸੰਘਰਸ਼ਾਂ ਵਿਚ ਸਰਗਰਮੀ ਦੌਰਾਨ ਮੇਰੀ ਜ਼ਿੰਦਗੀ ਲੋਕਾਂ ਦੀ ਇਨਕਲਾਬੀ ਲਹਿਰ ਨਾਲ ਇੱਕ-ਮਿੱਕ ਹੋ ਗਈ। ਇਨਕਲਾਬ ਹੀ ਮੇਰਾ ਮਿਸ਼ਨ ਬਣ ਗਿਆ। 1980-90ਵਿਆਂ ਦੀ ਦਹਿਸ਼ਤਗਰਦੀ ਦੇ ਦੌਰ ਵਿਚ ਮੇਰਾ ਬਚਪਨ ਗੁਜ਼ਰਿਆ। ਲੋਕ ਹੱਕਾਂ ਲਈ ਰੈਲੀਆਂ, ਮੁਜ਼ਾਹਰੇ, ਧਰਨੇ, ਨਾਟਕ, ਸਭਿਆਚਾਰਕ ਸਮਾਗਮ ਤੇ ਘਰ ਵਿਚ ਕਾਮਰੇਡੀ ਮੀਟਿੰਗਾਂ ਨੇ ਅਫਸਰ ਬਣਨ ਤੇ ਪੈਸੇ ਕਮਾਉਣ ਵਰਗੀਆਂ ਲਾਲਸਾਵਾਂ ਨੂੰ ਬਚਪਨ ਵਿਚ ਹੀ ਦਫ਼ਨ ਕਰ ਦਿੱਤਾ। ਸਮਾਜ ਲਈ ਜ਼ਿੰਦਗੀ ਜਿਊਣ ਤੋਂ ਬਿਨਾ ਕੋਈ ਮਤਲਬ ਨਾ ਰਿਹਾ। ਬਚਪਨ ਵਿਚ ਗੁਰਸ਼ਰਨ ਸਿੰਘ ਦੇ ਨਾਟਕ ਦੇਖਣ, ਗ਼ਦਰੀ ਬਾਬਿਆਂ ਦੇ ਮੇਲੇ ਜਾਣ ਤੇ ਜੁਝਾਰੂਆਂ ਦੀਆਂ ਤਕਰੀਰਾਂ ਸੁਣਨ ਨੇ ਮਨ ’ਤੇ ਲਕੀਰਾਂ ਉੱਕਰ ਦਿੱਤੀਆਂ ਕਿ ਜ਼ਿੰਦਗੀ ਸਦੀਵੀ ਸੰਘਰਸ਼ ਹੁੰਦੀ ਹੈ। ਬੀਐੱਸਸੀ ਨਾਨ ਮੈਡੀਕਲ, ਬੀਐੱਡ, ਐੱਮਏ ਪੰਜਾਬੀ ਤੇ ਐੱਮਏ ਪੁਲੀਟੀਕਲ ਸਾਇੰਸ ਦੀਆਂ ਅਕੈਡਮਿਕ ਡਿਗਰੀਆਂ ਪਾਸ ਕੀਤੀਆਂ ਪਰ ਪਈਆਂ ਅਜੇ ਕਾਲਜਾਂ ਵਿਚ ਹੀ ਹਨ। ਲੋਕ ਸੰਘਰਸ਼ਾਂ ਦੇ ਕਾਲਜਾਂ ਵਿਚ ਐਸਾ ਦਾਖਲਾ ਲਿਆ ਕਿ ਪਹਿਲਾਂ ਕਾਲਜਾਂ ਵਿਚ ਵਿਦਿਆਰਥੀ ਯੂਨੀਅਨਾਂ ਬਣਾਉਂਦਾ ਰਿਹਾ ਤੇ ਪਿੱਛੋਂ ਕਿਰਤੀ ਲੋਕਾਂ ਦੀਆਂ ਯੂਨੀਅਨਾਂ ਵਿਚ ਕੰਮ ਕਰਨਾ ਹੀ ਮੇਰਾ ਮਿਸ਼ਨ ਹੋ ਗਿਆ। ਘਰਦਿਆਂ ਨੇ ਮੇਰਾ ਨਾਂ ਮੈਕਸਿਮ ਗੋਰਕੀ ਦੇ ਨਾਵਲ ‘ਮਾਂ’ ਦੇ ਪੁੱਤ ਵਾਲਾ ‘ਪਾਵੇਲ’ ਜੋ ਰੱਖਿਆ ਸੀ!
ਸਕੂਲੇ ਪੜ੍ਹਦਿਆਂ ਕਈ ਖੇਡਾਂ ਖੇਡਿਆ ਪਰ ਕਾਲਜ ਪਹੁੰਚਦਿਆਂ ਰਸਤਾ ਹੀ ਔਕੜਾਂ ਭਰਿਆ ਫੜ ਲਿਆ। ਉਂਜ ਖੇਡਾਂ ਦੇਖਣ ਤੇ ਖੇਡਾਂ ਖਿਡਾਰੀਆਂ ਬਾਰੇ ਪੜ੍ਹਨ ਦਾ ਸ਼ੌਕ ਬਰਕਰਾਰ ਰਿਹਾ। ਖੇਡਾਂ ਦੇ ਖੇਤਰ ਚ ਚਲਦੀ ਸਿਆਸਤ ਤੇ ਵਪਾਰਕ ਮੁਕਾਬਲੇਬਾਜ਼ੀ ਦੀਆਂ ਪਰਤਾਂ ਫਰੋਲਣ ਲਈ ਕਲਮ ਅਹੁਲਦੀ ਤਾਂ ਹੈ ਪਰ ਹੋਰਨਾਂ ਖੇਤਰਾਂ ਚ ਓਟੀਆਂ ਜ਼ਿੰਮੇਵਾਰੀਆਂ ਇਸ ਪਾਸੇ ਬਹੁਤਾ ਕੁਝ ਲਿਖਣ ਸੋਚਣ ਲਈ ਸਮਾਂ ਨਹੀਂ ਦਿੰਦੀਆਂ। ਅਸਲ ਵਿਚ ਮੈਨੂੰ ਸੁਰਤ ਹੀ ਲੋਕ ਸੰਘਰਸ਼ਾਂ ਚ ਆਈ। ਵਿਦਿਆਰਥੀ ਹੁੰਦਿਆਂ ਵਿਦਿਆਰਥੀ ਜਥੇਬੰਦੀ ਬਣਾਉਣ ਦਾ ਹੰਭਲਾ ਮਾਰਿਆ ਤੇ ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਨੂੰ ਮੁੜ ਜਥੇਬੰਦ ਕਰ ਕੇ ਉਸ ਦੇ ਸੂਬਾਈ ਪ੍ਰਧਾਨ ਦੀ ਜ਼ਿੰਮੇਵਾਰੀ ਚੁੱਕੀ। ਪੰਜਾਬ ਦੀ ਵਿਦਿਆਰਥੀ ਲਹਿਰ ਵੱਲੋਂ ਲੜੇ ਸੰਘਰਸ਼ਾਂ ਦੀਆਂ ਮੋਹਰਲੀਆਂ ਕਤਾਰਾਂ ਚ ਰਹਿ ਕੇ ਹਿੱਸਾ ਪਾਇਆ। ਫਿਰ ਨੌਜਵਾਨ ਭਾਰਤ ਸਭਾ ਜਥੇਬੰਦ ਕਰਨ ਚ ਮੋਢੀ ਵਜੋਂ ਕੰਮ ਕੀਤਾ ਅਤੇ ਨੌਜਵਾਨਾਂ ਵਿਚ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦੇ ਇਨਕਲਾਬੀ ਵਿਚਾਰਾਂ ਦਾ ਚਾਨਣ ਫੈਲਾਉਣ ਦੇ ਯਤਨ ਕੀਤੇ। ਨੌਜਵਾਨਾਂ ਦੇ ਮਸਲਿਆਂ ਦੀਆਂ ਲਿਖਤਾਂ ਛਾਪਣ ਲਈ ‘ਨੌਜਵਾਨ’ ਪਰਚਾ ਪ੍ਰਕਾਸ਼ਿਤ ਕੀਤਾ। ਚਾਹੇ ਸ਼ਹੀਦ ਭਗਤ ਸਿੰਘ ਦੀ ਜਨਮ ਸ਼ਤਾਬਦੀ ਮਨਾਉਣ ਲਈ ਬਰਨਾਲੇ ਦਾ ਇਤਿਹਾਸਕ ਪ੍ਰੋਗਰਾਮ ਹੋਵੇ, ਚਾਹੇ ਨਾਟਕਕਾਰ ਗੁਰਸ਼ਰਨ ਸਿੰਘ ਨੂੰ ਕੁੱਸੇ ਵਿਚ ਜਨਤਕ ਸਲਾਮ ਕਰਨ ਲਈ ਵੱਡਾ ਸਮਾਗਮ ਕੀਤਾ ਹੋਵੇ, ਅਜਮੇਰ ਔਲਖ ਨੂੰ ਬਰਨਾਲੇ ਵਿਚ ਭਾਈ ਲਾਲੋ ਕਲਾ ਸਨਮਾਨ ਦੇਣ ਲਈ ਮਹਾਂ ਸਮਾਗਮ ਰਚਾਇਆ ਹੋਵੇ, ਚਾਹੇ ਨਾਵਲਕਾਰ ਗੁਰਦਿਆਲ ਸਿੰਘ ਦਾ ਜੈਤੋ ਮੰਡੀ ਵਿਚ ਜਨਮ ਦਿਹਾੜਾ ਮਨਾਉਣਾ ਹੋਵੇ, ਇਨ੍ਹਾਂ ਸਭਨਾਂ ਮੇਲਿਆਂ ਤੇ ਦਿਹਾੜਿਆਂ ਨੂੰ ਮਨਾਉਣ, ਇਕੱਠ ਕਰਨ ਤੇ ਲਿਖਣ ਲਿਖਾਉਣ ਦੇ ਹਰ ਤਰ੍ਹਾਂ ਦੇ ਕਾਰਜਾਂ ਵਿਚ ਮੂਹਰੇ ਲੱਗ ਕੇ ਕੰਮ ਕੀਤਾ। ਗੁਰਸ਼ਰਨ ਸਿੰਘ ਲੋਕ ਕਲਾ ਸਲਾਮ ਕਾਫ਼ਲਾ ਨਾਂ ਦੀ ਸੰਸਥਾ ਬਣਾਉਣ ਤੇ ਚਲਾਉਣ ਵਾਲੇ ਮੋਢੀਆਂ ਵਿਚ ਸ਼ੁਮਾਰ ਰਿਹਾ। ਇਸ ਸੰਸਥਾ ਰਾਹੀਂ ਲੋਕ ਕਲਾਕਾਰਾਂ ਤੇ ਸਾਹਿਤਕਾਰਾਂ ਨੂੰ ਲੋਕਾਂ ਵੱਲੋਂ ਸਨਮਾਨਤ ਕਰਨ ਦਾ ਵਿਲੱਖਣ ਉੱਦਮ ਕੀਤਾ ਜਾਂਦਾ ਹੈ। ਦਿੱਲੀ ਦੀਆਂ ਬਰੂਹਾਂ ਤੇ ਚੱਲੇ ਇਤਿਹਾਸਕ ਕਿਸਾਨ ਸੰਘਰਸ਼ ਵਿਚ ਵੀ ਖੁੱਭ ਕੇ ਯੋਗਦਾਨ ਪਾਇਆ। ਪੰਜਾਬ ਦੀ ਵੱਡੀ ਕਿਸਾਨ ਜਥੇਬੰਦੀ ਬੀਕੇਯੂ (ਏਕਤਾ)-ਉਗਰਾਹਾਂ ਦੇ ਕੋਆਰਡੀਨੇਟਰ ਵਜੋਂ ਪ੍ਰੈੱਸ ਹਲਕਿਆਂ ਤੇ ਹੋਰਨਾਂ ਜਥੇਬੰਦੀਆਂ ਨਾਲ ਰਾਬਤੇ ਦੀਆਂ ਜ਼ਿੰਮੇਵਾਰੀਆਂ ਨਿਭਾਈਆਂ। ਰੋਜ਼ ਉੱਠਦੇ ਰਹੇ ਨਵੇਂ ਸਵਾਲਾਂ ’ਤੇ ਲਗਾਤਾਰ ਕਲਮ ਚੱਲੀ, ਇੰਟਰਵਿਊਜ਼ ਤੇ ਵੀਡੀਓ ਕਲਿੱਪਾਂ ਰਾਹੀਂ ਸੰਘਰਸ਼ ਦੇ ਉਲਝਵੇਂ ਮੋੜਾਂ ’ਤੇ ਆਪਣੇ ਵਿਚਾਰ ਰੱਖੇ।
ਅੱਜ ਕੱਲ੍ਹ ਇਨਕਲਾਬੀ ਮੈਗਜ਼ੀਨ ‘ਸੁਰਖ ਲੀਹ’ ਦੇ ਸੰਪਾਦਕ ਦੀਆਂ ਜ਼ਿੰਮੇਵਾਰੀਆਂ ਓਟੀਆਂ ਹਨ। ਦੋ ਮਹੀਨਿਆਂ ਬਾਅਦ ਮੈਗਜ਼ੀਨ ਦੇ ਨਾਲ ਕਿਤਾਬਚੇ ਤੇ ਕਿਤਾਬਾਂ ਛਾਪਣ ਦਾ ਕੰਮ ਚੱਲਦਾ ਰਹਿੰਦਾ ਹੈ। ‘ਸਲਾਮ’ ਨਾਂ ਦਾ ਮੈਗਜ਼ੀਨ ਵੀ ਗਾਹੇ-ਬਗਾਹੇ ਛਾਪਿਆ ਜਾ ਰਿਹੈ। ਰੋਜ਼ਮੱਰਾ ਦੇ ਮਸਲਿਆਂ ’ਤੇ ਚਲੰਤ ਅਤੇ ਤਿੱਖੀਆਂ ਟਿੱਪਣੀਆਂ ਲਈ ਸੋਸ਼ਲ ਮੀਡੀਆ ’ਤੇ ਕਲਮ ਚੱਲਦੀ ਰਹਿੰਦੀ ਹੈ। ਗੱਲ ਚਾਹੇ ਲਿਖ ਕੇ ਕਹਿਣੀ ਹੋਵੇ ਚਾਹੇ ਬੋਲ ਕੇ, ਦੋਵੇਂ ਤਰ੍ਹਾਂ ਕਹਿ ਲਈਦੀ ਹੈ। ਗੰਭੀਰ ਵਿਸ਼ਿਆਂ ਬਾਰੇ ਲੇਖਾਂ ਨਾਲ ਕਦੇ ਕਦੇ ਕਲਮ ਵਿਚੋਂ ਗੀਤ ਉਗਮਦੇ ਤੇ ਕਵਿਤਾਵਾਂ ਵੀ ਫੁੱਟ ਪੈਂਦੀਆਂ ਹਨ। ਸੰਘਰਸ਼ ਚਾਹੇ ਖੇਤ ਮਜ਼ਦੂਰਾਂ ਦਾ ਹੋਵੇ, ਚਾਹੇ ਅਧਿਆਪਕਾਂ ਦਾ, ਚਾਹੇ ਵਿਦਿਆਰਥੀਆਂ ਜਾਂ ਕਿਸਾਨਾਂ ਦਾ, ਉਹ ਆਪਣਾ ਹੀ ਹੁੰਦਾ ਹੈ। ਖੇਡਾਂ ਵਿਚ ਪੂੰਜੀਵਾਦੀ ਵਪਾਰਕ ਵਰਤਾਰੇ ਬਾਰੇ ਕ੍ਰਿਕਟ ਤੋਂ ਲੈ ਕੇ ਕਬੱਡੀ ਤਕ ਕਈ ਲੇਖ ਲਿਖੇ ਹਨ:
ਕਬੱਡੀ ਨੂੰ ਕਾਰਪੋਰੇਟਾਂ ਦਾ ਜੱਫਾ
ਕੁਝ ਵਰ੍ਹਿਆਂ ਤੋਂ ਕਬੱਡੀ ਦੀ ਖੇਡ ਡਰੱਗ, ਗੁੰਡਾਗਰਦੀ ਤੇ ਕਾਰਪੋਰੇਟੀ ਜੱਫਿਆਂ ਦੀ ਪਕੜ ਵਿਚ ਹੈ। ਉਸ ਨਾਲ ਕਬੱਡੀ ਦੇ ਕਈ ਨਾਮੀ ਖਿਡਾਰੀ ਅਪਾਹਜ ਤੇ ਨਿਪੁੰਸਕ ਹੋ ਚੁੱਕੇ ਹਨ, ਕਈ ਮਰ-ਮੁੱਕ ਗਏ ਹਨ ਤੇ ਕੁਝ ਇਕਨਾਂ ਦੇ ਕਤਲ ਹੋ ਰਹੇ ਹਨ। ਕਿਤੇ ਖੇਡਾਂ ਦੀ ਗੱਲ ਚੱਲੇ ਤਾਂ ਇਹ ਫ਼ਿਕਰ ਖੇਡ ਪ੍ਰੇਮੀਆਂ ਨੂੰ ਵੱਢ ਵੱਢ ਖਾਂਦਾ ਹੈ ਕਿ ਪੰਜਾਬੀਆਂ ਦੀ ਮਕਬੂਲ ਖੇਡ ਕਬੱਡੀ ਹੁਣ ਰੁਲ਼ਦੀ ਜਾ ਰਹੀ ਹੈ। ਕਬੱਡੀ ਨੇ ਰੁਲ਼ਣਾ ਹੀ ਸੀ ਜਦੋਂ ਕਬੱਡੀ ਖੇਡਣ ਤੇ ਦੇਖਣ ਵਾਲੇ ਹੀ ਰੁਲ਼ੇ ਫਿਰਦੇ ਹੋਣ। ਜਿਹੜੇ ਆਪ ਹੀ ਰੁਲ਼ੇ ਫਿਰਦੇ ਹੋਣ ਉਨ੍ਹਾਂ ਦੀਆਂ ਖੇਡਾਂ ਵੀ ਰੁਲ਼ ਜਾਂਦੀਆਂ ਨੇ ਤੇ ਖੇਡਾਂ ਨਾਲ ਜੁੜੀਆਂ ਰਵਾਇਤਾਂ ਵੀ। ਪੰਜਾਬ ਦੇ ਕਬੱਡੀ ਪ੍ਰੇਮੀਆਂ ਦਾ ਇਹ ਦਰਦ ਸਾਂਝਾ ਹੈ ਕਿ ਹੁਣ ਭਲ਼ੇ ਵੇਲਿ਼ਆਂ ਵਾਲੀਆਂ ਗੱਲਾਂ ਨਹੀਂ ਰਹੀਆਂ। ਇਹ ਸਰੋਕਾਰ ਵੀ ਸਾਂਝੇ ਹਨ ਕਿ ਸਾਡੀ ਹਰਮਨ ਪਿਆਰੀ ਖੇਡ ਕਬੱਡੀ ਦਾ ਮਾੜਾ ਹਾਲ ਕਿਉਂ ਹੋਇਆ ਪਿਐ? ਕਦੇ ਪੰਜਾਬ ’ਤੇ ਰਾਜ ਕਰਦੇ ਸਿਆਸਤਦਾਨਾਂ ਨੇ ਕਬੱਡੀ ਨੂੰ ਓਲੰਪਿਕ ਖੇਡਾਂ ਵਿਚ ਲੈ ਜਾਣ ਦੇ ਦਾਅਵੇ ਇਉਂ ਕੀਤੇ ਸਨ ਜਿਵੇਂ ਉਹ ਵੋਟਾਂ ਵੇਲੇ ਝੂਠੇ ਵਾਇਦੇ ਕਰਦੇ ਹਨ। ਇਹ ਦਾਅਵੇ ਕਬੱਡੀ ਪ੍ਰੇਮੀਆਂ ਨੂੰ ਸਤਹੀ ਪੱਧਰ ਤੇ ਹੀ ਸਰੂਰ ਦੇਣ ਵਾਲੇ ਸਨ। ਹੋਇਆ ਇਹ ਕਿ ਉਨ੍ਹਾਂ ਨੇ ਕਬੱਡੀ ਪੰਜਾਬ ਚੋਂ ਕਿਧਰੇ ਹੋਰ ਤੋਰ ਦਿੱਤੀ ਜੋ ਓਲੰਪਿਕ ਦਾ ਰਾਹ ਭੁੱਲ ਗਈ। ਹੁਣ ਪੰਜਾਬੀ ਆਪਣੀ ਮਾਂ-ਖੇਡ ਦੀ ਪੁਰਾਣੀ ਚੜ੍ਹਤ ਤਲਾਸ਼ ਰਹੇ ਹਨ। ਵੈਸੇ ਕਬੱਡੀ ਨੇ ਕਰੋੜਾਂ ਦੀ ਹੋ ਜਾਣ ਨਾਲ ਆਮ ਲੋਕਾਂ ਕੋਲ ਰਹਿਣਾ ਵੀ ਕਿੱਥੇ ਸੀ? ਆਖ਼ਰ ਕਰੋੜਪਤੀਆਂ ਕੋਲ ਹੀ ਜਾਣਾ ਸੀ ਨਾ!
