ਇਸਲਾਮ: ਭਾਗਵਤ ਦਾ ਸਿਧਾਂਤ ਸਹੀ ਨਹੀਂ

ਇਸਲਾਮ: ਭਾਗਵਤ ਦਾ ਸਿਧਾਂਤ ਸਹੀ ਨਹੀਂ

ਵਾਪੱਲਾ ਬਾਲਾਚੰਦਰਨ*

ਆਰਐੱਸਐੱਸ ਦੇ ਮੁਖੀ ਮੋਹਨ ਭਾਗਵਤ ਵੱਲੋਂ 2 ਜੂਨ ਨੂੰ ਦਿੱਤੇ ਗਏ ਇਸ ਬਿਆਨ ਕਿ ‘ਹਰੇਕ ਮਸਜਿਦ ਵਿੱਚੋਂ ਸ਼ਿਵਲਿੰਗ ਤਲਾਸ਼ਣ ਦੀ ਜ਼ਰੂਰਤ ਨਹੀਂ ਹੈ’ ਦਾ ਸਾਰਿਆਂ ਨੇ ਸਵਾਗਤ ਕੀਤਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਉਨ੍ਹਾਂ ਨਾਲ ਹੀ ਕਿਹਾ: ‘‘ਗਿਆਨਵਾਪੀ ਮੁੱਦਾ ਜਾਰੀ ਹੈ। ਗਿਆਨਵਾਪੀ ਇੱਕ ਅਜਿਹਾ ਇਤਿਹਾਸ ਹੈ ਜਿਸ ਨੂੰ ਅਸੀਂ ਹੁਣ ਨਹੀਂ ਬਦਲ ਸਕਦੇ। ਇਹ ਇਤਿਹਾਸ ਅਸੀਂ ਨਹੀਂ ਸਿਰਜਿਆ। ਨਾ ਹੀ ਅਜੋਕੇ ਹਿੰਦੂਆਂ ਨੇ, ਨਾ ਮੁਸਲਮਾਨਾਂ ਨੇ। ਇਹ ਪਹਿਲਾਂ ਵਾਪਰਿਆ ਹੈ। ਇਸਲਾਮ ਇੱਥੇ ਹਮਲਾਵਰਾਂ ਨਾਲ ਆਇਆ ਹੈ।’’

ਉਂਜ ਸਾਡੇ ਕੋਲ ਇਸਲਾਮ ਦੇ ਭਾਰਤ ਵਿੱਚ ਹਮਲਾਵਰਾਂ ਨਾਲ ਨਾ ਆਉਣ ਦੀ ਵੀ ਇੱਕ ਮਿਸਾਲ ਹੈ। ਅਜਿਹਾ ਕੇਰਲ ਵਿੱਚ ਹੋਇਆ। ਇਸ ਇਤਿਹਾਸ ਨੂੰ ਬਰਤਾਨਵੀ ਹਕੂਮਤ ਦੌਰਾਨ ਮਦਰਾਸ ਸਿਵਲ ਸਰਵਿਸ ਦੇ ਅਫ਼ਸਰ ਵਿਲੀਅਮ ਲੋਗਨ ਨੇ 1887 ਵਿੱਚ ਕਲਮਬੰਦ ਕੀਤਾ। ਇਹ ਸਕਾਟ ਅਫ਼ਸਰ ਦੱਖਣੀ ਭਾਰਤ ਦੀਆਂ ਭਾਸ਼ਾਵਾਂ ਮਲਿਆਲਮ, ਤਾਮਿਲ ਤੇ ਤੇਲਗੂ ਬੋਲ ਲੈਂਦਾ ਸੀ, ਜਿਸ ਨੇ 1862 ਤੋਂ 1887 ਦੌਰਾਨ ਮਾਲਾਬਾਰ-ਕੋਚੀਨ (ਹੁਣ ਕੋਚੀ)-ਤ੍ਰਾਵਨਕੋਰ ਇਲਾਕੇ ਵਿੱਚ ਵੱਖੋ-ਵੱਖ ਅਹਿਮ ਅਹੁਦਿਆਂ ’ਤੇ ਕੰਮ ਕੀਤਾ ਅਤੇ ਉਸ ਦੀ ਆਖਰੀ ਤਾਇਨਾਤੀ ਮਾਲਾਬਾਰ ਜ਼ਿਲ੍ਹੇ ਦੇ ਕੁਲੈਕਟਰ ਤੇ ਜ਼ਿਲ੍ਹਾ ਮੈਜਿਸਟਰੇਟ ਵਜੋਂ ਸੀ। ਉਸ ਨੇ 1884 ਵਿੱਚ ਲੁਟੇਰਿਆਂ ਵੱਲੋਂ ਸਥਾਨਕ ਪੱਧਰ ’ਤੇ ਜ਼ਮੀਨ ਹੜੱਪਣ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਅਤੇ ‘ਸਾਈਲੈਂਟ ਵੈਲੀ’ ਭਾਵ ‘ਖ਼ਾਮੋਸ਼ ਵਾਦੀ’ ਨੂੰ ਬਚਾਇਆ, ਜਿਹੜੀ ਦੁਨੀਆ ਦੇ ਆਖਰੀ ਬਚੇ ਹੋਏ ਵਰਖਾ ਵਣਾਂ ਵਿੱਚੋਂ ਇੱਕ ਹੈ।

ਉਸ ਨੇ 1887 ਵਿੱਚ ‘ਮਾਲਾਬਾਰ ਮੈਨੂਅਲ’ (ਮਾਲਾਬਾਰ ਕਿਤਾਬਚਾ) ਨਾਮੀ ਕਿਤਾਬ ਦੋ ਜਿਲਦਾਂ ਵਿੱਚ ਛਾਪੀ, ਜਿਹੜੀ ਈਸਟ ਇੰਡੀਆ ਕੰਪਨੀ ਦੇ ਪੁਰਾਲੇਖਾਂ, ਸਥਾਨਕ ਰਿਕਾਰਡਾਂ, ਜ਼ੁਬਾਨੀ ਇਤਿਹਾਸ ਅਤੇ ਇੱਕ ਪਹਿਲਾਂ ਛਪ ਚੁੱਕੀ ਕਿਤਾਬ ‘ਦਿ ਲੈਂਡ ਆਫ਼ ਦਿ ਪੇਰੂਮਲਜ਼ ਆਫ਼ ਕੋਚੀਨ’ - ਕੋਚੀਨ ਦੇ ਪੇਰੂਮਲਾਂ ਦੀ ਧਰਤੀ ’ਤੇ ਆਧਾਰਿਤ ਸੀ। ਇਹ ਕਿਤਾਬ ਬਰਤਾਨਵੀ ਹਕੂਮਤ ਤਹਿਤ ਕੋਚੀਨ ਦੇ ਸਿਵਲ ਸਰਜਨ ਰਹੇ ਡਾ. ਫਰਾਂਸਿਸ ਡੇਅ ਨੇ 1863 ਵਿੱਚ ਲਿਖੀ ਸੀ।

ਲੋਗਨ ਨੇ ਇਸਲਾਮ ਦੀ ਕੇਰਲ ਵਿੱਚ ਆਮਦ ਬਾਰੇ ਦੋ ਸਿਧਾਂਤਾਂ ਦਾ ਜ਼ਿਕਰ ਕੀਤਾ ਹੈ। ਦੇਸੀ ‘ਮਾਪਿੱਲਾ’ ਹੱਥਲਿਖਤਾਂ ਤੋਂ ਇਸ਼ਾਰਾ ਮਿਲਦਾ ਹੈ ਕਿ ਸਭ ਤੋਂ ਪਹਿਲਾਂ ਧਰਮ ਬਦਲਣ ਵਾਲੇ ਨੂੰ ਪਾਕ ਪੈਗੰਬਰ ਨੇ ‘ਚੌਥੇ ਵੇਦ’ ਭਾਵ ਕੁਰਾਨ ਸਬੰਧੀ ਸੇਧਾਂ ਦਿੱਤੀਆਂ ਸਨ। ਉਸ ਮੌਕੇ ਪੈਗੰਬਰ ਨੇ ਆਪਣੇ ਪੈਰੋਕਾਰਾਂ ਨੂੰ ਉਪਦੇਸ਼ ਦਿੱਤਾ ਅਤੇ ਪਹਿਲੀ ਧਰਮ ਬਦਲੀ ਨੂੰ ‘ਥਿਆਜ-ਉਦ-ਦੀਨ’ (ਅਕੀਦੇ ਦਾ ਤਾਜ) ਦਾ ਨਾਂ ਦਿੱਤਾ।

ਉਂਜ ‘ਮਲਿਆਲੀ ਅਰਬਾਂ’ ਦਾ ਕਹਿਣਾ ਹੈ ਕਿ ਮਾਲਾਬਾਰ ਵਿੱਚ ਇਸਲਾਮ ਦੀ ਆਮਦ ਹਿਜਰਾ ਦੇ 200 ਸਾਲ ਬਾਅਦ ਤੱਕ ਨਹੀਂ ਹੋਈ ਸੀ। ਇਹ ਗੱਲ ਅਰਬ ਵਪਾਰਕ ਯਾਤਰੀ ਸੁਲੇਮਾਨ ਨੇ ਹਿਜਰੀ ਸੰਮਤ 237 (ਹਿਜਰੀ ਸੰਮਤ ਭਾਵ ਇਸਲਾਮੀ ਸੰਮਤ, ਪੈਗੰਬਰ ਹਜ਼ਰਤ ਮੁਹੰਮਦ ਦੇ ਹਿਜਰਾ ਦਾ ਸਾਲ) ਵਿੱਚ ਦਰਜ ਕੀਤੀ ਹੈ, ਜੋ 851-52 ਈਸਵੀ ਬਣਦਾ ਹੈ। ਸੁਲੇਮਾਨ ਨੇ ਲਿਖਿਆ ਹੈ ਕਿ ਉਸ ਨੂੰ ਅਜਿਹਾ ਕੋਈ ਚੀਨੀ ਜਾਂ ਭਾਰਤੀ ਨਹੀਂ ਮਿਲਿਆ ਜਿਹੜਾ ਅਰਬੀ ਜ਼ੁਬਾਨ ਬੋਲਦਾ ਹੋਵੇ। ਨਾਲ ਹੀ ‘ਥਿਆਜ-ਉਦ-ਦੀਨ ਵੀ ਅਸਹਾਬੀ ਸੂਚੀ ਵਿੱਚ ਸ਼ਾਮਲ ਨਹੀਂ ਹੈ’ ਭਾਵ ਉਨ੍ਹਾਂ ਬੰਦਿਆਂ ਦੀ ਸੂਚੀ ਜਿਨ੍ਹਾਂ ਨੇ ਪੈਗੰਬਰ ਨੂੰ ਦੇਖਿਆ ਸੀ।

ਲੋਗਨ ਦਾ ਕਹਿਣਾ ਹੈ ਕਿ ਮਾਲਾਬਾਰ ਦੇ ਆਖਰੀ ਰਾਜਾ ਜਾਂ ਬਾਦਸ਼ਾਹ ਚੇਰਾਮਨ ਪੇਰੂਮਲ, ਜਿਸ ਦੀ ਕੋਡੁੰਗਲੂਰ (ਇੱਕ ਪ੍ਰਾਚੀਨ ਬੰਦਰਗਾਹ ਸ਼ਹਿਰ, ਜਿਹੜਾ ਕੇਰਲ ਦੇ ਸਾਹਿਲ ’ਤੇ ਸਥਿਤ ਸੀ ਤੇ ਪ੍ਰਾਚੀਨ ਯੂਨਾਨੀ ਲਿਖਤਾਂ ਵਿੱਚ ਇਸ ਨੂੰ ਮੁਜ਼ਿਰਿਸ ਲਿਖਿਆ ਗਿਆ ਹੈ) ਵਿੱਚ ਹਕੂਮਤ ਸੀ, ਨੂੰ ਸੁਪਨਾ ਆਇਆ ਕਿ ‘ਮੱਕਾ ਵਿੱਚ ਮੱਸਿਆ ਦੀ ਰਾਤ ਨੂੰ ਦਿਖਾਈ ਦਿੱਤਾ ਪੂਰਨਮਾਸ਼ੀ ਦਾ ਚੰਨ ਅੱਧ-ਵਿਚਕਾਰੋਂ ਦੋ ਹਿੱਸਿਆਂ ’ਚ ਵੰਡਿਆ ਗਿਆ ਅਤੇ ਇਸ ਦਾ ਇੱਕ ਹਿੱਸਾ ਅਬੀਕੁਬਾਇਸ ਨਾਮੀ ਪਹਾੜੀ ਦੇ ਪੈਰਾਂ ਵਿੱਚ ਉਤਰ ਗਿਆ, ਜਦੋਂ ਦੋਵੇਂ ਅੱਧ ਇਕੱਠੇ ਹੋ ਗਏ ਤਾਂ ਉਹ ਛੁਪ ਗਿਆ।’’

ਬਾਅਦ ਵਿੱਚ ਮੁਸਲਿਮ ਅਕੀਦਤਮੰਦਾਂ ਦਾ ਇੱਕ ਜਥਾ, ਜਿਹੜਾ ਸੀਲੋਨ (ਸ੍ਰੀਲੰਕਾ) ਵਿੱਚ ਪਵਿੱਤਰ ਪੈਰ-ਨਿਸ਼ਾਨ ਵਾਲੀ ਪਹਾੜੀ ਐਡਮਜ਼ ਪੀਕ ਦੇ ਦਰਸ਼ਨਾਂ ਲਈ ਜਾ ਰਿਹਾ ਸੀ, ਰਾਹ ਵਿੱਚ ਪੇਰੂਮਲ ਨੂੰ ਮਿਲਣ ਲਈ ਪੁੱਜਾ। ਇਨ੍ਹਾਂ ਅਕੀਦਤਮੰਦਾਂ ਵਿੱਚੋਂ ਇੱਕ ਸ਼ੇਖ਼ ਸੱਕੇ-ਉਦ-ਦੀਨ ਨੇ ‘‘ਪੇਰੂਮਲ ਦੀ ਅਨੋਖੀ ਕਹਾਣੀ, ਜਿਸ ਦੇ ਚਮਤਕਾਰ ਸਬੰਧੀ ਪੇਰੂਮਲ ਨੂੰ ਸੁਪਨਾ ਆਇਆ ਸੀ, ਨੂੰ ਇਸ ਗੱਲ ਨਾਲ ਜੋੜਿਆ ਕਿ ਮੁਹੰਮਦ (ਸਾਹਿਬ) ਨੇ ਬਹੁਤ ਸਾਰੇ ਅਵਿਸ਼ਵਾਸੀਆਂ ਦਾ ਧਰਮ ਪਰਿਵਰਤਨ ਕਰਵਾਇਆ ਸੀ।

ਫਿਰ ਪੇਰੂਮਲ ਨੇ ਆਪਣਾ ਖ਼ਿਤਾਬ ਤਿਆਗਣ ਅਤੇ ‘ਆਪਣੇ ਆਪ ਨੂੰ ਉਨ੍ਹਾਂ ਨਾਲ ਜੋੜਨ’ ਦਾ ਫ਼ੈਸਲਾ ਕੀਤਾ। ਉਸ ਨੇ ਆਪਣਾ ਜਾਨਸ਼ੀਨ ਨਾਮਜ਼ਦ ਕੀਤਾ ਅਤੇ ਸ਼ੇਖ਼ ਸੱਕੇ-ਉਦ-ਦੀਨ ਦੀ ਉਡੀਕ ਕਰਨ ਲੱਗਾ ਤਾਂ ਕਿ ਉਹ ਉਸ ਨੂੰ ਅਰਬ ਲੈ ਜਾਵੇ। ਅਰਬ ਨੂੰ ਜਾਂਦੇ ਸਮੇਂ ਉਹ ਉੱਤਰੀ ਕੇਰਲ ਵਿੱਚ ਸਥਿਤ ਇੱਕ ਮੱਧਕਾਲੀਨ ਬੰਦਰਗਾਹ ਪੰਤਯਾਨੀ-ਕੋਲੱਮ ਪੁੱਜੇ, ਜਿਹੜੀ ਮੂਰਾਂ ਅਤੇ ਚੀਨੀਆਂ ਦਾ ਇੱਕ ਅਹਿਮ ਵਪਾਰਕ ਕੇਂਦਰ ਸੀ। (ਮੂਰ, ਉੱਤਰੀ ਤੇ ਪੱਛਮੀ ਅਫ਼ਰੀਕਾ ਵਿੱਚ ਰਹਿਣ ਵਾਲੇ ਅਰਬ ਤੇ ਬਰਬਰ ਨਸਲ ਦੇ ਉਨ੍ਹਾਂ ਮੁਸਲਮਾਨਾਂ ਨੂੰ ਕਹਿੰਦੇ ਹਨ, ਜਿਹੜੇ ਵਪਾਰਕ ਕਾਰਨਾਂ ਕਰ ਕੇ ਆਇਬੇਰੀਆ (ਮੌਜੂਦਾ ਸਪੇਨ ਅਤੇ ਪੁਰਤਗਾਲ), ਸ੍ਰੀਲੰਕਾ, ਮਲੇਸ਼ੀਆ ਤੇ ਧੁਰ ਦੱਖਣੀ ਭਾਰਤ ਵਿੱਚ ਆ ਕੇ ਆਬਾਦ ਹੋ ਗਏ।) ਉੱਥੋਂ ਉਹ ਧਰਮਾਦਮ ਗਏ, ਜਿਸ ਨੂੰ ‘ਪੋਇਨਾੜ’ ਵੀ ਆਖਿਆ ਜਾਂਦਾ ਹੈ, ਭਾਵ ਉਹ ਆਖ਼ਰੀ ਪੜਾਅ ਜਿੱਥੋਂ ਪੇਰੂਮਲ ਸਮੁੰਦਰੀ ਰਸਤੇ ਮੱਕਾ ਨੂੰ ਚਲਾ ਗਿਆ। ਉਹ ਤਿੰਨ ਦਿਨ ਉੱਥੇ ਰਹਿਣ ਪਿੱਛੋਂ ਅਰਬੀ ਸਾਹਿਲ ’ਤੇ ‘ਸ਼ਹਰ’ ਨਾਮੀ ਥਾਂ ਚਲਾ ਗਿਆ। ਪੇਰੂਮਲ ਕੁਝ ਸਾਲ ਉੱਥੇ ਰਿਹਾ।

