ਪੰਜਾਬੀ ਅਤੇ ਪੰਜਾਬੀਅਤ ਦਾ ਅਲੰਬਰਦਾਰ ਇਕਬਾਲ ਮਾਹਲ : The Tribune India

ਬਹੁਪੱਖੀ ਪ੍ਰਤਿਭਾ

ਪੰਜਾਬੀ ਅਤੇ ਪੰਜਾਬੀਅਤ ਦਾ ਅਲੰਬਰਦਾਰ ਇਕਬਾਲ ਮਾਹਲ

ਪੰਜਾਬੀ ਅਤੇ ਪੰਜਾਬੀਅਤ ਦਾ ਅਲੰਬਰਦਾਰ ਇਕਬਾਲ ਮਾਹਲ

ਪ੍ਰੋ. ਹਰਿਭਜਨ ਸਿੰਘ ਭਾਟੀਆ*

ਪ੍ਰੋ. ਹਰਿਭਜਨ ਸਿੰਘ ਭਾਟੀਆ*

ਮੇਰੀ ਤੇ ਇਕਬਾਲ ਮਾਹਲ ਹੋਰਾਂ ਦੀ ਮੁਲਾਕਾਤ ਕੋਈ ਬਹੁਤ ਪੁਰਾਣੀ ਨਹੀਂ, ਪਰ ਉਨ੍ਹਾਂ ਦੀ ਕਾਰਗੁਜ਼ਾਰੀ ਨਾਲ ਮੇਰਾ ਨੇਹੁ ਚਿਰੋਕਾ ਹੈ। ਪਿਛਲੇ ਡੇਢ-ਦੋ ਵਰ੍ਹਿਆਂ ਤੋਂ ਮੈਨੂੰ ਉਨ੍ਹਾਂ ਦੀ ਸ਼ਖ਼ਸੀਅਤ ਦੇ ਅੰਦਰਵਾਰ ਝਾਕਣ ਦਾ ਥੋੜ੍ਹਾ-ਬਹੁਤ ਮੌਕਾ ਜ਼ਰੂਰ ਮਿਲਿਆ ਹੈ। ਅੱਜ ਤੋਂ ਤਕਰੀਬਨ ਢਾਈ ਦਹਾਕੇ (1997) ਪਹਿਲਾਂ ਮੈਂ ਉਸ ਦੀ ਰੇਖਾ ਚਿੱਤਰਾਂ ਦੀ ਪੁਸਤਕ ‘ਸੁਰਾਂ ਦੇ ਸੁਦਾਗਰ’ ਪੜ੍ਹੀ ਤਾਂ ਇਸ ਪੁਸਤਕ ਦੀ ਵੱਖਰੀ ਤੇ ਨਿਵੇਕਲੀ ਸਮੱਗਰੀ, ਦਿਲਕਸ਼ ਅੰਦਾਜ਼ ਅਤੇ ਮਾਨਵੀ ਨਜ਼ਰੀਏ ਕਰਕੇ ਮੇਰੇ ਅਵਚੇਤਨ ਦੀ ਸ਼ੈਲਫ਼ ਵਿਚ ਇਹ ਕਿਧਰੇ ਟਿਕ ਗਈ। ਇਨ੍ਹਾਂ ਰੇਖਾ ਚਿੱਤਰਾਂ ਪਿੱਛੇ ਲੁਕੇ ਖ਼ਾਕਾਨਿਗਾਰ ਨੂੰ ਜਾਣਨ ਤੇ ਸਮਝਣ ਲਈ ਮਨ ਉਤਾਵਲਾ ਹੁੰਦਾ ਰਿਹਾ। ਉਸ ਸੁਰਿੰਦਰ ਕੌਰ, ਜਗਜੀਤ ਸਿੰਘ, ਮਹਿਦੀ ਹਸਨ, ਨੂਰ ਜਹਾਂ, ਆਸਾ ਸਿੰਘ ਮਸਤਾਨਾ, ਐੱਸ. ਮੋਹਿੰਦਰ, ਜਗਤ ਸਿੰਘ ਜੱਗਾ, ਪ੍ਰਕਾਸ਼ ਕੌਰ, ਹਜ਼ਾਰਾ ਸਿੰਘ ਰਮਤਾ, ਸ਼ੌਕਤ ਅਲੀ, ਰੇਸ਼ਮਾ ਅਤੇ ਗੁਰਦਾਸ ਮਾਨ ਵਰਗੇ ਸੰਗੀਤ ਦੀ ਦੁਨੀਆਂ ਨਾਲ ਜੁੜੇ ਕਲਾਕਾਰਾਂ ਦੇ ਖ਼ਾਕੇ ਉਲੀਕੇ। ਰਤਾ ਕੁ ਬਾਰੀਕੀ ਨਾਲ ਤੱਕਿਆ ਤਾਂ ਉਸ ਦੀਆਂ ਲਿਖ਼ਤਾਂ ਵਿਚੋਂ ਸ਼ਾਬਦਿਕ ਕਲਾ ਅਤੇ ਸੰਗੀਤ ਕਲਾ ਦੋਵਾਂ ਦੀ ਕਰਿੰਗੜੀ ਪਈ ਸਾਫ਼ ਨਜ਼ਰੀਂ ਆਈ। ਸੰਗੀਤ ਤੇ ਸੁਰਾਂ ਦੀ ਦੁਨੀਆਂ ਨਾਲ ਜੁੜੇ ਕਲਾਕਾਰਾਂ ਦੀਆਂ ਤਰਬਾਂ ਛੇੜ ਉਸ ਜਿਵੇਂ ਇਨ੍ਹਾਂ ਸਭਨਾਂ ਨੂੰ ਆਪਣੀ ਕਲਾ-ਸ਼ਕਤੀ ਤੇ ਸਮਰੱਥਾ ਨਾਲ ਜੀਵੰਤ ਰੂਪ ਪ੍ਰਦਾਨ ਕਰ ਦਿੱਤਾ। ਉਸ ਦੀ ਪੰਜਾਬੀਅਤ ਦੀ ਬੁੱਕਲ ਵਿਚ ਜਦੋਂ ਮਹਿਦੀ ਹਸਨ, ਨੂਰ ਜਹਾਂ, ਸ਼ੌਕਤ ਅਲੀ ਅਤੇ ਰੇਸ਼ਮਾ ਵਰਗੇ ਕਲਾਕਾਰ ਨਜ਼ਰੀਂ ਪਏ ਤਾਂ ਪਤਾ ਲੱਗਾ ਕਿ ਇਹ ਲੇਖਕ ਵੰਡਾਂ, ਵਿਤਕਰਿਆਂ, ਵਿੱਥਾਂ ਅਤੇ ਨਫ਼ਰਤਾਂ ਦੀ ਬਾਤ ਪਾਉਣ ਵਾਲਾ ਹਰਗਿਜ਼ ਨਹੀਂ। ਸਗੋਂ ਇਹ ਤਾਂ ਨਜ਼ੀਰ ਸਦਰ ਦੇ ਕਹਿਣ ਵਾਂਗ ‘‘ਵਾਹਗੇ ਦੇ ਬਾਰਡਰ ਦੇ ਉੱਤੇ, ਘਣਛਾਵਾਂ ਕੋਈ ਬੂਟਾ ਲਾਵੇ’’ ਵਾਲੀ ਧਿਰ ਵਿਚੋਂ ਹੈ। ਉਸ ਕਲਾਕਾਰਾਂ ਬਾਰੇ ਲਿਖਿਆ ਪੂਰੀ ਤਰ੍ਹਾਂ ਡੁੱਬ ਤੇ ਖੁੱਬ ਕੇ; ਐਵੇਂ ਤੱਥ ਇਕੱਠੇ ਨਹੀਂ ਕੀਤੇ ਜਾਂ ਮਸ਼ਕਰੀਬਾਜ਼ੀ ਨਹੀਂ ਕੀਤੀ ਅਤੇ ਨਾ ਹੀ ਇਨ੍ਹਾਂ ਸ਼ਖ਼ਸੀਅਤਾਂ ਦੇ ਕਸੀਦੇ ਪੜ੍ਹੇ ਹਨ। ਉਹ ਕਲਾ ਦੇ ਮੂਲ ਧਰਮ (ਚਾਹੇ ਸਾਹਿਤ ਹੋਵੇ ਜਾਂ ਸੰਗੀਤ) ਤੋਂ ਭਲੀਭਾਂਤ ਵਾਕਿਫ਼ ਹੈ ਕਿ ਇਸ ਦਾ ਸਬੰਧ ਤੇ ਸਰੋਕਾਰ ਕਿਸੇ ਰੰਗ, ਜਾਤ, ਨਸਲ, ਫ਼ਿਰਕੇ ਜਾਂ ਧਰਮ ਨਾਲ ਨਹੀਂ ਬਲਕਿ ਇਨਸਾਨੀ ਕਦਰਾਂ-ਕੀਮਤਾਂ ਤੇ ਸਰੋਕਾਰਾਂ ਨਾਲ ਹੈ। ਕਲਾ ਕਲਾ ਦੀਆਂ ਹੱਦਬੰਦੀਆਂ ਵਿਚ ਰਹੇ, ਇਹ ਉਸ ਦਾ ਪੱਕਾ-ਪੀਢਾ ਅਕੀਦਾ ਹੈ।

