ਪਾਕਿਸਤਾਨ ਵਿਚ ਹੜ੍ਹਾਂ ਦਾ ਕਹਿਰ ਜਾਰੀ ਹੈ। ਹੜ੍ਹਾਂ ਦਾ ਸਿਲਸਿਲਾ 15 ਜੂਨ ਤੋਂ ਬਲੋਚਿਸਤਾਨ ਤੋਂ ਸ਼ੁਰੂ ਹੋਇਆ ਸੀ। ਫਿਰ ਇਨ੍ਹਾਂ ਨੇ ਖ਼ੈਬਰ-ਪਖ਼ਤੂਨਖ਼ਵਾ ਸੂਬੇ ਉੱਤੇ ਮਾਰ ਕੀਤੀ। ਹੁਣ ਸੂਬਾ ਸਿੰਧ ਤੇ ਜਨੂਬੀ (ਦੱਖਣੀ) ਪੰਜਾਬ ਇਸ ਆਫ਼ਤ ਨਾਲ ਜੂਝ ਰਹੇ ਹਨ। ਸ਼ਨਿੱਚਰਵਾਰ ਸ਼ਾਮ ਨੂੰ ਜਾਰੀ ਸਰਕਾਰੀ ਅੰਕੜਿਆਂ ਮੁਤਾਬਿਕ ਹੜ੍ਹਾਂ ਕਾਰਨ ਮੁਲਕ ਵਿਚ 1265 ਮੌਤਾਂ ਹੋਈਆਂ ਹਨ ਜਿਨ੍ਹਾਂ ਵਿਚੋਂ 57 ਸ਼ਨਿੱਚਰਵਾਰ ਨੂੰ ਹੋਈਆਂ। ਵੱਖ-ਵੱਖ ਹਸਪਤਾਲਾਂ ਵਿਚ ਜ਼ੇਰੇ ਇਲਾਜ ਜ਼ਖ਼ਮੀਆਂ ਦੀ ਗਿਣਤੀ 19 ਹਜ਼ਾਰ ਤੋਂ ਵੱਧ ਦੱਸੀ ਜਾਂਦੀ ਹੈ। ਨੌਂ ਲੱਖ ਤੋਂ ਵੱਧ ਲੋਕ ਬੇਘਰ ਹੋਏ ਹਨ ਜਿਨ੍ਹਾਂ ਵਿਚ ਤਿੰਨ ਲੱਖ ਦੇ ਕਰੀਬ ਸਰਕਾਰੀ ਰਾਹਤ ਕੈਂਪਾਂ ਵਿਚ ਰਹਿ ਰਹੇ ਹਨ।
ਸੰਯੁਕਤ ਰਾਸ਼ਟਰ ਤੇ ਹੋਰਨਾਂ ਆਲਮੀ ਏਜੰਸੀਆਂ ਨੇ ਪਾਕਿਸਤਾਨ ਦੀ ਸੂਰਤੇਹਾਲ ਲਈ ਮੌਨਸੂਨ ਤੋਂ ਇਲਾਵਾ ਮੌਸਮੀ ਪਰਿਵਰਤਨਾਂ ਨੂੰ ਵੀ ਕਸੂਰਵਾਰ ਦੱਸਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਵਾਤਾਵਰਨ ਪ੍ਰਦੂਸ਼ਣ ਤੋਂ ਉਪਜੀ ਆਲਮੀ ਤਪਸ਼ ਨੇ ਸਭ ਤੋਂ ਵੱਧ ਮਾਰ ਹਿਮਾਲਿਆ ਪਰਬਤ ਲੜੀ ਦੇ ਪਾਕਿਸਤਾਨੀ ਖਿੱਤੇ ਉੱਤੇ ਕੀਤੀ ਹੈ। ਉੱਥੇ ਗਲੇਸ਼ੀਅਰ ਤੇਜ਼ੀ ਨਾਲ ਪਿਘਲਦੇ ਜਾ ਰਹੇ ਹਨ। ਲਿਹਾਜ਼ਾ, ਜਿਹੜੇ ਨਦੀ-ਨਾਲੇ ਦਹਾਕਿਆਂ ਤੋਂ ਸੁੱਕੇ ਪਏ ਸਨ, ਉਨ੍ਹਾਂ ਵਿਚ ਵੀ ਹੜ੍ਹ ਆ ਰਹੇ ਹਨ। ਉਪਗ੍ਰਹਿਆਂ ਤੋਂ ਪ੍ਰਾਪਤ ਤਸਵੀਰਾਂ ਦੱਸਦੀਆਂ ਹਨ ਕਿ ਮੁਲਕ ਦੀ ਇਕ-ਤਿਹਾਈ ਧਰਤੀ, ਪਾਣੀ ਹੇਠ ਡੁੱਬੀ ਹੋਈ ਹੈ। ਅਖ਼ਬਾਰ ‘ਡਾਅਨ’ ਦੀ ਰਿਪੋਰਟ ਅਨੁਸਾਰ 3.3 ਕਰੋੜ ਲੋਕ ਸਿੱਧੇ ਤੌਰ ’ਤੇ ਹੜ੍ਹਾਂ ਦਾ ਅਸਰ ਝੱਲ ਰਹੇ ਹਨ। ਮੁਲਕ ਦੀਆਂ ਅੱਧੀਆਂ ਤੋਂ ਵੱਧ ਸੜਕਾਂ ਸਫ਼ਰਯੋਗ ਨਹੀਂ ਰਹੀਆਂ। ਇਕ-ਚੌਥਾਈ ਮੁਲਕ ਵਿਚ ਬਿਜਲੀ ਸਪਲਾਈ ਠੱਪ ਹੈ। ਸੰਯੁਕਤ ਰਾਸ਼ਟਰ ਨੇ ਹੜ੍ਹਾਂ ਤੋਂ ਉਪਜੀ ਸਥਿਤੀ ਦੇ ਟਾਕਰੇ ਲਈ ਫੌਰੀ ਤੌਰ ’ਤੇ 1.60 ਅਰਬ ਡਾਲਰਾਂ ਦੀ ਰਾਹਤ ਰਾਸ਼ੀ ਪਾਕਿਸਤਾਨ ਲਈ ਜੁਟਾਏ ਜਾਣ ਦੀ ਅਪੀਲ ਆਲਮੀ ਭਾਈਚਾਰੇ ਨੂੰ ਕੀਤੀ ਹੈ। ਵੱਖ-ਵੱਖ ਮੁਲਕਾਂ ਤੋਂ ਰਸਦ, ਦਵਾਈਆਂ, ਤੰਬੂ ਤੇ ਤਿਰਪਾਲਾਂ ਅਤੇ ਫ਼ਲ-ਸਬਜ਼ੀਆਂ ਪਾਕਿਸਤਾਨ ਪੁੱਜਣੇ ਸ਼ੁੁਰੂ ਹੋ ਗਏ ਹਨ, ਪਰ ਭਾਰਤ ਤੋਂ ਮਦਦ ਲੈਣ ਜਾਂ ਨਿੱਤ ਵਰਤੋਂ ਦੀਆਂ ਵਸਤਾਂ ਵਾਹਗਾ-ਅਟਾਰੀ ਸਰਹੱਦ ਰਾਹੀਂ ਭਾਰਤ ਤੋਂ ਮੰਗਵਾਉਣ ਦੇ ਸਬੰਧ ਵਿਚ ਅਜੇ ਤੱਕ ਸਰਕਾਰ ਨੇ ਕੋਈ ਫ਼ੈਸਲਾ ਨਹੀਂ ਲਿਆ। ਇਸੇ ਤਰ੍ਹਾਂ ਜਿੱਥੇ ਇਕ ਪਾਸੇ ਤਾਂ ਮੁਲਕ ਤ੍ਰਾਸਦੀਆਂ ਨਾਲ ਜੂਝ ਰਿਹਾ ਹੈ, ਉੱਥੇ ਦੂਜੇ ਪਾਸੇ ਸਿਆਸਤਦਾਨ ਇਕਜੁੱਟ ਹੋ ਕੇ ਰਾਹਤ ਕਾਰਜ ਚਲਾਉਣ ਦੀ ਥਾਂ ਸਿਆਸੀ ਖੇਡਾਂ ਖੇਡਣ ਅਤੇ ਇਕ ਦੂਜੇ ਵੱਲ ਚਿੱਕੜ ਉਛਾਲਣ ਵਿਚ ਜੁਟੇ ਹੋਏ ਹਨ। ਪੀ.ਟੀ.