ਪ੍ਰਿੰ. ਸਰਵਣ ਸਿੰਘ
ਰਣਜੀਤ ਝੁਨੇਰ ਨੂੰ ਕਬੱਡੀ ਖੇਡਣ ਅਤੇ ਅਖ਼ਬਾਰਾਂ ਰਸਾਲੇ ਪੜ੍ਹਨ ਦੀ ਚੇਟਕ ਸਕੂਲ ਪੜ੍ਹਦਿਆਂ ਹੀ ਲੱਗ ਗਈ ਸੀ। ਉਸ ਨੇ ਮੁੱਢਲੀ ਸਿੱਖਿਆ ਪ੍ਰਾਇਮਰੀ ਸਕੂਲ ਝੁਨੇਰ ਤੇ ਮੈਟ੍ਰਿਕ ਤੱਕ ਦੀ ਪੜ੍ਹਾਈ ਸਰਕਾਰੀ ਹਾਈ ਸਕੂਲ ਸੰਦੌੜ ਤੋਂ ਕੀਤੀ। ਨੌਕਰੀ ’ਤੇ ਲੱਗਦਿਆਂ ਸਾਰ ਉਸ ਨੇ ਅਖ਼ਬਾਰਾਂ ਰਸਾਲਿਆਂ ਲਈ ਲਿਖਣਾ ਸ਼ੁਰੂ ਕਰ ਦਿੱਤਾ। 2005 ਵਿਚ ਉਹਦੀ ਪਹਿਲੀ ਪੁਸਤਕ ‘ਜੀਵ ਜੰਤੂਆਂ ਦੀ ਅਦਭੁੱਤ ਦੁਨੀਆ’ ਛਪੀ ਜੋ ਚੰਗੀ ਚਰਚਿਤ ਹੋਈ। ਅੱਜ ਕੱਲ੍ਹ ਉਹ ਭਾਰਤੀ ਜੀਵਨ ਬੀਮਾ ਨਿਗਮ ਵਿਚ ਸੇਵਾ ਕਰ ਰਿਹਾ ਹੈ। ‘ਸਦੀਆਂ ਤੋਂ ਸਦੀਆਂ ਤੱਕ ਕਬੱਡੀ’ ਉਸ ਦੀ ਖੇਡ ਪੁਸਤਕ ਹੈ ਜੋ 2011 ਵਿਚ ਛਪੀ ਸੀ। ਇਸ ਤੋਂ ਪਹਿਲਾਂ ਉਸ ਦੀਆਂ ਨੌਂ ਪੁਸਤਕਾਂ ਪ੍ਰਕਾਸਿ਼ਤ ਹੋ ਚੁੱਕੀਆਂ ਸਨ।
‘ਸਦੀਆਂ ਤੋਂ ਸਦੀਆਂ ਤੱਕ ਕਬੱਡੀ’ ਰਣਜੀਤ ਝੁਨੇਰ ਦੀ ਖੇਡ ਪੁਸਤਕ ਹੈ ਜੋ 2011 ਵਿਚ ਛਪੀ। ਇਸ ਤੋਂ ਪਹਿਲਾਂ ਉਸ ਦੀਆਂ ਨੌਂ ਪੁਸਤਕਾਂ ਪ੍ਰਕਾਸਿ਼ਤ ਹੋ ਚੁੱਕੀਆਂ ਸਨ- ਜੀਵ ਜੰਤੂਆਂ ਦੀ ਅਦਭੁੱਤ ਦੁਨੀਆ, ਪਿੰਡ ਦੀ ਸੱਥ, ਤਰਕਵਾਰਤਾ, ਸੜਕ ਹਾਦਸਿਆਂ ਤੋਂ ਕਿਵੇਂ ਬਚਾਅ ਕਰੀਏ? ਨਸ਼ੇ ਕਿਵੇਂ ਛੱਡੀਏ? ਹਨ੍ਹਰੇ ਚ ਚਾਨਣ ਦੀ ਲੋਅ: ਡਾ. ਰਮੇਸ਼ ਐੱਮਡੀ, ਧਰਮ ਦੇ ਅੰਗ ਸੰਗ, ਸਮੁੰਦਰਾਂ ਦੇ ਉਹਲੇ ਅਤੇ ਸੰਘਰਸ਼ ਦਾ ਯੁੱਗ: ਸ. ਕਿਰਪਾਲ ਸਿੰਘ ਮਾਂਗਟ। ਇਹ ਖੇਡ ਪੁਸਤਕ ਉਸ ਨੇ ਸੱਤ ਸਮੁੰਦਰੋਂ ਪਾਰ ਮਾਂ ਖੇਡ ਕਬੱਡੀ ਦੀ ਸਲਾਮਤੀ ਲਈ ਜੂਝਦੇ ਲੋਕਾਂ ਨੂੰ ਸਮਰਪਿਤ ਕੀਤੀ ਹੈ।
ਰਣਜੀਤ ਸਿੰਘ ਦਾ ਜਨਮ ਪਹਿਲੀ ਸਤੰਬਰ 1968 ਨੂੰ ਮਲੇਰਕੋਟਲੇ ਲਾਗੇ ਪਿੰਡ ਝੁਨੇਰ ਵਿਚ ਕਰਤਾਰ ਸਿੰਘ ਅਤੇ ਨਸੀਬ ਕੌਰ ਦੇ ਘਰ ਹੋਇਆ। ਉਸ ਨੇ ਮੁੱਢਲੀ ਸਿੱਖਿਆ ਪ੍ਰਾਇਮਰੀ ਸਕੂਲ ਝੁਨੇਰ ਤੇ ਮੈਟ੍ਰਿਕ ਤੱਕ ਦੀ ਪੜ੍ਹਾਈ ਸਰਕਾਰੀ ਹਾਈ ਸਕੂਲ ਸੰਦੌੜ ਤੋਂ ਕੀਤੀ। ਕਬੱਡੀ ਖੇਡਣ ਤੇ ਅਖ਼ਬਾਰਾਂ/ਰਸਾਲੇ ਪੜ੍ਹਨ ਦੀ ਚੇਟਕ ਉਸ ਨੂੰ ਸਕੂਲ ਪੜ੍ਹਦਿਆਂ ਹੀ ਲੱਗ ਗਈ। ਨੌਕਰੀ ਤੇ ਲੱਗਦਿਆਂ ਉਸ ਨੇ ਅਖ਼ਬਾਰਾਂ ਰਸਾਲਿਆਂ ਲਈ ਲਿਖਣਾ ਸ਼ੁਰੂ ਕਰ ਲਿਆ। 2005 ਵਿਚ ਉਹਦੀ ਪਹਿਲੀ ਪੁਸਤਕ ‘ਜੀਵ ਜੰਤੂਆਂ ਦੀ ਅਦਭੁੱਤ ਦੁਨੀਆ’ ਛਪੀ ਜੋ ਚੰਗੀ ਚਰਚਿਤ ਹੋਈ। ਅੱਜ ਕੱਲ੍ਹ ਉਹ ਭਾਰਤੀ ਜੀਵਨ ਬੀਮਾ ਨਿਗਮ ਵਿਚ ਸੇਵਾ ਕਰ ਰਿਹਾ ਹੈ।
2010 ਵਿਚ ਉਹ ਵਿਜ਼ਟਰ ਵਜੋਂ ਕੈਨੇਡਾ ਪਹੁੰਚਾ ਤੇ ਮੈਨੂੰ ਇਕ ਗੁਰਦੁਆਰੇ ਵਿਚ ਮਿਲਿਆ। ਕਬੱਡੀ ਬਾਰੇ ਗੱਲਾਂ ਹੋਈਆਂ ਤਾਂ ਉਸ ਨੇ ਮੈਨੂੰ ਆਪਣੀ ਪੁਸਤਕ ‘ਸਦੀਆਂ ਤੋਂ ਸਦੀਆਂ ਤੱਕ ਕਬੱਡੀ’ ਦੀ ਭੂਮਿਕਾ ਲਿਖਣ ਲਈ ਕਿਹਾ ਜਿਸ ਦੀ ਮੈਂ ਹਾਮੀ ਭਰ ਦਿੱਤੀ। ਮੈਂ ਉਹਦੇ ਅਤੇ ਉਹਦੇ ਪਰਿਵਾਰ ਬਾਰੇ ਪੁੱਛਿਆ ਤਾਂ ਉਸ ਨੇ ਦੱਸਿਆ ਕਿ 2006 ਵਿਚ ਉਹਦੇ ਵੱਡੇ ਭਰਾ ਮੁਖਤਿਆਰ ਸਿੰਘ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ ਸੀ। ਤਰਕਸ਼ੀਲ ਹੋਣ ਕਰਕੇ ਉਸ ਨੇ ਆਪਣੇ ਭਰਾ ਦੀਆਂ ਦੋਵੇਂ ਅੱਖਾਂ ਦਾਨ ਦੇਣ ਦਾ ਫੈਸਲਾ ਕਰ ਲਿਆ। ਅੱਖਾਂ ਪੁਨਰਜੋਤ ਆਈ ਬੈਂਕ ਸੁਸਾਇਟੀ ਲੁਧਿਆਣਾ ਦੇ ਡਾਇਰੈਕਟਰ ਡਾ. ਰਾਮੇਸ਼ ਐੱਮਡੀ ਨੂੰ ਦਾਨ ਦੇ ਦਿੱਤੀਆਂ। ਇਲਾਕੇ ਵਿਚ ਇਸ ਕਾਰਜ ਦੀ ਕਾਫੀ ਚਰਚਾ ਤੇ ਸਲਾਹੁਤਾ ਹੋਈ। ਬਾਅਦ ਵਿਚ ਸਾਰੇ ਪਰਿਵਾਰ ਨੇ ਫੈਸਲਾ ਹੀ ਕਰ ਲਿਆ ਕਿ ਜਿਹੜੇ ਜੀਅ ਦੀ ਵੀ ਕਦੇ ਮ੍ਰਿਤੂ ਹੋਵੇਗੀ, ਉਹਦੀ ਦੇਹ ਮੈਡੀਕਲ ਖੋਜ ਕਾਰਜ ਲਈ ਪੀਜੀਆਈ ਚੰਡੀਗੜ੍ਹ ਨੂੰ ਦਾਨ ਕਰ ਦਿੱਤੀ ਜਾਵੇਗੀ। ਉਹ ਆਪਣੇ ਮਾਤਾ ਅਤੇ ਪਿਤਾ ਦੀਆਂ ਦੋਵੇਂ ਅੱਖਾਂ ਦਾਨ ਕਰ ਕੇ, ਦੇਹਾਂ ਵੀ ਮੈਡੀਕਲ ਖੋਜ ਕਾਰਜ ਲਈ ਪੀਜੀਆਈ ਚੰਡੀਗੜ੍ਹ ਨੂੰ ਦਾਨ ਕਰ ਚੁੱਕਾ ਹੈ। ਉਸ ਦੇ ਦੱਸਣ ਮੂਜਬ ਉਹ ਪੰਜਾਬ ਦਾ ਪਹਿਲਾ ਸ਼ਖਸ ਹੈ ਜਿਸ ਨੇ ਆਪਣੇ ਪਰਿਵਾਰ ਵਿਚੋਂ ਅੱਠ ਅੱਖਾਂ ਅਤੇ ਦੋ ਦੇਹਾਂ ਦਾਨ ਕੀਤੀਆਂ ਹਨ। ਉਹਦੇ ਪਰਿਵਾਰ ਦੇ ਸਾਰੇ ਜੀਅ ਮੌਤ ਉਪਰੰਤ ਆਪਣੀਆਂ ਅੱਖਾਂ ਅਤੇ ਸਰੀਰ ਦਾਨ ਦੇਣ ਦੇ ਪ੍ਰਣ ਪੱਤਰ ਭਰ ਚੁੱਕੇ ਹਨ।
ਪੁਸਤਕ ਦੀ ਭੂਮਿਕਾ
ਕਬੱਡੀ ਪੰਜਾਬੀਆਂ ਦੀ ਮਾਂ ਖੇਡ ਵੀ ਹੈ ਤੇ ਮਹਬਿੂਬ ਖੇਡ ਵੀ। ਜੇ ਇਕ ਬੰਨੇ ਓਲੰਪਿਕ ਖੇਡਾਂ ਹੋ ਰਹੀਆਂ ਹੋਣ ਤੇ ਦੂਜੇ ਬੰਨੇ ਕਬੱਡੀ ਤਾਂ ਆਮ ਪੰਜਾਬੀ ਕਬੱਡੀ ਦੇਖਣ ਨੂੰ ਪਹਿਲ ਦਿੰਦੇ ਹਨ। ਜਿੰਨਾ ਹੁੰਗਾਰਾ ਪੰਜਾਬ ਵਿਚ ਹੋਏ ਕਬੱਡੀ ਦੇ ਸੰਸਾਰ ਕੱਪਾਂ ਨੂੰ ਮਿਲਿਆ, ਓਨਾ ਅਜੇ ਤਕ ਕਿਸੇ ਹੋਰ ਖੇਡ ਨੂੰ ਨਹੀਂ ਮਿਲਿਆ। ਉਦੋਂ ਕੁਲ ਦੁਨੀਆ ਵਿਚ ਵਸਦੇ ਪੰਜਾਬੀ ਕਬੱਡੀ ਦੇ ਰੰਗ ਵਿਚ ਰੰਗੇ ਗਏ ਸਨ। ਕਬੱਡੀ ਦੇ ਧਾਵਿਆਂ ਤੇ ਜੱਫਿਆਂ ਨੇ ਉਨ੍ਹਾਂ ਦੇ ਰੋਮ ਰੋਮ ਵਿਚ ਝਰਨਾਟਾਂ ਛੇੜ ਦਿੱਤੀਆਂ ਸਨ। ਮੈਂ ਆਪਣੀ ਕਿਤਾਬ ‘ਕਬੱਡੀ ਕਬੱਡੀ ਕਬੱਡੀ’ ਵਿਚ ਲਿਖਿਆ ਸੀ ਕਿ ਝੱਖੜ ਝੁਲਦਾ ਹੋਵੇ, ਬਿਜਲੀ ਕੜਕਦੀ ਹੋਵੇ, ਨਦੀ ਚੜ੍ਹੀ ਹੋਵੇ ਤੇ ਸ਼ੀਹਾਂ ਨੇ ਪੱਤਣ ਮੱਲੇ ਹੋਣ ਪਰ ਪਤਾ ਲੱਗ ਜਾਵੇ ਸਹੀ ਕਿ ਨਦੀ ਦੇ ਪਰਲੇ-ਪਾਰ ਕਬੱਡੀ ਦਾ ਕਾਂਟੇਦਾਰ ਮੈਚ ਹੋ ਰਿਹੈ, ਫਿਰ ਕਿਹੜਾ ਪੰਜਾਬੀ ਹੈ ਜਿਹੜਾ ਵਗਦੀ ਨੈਂ ਨਾ ਠਿੱਲ੍ਹੇ? ਉਹ ਰਾਹ ਵਿਚ ਪੈਂਦੇ ਸੱਪਾਂ ਸ਼ੀਹਾਂ ਦੀ ਵੀ ਪਰਵਾਹ ਨਹੀਂ ਕਰੇਗਾ ਤੇ ਕਬੱਡੀ ਦੇ ਪਿੜ ਦੁਆਲੇ ਜਾ ਖੜ੍ਹੇਗਾ।
ਕਬੱਡੀ ਪੰਜਾਬੀਆਂ ਲਈ ਸਰੀਰਕ ਕਰਤਬਾਂ ਦੀ ਸ਼ਾਇਰੀ ਹੈ। ਧਾਵਿਆਂ ਤੇ ਪਕੜਾਂ ਦੀ ਨਿਆਰੀ ਲੀਲ੍ਹਾ। ਨਰੋਏ ਜੁੱਸਿਆਂ ਦਾ ਕੌਤਕੀ ਨਜ਼ਾਰਾ। ਪੰਜਾਬੀ ਇਹਦੇ ਵਿਚ ਦੀ ਆਪਣਾ ਇਤਿਹਾਸ ਦੇਖਦੇ ਹਨ। ਪੰਜਾਬ ਦੀ ਭੂਗੋਲਿਕ ਸਥਿਤੀ ਅਜਿਹੀ ਸੀ ਕਿ ਇਸ ਦੀ ਧਰਤੀ ਸਦੀਆਂ ਬੱਧੀ ਹਮਲਿਆਂ ਤੇ ਠੱਲ੍ਹਾਂ ਦਾ ਮੈਦਾਨ ਬਣੀ ਰਹੀ। ਪੰਜਾਬੀ ਹਮਲਾਵਰਾਂ ਨੂੰ ਡੱਕਦੇ, ਮਰਦੇ-ਮਾਰਦੇ ਤੇ ਜਿੱਤਦੇ ਹਾਰਦੇ। ਹਮਲਾਵਰ ਤਕੜਾ ਹੁੰਦਾ ਤਾਂ ਮਾਰ-ਧਾੜ ਕਰ ਕੇ ਸੁੱਖੀਂ ਸਾਂਦੀਂ ਆਪਣੇ ਘਰ ਪਰਤ ਜਾਂਦਾ। ਰਾਖੇ ਤਕੜੇ ਹੁੰਦੇ ਤਾਂ ਹਮਲਾਵਰ ਮਾਰਿਆ ਜਾਂਦਾ। ਇਸੇ ਕਰਮ ਨੂੰ ਕਬੱਡੀ ਦੀ ਖੇਡ ਵਿਚ ਵਾਰ ਵਾਰ ਦੁਹਰਾਇਆ ਜਾਂਦਾ ਹੈ ਤੇ ਇਸੇ ਕਾਰਨ ਇਹ ਖੇਡ ਪੰਜਾਬੀਆਂ ਦੇ ਮਨਾਂ ਨੂੰ ਟੁੰਬਦੀ ਤੇ ਆਪਣੇ ਵੱਲ ਖਿੱਚਦੀ ਹੈ।
ਜਿਵੇਂ ਢੋਲ ਦਾ ਡੱਗਾ ਪੰਜਾਬੀਆਂ ਦੇ ਪੱਬ ਚੁੱਕ ਦਿੰਦਾ ਹੈ, ਤਿਵੇਂ ਕੌਡੀ ਕੌਡੀ ਦੇ ਅਲਾਪ ਨਾਲ ਜੁਆਨਾਂ ਦੇ ਡੌਲੇ ਫਰਕਣ ਲੱਗ ਪੈਂਦੇ ਹਨ। ਕਬੱਡੀ ਪੰਜਾਬੀ ਦੇ ਲਹੂ ਵਿਚ ਸਮਾਈ ਹੋਈ ਹੈ। ਕਬੱਡੀ ਦਾ ਸਾਹ ਪੰਜਾਬੀਆਂ ਲਈ ਜੀਵਨ ਸੁਆਸ ਹੈ ਜਿਸ ਨੂੰ ਲਏ ਬਿਨਾਂ ਉਨ੍ਹਾਂ ਦਾ ਸਰਦਾ ਨਹੀਂ, ਭਾਵੇਂ ਉਹ ਪੰਜਾਬ ਦੀ ਧਰਤੀ ਤੇ ਰਹਿਣ ਭਾਵੇਂ ਵਲੈਤੀਂ ਜਾ ਵਸਣ। ਇਸ ਖੇਡ ਨੇ ਪੰਜਾਬ ਦੇ ਗੱਭਰੂਆਂ ਨੂੰ ਤਕੜੇ ਵੀ ਬਣਾਈ ਰੱਖਿਆ ਹੈ, ਹਿੰਮਤੀ ਵੀ ਤੇ ਜੀਵਨ ਦੀਆਂ ਰਗੜਾਂ ਸਹਿਣ ਜੋਗੇ ਵੀ। ਇਸ ਖੇਡ ਨਾਲ ਪੰਜਾਬੀਆਂ ਦਾ ਲਹੂ ਤੇ ਸਾਹ ਦਾ ਰਿਸ਼ਤਾ ਹੈ। ਇਕੇ ਸਾਹ ਕੌਡੀ ਕੌਡੀ ਦਾ ਅਲਾਪ, ਫੇਫੜਿਆਂ ਦੀ ਗੰਦੀ ਹਵਾ ਨਿਚੋੜ ਕੇ ਉਨ੍ਹਾਂ ਵਿਚ ਤਾਜ਼ੀ ਨਰੋਈ ਹਵਾ ਦੀ ਆਵਾਜਾਈ ਦਾ ਦਰ ਖੋਲ੍ਹਦਾ ਹੈ। ਸਾਹ ਨਾ ਟੁੱਟਣ ਦੇਣ ਦਾ ਸਿਰੜ ਬੰਦੇ ਨੂੰ ਔਖੀਆਂ ਘੜੀਆਂ ਵਿਚ ਵੀ ਜਿਊਣ ਦਾ ਵੱਲ ਸਿਖਾਉਂਦਾ ਹੈ।
ਕਬੱਡੀ ਦੀ ਖੇਡ ਦੀਆਂ ਅਨੇਕਾਂ ਕਿਸਮਾਂ ਪ੍ਰਚਲਤ ਰਹੀਆਂ ਹਨ। ਇਸ ਦਾ ਮੁੱਢਲਾ ਰੂਪ ਸੌਂਚੀ ਸੀ। ਇਹ ਇਕ ਕਿਸਮ ਦੀ ਗੁੰਗੀ ਕੌਡੀ ਸੀ ਜਿਸ ਨੂੰ ਅੰਬਰਸਰੀ ਕਬੱਡੀ ਵੀ ਕਿਹਾ ਜਾਂਦਾ ਸੀ। ਢੇਰੀ ਵਾਲੀ ਕੌਡੀ ਵਿਚ ਚਾਟਾਂ ਬਹੁਤ ਪੈਂਦੀਆਂ ਸਨ। ਅੰਬਾਲਵੀ ਕਬੱਡੀ ਦਾ ਦਾਇਰਾ ਬੜਾ ਤੰਗ ਹੁੰਦਾ ਸੀ। ਲਾਹੌਰੀ ਕਬੱਡੀ ਵਿਚ ਦਾਇਰਾ ਨਹੀਂ ਸੀ ਹੁੰਦਾ। ਜਾਫੀ ਤੇ ਧਾਵੀ ਦੋ ਢੇਰੀਆਂ ਉਤੇ ਖੜ੍ਹ ਜਾਂਦੇ ਤੇ ਧਾਵੀ ਨੇ ਵਿਰੋਧੀ ਧਿਰ ਦੀ ਢੇਰੀ ਨੂੰ ਹੱਥ ਲਾ ਕੇ ਜਾਂ ਉਪਰ ਦੀ ਗੇੜਾ ਕੱਢ ਕੇ ਘਰ ਪਰਤਣਾ ਹੁੰਦਾ ਸੀ। ਲਾਇਲਪੁਰੀ ਕਬੱਡੀ ਵਿਚ ਖੇਡ ਦੌਰਾਨ ਪਾਣੀ ਦੀ ਘੁੱਟ ਵੀ ਨਹੀਂ ਸੀ ਭਰਨ ਦਿੱਤੀ ਜਾਂਦੀ। ਫਿਰੋਜ਼ਪੁਰੀ ਕਬੱਡੀ ਵਿਚ ਖਿਡਾਰੀ ਢੇਰੀਆਂ ਉਤੇ ਖੜ੍ਹਨ ਦੀ ਥਾਂ ਪਾਲੇ ਉਤੇ ਖੜੋਂਦੇ ਸਨ। ਇਕ ਛੇ ਹੰਧੀ ਕਬੱਡੀ ਸੀ ਤੇ ਇਕ ਸ਼ਮਲਿਆਂ ਵਾਲੀ। ਪੀਰ ਕੌਡੀ ਧਨ ਪੋਠੋਹਾਰ ਦੇ ਇਲਾਕੇ ਵਿਚ ਖੇਡੀ ਜਾਂਦੀ ਸੀ। ਬੈਠਵੀਂ ਕੌਡੀ, ਘੋੜ ਕਬੱਡੀ, ਚੀਰਵੀਂ ਕੌਡੀ, ਲੰਮੀ ਕਬੱਡੀ, ਦੋਧੇ ਤੇ ਬੁਰਜੀਆਂ ਵਾਲੀ ਕੌਡੀ ਆਦਿ ਕਈ ਹੋਰ ਸਥਾਨਕ ਵੰਨਗੀਆਂ ਸਨ ਪਰ ਹੁਣ ਸਾਰੀਆਂ ਕਬੱਡੀਆਂ ਨੇ ਅਜੋਕੀ ਦਾਇਰੇ ਵਾਲੀ ਕਬੱਡੀ ਦਾ ਰੂਪ ਧਾਰਨ ਕਰ ਲਿਆ ਹੈ। ਕਬੱਡੀ ਨੈਸ਼ਨਲ ਸਟਾਈਲ ਵੱਖਰੀ ਹੈ।
ਭਾਰਤ ਵਿਚ ਕਬੱਡੀ ਦੇ ਕਈ ਨਾਂ ਹਨ। ਦੱਖਣ ਵਿਚ ‘ਚੇਡੂ-ਗੁਡੂ’ ਬੰਗਾਲ ਵਿਚ ‘ਡੋ-ਡੋ’ ਤੇ ਮਹਾਰਾਸ਼ਟਰ ਵਿਚ ‘ਹੂ-ਟੂ-ਟੂ’ ਹਨ। ਉਹ ਕਬੱਡੀ ਪਾਉਂਦੇ ਇਹੋ ਸ਼ਬਦ ਉਚਾਰਦੇ ਹਨ। ਕੁਝ ਇਲਾਕਿਆਂ ਵਿਚ ‘ਸੂ-ਸੂ’ ਜਾਂ ‘ਸਰ-ਸਰ’ ਅਤੇ ‘ਰਾਮ ਲਕਸ਼ਮਨ ਜਾਨਕੀ ਜੈ ਬੋਲੋ ਹਨੂਮਾਨ ਕੀ’ ਕਹਿੰਦਿਆਂ ਕਬੱਡੀ ਪਾਈ ਜਾਂਦੀ ਹੈ। ਇਨ੍ਹਾਂ ਕਬੱਡੀਆਂ ਦੀਆਂ ਵੀ ਅਗਾਂਹ ਤਿੰਨ ਕਿਸਮਾਂ ਹਨ- ਸੰਜੀਵਨੀ, ਜੈਮਨੀ ਤੇ ਅਮਰ। ਭਾਰਤ ਦੇ ਵੱਖ ਵੱਖ ਇਲਾਕਿਆਂ ਦੀਆਂ ਕਬੱਡੀਆਂ ਕਬੱਡੀ ਨੈਸ਼ਨਲ ਸਟਾਈਲ ਵਿਚ ਢਲ ਗਈਆਂ ਹਨ। ਕਬੱਡੀ ਨੈਸ਼ਨਲ ਸਟਾਈਲ ਦੇ ਮੁਕਾਬਲੇ ਏਸਿ਼ਆਈ ਖੇਡਾਂ ਵਿਚ ਵੀ ਹੰੁਦੇ ਹਨ। ਕਬੱਡੀ ਸਰਕਲ ਸਟਾਈਲ ਅਜੇ ਤਕ ਭਾਰਤ ਦੀਆਂ ਨੈਸ਼ਨਲ ਖੇਡਾਂ ਤਕ ਨਹੀਂ ਪੁੱਜੀ ਪਰ ਵਿਦੇਸ਼ਾਂ ਵਿਚ ਉਥੇ ਵੀ ਪੁੱਜ ਗਈ ਹੈ ਜਿਥੇ ਕਿਤੇ ਪੰਜਾਬੀ ਪੁੱਜੇ ਹਨ। ਜੇ ਕਦੇ ਪੰਜਾਬੀ ਚੰਦ ਉਤੇ ਚਲੇ ਗਏ ਤਾਂ ਲੱਗਦੈ, ਉਹ ਉਥੇ ਵੀ ਕਬੱਡੀ ਖੇਡਣਗੇ!
