ਮਨਮੋਹਨ ਸਿੰਘ ਦਾਊਂ
ਡਾਕਟਰ ਜਸਵੰਤ ਸਿੰਘ ਨੇਕੀ ਅਜਿਹੀ ਮਨੋਹਰ ਸ਼ਖ਼ਸੀਅਤ ਦੇ ਮਾਲਕ ਸਨ ਜਿਨ੍ਹਾਂ ਦੀ ਕਾਰਜ-ਸ਼ੈਲੀ ਨੇ ਸਾਹਿਤ ਅਤੇ ਡਾਕਟਰੀ (ਮਨੋ-ਰੋਗ ਚਿਕਿਤਸਾ) ਖੇਤਰ ਵਿੱਚ ਵਿਲੱਖਣ ਪੈੜ ਸਥਾਪਤ ਕੀਤੀ। ਉਨ੍ਹਾਂ ਦਾ ਜਨਮ 27 ਅਗਸਤ 1925 ਨੂੰ ਮਾਤਾ ਸੀਤਾਵੰਤੀ ਅਤੇ ਪਿਤਾ ਹਰੀ ਗੁਲਾਬ ਸਿੰਘ ਦੇ ਗ੍ਰਹਿ ਵਿਖੇ ਪਿੰਡ ਮੁਰੀਦ ਜ਼ਿਲ੍ਹਾ ਜਿਹਲਮ (ਹੁਣ ਪਾਕਿਸਤਾਨ) ਵਿੱਚ ਹੋਇਆ। ਬਚਪਨ, ਜੁਆਨੀ ਤੇ ਵਿੱਦਿਆ ਗ੍ਰਹਿਣ ਤੋਂ ਬਾਅਦ 1947 ਦੀ ਵੰਡ ਕਾਰਨ ਚੜ੍ਹਦੀ ਉਮਰੇ (22 ਸਾਲ) ਪਰਿਵਾਰ ਸਮੇਤ ਹਿਜਰਤ ਕਰਨੀ ਪਈ ਤੇ ਆਖ਼ਰ ਦਿੱਲੀ ਟਿਕਾਣਾ ਕਰਨਾ ਪਿਆ। ਇਹ ਸਮਾਂ ਡਾ. ਨੇਕੀ ਲਈ ਚੁਣੌਤੀਆਂ ਵਾਲਾ ਸੀ ਪਰ ਮਨੋ-ਚਿਕਿਤਸਕ ਮਾਹਿਰ ਹੋਣ ਕਾਰਨ ਉਨ੍ਹਾਂ ਨੂੰ ਵਿਦੇਸ਼ਾਂ ਤੋਂ ਸੱਦੇ ਆਉਣ ਲੱਗੇ ਤੇ ਉਨ੍ਹਾਂ ਨੇ ਕੌਮਾਂਤਰੀ ਪੱਧਰ ’ਤੇ ਜ਼ਿੰਮੇਵਾਰੀਆਂ ਨਿਭਾਅ ਕੇ ਪ੍ਰਸਿੱਧੀ ਖੱਟੀ। ਯੂਰਪ ਦੇ ਦੇਸ਼ਾਂ ਰੋਮ, ਪੈਰਿਸ, ਵੈਨਿਸ, ਬਰਤਾਨੀਆ, ਹਾਲੈਂਡ, ਬੈਲਜੀਅਮ ਅਤੇ ਅਮਰੀਕਾ ਦੇ ਸ਼ਹਿਰਾਂ ਨਿਊਯਾਰਕ, ਸਾਂ ਫਰਾਂਸਿਸਕੋ ਤੇ ਮੌਂਟਰੀਅਲ ਅਤੇ ਫਿਰ ਆਸਟਰੇਲੀਆ ਦੇ ਸ਼ਹਿਰ ਸਿਡਨੀ, ਕੈਨਬਰਾ, ਹੋਬਾਰਟ ਤੇ ਤਸਮਾਨੀਆ ਦੀ ਫੇਰੀ ਮੁਕੰਮਲ ਕਰਨ ਉਪਰੰਤ ਦੇਸ਼ ਪਰਤ ਆਏ। ਉਨ੍ਹਾਂ ਨੇ ਬਤੌਰ ਪ੍ਰੋਫੈਸਰ ਅਤੇ ਚੇਅਰਮੈਨ, ਮਨੋ-ਚਕਿਤਸਾ ਵਿਭਾਗ ਏਮਜ਼, ਨਵੀਂ ਦਿੱਲੀ ਵਿੱਚ 1968 ਤੋਂ 1978 ਤੱਕ ਸੇਵਾਵਾਂ ਨਿਭਾਈਆਂ। ਪੀ.