ਆਈ. ਦੇ ਨੇਤਾ ਇਮਰਾਨ ਖ਼ਾਨ ਦੀਆਂ ਰੈਲੀਆਂ ਬਾਦਸਤੂਰ ਜਾਰੀ ਹਨ। ਉਨ੍ਹਾਂ ਵਿਚ ਉਹ ਹੜ੍ਹਾਂ ਤੇ ਹੋਰ ਵਾਤਾਵਰਣਕ ਮੁਸ਼ਕਿਲਾਤ ਲਈ ‘ਚੋਰਾਂ ਦੀ ਸਰਕਾਰ’ ਨੂੰ ਦੋਸ਼ੀ ਦੱਸਦਾ ਆ ਰਿਹਾ ਹੈ। ਪਾਕਿਸਤਾਨੀ ਸਦਰ ਡਾ. ਆਰਿਫ਼ ਅਲਵੀ ਨੇ ਸਿਆਸੀ ਤਾਪਮਾਨ ਘਟਾਉਣ ਦੀ ਅਪੀਲ ਕਰਨ ਦੇ ਨਾਲ-ਨਾਲ ਇਮਰਾਨ ਖ਼ਾਨ ਨੂੰ ਟਕਰਾਅ ਦੀ ਰਾਜਨੀਤੀ ਫ਼ਿਲਹਾਲ ਤਿਆਗਣ ਵਾਸਤੇ ਰਾਜ਼ੀ ਕਰਨ ਵਿਚ ਵਿਚੋਲਗਿਰੀ ਦੀ ਪੇਸ਼ਕਸ਼ ਸ਼ਨਿੱਚਰਵਾਰ ਨੂੰ ਕੀਤੀ ਸੀ, ਪਰ ਇਸ ਪੇਸ਼ਕਸ਼ ਵਿਚੋਂ ਹੁਕਮਰਾਨ ਧਿਰ (ਪੀਐਮਐੱਲ-ਐੱਨ ਤੇ ਪਾਕਿਸਤਾਨ ਪੀਪਲਜ਼ ਪਾਰਟੀ) ਨੂੰ ਸਿਆਸਤ ਦੀ ਗੰਧ ਆਈ। ਲਿਹਾਜ਼ਾ, ਸਦਰ ਅਲਵੀ ਨੇ ਖਾਮੋਸ਼ ਹੋਣਾ ਹੀ ਬਿਹਤਰ ਸਮਝਿਆ। ਕੇਂਦਰ ਸਰਕਾਰ ਨੇ ਹੜ੍ਹਾਂ ਦੀ ਸਥਿਤੀ ਦੇ ਟਾਕਰੇ ਲਈ ਐਮਰਜੈਂਸੀ ਲਾਗੂ ਕਰਨ ਦਾ ਐਲਾਨ ਕੀਤਾ ਹੈ, ਪਰ ਇਸ ਐਲਾਨ ਦਾ ਅਸਰ ਨਾ ਤਾਂ ਇਮਰਾਨ ਖ਼ਾਨ ਦੇ ਹਮਾਇਤੀਆਂ ਉੱਪਰ ਨਜ਼ਰ ਆਇਆ ਹੈ ਅਤੇ ਨਾ ਹੀ ਸਰਕਾਰੀ ਮਸ਼ੀਨਰੀ ਉੱਪਰ। ਉਸ ਦੀ ਢਿੱਲ-ਮੱਠ ਪਹਿਲਾਂ ਵਾਂਗ ਬਰਕਰਾਰ ਹੈ।
ਦੱਖਣੀ ਪੰਜਾਬ ਵਿਚ ਤਬਾਹੀ
ਹੜ੍ਹਾਂ ਦੇ ਕਹਿਰ ਦਾ ਜ਼ੋਰ ਹੋਰਨਾਂ ਸੂਬਿਆਂ ਦੇ ਮੁਕਾਬਲੇ ਸੂਬਾ ਪੰਜਾਬ ਵਿਚ ਭਾਵੇਂ ਘੱਟ ਨਜ਼ਰ ਆਇਆ ਹੈ, ਫਿਰ ਵੀ ਨੁਕਸਾਨ ਇਸ ਸੂਬੇ ਵਿਚ ਚੋਖਾ ਹੋਇਆ ਹੈ। ਅੰਗਰੇਜ਼ੀ ਅਖ਼ਬਾਰ ‘ਦਿ ਨਿਊਜ਼’ ਦੀ ਰਿਪੋਰਟ ਅਨੁਸਾਰ ਜਨੂਬੀ ਪੰਜਾਬ ਦੇ ਪੰਜ ਜ਼ਿਲ੍ਹੇ ਅਜੇ ਵੀ ਪਾਣੀ ਹੇਠ ਡੁੱਬੇ ਹੋਏ ਹਨ। ਕੌਮੀ ਆਫ਼ਤ ਪ੍ਰਬੰਧਨ ਏਜੰਸੀ (ਐੱਨਡੀਐਮਏ) ਦੇ ਅੰਕੜੇ ਦੱਸਦੇ ਹਨ ਕਿ ਸੂਬੇ ਵਿਚ ਹੜ੍ਹਾਂ ਕਾਰਨ ਹੁਣ ਤੱਕ 70 ਮੌਤਾਂ ਹੋਈਆਂ ਅਤੇ 9 ਲੱਖ ਏਕੜ ਰਕਬੇ ’ਤੇ ਫ਼ਸਲਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਈਸਾ ਖੇਲ, ਰਾਜਨਪੁਰ ਤੇ ਡੇਰਾ ਗਾਜ਼ੀ ਖ਼ਾਨ ਜ਼ਿਲ੍ਹਿਆਂ ਦੇ ਲੋਕਾਂ ਨੂੰ ਸੁਰੱਖਿਅਤ ਥਾਵਾਂ ਵੱਲ ਲਿਜਾਣ ਦਾ ਕੰਮ ਜਾਰੀ ਹੈ। ਇਨ੍ਹਾਂ ਜ਼ਿਲ੍ਹਿਆਂ ਵਿਚ ਬਿਜਲੀ ਸਪਲਾਈ ਵੀ ਲਗਪਗ ਬੰਦ ਹੈ। ਸਰਕਾਰ ਨੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਦੇਖਦਿਆਂ ਆਬਿਆਨੇ ਤੇ ਮਾਲੀਏ ਦੀ ਵਸੂਲੀ ਫ਼ਿਲਹਾਲ ਮਨਸੂਖ਼ ਕਰ ਦਿੱਤੀ ਹੈ। ਹਾਂ, ਹੋਰਨਾਂ ਸੂਬਿਆਂ ਵਾਂਗ ਰਾਹਤ ਸਮੱਗਰੀ ਦੀ ਇੱਥੇ ਵੀ ਥੁੜ ਹੈ ਅਤੇ ਹੜ੍ਹ ਪੀੜਤ ਪੂਰੇ ਖੁਆਰ ਹੋ ਰਹੇ ਹਨ।
ਮੁੱਖ ਮੰਤਰੀ ਤੇ ਪੁਲੀਸ ਮੁਖੀ ਦਰਮਿਆਨ ਤਕਰਾਰ
ਸੂਬਾ ਪੰਜਾਬ ਦੇ ਵਜ਼ੀਰੇ ਆਲ੍ਹਾ (ਮੁੱਖ ਮੰਤਰੀ) ਚੌਧਰੀ ਪਰਵੇਜ਼ ਇਲਾਹੀ ਤੇ ਸੂਬਾਈ ਪੁਲੀਸ ਮੁਖੀ (ਆਈ.ਜੀ) ਫ਼ੈਸਲ ਸ਼ਾਹਕਾਰ ਦਰਮਿਆਨ ਬਦਲੀਆਂ ਨੂੰ ਲੈ ਕੇ ਤਨਾਜ਼ਾ ਚੱਲ ਰਿਹਾ ਹੈ। ਵਜ਼ੀਰੇ ਆਲ੍ਹਾ ਦੇ ਤਰਜਮਾਨ ਫੱਯਾਜ਼ੁਲ ਹਸਨ ਚੌਹਾਨ ਨੇ ਭਾਵੇਂ ਤਕਰਾਰ ਜਾਂ ਟਕਰਾਅ ਦੀਆਂ ਖ਼ਬਰਾਂ ਨੂੰ ਮਨਘੜਤ ਦੱਸਿਆ ਹੈ, ਫਿਰ ਵੀ ਕਈ ਸੀਨੀਅਰ ਪੁਲੀਸ ਅਫ਼ਸਰ ਦੱਬੀ ਜ਼ੁਬਾਨ ਨਾਲ ਇਨ੍ਹਾਂ ਖ਼ਬਰਾਂ ਦੀ ਤਸਦੀਕ ਕਰਦੇ ਆ ਰਹੇ ਹਨ। ‘ਡੇਲੀ ਟਾਈਮਜ਼’ ਅਖ਼ਬਾਰ ਨੇ ਖ਼ਬਰ ਦਿੱਤੀ ਹੈ ਕਿ ਪਰਵੇਜ਼ ਇਲਾਹੀ ਨੇ ਆਪਣੇ ਅਮਲੇ-ਫ਼ੈਲੇ ਦੇ ਇਕ ਐੱਸਐੱਸਪੀ ਰਾਹੀਂ 36 ਪੁਲੀਸ ਅਫ਼ਸਰਾਂ ਦੇ ਨਾਵਾਂ ਵਾਲੀ ਇਕ ਸੂਚੀ ਆਈ.