ਸੁਰਿੰਦਰ ਸਿੰਘ ਤੇਜ
ਬੜਾ ਅਮੁੱਕ ਸਿਲਸਿਲਾ ਹੈ ਇਤਿਹਾਸ ਤੇ ਇਤਿਹਾਸਕ ਪਾਤਰਾਂ ਬਾਰੇ ਵਿਚਾਰਾਂ-ਖਿਆਲਾਂ ਦੀ ਸੋਧ-ਸੁਧਾਈ ਦਾ। ਇਸ ਸਿਲਸਿਲੇ ਅਧੀਨ ਘਟਨਾਵਾਂ ਤੇ ਕਿਰਦਾਰਾਂ ਦੇ ਨਕਸ਼ ਤੇ ਮੁਹਾਂਦਰੇ ਬਦਲ ਦਿੱਤੇ ਜਾਂਦੇ ਹਨ। ਚਰਮਪੰਥੀ, ਨਰਮਪੰਥੀ ਬਣਾ ਦਿੱਤੇ ਜਾਂਦੇ ਹਨ ਅਤੇ ਨਰਮਪੰਥੀ, ਬੁਜ਼ਦਿਲ ਤੇ ਕਮਜ਼ੋਰ। ਜਦੋਂ ਮੁਲਕ ਵੰਡੇ ਜਾਣ, ਕੌਮਾਂ ਟੁੱਟ-ਫੁੱਟ ਜਾਣ, ਕੌਮੀਅਤਾਂ ਖੰਡਿਤ-ਵਿਖੰਡਿਤ ਹੋ ਜਾਣ ਤਾਂ ਸਬੰਧਤ ਇਤਿਹਾਸ-ਪੁਰਸ਼ਾਂ ਦੇ ਬਾਣੇ ਬਦਲਣਾ ਵੀ ਮਜਬੂਰੀ ਬਣ ਜਾਂਦਾ ਹੈ। ਮੁਹੰਮਦ ਅਲੀ ਜਿਨਾਹ ਇਸ ਵਰਤਾਰੇ ਦੀ ਪ੍ਰਮੁੱਖ ਮਿਸਾਲ ਹੈ। ਮਹਾਤਮਾ ਗਾਂਧੀ ਵਾਂਗ ਉਸ ਦੀ ਹਸਤੀ ਦਾ ਦਾਨਵੀਕਰਨ ਜਾਂ ਫਰਿਸ਼ਤੀਕਰਨ ਉਸ ਦੇ ਜਿਊਂਦਿਆਂ-ਜੀਅ ਸ਼ੁਰੂ ਹੋ ਗਿਆ ਸੀ। ਮੁਲਕ ਦੀ ਵੰਡ ਨੇ ਇਸ ਨੂੰ ਹੋਰ ਹੁਲਾਰਾ ਦਿੱਤਾ। ਰੈਡਕਲਿੱਫ ਲਕੀਰ ਦੇ ਓਧਰਲੇ ਪਾਸੇ (ਪਾਕਿਸਤਾਨ ਵਿਚ) ਉਹ ਬਾਬਾ-ਇ-ਕੌਮ ਜਾਂ ਕਾਇਦੇ ਆਜ਼ਮ ਹੈ; ਸਾਡੇ ਪਾਸੇ ਉਸ ਨੂੰ ਅਖੰਡ ਭਾਰਤ ਦੇ ਵਿਖੰਡਨ ਦਾ ਮੁੱਖ ਦੋਸ਼ੀ ਮੰਨਿਆ ਜਾਂਦਾ ਹੈ। 1947 ਤੋਂ ਬਾਅਦ ਸਰਹੱਦ ਦੇ ਦੋਵੇਂ ਪਾਸੇ ਜਿਨਾਹ ਬਾਰੇ ਬਹੁਤ ਕੁਝ ਲਿਖਿਆ-ਛਪਿਆ। ਸਾਡੇ ਆਪਣਿਆਂ ਤੋਂ ਇਲਾਵਾ ਬ੍ਰਿਟਿਸ਼ ਇਤਿਹਾਸਕਾਰਾਂ ਨੇ ਵੀ ਜਿਨਾਹ ਨੂੰ ਖ਼ੂਬ ਝੰਬਿਆ-ਕੋਸਿਆ। ਜਿਨਾਹ ਦੀ ਤਸਵੀਰ ਉੱਤੇ ਪੋਤੀ ਗਈ ਸਿਆਹੀ ਨੂੰ ਘਟਾਉਣ ਵਾਲਾ ਕਰਮ ਉੱਘੇ ਕਾਨੂੰਨਦਾਨ ਏ.ਜੀ. ਨੂਰਾਨੀ ਨੇ ‘ਜਿਨਾਹ ਐਂਡ ਤਿਲਕ’ ਕਿਤਾਬ ਰਾਹੀਂ ਸੰਜੀਦਗੀ ਨਾਲ ਕੀਤਾ। ਸਾਬਕਾ ਵਿਦੇਸ਼ ਮੰਤਰੀ ਜਸਵੰਤ ਸਿੰਘ ਦੀ ਕਿਤਾਬ ‘ਜਿਨਾਹ: ਇੰਡੀਅਨ-ਪਾਰਟੀਸ਼ਨ ਐਂਡ ਇੰਡੀਪੈਂਡੈਂਸ’ ਰਾਹੀਂ ਇਸੇ ਕਰਮ ਵਿਚ ਇਕ ਹੋਰ ਕੜੀ ਜੁੜੀ। ਭਗਵੇਂ ਨੇਤਾ ਵਾਲੀ ਤਾਸੀਰ ਦੇ ਬਾਵਜੂਦ ਜਸਵੰਤ ਸਿੰਘ ਨੇ 1937 ਤੋਂ 1947 ਵਾਲੇ ਘਟਨਾਕ੍ਰਮ ਲਈ ਜਿਨਾਹ ਨੂੰ ਹੀ ਦੋਸ਼ੀ ਦੱਸਣ ਤੋਂ ਪਰਹੇਜ਼ ਕੀਤਾ। ਉਸ ਦੀ ਇਸ ਪਹੁੰਚ ਨੂੰ ਸਰਹੱਦ ਦੇ ਦੋਵੇਂ ਪਾਸਿਓਂ ਸਰਾਹਨਾ-ਸਲਾਹੁਤਾ ਵੀ ਮਿਲੀ। ਨੂਰਾਨੀ ਜਾਂ ਅਮਰੀਕੀ ਇਤਿਹਾਸਕਾਰ ਸਟੇਨਲੇ ਵੋਲਪਰਟ ਵੱਲੋਂ ਜਿਨਾਹ ਨੂੰ ਨੀਤੀਵੇਤਾ ਦਰਸਾਉਣ ਵਾਲੀ ਤੰਦ ਨੂੰ ਕੁਝ ਜ਼ਿਆਦਾ ਲੰਮਾ ਖਿੱਚਦਿਆਂ ਪਾਕਿਸਤਾਨੀ ਵਿਦਵਾਨ ਆਇਸ਼ਾ ਜਲਾਲ ਨੇ 1985 ਵਿਚ ਛਪੀ ਆਪਣੀ ਕਿਤਾਬ ‘ਦਿ ਸੋਲ ਸਪੋਕਸਮੈਨ’ (ਇਕੋਇਕ ਤਰਜਮਾਨ) ਰਾਹੀਂ ਕਾਇਦੇ ਆਜ਼ਮ ਦੀਆਂ ਇਨਸਾਨੀ ਕਮਜ਼ੋਰੀਆਂ ਦੀ ਤਸਦੀਕ ਕੀਤੀ, ਪਰ ਨਾਲ ਹੀ ਉਸ ਨੂੰ ਲਿਆਕਤ ਤੇ ਦੂਰਦਰਸ਼ਤਾ ਦਾ ਅਵਤਾਰ ਦਸਦਿਆਂ ਹਿੰਦੋਸਤਾਨ ਦੀ ਵੰਡ ਦਾ ਜੁਰਮ ਗਾਂਧੀ-ਨਹਿਰੂ-ਪਟੇਲ ਸਿਰ ਮੜ੍ਹਿਆ। ਉਸ ਦਾ ਥੀਸਿਜ਼ ਸੀ ਕਿ ‘‘ਦੋ ਰਾਸ਼ਟਰਾਂ ਵਾਲਾ ਸਿਧਾਂਤ, ਕਾਂਗਰਸ ਤੋਂ ਵੱਧ ਰਿਆਇਤਾਂ ਤੇ ਮੁਸਲਿਮ ਭਾਈਚਾਰੇ ਲਈ ਵੱਧ ਰਾਜਨੀਤਕ ਪ੍ਰਤੀਨਿਧਤਾ ਹਾਸਲ ਕਰਨ ਵਾਲਾ ਯੁੱਧਨੀਤਕ ਪੈਂਤੜਾ ਸੀ; ਜਿਨਾਹ ਇਸ ਸਿਧਾਂਤ ਦਾ ਧੁਰ ਅੰਦਰੋਂ ਹਾਮੀ ਨਹੀਂ ਸੀ। ਕਾਂਗਰਸ ਨੇ ਉਸ ਦੀਆਂ ਰਾਜਨੀਤਕ ਮਜਬੂਰੀਆਂ ਨੂੰ ਸਮਝਣ ਅਤੇ ਉਸ ਦੇ ਹਓਮੈ ਨੂੰ ਪੱਠੇ ਪਾ ਕੇ ਸੌਦੇਬਾਜ਼ੀ ਲੰਮੀ ਖਿੱਚਣ ਦਾ ਸਬਰ ਨਹੀਂ ਦਿਖਾਇਆ। ਲਿਹਾਜ਼ਾ, ਮੁਲਕ ਦੀ ਵੰਡ ਜਿਨਾਹ ਕਾਰਨ ਨਹੀਂ, ਕਾਂਗਰਸ ਕਾਰਨ ਹੋਈ।’’
ਪਾਕਿਸਤਾਨੀ ਵਕੀਲ ਤੇ ਵਿਦਵਾਨ ਯਾਸਿਰ ਲਤੀਫ਼ ਹਮਦਾਨੀ ਦੀ ਨਵੀਂ ਕਿਤਾਬ ‘ਜਿਨਾਹ: ਏ ਲਾਈਫ’ (ਮੈਕਮਿਲਨ; 499 ਰੁਪਏ) ਜਲਾਲ ਵਾਲੀ ਸੋਚ ਨੂੰ ਹੀ ਅੱਗੇ ਤੋਰਦੀ ਹੈ, ਪਰ ਵੱਧ ਵਰਮ, ਵੱਧ ਸਹਿਜ ਜ਼ੁਬਾਨ ’ਚ। ਹਮਦਾਨੀ ਦਾ ਤਰਕ ਹੈ ਕਿ ਵੋਲਪਰਟ ਨੂੰ ਛੱਡ ਕੇ ਬਾਕੀ ਵਿਦੇਸ਼ੀ, ਖ਼ਾਸ ਕਰਕੇ ਬ੍ਰਿਟਿਸ਼ ਇਤਿਹਾਸਕਾਰਾਂ ਨੇ ਜਿਨਾਹ ਦਾ ਜੋ ਮੁਤੱਸਅਬੀ ਅਕਸ ਉਸਾਰਿਆ, ਉਹ ਜਿਨਾਹ ਦੀ 1937 ਤੋਂ ਬਾਅਦ ਵਾਲੀ ਭੂਮਿਕਾ ਉੱਤੇ ਆਧਾਰਿਤ ਹੈ। ਇਨ੍ਹਾਂ ਇਤਿਹਾਸਕਾਰਾਂ ਨੇ ਜਿਨਾਹ ਦੀ 1937 ਤੋਂ ਬਾਅਦ ਵਾਲੀ ਭੂਮਿਕਾ ਦਾ ਉਸ ਤੋਂ ਪਹਿਲਾਂ ਵਾਲੀ ਕਾਰਗੁਜ਼ਾਰੀ ਨਾਲ ਇਮਾਨਦਾਰੀ ਨਾਲ ਸਮਾਯੋਜਨ ਨਹੀਂ ਕੀਤਾ। ਜਿਨਾਹ ਨੂੰ ਹਮੇਸ਼ਾਂ ਮਹਾਤਮਾ ਗਾਂਧੀ ਵਾਲੇ ਸਿਧਾਂਤਕ ਆਈਨੇ ਰਾਹੀਂ ਨਿਰਖਿਆ-ਘੋਖਿਆ ਗਿਆ। ਇਹ ਸਹੀ ਨਹੀਂ ਸੀ। ਹਮਦਾਨੀ ਮੁਤਾਬਿਕ ਜਿਹੜਾ ਮੁਹੰਮਦ ਅਲੀ ਜਿਨਾਹ, ਗੁਜਰਾਤੀ ਇਸਮਾਇਲੀ ਖੋਜਾ ਹੋਣ ਕਰਕੇ ਸੋਚ ਤੇ ਸੁਹਜ ਪੱਖੋਂ ਅੱਧਾ ਹਿੰਦੂ ਹੋਵੇ; ਜਿਹੜਾ ਕੱਟੜਪੰਥੀ ਇਸਲਾਮ ਨੂੰ ਬਚਪਨ ਤੋਂ ਹੀ ਨਫ਼ਰਤ ਕਰਦਾ ਹੋਵੇ; ਜਿਸ ਦਾ ਪੱਛਮੀ ਪਹਿਰਾਵੇ ਅਤੇ ਊਦਾਰਵਾਦੀ ਨਜ਼ਰੀਏ ਨਾਲ ਅੰਤਾਂ ਦਾ ਮੋਹ ਹੋਵੇ; ਜਿਹੜਾ ਗੋਪਾਲ ਕ੍ਰਿਸ਼ਨ ਗੋਖਲੇ ਤੇ ਹੋਰ ਹਿੰਦੂ ਦਾਨਿਸ਼ਮੰਦਾਂ ਦਾ ਮੁਰੀਦ ਰਿਹਾ ਹੋਵੇ; ਜਿਸ ਨੇ ਲੋਕਮਾਨਿਆ ਤਿਲਕ ਤੇ ਹੋਰ ਤਿਲਕਧਾਰੀ ਕਾਂਗਰਸੀ ਆਗੂਆਂ ਦੇ ਹਿੱਤਾਂ ਲਈ ਮੁਕੱਦਮੇ ਲੜੇ ਹੋਣ; ਜਿਹੜਾ ਮੁਸਲਿਮ ਲੀਗ ਦੀ ਸਥਾਪਨਾ ਤੇ ਸੋਚ ਦਾ ਘੋਰ ਵਿਰੋਧੀ ਰਿਹਾ ਹੋਵੇ; ਜਿਸ ਨੇ ਮਹਾਤਮਾ ਗਾਂਧੀ ਦੇ ਦੱਖਣੀ ਅਫਰੀਕਾ ਵਿਚਲੇ ਸੰਘਰਸ਼ ਦੀ ਖੁੱਲ੍ਹ ਕੇ ਹਮਾਇਤ ਕੀਤੀ ਹੋਵੇ ਅਤੇ 1930 ਤਕ ਗਾਂਧੀ ਦਾ ਪੱਕਾ ਵਫ਼ਾਦਾਰ ਰਿਹਾ ਹੋਵੇ; ਜਿਸ ਨੇ ਵਿਧਾਨ ਮੰਡਲਾਂ ਤੇ ਨੌਕਰੀਆਂ ਵਿਚ ਮਜ਼ਹਬੀ ਆਧਾਰ ’ਤੇ ਅਨੁਪਾਤਕ ਪ੍ਰਤੀਨਿਧਤਾ ਦੀ ਮੁਖ਼ਾਲਫ਼ਤ ਕੀਤੀ ਹੋਵੇ ਅਤੇ ਗਾਂਧੀ/ਨਹਿਰੂ ਦੇ ਕਹਿਣ ’ਤੇ ਆਪਣੀ ਸੁਰ ਬਦਲ ਕੇ 1916 ਦਾ ਲਖਨਊ ਪੈਕਟ ਸੰਭਵ ਬਣਾਇਆ ਹੋਵੇ ਅਤੇ ਜਿਹੜਾ ਮੁਸਲਿਮ ਨਾਲੋਂ ਹਿੰਦੋਸਤਾਨੀ ਸ਼ਨਾਖ਼ਤ ਊੱਤੇ ਪਹਿਰਾ ਦੇਣ ਦਾ ਕੱਟੜ ਹਾਮੀ ਰਿਹਾ ਹੋਵੇ; ਉਹ ਜਿਨਾਹ ਹਿੰਦੋਸਤਾਨ ਨੂੰ ਤਕਸੀਮ ਕਰ ਕੇ ਵੱਖਰਾ ਇਸਲਾਮੀ ਮੁਲਕ ਕਾਇਮ ਕਰਨਾ ਕਿਵੇਂ ਲੋਚ ਸਕਦਾ ਸੀ? ਇਸਲਾਮੀ ਕੱਟੜਪੰਥੀਆਂ ਨੂੰ ਤਾਂ ਉਸ ਨੇ ਆਪਣੇ ਤੋਂ 24 ਸਾਲ ਛੋਟੀ ਪਾਰਸੀ ਮੁਟਿਆਰ ਰੱਤੀ ਦਿਨਸ਼ਾਅ ਨਾਲ ਵਿਆਹ ਕਰਵਾ ਕੇ ਅਤੇ ਉਸ ਨੂੰ ਛੋਟੇ ਤੋਂ ਛੋਟੇ ਪਹਿਰਾਵਿਆਂ ਵਿਚ ਵਿਚਰਨ ਦੀ ਖੁੱਲ੍ਹ ਦੇ ਕੇ ਆਪਣੀ ਸੋਚ ਦਾ ਸ਼ੀਸ਼ਾ ਦਿਖਾ ਦਿੱਤਾ ਸੀ। ਉਸ ਨੂੰ ‘‘ਮੋਮਿਨਾਂ ਲਈ ਵੱਖਰੇ ਮੁਲਕ ਦੀ ਮੰਗ ਵੱਲ ਜਬਰੀ ਧੱਕਿਆ ਗਿਆ; ਅਤੇ ਧੱਕਿਆ ਵੀ ਕਾਂਗਰਸ ਦੇ ਵੱਡ-ਚੌਧਰੀਆਂ ਨੇ।’’
ਹਮਦਾਨੀ ਇਸ਼ਾਰਾ ਕਰਦਾ ਹੈ ਕਿ ਮੁਲਕ ਤਕਸੀਮ ਹੋਣ ਅਤੇ ਕਰੋੜਾਂ ਲੋਕਾਂ ਦੇ ਉਜਾੜੇ ਦੇ ਬਾਵਜੂਦ ਜਿਨਾਹ ਕੜਵਾਹਟਾਂ ਭੁਲਾਉਣ, ਦੂਰੀਆਂ ਮੇਲਣ ਅਤੇ ਸਰਹੱਦੀ ਬੰਦਸ਼ਾਂ ਮਿਟਾਉਣ ਦੇ ਸੁਪਣੇ ਬੁਣਦਾ ਰਿਹਾ। ਜੇ ਉਹ ਕੁਝ ਹੋਰ ਵਰ੍ਹੇ ਜਿਊਂਦਾ ਰਹਿੰਦਾ ਤਾਂ ਇਹ ਸੁਪਨੇ ਸ਼ਾਇਦ ਸਾਕਾਰਤਾ ਦਾ ਰਾਹ ਫੜ ਲੈਂਦੇ। ਉਸ ਦੀ ਬੇਵਕਤੀ ਮੌਤ ਨੇ ਬਟਵਾਰੇ ਦੇ ਤਾਣੇ ਨੂੰ ਅਜਿਹਾ ਪੀਡਾ ਕੀਤਾ ਕਿ ਭਾਰਤ-ਪਾਕਿਸਤਾਨ ’ਚ ਸ਼ਰੀਕ-ਭਰਾਵਾਂ ਵਾਲਾ ਰਿਸ਼ਤਾ ਅਮੁੱਕ ਦੁਸ਼ਮਣੀ ਵਿਚ ਬਦਲ ਗਿਆ। ਅਜਿਹਾ ਪ੍ਰਸੰਗ ਬੁਣਦਿਆਂ ਹਮਦਾਨੀ ਇਸ ਹਕੀਕਤ ਨੂੰ ਦਰਗੁਜ਼ਰ ਕਰ ਗਿਆ ਕਿ ਕਸ਼ਮੀਰ ਉੱਤੇ ਪਾਕਿਸਤਾਨੀ ਧਾਵਾ ਜਿਨਾਹ ਦੇ ਜਿਊਂਦੇ ਜੀਅ ਹੀ ਸ਼ੁਰੂ ਹੋਇਆ ਅਤੇ ਉਹੀ ਧਾਵਾ ਭਾਰਤ ਤੇ ਪਾਕਿਸਤਾਨ ਦਰਮਿਆਨ ਪੁਆੜੇ ਦੀ ਸਥਾਈ ਜੜ੍ਹ ਬਣਿਆ ਹੋਇਆ ਹੈ। ਅਜਿਹੀਆਂ ਕਈ ਘਾਟਾਂ ਅਤੇ ਕਈ ਸਾਰੀਆਂ ਨਾਮਾਕੂਲ ਦਲੀਲਾਂ ਦੇ ਬਾਵਜੂਦ ਕਿਤਾਬ ਜ਼ਾਇਕੇਦਾਰ ਹੈ। ਇਸ ਵਿਚ ਕਾਇਦੇ ਆਜ਼ਮ ਬਾਰੇ ਬਹੁਤ ਕੁਝ ਊਹ ਵੀ ਸ਼ਾਮਲ ਹੈ ਜਿਹੜਾ ਪਾਕਿਸਤਾਨੀ ਪਾਠ-ਪੁਸਤਕਾਂ ਤੇ ਸਰਕਾਰੀ ਇਤਿਹਾਸ ਦਾ ਹਿੱਸਾ ਕਦੇ ਵੀ ਨਹੀਂ ਬਣੇਗਾ। ਇਹ ਸੁਆਦਲਾ ਪੱਖ ਵੀ ਇਸ ਕਿਤਾਬ ਨੂੰ ਪੜ੍ਹਨਯੋਗ ਬਣਾਉਂਦਾ ਹੈ।
* * *
ਗੁਲਜ਼ਾਰ ਸੰਧੂ ਹੁਰਾਂ ਦੀ ਕਲਮ ਉੱਤੇ ਕੋਈ ਲੌਕਡਾਊਨ ਲਾਗੂ ਨਹੀਂ ਹੁੰਦਾ। ਬਹੁਤ ਲੰਮੀ ਤੇ ਬਹੁ-ਵਿਧਾਈ ਹੈ ਉਨ੍ਹਾਂ ਦੀਆਂ ਕਿਤਾਬਾਂ ਦੀ ਫਹਿਰਿਸਤ। ਸਦਾ ਚੜ੍ਹਦੀਆਂ ਕਲਾਂ ਵਿਚ ਰਹਿਣ ਦੀ ਉਨ੍ਹਾਂ ਦੀ ਸਿਫ਼ਤ ਵਿਚ ਸ਼ਾਇਦ ਕਲਮ ਦੀ ਇਸੇ ਨਿਰੰਤਰਤਾ ਦਾ ਵੀ ਵੱਡਾ ਹੱਥ ਹੈ। ਨਾਵਲ ‘ਪਰੀ ਸੁਲਤਾਨਾ’ (ਲੋਕਗੀਤ ਪ੍ਰਕਾਸ਼ਨ; 184 ਪੰਨੇ; 250 ਰੁਪਏ) ਇਸੇ ਲਗਾਤਾਰਤਾ ਦੀ ਨਵੀਂ ਉਪਜ ਹੈ। ‘ਕੰਧੀਂ ਜਾਏ’, ‘ਧਰੂ ਤਾਰੇ’ ਤੇ ‘ਗੋਰੀ ਹਿਰਨੀ’ ਮਗਰੋਂ ਇਹ ਉਨ੍ਹਾਂ ਦਾ ਚੌਥਾ ਨਾਵਲ ਹੈ। ਸਜੀਵ ਪਾਤਰਾਂ ਦੇ ਜੀਵਨ ਉੱਤੇ ਆਧਾਰਿਤ ਨਾਵਲ। ਇਸੇ ਲਈ ਇਸ ਵਿਚ ਨਾ ਨਾਟਕੀਅਤਾ ਦੀ ਕਮੀ ਹੈ ਤੇ ਨਾ ਕਥਾ ਰਸ ਦੀ।
ਨਾਵਲ ਦੀ ਨਾਇਕਾ ਸੁਲਤਾਨਾ ਇਰਾਨੀ ਬਹਾਈ ਪਰਿਵਾਰ ’ਚ ਜੰਮੀ; ਪਿਸ਼ਾਵਰ ਦੇ ਸਿੱਖ ਬਹਾਈ ਪਰਿਵਾਰ ਨੇ ਗੋਦ ਲਈ; ਦਿੱਲੀ ਵਿਚ ਪੜ੍ਹਦਿਆਂ ਅਗਾਂਹਵਧੂ ਆਗੂ ਅਰੁਣਾ ਆਸਿਫ ਅਲੀ ਦੀ ਸੋਚ ਨੂੰ ਪਰਣਾਈ ਗਈ; ਪਾਣੀਪਤ ਦੇ ਹਿੰਦੂ ਬੇਦੀ ਪਰਿਵਾਰ ਵਿਚ ਵਿਆਹੀ ਗਈ; ਅਤੇ ਫਿਰ ਧਨਾਢ ਪਰਿਵਾਰ ਵਿਚ ਰਹਿੰਦਿਆਂ ਵੀ ਸਮਾਨਤਾਵਾਦੀ ਨਜ਼ਰੀਏ ਉੱਤੇ ਪਹਿਰਾ ਦਿੰਦੀ ਰਹੀ। ਇਹ ਸਮੁੱਚਾ ਕਥਾਨਕ ਹੀ ਆਪਣੇ ਆਪ ਵਿਚ ਖ਼ੂਬ ਨਾਟਕੀ ਹੈ। ਅਹਿਮਦੀਆਂ, ਯਜ਼ੀਦੀਆਂ ਤੇ ਦਰੂਜ਼ਾਂ ਵਾਂਗ ਬਹਾਈਆਂ ਨੂੰ ਵੀ ਇਸਲਾਮ ਦੀਆਂ ਸੁੰਨੀ-ਸ਼ੀਆ ਮੁੱਖ ਧਾਰਾਵਾਂ ਵਿਚ ਥਾਂ ਨਹੀਂ ਮਿਲੀ ਹੋਈ। ਸਦੀਆਂ ਤੋਂ ਬੜੇ ਜਬਰ-ਜ਼ੁਲਮ ਸਹੇ ਹਨ ਇਨ੍ਹਾਂ ਮਤਾਂ ਨੇ। ਇਸ ਦੇ ਬਾਵਜੂਦ ਇਨ੍ਹਾਂ ਮਤਾਂ ਦਾ ਵਜੂਦ ਬਰਕਰਾਰ ਹੈ, ਸ਼ਾਇਦ ਇਨ੍ਹਾਂ ਦੇ ਮਾਨਵਵਾਦੀ ਸਰੂਪ ਕਰਕੇ। ਇਹ ਅਸਲੀਅਤ ਬਹੁਤੀ ਵਾਰ ਨਵੇਂ ਬਣੇ ਮੁਰੀਦਾਂ ਨੂੰ ਸਮਝ ਨਹੀਂ ਆਉਂਦੀ। ਉਹ ਮੁਰੀਦਗੀ ਨੂੰ ਕੱਟੜਤਾ ’ਚ ਬਦਲ ਲੈਂਦੇ ਹਨ। ਸੁਲਤਾਨਾ ਨੂੰ ਆਪਣੇ ਪਾਲਣਹਾਰ ਪਿਤਾ ਜਗਤ ਸਿੰਘ ਦਾ ਤੁਅੱਸਬੀ ਬਹਾਈਪੁਣਾ ਨਾਗਵਾਰ ਰਿਹਾ। ਪੜ੍ਹਾਈ ਉਸ ਨੂੰ ਲਾਹੌਰ ਤੋਂ ਦਿੱਲੀ ਲੈ ਗਈ। ਇਸ ਨੇ ਉਸ ਨੂੰ ਜ਼ਿਹਨੀ ਆਜ਼ਾਦੀ ਬਖ਼ਸ਼ੀ। ਮੁਲਕ ਦੀ ਵੰਡ ਤੇ ਜਗਤ ਸਿੰਘ ਦੇ ਲਾਹੌਰ ਨਾ ਛੱਡਣ ਦੇ ਫ਼ੈਸਲੇ ਨੇ ਰਿਸ਼ਤੇ ਵਿਚਲੀਆਂ ਦੂਰੀਆਂ ਹੋਰ ਵਧਾ ਦਿੱਤੀਆਂ, ਪਰ ਮੋਹ ਵਾਲਾ ਰੂਹਾਨੀ ਨਾਤਾ ਖ਼ਤਮ ਨਹੀਂ ਹੋਇਆ। ਇਨ੍ਹਾਂ ਮਹੀਨ ਪਰ ਪੇਚੀਦਾ ਤੰਦਾਂ ਨੂੰ ਸੰਧੂ ਸਾਹਿਬ ਨੇ ਬਾਖ਼ੂਬ ਤਰਤੀਬ ਦਿੱਤੀ ਹੈ: ਸਰਲ ਤੇ ਸਲੀਕੇਦਾਰ ਢੰਗ ਨਾਲ। ਬੜਾ ਪੜ੍ਹਨਯੋਗ ਹੈ ਇਹ ਸਭ ਕੁਝ।