ਪੰਜਾਬੀ ਵਿਚ ਕਬੱਡੀ ਬਾਰੇ ਦਰਜਨ ਤੋਂ ਵੱਧ ਕਿਤਾਬਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ। ਰਸਾਲਿਆਂ ਦੇ ਕਬੱਡੀ ਅੰਕ ਨਿਕਲੇ ਹਨ। ਕਬੱਡੀ ਦੇ ਦਰਜਨਾਂ ਗੀਤ ਰਿਕਾਰਡ ਹੋ ਚੁੱਕੇ ਹਨ ਤੇ ਕਬੱਡੀ ਦੀਆਂ ਫਿਲਮਾਂ ਚੱਲ ਪਈਆਂ ਹਨ। ਕਬੱਡੀ ਕੱਪਾਂ ਦੀ ਕੁਮੈਂਟਰੀ ਦੀਆਂ ਸੈਂਕੜੇ ਕੈਸਿਟਾਂ ਮਿਲਦੀਆਂ ਹਨ। ਹਰ ਸਾਲ ਪੰਜਾਬ ਦੇ ਪੰਜ ਸੌ ਤੋਂ ਵੱਧ ਕਬੱਡੀ ਖਿਡਾਰੀ ਪੱਛਮੀ ਦੇਸ਼ਾਂ ਦਾ ਕਬੱਡੀ ਸੀਜ਼ਨ ਖੇਡਣ ਜਾਂਦੇ ਹਨ। ਦਰਜਨ ਦੇ ਕਰੀਬ ਕਬੱਡੀ ਕੁਮੈਂਟੇਟਰ ਪੁੱਜਦੇ ਹਨ। ਵਿਦੇਸ਼ਾਂ ਵਿਚ ਸੌ ਤੋਂ ਵੱਧ ਤੇ ਦੇਸ਼ ਵਿਚ ਹਜ਼ਾਰ ਤੋਂ ਵੱਧ ਕਬੱਡੀ ਮੇਲੇ ਲੱਗਦੇ ਹਨ। ਹਰ ਸਾਲ ਸੌ ਕਰੋੜ ਰੁਪਏ ਦੀ ਕਬੱਡੀ ਖੇਡੀ ਜਾਂਦੀ ਹੈ। ਪੰਜਾਬ ਵਿਚ ਹੋਏ ਪਹਿਲੇ ਕਬੱਡੀ ਵਰਲਡ ਕੱਪ ਦਾ ਪਹਿਲਾ ਇਨਾਮ ਇਕ ਕਰੋੜ ਸੀ ਤੇ ਦੂਜੇ ਕੱਪ ਦਾ ਦੋ ਕਰੋੜ। ਟੋਰਾਂਟੋ ਵਿਚ ਦੋ ਜੱਫੇ ਲਾਉਣ ਦਾ ਇਨਾਮ ਇਕ ਖਿਡਾਰੀ ਨੂੰ ਦੋ ਲੱਖ ਰੁਪਏ ਮਿਲਿਆ ਹੈ। ਹੁਣ ਤਾਂ ਇਕ ਇਕ ਜੱਫੇ ਉਤੇ ਟਰੈਕਟਰਾਂ ਜੀਪਾਂ ਦੇ ਇਨਾਮ ਵੀ ਲੱਗਣ ਲੱਗ ਪਏ ਹਨ। ਪੰਜਾਬ ਵਿਚ ਲੱਖਾਂ ਦੇ ਇਨਾਮਾਂ ਵਾਲੇ ਕਬੱਡੀ ਦੇ ਸੌ ਤੋਂ ਵੱਧ ਕੱਪ ਹੋਣ ਲੱਗ ਪਏ ਹਨ। ਪੰਜਾਬ ਦੀਆਂ ਕਬੱਡੀ ਅਕੈਡਮੀਆਂ ਤੇ ਪੇਂਡੂ ਟੀਮਾਂ ਵਿਚ ਦਸ ਹਜ਼ਾਰ ਤੋਂ ਵੱਧ ਖਿਡਾਰੀ ਕਬੱਡੀ ਖੇਡਦੇ ਹਨ।
ਮੈਨੂੰ ਖੁਸ਼ੀ ਹੈ ਕਿ ਰਣਜੀਤ ਝੁਨੇਰ ਨੇ ਇਸ ਪੁਸਤਕ ਵਿਚ ਕਬੱਡੀ ਦੇ ਚਾਲੀ ਕੁ ਖਿਡਾਰੀਆਂ ਤੇ ਪ੍ਰੋਮੋਟਰਾਂ ਦੀ ਜਾਣ ਪਛਾਣ ਕਰਵਾਈ ਹੈ। ਉਹ ਕਬੱਡੀ ਦਾ ਆਸ਼ਕ ਹੈ ਤੇ ਖਿਡਾਰੀਆਂ ਬਾਰੇ ਚਾਅ ਤੇ ਉਤਸ਼ਾਹ ਨਾਲ ਲਿਖ ਰਿਹੈ। ਹਾਲੀਂ ਉਸ ਨੇ ਘੁੰਡ ਹੀ ਚੁੱਕਿਆ ਹੈ। ਇਹ ਤਾਂ ਸਮਾਂ ਹੀ ਦੱਸੇਗਾ ਕਿ ਉਹਦੀ ਸੀਮਾ ਕਿਥੇ ਤਕ ਹੈ? ਮੈਂ ਉਸ ਨੂੰ ਖੇਡ ਲੇਖਕਾਂ ਦੀ ਢਾਣੀ ਵਿਚ ਰਲਣ ਲਈ ਖ਼ੁਸ਼ ਆਮਦੀਦ ਕਹਿੰਦਾ ਹਾਂ ਤੇ ਉੱਚ ਪਾਏ ਦਾ ਲੇਖਕ ਬਣਨ ਦੀ ਕਾਮਨਾ ਕਰਦਾ ਹਾਂ। ਪੇਸ਼ ਹਨ ਉਹਦੀ ਪੁਸਤਕ ਵਿਚੋਂ ਦੋ ਖਿਡਾਰੀਆਂ ਦੇ ਰੇਖਾ ਚਿੱਤਰ:
ਵਿਸ਼ਵ ਕੱਪ ਦਾ ਧਾਵੀ ਗੁਲਜ਼ਾਰੀ ਮੂਨਕ
ਮਾਂ ਖੇਡ ਕਬੱਡੀ ਦੇ ਚੁਸਤ ਚਲਾਕ ਧਾਵੀਆਂ `ਚ ਵਿਸ਼ੇਸ਼ ਨਾਂ ਹੈ ਗੁਲਜ਼ਾਰੀ ਮੂਨਕ ਜੋ ਵਿਸ਼ਵ ਕਬੱਡੀ ਕੱਪ ਵਿਚ ਖੁ਼ਸ਼ਗਵਾਰ ਹਾਜ਼ਰੀ ਲਵਾ ਕੇ ਲੱਖਾਂ ਖੇਡ ਪ੍ਰੇਮੀਆਂ ਦਾ ਚਹੇਤਾ ਖਿਡਾਰੀ ਬਣਿਆ। ਉਹਦਾ ਅਸਲੀ ਨਾਂ ਗੁਲਜ਼ਾਰ ਸਿੰਘ ਹੈ। ਉਹਦਾ ਜਨਮ ਨੱਥਾ ਸਿੰਘ ਅਤੇ ਚਰਨਜੀਤ ਕੌਰ ਦੇ ਘਰ 7 ਸਤੰਬਰ 1980 ਨੂੰ ਏਸ਼ੀਆ ਵਿਚ ਵੱਧ ਕਣਕ ਤੇ ਝੋਨਾ ਪੈਦਾ ਕਰਨ ਵਾਲੇ ਜ਼ਿਲ੍ਹਾ ਸੰਗਰੂਰ ਦੇ ਕਸਬੇ ਮੂਨਕ ਵਿਚ ਹੋਇਆ। ਗੁਲਜ਼ਾਰੀ ਦੇ ਪਿਤਾ ਪੰਜਾਬ ਰਾਜ ਬਿਜਲੀ ਬੋਰਡ ਵਿਚ ਲਾਈਨਮੈਨ ਸਨ। ਉਸ ਨੇ ਪਹਿਲੀ ਕਲਾਸ ਤੋਂ ਬਾਰਵੀਂ ਤੱਕ ਦੀ ਵਿੱਦਿਆ ਮੂਨਕ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤੋਂ ਪ੍ਰਾਪਤ ਕੀਤੀ ਤੇ ਬੀਏ ਦੀ ਪੜ੍ਹਾਈ ਡੀਏਵੀ ਕਾਲਜ ਬਠਿੰਡਾ ਤੋਂ ਹਾਸਲ ਕੀਤੀ। ਕਬੱਡੀ ਦੀ ਸ਼ੁਰੂਆਤ ਕੋਚ ਮਦਨ ਲਾਲ ਦੀ ਸਰਪ੍ਰਸਤੀ ਹੇਠ ਨੈਸ਼ਨਲ ਸਟਾਈਲ ਅਤੇ ਸਰਕਲ ਸਟਾਈਲ ਕਾਲਜ ਪੱਧਰ ਤੋਂ ਹੀ ਕੀਤੀ।
