ਸਵਰਾਜਬੀਰ
ਫ਼ਿਕਰਮੰਦੀ
ਭਗਤ ਸਿੰਘ ਨੂੰ ਅਸਲੀ ਅਰਥਾਂ ਵਿਚ ਉਹ ਲੋਕ ਯਾਦ ਕਰ ਰਹੇ ਹਨ ਜਿਹੜੇ ਉਸਦੇ ਦਿਖਾਏ ਰਸਤੇ ’ਤੇ ਚੱਲ ਕੇ ਸੰਘਰਸ਼ ਕਰ ਰਹੇ ਹਨ। ਭਗਤ ਸਿੰਘ ਨੇ ਦਲਿਤਾਂ ਨੂੰ ਕਿਹਾ ਸੀ, ‘‘ਤੁਸੀਂ ਅਸਲੀ ਕਿਰਤੀ ਹੋ!’’ ਸਾਡੇ ਦੇਸ਼ ਵਿਚ ਸੰਘਰਸ਼ ਕਰਨ ਵਾਲੇ ਦਲਿਤਾਂ ਅਤੇ ਦਮਿਤਾਂ ਨੇ ਮਹਾਤਮਾ ਬੁੱਧ, ਭਗਤ ਕਬੀਰ, ਭਗਤ ਰਵਿਦਾਸ, ਭਗਤ ਨਾਮਦੇਵ, ਜਿਉਤਿਰਬਾ ਫੂਲੇ, ਬੀ.ਆਰ. ਅੰਬੇਦਕਰ, ਭਗਤ ਸਿੰਘ, ਕਾਰਲ ਮਾਰਕਸ ਅਤੇ ਹੋਰ ਇਨਕਲਾਬੀਆਂ ਦੀ ਵਿਚਾਰਧਾਰਾ ਨੂੰ ਆਪਣੀ ਸੋਚ ਵਿਚ ਪਰੋ ਕੇ ਰਿਆਸਤ/ਸਟੇਟ ਦੇ ਅੱਤਿਆਚਾਰ ਤੇ ਸਮਾਜਿਕ ਦਮਨ ਨਾਲ ਲੜਨ ਲਈ ਨਵੇਂ ਬੌਧਿਕ ਹਥਿਆਰ ਬਣਾਏ ਹਨ। ਕਬੀਰ ਕਲਾ ਮੰਚ, ਜਿਸ ਦੇ ਕਲਾਕਾਰਾਂ ਨੂੰ ਹੁਣੇ ਹੁਣੇ ਭੀਮਾ ਕੋਰੇਗਾਉਂ (ਐਲਗਰ ਪ੍ਰੀਸ਼ਦ) ਕੇਸ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ ਅਜਿਹੀਆਂ ਟੋਲੀਆਂ/ਗਰੁੱਪਾਂ ਵਿਚੋਂ ਇਕ ਹੈ। ਕਬੀਰ ਕਲਾ ਮੰਚ ਦਾ ਗੀਤ ਹੈ ‘‘ਐ ਭਗਤ ਸਿੰਘ ਤੂੰ ਜ਼ਿੰਦਾ ਹੈ, ਹਰ ਏਕ ਲਹੂ ਕੇ ਕਤਰੇ ਮੇਂ।’’
ਹਿੰਦੀ ਸਾਹਿਤਕਾਰ ਭੀਸ਼ਮ ਸਾਹਨੀ ਦੇ ਨਾਟਕ ‘ਕਬੀਰਾ ਖੜਾ ਬਜ਼ਾਰ ਮੇਂ’ ਵਿਚ ਭਗਤ ਕਬੀਰ ਦਾ ਸਾਹਮਣਾ ਹਿੰਦੋਸਤਾਨ ਦੇ ਉਸ ਵੇਲੇ ਦੇ ਬਾਦਸ਼ਾਹ ਸਿਕੰਦਰ ਲੋਧੀ ਨਾਲ ਹੁੰਦਾ ਹੈ ਤਾਂ ਕਬੀਰ ਪੁੱਛਦੇ ਹਨ ਕਿ ਬਾਦਸ਼ਾਹ ਨੇ ਅਮੀਰ ਖੁਸਰੋ ਦਾ ਨਾਂ ਜ਼ਰੂਰ ਸੁਣਿਆ ਹੋਵੇਗਾ। ਬਾਦਸ਼ਾਹ ‘ਹਾਂ’ ਵਿਚ ਉੱਤਰ ਦਿੰਦਾ ਹੈ ਤਾਂ ਕਬੀਰ ਕਹਿੰਦੇ ਹਨ, ‘‘ਆਪਣੇ ਬਾਦਸ਼ਾਹ ਦੇ ਗਲੇ ਵਿਚ ਮੋਤੀਆਂ ਦਾ ਹਾਰ ਦੇਖ ਕੇ, ਉਨ੍ਹਾਂ (ਅਮੀਰ ਖੁਸਰੋ) ਨੇ ਫਰਮਾਇਆ ਸੀ ਕਿ ਗ਼ਰੀਬਾਂ ਦੇ ਹੰਝੂ ਮੋਤੀ ਬਣ ਕੇ ਬਾਦਸ਼ਾਹ ਦੇ ਗਲੇ ਦੀ ਜ਼ੇਬਾਇਸ਼ (ਸੁੰਦਰਤਾ ਦਾ ਕਾਰਨ) ਬਣੇ ਹਨ।’’ ਸਿਕੰਦਰ ਲੋਧੀ ਦੱਸਦਾ ਹੈ ਕਿ ਉਹ ਬਿਹਾਰ ਜਿੱਤ ਕੇ ਆਇਆ ਹੈ ਤੇ ਪੁੱਛਦਾ ਹੈ, ‘‘ਕੀ ਇਹ ਕੌਮ ਦੀ ਖਿਦਮਤ ਨਹੀਂ? ਦੀਨ (ਧਰਮ) ਦੀ ਖਿਦਮਤ ਨਹੀਂ?’’ ਕਬੀਰ ਕਹਿੰਦੇ ਹਨ, ‘‘ਨਹੀਂ, ਇਹ ਖਿਦਮਤ ਨਹੀਂ। ਇਹ ਦੀਨ ਦੀ, ਖ਼ੁਦਾ ਦੀ ਤੌਹੀਨ ਹੈ।’’ ਕਬੀਰ ਇਹ ਵੀ ਕਹਿੰਦੇ ਹਨ, ‘‘ਜੰਗ ਇਬਾਦਤ ਨਹੀਂ ਹੈ। ਇਨਸਾਨ ਦੀ ਖਿਦਮਤ ਕਰਨਾ, ਉਹਨੂੰ ਸੁਖੀ ਬਣਾਉਣਾ ਇਬਾਦਤ ਹੈ।’’
ਸਿਕੰਦਰ ਲੋਧੀ ਕਹਿੰਦਾ ਹੈ, ‘‘ਤੂੰ ਪਹਿਲਾ ਇਨਸਾਨ ਏਂ ਜੋ ਮੇਰੇ ਸਾਹਮਣੇ ਇਸ ਤਰ੍ਹਾਂ ਬੋਲਣ ਦੀ ਜੁਰਅੱਤ ਕਰ ਰਿਹਾ ਏਂ।’’ ਇਸ ਤਰ੍ਹਾਂ ਦੇ ਸਨ ਕਬੀਰ ਜਿਨ੍ਹਾਂ ਬ੍ਰਾਹਮਣ ਨੂੰ ਇਹ ਕਹਿ ਕੇ ਲਲਕਾਰਿਆ, ‘‘ਜੌ ਤੂੰ ਬ੍ਰਾਹਮਣੁ ਬ੍ਰਹਮਣੀ ਜਾਇਆ।। ਤਉ ਆਨ ਬਾਟ ਕਾਹੇ ਨਹੀ ਆਇਆ।।’’ ਅਤੇ ਲੋਕਾਂ ਨੂੰ ਲਲਕਾਰਿਆ, ‘‘ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ।। ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ।।’’