ਜੀ. ਨੂੰ ਭੇਜੀ ਕਿ ਇਸ ਮੁਤਾਬਿਕ ਇਨ੍ਹਾਂ ਅਫ਼ਸਰਾਂ ਦੀਆਂ ਬਦਲੀਆਂ ਕਰ ਦਿੱਤੀਆਂ ਜਾਣ। ਆਈ.ਜੀ. ਸ਼ਾਹਕਾਰ ਨੇ ਇਸ ਸੂਚੀ ’ਤੇ ਕਾਰਵਾਈ ਕਰਨ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਦਾ ਕਹਿਣਾ ਸੀ ਕਿ ‘‘ਉਹ ਜ਼ਿੰਮੇਵਾਰੀ ਵਾਲੀਆਂ ਪੋਸਟਾਂ ’ਤੇ ਨਾਲਾਇਕ ਤੇ ਨਾਕਾਬਲ ਅਫ਼ਸਰ ਤਾਇਨਾਤ ਨਹੀਂ ਕਰਨਗੇ। ਉਂਜ ਵੀ ਪੁਲੀਸ ਵਿਚ ਕਿਸ ਥਾਂ ’ਤੇ ਕਿਸ ਨੂੰ ਤਾਇਨਾਤ ਕਰਨਾ ਹੈ, ਇਹ ਫ਼ੈਸਲਾ ਲੈਣਾ ਪੁਲੀਸ ਮੁਖੀ ਦਾ ਕੰਮ ਹੈ, ਵਜ਼ੀਰੇ ਆਲ੍ਹਾ ਦਾ ਨਹੀਂ।’’
ਆਈ.ਜੀ. ਦੇ ਇਸ ਰੁਖ਼ ਤੋਂ ਚੌਧਰੀ ਪਰਵੇਜ਼ ਇਲਾਹੀ ਦਾ ਖ਼ਫ਼ਾ ਹੋਣਾ ਸੁਭਾਵਿਕ ਹੀ ਸੀ, ਪਰ ਉਨ੍ਹਾਂ ਨੇ ਫਿਲਹਾਲ ਖ਼ਾਮੋਸ਼ ਰਹਿਣਾ ਬਿਹਤਰ ਸਮਝਿਆ ਹੈ। ਉਨ੍ਹਾਂ ਦੇ ਤਰਜਮਾਨ ਫੱਯਾਜ਼ੁਲ ਹਸਨ ਚੌਹਾਨ ਦਾ ਦਾਅਵਾ ਸੀ ਕਿ ਉਹ ‘ਮਨਘੜਤ’ ਖ਼ਬਰਾਂ ਨੂੰ ਤੂਲ ਨਹੀਂ ਸੀ ਦੇਣਾ ਚਾਹੁੰਦੇ, ਪਰ ਜਿਸ ਕਿਸਮ ਦੀ ਇਲਜ਼ਾਮਤਰਾਸ਼ੀ ਇਨ੍ਹਾਂ ਖ਼ਬਰਾਂ ਤੋਂ ਸ਼ੁਰੂ ਹੋਈ, ਉਸ ਦੇ ਮੱਦੇਨਜ਼ਰ ਉਨ੍ਹਾਂ ਨੇ ‘ਸਪੱਸ਼ਟੀਕਰਨ’ ਜਾਰੀ ਕਰਨਾ ਬਿਹਤਰ ਸਮਝਿਆ। ਇਸ ‘ਸਪੱਸ਼ਟੀਕਰਨ’ ਦੇ ਬਾਵਜੂਦ ‘ਡੇਲੀ ਟਾਈਮਜ਼’ ਨੇ ਲਿਖਿਆ ਹੈ ਕਿ ਮਾਮਲਾ ਅਜੇ ਮੁੱਕਿਆ ਨਹੀਂ। ਆਈ.ਜੀ. ਦੇ ਖ਼ਿਲਾਫ਼ ਲਾਮਬੰਦੀ ਸ਼ੁਰੂ ਹੋ ਗਈ ਹੈ। ਲੜਾਈ ਲਾਹੌਰ ਹਾਈ ਕੋਰਟ ਵਿਚ ਵੀ ਲੜੀ ਜਾਵੇਗੀ ਅਤੇ ਪ੍ਰਸ਼ਾਸਨਿਕ ਪੱਧਰ ’ਤੇ ਵੀ।