* * *
ਸੰਗੀਤਕਾਰ ਭਰਾਵਾਂ ਹੁਸਨਲਾਲ-ਭਗਤਰਾਮ ਦੀ ਜੋੜੀ ਭਾਰਤੀ ਫਿਲਮ ਸੰਗੀਤ ’ਤੇ ਲੰਮਾ ਸਮਾਂ ਰਾਜ ਨਹੀਂ ਕਰ ਸਕੀ। ਇਹ 1943 ਵਿਚ ਸਰਗਰਮ ਹੋਈ। 1947 ਵਿਚ ਇਸ ਦੀ ਗੁੱਡੀ ਚੜ੍ਹੀ ਜੋ 1955 ਤਕ ਪਹੁੰਚਦਿਆਂ ਉਤਰ ਗਈ। ਪਰ ਜਦੋਂ ਤੱਕ ਇਨ੍ਹਾਂ ਦੀ ਚੜ੍ਹਤ ਰਹੀ, ਸੰਗੀਤ ਬੜੇ ਵਜਦ ਵਾਲਾ ਦਿੱਤਾ। ਸਰਲ, ਸਹਿਜ ਅਤੇ ਮਿਠਾਸ ਨਾਲ ਭਰਪੂਰ। ਸ਼ੰਕਰ-ਜੈਕਿਸ਼ਨ, ਮੁਹੰਮਦ ਜ਼ਹੂਰ ਹਾਸ਼ਮੀ ਉਰਫ਼ ਖੱਯਾਮ, ਮੋਹਿੰਦਰਜੀਤ ਤੇ ਹੋਰ ਕਈ ਸੰਗੀਤਕਾਰਾਂ ਦੇ ਇਹ ਗੁਰੂ ਰਹੇ। ਪੰਡਿਤ ਹੁਸਨਲਾਲ ਦੇ ਬੇਟੇ ਦਿਨੇਸ਼ ਕੁਮਾਰ ਵਸ਼ਿਸ਼ਟ, ਜੋ ਕਿ ਖ਼ੁਦ ਵੀ ਸੰਗੀਤਕਾਰ ਹੈ, ਦੀ ਇਕ ਹਾਲੀਆ ਇੰਟਰਵਿਊ ਮੁਤਾਬਿਕ ਪਾਇਲ ’ਚ ਜਨਮੀ ਹੁਸਨ-ਭਗਤ ਦੀ ਜੋੜੀ ਨੇ ਪੰਜਾਬੀ ਠੇਕੇ ਨੂੰ ਹਿੰਦੋਸਤਾਨੀ ਫਿਲਮ ਸੰਗੀਤ ਦਾ ਹਿੱਸਾ ਬਣਾਇਆ। ਇਸ ਸ਼ੈਲੀ ਨੂੰ ਬਾਅਦ ਵਿਚ ਸ਼ੰਕਰ ਜੈਕਿਸ਼ਨ ਤੇ ਓ.ਪੀ. ਨਈਅਰ ਨੇ ਵੀ ਖੁੱਲ੍ਹ ਕੇ ਵਰਤਿਆ। ਦੋਵਾਂ ਭਰਾਵਾਂ ਨੇ ਸੁਰੱਈਆ ਦੇ ਆਵਾਜ਼ ਅੰਦਰਲੇ ਸੋਜ਼ ਦੀ ਵੀ ਬਾਕਾਮਾਲ ਵਰਤੋਂ ਕੀਤੀ। ‘ਬੜੀ ਬਹਿਨ’ (1949) ਤੇ ‘ਪਿਆਰ ਕੀ ਜੀਤ’ (1948) ਦੇ ਗੀਤ ਇਸ ਦੀ ਬਿਹਤਰੀਨ ਮਿਸਾਲ ਹਨ।