ਜੀ.ਆਈ. ਚੰਡੀਗੜ੍ਹ ਵਿਚ ਡਾਇਰੈਕਟਰ ਵਜੋਂ 1978-1981 ਤੱਕ ਆਪਣੀ ਕਾਬਲੀਅਤ ਦਾ ਸਿੱਕਾ ਜਮਾਇਆ। ਕੌਮਾਂਤਰੀ ਪੱਧਰ ’ਤੇ ਪ੍ਰਸਿੱਧ ਹੋਣ ਕਾਰਨ ਉਹ ਵਿਸ਼ਵ ਸਿਹਤ ਸੰਗਠਨ (W.H.O.) ਦੇ ਸਲਾਹਕਾਰ ਨਿਯੁਕਤ ਹੋਏ। ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ (U.N.D.P.) ਦੇ ਵੀ ਸਲਾਹਕਾਰ ਰਹੇ।
ਪੰਜਾਬੀ ਸਾਹਿਤ ਨੂੰ ਉਨ੍ਹਾਂ ਦੀ ਵਡਮੁੱਲੀ ਦੇਣ ’ਤੇ ਨਜ਼ਰ ਮਾਰਿਆਂ ਹੈਰਾਨੀ ਹੁੰਦੀ ਹੈ ਕਿ ਮਾਨਸਿਕ ਰੋਗੀਆਂ ਦੇ ਡਾਕਟਰ ਹੁੰਦਿਆਂ ਤੇ ਏਨੀਆਂ ਉੱਚ ਉਪਾਧੀਆਂ ’ਤੇ ਕਾਰਜ ਕਰਦਿਆਂ, ਪੰਜਾਬੀ ਸਾਹਿਤ ਸਿਰਜਣਾ ਲਈ ਕਿਵੇਂ ਸਮਾਂ ਕੱਢਦੇ ਹੋਣਗੇ। ਮਾਂ-ਬੋਲੀ ਦੀ ਚੇਟਕ ਤੇ ਸਾਹਿਤ ਪ੍ਰਤੀ ਲਗਾਓ ਡਾ. ਨੇਕੀ ਨੂੰ ਵਿਦਿਆਰਥੀ ਜੀਵਨ ’ਤੋਂ ਹੀ ਸੀ। ਉਹ ਬਹੁਤ ਸੂਖ਼ਮ-ਭਾਵੀ ਤੇ ਮੁਹੱਬਤੀ ਸੰਵੇਦਨਾ ਦੇ ਲਖਾਇਕ ਸਨ ਜਿਸ ਦਾ ਆਗ਼ਾਜ਼ ਉਨ੍ਹਾਂ ਦੀ ਪਹਿਲੀ ਕਾਵਿ-ਪੁਸਤਕ ‘ਅਸਲੇ ਤੇ ਓਹਲੇ’ 1955 ’ਚ ਪ੍ਰਕਾਸ਼ਿਤ ਹੋਣ ਨਾਲ ਹੋਇਆ। ਇਸ ਕਾਵਿ-ਰਚਨਾ ਦੀ ਭਰਪੂਰ ਚਰਚਾ ਹੋਈ। ਪੰਜਾਬੀ ਕਵਿਤਾ ’ਚ ਅੰਮ੍ਰਿਤਾ ਪ੍ਰੀਤਮ, ਡਾ. ਹਰਿਭਜਨ ਸਿੰਘ, ਤਾਰਾ ਸਿੰਘ, ਪ੍ਰੋ. ਮੋਹਨ ਸਿੰਘ, ਸ਼ਿਵ ਕੁਮਾਰ ਬਟਾਲਵੀ ਆਦਿ ਸ਼ਾਇਰਾਂ ਦਾ ਪੂਰਾ ਜਲੌਅ ਸੀ ਤੇ ਡਾ. ਨੇਕੀ ਨੇ ਇੱਕ ਨਵਾਂ ਪੈਰਾਡਾਈਮ ਸਿਰਜਿਆ। ਉਸ ਤੋਂ ਬਾਅਦ ‘ਇਹ ਮੇਰੇ ਸੰਸੇ ਇਹ ਮੇਰੇ ਗੀਤ’ (1957), ‘ਸਿਮ੍ਰਿਤੀ ਦੇ ਕਿਰਨ ਤੋਂ ਪਹਿਲਾਂ’ (1975), ‘ਕਰੁਣਾ ਦੀ ਛੁਹ ਤੋਂ ਮਗਰੋਂ’ (1978) ਜਿਸ ਨੂੰ ਸਾਹਿਤ ਅਕਾਦਮੀ ਦਿੱਲੀ ਦਾ ਰਾਸ਼ਟਰੀ ਪੁਰਸਕਾਰ ਮਿਲਿਆ, ‘ਪ੍ਰਤੀਬਿੰਬਾਂ ਦੇ ਸਰੋਵਰ ’ਚੋਂ’ (1981), ‘ਸਤਿ ਸੁਹਾਣ’ (1981), ‘ਨ ਇਹ ਗੀਤ ਨ ਬਿਰਹੜਾ’ (1983), ‘ਬਿਰਖੈ ਹੇਠ ਸਭਿ ਜੰਤ’ (1989), ‘ਗੀਤ ਮੇਰਾ ਸੋਹਿਲਾ ਤੇਰਾ’ (1991), ‘ਪੰਜਾਬੀ ਹਾਸ ਵਿਲਾਸ’, ‘ਸੁਗੰਧ ਆਬਨੂਸ ਦੀ’ ਛਪੀਆਂ। ਇਨ੍ਹਾਂ ਕਾਵਿ-ਪੁਸਤਕਾਂ ਤੋਂ ਬਿਨਾਂ ‘ਮੇਰੀ ਸਾਹਿਤਕ ਸ੍ਵੈਜੀਵਨੀ’ ਅਤੇ ਬੱਚਿਆਂ ਲਈ ‘ਪਾਣੀ ਵਿੱਚ ਪਤਾਸਾ’ ਅਤੇ ‘ਦੁੱਧ ਵਿੱਚ ਅਸਮਾਨ’ ਪੁਸਤਕਾਂ ਪ੍ਰਕਾਸ਼ਿਤ ਹੋਈਆਂ। ਉਨ੍ਹਾਂ ਦੀਆਂ ਧਰਮ-ਵਿਗਿਆਨ ਦੀਆਂ ਦੋ ਪੁਸਤਕਾਂ ਖੋਜ ਭਰਪੂਰ ਅਤੇ ਅਸਲੋਂ ਵੱਖਰੀਆਂ ਹਨ। ਪਹਿਲੀ ਹੈ ਸਿੱਖ ਧਰਮ ਦੀ ਅਰਦਾਸ ਬਾਰੇ ‘ਅਰਦਾਸ: ਦਰਸ਼ਨ ਰੂਪ ਤੇ ਅਭਿਆਸ’ ਜਿਸ ਦੇ 304 ਪੰਨੇ ਹਨ। ਸਿੰਘ ਬ੍ਰਦਰਜ਼ ਅੰਮ੍ਰਿਤਸਰ ਇਸ ਦੇ ਕਈ ਐਡੀਸ਼ਨ ਛਾਪ ਚੁੱਕਿਆ ਹੈ। ਦੂਜੀ ‘ਵਿਸ਼ਵ ਅਰਦਾਸ’ (1997) ਹੈਰਾਨ ਕਰਨ ਵਾਲੀ ਕਾਵਿ-ਰੂਪ ਰਚਨਾ ਹੈ ਜਿਸ ਨੂੰ ਸਿੰਘ ਬ੍ਰਦਰਜ਼ ਅੰਮ੍ਰਿਤਸਰ ਨੇ ਸੁੰਦਰ ਚਿੱਤਰਾਂ ਸਹਿਤ ਪ੍ਰਕਾਸ਼ਿਤ ਕੀਤਾ ਹੈ। ਪੁਸਤਕ ਦੇ 278 ਪੰਨੇ ਹਨ। ਇਸ ਰਚਨਾ ਵਿਚ ਗੁਰਬਾਣੀ ਦੇ ਆਧਾਰ ’ਤੇ ਗੁਰੂ ਸਾਹਿਬਾਨ ਅਤੇ ਭਗਤਾਂ ਦੀ ਬਾਣੀ ਦੇ ਹਵਾਲੇ ਦੇ ਕੇ ਜਿੱਥੇ ਅਰਦਾਸ/ਪ੍ਰਾਰਥਨਾ ਦੇ ਸੰਕਲਪਾਂ ਨੂੰ ਵਿਸਥਾਰ ਦਿੱਤਾ ਗਿਆ ਹੈ, ਉੱਥੇ ਮੀਰਾਬਾਈ, ਡਾ. ਇਕਬਾਲ, ਟੈਗੋਰ, ਮਦਰ ਟੈਰੇਸਾ, ਬੁੱਲ੍ਹੇ ਸ਼ਾਹ, ਸੁਲਤਾਨ ਬਾਹੂ, ਸੰਤ ਦਾਦੂ ਦਿਆਲ, ਅਨਾਮ, ਖਲੀਲ ਜ਼ਬਿਰਾਨ ਆਦਿ ਤੋਂ ਬਿਨਾਂ ਸੰਸਾਰ ਦੇ ਵੱਖ-ਵੱਖ ਮੁਲਕਾਂ, ਕਬੀਲਿਆਂ ਆਦਿ ਦੀਆਂ ਕੁੱਲ ਮਿਲਾ ਕੇ 300 ਸੌ ਤੋਂ ਵੱਧ ਅਰਦਾਸਾਂ/ਪ੍ਰਾਰਥਨਾਵਾਂ ਦਾ ਕਾਵਿ-ਅਨੁਵਾਦ ਕੀਤਾ ਗਿਆ ਹੈ। ਨਮੂਨੇ ਵਜੋਂ ਕੁਝ ਵੇਖੋ:
* ਸਭ ਤੋਂ ਵੱਡੀ ਅਰਦਾਸ ਸੰਤੋਖ ਹੈ। – ਮਹਾਤਮਾ ਬੁੱਧ
* ਸਜਨਾ ਐਸੀ ਜਾਚ ਸਿਖਾ ਦੇ, ਜਦ ਵੀ ਸੀਸ ਝੁਕਾਵਾਂ,
ਵਸਤਾਂ ਥਾਣੀ ਝੀਥ ਬਣਾ ਕੇ, ਦਰਸ਼ਨ ਤੇਰਾ ਪਾਵਾਂ।
(ਪੰਨਾ 21) (ਨਿਊਗਿਨੀ ਤੋਂ ਇੱਕ ਅਰਦਾਸ)
* ਲੈ ਅੱਲਾ ਦਾ ਨਾਮ ਅਤੇ ਪਤਵਾਰ ਚਲਾ ਦੇ,
ਫਿਰ ਅੱਲਾ ਦੇ ਨਾਂ ਤੇ ਜਾ ਕੇ ਲੰਗਰ ਪਾ ਦੇ।
(ਪੰਨਾ 170) (ਇੱਕ ਅਰਬ ਦੁਆ)