ਯੂ.ਕੇ. ਤੋਂ ਚੁਰਾਈ ਕਾਰ ਕਰਾਚੀ ਵਿੱਚੋਂ ਬਰਾਮਦ
ਬੈਂਟਲੇ, ਦੁਨੀਆਂ ਦੀਆਂ ਸਭ ਤੋਂ ਮਹਿੰਗੀਆਂ ਕਾਰਾਂ ਵਿਚੋਂ ਇਕ ਹੈ। ਤਿੰਨ ਲੱਖ ਡਾਲਰਾਂ ਦੀ ਕੀਮਤ ਵਾਲੀ ਇਕ ਕਾਰ, ਲੰਡਨ (ਯੂ.ਕੇ.) ਤੋਂ ਚੁਰਾਈ ਗਈ। ਤਿੰਨ ਮਹੀਨੇ ਬਾਅਦ ਇਹ ਕਰਾਚੀ ਦੇ ਇਕ ਬੰਗਲੇ ਦੇ ਗੈਰਾਜ ਵਿਚੋਂ ਬਰਾਮਦ ਹੋਈ, ਸੂਬਾ ਸਿੰਧ ਦੀ ਨੰਬਰ ਪਲੇਟ ਅਤੇ ਪਾਕਿਸਤਾਨੀ ਰਜਿਸਟਰੇਸ਼ਨ ਸਰਟੀਫਿਕੇਟਾਂ ਸਮੇਤ। ਇਹ ਕਾਰ ਕਸਟਮ ਡਿਊਟੀ ਤੇ ਹੋਰ ਟੈਕਸ (ਤਕਰੀਬਨ ਤਿੰਨ ਕਰੋੜ ਰੁਪਏ) ਅਦਾ ਕੀਤੇ ਬਿਨਾਂ ਪਾਕਿਸਤਾਨ ਵਿਚ ਕਿਵੇਂ ਦਾਖ਼ਲ ਹੋਈ, ਇਹ ਰਾਜ਼ ਵੀ ਅਜੇ ਤਕ ਰਾਜ਼ ਹੈ। ਇਸ ਦੀ ਸੂਬਾ ਸਿੰਧ ਵਿਚ ਰਜਿਸਟਰੇਸ਼ਨ ਕਿਵੇਂ ਹੋਈ, ਇਹ ਦੱਸਣ ਵਾਲੀ ਫਾਈਲ ਵੀ ਕਰਾਚੀ ਸਥਿਤ ਆਰ.ਟੀ.ਏ. ਦਫ਼ਤਰ ਵਿਚੋਂ ਗਾਇਬ ਹੈ। ਅਖ਼ਬਾਰ ‘ਡਾਅਨ’ ਦੀ ਰਿਪੋਰਟ ਮੁਤਾਬਿਕ ਜਿਸ ਬੰਗਲੇ ਵਿਚੋਂ ਕਾਰ ਬਰਾਮਦ ਹੋਈ, ਉਸ ਦਾ ਮਾਲਕ ਜ਼ਮੀਲ ਸ਼ਫੀ, ਕਾਰਾਂ ਦਾ ਦਲਾਲ ਨਵੀਦ ਬਲਵਾਨੀ ਅਤੇ ਕਾਰ ਸਮਗਲਰ ਨਵੀਦ ਯਾਮੀਨ ਕਰਾਚੀ ਵਿਚ ਜ਼ੇਰੇ ਹਿਰਾਸਤ ਹਨ। ਉਹ ‘ਸਭ ਕੁਝ ਕਾਨੂੰਨੀ ਹੋਣ’ ਦੀ ਬੋਲੀ ਬੋਲ ਰਹੇ ਹਨ। ਸ਼ੱਕ ਕੀਤਾ ਜਾਂਦਾ ਹੈ ਕਿ ਇਕ ਵੱਡਾ ਸਿਆਸਤਦਾਨ ਉਨ੍ਹਾਂ ਦੀ ਸਰਪ੍ਰਸਤੀ ਕਰ ਰਿਹਾ ਹੈ। ਲਿਹਾਜ਼ਾ, ਪੁਲੀਸ ਨੂੰ ਹਰ ਕਦਮ ਫੂਕ ਫੂਕ ਕੇ ਚੁੱਕਣਾ ਪੈ ਰਿਹਾ ਹੈ।
– ਪੰਜਾਬੀ ਟ੍ਰਿਬਿਊਨ ਫੀਚਰ