ਹਾਂ, ਇਹ ਸਨ/ਹਨ ਕਬੀਰ; ਜਦ ਬ੍ਰਾਹਮਣਵਾਦ ਨੇ ਬਹੁਤ ਸਾਰੇ ਸੰਤਾਂ ਅਤੇ ਭਗਤਾਂ ਦੀ ਬਾਣੀ ਨੂੰ ਆਪਣੇ ਕਲੇਵਰ ਵਿਚ ਲੈ ਕੇ ਕਿਸੇ ਨਾ ਕਿਸੇ ਤਰ੍ਹਾਂ ਉਨ੍ਹਾਂ ਨੂੰ ਕਿਸੇ ਦਰਜਾਬੰਦੀ/ਸਥਾਪਤੀ ਵਿਚ ਘੇਰ ਲਿਆ ਹੈ, ਉੱਥੇ ਕਬੀਰ ਦੇ ਬੋਲ ਅੱਜ ਵੀ ਵਿਦਰੋਹ ਦੇ ਬੋਲ ਬਣ ਕੇ ਥਾਂ ਥਾਂ ’ਤੇ ਜਾਤੀਵਾਦੀ ਤਾਕਤਾਂ, ਸਰਮਾਏਦਾਰੀ ਜਮਾਤ ਅਤੇ ਸੱਤਾਸ਼ੀਲ ਤਾਕਤਾਂ ਖ਼ਿਲਾਫ਼ ਲੜਨ ਦੇ ਹਥਿਆਰ ਬਣ ਕੇ ਲੋਕਾਂ ਦੇ ਦਿਲਾਂ ਵਿਚ ਧੜਕ ਰਹੇ ਹਨ; ਉਨ੍ਹਾਂ ਲੋਕਾਂ ਦੇ ਦਿਲਾਂ ਵਿਚ, ਜਿਨ੍ਹਾਂ ਨੇ ਸਦੀਆਂ ਤੋਂ ਹੁੰਦੇ ਅੱਤਿਆਚਾਰ ਅਤੇ ਬੇਇਨਸਾਫ਼ੀ ਵਿਰੁੱਧ ਝੰਡੇ ਬੁਲੰਦ ਕੀਤੇ ਹਨ।
ਅਜਿਹੇ ਲੋਕਾਂ ਵਿਚ ਪੂਨੇ ਦੇ ਕੁਝ ਨੌਜਵਾਨਾਂ ਦੁਆਰਾ ਸਥਾਪਿਤ ਕੀਤਾ ਗਿਆ ਕਬੀਰ ਕਲਾ ਮੰਚ ਵੀ ਹੈ ਜਿਸ ਦੇ ਕਲਾਕਾਰਾਂ ਸਾਗਰ ਗੋਰਖੇ, ਰਮੇਸ਼ ਗਾਇਚੋਰ ਅਤੇ ਜਿਓਤੀ ਜਗਤਾਪ ਨੂੰ ਕੌਮੀ ਜਾਂਚ ਏਜੰਸੀ (ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ-ਐੱਨਆਈਏ) ਨੇ 2018 ਦੇ ਭੀਮਾ-ਕੋਰੇਗਾਉਂ (ਐਲਗਰ ਪ੍ਰੀਸ਼ਦ) ਕੇਸ ਵਿਚ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਹੋਣ ਤੋਂ ਕੁਝ ਦਿਨ ਪਹਿਲਾਂ ਸਾਗਰ ਗੋਰਖੇ ਅਤੇ ਰਮੇਸ਼ ਗਾਇਚੋਰ ਨੇ ਦੋਸ਼ ਲਗਾਇਆ ਸੀ ਕਿ ਐੱਨਆਈਏ ਉਨ੍ਹਾਂ ਉੱਤੇ ਇਸ ਕੇਸ ਵਿਚ ਪਹਿਲਾਂ ਗ੍ਰਿਫ਼ਤਾਰ ਕੀਤੇ ਗਏ ਚਿੰਤਕਾਂ, ਕਲਾਕਾਰਾਂ, ਵਿਦਵਾਨਾਂ, ਵਕੀਲਾਂ, ਜਮਹੂਰੀ ਹੱਕਾਂ ਦੇ ਕਾਰਕੁਨਾਂ (ਤੇਲਗੂ ਕਵੀ ਵਰਵਰਾ ਰਾਓ, ਜਮਹੂਰੀ ਹੱਕਾਂ ਦੀ ਕਾਰਕੁਨ ਸੁਧਾ ਭਾਰਦਵਾਜ, ਆਨੰਦ ਤੈਲਤੁੰਬੜੇ, ਗੌਤਮ ਨਵਲੱਖਾ, ਅਰੁਣ ਫਰੇਰਾ, ਵਰਨਾਨ ਗੋਂਸਾਲਵਜ਼, ਸੁਧੀਰ ਧਵਲੇ, ਮਹੇਸ਼ ਰਾਊਤ, ਸੁਰੇਂਦਰ ਗੈਡਲਿੰਗ, ਰੋਨਾ ਵਿਲਸਨ, ਸੋਮਾ ਸੇਨ ਆਦਿ) ਦੇ ਮਾਓਵਾਦੀਆਂ ਨਾਲ ਸਬੰਧ ਹੋਣ ਬਾਰੇ ਬਿਆਨ ਦੇਣ ਲਈ ਦਬਾਅ ਪਾ ਰਹੀ ਹੈ।
ਇਹ ਕਬੀਰ ਕਲਾ ਮੰਚ ਕੀ ਹੈ? ਇਸ ਮੰਚ ਦੇ ਕਲਾਕਾਰ ਕਈ ਦਹਾਕਿਆਂ ਤੋਂ ਮਹਾਰਾਸ਼ਟਰ ਦੇ ਦਲਿਤਾਂ, ਦਮਿਤਾਂ ਅਤੇ ਹੋਰ ਘੱਟ ਸਾਧਨਾਂ ਵਾਲੇ ਲੋਕਾਂ ਦੀ ਆਵਾਜ਼ ਬਣੇ ਹੋਏ ਹਨ। ਇਸ ਦੇ ਮੈਂਬਰ ਲੋਕ-ਸ਼ਾਇਰ ਹਨ, ਗਾਇਕ ਤੇ ਕਲਾਕਾਰ ਹਨ। ਇਸ ਮੰਚ ਦੇ ਆਗੂਆਂ, ਜਿਨ੍ਹਾਂ ਵਿਚ ਸਚਿਨ ਮਾਲੀ, ਸ਼ੀਤਲ ਸਾਠੇ, ਰਮੇਸ਼ ਗਾਇਚੋਰ, ਸਾਗਰ ਗੋਰਖੇ, ਜਿਓਤੀ ਜਗਤਾਪ, ਰੁਪਾਲੀ ਜਾਧਵ ਅਤੇ ਹੋਰ ਲੋਕ ਸ਼ਾਮਲ ਸਨ, ਨੂੰ ਪਹਿਲਾਂ ਵੀ ਜੇਲ੍ਹਾਂ ਵਿਚ ਡੱਕਿਆ ਗਿਆ ਸੀ; ਉਨ੍ਹਾਂ ’ਤੇ ਗ਼ੈਰ-ਕਾਨੂੰਨੀ ਗਤੀਵਿਧੀਆਂ ਰੋਕੂ ਐਕਟ (Unlawful Activities Prevention Act) ਦੇ ਅਧੀਨ ਕੇਸ ਬਣਾਏ ਗਏ ਸਨ।
ਇਹ ਲੋਕ-ਸ਼ਾਇਰ ਅਤੇ ਕਲਾਕਾਰ ਗੀਤਾਂ ਤੇ ਨਾਟਕਾਂ ਰਾਹੀਂ ਦਮਨ ਤੇ ਅੱਤਿਆਚਾਰ ਦਾ ਵਿਰੋਧ ਕਰਨ ਵਾਲੇ ਹਨ। ਇਹ ਲੋਕ ਆਪਣੇ ਆਪ ਨੂੰ ਇੰਝ ਪਰਿਭਾਸ਼ਿਤ ਕਰਦੇ ਹਨ:
ਅਸੀਂ ਮਿਹਨਤਕਸ਼ ਮਜ਼ਦੂਰ
ਸ੍ਰਿਸ਼ਟੀ ਦੇ ਅਸਲੀ ਕਰਤਾਰ
ਅਸੀਂ ਕਾਰੀਗਰ, ਕਾਸ਼ਤਕਾਰ
ਇਸ ਦੁਨੀਆਂ ਦੇ ਸ਼ਿਲਪਕਾਰ
ਇਹ ਕਾਇਨਾਤ ਸਾਡੇ ਕੰਮ ਕਰਨ ’ਤੇ ਬਣੀ ਏ
ਇਹ ਸੰਸਾਰ ਸਾਡੀ ਮਿਹਨਤ ’ਤੇ ਕਾਇਮ ਹੈ
ਧਰਤੀ ਦੇ ਸਿਰਜਣਹਾਰ ਹਾਂ ਅਸੀਂ
ਜਦ ਜਦ ਮੁਫ਼ਤਖੋਰਾਂ ਨੇ, ਸਾਡੇ ਤੋਂ
ਸਾਡੀ ਹੀ ਰੋਟੀ ਖੋਹ ਲਈ
ਤਾਂ ਅਸੀਂ ਪੂਰੀ ਤਾਕਤ ਨਾਲ ਲੜੇ
ਸਾਡੀਆਂ ਮੁੱਠੀਆਂ ਤਣੀਆਂ
(ਸਾਗਰ ਗੋਰਖੇ)
ਇਨ੍ਹਾਂ ਸ਼ਬਦਾਂ ਦੀ ਤਾਕਤ ਮਰਾਠੀ ਅਤੇ ਇਨ੍ਹਾਂ ਦੇ ਗਾਇਨ ਵਿਚ ਹੀ ਅਨੁਭਵ ਕੀਤੀ ਜਾ ਸਕਦੀ ਹੈ। ਇਨ੍ਹਾਂ ਗੀਤਾਂ ਵਿਚ ਤਥਾਕਥਿਤ ਉਚੇਰੀ ਸਾਹਿਤਕਤਾ ਤਾਂ ਨਹੀਂ ਪਰ ਇਹ ਕਲਾਕਾਰ ਡਫ਼ਲੀਆਂ ਦੀ ਤਾਲ ਅਤੇ ਹਾਰਮੋਨੀਅਮ ਦੇ ਸੁਰਾਂ ’ਤੇ ਸ਼ਬਦਾਂ ਨੂੰ ਦੁਹਰਾਉਂਦੇ ਹੋਏ ਅਜਬ ਤਰੀਕੇ ਦਾ ਸਮਾਂ ਬੰਨ੍ਹਦੇ ਹਨ ਜਿਸ ਵਿਚ ਅੱਤਿਆਚਾਰ ਦਾ ਸ਼ਿਕਾਰ ਹੋਏ ਲੋਕਾਂ ਨੂੰ ਊਰਜਾ ਅਤੇ ਸੰਘਰਸ਼ ਕਰਨ ਦੀ ਤਾਕਤ ਮਿਲਦੀ ਹੈ। ਇਹ ਕਲਾਕਾਰ ਥਾਂ ਥਾਂ ’ਤੇ ਹੋਏ ਸੰਘਰਸ਼ਾਂ ਵਿਚ ਸ਼ਾਮਲ ਹੋਏ। ਦਿੱਲੀ ਅਤੇ ਹੋਰ ਥਾਵਾਂ ’ਤੇ ਹੋਏ ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਹੋਏ ਸੰਘਰਸ਼ਾਂ ਵਿਚ ਵੀ। ਜਾਮੀਆ ਮਿਲੀਆ ਇਸਲਾਮੀਆ ਅਤੇ ਜਵਾਹਰਲਾਲ ਨਹਿਰੂ ਯੂਨੀਵਰਸਿਟੀਆਂ ਵਿਚ ਵਿਦਿਆਰਥਣਾਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ। ਕਈ ਥਾਵਾਂ ’ਤੇ ਵਿਦਿਆਰਥਣਾਂ ਨੇ ਡੰਡੇ ਮਾਰ ਰਹੀ ਪੁਲੀਸ ਨੂੰ ਗੁਲਾਬ ਦੇ ਫੁੱਲ ਦਿੱਤੇ। ਕਲਾਕਾਰ ਸ਼ੀਤਲ ਸਾਠੇ ਇਉਂ ਗਾਉਂਦੀ ਹੈ :
ਅੰਗਰੇਜ਼ੋਂ ਸੇ ਲੜੇ ਥੇ ਹਮ
ਕੌਣ ਯੇਹ ਦੇਸੀ ਸਾਹਬ ਹੈ
ਆਜ਼ਾਦੀ ਹਮਾਰਾ ਖਵਾਬ ਹੈ
ਯੇਹ ਗੁਲਾਬ ਨਹੀਂ, ਇਨਕਲਾਬ ਹੈ