* ਦੇ ਸੁਮੱਤਿ ਕਿ ਹਰ ਪਲ, ਹਰ ਛਿਨ ਜੀਵੀਏ ਹੋਰਾਂ ਖਾਤਰ
ਦਿਨ ਪਰ ਰਾਤੀਂ, ਪਿਆਰ ਤੇਰੇ ਦੇ ਬਣ ਕੇ ਰਹੀਏ ਪਾਤਰ।
(ਪੰਨਾ 46) (ਇੱਕ ਪੁਰਾਤਨ ਅਫ਼ਰੀਕੀ ਦੁਆ)
* ਜਿੱਥੇ ਵੀ ਤੂੰ ਲਾਏ ਮਨੁੱਖਾ ਪੈਰਾਂ ਦੇ ਨਿਸ਼ਾਨ,
ਓਥੇ ਓਥੇ ‘ਮੈਂ’ ਹਾਂ, ਜੇ ਤੂੰ ਸਕੇਂ ਪਛਾਣ।
(ਪੰਨਾ 73) (ਤਾਲਮੂਦ ਵਿੱਚੋਂ)
* ਪੁੱਟ ਦੇ ਮੇਰੇ ਹਿਰਦੇ ਵਿੱਚੋਂ, ਘਾਹ-ਬਰੂਦ, ਕੱਖ-ਕਾਨਾ,
ਤੇ ਇਸ ਧਰਤੀ ਵਿੱਚ ਬੀਜ ਦੇ, ਆਪਣਾ ਨਾਮ ਸੁਹਾਣਾ।
(ਪੰਨਾ 122) (ਮੈਕਸਿਕੋ ਦੇ ਇੱਕ ਵਾਹਕ ਦੀ ਅਰਦਾਸ)
ਇਸ ਤੋਂ ਬਿਨਾਂ ਉਨ੍ਹਾਂ ਦੀਆਂ ਹੋਰ ਪੁਸਤਕਾਂ ‘ਗਿਆਨ ਗੀਤ’, ‘ਨਾਮ ਹੀ ਜੀਵਨ ਦਾ ਆਧਾਰ ਹੈ’, ‘ਹਓਮੈ ਤੋਂ ਤੂਹੀ ਵੱਲ’, ‘ਅਸਲ ਵਿੱਦਿਆ’, ‘ਚਿੰਤਾ ਰੋਗ’ ਆਦਿ ਹਨ। ਸਭ ਤੋਂ ਵਿਲੱਖਣ ਤੇ ਕਠਿਨ ਘਾਲਣਾ ਦੀ ਚੁਣੌਤੀ ਵਾਲੀ ਪੁਸਤਕ ਕਾਵਿ ਸਵੈ-ਜੀਵਨੀ ‘ਕੋਈ ਨਾਉਂ ਨ ਜਾਣੈ ਮੇਰਾ’ ਹੈ ਜਿਹੜੀ ਨਵਯੁੱਗ ਪਬਲਿਸ਼ਰਜ਼, ਦਿੱਲੀ ਨੇ ਸਾਲ 2000 ’ਚ ਛਾਪੀ। ਇਸ ਨੂੰ ਡਾ. ਨੇਕੀ ਨੇ ਲਗਪਗ ਤਿੰਨ ਦਹਾਕਿਆਂ ਦੇ ਲੰਮੇ ਸਮੇਂ ’ਚ ਸੰਪੂਰਨ ਕੀਤਾ। ਪੰਜਾਬੀ ਜਗਤ ਵਿੱਚ ਇਸ ਅਨੋਖੀ ਕਾਵਿ-ਕਿਰਤ ਲਈ ਡਾ. ਅਤਰ ਸਿੰਘ ਦੇ ਵਿਚਾਰ ਜ਼ਿਕਰਯੋਗ ਹਨ: ‘‘ਪੰਜਾਬੀ ਬੋਲੀ ਵਿੱਚ ਤਾਂ ਇਹ ਆਤਮ-ਕਥਾ ‘ਕੋਈ ਨਾਉਂ ਨ ਜਾਣੈ ਮੇਰਾ’ ਆਪਣੇ ਪ੍ਰਕਾਰ ਦੀ ਇੱਕੋ-ਇੱਕ ਰਚਨਾ ਹੈ ਹੀ, ਸਮੁੱਚੇ ਸੰਸਾਰ ਸਾਹਿਤ ਵਿੱਚ ਪੋਟਿਆਂ ’ਤੇ ਗਿਣੀਆਂ ਜਾਣ ਵਾਲੀਆਂ ਕਾਵਿ ਆਤਮ-ਕਥਾਵਾਂ ਦੀ ਸਫ਼ ਵਿੱਚ ਵੀ ਇਹ ਆਪਣਾ ਵਿਸ਼ੇਸ਼ ਸਥਾਨ ਬਣਾਈ ਖਲੋਤੀ ਜਾਪਦੀ ਹੈ।’’ ਇਸ ਮਹੱਤਵਪੂਰਨ ਰਚਨਾ ਨੇ ਪੰਜਾਬੀ ਕਾਵਿ-ਸ਼ਾਸਤਰ ਬਾਰੇ ਵੀ ਕਈ ਨਵੀਆਂ ਅੰਤਰ-ਦ੍ਰਿਸ਼ਟੀਆਂ ਸਾਕਾਰ ਕੀਤੀਆਂ ਹਨ। ਇਹ ਆਪਣੇ ਸਮੇਂ ਦੇ ਇਤਿਹਾਸ ਦਾ ਦਰਪਣ ਵੀ ਪੇਸ਼ ਕਰਦੀ ਹੈ। ਕਮਾਲ ਦੀ ਗੱਲ ਹੈ ਕਿ ਡਾ. ਨੇਕੀ ਦਾ ਵਿਸ਼ਵ ਪ੍ਰਖਿਅਤ ਮਨੋਵਿਗਿਆਨੀ ਤੇ ਮਨੋਚਿਕਿਤਸਕ ਦੇ ਨਾਲ-ਨਾਲ ਉਤਕ੍ਰਿਸ਼ਟ ਬੁੱਧ-ਵਿਵੇਕ, ਚਿੰਤਕ ਤੇ ਸੰਵੇਦਨਸ਼ੀਲ ਕਵੀ ਹੋਣਾ, ਉਨ੍ਹਾਂ ਦੀਆਂ ਯੋਗਤਾਵਾਂ ਦੀ ਨਿਆਰੀ ਮਿਸਾਲ ਹੈ। ਉਹ ਸੂਝਵਾਨ ਧਰਮ-ਚਿੰਤਕ ਤੇ ਗੁਰਬਾਣੀ ਦੇ ਗਿਆਨਵਾਨ ਸ਼ਰਧਾਲੂ ਸਨ। ਇਸੇ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ ਦੀ ਧਰਮ ਪ੍ਰਚਾਰ ਸਬ ਕਮੇਟੀ ਦੇ ਮੈਂਬਰ ਵੀ ਰਹੇ ਤੇ ਉਨ੍ਹਾਂ ਨੂੰ ‘ਆਰਡਰ ਆਫ ਦੀ ਖ਼ਾਲਸਾ’ ਖਿਤਾਬ ਨਾਲ ਸਨਮਾਨਿਆ ਗਿਆ।
ਉਨ੍ਹਾਂ ਨੇ ਆਪਣੀ ਕਵਿਤਾ ਵਿੱਚ ਮਨੁੱਖ ਦੇ ਅਨੁਭਵ ਦੀਆਂ ਸੂਖ਼ਮ ਤੋਂ ਸੂਖ਼ਮ ਪਰਤਾਂ ਨੂੰ ਫੜਿਆ ਤੇ ਪੇਸ਼ ਕੀਤਾ। ਉਨ੍ਹਾਂ ਦੀ ਕਵਿਤਾ ਨਾਲ ਪੰਜਾਬੀ ਕਵਿਤਾ ਮਾਨਵੀ-ਸੰਵੇਦਨਾ ਨਾਲ ਭਰਪੂਰ ਹੋਈ ਜਿਸ ਨੂੰ ਨਵੀਂ ਸ਼ਬਦਾਵਲੀ ਨੇ ਅਮੀਰ ਕੀਤਾ। ਉਨ੍ਹਾਂ ਦੀ ਹਲੀਮੀ ਤੇ ਵਿਦਵਤਾ ਇੱਕ ਸਾਦਿਕ ਵਾਲੀ ਸੀ ਜਿਸ ਨੂੰ ਅੰਬਰੀਂ ਉਡਾਣਾਂ, ਧਰਤ ਦੀਆਂ ਮੁਹੱਬਤਾਂ ਤੇ ਸਾਗਰ ਦੀਆਂ ਡੂੰਘਾਣਾਂ ’ਚ ਵਿਚਰਨਾ ਆਉਂਦਾ ਸੀ। ਉਨ੍ਹਾਂ ਨੂੰ ਮਿਲੇ ਸਨਮਾਨਾਂ ਤੇ ਪੁਰਸਕਾਰਾਂ ਦੀ ਲੰਮੀ ਸੂਚੀ ਹੈ: ਸਾਹਿਤ ਅਕਾਦਮੀ ਦਿੱਲੀ ਵੱਲੋਂ ਰਾਸ਼ਟਰੀ ਪੁਰਸਕਾਰ, ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦਾ ਕਰਤਾਰ ਸਿੰਘ ਧਾਲੀਵਾਲ ਪੁਰਸਕਾਰ (1988), ਭਾਸ਼ਾ ਵਿਭਾਗ ਪੰਜਾਬ ਵੱਲੋਂ ਸ਼੍ਰੋਮਣੀ ਪੰਜਾਬੀ ਸਾਹਿਤਕਾਰ ਪੁਰਸਕਾਰ (1986), ਪੰਜਾਬੀ ਅਕਾਦਮੀ ਦਿੱਲੀ ਦਾ ਬਾਲ ਸਾਹਿਤਕਾਰ ਐਵਾਰਡ (1994), ਸਾਈਂ ਮੀਆਂ ਮੀਰ ਟਰੱਸਟ ਵੱਲੋਂ ਪ੍ਰੋ. ਪੂਰਨ ਸਿੰਘ ਯਾਦਗਾਰੀ ਐਵਾਰਡ (1991) ਅਤੇ ਗਿਆਨੀ ਲਾਲ ਸਿੰਘ ਟਰੱਸਟ ਪਟਿਆਲਾ ਵੱਲੋਂ ਯਾਦਗਾਰੀ ਪੁਰਸਕਾਰ (2001)। ਕਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸੰਸਥਾਵਾਂ ਨੇ ਉਨ੍ਹਾਂ ਨੂੰ ਸਨਮਾਨ ਤੇ ਫੈਲੋਸ਼ਿਪ ਦੇ ਕੇ ਨਿਵਾਜਿਆ। ਡਾ. ਜਸਵੰਤ ਸਿੰਘ ਨੇਕੀ ਦੀ ਪੰਜਾਬੀ ਸਾਹਿਤਕ ਘਾਲਣਾ ਬਹੁ-ਵੰਨੀ ਹੈ ਜਿਸ ’ਤੇ ਖੋਜ ਕਾਰਜ ਹੋਏ ਹਨ। ਇਨ੍ਹਾਂ ’ਚ ਡਾ. ਧਰਮਪਾਲ ਸਿੰਗਲ ਨੇ ‘ਜਸਵੰਤ ਸਿੰਘ ਨੇਕੀ ਦਾ ਕਾਵਿ-ਜਗਤ’, ਡਾ. ਮਹਿੰਦਰ ਕੌਰ ਗਿੱਲ ਨੇ ‘ਕਲਾ-ਕਰਮੀ ਜਸਵੰਤ ਸਿੰਘ ਨੇਕੀ’ (ਸੰਪਾਦਨਾ), ਸਤਨਾਮ ਸਿੰਘ ਸੰਧੂ ਨੇ ‘ਪ੍ਰਾ-ਭੌਤਿਕਤਾ ਦਾ ਕਵੀ’, ਪਰਮਜੀਤ ਕੌਰ ਨੇ ‘ਜਸਵੰਤ ਸਿੰਘ ਨੇਕੀ ਦਾ ਕਾਵਿ-ਸੰਸਾਰ’ ਮਹੱਤਵਪੂਰਨ ਦਸਤਾਵੇਜ਼ ਹਨ। ਡਾ. ਨੇਕੀ ਦੀਆਂ ਅੰਗਰੇਜ਼ੀ ’ਚ ਲਿਖੀਆਂ ਪੁਸਤਕਾਂ ਵੀ ਅੱਧੀ ਦਰਜਨ ਦੇ ਕਰੀਬ ਹਨ।
ਡਾ. ਨੇਕੀ ਆਪਣੀ ਕਾਵਿ ਸਵੈ-ਜੀਵਨੀ ਦੀ ਭੂਮਿਕਾ ’ਚ ਲਿਖਦੇ ਹਨ: ‘‘ਕਾਵਿ ਸਵੈ-ਜੀਵਨੀ ‘ਅਰਧ ਕਥਾਨਕ’ ਨਾਮ ਦੀ ਮੁਗ਼ਲ ਰਾਜ ਦੇ ਸਮੇਂ ਸੰਨ 1641 ਵਿੱਚ ਬਨਾਰਸੀ ਨਾਮ ਦੇ ਲੇਖਕ ਨੇ ਲਿਖੀ ਸੀ।’’ ਵਾਰਤਕ ਵਿੱਚ ਲਿਖੀਆਂ ਸਵੈ-ਜੀਵਨੀਆਂ ਤਾਂ ਸੈਂਕੜਿਆਂ ’ਚ ਹਨ ਪਰੰਤੂ ਕਾਵਿ-ਸ਼ੈਲੀ ’ਚ ਲਿਖਣਾ ਹਾਰੀ-ਸਾਰੀ ਦਾ ਕੰਮ ਨਹੀਂ। ਸਵੈ-ਜੀਵਨੀ ਦੇ ਅੰਤ ’ਚ ਡਾ. ਨੇਕੀ ਦੀ ਉਦਾਰਤਾ ਤੇ ਨਿਰਮਾਣਤਾ ਇਉਂ ਬੋਲਦੀ ਹੈ:
ਕੁਦਰਤਾਂ ਨੇ ਮੈਨੂੰ ਜਿੰਨਾ ਬਖਸ਼ਿਆ ਰਹੱਸ ਵੇ,
ਓਨਾ ਤੈਨੂੰ ਸੌਂਪ ਦਿੱਤਾ ਜਿੰਨਾ ਮੇਰੇ ਵੱਸ ਵੇ।
ਜਿੰਨਾ ਬਚ ਗਿਆ, ਮੇਰੇ ਨਾਲ ਚਲਾ ਜਾਵੇਗਾ,
ਲੇਖਾ ਕੋਈ ਪੁੱਛੇਗਾ ਤਾਂ ਉਦੋਂ ਕੰਮ ਆਵੇਗਾ।
ਅਜਿਹੀ ਮਾਣ-ਮੱਤੀ, ਸਰਬੰਗੀ ਤੇ ਗੁਣਵੰਤੀ ਸ਼ਖ਼ਸੀਅਤ ’ਤੇ ਮਾਣ ਕਰਨਾ ਹੀ ਬਣਦਾ ਹੈ।
ਸੰਪਰਕ: 98151-23900