ਸਕੂਲ ਵਿਚ ਉਹ ਫੁੱਟਬਾਲ ਤੇ ਵਾਲੀਵਾਲ ਦਾ ਬਹੁਤ ਵਧੀਆ ਖਿਡਾਰੀ ਰਿਹਾ। ਉਸ ਨੇ ਡੀਪੀਐੱਡ ਨੈਸ਼ਨਲ ਕਾਲਜ ਚੁਪਕੀ ਤੋਂ ਕੀਤੀ। 30 ਕਿਲੋਗ੍ਰਾਮ ਭਾਰ ਵਰਗ ਤੋਂ ਆਲ ਓਪਨ ਤੱਕ ਦੇ ਮੁਕਾਬਲਿਆਂ ਵਿਚ ਧੁੰਮਾਂ ਮਚਾਉਣ ਵਾਲੇ ਗੁਲਜ਼ਾਰੀ ਨੇ ਹੰਸ ਰਾਜ ਲਾਸੀ ਦੀ ਸਰਪ੍ਰਸਤੀ ਹੇਠ ਕਬੱਡੀ ਦੇ ਗੁੱਝੇ ਭੇਤ ਗ੍ਰਹਿਣ ਕੀਤੇ। ਡੀਏਵੀ ਕਾਲਜ ਬਠਿੰਡਾ ਵਿਚ ਗੁਲਜ਼ਾਰੀ ਨਾਲ ਗੁਰਲਾਲ ਘਨੌਰ, ਜਾਦੂ, ਵਿੱਕੀ ਘਨੌਰ, ਚੰਨਾ, ਜੀਤੀ, ਦਰਸ਼ਨ ਘਰਾਚੋਂ, ਫੰਤ ਮਟੋਰੜਾਂ, ਬਿੱਟੂ ਦੁਗਾਲ, ਜੱਸੀ ਘਨੌਰ ਅਤੇ ਅਸ਼ਵਨੀ ਨੇ ਜਿਥੇ ਕਾਲਜ ਦੀ ਸ਼ਾਨ ਨੂੰ ਚਾਰ ਚੰਨ ਲਾਏ ਉਥੇ ਖੇਡ ਖੇਤਰ ਵਿਚ ਸਫਲ ਪੁਲਾਂਘਾਂ ਪੁੱਟਣ ਦਾ ਵੀ ਆਗਾਜ਼ ਕੀਤਾ। ਕਲਾਤਮਕ ਖੇਡ ਖੇਡਣ ਕਰਕੇ ਗੁਲਜ਼ਾਰੀ ਜਲਦੀ ਹੀ ਖੇਡ ਪ੍ਰੇਮੀਆਂ ਦਾ ਚਹੇਤਾ ਖਿਡਾਰੀ ਬਣ ਗਿਆ। 2005 ਦਾ ਵਰ੍ਹਾ ਗੁਲਜ਼ਾਰੀ ਲਈ ਬੇਹੱਦ ਖ਼ੁਸ਼ਨਸੀਬੀ ਵਾਲਾ ਰਿਹਾ ਜਦ ਉਸ ਨੇ ਪੰਜਾਬ ਦੇ ਖੇਡ ਮੈਦਾਨਾਂ ਵਿਚੋਂ ਉੱਠ ਕੇ ਨਿਊਜ਼ੀਲੈਂਡ ਵਰਗੇ ਮੁਲਕ ਵਿਚ ਕਲਾਤਮਕ ਖੇਡ ਦਾ ਪ੍ਰਦਰਸ਼ਨ ਕੀਤਾ। ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਦੇ ਖੇਡ ਮੈਦਾਨਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਗੁਲਜ਼ਾਰੀ ਕੌਮਾਂਤਰੀ ਖੇਡ ਮੈਦਾਨਾਂ ਦਾ ਚਰਚਿਤ ਖਿਡਾਰੀ ਬਣ ਗਿਆ।
2005-06 ਵਿਚ ਇੰਗਲੈਂਡ ਦੇ ਸ਼ਹਿਰਾਂ ਡਰਬੀ, ਸਲੋਹ, ਸਾਊਥਾਲ ਤੇ ਬਰਮਿੰਘਮ ਵਿਚ ਗੁਲਜ਼ਾਰੀ ਦੀਆਂ ਕਬੱਡੀਆਂ ਦੀ ਗਾਥਾ ਉਥੋਂ ਦੀਆਂ ਅਖ਼ਬਾਰਾਂ ਦੇ ਮੁੱਖ ਪੰਨਿਆਂ ਦਾ ਸ਼ਿੰਗਾਰ ਬਣੀ। ਉਹਦੀ ਖੇਡ ਕਲਾ ਦਾ ਜਾਦੂ ਠਾਠਾਂ ਮਾਰਦਾ ਨਜ਼ਰ ਆਇਆ। 2008 ਵਿਚ ਕੈਨੇਡਾ ਦੇ ਸ਼ਹਿਰਾਂ ਵੈਨਕੂਵਰ ਤੇ ਟੋਰਾਂਟੋ ਵਿਚ ਯੰਗ ਸਪੋਰਟਸ ਕਲੱਬ ਅਤੇ ਮੈਟਰੋ ਸਪੋਰਟਸ ਕਬੱਡੀ ਕਲੱਬ ਵਿਚ ਗੁਲਜ਼ਾਰੀ ਨੇ ਅਪਣੀ ਖੇਡ ਕਲਾ ਨੂੰ ਚਾਰ ਚੰਨ ਲਾ ਦਿੱਤੇ। ਸੰਸਾਰ ਭਰ ਦੇ ਖੇਡ ਮੈਦਾਨਾਂ ਵਿਚ ਗੁਲਜ਼ਾਰੀ ਦੀ ਆਮਦ ਤੇ ਦਰਸ਼ਕਾਂ ਵੱਲੋਂ ਤਾੜੀਆਂ ਦਾ ਮੀਂਹ ਵਰ੍ਹਾ ਦਿੱਤਾ ਜਾਂਦਾ ਰਿਹਾ। 2009 ਵਿਚ ਗੁਲਜ਼ਾਰੀ ਟੋਰਾਂਟੋ ਦੇ ਮੈਟਰੋ ਸਪੋਰਟਸ ਕਲੱਬ ਤੇ ਵੈਨਕੂਵਰ ਦੇ ਅਜ਼ਾਦ ਕਬੱਡੀ ਕਲੱਬ ਵੱਲੋਂ ਖੇਡਿਆ ਤੇ ਖੇਡ ਮੈਦਾਨਾਂ ਵਿਚ ਨਵੇਂ ਰਿਕਾਰਡ ਸਥਾਪਿਤ ਕੀਤੇ। 2009 ਵਿਚ ਹੀ ਅਮਰੀਕਾ ਦੀ ਧਰਤੀ ਤੇ ਗੁਲਜ਼ਾਰੀ ਆਪਣੇ ਮੁਲਕ ਇੰਡੀਆਂ ਵੱਲੋਂ ਤਕੜੀ ਕਬੱਡੀ ਖੇਡਿਆ। 2010 ਵਿਚ ਵੀ ਕੈਨੇਡਾ ਦੀ ਧਰਤੀ ਤੇ ਯੰਗ ਸਪੋਰਟਸ ਕਲੱਬ ਅਤੇ ਪ੍ਰਿੰਸ ਜਾਰਜ ਕਬੱਡੀ ਕਲੱਬ ਵੱਲੋਂ ਉਸ ਨੇ ਸ਼ਾਨਦਾਰ ਕਬੱਡੀ ਖੇਡੀ।