ਪੰਜਾਬ ਦੀ ਇਸ ਮਕਬੂਲ ਖੇਡ ਦੇ ਅਜਿਹੇ ਹਸ਼ਰ ਲਈ ਕਈ ਵਾਰ ਸਾਡੀਆਂ ਹਕੂਮਤਾਂ ਦੀ ਖੇਡ ਨੀਤੀ ਦੀ ਨਾਕਾਮੀ, ਖੇਡ ਸੰਸਥਾਵਾਂ ਦੀ ਨਾਲਾਇਕੀ, ਖੇਡ ਖੇਤਰ ਵਿਚ ਬੇਲੋੜੀ ਸਿਆਸੀ ਦਖ਼ਲਅੰਦਾਜ਼ੀ ਅਤੇ ਸਰਕਾਰਾਂ ਦੀ ਖੇਡ ਸਭਿਆਚਾਰ ਪ੍ਰਤੀ ਬੇਰੁਖ਼ੀ ਨੂੰ ਜ਼ਿੰਮੇਵਾਰ ਟਿੱਕ ਲਿਆ ਜਾਂਦਾ ਹੈ; ਜਾਂ ਫਿਰ ਸਮਾਜ ਅੰਦਰ ਨਸ਼ਿਆਂ ਦੀ ਮਾਰ, ਗੈਂਗਸਟਰ ਵਰਤਾਰੇ, ਮਾੜੀਆਂ ਖੁਰਾਕਾਂ ਤੇ ਨੌਜਵਾਨਾਂ ਵਿਚ ਸਰੀਰਕ ਖੇਡਾਂ ਲਈ ਘਟਦੀ ਰੁਚੀ ਦਾ ਜ਼ਿਕਰ ਆ ਜਾਂਦਾ ਹੈ। ਬਿਨਾ ਸ਼ੱਕ ਇਹ ਤੇ ਇਨ੍ਹਾਂ ਵਰਗੇ ਹੋਰ ਕਿੰਨੇ ਹੀ ਕਾਰਨਾਂ ਨੇ ਨਾ ਸਿਰਫ ਕਬੱਡੀ ਦਾ ਬੇੜਾ ਡੋਬਣਾ ਸ਼ੁਰੂ ਕੀਤਾ ਹੋਇਐ ਸਗੋਂ ਹੋਰਨਾਂ ਖੇਡਾਂ ਦੇ ਸਿਹਤਮੰਦ ਮਾਹੌਲ ਦੀ ਵੀ ਪੱਟੀ ਮੇਸ ਕਰ ਰੱਖੀ ਹੈ।
ਪੰਜਾਬੀਆਂ ਦੀ ਮਾਂ ਖੇਡ ਕਹੀ ਜਾਂਦੀ ਕਬੱਡੀ ਦੀ ਇਸ ਹੋਣੀ ਨੂੰ ਪੰਜਾਬੀ ਸਮਾਜ ਦੇ ਸਮੁੱਚੇ ਸੰਕਟਾਂ ਤੋਂ ਅਲਹਿਦਾ ਕਰ ਕੇ ਨਹੀਂ ਦੇਖਿਆ ਜਾ ਸਕਦਾ। ਖੇਡਾਂ ਕਿਸੇ ਸਮਾਜ ਦੇ ਸਿਰਫ ਸਰੀਰਕ ਤੌਰ ਤੇ ਸਿਹਤਮੰਦ ਹੋਣ ਦਾ ਪ੍ਰਤੀਕ ਹੀ ਨਹੀਂ ਹੁੰਦੀਆਂ ਸਗੋਂ ਉਹ ਲੋਕਾਂ ਦੀ ਸਮਾਜਿਕ ਸਭਿਆਚਾਰਕ ਜ਼ਿੰਦਗੀ ਦੀ ਟੋਹ ਵੀ ਦਿੰਦੀਆਂ ਹਨ ਕਿਉਂਕਿ ਉਹ ਉਸ ਸਭਿਆਚਾਰਕ ਜੀਵਨ ਦਾ ਅਨਿੱਖੜਵਾਂ ਅੰਗ ਹੁੰਦੀਆਂ ਹਨ। ਉਹ ਕਿਸੇ ਸਮਾਜ ਦੀ ਸਭਿਆਚਾਰਕ ਰਵਾਨਗੀ, ਸਮਾਜਿਕ ਰੁਚੀਆਂ ਤੇ ਕਦਰਾਂ ਕੀਮਤਾਂ ਦਾ ਭੇਤ ਵੀ ਦਿੰਦੀਆਂ ਹਨ। ਖੇਡਾਂ ਤੇ ਹੋਰ ਸਮਾਜਿਕ ਸਭਿਆਚਾਰਕ ਰਵਾਇਤਾਂ, ਉਸੇ ਵਰਤਾਰੇ ਦਾ ਹੀ ਪਰਤੌਅ ਹੁੰਦੀਆਂ ਹਨ ਜੋ ਸਮਾਜ ਜੀਅ ਰਿਹਾ ਹੁੰਦਾ ਅਤੇ ਸਮੂਹਕ ਤੌਰ ਤੇ ਹੰਢਾ ਰਿਹਾ ਹੁੰਦਾ ਹੈ। ਸੰਕਟ ਵਿਚ ਘਿਰੇ ਸਮਾਜਾਂ ਅੰਦਰ ਫਿਰ ਇਨ੍ਹਾਂ ਸਮਾਜਿਕ ਸਭਿਆਚਾਰਕ ਗਤੀਵਿਧੀਆਂ ਦੀ ਹੋਣੀ ਨੂੰ ਸਰਾਪ ਲੱਗ ਜਾਂਦਾ ਹੈ।
ਪਿਛਲੇ ਦਹਾਕਿਆਂ ਵਿਚ ਪੰਜਾਬੀ ਸਮਾਜ ਅੰਦਰ ਅਜਿਹੀਆਂ ਤਬਦੀਲੀਆਂ ਹੋਈਆਂ ਹਨ ਜਿਨ੍ਹਾਂ ਨੇ ਇਸ ਦੇ ਰਵਾਇਤੀ ਪੇਂਡੂ ਜੀਵਨ ਵਿਚ ਬੜੀ ਵੱਡੀ ਉਥਲ-ਪੁਥਲ ਕੀਤੀ ਹੈ। ਕਬੱਡੀ ਦੀ ਖੇਡ ਦੇ ਝੰਬੇ ਜਾਣ ਦੇ ਪ੍ਰਸੰਗ ਚ ਕਹਿਣਾ ਹੋਵੇ ਤਾਂ ਇਹ ਹੁਣ ਹਰੇ ਇਨਕਲਾਬ ਦੇ ਝੰਬੇ ਪੰਜਾਬ ਦਾ ਪਰਤੌਅ ਹੈ ਜਿਸ ਦੀ ਕਬੱਡੀ ਵੀ ਝੰਬੀ ਪਈ ਹੈ। ਪੰਜਾਬ ਬੇਰੁਜ਼ਗਾਰੀ ਦਾ ਵੀ ਝੰਬਿਆ ਹੋਇਆ ਹੈ ਤੇ ਪਰਵਾਸ ਦਾ ਵੀ। ਹਰੇ ਇਨਕਲਾਬ ਦੇ ਇਸ ਮਾਡਲ ਨੇ ਪੰਜਾਬੀਆਂ ਕੋਲੋਂ ਉਹ ਸਿਹਤ ਹੀ ਖੋਹਣੀ ਸ਼ੁਰੂ ਕੀਤੀ ਹੋਈ ਹੈ ਜੀਹਦੇ ਜ਼ੋਰ ’ਤੇ ਕਬੱਡੀ ਖੇਡੀ ਜਾਣੀ ਸੀ। ਡੂੰਘੇ ਹੋ ਰਹੇ ਆਰਥਿਕ ਸਮਾਜਿਕ ਸੰਕਟਾਂ ਨੇ ਉਹ ਮੌਜ ਅਤੇ ਬੇਪਰਵਾਹੀ ਵੀ ਖੋਹ ਲਈ ਹੈ ਜੋ ਕਬੱਡੀ ਖੇਡਣ ਲਈ ਚਾਹੀਦੀ ਸੀ। ਉਸ ਪੇਂਡੂ ਭਾਈਚਾਰੇ ’ਤੇ ਸੱਟ ਮਾਰ ਦਿੱਤੀ ਹੈ ਜਿਥੇ ਇਸ ਖੇਡ ਨੇ ਹੋਰ ਚੜ੍ਹਤ ਹਾਸਲ ਕਰਨੀ ਸੀ। ਸਮੁੱਚਾ ਪੰਜਾਬ ਤੇ ਦੇਸ਼ ਅਜਿਹੇ ਆਰਥਕ ਸਮਾਜਿਕ ਸੰਕਟਾਂ ਚ ਘਿਰਿਆ ਹੋਇਆ ਹੈ ਜਿਹੜੇ ਆਏ ਦਿਨ ਹੋਰ ਡੂੰਘੇ ਹੋ ਰਹੇ ਹਨ। ਸਾਡਾ ਸਭਿਆਚਾਰ, ਆਰਥਿਕਤਾ, ਰਵਾਇਤਾਂ ਤੇ ਖੇਡਾਂ ਸਭ ਕੁਝ ਹੀ ਸਾਮਰਾਜੀ ਪੂੰਜੀ ਦੀ ਜਕੜ ਚ ਆਇਆ ਹੋਇਆ ਹੈ। ਸੋ ਕਬੱਡੀ ਦਾ ਇਹ ਮੰਦੜਾ ਹਾਲ ਪੰਜਾਬੀ ਸਮਾਜ ਦਾ ਕੋਈ ਵਿਕੋਲਿਤਰਾ ਵਰਤਾਰਾ ਨਹੀਂ ਸਗੋਂ ਸਮਾਜ ਅੰਦਰ ਚੱਲ ਰਹੇ ਹੋਰਨਾਂ ਸੰਕਟਾਂ ਦੇ ਅਨੇਕਾਂ ਵਰਤਾਰਿਆਂ ਦਾ ਹੀ ਹਿੱਸਾ ਹੈ।
ਕੁਝ ਦਹਾਕੇ ਪਹਿਲਾਂ ਪੰਜਾਬ ਵਿਚ ਕਬੱਡੀ ਤਾਂ ਬਹੁਤ ਨੌਜਵਾਨ ਖੇਡ ਲੈਂਦੇ ਸਨ ਪਰ ਖੇਡਣ ਦਾ ਚਾਅ ਉਹੀ ਪੂਰਾ ਕਰਦੇ ਸਨ ਜਿਨ੍ਹਾਂ ਦੀਆਂ ਜ਼ਮੀਨੀ ਢੇਰੀਆਂ ਜਾਂ ਹੋਰ ਕਾਰੋਬਾਰ ਤੇ ਜਾਇਦਾਦਾਂ ਖੇਡਣ ਲਈ ਰੀਝ ਪੁਗਾਉਣ ਜੋਗੀ ਢੋਈ ਦਿੰਦੀਆਂ ਸਨ। ਵਿਹੜੇ ਵਾਲਿਆਂ ਦੇ ਜਾਇਦਾਦ ਹੀਣੇ ਮੁੰਡੇ ਪਹਿਲਾਂ ਹੀ ਹਾਰ ਜਾਂਦੇ ਸਨ ਤੇ ਦਿਹਾੜੀਆਂ ਹੀ ਉਨ੍ਹਾਂ ਤੋਂ ਪੁਆਇੰਟ ਲੈ ਜਾਂਦੀਆਂ ਸਨ। ਉਹ ਕਬੱਡੀ ਦੇ ਮੈਦਾਨ ਵਿਚ ਪਹੁੰਚਣ ਤੋਂ ਪਹਿਲਾਂ ਹੀ ਰਿਜ਼ਕ ਦੇ ਫਿਕਰਾਂ ਹੱਥੋਂ ਚਿੱਤ ਹੋ ਜਾਂਦੇ ਸਨ। ਜਿਹੜੇ ਖੇਡਣ ਦਾ ਚਾਅ ਪੂਰਾ ਕਰਦੇ ਸਨ, ਉਸ ਪਰਤ ਦੇ ਸੁਪਨਿਆਂ ਦੀ ਧਰਤੀ ਹੁਣ ਕੈਨੇਡਾ ਜਾਂ ਅਮਰੀਕਾ ਹੈ। ਜਦੋਂ ਕਬੱਡੀ ਦੇ ਖੰਭ ਲਾ ਕੇ ਕੈਨੇਡਾ ਪੁੱਜਿਆ ਜਾ ਸਕਦਾ ਸੀ, ਉਦੋਂ ਕਿੰਨਿਆਂ ਹੀ ਨੌਜਵਾਨਾਂ ਨੇ ਕਬੱਡੀ ਵਿਦੇਸ਼ ਜਾਣ ਕਰਕੇ ਵੀ ਖੇਡੀ। ਮੇਰੇ ਆਪਣੇ ਪਿੰਡ ਦੇ ਮੁੰਡੇ ਜਿਨ੍ਹਾਂ ਨੂੰ ਮੈਂ ਬਚਪਨ ਵਿਚ ਕਬੱਡੀ ਖੇਡਦਿਆਂ ਤੱਕਿਆ ਸੀ, ਉਹਨਾਂ ਵਿਚੋਂ ਕਈ ਕੈਨੇਡਾ ਜਾਂ ਹੋਰਨਾਂ ਵਿਕਸਤ ਮੁਲਕਾਂ ਵਿਚ ਵਸ ਚੁੱਕੇ ਹਨ ਪਰ ਹੁਣ ਤਾਂ ਕੈਨੇਡਾ ਨੂੰ ਉੱਡਣ ਲਈ ਕਬੱਡੀ ਦੇ ਪਰ ਵੀ ਕੁਤਰੇ ਜਾ ਰਹੇ ਹਨ।
ਜਿਹੜੀ ਧਰਤੀ ਉੱਤੇ ਨੌਜਵਾਨਾਂ ਦਾ ਜੀਅ ਨਾ ਲੱਗਦਾ ਹੋਵੇ, ਉਹਦਾ ਅੰਦਾਜ਼ਾ ਲਾਉਣਾ ਔਖਾ ਨਹੀਂ ਕਿ ਉਥੇ ਦੀਆਂ ਖੇਡਾਂ ਤੇ ਹੋਰਨਾਂ ਸਭਿਆਚਾਰਕ ਸਰਗਰਮੀਆਂ ਦੀਆਂ ਰਵਾਇਤਾਂ ਦਾ ਹਸ਼ਰ ਕੀ ਹੋਵੇਗਾ? ਇਹਨਾਂ ਹਾਲਤਾਂ ਵਿਚ ਜਿਹੜੀ ਵੀ ਕਬੱਡੀ ਪੰਜਾਬ ਦੇ ਖੇਡ ਮੈਦਾਨਾਂ ਤੇ ਸਟੇਡੀਅਮਾਂ ਵਿਚ ਖੇਡੀ ਜਾ ਰਹੀ ਹੈ, ਉਹ ਪੂਰੀ ਤਰ੍ਹਾਂ ਪੇਸ਼ਾਵਰ/ਕਾਰੋਬਾਰ ਵਿਚ ਤਬਦੀਲ ਹੋ ਚੁੱਕੀ ਹੈ। ਇਕੱਲੀ ਕਬੱਡੀ ਹੀ ਨਹੀਂਂ, ਇਥੇ ਹਰ ਖੇਡ ਕਿਸੇ ਤਰ੍ਹਾਂ ਦੇ ਵਪਾਰ ਵਿਚ ਤਬਦੀਲ ਹੋ ਚੁੱਕੀ ਹੈ। ਉਂਝ ਤਾਂ ਖੇਡਾਂ ਹੀ ਕਿਉਂ, ਨਵ-ਉਦਾਰਵਾਦੀ ਨੀਤੀਆਂ ਦੇ ਇਸ ਦੌਰ ਅੰਦਰ ਪੂੰਜੀ ਦੇ ਤਰਕ ਨੇ ਸਾਡੇ ਹਰ ਸਮਾਜਿਕ ਸਭਿਆਚਾਰਕ ਵਰਤਾਰੇ ਨੂੰ ਆਪਣੀ ਜਕੜ ਚ ਲੈ ਲਿਆ ਹੈ। ਫਿਰ ਕਬੱਡੀ ਕਿਥੋਂ ਬਚਣੀ ਸੀ? ਇਹ ਪੂੰਜੀ ਦਾ ਤਰਕ ਹੈ ਕਿ ਸਾਡੇ ਕਬੱਡੀ ਖਿਡਾਰੀ ਹੁਣ ਯੂਨਾਨ ਵਾਂਗ ਗਲੈਡੀਏਟਰਾਂ ਵਿਚ ਤਬਦੀਲ ਹੋ ਚੁੱਕੇ ਹਨ ਜਿਹੜੇ ਪੈਸੇ ਦੀ ਸ਼ਤਰੰਜ ਖੇਡ ਦੇ ਛੋਟੇ ਪਿਆਦੇ ਹਨ। ਉਹਨਾਂ ਨੂੰ ਖਿਡਾਉਣ ਵਾਲੇ ਚਾਹੇ ਨਵੇਂ ਉੱਭਰੇ ਖੇਡ ਪ੍ਰੋਮੋਟਰ ਹੋਣ, ਟੂਰਨਾਮੈਂਟਾਂ ਨੂੰ ਕਾਰੋਬਾਰਾਂ ਦੇ ਅੰਗ ਵਜੋਂ ਵਿਉਂਤਣ ਵਾਲੇ ਵਪਾਰੀ ਹੋਣ, ਨਸ਼ਿਆਂ ਦੇ ਸਮੱਗਲਰ ਹੋਣ ਜਾਂ ਗੈਂਗਸਟਰ ਹੋਣ। ਕਬੱਡੀ ਦੀ ਖੇਡ ਅੰਦਰ ਇਨ੍ਹਾਂ ਸਭਨਾਂ ਨੇ ਇਕੱਠੇ ਹੋ ਕੇ ਇਸ ਨੂੰ ਆਪੋ-ਆਪਣੇ ਮੰਤਵਾਂ ਲਈ ਜਕੜ ਵਿਚ ਲੈ ਲਿਆ ਹੈ। ਇਹ ਸਾਂਝੀ ਜਕੜ ਇਹਨਾਂ ਸਭਨਾਂ ਦੇ ਮੰਤਵਾਂ ਨੂੰ ਹੱਲ ਕਰਦੀ ਹੈ। ਇਸ ਵਧਦੀ ਗਈ ਜਕੜ ਨਾਲ, ਕਬੱਡੀ ਦੇ ਕਰੋੜਾਂ ਦੀ ਹੋਣ ਨਾਲ ਇਹ ਲੋਕਾਂ ਕੋਲੋਂ ਦੂਰ ਹੋ ਰਹੀ ਹੈ।
ਇਸ ਵਰਤਾਰੇ ਦੀ ਲਪੇਟ ਵਿਚ ਆਉਣ ਦੀ ਸ਼ੁਰੂਆਤ ਉਦੋਂ ਹੋਈ ਜਦੋਂ ਕਬੱਡੀ ਦੇ ਡਾਲਰਾਂ ਤੇ ਪੌਂਡਾਂ ਦੀ ਹੋ ਜਾਣ ਦਾ ਸਿਲਸਿਲਾ ਸ਼ੁਰੂ ਹੋਇਆ ਸੀ। ਜਦੋਂ ਇਕ-ਇਕ ਰੇਡ ਤੇ ਜੱਫੇ ’ਤੇ ਵਪਾਰੀਆਂ ਨੇ ਪੈਸੇ ਲਾਉਣੇ ਸ਼ੁਰੂ ਕੀਤੇ ਤੇ ਫਿਰ ਵਪਾਰ ਨੇ ਅਜਿਹਾ ਜ਼ੋਰ ਦਿਖਾਇਆ ਕਿ ਰੇਡਾਂ ਪੈਣਾਂ ਤੇ ਜੱਫੇ ਲਾਉਣਾ ਹੀ ਵਪਾਰ ਹੋ ਗਿਆ। ਪੂੰਜੀਵਾਦੀ ਯੁੱਗ ਵਿਚ ਵਿਸ਼ੇਸ਼ ਕਰਕੇ ਨਵ-ਉਦਾਰਵਾਦੀ ਨੀਤੀਆਂ ਦੇ ਦੌਰ ਅੰਦਰ ਖੇਡਾਂ ਦੇ ਵਪਾਰੀਕਰਨ ਦਾ ਸਿਲਸਿਲਾ ਪੂਰੀ ਦੁਨੀਆ ਵਿਚ ਚੱਲਿਆ ਹੋਇਆ ਹੈ। ਕਿਸੇ ਖੇਡ ਪ੍ਰਤੀ ਖਿੱਚ, ਦਰਸ਼ਕਾਂ ਦੀ ਘੱਟ/ਵੱਧ ਗਿਣਤੀ ਤੈਅ ਕਰਦੀ ਹੈ ਕਿ ਉਹ ਖੇਡ ਕੰਪਨੀਆਂ ਲਈ ਕਿੰਨੇ ਮੁਨਾਫ਼ੇ ਦਾ ਜ਼ਰੀਆ ਬਣ ਸਕਦੀ ਹੈ। ਪੰਜਾਬ ਵਰਗੇ ਛੋਟੇ ਖਿੱਤੇ ਵਿਚ ਆਬਾਦੀ ਦੀ ਛੋਟੀ ਪ੍ਰਤੀਸ਼ਤ ਵੱਲੋਂ ਖੇਡੀ ਜਾਣ ਵਾਲੀ ਖੇਡ ਕਬੱਡੀ, ਵੱਡੀਆਂ ਕੰਪਨੀਆਂ ਲਈ ਮੁਨਾਫੇ ਪੱਖੋਂ ਖਿੱਚ ਪਾਊ ਨਹੀਂ ਸੀ, ਚਾਹੇ ਬਾਦਲ ਕੇ ਲਾਣੇ ਨੇ ਇਸ ਨੂੰ ਬਣਾਉਣ ਦਾ ਯਤਨ ਵੀ ਕੀਤਾ ਸੀ ਪਰ ਪੰਜਾਬ ਦੇ ਕਾਰੋਬਾਰੀਆਂ ਤੇ ਵਪਾਰੀਆਂ ਲਈ ਪੈਸੇ ਲਾਉਣ ਤੇ ਕਮਾਉਣ ਦਾ ਜ਼ਰੀਆ ਬਣਦੀ ਸੀ ਜੋ ਬਣੀ ਵੀ। ਕਬੱਡੀ ਦੇ ਕਾਰੋਬਾਰ ਵਿਚ ਤਬਦੀਲ ਹੋ ਜਾਣ ਨੇ ਇਸ ਅੰਦਰ ਉਨ੍ਹਾਂ ਸਾਰੀਆਂ ਅਲਾਮਤਾਂ ਦੇ ਸੰਚਾਰ ਦਾ ਰਾਹ ਪੱਧਰਾ ਕਰ ਦਿੱਤਾ ਜਿਹੜੀਆਂ ਅਲਾਮਤਾਂ ਏਸ ਵੇਲੇ ਹੋਰਨਾਂ ਕਾਰੋਬਾਰਾਂ ਵਿਚ ਪ੍ਰਗਟ ਹੋ ਰਹੀਆਂ ਹਨ।