ਇਸ ਗੱਲ ਦਾ ਕੋਈ ਸਪੱਸ਼ਟੀਕਰਨ ਨਹੀਂ ਦਿੱਤਾ ਗਿਆ ਕਿ ਪੇਰੂਮਲ ਅਗਾਂਹ ਕਿਉਂ ਨਹੀਂ ਵਧਿਆ। ਸ਼ਹਰ ਵਿਖੇ ਉਹ ਮਲਿਕ-ਇਬਨ-ਦਿਨਾਰ ਵਰਗੇ ਲੋਕਾਂ ਤੇ ਉਸ ਦੇ ਪਰਿਵਾਰ ਦੀ ਸੰਗਤ ਵਿੱਚ ਰਿਹਾ, ਜਿੱਥੇ ਉਸ ਨੇ ਇਸਲਾਮ ਕਬੂਲ ਕਰ ਲਿਆ ਅਤੇ ਨਾਲ ਹੀ ਆਪਣਾ ਨਾਂ ਬਦਲ ਕੇ ਅਬਦੁਲ ਰਹਿਮਾਨ ਸਮੀਰੀ ਰੱਖ ਲਿਆ ਤੇ ਰਹਿਬੀਤ ਨਾਮੀ ਔਰਤ ਨਾਲ ਨਿਕਾਹ ਕਰ ਲਿਆ। ਫਿਰ ਉਸ ਨੇ ਮੱਕਾ ਜਾਣ ਦੀ ਥਾਂ ਮਾਲਾਬਾਰ ਪਰਤਣ ਦਾ ਫ਼ੈਸਲਾ ਕੀਤਾ ਅਤੇ ਵਾਪਸੀ ਦੇ ਸਫ਼ਰ ਦੀ ਤਿਆਰੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਉਸ ਦੀ ਸਿਹਤ ਵਿਗੜ ਗਈ ਤੇ ਉਹ ਸ਼ਹਰ ਜਾਂ ਜ਼ਾਫ਼ਰ ਵਿੱਚ ਫੌਤ ਹੋ ਗਿਆ, ਜਿੱਥੇ ਉਸ ਦਾ ਮਕਬਰਾ ਮੌਜੂਦ ਹੈ, ਜਿਸ ’ਤੇ ਲੱਗੇ ਪੱਥਰ ’ਤੇ ਲਿਖਿਆ ਹੈ: ‘‘ਜ਼ਾਫ਼ਰ ਵਿੱਚ ਹਿਜਰੀ ਸੰਮਤ 212 ਵਿੱਚ ਆਇਆ। ਉੱਥੇ ਹਿਜਰੀ 216 ਵਿੱਚ ਮੌਤ ਹੋ ਗਈ’’, ਜਿਸ ਤੋਂ ਭਾਵ ਸੰਨ 827 ਤੋਂ 832 ਈਸਵੀ ਬਣਦਾ ਹੈ।

ਆਪਣੀ ਵਾਪਸੀ ਤੋਂ ਪਹਿਲਾਂ ਉਸ ਨੇ ਮਾਲਾਬਾਰ ਵਿਚਲੇ ਆਪਣੇ ਜਾਨਸ਼ੀਨਾਂ ਨੂੰ ਦੇਣ ਲਈ ਪੱਤਰ ਤਿਆਰ ਕੀਤੇ ਸਨ, ਜਿਨ੍ਹਾਂ ਵਿੱਚ ਉਨ੍ਹਾਂ ਨੂੰ ਇੱਕ ਨਵੇਂ ਮਜ਼ਹਬ ਦੀ ਮਸਜਿਦ ਤਾਮੀਰ ਕਰਾਉਣ ਲਈ ਜ਼ਮੀਨ ਦੇਣ ਦੀ ਦਰਖ਼ਾਸਤ ਕੀਤੀ ਗਈ ਸੀ। ਉਸ ਨੇ ਮਲਿਕ-ਇਬਨ-ਦਿਨਾਰ ਨੂੰ ਜ਼ਮੀਨ ਸਿਰਫ਼ ਕੋਡੁੰਗਲੂਰ, ਪੰਤਯਾਨੀ-ਕੋਲੱਮ ਜਾਂ ਦੱਖਣੀ ਕੋਲੱਮ ਵਿੱਚ ਹੀ ਦੇਣ ਲਈ ਕਿਹਾ। ਉਸ ਦੀ ਮੌਤ ਤੋਂ ਕੁਝ ਵਰ੍ਹੇ ਬਾਅਦ ਮਲਿਕ-ਇਬਨ-ਦਿਨਾਰ ਤੇ ਉਸ ਦਾ ਪਰਿਵਾਰ ਕੋਡੁੰਗਲੂਰ ਪੁੱਜੇ, ਜਿੱਥੇ ਉਨ੍ਹਾਂ ਦਾ ਦੱਖਣੀ ਰਾਜੇ ਨੇ ਨਿੱਘਾ ਸਵਾਗਤ ਕੀਤਾ ਅਤੇ ਉੱਥੇ ਬਣਾਈ ਜਾਣ ਵਾਲੀ ਪਹਿਲੀ ਮਸਜਿਦ ਲਈ ਜ਼ਮੀਨ ਦਿੱਤੀ, ਜਿਸ ਨੂੰ ਹੁਣ ‘ਚੇਰਾਮਨ ਪੇਰੂਮਲ ਜਾਮਾ ਮਸਜਿਦ’ ਆਖਿਆ ਜਾਂਦਾ ਹੈ। ਮਲਿਕ-ਇਬਨ-ਦਿਨਾਰ ਇਸ ਦਾ ਪਹਿਲਾ ਕਾਜ਼ੀ ਬਣਿਆ।