2010 ਵਿਚ ਪੰਜਾਬ ਦੀ ਧਰਤੀ ਤੇ ਹੋਏ ਪਲੇਠੇ ਵਰਲਡ ਕਬੱਡੀ ਕੱਪ ਦੌਰਾਨ ਗੁਲਜ਼ਾਰੀ ਨੂੰ ਵੀ ਖੇਡਣ ਦਾ ਸੁਭਾਗ ਪ੍ਰਾਪਤ ਹੋਇਆ। ਪਾਕਿਸਤਾਨ ਨਾਲ ਹੋਏ ਫਾਨੀਨਲ ਮੈਚ ਦੌਰਾਨ ਹਰ ਪੁਆਇੰਟ ਤੇ ਪੰਜ ਹਜ਼ਾਰ ਰੁਪਏ ਦੇ ਨਕਦ ਇਨਾਮ ਸਨ। ਗੁਲਜ਼ਾਰੀ ਨੇ ਇਸ ਮੈਚ ਵਿਚ ਗਿਆਰਾਂ ਕਬੱਡੀਆਂ ਪਾ ਕੇ 55000 ਰੁਪਏ ਜਿੱਤੇ। ਵਿਸ਼ਵ ਜੇਤੂ ਬਣ ਕੇ ਜਦ ਉਹ ਪਿੰਡ ਪਹੁੰਚਿਆਂ ਤਾਂ ਪੰਚਾਇਤ ਅਤੇ ਪਿੰਡ ਵਾਸੀਆਂ ਵੱਲੋਂ ਰੱਖੇ ਸਵਾਗਤੀ ਸਮਾਗਮ ਦੌਰਾਨ ਖੁਸ਼ੀ ਵਿਚ 20 ਕੁਇੰਟਲ ਲੱਡੂ ਵੰਡੇ ਗਏ ਅਤੇ ਮੂਨਕ ਵਿਚ ਦੋ ਕਨਾਲਾਂ ਦਾ ਪਲਾਟ ਤੋਹਫੇ ਵਜੋਂ ਦਿੱਤਾ ਗਿਆ। ਉਸ ਦਿਨ ਸਮੁੱਚੇ ਮੂਨਕ ਵਿਚ ਵਿਆਹ ਵਰਗਾ ਮਾਹੌਲ ਸੀ। ਦਿੜਬਾ ਦੇ ਖੇਡ ਮੇਲੇ ਤੇ ਸੋਨੇ ਦੀ ਮੁੰਦੀ, 2008 ਵਿਚ ਮੂਨਕ ਦੇ ਖੇਡ ਮੇਲੇ ਤੇ ਬੁਲਿੱਟ ਮੋਟਰ ਸਾਈਕਲ ਅਤੇ 2009 ਵਿਚ ਹਮੀਰਗੜ੍ਹ ਵਿਚ ਫਿਰ ਬੁਲਿੱਟ ਮੋਟਰ ਸਾਈਕਲ ਨਾਲ ਉਹਦਾ ਸਨਮਾਨ ਹੋਇਆ। ਮਾਣ ਸਨਮਾਨ ਤੋਂ ਸਤੁੰਸ਼ਟ ਗੁਲਜ਼ਾਰੀ ਹੱਸਦਿਆਂ ਕਹਿੰਦਾ ਹੈ, ਅਸੀਂ ਵੀ ਲੋਕਾਂ ਤੋਂ ਮਿਲਦੇ ਪਿਆਰ ਦੇ ਰਿਣੀ ਹਾਂ। ਕੌਮਾਂਤਰੀ ਕਬੱਡੀ ਖਿਡਾਰੀ ਜਵਾਹਰ ਸਿੰਘ ਤੇ ਗੁਰਪਾਲ ਸਿੰਘ ਪਾਲੀ ਦਾ ਉਹ ਉਚੇਚਾ ਜਿ਼ਕਰ ਕਰਦਾ ਹੈ। ਵੀਰ ਗੁਲਜ਼ਾਰੀ ਖੇਡ ਮੈਦਾਨਾਂ ਦਾ ਸਟਾਰ ਹੀ ਨਹੀਂ ਸਗੋਂ ਯਾਰਾਂ ਦਾ ਯਾਰ, ਮਸਤ ਮੌਲਾ ਫੱਕਰ ਇਨਸਾਨ, ਮਿੱਠ ਬੋਲੜਾ ਅਤੇ ਮਿਲਣਸਾਰ ਇਨਸਾਨ ਹੈ।
ਕੁਲਵੰਤ ਭਲਵਾਨ, ਸੰਤੀ ਫਤਿਹਗੜ੍ਹ ਸਾਹਿਬ ਤੇ ਹੰਸ ਰਾਜ ਲਾਸੀ ਦਾ ਗੁਲਜ਼ਾਰੀ ਦੀ ਖੇਡ ਕਲਾ ਨੂੰ ਤਰਾਸ਼ਣ ਵਿਚ ਵਿਸ਼ੇਸ਼ ਯੋਗਦਾਨ ਹੈ। ਖੇਡ ਮੇਲਿਆਂ ਤੇ ਗੁਲਜ਼ਾਰੀ ਦੀ ਆਮਦ ਖੇਡ ਪ੍ਰੇਮੀਆਂ ਵਿਚ ਹੌਸਲੇ ਦਾ ਨਵਾਂ ਜੋਸ਼ ਪੈਦਾ ਕਰ ਦਿੰਦੀ ਹੈ। ਲੁਧਿਆਣੇ ਪਾਕਿਸਤਾਨ ਵਿਰੁਧ ਖੇਡੇ ਫਾਈਨਲ ਮੈਚ ਸਮੇਂ ਪਾਕਿਸਤਾਨੀ ਜਾਫੀਆਂ ਨੂੰ ਬਿਪਤਾ ਛੇੜਨ ਵਾਲਾ ਗੁਲਜ਼ਾਰੀ ਨਵੀਂ ਪਨੀਰੀ ਲਈ ਪ੍ਰੇਰਨਾ ਸਰੋਤ ਹੈ। ਬਿੱਟੂ ਦੁਗਾਲ ਨਾਲ ਯਾਰੀ ਦਾ ਨਿੱਘ ਮਾਨਣ ਵਾਲਾ ਗੁਲਜ਼ਾਰੀ ਹਰ ਕਿਸੇ ਦੇ ਦੁੱਖ ਸੁੱਖ ਵਿਚ ਸ਼ਰੀਕ ਹੋਣਾ ਆਪਣਾ ਫਰਜ਼ ਸਮਝਦਾ ਹੈ ਅਤੇ ਸਖ਼ਤ ਮਿਹਨਤ ਕਰਨ ਨੂੰ ਆਪਣਾ ਧਰਮ ਮੰਨਦਾ ਹੈ। ਮੂਨਕ ਦੀ ਗਊਸ਼ਾਲਾ ਵਿਚ ਗੁਲਜ਼ਾਰੀ ਪਰਿਵਾਰ ਸਮੇਤ ਸੇਵਾ ਦਾ ਕੋਈ ਮੌਕਾ ਨਹੀਂ ਖੁੰਝਾਉਂਦਾ। ਲੋੜਵੰਦਾਂ ਦੀ ਮਦਦ ਕਰਨੀ ਤੇ ਬੜੇ ਫਖ਼ਰ ਨਾਲ ਕਹਿਣਾ, “ਭਰਾ ਜੀ, ਇਥੋਂ ਅਸਾਂ ਕੀ ਲੈ ਜਾਣਾ ਸਗੋਂ ਸਾਰਾ ਕੁਝ ਇੱਥੇ ਹੀ ਰਹਿਣਾ, ਫਿਰ ਕਿਉਂ ਨਾ ਰਲ ਮਿਲ ਕੇ ਜ਼ਿੰਦਗੀ ਦੇ ਸਫਰ ਨੂੰ ਸੁਹਾਵਣਾ ਬਣਾਇਆ ਜਾਵੇ!”