ਵਪਾਰ ਵਜੋਂ ਖੇਡੀ ਜਾ ਰਹੀ ਖੇਡ ਅੰਦਰ ਧੌਂਸ ਦੇ ਜ਼ੋਰ ਵਿਰੋਧੀ ਨੂੰ ਮੁਕਾਬਲੇ ਵਿਚੋਂ ਕੱਢਣ, ਜਿੱਤਣ ਲਈ ਖੇਡ ਮੁਹਾਰਤ ਨਾਲੋਂ ਜ਼ਿਆਦਾ ਬਾਹਰੋਂ ਮੈਨੇਜਮੇਂਟ ਕਰਨ ਦੀ ਸਮਰੱਥਾ ’ਤੇ ਟੇਕ ਰੱਖਣ, ਗੁੰਡਾ ਗਰੋਹਾਂ ਨਾਲ ਗੰਢ-ਤੁੱਪ ਕਰਨ ਤੇ ਮੌਕੇ ਦੀ ਸਮਰੱਥਾ ਦੇ ਵਾਧੇ ਲਈ ਨਸ਼ਿਆਂ ਦਾ ਆਸਰਾ ਲੈਣ ਵਰਗੀਆਂ ਜ਼ਰੂਰਤਾਂ ਪੈਦਾ ਹੁੰਦੀਆਂ ਹਨ। ਖੇਡ ਪ੍ਰੋਮੋਟਰਾਂ ਦੇ ਨਾਂ ਹੇਠ ਕਬੱਡੀ ਦੀ ਖੇਡ ਦਾ ਵੀ ਵਪਾਰੀ ਵਰਗ ਉਭਰਿਆ ਜਿਸ ਨੇ ਸਥਾਨਕ ਸਿਆਸਤਦਾਨਾਂ, ਗੁੰਡਾ ਗਰੋਹਾਂ, ਨਸ਼ਾ ਸਮੱਗਲਰਾਂ ਤੇ ਕਾਰੋਬਾਰੀਆਂ ਦੇ ਵੱਡੇ ਗੱਠਜੋੜ ਦੇ ਚੱਕਰਵਿਊਹ ਵਿਚ ਕਬੱਡੀ ਦੀ ਖੇਡ ਨੂੰ ਬੁਰੀ ਤਰ੍ਹਾਂ ਉਲਝਾ ਦਿੱਤਾ ਤੇ ਖਿਡਾਰੀ ਇਨ੍ਹਾਂ ਸ਼ਕਤੀਆਂ ਦੇ ਮੋਹਰੇ ਬਣ ਕੇ ਰਹਿ ਗਏ ਹਨ। ਕਬੱਡੀ ਦੀ ਖੇਡ ਅੰਦਰ ‘ਪੰਜਾਬੀ ਕਾਰਪੋਰੇਟਾਂ’ ਦੀ ਜਕੜ ਏਨੀ ਪੀਡੀ ਹੋ ਗਈ ਹੈ ਕਿ ਖਿਡਾਰੀਆਂ ਦੀ ਜਗ੍ਹਾ ਸੁੰਗੜ ਕੇ ਰਹਿ ਗਈ ਹੈ। ਇਹ ਉਹੀ ਵਰਤਾਰਾ ਹੈ ਜਿਹੜਾ ਇਸ ਵੇਲੇ ਪੰਜਾਬੀ ਕਲਾ ਜਗਤ ਦੇ ਖੇਤਰ ਅੰਦਰ ਚੱਲ ਰਿਹਾ ਹੈ ਤੇ ਜਿਹੜਾ ਵਪਾਰਕ ਕਾਰੋਬਾਰਾਂ ਲਈ ਲੁਭਾਉਣੀ ਥਾਂ ਬਣਿਆ ਹੋਇਆ ਹੈ। ਕਬੱਡੀ ਦੀ ਖੇਡ ਅੰਦਰ ਇਸ ਗੱਠਜੋੜ ਦਾ ਵਰਤਾਰਾ ਕਿਵੇਂ ਜੜ੍ਹਾਂ ਜਮਾ ਚੁੱਕਾ ਹੈ, ਇਹ ਪੂਰੀ ਕਿਤਾਬ ਦੀ ਸਮੱਗਰੀ ਬਣਦੀ ਹੈ। ਜੇ ਕਹਿਣਾ ਹੋਵੇ ਤਾਂ ਇਹ ਕ੍ਰਿਕਟ ਵਿਚਲੀ ਸੱਟੇਬਾਜ਼ੀ ਦੀ ਦਲਦਲ ਨਾਲੋਂ ਕਿਸੇ ਤਰ੍ਹਾਂ ਪਿੱਛੇ ਨਹੀਂ ਕਿ ਮੈਚ ਹਾਰ ਜਾਣ ਦੇ ਫਰਮਾਨ ਗੈਂਗਸਟਰਾਂ ਵੱਲੋਂ ਆਉਂਦੇ ਹਨ ਤੇ ਕੱਪ ਜਿੱਤਣ ਲਈ ਡਰੱਗ ਡੋਪਿੰਗ ’ਤੇ ਟੇਕ ਕਿੰਨੀ ਜ਼ਰੂਰੀ ਹੋ ਚੁੱਕੀ ਹੈ। ਮੈਂ ਚੰਗੀ ਭਲੀ ਕਬੱਡੀ ਖੇਡਣ ਵਾਲਿਆਂ ਦੇ ਮੂੰਹੋਂ ਸੁਣਿਆ ਹੈ ਕਿ ਬਾਈ, ਹੁਣ ਇੱਥੇ ਕਬੱਡੀ ਖੇਡਣਾ ਖ਼ਤਰੇ ਤੋਂ ਖਾਲੀ ਨਹੀਂ। ਕੀ ਲੈਣਾ ਆਪਾਂ, ਬਿਨਾਂ ਖੇਡੇ ਹੀ ਠੀਕ ਆਂ, ਕਿਸੇ ਚੱਜ ਦੇ ਕੰਮ ਕਾਰ ਵੱਲ ਹੋਈਏ। ਇਹ ਕਿੰਨੇ ਹੀ ਸਾਧਾਰਨ ਪੰਜਾਬੀ ਨੌਜਵਾਨ ਖਿਡਾਰੀਆਂ ਦਾ ਦਰਦ ਹੈ ਜਿਹੜੇ ਸਾਫ਼ ਸੁਥਰੀ ਖੇਡ ਖੇਡਣੀ ਚਾਹੁੰਦੇ ਹੋਣ ਕਰਕੇ ਇਸ ਦਲਦਲ ਤੋਂ ਪਾਸੇ ਹੋ ਗਏ। ਅਜਿਹੀਆਂ ਸੱਚਾਈਆਂ ਕਬੱਡੀ ਦੇ ਸੁਹਿਰਦ ਕੋਚਾਂ ਦੀ ਜ਼ਬਾਨ ’ਤੇ ਅਕਸਰ ਆਉਂਦੀਆਂ ਹਨ। ਕਿਸੇ ਵੇਲੇ ਆਪਣਾ ਸਭ ਕੁਝ ਝੋਕ ਕੇ ਖਿਡਾਰੀ ਤਿਆਰ ਕਰਨ ਨੂੰ ਮਿਸ਼ਨ ਵਾਂਗ ਲੈ ਕੇ ਚੱਲਣ ਵਾਲੇ ਕੋਚ ਨਿਰਾਸ਼ਤਾ ਵਿਚ ਇਸ ਖੇਡ ਤੋਂ ਬੇਮੁੱਖ ਹੋ ਚੁੱਕੇ ਹਨ।
