ਦਵਿੰਦਰ ਦਮਨ
ਮਹਾਨ ਇਤਿਹਾਸਕਾਰ ਡਾ. ਗੰਡਾ ਸਿੰਘ ਨੂੰ ਮੈਨੂੰ ਆਪਣੀ ਜ਼ਿੰਦਗੀ ਵਿਚ ਅਚਾਨਕ ਹੀ ਦੋ ਵਾਰ ਮਿਲਣ ਦਾ ਮੌਕਾ ਮਿਲਿਆ। ਪਹਿਲਾ ਮੌਕਾ ਓਦੋਂ ਬਣਿਆ ਜਦੋਂ ਮੈਂ ਨੌਵੀਂ ਜਾਂ ਦਸਵੀਂ ਜਮਾਤ ਦਾ ਸਕੂਲੀ ਵਿਦਿਆਰਥੀ ਸਾਂ। ਮੈਂ ਸਕੂਲਾਂ ਵਿਚ ਹੁੰਦੇ ਵਾਦ-ਵਿਵਾਦ ਮੁਕਾਬਲਿਆਂ ਵਿਚ ਹਿੱਸਾ ਲਿਆ ਕਰਦਾ ਸਾਂ ਤੇ ਜਿੱਤ ਕੇ ਵੀ ਆਉਂਦਾ ਸਾਂ। ਇਕ ਵਾਰ ਭਾਸ਼ਾ ਵਿਭਾਗ, ਪੰਜਾਬ ਨੇ ਪਟਿਆਲੇ ਵਿਖੇ ਵਾਦ-ਵਿਵਾਦ ਮੁਕਾਬਲੇ ਕਰਵਾਉਣ ਦਾ ਐਲਾਨ ਕੀਤਾ। ਇਹ ਖੁੱਲ੍ਹਾ ਮੁਕਾਬਲਾ ਸੀ ਜਿਸ ਵਿਚ ਕੋਈ ਵੀ ਹਿੱਸਾ ਲੈ ਸਕਦਾ ਸੀ। ਮੇਰੇ ਹੌਸਲੇ ਅਤੇ ਮੇਰੀਆਂ ਪੇਸ਼ਕਾਰੀ ਨੂੰ ਵੇਖ ਕੇ ਸਾਡੇ ਇੰਚਾਰਜ ਅਧਿਆਪਕ ਨੇ ਮੇਰਾ ਨਾਂ ਵੀ ਮੁਕਾਬਲੇ ਲਈ ਭੇਜ ਦਿੱਤਾ। ਮੁਕਾਬਲਾ ਬਹੁਤ ਹੀ ਸਖ਼ਤ ਸੀ ਜਿਸ ਵਿਚ ਵਕੀਲਾਂ ਤੋਂ ਲੈ ਕੇ ਕਾਲਜ ਦੇ ਵਿਦਿਆਰਥੀ ਅਤੇ ਲੈਕਚਰਰ ਵੀ ਹਿੱਸਾ ਲੈ ਰਹੇ ਸਨ। … ਤੇ ਮੈਂ ਛੋਟੀ ਜਿੰਨੀ ਉਮਰ ਦਾ ਸਕੂਲੀ ਵਿਦਿਆਰਥੀ, ਮੇਰੀ ਉੱਥੇ ਕੀ ਪੇਸ਼ ਜਾਣੀ ਸੀ। ਖ਼ੈਰ! ਮੈਂ ਹਾਰ ਗਿਆ। ਡਾ. ਗੰਡਾ ਸਿੰਘ ਮੁਕਾਬਲੇ ਦੇ ਸਮਾਗਮ ਦੀ ਸਦਾਅਰਤ ਕਰ ਰਹੇ ਸਨ। ਜਦੋਂ ਉਨ੍ਹਾਂ ਦੇ ਹੱਥੋਂ ਇਨਾਮ ਵੰਡ ਦੀ ਰਸਮ ਪੂਰੀ ਹੋਈ ਤਾਂ ਉਨ੍ਹਾਂ ਆਪਣਾ ਪ੍ਰਧਾਨਗੀ ਭਾਸ਼ਨ ਦੇਣਾ ਸ਼ੁਰੂ ਕੀਤਾ। ਜਦੋਂ ਉਹ ਵਕਤਿਆਂ ਅਤੇ ਜੱਜਾਂ ਦੀ ਸ਼ਲਾਘਾ ਕਰ ਰਹੇ ਸਨ ਤਾਂ ਅਚਾਨਕ ਹੀ ਉਹ ਮੇਰਾ ਨਾਂ ਲੈ ਕੇ ਬੋਲੇ: “ਪਰ ਮੈਂ ਇਸ ਮੁਕਾਬਲੇ ਵਿਚ ਹਿੱਸਾ ਲੈਣ ਵਾਲੇ ਸਭ ਤੋਂ ਛੋਟੀ ਉਮਰ ਦੇ ਸਕੂਲੀ ਵਿਦਿਆਰਥੀ ਦਵਿੰਦਰ ਦੀ ਪ੍ਰਸ਼ੰਸਾ ਕਰਨ ਤੋਂ ਬਿਨਾਂ ਨਹੀਂ ਰਹਿ ਸਕਦਾ ਜਿਸ ਨੇ ਇਸ ਸਖ਼ਤ ਮੁਕਾਬਲੇ ਵਿਚ ਵੀ ਆਪਣਾ ਪ੍ਰਭਾਵਸ਼ਾਲੀ ਭਾਸ਼ਣ ਪੂਰੀ ਦਲੇਰੀ ਅਤੇ ਹਿੰਮਤ ਨਾਲ ਨਿਭਾਇਆ। ਮੈਂ ਆਪਣੇ ਵੱਲੋਂ ਇਸ ਸਕੂਲੀ ਵਿਦਿਆਰਥੀ ਨੂੰ ਇਕ ਛੋਟਾ ਜਿਹਾ ਇਨਾਮ ਦੇਣਾ ਚਾਹਵਾਂਗਾ।” ਡਾ. ਸਾਹਿਬ ਨੇ ਪੰਜ ਰੁਪਏ ਦਾ ਨੋਟ ਆਪਣੀ ਜੇਬ ਵਿਚੋਂ ਕੱਢ ਕੇ ਮੈਨੂੰ ਆਪਣੇ ਵੱਲ ਆਉਣ ਦਾ ਇਸ਼ਾਰਾ ਕੀਤਾ। ਪਹਿਲਾਂ ਤਾਂ ਮੈਨੂੰ ਯਕੀਨ ਹੀ ਨਾ ਆਇਆ, ਪਰ ਜਦੋਂ ਦੋਸਤਾਂ ਨੇ ਮੈਨੂੰ ਸਟੇਜ ਵਲ ਧੱਕਣਾ ਸ਼ੁਰੂ ਕੀਤਾ ਤਾਂ ਡਾ. ਗੰਡਾ ਸਿੰਘ ਸਟੇਜ ਤੋਂ ਬੋਲੇ “ਆ ਜਾ ਸੰਗਦਾ ਕਿਉਂ ਏਂ?” ਡਾ. ਸਾਹਿਬ ਦਾ ਦਿੱਤਾ ਇਹ ਨੋਟ ਅਤੇ ਹੌਸਲਾ ਮੇਰੇ ਅਚੇਤ ਮਨ ’ਤੇ ਹਮੇਸ਼ਾਂ ਉਸਾਰੂ ਅਸਰ ਪਾਉਂਦਾ ਰਿਹਾ ਹੈ। ਕਈ ਸਾਲਾਂ ਤਕ ਸੰਭਾਲਿਆ ਨੋਟ ਤਾਂ ਪਤਾ ਨਹੀਂ ਕਦੋਂ ਤੇ ਕਿੱਥੇ ਗ਼ਾਇਬ ਹੋ ਗਿਆ, ਪਰ ਹੌਸਲਾ ਅਜੇ ਤੀਕ ਵੀ ਮੇਰੇ ਨਾਲ ਕਾਇਮ ਹੈ।
