ਸੀ ਉਦੇ ਭਾਸਕਰ
ਭਾਰਤ ਦੇ ਇਸ ਸਾਲ ਦੇ ਗਣਤੰਤਰ ਦਿਵਸ ਜਸ਼ਨ ਵਿਵਾਦਾਂ ਵਿਚ ਘਿਰੇ ਰਹੇ ਹਨ ਅਤੇ ਅੱਜ ਭਾਰਤ ਸਮਾਜਿਕ-ਸਿਆਸੀ ਮੰਥਨ ਦਾ ਜਿਸ ਸ਼ਿੱਦਤ ਦਾ ਸਾਹਮਣਾ ਕਰ ਰਿਹਾ ਹੈ, ਉਸ ਵਿਚ ਇਹ ਵਿਵਾਦ ਕਿਸੇ ਹੱਦ ਤੱਕ ਅਟੱਲ ਵੀ ਸਨ। ਹਰ ਅਹਿਮ ਕੌਮੀ ਮੁੱਦਾ ਹੁਣ ਵਿਵਾਦ ਵਾਲਾ ਬਣ ਗਿਆ ਹੈ ਅਤੇ ਇਹ ਨੁਕਸਾਨਦੇਹ ਰੁਝਾਨ ਗਣਤੰਤਰ ਦਿਵਸ ਵਾਲੇ ਹਫ਼ਤੇ ਦੌਰਾਨ ਸਾਹਮਣੇ ਲਿਆਂਦਾ ਗਿਆ।
ਜਿਹੜੇ ਤਿੰਨ ਮੁੱਦਿਆਂ ਕਾਰਨ ਕਲੇਸ਼ ਅਤੇ ਬੇਚੈਨੀ ਪੈਦਾ ਹੋਈ, ਉਹ ਹਨ: ਇੰਡੀਆ ਗੇਟ ਤੇ ਜਗਦੀ ਸਦੀਵੀ ਲਾਟ ਨੂੰ ਉਥੋਂ ਹਟਾ ਕੇ ਨਵੀਂ ਬਣਾਈ ਕੌਮੀ ਜੰਗੀ ਯਾਦਗਾਰ ਵਿਚ ਮਿਲਾਉਣਾ; ਇੰਡੀਆ ਗੇਟ ਵਿਚ ਨੇਤਾਜੀ ਸੁਭਾਸ਼ ਚੰਦਰ ਬੋਸ ਦੀ 125ਵੀਂ ਜਨਮ ਵਰ੍ਹੇਗੰਢ ਮੌਕੇ ਨੇਤਾਜੀ ਦਾ ਹੋਲੋਗ੍ਰਾਮ ਲਗਾਉਣਾ; ਤੇ ਬੀਟਿੰਗ ਰੀਟਰੀਟ ਸਮਾਗਮ ਦੇ ਪ੍ਰੋਗਰਾਮ ਵਿਚੋਂ ਅੰਗਰੇਜ਼ੀ ਧੁਨ ‘ਅਬਾਈਡ ਵਿਦ ਮੀ’ ਹਟਾਉਣਾ। ਇਹ ਗੀਤ 1847 ਵਿਚ ਤਿਆਰ ਕੀਤਾ ਗਿਆ ਸੀ ਜਿਸ ਦੀ ਕੌਮਾਂਤਰੀ ਪੱਧਰ ਤੇ ਪਛਾਣ ਹੈ ਅਤੇ ਇਹ ਮਹਾਤਮਾ ਗਾਂਧੀ ਨੂੰ ਬਹੁਤ ਪਿਆਰਾ ਸੀ। ਗਣਤੰਤਰ ਦਿਵਸ ਦੇ ਸਮਾਪਤੀ ਸਮਾਰੋਹਾਂ ਨਾਲ ਬੀਤੇ ਪੰਜ ਦਹਾਕਿਆਂ ਤੋਂ ਇਹ ਤਾਜ਼ਗੀ ਭਰੀ ਅਤੇ ਖ਼ੁਸ਼ਗਵਾਰ ਅਹਿਸਾਸ ਕਰਾਉਣ ਵਾਲੀ ਸੰਗੀਤਕ ਧੁਨ ਜੁੜੀ ਹੋਈ ਸੀ ਅਤੇ ਗੋਪਾਲ ਕ੍ਰਿਸ਼ਨ ਗਾਂਧੀ (ਮਹਾਤਮਾ ਗਾਂਧੀ ਦਾ ਪੋਤਰਾ) ਨੇ ਇਸ ਬਾਰੇ ਅਫ਼ਸੋਸ ਜ਼ਾਹਿਰ ਕਰਦਿਆਂ ਕਿਹਾ: “ਇਸ ਗੀਤ ਤੋਂ ਬਿਨਾਂ, ਸਮਾਰੋਹ ਦੇ ਧੁਰ ਅੰਦਰੋਂ ਕੋਈ ਕਮੀ ਮਹਿਸੂਸ ਹੋਵੇਗੀ।”
ਇਸ ਸਦੀਵੀ ਲਾਟ ਨੂੰ ਪਹਿਲੀ ਵਾਰ ਜਨਵਰੀ 1972 ਨੂੰ ਉਥੇ ਸਥਾਪਤ ਕੀਤਾ ਗਿਆ ਸੀ ਤਾਂ ਕਿ ਬੰਗਲਾਦੇਸ਼ ਦੇ ਜਨਮ ਦਾ ਕਾਰਨ ਬਣੀ 1971 ਦੀ ਭਾਰਤ-ਪਾਕਿਸਤਾਨ ਜੰਗ ਵਿਚ ਜਾਨਾਂ ਗਵਾਉਣ ਵਾਲੇ ਭਾਰਤੀ ਫ਼ੌਜੀਆਂ ਨੂੰ ਮਾਣ ਦਿੱਤਾ ਜਾ ਸਕੇ। ਜਦੋਂ ਇੰਡੀਆ ਗੇਟ ਵਿਚ ਬਣਾਈ ਜਾਣ ਵਾਲੀ ਇਹ ਛੋਟੀ ਜਿਹੀ ਯਾਦਗਾਰ (ਪੁੱਠੀ ਬੰਦੂਕ ਅਤੇ ਉਸ ਤੇ ਰੱਖਿਆ ਹੈਲਮਟ) ਦਸੰਬਰ 1971 ਦੀ ਸ਼ਾਨਦਾਰ ਜਿੱਤ ਤੋਂ ਕੁਝ ਹਫ਼ਤੇ ਬਾਅਦ ਚਿਤਵੀ ਗਈ ਤਾਂ ਇਹ ਉਮੀਦ ਕੀਤੀ ਗਈ ਸੀ ਕਿ ਭਾਰਤ ਛੇਤੀ ਹੀ ਆਪਣੀ ਪੱਕੀ ਕੌਮੀ ਜੰਗੀ ਯਾਦਗਾਰ ਬਣਾ ਲਵੇਗਾ ਅਤੇ ਇਸ ਦੇ ਨਾਲ ਹੀ ਲਾਟ ਨੂੰ ਉਥੇ ਮੁੜ ਸਥਾਪਤ ਕਰ ਦਿੱਤਾ ਜਾਵੇਗਾ। ਉਂਝ ਇੰਡੀਆ ਗੇਟ ਯਾਦਗਾਰ ਆਪਣੇ ਆਪ ਵਿਚ ਫਰਵਰੀ 1921 ਵਿਚ ਅੰਗਰੇਜ਼ ਹਕੂਮਤ ਨੇ ਉਸਾਰੀ ਸੀ ਤਾਂ ਕਿ ਪਹਿਲੀ ਸੰਸਾਰ ਜੰਗ ਵਿਚ ਜਾਨਾਂ ਵਾਰਨ ਵਾਲੇ ਭਾਰਤੀ ਬ੍ਰਿਟਿਸ਼ ਫ਼ੌਜ ਦੇ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ ਜਾ ਸਕੇ ਅਤੇ ਇਹ ਯਾਦਗਾਰ ਹਿੰਦ ਬਰੇ-ਸਗ਼ੀਰ ਦੇ ਬਸਤੀਵਾਦੀ ਇਤਿਹਾਸ ਦਾ ਹਿੱਸਾ ਹੈ ਅਤੇ ਇਸ ਦਾ ਆਜ਼ਾਦ ਭਾਰਤ ਨਾਲ ਕੋਈ ਤੁਅੱਲਕ ਨਹੀਂ ਹੈ। ਇਕ ਅੰਦਾਜ਼ੇ ਮੁਤਾਬਕ ਪਹਿਲੀ ਸੰਸਾਰ ਜੰਗ ਵਿਚ ਕਰੀਬ 80 ਹਜ਼ਾਰ ਭਾਰਤੀ ਜਵਾਨਾਂ ਦੀਆਂ ਜਾਨਾਂ ਜਾਂਦੀਆਂ ਰਹੀਆਂ ਸਨ ਪਰ ਉਨ੍ਹਾਂ ਸਾਰੇ ਸ਼ਹੀਦਾਂ ਦੇ ਨਾਮ ਇੰਡੀਆ ਗੇਟ ਉਤੇ ਨਹੀਂ ਖੁਣੇ ਹੋਏ।
ਭਾਰਤੀ ਫ਼ੌਜ 1970ਵਿਆਂ ਤੋਂ ਹੀ ਸਮੇਂ ਦੀਆਂ ਸਰਕਾਰਾਂ ਨੂੰ ਕੌਮੀ ਜੰਗੀ ਯਾਦਗਾਰ ਉਸਾਰਨ ਲਈ ਜ਼ੋਰ ਦੇ ਰਹੀ ਹੈ ਤਾਂ ਕਿ ਜਾਨਾਂ ਵਾਰਨ ਵਾਲੇ ਭਾਰਤੀ ਫ਼ੌਜੀਆਂ ਨੂੰ ਢੁਕਵੀਂ ਸ਼ਰਧਾਂਜਲੀ ਦਿੱਤੀ ਜਾ ਸਕੇ ਪਰ ਫ਼ੌਜ ਦੀ ਇਹ ਮੰਗ ਲਗਾਤਾਰ ਅਣਸੁਣੀ ਕੀਤੀ ਜਾ ਰਹੀ ਸੀ। ਹੈਰਾਨੀ ਦੀ ਗੱਲ ਹੈ ਕਿ ਬੰਗਲਾਦੇਸ਼ ਤੇ ਸ੍ਰੀਲੰਕਾ, ਦੋਵਾਂ ਵੱਲੋਂ ਕ੍ਰਮਵਾਰ 1971 ਦੀ ਜੰਗ ਅਤੇ ਭਾਰਤੀ ਫ਼ੌਜ ਦੇ ਸ੍ਰੀਲੰਕਾ ਵਿਚ ਅਮਨ ਬਹਾਲੀ ਅਪਰੇਸ਼ਨਾਂ ਵਿਚ ਜਾਨਾਂ ਵਾਰਨ ਵਾਲੇ ਭਾਰਤੀ ਫ਼ੌਜੀਆਂ ਨੂੰ ਜੰਗੀ ਯਾਦਗਾਰਾਂ ਬਣਾ ਕੇ ਸ਼ਰਧਾਂਜਲੀ ਦਿੱਤੀ ਜਾ ਚੁੱਕੀ ਹੈ।
ਇਹ ਮਾੜੀ ਗੱਲ ਹੈ ਕਿ ਕੌਮੀ ਜੰਗੀ ਯਾਦਗਾਰ ਨੂੰ ਸਾਕਾਰ ਹੋਣ ਵਿਚ 1972 ਤੋਂ 2019 ਤੱਕ 47 ਸਾਲ ਲੱਗ ਗਏ ਅਤੇ ਇਸ ਤਰ੍ਹਾਂ ਸਦੀਵੀ ਲਾਟ ਨੂੰ ਇਸ ਦੇ ਆਰਜ਼ੀ ਟਿਕਾਣੇ ਤੋਂ ਹਟਾ ਕੇ ਇਕ ਪੱਕੇ ਟਿਕਾਣੇ ਉਤੇ ਲਿਜਾਣਾ ਤਰਕਸੰਗਤ ਸੀ। ਅਫ਼ਸੋਸ ਦੀ ਗੱਲ ਹੈ ਕਿ ਜਿਸ ਢੰਗ ਨਾਲ ਇਹ ਫ਼ੈਸਲਾ ਦੇਸ਼ ਨੂੰ ਸੁਣਾਇਆ ਗਿਆ, ਉਹ ਅਚਨਚੇਤੀ ਸੀ ਅਤੇ ਇਸ ਦੌਰਾਨ ਸ਼ਬਦ ‘ਬੁਝ ਗਈ’ ਆਮ ਚਰਚਾ ਵਿਚ ਆ ਗਿਆ; ਭਾਵੇਂ ਇਸ ਦੌਰਾਨ ਸਪੱਸ਼ਟੀਕਰਨ ਦਿੱਤਾ ਗਿਆ ਕਿ ਲਾਟ ਬੁਝਾਈ ਨਹੀਂ ਜਾ ਰਹੀ ਸਗੋਂ ਇਸ ਨੂੰ ਕੌਮੀ ਜੰਗੀ ਯਾਦਗਾਰ ਦੀ ਲਾਟ ਵਿਚ ‘ਮਿਲਾਇਆ’ ਜਾ ਰਿਹਾ ਹੈ; ਤਾਂ ਵੀ ਉਦੋਂ ਤੱਕ ਇੰਡੀਆ ਗੇਟ ਬਾਰੇ ਝਗੜੇ ਨੇ ਰਫ਼ਤਾਰ ਫੜ ਲਈ ਸੀ।
ਇਸ ਦੌਰਾਨ ਵੱਖ ਵੱਖ ਸੋਸ਼ਲ ਮੀਡੀਆ ਮੰਚਾਂ ਉਤੇ ਮਿਹਣਿਆਂ ਦੌਰਾਨ ਕੇਂਦਰ ਸਰਕਾਰ ਦੇ ਪੱਕੇ ਹਮਾਇਤੀਆਂ ਨੇ ਦਾਅਵੇ ਕੀਤੇ ਕਿ ਪਹਿਲੀ ਸੰਸਾਰ ਜੰਗ ਦੌਰਾਨ ਜਾਨਾਂ ਵਾਰਨ ਵਾਲੇ ਭਾਰਤੀ ਜਵਾਨ ਅਸਲ ਵਿਚ ‘ਭਾੜੇ ਦੇ ਫ਼ੌਜੀ’ ਸਨ, ਇਸ ਲਈ ਲਾਟ ਦੀ ਥਾਂ ਬਦਲਣਾ ਜ਼ਰੂਰੀ ਨਹੀਂ ਸੀ। ਇਹ ਬੜੀ ਗੈਰ-ਵਾਜਬ ਗੱਲ ਹੈ ਕਿ ਬਸਤੀਵਾਦੀ ਹਕੂਮਤ ਤਹਿਤ ਜੰਗ ਲੜਨ ਜਾਣ ਵਾਲੇ ਭਾਰਤੀ ਜਵਾਨਾਂ ਨੂੰ ਤਾਂ ਜ਼ਾਲਮ ਹਕੂਮਤ ਦੇ ਹੱਕ ਵਿਚ ਖੜ੍ਹਨ ਲਈ ‘ਭਾੜੇ ਦੇ ਫ਼ੌਜੀ’ ਕਰਾਰ ਦਿੱਤਾ ਜਾਂਦਾ ਹੈ, ਦੂਜੇ ਪਾਸੇ ਇਸ ਹਕੂਮਤ ਦਾ ਹਿੱਸਾ ਰਹੇ ਬਾਕੀ ਦੇ ਭਾਰਤੀਆਂ, ਭਾਵ ਸਿਖਰਲੇ ਪੱਧਰ ਉਤੇ ਆਈਸੀਐੱਸ ਅਫ਼ਸਰਾਂ ਤੋਂ ਲੈ ਕੇ ਹੇਠਲੇ ਪੱਧਰ ਤੇ ਚਪੜਾਸੀ ਤੱਕ ਨੂੰ ਪੂਰੀ ਤਰ੍ਹਾਂ ਬੇਦਾਗ਼ ਮੰਨਿਆ ਜਾਂਦਾ ਹੈ। ਫ਼ੌਜੀ ਹੋਣ ਜਾਂ ਸਿਵਲ ਤੇ ਪੁਲੀਸ ਮੁਲਾਜ਼ਮ, ਇਹ ਸਾਰੇ ਹੀ ਉਸ ਵਕਤ ਬਸਤੀਵਾਦੀ ਹਕੂਮਤ ਦੇ ਹੁਕਮਾਂ ਤਹਿਤ ਕੰਮ ਕਰ ਰਹੇ ਸਨ ਅਤੇ ਇਨ੍ਹਾਂ ਵਿਚੋਂ ਫ਼ੌਜੀ ਜਵਾਨ ਅਜਿਹੇ ਸਨ ਜਿਨ੍ਹਾਂ ਨੇ ਹਥਿਆਰ ਉਠਾਉਣ ਅਤੇ ਬਰਤਾਨਵੀ ਤਾਜ ਤੇ ‘ਪਲਟਣ’ ਦੇ ਮਾਣ-ਸਨਮਾਨ ਲਈ ਜਾਨਾਂ ਵਾਰ ਦੇਣ ਦੀ ਕਸਮ ਖਾਧੀ ਸੀ।
ਚੈੱਕ ਮੂਲ ਦੇ ਲੇਖਕ ਮਿਲਾਨ ਕੁੰਦਰਾ ਨੇ ਸਿਆਸਤ ਅਤੇ ਚੇਤੇ ਬਾਰੇ ਲਿਖਿਆ ਹੈ: “ਜਦੋਂ ਕੋਈ ਵੱਡੀ ਤਾਕਤ ਛੋਟੇ (ਆਪਣੇ ਮਾਤਹਿਤ) ਮੁਲਕ ਨੂੰ ਉਸ ਦੀ ਕੌਮੀ ਚੇਤਨਾ ਤੋਂ ਮਹਿਰੂਮ ਕਰਨਾ ਚਾਹੁੰਦੀ ਹੈ ਤਾਂ ਇਹ ਸੰਗਠਿਤ ਭੁੱਲ (organized forgetting) ਦੇ ਤਰੀਕੇ ਦਾ ਇਸਤੇਮਾਲ ਕਰਦੀ ਹੈ” ਅਤੇ ਇਸ ਤਰ੍ਹਾਂ ਬਸਤੀਵਾਦੀ ਭਾਰਤ ਦੇ ਬਹੁਤ ਸਾਰੇ ਸਮਾਰਕ ਤੇ ਯਾਦਗਾਰਾਂ ਇਸ ਕਾਂਟ-ਛਾਂਟ ਤੇ ਚਮਕਾ ਦੇਣ ਦੇ ਬਿਰਤਾਂਤ ਦੀ ਨੀਤੀ ਦਾ ਸਬੂਤ ਹਨ ਅਤੇ ਇਸ ਮਾਮਲੇ ਵਿਚ ਇੰਡੀਆ ਗੇਟ ਵੀ ਕੋਈ ਅਪਵਾਦ ਨਹੀਂ ਹੈ।
ਇਸੇ ਲੜੀ ਤਹਿਤ ਵਿਵਾਦਾਂ ਦੇ ਦੂਜੇ ਹਿੱਸੇ ਵਿਚ ਹੈ ਇੰਡੀਆ ਗੇਟ ਦੇ ਸਾਹਮਣੇ ਸਥਿਤ ਕੈਨੌਪੀ (ਛਤਰੀਨੁਮਾ ਢਾਂਚਾ) ਵਿਚ 23 ਜਨਵਰੀ ਨੂੰ ਕੀਤੀ ਨੇਤਾਜੀ ਸੁਭਾਸ਼ ਚੰਦਰ ਬੋਸ ਦੇ ਹੋਲੋਗ੍ਰਾਮ ਬੁੱਤ ਦੀ ਸਥਾਪਨਾ। ਇਸ ਥਾਂ ਕਿਸੇ ਸਮੇਂ ਬਰਤਾਨੀਆ ਦੇ ਬਾਦਸ਼ਾਹ ਜਾਰਜ ਪੰਜਵੇਂ ਦੀ ਮੂਰਤੀ ਲੱਗੀ ਹੋਈ ਸੀ ਜਿਸ ਨੂੰ 1968 ਵਿਚ ਹਟਾ ਦਿੱਤਾ ਗਿਆ। ਇਕ ਵੇਲੇ ਤਜਵੀਜ਼ ਸੀ ਕਿ ਇਸ ਜਗ੍ਹਾ ਬਰਤਾਨਵੀ ਬਾਦਸ਼ਾਹ ਦੀ ਥਾਂ ਮਹਾਤਮਾ ਗਾਂਧੀ ਦਾ ਬੁੱਤ ਲਾਇਆ ਜਾਵੇ ਪਰ ਇਕ ਵਾਰੀ ਮੁੜ ਇਸ ਮਾਮਲੇ ਨੂੰ ਵੀ ਅੱਗੇ ਨਹੀਂ ਵਧਾਇਆ ਗਿਆ ਅਤੇ ਕੈਨੋਪੀ ਵਿਚਲੇ ਖ਼ਾਲੀਪਣ ਨੇ ਅੱਧੀ ਸਦੀ ਤੱਕ ਭਾਰਤ ਦੀ ਆਪਣੇ ਬਸਤੀਵਾਦੀ ਅਤੀਤ ਬਾਰੇ ਦੁਬਿਧਾ ਦਾ ਪ੍ਰਗਟਾਵਾ ਕੀਤਾ।
ਦੇਖਿਆ ਜਾਵੇ ਤਾਂ ਨੇਤਾਜੀ ਸੁਭਾਸ਼ ਚੰਦਰ ਬੋਸ ਅਤੇ ਮਹਾਤਮਾ ਗਾਂਧੀ, ਦੋਵੇਂ ਹੀ ਦੇਸ਼ ਨੂੰ ਅੰਗਰੇਜ਼ ਹਕੂਮਤ ਤੋਂ ਆਜ਼ਾਦ ਕਰਾਉਣਾ ਚਾਹੁੰਦੇ ਸਨ ਪਰ ਦੋਵਾਂ ਨੇ ਇਸ ਮਕਸਦ ਲਈ ਵੱਖੋ-ਵੱਖਰੇ ਤਰੀਕੇ ਅਪਣਾਏ। ਇਕ ਪਾਸੇ ਗਾਂਧੀ ਜੇ ਅਹਿੰਸਾ ਦੇ ਪ੍ਰਚਾਰਕ ਸਨ ਤਾਂ ਦੂਜੇ ਪਾਸੇ ਬੋਸ ਨੇ ਹਿਟਲਰ ਨਾਲ ਆਪਣੇ ਗੱਠਜੋੜ ਨੂੰ ਵੱਡੇ ਟੀਚੇ ਲਈ ਰਣਨੀਤਕ ਸਾਧਨ ਵਜੋਂ ਦੇਖਿਆ। ਬੋਸ ਦੀ ਵਿਰਾਸਤ ਰਹੱਸਾਂ ਅਤੇ ਕਿਆਸਾਂ ਵਿਚ ਘਿਰੀ ਰਹੀ ਹੈ ਪਰ ਭਾਰਤੀ ਆਜ਼ਾਦੀ ਸੰਘਰਸ਼ ਅਤੇ ਆਈਐੱਨਏ (ਆਜ਼ਾਦ ਹਿੰਦ ਫ਼ੌਜ) ਦੀ ਸਥਾਪਨਾ ਵਿਚ ਉਨ੍ਹਾਂ ਦਾ ਰੋਲ ‘ਸੰਗਠਿਤ ਤੌਰ ਤੇ ਭੁੱਲਣ’ ਦੀ ਨੀਤੀ ਵਿਚ ਖਲਲ ਪੈਦਾ ਕਰਦਾ ਹੈ ਅਤੇ ਅਜਿਹਾ ਮੁੱਦਾ ਹੈ ਜਿਥੇ ਸਹਿਮਤੀ ਪੌਕੇ ਤੌਰ ਤੇ ਭੁਲੇਖਾਪਾਊ ਹੈ। ਜਿਥੋਂ ਤੱਕ ਬੋਸ ਦੀ ਭਾਰਤ ਦੀ ਆਜ਼ਾਦੀ ਅਤੇ ਫਿ਼ਰਕੂ ਸਦਭਾਵਨਾ ਪ੍ਰਤੀ ਵਚਨਬੱਧਤਾ ਪ੍ਰਤੀ ਕੋਈ ਸ਼ੱਕ ਵਾਲੀ ਗੱਲ ਨਹੀਂ ਹੈ ਜਿਸ ਨੂੰ ਲਾਜ਼ਮੀ ਤੌਰ ਤੇ ਚੇਤੇ ਵੀ ਰੱਖਿਆ ਜਾਣਾ ਚਾਹੀਦਾ ਹੈ ਅਤੇ ਇਸ ਤੋਂ ਪ੍ਰੇਰਨਾ ਵੀ ਲਈ ਜਾਣੀ ਚਾਹੀਦੀ ਹੈ, ਤਾਂ ਵੀ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਸੰਸਾਰ ਜੰਗ ਦੌਰਾਨ ਬੋਸ ਗ਼ਲਤ ਧਿਰ ਨਾਲ ਖੜ੍ਹੇ ਸਨ।
ਉਂਝ, ਭਾਰਤ ਨੇ 2022 ਵਿਚ ਬੋਸ ਦੀ ਵਿਰਾਸਤ ਨੂੰ ਵਡੇਰੀ ਕੌਮੀ ਚੇਤਨਾ ਵਿਚ ਬੜੇ ਸੂਝ-ਬੂਝ ਭਰੇ ਤੇ ਚੋਣਵੇਂ ਢੰਗ ਨਾਲ ਮੁੜ-ਜੀਵਤ ਕਰਦਿਆਂ ਇਸ ਦਾ ਮੁੜ-ਵਸੇਬਾ ਕੀਤਾ ਅਤੇ ਸਿਆਸੀ ਤੌਰ ਤੇ ਇਸ ਦੇ ਗੂੜ੍ਹ ਅਰਥ ਉਸ ਮੂਲ ਤਬਦੀਲੀ ਵੱਲ ਇਸ਼ਾਰਾ ਕਰਦੇ ਹਨ ਜਿਸ ਦੀ ਮਨਸ਼ਾ ਅਹਿੰਸਾ ਅਤੇ ਫਿ਼ਰਕੂ ਸਦਭਾਵਨਾ ਪ੍ਰਤੀ ਗਾਂਧੀਵਾਦੀ ਵਚਨਬੱਧਤਾ ਦੀ ਕਦਰ ਘਟਾਉਣਾ ਹੈ। ਬੋਸ ਦੇ ਹੋਲੋਗ੍ਰਾਮ ਤੋਂ ਪਰਦਾ ਹਟਾਉਂਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਸ ਤਰੀਕੇ ਵੱਲ ਧਿਆਨ ਖਿੱਚਿਆ ਜਿਸ ਤਹਿਤ ਆਜ਼ਾਦੀ ਤੋਂ ਬਾਅਦ ਦੇਸ਼ ਦੇ ਬਹੁਤ ਸਾਰੇ ਆਗੂਆਂ ਦੇ ਯੋਗਦਾਨ ਨੂੰ ‘ਮਿਟਾ’ ਦਿੱਤਾ ਗਿਆ, ਤੇ ਉਨ੍ਹਾਂ ਕਿਹਾ ਕਿ ਮੁਲਕ ਵੱਲੋਂ ਹੁਣ ‘ਉਨ੍ਹਾਂ ਗ਼ਲਤੀਆਂ ਨੂੰ ਸੁਧਾਰਨ ਲਈ ਕਦਮ ਚੁੱਕੇ ਜਾ ਰਹੇ ਹਨ’।
ਇਸ ਲਈ ਅਜਿਹੀਆਂ ਬਹੁਤ ਸਾਰੀਆਂ ਪ੍ਰਥਾਵਾਂ ਤੇ ਸਮਾਰੋਹ ਜਿਹੜੇ ਪਹਿਲਾਂ ਗਣਤੰਤਰ ਦਿਵਸ ਰਵਾਇਤਾਂ ਦਾ ਹਿੱਸਾ ਸਨ, ਉਤੇ ਹੁਣ ਉਨ੍ਹਾਂ ਦੀ ਬਸਤੀਵਾਦੀ ਬਣਤਰ ਦੇ ਮੱਦੇਨਜ਼ਰ ਨਜ਼ਰਸਾਨੀ ਕੀਤੀ ਜਾ ਰਹੀ ਹੈ ਅਤੇ ਨਵਾਂ ਖ਼ਾਕਾ ਉਲੀਕਿਆ ਜਾ ਰਿਹਾ ਹੈ। ਉਸ ਢਾਂਚੇ ਵਿਚ ‘ਅਬਾਈਡ ਵਿਦ ਮੀ’ ਹੁਣ ਸਵਿਕਾਰਨਯੋਗ ਨਹੀਂ ਹੈ ਅਤੇ ਉਸ ਗੀਤ ਦੇ ਚਿੰਤਨਸ਼ੀਲ ਬੋਲਾਂ ਅਤੇ ਜਾਨਾਂ ਵਾਰਨ ਵਾਲੇ ਫ਼ੌਜੀਆਂ ਦਾ ਦਰਦਾਨਾਕ ਪ੍ਰਤੀਕਵਾਦ ਹੁਣ ਦਫ਼ਨ ਕਰ ਦਿੱਤਾ ਗਿਆ ਹੈ।
ਭਾਰਤ ਹੁਣ ਨਵੀਂ ਧੁਨ ਉਤੇ ਅੱਗੇ ਵਧੇਗਾ ਪਰ ਜਿਵੇਂ ਕੁੰਦੇਰਾ ਨੇ ਖ਼ਬਰਦਾਰ ਕੀਤਾ ਸੀ: “ਜਿਹੜਾ ਮੁਲਕ ਆਪਣੇ ਅਤੀਤ ਬਾਰੇ ਜਾਗਰੂਕਤਾ ਗੁਆ ਬਹਿੰਦਾ ਹੈ, ਉਹ ਹੌਲੀ ਹੌਲੀ ਆਪਣੇ ਆਪ ਨੂੰ ਗੁਆ ਬਹਿੰਦਾ ਹੈ” ਪਰ ਅਫ਼ਸੋਸ! ਰਾਸ਼ਟਰ ਭੁੱਲ ਜਾਣ ਦੀ ਬਿਮਾਰੀ ਵਿਚ ਮੁਸੀਬਤ ਵਿਚ ਫਸ ਸਕਦੇ ਹਨ।
*ਲੇਖਕ ਸੁਸਾਇਟੀ ਫਾਰ ਪਾਲਿਸੀ ਸਟਡੀਜ਼ ਦਾ ਡਾਇਰੈਕਟਰ ਹੈ।