ਸ਼ਾਨਾਂਮੱਤਾ ਧਾਵੀ ਲੱਖਾ ਗਾਜ਼ੀਪੁਰੀਆ
ਕਬੱਡੀ ਦਾ ਗੀਤ ‘ਮਾਰ ਸੋਹਣਿਆਂ ਕੈਂਚੀ ਰੇਡਰ ਸੁੱਕਾ ਜਾਵੇ ਨਾ’ ਆਪਣੀ ਸਾਰਥਿਕਤਾ ਗੁਆ ਬਹਿੰਦਾ ਜਦ ਲੱਖਾ ਗਾਜ਼ੀਪੁਰੀਆ ਸੇ਼ਰ ਵਰਗੀ ਦਹਾੜ ਮਾਰਦਾ। ਮਾਂ ਖੇਡ ਕਬੱਡੀ ਦਾ ਅਜਿਹਾ ਮਾਣਮੱਤਾ ਧਾਵੀ ਹੈ ਲੱਖਾ ਗਾਜ਼ੀਪੁਰੀਆ! ਲੱਖੇ ਦਾ ਨਾਂ ਸੁਣਦਿਆਂ ਹੀ ਖੇਡ ਪ੍ਰੇਮੀਆਂ ਵਿਚ ਨਵਾਂ ਜੋਸ਼ ਪੈਦਾ ਹੋ ਜਾਂਦਾ। ਜਤਿੰਦਰ ਸਿੰਘ ਲੱਖੇ ਦਾ ਜਨਮ ਬਲਦੇਵ ਸਿੰਘ ਅਤੇ ਸਰਬਜੀਤ ਕੌਰ ਦੇ ਘਰ 23.11.1974 ਨੂੰ ਜਿ਼ਲ੍ਹਾ ਜਲੰਧਰ ਦੇ ਪਿੰਡ ਗਾਜ਼ੀਪੁਰ ਵਿਚ ਹੋਇਆ। ਉਸ ਨੇ ਮੁੱਢਲੀ ਵਿੱਦਿਆ ਸਰਕਾਰੀ ਪ੍ਰਾਇਮਰੀ ਸਕੂਲ ਮੰਡ ਤੋਂ ਪ੍ਰਾਪਤ ਕੀਤੀ ਅਤੇ ਅੱਠਵੀਂ ਤੱਕ ਖਹਿਰਾ ਮਾਝਾ ਦੇ ਸਰਕਾਰੀ ਮਿਡਲ ਸਕੂਲ ਵਿਚ ਪੜ੍ਹਿਆ। ਲੱਖੇ ਦੇ ਬਾਪ ਦੀ ਜੁਆਨੀ ਵਿਚ ਹੀ ਮ੍ਰਿਤੂ ਹੋ ਗਈ ਸੀ ਅਤੇ ਦਾਦਾ ਗੁਰਦੀਪ ਸਿੰਘ ਆਪਣੇ ਸਮੇਂ ਦੇ ਮਸ਼ਹੂਰ ਕਬੱਡੀ ਖਿਡਾਰੀ ਸਨ।
ਲੱਖੇ ਦੇ ਮਾਮਾ ਜੀ ਚਰਨਜੀਤ ਸਿੰਘ ਚੰਦੂ ਆਪਣੇ ਸਮੇਂ ਦੇ ਤਕੜੇ ਜਾਫੀ ਅਤੇ ਮਸ਼ਹੂਰ ਬਾਕਸਰ ਸਨ। ਦੇਵੀ ਦਿਆਲ ਦੇ ਸਮੇਂ ਉਨ੍ਹਾਂ ਨੇ ਚੋਟੀ ਦੀ ਕਬੱਡੀ ਖੇਡੀ ਸੀ। ਘਰ ਵਿਚ ਖੇਡ ਭਰਪੂਰ ਮਾਹੌਲ ਹੋਣ ਕਰਕੇ ਲੱਖਾ ਬਚਪਨ ਤੋਂ ਹੀ ਆਪਣੇ ਅੰਦਰ ਕਬੱਡੀ ਪ੍ਰਤੀ ਮੋਹ ਦਾ ਇਜ਼ਹਾਰ ਕਰਨ ਲੱਗਿਆ। ਉਦੋਂ ਉਹ 13-14 ਸਾਲਾਂ ਦਾ ਹੀ ਸੀ ਜਦ ਉਸ ਦੇ ਮਾਮੇ ਚਰਨਜੀਤ ਸਿੰਘ ਨੇ ਲੱਖੇ ਨੂੰ ਆਪਣੀ ਦੇਖ ਰੇਖ ਹੇਠ ਕੈਨੇਡਾ ਸੱਦ ਲਿਆ। ਕੈਨੇਡਾ ਪਹੁੰਚ ਕੇ ਪਰਿਵਾਰਕ ਰੁਝੇਵਿਆਂ ਦੇ ਨਾਲ ਸਮਾਜਿਕ ਰੁਝੇਵੇਂ ਵੀ ਵਧ ਗਏ। 1989 ਵਿਚ ਕੈਨੇਡਾ ਪਹੁੰਚਿਆ ਲੱਖਾ ਜਲਦੀ ਹੀ ਕੈਨੇਡਾ ਦੇ ਹਾਲਾਤ ਭਾਂਪ ਗਿਆ ਅਤੇ ਮਾਂ ਖੇਡ ਕਬੱਡੀ ਦੇ ਗੁੱਝੇ ਭੇਤਾਂ ਦੀ ਗੁੜਤੀ ਗ੍ਰਹਿਣ ਕਰਨ ਲਈ ਜੁਟ ਗਿਆ। ਨਿੱਕੇ ਹੁੰਦਿਆਂ ਲੱਖਾ ਆਪਣੇ ਪਿੰਡ ਨਾਲੋਂ ਜ਼ਿਆਦਾ ਤੀਰਥ ਗਾਖਲ ਦੇ ਪਿੰਡ ਗਾਖਲ ਵਿਚ ਕਸਰਤ ਵਗੈਰਾ ਕਰਦਾ। ਮੱਸ ਫੁੱਟ ਗੱਭਰੂ ਹੁੰਦਿਆਂ ਵੈਨਕੂਵਰ ਦੀ ਧਰਤੀ ਤੇ ਲੱਖੇ ਦਾ ਵਾਹ ਸ਼ੇਰੇ-ਪੰਜਾਬ ਸਪੋਰਟਸ ਕਲੱਬ ਦੇ ਅਹੁਦੇਦਾਰਾਂ ਨਾਲ ਪਿਆ। ਕਾਲਾ ਸੰਘਿਆਂ ਵਾਲੇ ਜਵਾਹਰੇ ਹੋਰਾਂ ਨੇ ਲੱਖੇ ਅੰਦਰ ਛੁਪੀ ਪ੍ਰਤਿਭਾ ਨੂੰ ਭਾਂਪਦਿਆਂ ਕੋਈ ਮੌਕਾ ਨਾ ਖੁੰਝਣ ਦਿੱਤਾ ਤੇ ਲੱਖਾ ਦਿਨ ਰਾਤ ਸ਼ੇਰੇ-ਪੰਜਾਬ ਸਪੋਰਟਸ ਕਲੱਬ ਦੀ ਦੇਖ-ਰੇਖ ਹੇਠ ਮਿਹਨਤ ਕਰਨ ਲੱਗ ਪਿਆ। ਪਹਿਲਾਂ ਲੱਖੇ ਨੇ 140 ਪੌਂਡ ਵਜ਼ਨ ਭਾਰ ਵਰਗ ਵਿਚ ਫਿਰ 155 ਪੌਂਡ ਭਾਰ ਵਰਗ ਅਤੇ ਫਿਰ ਆਲ ਓਪਨ ਵਰਗ ਵਿਚ ਚੰਗਾ ਨਾਮਣਾ ਖੱਟਿਆ।
ਆਲ ਓਪਨ ਟੂਰਨਾਮੈਂਟਾਂ ਦੌਰਾਨ ਲੱਖੇ ਦਾ ਨਾਂ ਮੂਹਰਲੀਆਂ ਸਫਾ ਵਿਚ ਗੂੰਜਣ ਲੱਗਾ। ਲੱਖੇ ਨੇ ਕਲਾਤਮਕ ਖੇਡ ਕਲਾ ਦਾ ਮੁਜ਼ਾਹਰਾ ਕਰਦਿਆਂ ਜਲਦੀ ਹੀ ਮਾਂ ਖੇਡ ਕਬੱਡੀ ਦੇ ਖੇਤਰ ਵਿਚ ਚੰਗੀਆਂ ਪੁਲਾਂਘਾਂ ਪੁੱਟੀਆਂ। 1994 ਵਿਚ ਲੱਖਾ ਪਹਿਲੀ ਵਾਰੀ ਇੰਗਲੈਂਡ ਦੀ ਧਰਤੀ ਤੇ ਵੈਨਕੂਵਰ ਵੱਲੋਂ ਛਿੰਦੇ ਅਮਲੀ ਦੀ ਟੀਮ ਵਿਚ ਖੇਡਿਆ। ਉਦੋਂ ਪਹਿਲੀ ਵਾਰ ਹਰਜੀਤ ਬਰਾੜ ਹੋਰੀਂ ਇੰਗਲੈਂਡ ਖੇਡਣ ਗਏ ਸਨ। ਇੰਗਲੈਂਡ ਦੇ ਸ਼ਹਿਰਾਂ ਸਲੋਹ, ਡਰਬੀ, ਬਰਮਿੰਘਮ ਅਤੇ ਸਾਊਥਹਾਲ ਵਿਚ ਖੇਡਦਿਆਂ ਲੱਖੇ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਕੈਨੇਡਾ, ਅਮਰੀਕਾ ਅਤੇ ਇੰਗਲੈਂਡ ਵਿਚ ਹੁੰਦੇ ਲੋਕਲ ਮੈਚਾਂ ਦੌਰਾਨ ਲੱਖਾ ਕਈ ਵਾਰ ਬੈਸਟ ਧਾਵੀ ਚੁਣਿਆ ਗਿਆ। 