ਕਬੱਡੀ ਨੂੰ ਨਿਗਲ ਜਾਣ ਵਾਲੇ ਅਜਿਹੇ ਚੱਕਰਵਿਊਹ ਤੋਂ ਮੁਕਤ ਤਦ ਹੀ ਕਰਵਾਇਆ ਜਾ ਸਕਦਾ ਹੈ ਜੇਕਰ ਇਸ ਨੂੰ ਵਪਾਰਕ ਮੰਤਵਾਂ ਨਾਲੋਂ ਤੋੜ ਦਿੱਤਾ ਜਾਵੇ। ਇਸ ਨੂੰ ਵਪਾਰ ਬਣਾਉਣ ਵਾਲੇ ਗਲੈਮਰ ਤੋਂ ਮੁਕਤ ਕੀਤਾ ਜਾਵੇ। ਇਹ ਸਿਰਫ ਕਬੱਡੀ ਲਈ ਹੀ ਨਹੀਂ, ਕਿਸੇ ਵੀ ਖੇਡ ਲਈ ਸਹੀ ਮਾਰਗ ਹੈ। ਖੇਡ ਨੂੰ ਮਨੁੱਖਾ ਜ਼ਿੰਦਗੀ ਦੀ ਰੋਜ਼ਾਨਾ ਦੀ ਕਿਰਤ ਸਰਗਰਮੀ ਦੇ ਅਮਲ ਨਾਲ ਗੁੰਦਿਆ ਜਾਵੇ, ਉਹ ਖੇਤਾਂ ਬੰਨਿਆਂ ਵਿਚ ਕੰਮ ਕਰਨ ਵਾਲੇ ਕਿਰਤੀਆਂ ਦੇ ਜੁੱਸਿਆਂ ਨੂੰ ਪਰਖਣ ਵਾਲੀ, ਉਨ੍ਹਾਂ ਵਿਚ ਸਿਹਤਮੰਦ ਮੁਕਾਬਲੇਬਾਜ਼ੀ ਪੈਦਾ ਕਰਨ ਵਾਲੀ ਤੇ ਉਹਨਾਂ ਦੇ ਬਾਕੀ ਸਾਥੀਆਂ ਦਾ ਮਨੋਰੰਜਨ ਕਰਨ ਵਾਲੀ ਖੇਡ ਵਜੋਂ ਆਪਣਾ ਸਥਾਨ ਬਣਾਵੇ। ਕਬੱਡੀ ਨੂੰ ਹੁਣ ਉਹੀ ਖੇਡਣਗੇ ਜਿਨ੍ਹਾਂ ਨੇ ਇਸੇ ਪੰਜਾਬ ਵਿਚ ਹੀ ਆਪਣਾ ਭਵਿੱਖ ਬਣਾਉਣਾ ਹੈ। ਉਨ੍ਹਾਂ ਨੂੰ ਇਹ ਪੰਜਾਬ ਆਪਣਾ ਲੱਗਣ ਲੱਗੇ, ਰੁਜ਼ਗਾਰ ਦੀ ਆਸ ਬੱਝਦੀ ਹੋਵੇ, ਜੂਨ ਗੁਜ਼ਾਰੇ ਦਾ ਧਰਵਾਸ ਬਣਦਾ ਹੋਵੇ ਤਾਂ ਕਬੱਡੀ ਦੀਆਂ ਰੇਡਾਂ ਵੀ ਚੜ੍ਹਦੀਆਂ ਤੋਂ ਚੜ੍ਹਦੀਆਂ ਪੈ ਸਕਦੀਆਂ ਹਨ। ਜੇ ਜੂਨ ਗੁਜ਼ਾਰਾ ਨਾ ਹੋਣ ਦੇ ਫ਼ਿਕਰ ਪਹਿਲਾਂ ਹੀ ਜੱਫੇ ਮਾਰੀ ਬੈਠੇ ਹੋਣ ਤਾਂ ਫਿਰ ਰੇਡਾਂ ਕਿੱਥੋਂ ਪੈਣੀਆਂ ਹਨ?
ਕਬੱਡੀ ਦੀ ਪਹਿਲਾਂ ਵਾਲੀ ਸ਼ਾਨ ਦੀ ਬਹਾਲੀ ਲਈ ਬਜਟ, ਗਰਾਂਟਾਂ, ਖੇਡ ਮੈਦਾਨ, ਕੋਚ ਤੇ ਖੁਰਾਕਾਂ ਹੀ ਕਾਫ਼ੀ ਨਹੀਂ ਸਗੋਂ ਇਨ੍ਹਾਂ ਤੋਂ ਵੀ ਪਹਿਲਾਂ ਕਬੱਡੀ ਨੂੰ ਅਖੌਤੀ ਖੇਡ ਪ੍ਰੋਮੋਟਰਾਂ, ਨਸ਼ਾ ਸਮਗਲਰਾਂ, ਗੈਂਗਸਟਰਾਂ ਤੇ ਮੁਨਾਫ਼ੇਖ਼ੋਰ ਕਾਰੋਬਾਰੀਆਂ ਦੇ ਨਾਪਾਕ ਗੱਠਜੋੜ ਦੇ ਜੱਫੇ ਵਿਚੋਂ ਛੁਡਾਉਣ ਦੀ ਲੋੜ ਹੈ। ਇਸ ਜੱਫੇ ਵਿਚੋਂ ਨਿਕਲਣ ਨਾਲ ਹੀ ਕਬੱਡੀ ਨੂੰ ਚਿੰਬੜੀਆਂ ਅਲਾਮਤਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਇਹਦੇ ਲਈ ਜ਼ਰੂਰੀ ਹੈ ਕਿ ਪੰਜਾਬੀ ਸਮਾਜ ਦੀ ਬਿਹਤਰੀ ਲਈ ਹਰ ਤਰ੍ਹਾਂ ਦੀਆਂ ਹਾਂ ਪੱਖੀ ਸਰਗਰਮ ਤਾਕਤਾਂ ਦੇ ਸਰੋਕਾਰਾਂ ਵਿਚ ਖੇਡਾਂ ਦੇ ਸਰੋਕਾਰ ਵੀ ਆਪਣਾ ਸਥਾਨ ਬਣਾਉਣ। ਕਰੋੜਾਂ ਦੀ ਕਬੱਡੀ ਨੂੰ ਖੇਤਾਂ ਤੇ ਖੇਡ ਮੈਦਾਨਾਂ ਦੀ ਮਿੱਟੀ ਨਾਲ ਜੁੜੀ ਸਾਫ ਸੁਥਰੀ ਖੇਡ ਬਣਾਉਣ ਦਾ ਯਤਨ ਕਰਨ।
ਸੰਪਰਕ: principalsarwansingh@gmail.com