ਉੱਥੋਂ ਮਲਿਕ-ਇਬਨ-ਦਿਨਾਰ ਦੱਖਣੀ ਕੋਲੱਮ ਗਿਆ ਜਿੱਥੇ ਦੱਖਣੀ ਕੋਲਾਟੀਰੀ (ਤ੍ਰਾਵਨਕੋਰ ਦਾ ਰਾਜਾ) ਨੇ ਉਸ ਦਾ ਇੱਜ਼ਤ-ਮਾਣ ਨਾਲ ਸਵਾਗਤ ਕੀਤਾ। ਉੱਥੇ ਦੂਜੀ ਮਸਜਿਦ ਉਸਾਰੀ ਗਈ ਜਿੱਥੇ ਮਲਿਕ ਦੇ ਪੁੱਤਰ ਹਸਨ ਨੂੰ ਕਾਜ਼ੀ ਥਾਪਿਆ ਗਿਆ। ਇਸ ਤੋਂ ਬਾਅਦ ਉਹ ਉੱਤਰੀ ਕੇਰਲ ਵਿੱਚ ਗਏ ਤੇ ਉੱਤਰੀ ਕੋਲਾਟੀਰੀ (ਚਿਰਾਕੱਲ ਦਾ ਰਾਜਾ) ਨੂੰ ਮਿਲੇ ਤੇ ਉੱਥੇ ਤੀਜੀ ਮਸਜਿਦ ਕਾਇਮ ਕੀਤੀ। ਬਾਅਦ ਵਿੱਚ ਉਹ ਕਰਨਾਟਕ ਖ਼ਿੱਤੇ ’ਚ ਬੱਕਾਨੂਰ (ਬਾਰਕੁਰ), ਮਾਂਜਾਲੂਰ (ਮੰਗਲੌਰ) ਅਤੇ ਕਾਨਿਆਰੋਡ (ਕਾਸਰਗੋੜੇ) ਗਏ।

ਲੋਗਨ ਕਹਿੰਦਾ ਹੈ: ‘‘ਇਹ ਸੋਚਣ ਦੇ ਬੜੇ ਠੋਸ ਕਾਰਨ ਹਨ ਕਿ ਮਾਲਾਬਾਰ ਵਿੱਚ ਇਸਲਾਮ ਦੇ ਆਉਣ ਦਾ ਇਹ ਵੇਰਵਾ ਭਰੋਸੇਯੋਗ ਹੈ।’’ ਉਹ ਕਹਿੰਦਾ ਹੈ ਕਿ ਨੌਵੀਂ ਸਦੀ ਈਸਵੀ ਤੱਕ ਅਰਬ ਲੋਕਾਂ ਦੀ ਪਹੁੰਚ ਭਾਰਤ ਤੋਂ ਵੀ ਅਗਾਂਹ ਇੱਥੋਂ ਤੱਕ ਕਿ ਵਪਾਰ ਖ਼ਾਤਰ ਚੀਨ ਤੱਕ ਹੋ ਗਈ ਸੀ, ਜਦੋਂ ਇਹ ਘਟਨਾਵਾਂ ਵਾਪਰੀਆਂ ਦੱਸੀਆਂ ਜਾਂਦੀਆਂ ਹਨ।