2000 ਵਿਚ ਲੱਖੇ ਨਾਲ ਬੜੀ ਮੰਦਭਾਗੀ ਘਟਨਾ ਵਾਪਰੀ ਜਦ ਵੈਨਕੂਵਰ ਸੀਜ਼ਨ ਦੇ ਪਹਿਲੇ ਟੂਰਨਾਮੈਂਟ ਦਾ ਆਖ਼ਰੀ ਮੈਚ ਅਤੇ ਮੈਚ ਦੀ ਆਖ਼ਰੀ ਕਬੱਡੀ ਪਾਉਂਦਿਆਂ ਅਚਨਚੇਤ ਵੱਡੀ ਸੱਟ ਵੱਜ ਗਈ। ਲੱਖਾ ਇਸ ਸੱਟ ਕਰਕੇ ਕਾਫੀ ਦੇਰ ਕਬੱਡੀ ਨਾ ਖੇਡ ਸਕਿਆ। 1997 ਵਿਚ ਲੱਖੇ ਦੀ ਸ਼ਾਦੀ ਬੇਗੋਵਾਲ ਪਿੰਡ ਦੀ ਸੁੰਦਰ ਸੁਸ਼ੀਲ ਲੜਕੀ ਪ੍ਰਨੀਤ ਕੌਰ ਨਾਲ ਹੋਈ। ਲੱਖੇ ਦੇ ਗ੍ਰਹਿ ਵਿਖੇ ਦੋ ਪੁੱਤਰਾਂ ਗਰੇਸਨ ਸਿੰਘ ਅਤੇ ਆਈਵਿੱਖ ਸਿੰਘ ਨੇ ਜਨਮ ਲਿਆ ਜੋ ਹੁਣ ਖੇਡ ਖੇਤਰ ਵਿਚ ਉੱਭਰਨ ਲਈ ਯਤਨਸ਼ੀਲ ਹਨ।
1997 ਵਿਚ ਲੱਖਾ ਵਰਲਡ ਕੈਨੇਡਾ ਕੱਪ ਦੌਰਾਨ ਬੈਸਟ ਧਾਵੀ ਚੁਣਿਆ ਗਿਆ। 1999 ਵਿਚ ਲੱਖਾ ਫਿਰ ਵਰਲਡ ਕੈਨੇਡਾ ਕੈਂਪ ਦਾ ਬੈਸਟ ਧਾਵੀ ਬਣਿਆ। ਉਹ ਦੱਸਦਾ ਹੈ ਕਿ ਅਸੀਂ ਦੋ ਰੇਡਰ ਹੁੰਦਿਆਂ ਹੀ ਲਗਾਤਾਰ ਕਬੱਡੀਆਂ ਪਾਉਂਦੇ ਰਹਿੰਦੇ। ਇੱਕ ਮੈਚ ਵਿਚ 35-40 ਕਬੱਡੀਆਂ ਪੈ ਜਾਂਦੀਆਂ ਪਰ ਕਦੇ ਪਿੱਛੇ ਮੁੜ ਕੇ ਨਹੀਂ ਸੀ ਦੇਖਿਆ। ਕਦੇ ਕੋਈ ਥਕਾਵਟ ਮਹਿਸੂਸ ਨਹੀਂ ਕੀਤੀ। ਬੱਸ ਇਉਂ ਹੁੰਦਾ ਸੀ ਕਿ ਮੈਚ ਖੇਡਣ ਗਏ, ਬੱਸ ਜਿੱਤ ਕੇ ਆਈਏ। ਸਾਫ ਸੁਥਰੀ ਕਬੱਡੀ ਖੇਡਣ ਵਾਲਾ ਲੱਖਾ ਯਾਰਾਂ ਦਾ ਯਾਰ ਹੈ। ਆਤਮ-ਵਿਸ਼ਵਾਸ ਦੀ ਲਟ-ਲਟ ਬਲਦੀ ਮਸ਼ਾਲ ਹੈ। ਛੇ ਫੁੱਟ ਕੱਦ ਦਾ ਮਾਲਕ ਅਤੇ ਕੁਇੰਟਲ ਕੁ ਵਜ਼ਨੀ ਲੱਖਾ ਕਹਿੰਦੇ ਕਹਾਉਂਦੇ ਜਾਫੀਆਂ ਨੂੰ ਵਕਤ ਪਾ ਦਿੰਦਾ ਹੈ। ਸੁੰਦਰ ਸਡੌਲ ਸਰੀਰ ਦਾ ਮਾਲਕ ਲੱਖਾ ਦਸਦਾ ਹੈ ਕਿ ਜਦ ਕਦੇ ਇੰਡੀਆ ਜਾਈਦਾ ਹੈ ਤਾਂ ਤੀਰਥ ਗਾਖਲ ਦੇ ਪਿੰਡ ਦੀਆਂ ਗਰਾਊਂਡਾਂ ਵਿਚ ਹੀ ਮਿਹਨਤ ਵਗੈਰਾ ਕਰ ਲਈਦੀ ਹੈ। ਭਰਾ ਹਰਜੀਤ ਸਿੰਘ ਤੇ ਭੈਣ ਤੇਜਿੰਦਰ ਕੌਰ ਦਾ ਇਹ ਹੋਣਹਾਰ ਵੀਰ ਮਾਂ ਖੇਡ ਕਬੱਡੀ ਦੀ ਚੜ੍ਹਦੀ ਕਲਾ ਲਈ ਭਰਪੂਰ ਆਸਵੰਦ ਹੈ। ਕਬੱਡੀ ਵਿਚ ਨਸ਼ਿਆਂ ਦੇ ਪਸਾਰੇ ਤੋਂ ਚਿੰਤਤ ਲੱਖਾ ਅਕਸਰ ਹੀ ਕਹਿੰਦਾ ਹੈ, ਭਾਅ ਜੀ ਨਸੇ਼ ਕਬੱਡੀ ਖਿਡਾਰੀਆਂ ਦੀ ਮੱਤ ਮਾਰ ਦੇਣਗੇ। ਇਹ ਠੀਕ ਹੈ ਕਿ ਕਬੱਡੀ ਵਿਚ ਪੈਸਾ ਬਹੁਤ ਹੈ ਪਰ ਓਨਾ ਹੀ ਨਸ਼ਾ ਵੀ ਸਿਰ ਚੁੱਕ ਰਿਹਾ ਹੈ। ਸਾਨੂੰ ਸਾਰਿਆਂ ਨੂੰ ਕਬੱਡੀ ਵਿਚ ਫੈਲਦੇ ਨਸ਼ੇ ਪ੍ਰਤੀ ਗੰਭੀਰਤਾ ਨਾਲ ਇਕੱਠੇ ਹੋਣਾ ਚਾਹੀਦਾ ਹੈ।
ਬਲਵਿੰਦਰ ਫਿੱਡੂ, ਹਰਜੀਤ ਬਰਾੜ, ਤੀਰਥ ਗਾਖਲ ਤੇ ਹੋਰ ਸੁਪਰ ਸਟਾਰਾਂ ਨਾਲ ਡਟ ਕੇ ਕਬੱਡੀ ਖੇਡਣ ਵਾਲਾ ਲੱਖਾ ਗਰੀਬਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦਿਆ ਕਹਿੰਦਾ ਹੈ ਕਿ ਸਾਨੂੰ ਝੁੱਗੀਆਂ ਝੋਂਪੜੀਆਂ ਵਾਲਿਆਂ ਦੀ ਵੀ ਮਦਦ ਕਰਦੇ ਰਹਿਣਾ ਚਾਹੀਦਾ ਹੈ। ਸਾਫ ਸੁਥਰੀ ਖੇਡ ਕਰਕੇ ਖੇਡ ਜਗਤ ਵਿਚ ਚਰਚਿਤ ਲੱਖਾ ਮਾਂ ਖੇਡ ਕਬੱਡੀ ਦੇ ਖੇਤਰ ਵਿਚ ਅਜੇ ਲੰਮੀ ਪਾਰੀ ਖੇਡਣ ਪ੍ਰਤੀ ਗੰਭੀਰ ਆਸਵੰਦ ਹੈ। ਲੱਖਾ ਇਹ ਵੀ ਕਹਿੰਦਾ ਹੈ ਕਿ ਸਰਕਾਰਾਂ ਵੀ ਕਬੱਡੀ ਦਾ ਖਿਆਲ ਰੱਖਣ ਤਾਂ ਕਿ ਕਬੱਡੀ ਨੂੰ ਸਰਕਾਰੀ ਮਾਨਤਾ ਮਿਲਣ ਦੇ ਰਾਹ ਵਿਚ ਬਣਦੇ ਅੜਿੱਕੇ ਖ਼ਤਮ ਹੋ ਸਕਣ ਅਤੇ ਮਾਂ ਖੇਡ ਕਬੱਡੀ ਆਪਣਾ ਸ਼ਾਨਦਾਰ ਸਫ਼ਰ ਤੈਅ ਕਰਦੀ ਹੋਈ ਨਵੀਆਂ ਮੰਜ਼ਲਾਂ ਵੱਲ ਵਧ ਸਕੇ।
ਸੰਪਰਕ: principalsarwansingh@gmail.com