ਹਰਕੀਰਤ ਕੌਰ
ਜਦੋਂ ਅਸੀਂ ਸਵੈ ਨਿਰਭਰ ਹੋਣ ਭਾਵ ਆਪਣੇ ਪੈਰਾਂ ’ਤੇ ਖੜ੍ਹੇ ਹੋਣ ਦੀ ਗੱਲ ਛੇੜਦੇ ਹਾਂ ਤਾਂ ਬਹੁਤਿਆਂ ਦੇ ਮਨ ਵਿੱਚ ਇਹੀ ਵਿਚਾਰ ਆਉਂਦਾ ਹੈ ਕਿ ਇਹ ਜਵਾਨ ਮੁੰਡਿਆਂ ਜਾਂ ਮਰਦਾਂ ਲਈ ਹੀ ਹੈ। ਪਰ ਅਸਲ ਵਿੱਚ ਹਰ ਇਨਸਾਨ ਦਾ ਆਪਣੇ ਸਵੈ ਨਿਰਭਰ ਹੋਣਾ ਜ਼ਰੂਰੀ ਹੈ, ਚਾਹੇ ਉਹ ਮੁੰਡਾ ਹੋਵੇ, ਕੁੜੀ ਹੋਵੇ, ਆਦਮੀ ਜਾਂ ਔਰਤ।
ਸਾਡੇ ਸਮਾਜ ਵਿੱਚ ਅਕਸਰ ਕੁੜੀਆਂ ਦੀ ਬਜਾਇ ਮੁੰਡਿਆਂ ਨੂੰ ਆਤਮ ਨਿਰਭਰ ਹੋਣ ਦੇ ਵੱਧ ਮੌਕੇ ਮਿਲਦੇ ਹਨ। ਮਾਪੇ ਅਕਸਰ ਧੀਆਂ ਨੂੰ ਇਸ ਲਈ ਆਤਮ ਨਿਰਭਰ ਨਹੀਂ ਬਣਾਉਂਦੇ ਕਿ ਉਨ੍ਹਾਂ ਸਹੁਰੇ ਘਰ ਚਲੇ ਜਾਣਾ ਹੁੰਦਾ ਹੈ, ਉਨ੍ਹਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਦੀ ਜ਼ਿੰਮੇਵਾਰੀ ਉਨ੍ਹਾਂ ਦੇ ਪਤੀ ਦੀ ਹੋਵੇਗੀ। ਪਰ ਉਹ ਇਹ ਨਹੀਂ ਸੋਚਦੇ ਕਿ ਕੁੜੀਆਂ ਦਾ ਖੁਦ ਦਾ ਵੀ ਵਜੂਦ ਹੈ, ਉਨ੍ਹਾਂ ਨੂੰ ਵੀ ਆਪਣੀ ਪਛਾਣ ਬਣਾਉਣ ਦਾ ਪੂਰਾ ਹੱਕ ਹੈ। ਸਾਡੇ ਸਮਾਜ ਵਿੱਚ ਕੁੜੀਆਂ ਨੂੰ ਚੁੱਲ੍ਹਾ-ਚੌਕਾ ਸਾਂਭਣ ਤੱਕ ਹੀ ਸੀਮਤ ਕਰ ਦਿੱਤਾ ਜਾਂਦਾ ਹੈ। ਬਹੁਤ ਕੁੜੀਆਂ ਜੋ ਵਿਆਹ ਤੋਂ ਪਹਿਲਾਂ ਕੰਮ ਕਰਦੀਆਂ ਸਨ, ਵਿਆਹ ਮਗਰੋਂ ਘਰ ਦੀਆਂ ਜ਼ਿੰਮੇਵਾਰੀਆਂ ਹੇਠ ਦੱਬ ਕੇ ਰਹਿ ਜਾਂਦੀਆਂ ਹਨ। ਉਨ੍ਹਾਂ ਦੇ ਹੁਨਰ ਤੇ ਕਲਾ ਦਾ ਸਮਾਜ ਦੀਆਂ ਕੋਝੀਆਂ ਰੀਤਾਂ ਕਾਰਨ ਗਲਾ ਘੁੱਟਿਆ ਜਾਂਦਾ ਹੈ। ਘਰ ਦੀਆਂ ਜ਼ਿੰਮੇਵਾਰੀਆਂ ਨੂੰ ਵੀ ਨਿਭਾਉਣਾ ਚਾਹੀਦਾ ਹੈ, ਪਰ ਇਨ੍ਹਾਂ ਕਾਰਨ ਕੁੜੀਆਂ ਕੋਲੋਂ ਉਨ੍ਹਾਂ ਦੇ ਉੱਡਣ ਦਾ ਅਸਮਾਨ ਨਹੀਂ ਖੋਹਣਾ ਚਾਹੀਦਾ। ਫਿਰ ਜਿਵੇਂ ਅੱਜ-ਕੱਲ੍ਹ ਔਰਤਾਂ ਨਾਲ ਘਰੇਲੂ ਹਿੰਸਾ ਦਾ ਰੁਝਾਨ ਚੱਲ ਰਿਹਾ ਹੈ, ਉਸ ਕਰਕੇ ਤਾਂ ਕੁੜੀਆਂ ਦਾ ਇਸ ਪੱਖੋਂ ਮਜ਼ਬੂਤ ਹੋਣਾ ਹੋਰ ਜ਼ਰੂਰੀ ਹੈ।
ਜੇ ਕੁੜੀ ਆਰਥਿਕ ਪੱਖੋਂ ਸਵੈ ਨਿਰਭਰ ਤੇ ਮਾਨਸਿਕ ਪੱਖੋਂ ਮਜ਼ਬੂਤ ਹੋਵੇਗੀ ਤਾਂ ਭਵਿੱਖ ਵਿੱਚ ਸਹੁਰੇ ਪਰਿਵਾਰ ਵੱਲੋਂ ਤੰਗ ਪਰੇਸ਼ਾਨ ਕੀਤੇ ਜਾਣ ’ਤੇ ਉਹ ਡਟ ਕੇ ਟਾਕਰਾ ਕਰਦਿਆਂ ਆਪਣੀ ਜ਼ਿੰਦਗੀ ਆਪਣੇ ਮੁਤਾਬਕ ਚਲਾ ਸਕੇਗੀ। ਇੱਕ ਸਰਵੇਖਣ ਅਨੁਸਾਰ ਭਾਰਤ ਦੀਆਂ 50 ਫ਼ੀਸਦੀ ਔਰਤਾਂ ਆਰਥਿਕ ਤੌਰ ’ਤੇ ਸਵੈ ਨਿਰਭਰ ਨਹੀਂ ਤੇ ਇਸੇ ਲਈ ਉਹ ਘਰੇਲੂ ਹਿੰਸਾ ਦਾ ਸ਼ਿਕਾਰ ਹੁੰਦੀਆਂ ਰਹਿੰਦੀਆਂ ਹਨ ਕਿਉਕਿ ਉਹ ਆਪਣੇ ਰੈਣ ਬਸੇਰੇ ਲਈ ਪਤੀ ਉੱਪਰ ਨਿਰਭਰ ਹੁੰਦੀਆਂ ਹਨ। ਇਸ ਮੌਕੇ ਉਹ ਮਾਪੇ ਗ਼ਲਤ ਸਾਬਤ ਹੁੰਦੇ ਹਨ ਜੋ ਆਪਣੀਆਂ ਬੱਚੀਆਂ ਨੂੰ ਸਵੈ ਨਿਰਭਰ ਹੋਣ ਦੇ ਮੌਕੇ ਨਹੀਂ ਦਿੰਦੇ। ਆਤਮ ਨਿਰਭਰ ਹੋਣ ਨਾਲ ਕੁੜੀਆਂ ਦਾ ਆਤਮ ਵਿਸ਼ਵਾਸ ਵਧਦਾ ਹੈ। ਜੇ ਘਰ ਪਰਿਵਾਰ ਦੇ ਰਿਸ਼ਤਿਆਂ ਦੇ ਹਲਾਤ ਸੁਖਾਵੇ ਹਨ ਤਾਂ ਉਹ ਪਰਿਵਾਰ ਦੇ ਖਰਚਿਆਂ ਵਿੱਚ ਵੀ ਆਪਣੇ ਪਤੀ ਦੀ ਮਦਦ ਕਰ ਸਕਦੀਆਂ ਹਨ। ਆਰਥਿਕ ਪੱਖੋਂ ਸਵੈ ਨਿਰਭਰ ਹੋਣ ਨਾਲ ਸਾਡੀ ਮਾਨਸਿਕ ਸਿਹਤ ਵੀ ਵਧੀਆ ਰਹਿੰਦੀ ਹੈ ਤੇ ਇੰਝ ਅਸੀਂ ਸਰੀਰਕ ਪੱਖੋਂ ਵੀ ਤੰਦਰੁਸਤ ਰਹਾਂਗੇ।
ਨੌਜਵਾਨਾਂ ਨੂੰ ਸਵੈ ਨਿਰਭਰ ਬਣਾਉਣ ਵਿੱਚ ਮਾਪੇ ਅਤੇ ਅਧਿਆਪਕ ਬਹੁਤ ਯੋਗਦਾਨ ਪਾ ਸਕਦੇ ਹਨ। ਹਰ ਮਾਪੇ ਨੂੰ ਚਾਹੀਦਾ ਹੈ ਕਿ ਉਹ ਬੱਚੇ ਨੂੰ ਬਚਪਨ ਤੋਂ ਹੀ ਬੱਚਤ ਕਰਨ ਦੀ ਆਦਤ ਪਾਉਣ ਅਤੇ ਉਸ ਬੱਚਤ ਨਾਲ ਆਪਣੇ ਛੋਟੇ ਮੋਟੇ ਖਰਚੇ ਆਪ ਪੂਰੇ ਕਰਨ ਦੀ ਸਿੱਖਿਆ ਦੇਣ। ਹੌਲੀ ਹੌਲੀ ਜਦੋਂ ਬੱਚੇ ਜਵਾਨ ਹੁੰਦੇ ਹਨ ਤਾਂ ਉਨ੍ਹਾਂ ਨੂੰ ਵਧੀਆ ਕਰੀਅਰ ਕੰਸਲਟੈਂਟ ਨਾਲ ਮਿਲਾਇਆ ਜਾ ਸਕਦਾ ਹੈ ਜੋ ਪੜ੍ਹਾਈ ਦੇ ਨਾਲ ਬੱਚਿਆਂ ਨੂੰ ਪਾਰਟ ਟਾਈਮ ਕੰਮ ਕਰਨ ਦੇ ਮੌਕਿਆਂ ਬਾਰੇ ਦੱਸ ਸਕਦੇ ਹਨ। ਅਧਿਆਪਕ ਵੀ ਵਿਦਿਆਰਥੀਆਂ ਨੂੰ ਸਵੈ ਨਿਰਭਰ ਹੋਣ ਲਈ ਮੋਟੀਵੇਸ਼ਨ ਸੈਮੀਨਾਰ ਕਰਵਾ ਕੇ ਜਾਂ ਪਾਰਟ ਟਾਈਮ ਵਰਕ ਦੀ ਸੁਵਿਧਾ ਦੇਣ ਵਾਲੇ ਸੋਸ਼ਲ ਮੀਡੀਆ ਪਲੇਟਫਾਰਮਾਂ ਆਦਿ ਬਾਰੇ ਸਹੀ ਜਾਣਕਾਰੀ ਦੇ ਕੇ ਇਸ ਸਬੰਧੀ ਯੋਗਦਾਨ ਪਾ ਸਕਦੇ ਹਨ।
ਕੋਵਿਡ 19 ਤੋਂ ਬਾਅਦ ਤਕਰੀਬਨ ਸਾਰੇ ਕੰਮ ਘਰ ਬੈਠ ਕੇ ਹੋਣ ਲੱਗੇ ਹਨ। ਅੱਜ ਅਜਿਹੇ ਬਹੁਤ ਸਾਰੇ ਪਲੇਟਫਾਰਮ ਹਨ ਜੋ ਘਰ ਬੈਠ ਕੇ ਕੰਮ ਕਰਨ ਦੀ ਸੁਵਿਧਾ ਦਿੰਦੇ ਹਨ। ਜੇ ਨੌਜਵਾਨ ਮੁੰਡੇ-ਕੁੜੀਆਂ ਪੜ੍ਹਾਈ ਦੇ ਨਾਲ ਨਾਲ ਪਾਰਟ ਟਾਈਮ ਕੰਮ ਕਰਦੇ ਹਨ ਤਾਂ ਇਸ ਦੇ ਬਹੁਤ ਸਾਰੇ ਫਾਇਦੇ ਹੋ ਸਕਦੇ ਹਨ। ਇੱਕ ਤਾਂ ਉਹ ਆਰਥਿਕ ਪੱਖੋਂ ਆਤਮ ਨਿਰਭਰ ਹੋਣਗੇ, ਉਨ੍ਹਾਂ ਦਾ ਆਤਮ ਵਿਸ਼ਵਾਸ ਵਧੇਗਾ, ਨਾਲ ਹੀ ਗਲਤ ਕੰਮਾਂ ਅਤੇ ਮਾੜੀ ਸੰਗਤ ਵੱਲੋਂ ਧਿਆਨ ਹਟੇਗਾ ਅਤੇ ਉਹ ਆਪਣੀ ਤਰੱਕੀ ਵੱਲ ਧਿਆਨ ਦੇਣਗੇ। ਇੰਝ ਮਾਪਿਆਂ ਦੀ ਮਦਦ ਹੋਵੇਗੀ ਅਤੇ ਉਨ੍ਹਾਂ ਦਾ ਬੋਝ ਘਟੇਗਾ। ਨੌਜਵਾਨ ਸਮੇਂ ਦੀ ਸਹੀ ਵਰਤੋਂ ਕਰਨਾ ਸਿੱਖਣਗੇ ਤੇ ਦੇਸ਼ ਦੀ ਤਰੱਕੀ ਵਿਚ ਵੀ ਯੋਗਦਾਨ ਪਾ ਸਕਣਗੇ।
ਇਨ੍ਹਾਂ ਪੱਖਾਂ ਨੂੰ ਵਿਚਾਰਨ ਤੋਂ ਬਾਅਦ ਇਹ ਗੱਲ ਸਿੱਧ ਹੁੰਦੀ ਹੈ ਕਿ ਨੌਜਵਾਨ ਮੁੰਡਿਆਂ ਅਤੇ ਕੁੜੀਆਂ ਦੋਨਾਂ ਦਾ ਆਰਥਿਕ ਪੱਖੋਂ ਮਜ਼ਬੂਤ ਅਤੇ ਸਵੈ ਨਿਰਭਰ ਹੋਣਾ ਬਹੁਤ ਜ਼ਰੂਰੀ ਹੈ। ਨੌਜਵਾਨ ਹੀ ਸਾਡੇ ਸਮਾਜ ਤੇ ਦੇਸ਼ ਦਾ ਭਵਿੱਖ ਹਨ ਅਤੇ ਇਨ੍ਹਾਂ ਦਾ ਸਹੀ ਦਿਸ਼ਾ ’ਤੇ ਚੱਲਣਾ, ਸਮਝਦਾਰ ਅਤੇ ਜ਼ਿੰਮੇਵਾਰ ਹੋਣਾ ਬਹੁਤ ਜ਼ਰੂਰੀ ਹੈ। ਮਾਪੇ ਆਪਣੀਆਂ ਬੱਚੀਆਂ ਨੂੰ ਆਰਥਿਕ ਪੱਖੋਂ ਸਵੈ ਨਿਰਭਰ ਹੋਣ ਦੇ ਮੌਕੇ ਪਹਿਲ ਦੇ ਆਧਾਰ ’ਤੇ ਦੇਣ ਤਾਂ ਜੋ ਉਨ੍ਹਾਂ ਦੀਆਂ ਬੱਚੀਆਂ ਕਿਸੇ ਉੱਪਰ ਬੋਝ ਨਾ ਬਨਣ। ਉਹ ਆਪਣੀ ਜ਼ਿੰਦਗੀ ਦੀਆਂ ਖ਼ੁਦ ਕਲਾਕਾਰ ਹੋਣ ਅਤੇ ਆਪਣੀ ਜ਼ਿੰਦਗੀ ਵਿਚ ਆਪਣੇ ਮਨਪਸੰਦ ਰੰਗ ਭਰ ਸਕਣ।
ਸੰਪਰਕ: 97791-18066