ਵਿਸ਼ਵੀਕਰਨ ਦੇ ਯੁੱਗ ਵਿਚ ਬਿਜਲਈ ਸਾਧਨਾਂ ਦੀ ਵਰਤੋਂ ਨੇ ਦੂਰ ਬੈਠੇ ਬੰਦੇ ਨੂੰ ਨਜ਼ਦੀਕ ਅਤੇ ਕਰੀਬ ਵਿਚਰਦੇ ਬੰਦੇ ਨੂੰ ਕੋਹਾਂ ਦੂਰ ਕਰ ਦਿੱਤਾ ਹੈ। ਪਤਾ ਲੱਗਾ ਹੈ ਕਿ ਅੱਜਕੱਲ੍ਹ ਉਹ ਟੋਰਾਂਟੋ (ਕੈਨੇਡਾ) ਵਿਖੇ ਪੰਜਾਬੀ ਰੇਡੀਓ ਤੇ ਟੀਵੀ ਬਰਾਡਕਾਸਟਿੰਗ ਨਾਲ ਜੁੜਿਆ ਹੋਇਆ ਹੈ। ਅਦਬੀ ਸੰਗਤ, ਸੰਗੀਤਮਈ ਮਹਿਫ਼ਲਾਂ ਅਤੇ ਗਾਇਕੀ ਸ਼ੋਅ ਉਸ ਦੇ ਸ਼ੌਕ ਦਾ ਹਿੱਸਾ ਹਨ। ਉਹਦੀ ਬਾਹਰੀ ਦਿੱਖ ਸ਼ੁੱਧ ਪੰਜਾਬੀਆਂ ਵਾਲੀ ਹੈ, ਲਹਿੰਦੇ ਤੇ ਚੜ੍ਹਦੇ ਦੋਵਾਂ ਪੰਜਾਬਾਂ ਦੇ ਪੰਜਾਬੀਆਂ ਵਾਲੀ। ਲਹਿੰਦੇ ਪੰਜਾਬ ਵਿਚ ਯਾਰਾਂ ਦੀ ਢਾਣੀ ਵਿਚ ਵਿਚਰਦਾ ਹੋਇਆ ਖ਼ਾਲਿਸ ਲਾਹੌਰੀਆ ਨਜ਼ਰੀਂ ਆਉਂਦਾ ਹੈ। ਏਧਰਲੇ ਪੰਜਾਬ ਵਿਚ ਵਿਚਰਦਾ ਦੁਆਬੀ ਵਲੈਤੀਆ। ਟੀ.ਵੀ. ’ਤੇ ਬੋਲਦੇ ਨੂੰ ਸੁਣੋ ਤਾਂ ਜਾਪਦਾ ਹੈ ਜਿਵੇਂ ਕੋਈ ਅੰਗਰੇਜ਼ ਪੂਰੀ ਮੁਹਾਰਤ ਨਾਲ ਸ਼ਹਿਦ ਵਿਚ ਡੁਬੋ ਪੰਜਾਬੀ ਜ਼ੁਬਾਨ ਬੋਲ ਰਿਹਾ ਹੋਵੇ। ਅਸਲ ਵਿਚ ਉਹ ਦੁਨੀਆਂ ਨੂੰ ਗਾਹ ਅਤੇ ਲਟੌਰੀਆਂ ਮਾਰ-ਮਾਰ ਇਨਸਾਨੀ ਕਦਰਾਂ-ਕੀਮਤਾਂ ਦਾ ਹਾਮੀ ‘ਵਿਸ਼ਵ ਨਾਗਰਿਕ’ ਬਣ ਗਿਆ ਹੈ। ਜਨਮ ਉਹਦਾ ਨਾਨਕੇ ਪਿੰਡ ਲੰਗੇਰੀ, ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਪਹਿਲੀ ਜੁਲਾਈ 1946 ਨੂੰ ਹੋਇਆ ਸੀ। ਜੱਦੀ ਪਿੰਡ ਉਹਦਾ ਨਵਾਂਸ਼ਹਿਰ ਜ਼ਿਲ੍ਹੇ ਵਿਚ ਬੰਗੇ ਨੇੜੇ ਮਾਹਿਲ ਗਹਿਲਾਂ ਹੈ। ਅਸਲ ਵਿਚ ਉਹਦੇ ਪਰਿਵਾਰਕ ਵਾਤਾਵਰਣ ਅਤੇ ਨਾਨਕੇ-ਦਾਦਕਿਆਂ ਨੇ ਹੀ ਪੰਜਾਬੀ ਜ਼ੁਬਾਨ, ਵਿਰਸੇ ਅਤੇ ਅਦਬ ਦੇ ਬੀਜ ਉਸ ਦੇ ਦਿਲੋ-ਦਿਮਾਗ਼ ਅੰਦਰ ਬੀਜ ਦਿੱਤੇ ਸਨ। ਪੌਣੀ ਸਦੀ ਨੂੰ ਢੁੱਕਿਆ ਇਕਬਾਲ ਮਾਹਲ ਅਜੇ ਤੱਕ ਵੀ ਆਪਣੀ ਪਰਿਵਾਰਕ ਸਿੱਖਿਆ-ਦੀਖਿਆ ਅਤੇ ਦਰਸ ਨੂੰ ਭੁੱਲਿਆ ਨਹੀਂ। ਆਪਣੇ ਵਿਰਸੇ, ਗੁਰਬਾਣੀ, ਪ੍ਰੀਤਲੜੀ ਤੇ ਤਾਈ ਦਾ ਦਰਸ ਅਜੇ ਤੱਕ ਵੀ ਉਹਦੇ ਚੇਤਿਆਂ ਵਿਚ ਡੂੰਘਾ ਖੁਣਿਆ ਹੋਇਆ ਹੈ। ਅੱਲ੍ਹੜ ਉਮਰੇ ਹੀ ਉਹ ਤੁਕਬੰਦੀ ਕਰਨ ਅਤੇ ਛੋਟੀਆਂਂ-ਮੋਟੀਆਂ ਕਵਿਤਾਵਾਂ ਜੋੜਨ ਲੱਗਿਆ ਸੀ। ਇਸੇ ਸ਼ੌਕ ਨੇ ਉਸ ਨੂੰ ‘ਇਕਬਾਲ ਸਿੰਘ’ ਤੋਂ ‘ਇਕਬਾਲ ਨੂਰ’ ਬਣਾ ਦਿੱਤਾ। ਪੰਦਰਾਂ ਵਰ੍ਹਿਆਂ ਦੀ ਉਮਰ ਵਿਚ ਉਹ ਦਸਵੀਂ ਪਾਸ ਕਰ ਸਿੱਖ ਨੈਸ਼ਨਲ ਕਾਲਜ, ਬੰਗਾ ਅੱਪੜ ਗਿਆ। ਕਾਲਜ ਵਿਖੇ ਡੇਢ-ਦੋ ਵਰ੍ਹੇ ਗੁਜ਼ਾਰਨ ਮਗਰੋਂ ਉਹ ਆਪਣੇ ਪਿਤਾ ਤੇ ਪਰਿਵਾਰ ਨਾਲ ਇੰਗਲੈਂਡ ਅੱਪੜ ਗਿਆ। ਇੰਗਲੈਂਡ ਅੱਪੜਣ ਤੋਂ ਪਹਿਲਾਂ ਹੀ ਉਸ ਦੇ ਨਾਂ ਨਾਲੋਂ ‘ਨੂਰ’ ਉਤਰ ਗਿਆ ਅਤੇ ਪਾਸਪੋਰਟ ਮੁਤਾਬਿਕ ਉਹ ‘ਇਕਬਾਲ ਸਿੰਘ ਮਾਹਲ’ ਬਣ ਗਿਆ। ਸ਼ਾਇਰ, ਵਿਰਸਾ ਅਤੇ ਸੰਸਕਾਰ ਜਿਵੇਂ ਉਸ ਦੇ ਅਵਚੇਤਨ ਵਿਚ ਲੁਕ-ਛਿਪ ਗਏ। ਇੰਗਲੈਂਡ ਦੇ ਸ਼ਹਿਰ ਲੈਸਟਰ ਵਿਚ ਉਸ ਕੁਝ ਵਰ੍ਹੇ ਹੇਅਰ ਡਰੈੱਸਰ ਦਾ ਕੰਮ ਪੂਰੀ ਦਿਲਚਸਪੀ ਤੇ ਚਾਅ ਨਾਲ ਕੀਤਾ। ਮਸਾਂ ਬਾਈ ਵਰ੍ਹਿਆਂ ਦਾ ਸੀ ਕਿ ਉਸ ਦੀ ਸ਼ਾਦੀ ਬਟਾਲੇ ਵਿਚ ਬੀ.ਏ. ਕਰਦੀ ਲੜਕੀ ਸਤਵੰਤ ਕੌਰ ਨਾਲ (1968 ’ਚ) ਹੋ ਗਈ। ਦੂਜੀ ਸ਼ਾਦੀ ਉਸ 1989 ਵਿਚ ਆਲਮਗੀਰ ਦੀ ਲੜਕੀ ਮਨਜੀਤ ਕੌਰ ਗਿੱਲ ਨਾਲ ਕਰਵਾਈ। ਪੰਜ-ਛੇ ਵਰ੍ਹੇ ਇੰਗਲੈਂਡ ਗੁਜ਼ਾਰਨ ਮਗਰੋਂ ਇਕਬਾਲ ਮਾਹਲ 1968 ਵਿਚ ਟੋਰਾਂਟੋ (ਕੈਨੇਡਾ) ਅੱਪੜ ਗਿਆ। ਰੱਜਵੀਂ ਮਿਹਨਤ-ਮੁਸ਼ੱਕਤ ਨਾਲ ਉਸ ਦੇ ਪੈਰ ਕੈਨੇਡਾ ਦੀ ਧਰਤੀ ਉਪਰ ਟਿਕਣ ਲੱਗੇ। ਉਹਦੇ ਅਵਚੇਤਨ ਵਿਚ ਟਿਕਿਆ ਸ਼ੌਕ ਤੇ ਸੰਸਕਾਰ ਜਿਵੇਂ ਉੱਸਲਵੱਟੇ ਲੈਣ ਲੱਗੇ। 1974 ਵਿਚ ਗੁਰਬਖ਼ਸ਼ ਸਿੰਘ ਪ੍ਰੀਤਲੜੀ ਨਾਲ ਪ੍ਰੀਤਨਗਰ ਵਿਚ ਹੋਈ ਮਿਲਣੀ ਨੇ ਜਿਵੇਂ ਉਸ ਦੀ ਜੀਵਨ ਸ਼ੈਲੀ ਦਾ ਕਾਇਆਕਲਪ ਹੀ ਕਰਕੇ ਰੱਖ ਦਿੱਤਾ। ਅਮਰੀਕਨ ਕੁੜੀ ‘ਐਲਜ਼ੀ’ (ਜਿਸ ਦਾ ਜ਼ਿਕਰ ਗੁਰਬਖ਼ਸ਼ ਸਿੰਘ ਪ੍ਰੀਤਲੜੀ ਬੜੇ ਚਾਅ ਨਾਲ ਆਪਣੀਆਂ ‘ਅਭੁੱਲ ਯਾਦਾਂ’ ਵਿਚ ਕਰਦਾ ਹੈ) ਦੀ ਗੁਰਬਖ਼ਸ਼ ਸਿੰਘ ਨਾਲ ਮੁਲਾਕਾਤ ਉਸ 1975 ਵਿਚ ਕਰਵਾ ਦਿੱਤੀ। ਉਸ ਦੀ ਜ਼ਿੰਦਗੀ ਦੇ ਬਦਲੇ ਰਉਂ-ਰੁਖ਼ ਨੇ ਉਸ ਨੂੰ ਅਦਬੀ ਅਤੇ ਮੌਸੀਕੀ ਦੇ ਪਰਿਵਾਰ ਦਾ ਜੀਅ ਬਣਾ ਦਿੱਤਾ। ਉਹ ਸੁਰਜਨ ਜ਼ੀਰਵੀ, ਇਕਬਾਲ ਰਾਮੂਵਾਲੀਆ, ਗੁਰਚਰਨ ਰਾਮਪੁਰੀ, ਜਗਜੀਤ ਜ਼ੀਰਵੀ, ਸੁਰਿੰਦਰ ਧੰਜਲ ਅਤੇ ਪ੍ਰਿੰ. ਸਰਵਣ ਸਿੰਘ ਆਦਿ ਦਾਨਿਸ਼ਵਰਾਂ ਤੇ ਅਦੀਬਾਂ ਦੀ ਸੰਗਤ ਵਿਚ ਸੌਖੇ ਸਾਹ ਲੈਣ ਲੱਗਾ। ਉਹਦੇ ਤਜਰਬੇ, ਅਦਬ ਨਾਲ ਸਾਂਝ, ਸੰਗੀਤ ਸੰਗ ਦੋਸਤੀ ਅਤੇ ਗਿਆਨ ਨੇ ਉਸ ਦੇ ਜੀਵਨ ਨਜ਼ਰੀਏ ਨੂੰ ਬੇਹੱਦ ਮਾਨਵੀ ਅਤੇ ਮੋਹ-ਰੱਤਾ ਬਣਾ ਦਿੱਤਾ ਹੈ। ਹੁਣ ਸਿਆਸੀ ਹੱਦਾਂ ਅਤੇ ਧਾਰਮਿਕ ਵਖਰੇਵੇਂ ਉਸ ਲਈ ਬੇਮਾਅਨੇ ਹੋ ਗਏ ਹਨ। ਵਾਹਗੇ ਦੇ ਆਰ-ਪਾਰ ਦੇ ਲੋਕਾਂ ਨੂੰ ਉਹ ਇਕੋ ਜਿੰਨੀ ਮੁਹੱਬਤ ਕਰਦਾ ਹੈ ਅਤੇ ਉਸ ਨੂੰ ਮਿਲਦਾ ਪਰਤਵਾਂ ਹੁੰਗਾਰਾ ਵੀ ਅੰਤਾਂ ਦਾ ਮੋਹ-ਰੱਤਾ ਤੇ ਮਿਸਾਲੀ ਹੈ। ਉਸ ਦੀ ‘ਪੰਜਾਬੀਅਤ’ ਦੇ ਸੰਕਲਪ ਦਾ ਇਕ ਸਿਰਾ ਮਾਨਵੀ ਸਰੋਕਾਰਾਂ ਨਾਲ ਨੱਥੀ ਹੈ ਅਤੇ ਦੂਜਾ ਪੂਰੀ ਦੁਨੀਆਂ ਤੇ ਖ਼ਾਸਕਰ ਵਾਹਗੇ ਦੇ ਆਰ-ਪਾਰ ਵਸੇ ਪੰਜਾਬੀਆਂ ਨਾਲ ਗਹਿਰੇ ਤੇ ਡੂੰਘੇ ਰਿਸ਼ਤੇ ਵਿਚ ਬੱਝਾ ਹੋਇਆ ਹੈ। ਅਸਲ ਵਿਚ ਉਹ ਹਿੰਦ-ਪਾਕਿ ਉਪ-ਮਹਾਂਦੀਪ ਵਿਚ ਮੁਹੱਬਤ, ਸਾਂਝ, ਦੋਸਤੀ ਅਤੇ ਅਮਨ ਦਾ ਹਾਮੀ ਹੈ। ਉਸ ਦੀ ਮੁਹੱਬਤ-ਰੱਤੀ ਫ਼ਿਤਰਤ ਨੂੰ ਪਛਾਣਦਿਆਂ ਹੀ ਸੁਰਜਨ ਜ਼ੀਰਵੀ ਨੇ ਲਿਖਿਆ ਕਿ ‘‘ਉਹ ਵਾਹਗੇ ਦੇ ਆਰ-ਪਾਰ ਵਸਦੇ ਲੋਕਾਂ ਵਿਚਾਲੇ ਸੱਭਿਆਚਾਰਕ ਸਿਆਣ ਰਾਹੀਂ ਸਦਭਾਵਨਾ ਦਾ ਇੱਛੁਕ ਹੈ, ਉਂਝ ਹੀ ਜਿਵੇਂ ਉਹ ਆਪਣੇ ਦੇਸ਼ ਵਿਚ ਧਰਮਾਂ ਅਤੇ ਖੇਤਰਾਂ ਦੇ ਲੋਕਾਂ ਵਿਚਾਲੇ ਭਰਾਤਰੀ ਭਾਵ ਦਾ ਚਾਹਵਾਨ ਹੈ।’’ ਵੀਹਵੀਂ ਸਦੀ ਦੇ ਅੱਠਵੇਂ ਦਹਾਕੇ ਦੇ ਅੱਧ ਵਿਚ ਪਹਿਲਾਂ ਉਹ ਰੇਡੀਓ ਨਾਲ ਜੁੜਿਆ ਤੇ ਮੁੜ ਟੀ.ਵੀ. ਬ੍ਰਾਡਕਾਸਟਿੰਗ ਨਾਲ। ਨਿਰਸੰਦੇਹ, ਉਹਦੀ ਸੋਹਣੀ ਸੂਰਤ, ਚੰਗੀ ਸੀਰਤ, ਜ਼ੁਬਾਨਦਾਨੀ ਦੀ ਮੁਹਾਰਤ ਅਤੇ ਭਰਵੀਂ ਤੇ ਮਿਠਾਸ ਭਰੀ ਆਵਾਜ਼ ਨੇ ਉਸ ਨੂੰ ਕੈਨੇਡਾ ਵਿਚ ਵਸੇ ਪੰਜਾਬੀ ਭਾਈਚਾਰੇ ਵਿਚ ਖ਼ਾਸਾ ਮਕਬੂਲ ਅਤੇ ਆਦਰਯੋਗ ਸਥਾਨ ਦਿਵਾਇਆ ਹੈ। ਪਿਛਲੇ ਚਹੁੰ ਦਹਾਕਿਆਂ ਤੋਂ ਉਸ ਵੱਲੋਂ ਪੂਰੀ ਸ਼ਿੱਦਤ, ਸੁਹਿਰਦਤਾ ਅਤੇ ਖ਼ਲੂਸ ਨਾਲ ਰਚਾਈਆਂ ਜਾ ਰਹੀਆਂ ਅਦਬੀ ਅਤੇ ਸੰਗੀਤਕ ਮਹਿਫ਼ਲਾਂ ਸਚਮੁੱਚ ਯਾਦਗਾਰੀ ਹੋ ਨਿਬੜੀਆਂ ਹਨ।

* * *

ਜੇਕਰ ਅੱਲ੍ਹੜ ਉਮਰੇ ਇਕਬਾਲ ਨੂਰ ਦੇ ਤਖੱਲਸ ਹੇਠ ਇਕਬਾਲ ਮਾਹਲ ਦੀ ਤੁਕਬੰਦੀ-ਨੁਮਾ ਸ਼ਾਇਰੀ ਪ੍ਰਤੀ ਬੇਧਿਆਨੀ ਵੀ ਵਰਤ ਲਈਏ ਤਾਂ ਉਸ 1997 ਵਿਚ ਰੇਖਾ ਚਿੱਤਰਾਂ ਦੀ ਪੁਸਤਕ ‘ਸੁਰਾਂ ਦੇ ਸੁਦਾਗਰ’ ਛਪਵਾਈ ਅਤੇ ਮੁੜ ਇਸੇ ਦਾ ਦੂਸਰਾ ਐਡੀਸ਼ਨ 2014 ਵਿਚ ਸਾਹਮਣੇ ਆਇਆ। ਵਿਚ-ਵਿਚਾਲੇ ਉਸ ਦੁਆਰਾ ਲਿਖੇ ਅਤੇ ਮਕਬੂਲ ਹੋਏ ਨਾਵਲ ‘ਡੌਗੀਟੇਲ ਡਰਾਈਵ’ ਦੇ ਵੀ 2011 ਤੇ 2012 ਵਿਚ ਦੋ ਐਡੀਸ਼ਨ ਸਾਹਮਣੇ ਆਏ। ਅਦਬੀ ਦੁਨੀਆਂ ਵਿਚ ਇਕਬਾਲ ਮਾਹਲ ਨੂੰ ਵਧੇਰੇ ਸ਼ੁਹਰਤ ਰੇਖਾ ਚਿੱਤਰਾਂ ਜਾਂ ਖਾੜਿਆਂ ਦੀ ਪੁਸਤਕ ‘ਸੁਰਾਂ ਦੇ ਸੁਦਾਗਰ’ ਕਰਕੇ ਹੀ ਹਾਸਲ ਹੋਈ। ਅਦਬੀ ਮਿੱਤਰਾਂ ਤੇ ਦਾਨਿਸ਼ਵਰਾਂ ਗੁਰਚਰਨ ਰਾਮਪੁਰੀ, ਇਕਬਾਲ ਰਾਮੂਵਾਲੀਆ ਅਤੇ ਸੁਰਜਨ ਜ਼ੀਰਵੀ ਵੱਲੋਂ ਮਿਲੇ ਉਤਸ਼ਾਹ ਤੇ ਹੱਲਾਸ਼ੇਰੀ ਕਰਕੇ ਉਸ ਨੇ ਕਲਾਕਾਰਾਂ ਦੇ ਰੇਖਾ ਚਿੱਤਰ ਲਿਖਣੇ ਅਤੇ ਆਰਸੀ ਵਿਚ ਛਪਵਾਉਣੇ ਆਰੰਭ ਕੀਤੇ। ਮਗਰੋਂ ਇਨ੍ਹਾਂ ਨੂੰ ਪੁਸਤਕ ਰੂਪ ਵਿਚ ਵੀ ਸਭ ਤੋਂ ਪਹਿਲਾਂ ਭਾਪਾ ਪ੍ਰੀਤਮ ਸਿੰਘ ਹੋਰਾਂ ਨੇ ਹੀ ਸਾਹਮਣੇ ਲਿਆਂਦਾ। ਨਿਰਸੰਦੇਹ, ਮਿੱਤਰਾਂ ਦੀ ਹੱਲਾਸ਼ੇਰੀ, ਲੇਖਕ ਦੀ ਆਪਣੀ ਮਿਹਨਤ ਅਤੇ ਭਾਪਾ ਜੀ ਦੇ ਉੱਦਮ ਸਦਕਾ ਇਹ ਮੁੱਲਵਾਨ ਅਦਬੀ ਸਮੱਗਰੀ ਸਾਂਭੀ ਗਈ। ਰੇਖਾ ਚਿੱਤਰਾਂ ਦੀ ਇਹ ਪੁਸਤਕ ਸਾਹਮਣੇ ਆਉਣ ਤੋਂ ਪਹਿਲਾਂ ਬਲਵੰਤ ਗਾਰਗੀ (ਨਿੰਮ ਦੇ ਪੱਤੇ 1961, ਸੁਰਮੇ ਵਾਲੀ ਅੱਖ 1964, ਕੌਡੀਆਂ ਵਾਲਾ ਸੱਪ 1980, ਹੁਸੀਨ ਚਿਹਰੇ 1985, ਪੰਜਾਬ ਦੇ ਮਹਾਨ ਕਲਾਕਾਰ 1995), ਜੀਤ ਸਿੰਘ ਸੀਤਲ (ਮਿਤ੍ਰ ਅਸਾਡੇ ਸੇਈ 1968), ਕੁਲਬੀਰ ਸਿੰਘ ਕਾਂਗ (ਬੱਦਲਾਂ ਦੇ ਰੰਗ 1963, ਪੱਥਰ ਲੀਕਾਂ 1965 ਅਤੇ ਸਿਰਨਾਵੇਂ ਮਿੱਤਰਾਂ ਦੇ 1988), ਕਰਨਜੀਤ ਸਿੰਘ (ਕਲਮ ਦੀ ਅੱਖ 1969, ਜਿਨ੍ਹਾਂ ਪਛਾਤਾ ਸੱਚ 1992), ਅਜੀਤ ਕੌਰ (ਤਕੀਏ ਦਾ ਪੀਰ 1987), ਸ਼ਮਸ਼ੇਰ ਸਿੰਘ ਸੰਧੂ (ਲੋਕ ਸੁਰਾਂ 1983, ਸੁਰ ਦਰਿਆਓਂ ਪਾਰ ਦੇ 1983), ਸਰਵਣ ਸਿੰਘ (ਪੰਜਾਬੀ ਖਿਡਾਰੀ 1982) ਅਤੇ ਸ. ਸੋਜ਼ (ਖ਼ਾਕੇ 1996) ਆਦਿ ਵਰਗੇ ਖ਼ਾਕਾਨਿਗਾਰ ਇਸ ਵਿਧਾ ਨੂੰ ਪੱਕੇ ਪੈਰੀਂ ਖੜ੍ਹਾ ਕਰ ਚੁੱਕੇ ਸਨ। ਗਾਰਗੀ, ਕਰਨਜੀਤ ਤੇ ਅਜੀਤ ਕੌਰ ਦੁਆਰਾ ਲਿਖੇ ਰੇਖਾ ਚਿੱਤਰਾਂ ਨੇ ਆਪਣੀ ਨਿਵੇਕਲੀ ਪਛਾਣ ਪੈਦਾ ਕੀਤੀ। ਇਕਬਾਲ ਮਾਹਲ ਨੇ ਸੰਗੀਤ ਨਾਲ ਜੁੜੀਆਂ ਸ਼ਖ਼ਸੀਅਤਾਂ ਨੂੰ ਆਪਣੇ ਰੇਖਾ ਚਿੱਤਰਾਂ ਦਾ ਵਿਸ਼ਾ ਵਸਤੂ ਬਣਾ ਕੇ ਦੂਸਰੇ ਰੇਖਾ ਚਿੱਤਰਕਾਰਾਂ ਨਾਲੋਂ ਆਪਣੀ ਵੱਖਰਤਾ ਸਥਾਪਿਤ ਕਰ ਲਈ। ਬਲਵੰਤ ਗਾਰਗੀ ਨੇ ਖ਼ੁਦ ਉਸ ਦੀ ਰੇਖਾ ਚਿੱਤਰਣ ਦੀ ਸਮਰੱਥਾ ਨੂੰ ਤਸਲੀਮ ਕਰਦਿਆਂ ਲਿਖਿਆ ਕਿ ‘‘ਇਕਬਾਲ ਮਾਹਲ ਅੰਦਰ ਸਾਹਿਤ ਤੇ ਸੰਗੀਤ ਕਲਾ ਦੀ ਡੂੰਘੀ ਸੂਝ, ਲਿਖਣ ਸ਼ਕਤੀ ਤੇ ਖਿੱਚ ਹੈ। ... ਇਕਬਾਲ ਨੇ ਸਾਡੇ ਲੋਕ ਸਭਿਆਚਾਰ ਅਤੇ ਲੋਕ ਸੰਗੀਤ ਵਿਚ ਇਕ ਨਵੀਂ ਸੰਵੇਦਨਾ ਉਜਾਗਰ ਕੀਤੀ ਹੈ।’’ ਇਨ੍ਹਾਂ ਰੇਖਾ ਚਿੱਤਰਾਂ ਦੀ ਮੂਲ ਧੁਨੀ ਵਿਚ ਇਕ ਸਾਂਝ ਹੈ: ਮਾਨਵੀ ਨਜ਼ਰੀਏ ਅਤੇ ਦੋਵਾਂ ਪੰਜਾਬਾਂ ਵਿਚਾਲੇ ਸਾਂਝ, ਮੁਹੱਬਤ ਅਤੇ ਅਮਨ ਸ਼ਾਂਤੀ ਦੇ ਸੁਪਨੇ ਦੀ। ਕਲਾਕਾਰ, ਅਦੀਬ ਜਾਂ ਸੰਗੀਤਕਾਰ ਕਿਸੇ ਖਿੱਤੇ, ਧਰਮ ਅਤੇ ਹੱਦਾਂ ਅੰਦਰ ਕੈਦ ਨਹੀਂ ਹੁੰਦੇ- ਇਸ ਗੱਲ ਦਾ ਉਸ ਨੂੰ ਭਲੀਭਾਂਤ ਇਲਮ ਹੈ ਅਤੇ ਇਹ ਸਭ ਕੁਝ ਇਸ ਪੁਸਤਕ ਵਿਚਲੇ ਰੇਖਾ ਚਿੱਤਰਾਂ ਵਿਚੋਂ ਵੀ ਪ੍ਰਗਟ ਹੁੰਦਾ ਹੈ। ਹਾਸ਼ਮ ਦਾ ਮੁੱਲਵਾਨ ਕੌਲ ਹੈ: ‘‘ਹਾਸ਼ਮ ਬਾਣ ਪਛਾਨਣ ਵਾਲੇ, ਕੋਈ ਕੀ ਗੁਣ ਕੱਢ ਵਿਖਾਏ’’- ਅਤੇ ਇਕਬਾਲ ਮਾਹਲ ਪਾਸ ਸਾਹਿਤ ਤੇ ਸੰਗੀਤ ਦੀ ਸੋਝੀ ਤੋਂ ਇਲਾਵਾ ਬਿੰਬਾਂ ਅਤੇ ਨਾਟਕੀ ਸੰਵਾਦ ਜ਼ਰੀਏ ਬਿੰਬ ਸਿਰਜਣ ਦੀ ਸ਼ਕਤੀ, ਸੁਹਜ ਨੂੰ ਪਛਾਨਣ ਤੇ ਸਿਰਜਣ ਦੀ ਸਮਰੱਥਾ ਅਤੇ ਭਾਸ਼ਾਈ ਨਿਪੁੰਨਤਾ ਚੋਖੀ ਮਾਤਰਾ ਵਿਚ ਮੌਜੂਦ ਹੈ। ਉਹ ਆਪਣੀ ਭਾਸ਼ਾਈ ਸਮਰੱਥਾ, ਤਜਰਬਿਆਂ ਅਤੇ ਰੌਚਕ ਕਥਾਵਾਂ ਜ਼ਰੀਏ ਸਿਰਜੇ ਬਿੰਬ ਅੰਦਰ ਸਭਿਆਚਾਰਕ ਗੁਣਗੁਣਾਹਟ ਨੂੰ ਸ਼ਾਮਲ ਕਰ ਦਿੰਦਾ ਹੈ। ਸੂਚਨਾ, ਗਿਆਨ, ਸੁਹਜ ਅਤੇ ਗਾਇਕੀ ਦੀਆਂ ਬਾਤਨੀ ਤੇ ਲਤੀਫ਼ ਸੁਰਾਂ ਦੀ ਪਕੜ ਉਸ ਦੇ ਸਿਰਜੇ ਚਿੱਤਰਾਂ ਨੂੰ ਦਿਲਕਸ਼ ਬਣਾ ਦਿੰਦੀ ਹੈ। ਮੰਡੀ ਅਤੇ ਲੱਚਰਪੁਣੇ ਦੇ ਯੁੱਗ ਅੰਦਰ ਉਸ ਨੇ ਸੰਜੀਦਾ, ਖਰੀ ਅਤੇ ਸੁਥਰੀ ਗਾਇਕੀ ਦੇ ਨਮੂਨੇ ਪੰਜਾਬੀ ਪਾਠਕ ਵਰਗ ਮੂਹਰੇ ਪਰੋਸੇ ਹਨ। ਲਾਗ ਜਾਂ ਲਗਾਓ ਦੀ ਬਜਾਏ, ਸ਼ਖ਼ਸੀਅਤ ਤੋਂ ਫਾਸਲਾ ਸਥਾਪਿਤ ਕਰ, ਉਸ ਨੂੰ ਜੀਵੰਤ ਬਿੰਬ ਵਿਚ ਢਾਲਣ ਦੀ ਸ਼ਕਤੀ ਇਨ੍ਹਾਂ ਲਿਖਤਾਂ ਦਾ ਖ਼ਾਸਾ ਹੈ। ਸੰਗੀਤਕਾਰਾਂ ਦੇ ਜੀਵਨ ਸਮਾਚਾਰਾਂ, ਸੰਗੀਤ ਯੋਗਤਾ ਦੇ ਨਾਲ-ਨਾਲ ਉਸ ਵੱਲੋਂ ਇਨ੍ਹਾਂ ਰੇਖਾ ਚਿੱਤਰਾਂ ਵਿਚ ਪਰੋਈ ਸਾਹਿਤ ਯੋਗਤਾ ਨੇ ਇਨ੍ਹਾਂ ਰੇਖਾ ਚਿੱਤਰਾਂ ਨੂੰ ਗਹਿਰਾਈ ਅਤੇ ਨਵਾਂ ਪਾਸਾਰ ਪ੍ਰਦਾਨ ਕੀਤਾ ਹੈ। ਸੁਰਜੀਤ ਪਾਤਰ ਦਾ ਇਨ੍ਹਾਂ ਰੇਖਾ ਚਿੱਤਰਾਂ ਬਾਰੇ ਲਿਖਿਆ ਇਹ ਕਥਨ ਭਰੋਸੇਯੋਗ ਹੈ ਕਿ ‘‘ਜਿਨ੍ਹਾਂ ਹਰਮਨ ਪਿਆਰੇ ਕਲਾਕਾਰਾਂ ਦੇ ਰੇਖਾ ਚਿੱਤਰ ਇਕਬਾਲ ਨੇ ਇਸ ਪੁਸਤਕ ਵਿਚ ਸ਼ਾਮਲ ਕੀਤੇ ਹਨ ਉਨ੍ਹਾਂ ਨੂੰ ਇਕਬਾਲ ਨੇ ਮੰਚ ਦੀਆਂ ਰੌਸ਼ਨੀਆਂ ਵਿਚ ਵੀ ਦੇਖਿਆ ਹੈ, ਜ਼ਿੰਦਗੀ ਦੀਆਂ ਧੁੱਪਾਂ ਵਿਚ ਤੁਰਦਿਆਂ ਵੀ, ਉੱਚੀਆਂ ਚੋਟੀਆਂ ਸਰ ਕਰਦਿਆਂ ਵੀ, ਢਲਾਣਾਂ ਉਤਰਦਿਆਂ ਵੀ, ਡਗਮਗਾਉਂਦਿਆਂ ਡੋਲਦਿਆਂ ਤੇ ਫਿਰ ਸੰਭਲਦਿਆਂ ਵੀ। ਇਸ ਲਈ ਇਨ੍ਹਾਂ ਰੇਖਾ ਚਿੱਤਰਾਂ ਵਿਚ ਕਹਾਣੀ ਵਰਗਾ ਰਸ ਹੈ ਤੇ ਦਸਤਾਵੇਜ਼ ਵਰਗੀ ਨਿੱਗਰਤਾ।’’ ਆਪਣੇ ਇਨ੍ਹਾਂ ਗੁਣਾਂ ਕਰਕੇ ਹੀ ਇਹ ਰੇਖਾ ਚਿੱਤਰ ਮੁੱਲਵਾਨ ਵੀ ਹਨ ਅਤੇ ਪੰਜਾਬੀ ਰੇਖਾ ਚਿੱਤਰਾਂ ਦੀ ਇਤਿਹਾਸ ਰੇਖਾ ਦਾ ਮਹੱਤਵਪੂਰਨ ਹਿੱਸਾ ਵੀ।

ਇਕਬਾਲ ਮਾਹਲ ਦੁਆਰਾ ਸਿਰਜੇ ਰੇਖਾ ਚਿੱਤਰਾਂ ਵਿਚ ਲੋਕ ਸਾਹਿਤ, ਲੋਕ ਸੰਗੀਤ, ਸ਼ਾਇਰੀ, ਨਾਟਕ ਅਤੇ ਗਲਪੀ ਤੱਤ ਸਮੋਏ ਹੋਏ ਹਨ। ਉਹ ਆਪਣੀ ਗੱਲ ਆਖਦਾ ਨਹੀਂ, ਦਿਖਾਉਂਦਾ ਹੈ: ਛੋਟੀਆਂ- ਛੋਟੀਆਂ ਘਟਨਾਵਾਂ, ਸੰਵਾਦਾਂ ਅਤੇ ਗਲਪ ਬਿੰਬਾਂ ਰਾਹੀਂ। ਉਸ ਦੀ ਇਸੇ ਗਲਪ-ਯੋਗਤਾ ਵਿਚੋਂ ਹੀ ਉਸ ਦਾ ਨਾਵਲ ‘ਡੌਗੀਟੇਲ ਡਰਾਈਵ’ ਹੋਂਦ ਵਿਚ ਆਇਆ। ਇਸ ਨਾਵਲ ਰਾਹੀਂ ਉਸ ਨੇ ਆਪਣੇ ਪਾਤਰਾਂ ਦੇ ਅਵਚੇਤਨ ਨੂੰ ਫ਼ਰੋਲਣ ਅਤੇ ਉਸ ਰਾਹੀਂ ਕੁਝ ਆਖਣ ਦੀ ਕੋਸ਼ਿਸ਼ ਕੀਤੀ ਹੈ। ਅਜਿਹਾ ਜਾਂ ਤਾਂ ਚੇਤਨਾ ਪ੍ਰਵਾਹ (stream of consciousness) ਦੀ ਜੁਗਤ ਰਾਹੀਂ ਮੁਮਕਿਨ ਸੀ ਅਤੇ ਜਾਂ ਫਿਰ ਰਿੰਦਾਂ ਦੀ ਮਹਿਫ਼ਲ ਰਾਹੀਂ। ਨਾਵਲਕਾਰ ਨੇ ਦੂਸਰਾ ਰਸਤਾ ਅਪਣਾਇਆ ਹੈ ਅਤੇ ਇਸ ਰਾਹੀਂ ਮਰਦ ਦੀ ਮਾਨਸਿਕਤਾ ਦੀਆਂ ਲੁਕੀਆਂ-ਛਿਪੀਆਂ ਪਰਤਾਂ ਅਤੇ ਔਰਤ ਪ੍ਰਤੀ ਨਜ਼ਰੀਏ ਦੇ ਵਿਭਿੰਨ ਪਾਸਾਰਾਂ ਨੂੰ ਖੋਲ੍ਹਿਆ ਹੈ। ਇਸੇ ਜੁਗਤ ਰਾਹੀਂ ਉਸ ਦੀ ਨਵੀਂ ਅਟਕਲ ਅਤੇ ਨਜ਼ਰੀਆ ਸਾਹਮਣੇ ਆਉਂਦਾ ਹੈ। ਰਿੰਦਾਂ ਦੀ ਮਹਿਫ਼ਲ ਦਾ ਮਾਹੌਲ ਸਿਰਜਣ, ਗਲਪ ਰਸ ਨੂੰ ਮੱਠਾ ਨਾ ਪੈਣ ਦੇਣ ਅਤੇ ਵਿਅੰਗਮਈ ਚੋਭਾਂ ਰਾਹੀਂ ਪਾਤਰਾਂ ਦੇ ਮਨਾਂ ਅੰਦਰ ਲਗਾਤਾਰ ਉਤਰਦੇ ਜਾਣ ਕਰਕੇ ਇਹ ਰਚਨਾ ਗੌਲਣਯੋਗ ਹੈ। ਮੁਹੱਬਤ ਦੇ ਇਰਦ-ਗਿਰਦ ਬੁਣੇ ਇਸ ਬਿਰਤਾਂਤ ਵਿਚ ਕਥਾ ਜਿਸਮ ਅਤੇ ਰੂਹ ਦੋਹਾਂ ਧੁਰਿਆਂ ਦੁਆਲੇ ਘੁੰਮਦੀ ਹੈ। ਪਿਆਰ ਜਾਂ ਮੁਹੱਬਤ ਦੁਆਲੇ ਘੁੰਮਦੀ ਇਹ ਕਥਾ ਮਨੁੱਖ ਦੇ ਅਸਤਿਤਵੀ ਮਸਲਿਆਂ ਅਤੇ ਉਸ ਦੇ ਜੀਵਨ ਦੇ ਸਮਾਜ-ਸਭਿਆਚਾਰਕ ਪਾਸਾਰਾਂ ਨੂੰ ਆਪਣੇ ਕਲਾਵੇ ਵਿਚ ਲੈਂਦੀ ਹੈ। ਲੇਖਕ ਨੇ ਖ਼ੁਦ ਇਸ ਰਚਨਾ ਨੂੰ ‘ਜ਼ਿੰਦਗੀ ਦਾ ਸ਼ਾਬਦਿਕ ਰੂਪਾਂਤਰਨ’ ਆਖਿਆ ਹੈ, ਪਰ ਇਹ ਇਸ ਤੋਂ ਅਗਾਂਹ ਜ਼ਿੰਦਗੀ ਦਾ ਗਲਪੀ ਰੂਪਾਂਤਰਨ ਹੋ ਨਿਬੜੀ ਹੈ। ਇਸ ਰਚਨਾ ਵਿਚ ਮੁਹੱਬਤ ਵੱਖ-ਵੱਖ ਪ੍ਰਸੰਗਾਂ (ਅੱਲ੍ਹੜ ਉਮਰ, ਜਵਾਨੀ, ਵਿਆਹ ਅਤੇ ਵਿਆਹ ਬਾਹਰੇ ਰਿਸ਼ਤੇ) ਵਿਚ ਫੈਲ ਦਿਲਚਸਪੀ ਦਾ ਧੁਰਾ ਬਣੀ ਰਹਿੰਦੀ ਹੈ। ਲੇਖਕ ਕਥਾ-ਪ੍ਰਸੰਗਾਂ ਨੂੰ ਕਲਪਨਾ ਦੇ ਧਰਾਤਲ ਤੋਂ ਅਗਾਂਹ ਪ੍ਰਤੀਕ ਦੇ ਧਰਾਤਲ ਉਪਰ ਲੈ ਜਾਂਦਾ ਹੈ। ਜਾਪਦਾ ਹੈ ਜਿਵੇਂ ਗੁਰਬਖ਼ਸ਼ ਸਿੰਘ ਪ੍ਰੀਤਲੜੀ ਦਾ ਪ੍ਰੀਤ ਫਲਸਫ਼ਾ ਅਸਲੋਂ ਵੱਖਰੇ ਪਰਿਵੇਸ਼ ਅਤੇ ਪ੍ਰਸੰਗ ਵਿਚ ਰੂਪਾਂਤਰਿਤ ਹੋ ਕੇ ਨਵੀਂ ਰਚਨਾ ਵਿਚ ਢਲ ਗਿਆ ਹੋਵੇ।