ਡਾ. ਗੰਡਾ ਸਿੰਘ ਨਾਲ ਦੂਜੀ ਮੁਲਾਕਾਤ ਲਗਭਗ ਨੌਂ ਸਾਲ ਬਾਅਦ ਹੋਈ। ਨਾਟਕਕਾਰ ਕਪੂਰ ਸਿੰਘ ਘੁੰਮਣ ਓਦੋਂ ਹਾਲ ਵਿਚ ਹੀ ਤਰੱਕੀ ਹੋ ਕੇ ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਵਜੋਂ ਨਿਯੁਕਤ ਹੋਏ ਸਨ। ਮੈਂ ਉਸ ਸਮੇਂ ਚੰਡੀਗੜ੍ਹ ਵਿਚ ਖੁਰਾਕ ਸਪਲਾਈ ਵਿਭਾਗ ਵਿਚ ਬਤੌਰ ਐਡੀਟਰ ਨਿਯੁਕਤ ਸਾਂ, ਘੁੰਮਣ ਹੋਰਾਂ ਨੂੰ ਵਧਾਈ ਦੇਣ ਪਟਿਆਲੇ ਗਿਆ। ਉਨ੍ਹਾਂ ਦੇ ਦਫ਼ਤਰ ਵਿਚ ਬੈਠੇ ਅਸੀਂ ਰੰਗਮੰਚ ਅਤੇ ਆਪਣੇ ਸਮਕਾਲੀ ਨਾਟਕਕਾਰਾਂ ਦੇ ਨਾਟਕਾਂ ’ਤੇ ਚਰਚਾ ਕਰ ਰਹੇ ਸਾਂ। ਅਜੀਤ ਅਖ਼ਬਾਰ ਦੇ ਤਤਕਾਲੀ ਸੰਪਾਦਕ ਸ. ਸਾਧੂ ਸਿੰਘ ਹਮਦਰਦ ਅਚਾਨਕ ਉੱਥੇ ਪੁੱਜ ਗਏ। ਘੁੰਮਣ ਹੋਰਾਂ ਵੱਲੋਂ ਚਾਹ ਦੀ ਪੇਸ਼ਕਸ਼ ਨੂੰ ਨਕਾਰਦਿਆਂ ਉਹ ਬੋਲੇ, ‘‘ਮੇਰੇ ਕੋਲ ਸਮਾਂ ਬਹੁਤ ਘੱਟ ਹੈ, ਚੀਫ਼ ਮਨਿਸਟਰ ਨਾਲ ਮੇਰੀ ਮੁਲਕਾਤ ਨਿਸ਼ਚਿਤ ਹੋ ਚੁੱਕੀ ਹੈ ਪਰ ਉਸ ਤੋਂ ਪਹਿਲਾਂ ਮੇਰਾ ਡਾ. ਗੰਡਾ ਸਿੰਘ ਨੂੰ ਮਿਲਣਾ ਅਤਿ ਜ਼ਰੂਰੀ ਹੈ। ਤੁਸੀਂ ਮੇਰੇ ਨਾਲ ਚੱਲੋ।’’
ਘੁੰਮਣ ਹੋਰੀਂ ਤੁਰੰਤ ਉੱਠ ਕੇ ਉਨ੍ਹਾਂ ਨਾਲ ਟੁਰ ਪਏ। ਮੈਂ ਵੀ ਉਨ੍ਹਾਂ ਦੇ ਪਿੱਛੇ ਪਿੱਛੇ ਟੁਰ ਪਿਆ। ਜਦੋਂ ਉਹ ਕਾਰ ਵਿਚ ਬੈਠਣ ਲੱਗੇ ਤਾਂ ਮੈਂ ਦੋਵਾਂ ਨੂੰ ਸਤਿ ਸ੍ਰੀ ਅਕਾਲ ਬੁਲਾ ਕੇ ਜਾਣ ਲੱਗਾ ਤਾਂ ਹਮਦਰਦ ਹੋਰੀਂ ਬੋਲੇ: ‘‘ਤੂੰ ਕਿੱਥੇ ਚਲਿਆ ਏਂ … ਤੂੰ ਵੀ ਸਾਡੇ ਨਾਲ ਚੱਲ।’’ ਜਕੋ-ਤਕੀ ਵਿਚ ਮੈਂ ਵੀ ਕਾਰ ਵਿਚ ਬੈਠ ਗਿਆ। ਰਸਤੇ ਵਿਚ ਮੈਂ ਉਨ੍ਹਾਂ ਨੂੰ ਵਾਦ-ਵਿਵਾਦ ਮੁਕਾਬਲੇ ਵਾਲੀ ਘਟਨਾ ਸੁਣਾਈ। ਘੁੰਮਣ ਹੋਰਾਂ ਨੇ ਤੁਰੰਤ ਕਿਹਾ, ‘‘ਮੈਨੂੰ ਪਤਾ ਹੈ… ਮੈਂ ਹੀ ਤਾਂ ਉਸ ਵੇਲੇ ਫੰਕਸ਼ਨ ਦਾ ਇੰਚਾਰਜ ਸਾਂ।’’ ਅਸੀਂ ਡਾ. ਗੰਡਾ ਸਿੰਘ ਦੀ ਰਿਹਾਇਸ਼ ’ਤੇ ਪੁੱਜ ਗਏ। ਅੱਗੋਂ ਡਾਕਟਰ ਸਾਹਿਬ ਆਥਣ ਦੀ ਸੈਰ ’ਤੇ ਜਾਣ ਲਈ ਤਿਆਰ ਖੜ੍ਹੇ ਸਨ। ਹਮਦਰਦ ਹੋਰਾਂ ਨੂੰ ਵੀ ਕਾਹਲੀ ਸੀ। ਉਨ੍ਹਾਂ ਨੇ ਡਾਕਟਰ ਸਾਹਿਬ ਨੂੰ ਦੱਸਿਆ ਕਿ ਅਸੀਂ ਮੁੱਖ ਮੰਤਰੀ ਦਾ ਸੁਨੇਹਾ ਲੈ ਕੇ ਆਏ ਹਾਂ। ਉਨ੍ਹਾਂ ਨੂੰ ਪਤਾ ਲੱਗਿਆ ਹੈ ਕਿ ਸ੍ਰੀ ਰਾਮ ਚੰਦਰ ਜੀ ਦੀ ਮਾਤਾ ਕੌਸ਼ਲਿਆ ਦੇ ਪੇਕੇ ਘਨੌਰ ਪਿੰਡ ਵਿਖੇ ਸਨ। ਉਹ ਉੱਥੇ ਉਨ੍ਹਾਂ ਦੀ ਯਾਦਗਾਰ ਬਣਾਉਣਾ ਚਾਹੁੰਦੇ ਹਨ। ਡਾ. ਸਾਹਿਬ ਬੋਲੇ, “ਬਣਾ ਲੈਣ। ਮੈਂ ਇਸ ਵਿਚ ਕੀ ਕਰਨਾ ਹੈ।’’ ਹਮਦਰਦ ਨੇ ਕਿਹਾ, ‘‘ਤੁਸੀਂ ਮੰਨੇ-ਪ੍ਰਮੰਨੇ ਇਤਿਹਾਸਕਾਰ ਹੋ। ਜੇ ਤੁਸੀਂ ਹੁੰਗਾਰਾ ਭਰ ਦਿਓ ਤਾਂ ਲੋਕਾਂ ਨੂੰ ਭਰੋਸਾ ਹੋ ਜਾਵੇਗਾ।’’ ਡਾਕਟਰ ਗੰਡਾ ਸਿੰਘ ਹੱਸ ਪਏ ਤੇ ਫਿਰ ਬੋਲੇ, “ਵੇਖੋ ਮੈਂ ਜੋ ਕੁਝ ਵੀ ਲਿਖਿਆ ਹੈ ਪੂਰੀ ਪੜਤਾਲ ਕਰਨ ਉਪਰੰਤ ਹੀ ਲਿਖਿਆ ਹੈ… ਜੇ ਮੇਰੇ ਤੋਂ ਸ਼ਾਹਦੀ ਭਰਵਾਉਣੀ ਹੈ ਤਾਂ ਮੈਨੂੰ ਵਕਤ ਦਿਓ। “ਕਿੰਨਾ ਕੁ ਵਕਤ?” ਹਮਦਰਦ ਹੋਰੀਂ ਕੁਝ ਆਸਵੰਦ ਹੋਏ। ਅੱਗੋਂ ਡਾ. ਗੰਡਾ ਸਿੰਘ ਬੋਲੇ, “ਇਹ ਤਾਂ ਮੈਨੂੰ ਨਹੀਂ ਪਤਾ।” ਹਮਦਰਦ ਜੀ ਬੋਲੇ, “ਮੁੱਖ ਮੰਤਰੀ ਬਹੁਤ ਜਲਦੀ ਐਲਾਨ ਕਰਨਾ ਚਾਹੰਦੇ ਹਨ… ਪਰ ਤੁਹਾਡਾ ਸਹਿਯੋਗ ਚਾਹੁੰਦੇ ਹਨ।” ਡਾ. ਗੰਡਾ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਆਖੋ ਉਹ ਜੋ ਐਲਾਨ ਕਰਨਾ ਚਾਹੁੰਦੇ ਹਨ ਕਰ ਦੇਣ… ਮੇਰਾ ਸਹਿਯੋਗ ਇਹੋ ਹੈ ਕਿ ਖੰਡਨ ਨਹੀਂ ਕਰਾਂਗਾ… ਮੈਂ ਚੁੱਪ ਰਹਾਂਗਾ। ਇਸ ਗੱਲਬਾਤ ਦੌਰਾਨ ਡਾ. ਗੰਡਾ ਸਿੰਘ ਵਾਰ ਵਾਰ ਮੇਰੇ ਵੱਲ ਵੇਖਦੇ ਰਹੇ ਸਨ। ਜਦੋਂ ਅਸੀਂ ਪਰਤਣ ਲੱਗੇ ਤਾਂ ਡਾਕਟਰ ਸਾਹਿਬ ਨੇ ਪੁੱਛ ਹੀ ਲਿਆ ਕਿ ਇਹ ਨੌਜਵਾਨ ਕੌਣ ਹੈ? ਘੁੰਮਣ ਹੋਰੀਂ ਉਨ੍ਹਾਂ ਨੂੰ ਸਮਾਗਮ ਯਾਦ ਕਰਵਾਉਂਦਿਆਂ ਬੋਲੇ, “ਇਹ ਉਹੋ ਹੈ ਜਿਸ ਨੂੰ ਤੁਸੀਂ ਪੰਜ ਰੁਪਏ ਇਨਾਮ ਦਿੱਤਾ ਸੀ।” ਡਾ. ਸਾਹਿਬ ਨੇ ਕੁਝ ਦੇਰ ਮੈਨੂੰ ਘੋਖਿਆ। ਫਿਰ ਜੱਫ਼ੀ ਵਿਚ ਲੈ ਕੇ ਬੋਲੇ, “ਬਈ ਵਾਹ… ਪਛਾਣ ਵਿਚ ਹੀ ਨਹੀਂ ਆਉਂਦਾ… ਤੂੰ ਤਾਂ ਤਕੜਾ ਜਵਾਨ ਹੋ ਗਿਐਂ।” ਉਨ੍ਹਾਂ ਦੀ ਇਸ ਜੱਫ਼ੀ ਦੇ ਨਿੱਘ ਨੇ ਮੈਨੂੰ ਕਦੀ ਡੋਲਣ ਨਹੀਂ ਦਿੱਤਾ ਤੇ ਹੁਣ ਢਲਦੀ ਉਮਰ ਵੱਲ ਤੁਰਦਿਆਂ ਉਨ੍ਹਾਂ ਦੇ ਸ਼ਬਦਾਂ ਨੇ ਮੈਨੂੰ ਕਦੇ ਵੀ ਬੁਢਾਪੇ ਦਾ ਅਹਿਸਾਸ ਨਹੀਂ ਹੋਣ ਦਿੱਤਾ।