ਇਸ ਤੋਂ ਇਲਾਵਾ, ਇਹ ਵੀ ਗੌਰਤਲਬ ਹੈ ਕਿ ਜਿਨ੍ਹਾਂ-ਜਿਨ੍ਹਾਂ ਥਾਵਾਂ ਉੱਤੇ ਮਸਜਿਦਾਂ ਤਾਮੀਰ ਕੀਤੀਆਂ ਗਈਆਂ ਉਹ ਜਾਂ ਤਾਂ ਛੋਟੇ ਇਲਾਕਾਈ ਰਾਜਿਆਂ ਦੇ ਸਦਰ ਮੁਕਾਮ ਸਨ ਤੇ ਜਾਂ ਵੱਡੇ ਤਜ਼ਾਰਤੀ ਤੇ ਵਪਾਰਕ ਸਹੂਲਤਾਂ ਵਾਲੇ ਕੇਂਦਰ ਸਨ ਅਤੇ ਕੁਝ ਮਾਮਲਿਆਂ ਵਿੱਚ ਅਜਿਹੀਆਂ ਥਾਵਾਂ ਉੱਤੇ ਇਲਾਕਾਈ ਸਰਦਾਰਾਂ ਦਾ ਮਜ਼ਬੂਤ ਗੜ੍ਹ ਹੋਣ ਦੇ ਵਾਧੂ ਫਾਇਦੇ ਸਨ, ਜਿਵੇਂ ਕੋਡੁੰਗਲੂਰ ਤੇ ਕੋਲੱਮ ਆਦਿ। ਇੰਨਾ ਹੀ ਨਹੀਂ, ਮਲਿਕ-ਇਬਨ-ਦਿਨਾਰ ਇੰਨੀ ਛੇਤੀ ਇੰਨੀਆਂ ਸਾਰੀਆਂ ਮਸਜਿਦਾਂ ਸਥਾਨਕ ਲੋਕਾਂ ਦੇ ਸਹਿਯੋਗ ਤੋਂ ਬਿਨਾਂ ਵੀ ਨਹੀਂ ਉਸਾਰ ਸਕਿਆ ਹੋਵੇਗਾ।

ਇਸ ਤਰ੍ਹਾਂ ਸਿੱਟਾ ਇਹੋ ਨਿਕਲਦਾ ਹੈ ਕਿ ਕੇਰਲ ਵਿੱਚ ਇਸਲਾਮ ਹਮਲਾਵਰਾਂ ਰਾਹੀਂ ਨਹੀਂ ਸੀ ਆਇਆ।
*(ਸਾਬਕਾ ਵਿਸ਼ੇਸ਼ ਸਕੱਤਰ, ਕੈਬਨਿਟ ਸਕੱਤਰੇਤ)
*ਇਹ ਲੇਖਕ ਦੇ ਨਿੱਜੀ ਵਿਚਾਰ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਰੀਫ਼ ਸਰਕਾਰ ਲਈ ਔਖਾ ਪੈਂਡਾ

ਸ਼ਰੀਫ਼ ਸਰਕਾਰ ਲਈ ਔਖਾ ਪੈਂਡਾ

ਦੁਨੀਆ ਦੇ ਡਗਮਗਾ ਰਹੇ ਅਰਥਚਾਰੇ

ਦੁਨੀਆ ਦੇ ਡਗਮਗਾ ਰਹੇ ਅਰਥਚਾਰੇ

ਬੁਲਡੋਜ਼ਰ : ਰਾਜਕੀ ਦਮਨ ਦਾ ਪ੍ਰਤੀਕ

ਬੁਲਡੋਜ਼ਰ : ਰਾਜਕੀ ਦਮਨ ਦਾ ਪ੍ਰਤੀਕ

ਕੀ ਸਾਖ਼ ਕੋਈ ਮਾਅਨੇ ਰੱਖਦੀ ਹੈ?

ਕੀ ਸਾਖ਼ ਕੋਈ ਮਾਅਨੇ ਰੱਖਦੀ ਹੈ?

ਪੰਜਾਬ ਯੂਨੀਵਰਸਿਟੀ ਚੌਰਾਹੇ ’ਚ ਕਿਉਂ ?

ਪੰਜਾਬ ਯੂਨੀਵਰਸਿਟੀ ਚੌਰਾਹੇ ’ਚ ਕਿਉਂ ?

ਭਾਰਤੀ ਸਿਆਸਤ ਦੀ ਮਹਾਂ-ਮੰਡੀ

ਭਾਰਤੀ ਸਿਆਸਤ ਦੀ ਮਹਾਂ-ਮੰਡੀ

ਸ਼ਹਿਰ

View All