ਇਕਬਾਲ ਮਾਹਲ ਦੀ ਸੀਰਤ ਤੇ ਕਾਰਗੁਜ਼ਾਰੀ ਨੂੰ ਪਸੰਦ ਕਰਨ ਵਾਲਿਆਂ ਦੀ ਫ਼ਹਿਰਿਸਤ ਬਹੁਤ ਲੰਮੀ ਹੈ। ਉਹਦੇ ਚਾਹੁਣ ਵਾਲਿਆਂ ਵਿਚੋਂ ਕੋਈ ਉਸ ਨੂੰ ਸੁਰਾਂ ਦਾ ਵਿਚੋਲਾ, ਕੋਈ ਜ਼ਿੰਦਗੀ ਦਾ ਆਸ਼ਕ, ਕੋਈ ਪੰਜਾਬੀ ਸਭਿਆਚਾਰ ਦਾ ਦੂਤ, ਕੋਈ ਨਿਰਮਲ ਸਰੋਵਰ, ਕੋਈ ਸੁਰ-ਸ਼ਬਦ ਦੀ ਟਕਸਾਲ, ਕੋਈ ਵਹਿੰਦਾ ਦਰਿਆ, ਕੋਈ ਸੁਰਾਂ ਦਾ ਪਾਰਸ ਅਤੇ ਕੋਈ ਪੰਜਾਬੀਅਤ ਦਾ ਸ਼ੈਦਾਈ ਆਖਦਾ ਹੈ। ਮੈਨੂੰ ਜਾਪਦਾ ਹੈ ਕਿ ਉਹਦੀ ਸ਼ਖ਼ਸੀਅਤ ਹਰ ਟਿੱਪਣੀ ’ਚੋਂ ਬਾਹਰ ਸਰਕ ਜਾਂਦੀ ਹੈ। ਇਸ ਬਹੁਰੰਗੀ ਤੇ ਬਹੁਪਾਸਾਰੀ ਸ਼ਖ਼ਸੀਅਤ ਦੇ ਸਭ ਰੰਗਾਂ ਨੂੰ ਲਫ਼ਜ਼ਾਂ ਦੀ ਦਰਗਾਹ ਵਿਚ ਪੇਸ਼ ਕਰ ਸਕਣਾ ਖ਼ਾਸਾ ਦੁਸ਼ਵਾਰ ਹੈ।

* ਸਾਬਕਾ ਮੁਖੀ ਅਤੇ ਡੀਨ, ਭਾਸ਼ਾ ਫੈਕਲਟੀ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ।

ਸੰਪਰਕ: 98557-19118

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਇੱਕ ਸੀ ‘ਬਾਪੂ ਭਾਈ’

ਇੱਕ ਸੀ ‘ਬਾਪੂ ਭਾਈ’

... ਕਾਗਦ ਪਰ ਮਿਟੈ ਨ ਮੰਸੁ।।

... ਕਾਗਦ ਪਰ ਮਿਟੈ ਨ ਮੰਸੁ।।

ਕੇਂਦਰੀ ਏਸ਼ੀਆ ਵਿਚ ਪੈਰ ਪਸਾਰਦਾ ਚੀਨ

ਕੇਂਦਰੀ ਏਸ਼ੀਆ ਵਿਚ ਪੈਰ ਪਸਾਰਦਾ ਚੀਨ

ਕਰਨਾਟਕ ਵਿਚ ਦੂਹਰਾ ਸੱਤਾ ਵਿਰੋਧ

ਕਰਨਾਟਕ ਵਿਚ ਦੂਹਰਾ ਸੱਤਾ ਵਿਰੋਧ

ਸ਼ਹਿਰ

View All