ਕਬੀਰ ਕਲਾ ਮੰਚ 2002 ਦੇ ਨਜ਼ਦੀਕ ਜ਼ਿਆਦਾ ਉੱਭਰਿਆ। ਮਹਾਰਾਸ਼ਟਰ ਵਿਚ ਦਲਿਤ ਵਿਦਰੋਹ ਦੀ ਲੰਮੀ ਪਰੰਪਰਾ ਹੈ। ਜਯੋਤਬਿਾ ਫੂਲੇ, ਸਵਿੱਤਰੀ ਫੂਲੇ ਅਤੇ ਬੀ.ਆਰ. ਅੰਬੇਦਕਰ ਤੋਂ ਹੁੰਦੀ ਹੋਈ ਇਹ ਮਹਾਰਾਸ਼ਟਰ ਦੇ ਦਲਿਤ ਪੈਂਥਰ ਕਵੀਆਂ ਅਤੇ ਕਾਰਕੁਨਾਂ ਥਾਈਂ ਹੁੰਦੀ ਹੋਈ ਕਬੀਰ ਕਲਾ ਮੰਚ, ਧਾਰਵੀ ਦੀ ਸਲੱਮ ਵਿਚ ਪੈਦਾ ਹੋਈ ਵਿਦਰੋਹੀ ਚਲਵਲ (ਲਹਿਰ), ਚੰਦਰਪੁਰ ਦੇ ਦੇਸ਼ਭਕਤੀ ਯੁਵਾ ਮੰਚ (2007 ਵਿਚ ਅਰੁਣ ਫਰੇਰਾ ਨੂੰ ਇਸ ਮੰਚ ਨਾਲ ਜੁੜੇ ਹੋਣ ਕਾਰਨ ਕੈਦ ਕੀਤਾ ਗਿਆ ਸੀ) ਅਤੇ ਰਿਪਬਲਿਕਨ ਪੈਂਥਰ ਜਾਤੀ ਅੰਤਾਚੀ (ਅਖ਼ੀਰਲੀ) ਚਲਵਲ (RP) (ਜਿਸ ਦਾ ਬਾਨੀ ਸੁਧੀਰ ਧਵਲੇ ਮਾਓਵਾਦੀਆਂ ਨਾਲ ਸਬੰਧ ਹੋਣ ਦੇ ਦੋਸ਼ ਲੱਗਣ ਕਾਰਨ ਜੇਲ੍ਹ ਗਿਆ), ਸਮਤਾ ਕਲਾ ਮੰਚ ਅਤੇ ਕਈ ਹੋਰ ਗਰੁੱਪ ਮਹਾਰਾਸ਼ਟਰ ਵਿਚ ਸਰਗਰਮ ਹਨ।
ਕਈ ਟੋਲੀਆਂ ਵਿਚ ਫੁੱਟ ਪੈ ਗਈ, ਮੱਤਭੇਦ ਉੱਭਰੇ, ਕਈ ਮੈਂਬਰ ਸਾਥ ਛੱਡ ਗਏ, ਵੱਖਰੀਆਂ ਟੋਲੀਆਂ ਬਣੀਆਂ। ਇਹ ਸਭ ਲਹਿਰਾਂ ਵਿਚ ਹੁੰਦਾ ਹੈ ਪਰ ਇਨ੍ਹਾਂ ਲਹਿਰਾਂ ਅਤੇ ਟੋਲੀਆਂ ਵਿਚ ਲੋਕ-ਮਨ ਧੜਕਦਾ ਹੈ। ਇਹ ਲੋਕ-ਮਨ ਦੂਸਰੇ ਧਰਮਾਂ, ਜਾਤਾਂ, ਪ੍ਰਾਂਤਾਂ, ਦੇਸ਼ਾਂ ਦੇ ਲੋਕਾਂ ਨਾਲ ਦੋਸਤੀ ਲੋਚਦਾ ਹੈ। ਡਫ਼ਲੀ ਵਜਾਉਂਦੀ ਸ਼ੀਤਲ ਸਾਠੇ ਗਾਉਂਦੀ ਹੈ:
ਐ ਭਗਤ ਸਿੰਘ ਤੂੰ ਜ਼ਿੰਦਾ ਹੈ
ਹਰ ਏਕ ਲਹੂ ਕੇ ਕਤਰੇ ਮੇਂ
ਹਰ ਏਕ ਲਹੂ ਕੇ ਕਤਰੇ ਮੇਂ
ਇਨਕਲਾਬ ਕੇ ਨਾਹਰੇ ਮੇਂ
ਸ਼ਬਦ ਪਿੱਛੇ ਰਹਿ ਜਾਂਦੇ ਹਨ, ਸੰਗੀਤ ਤੇ ਲੈਅ ਲੋਕਾਂ ਦਾ ਦਿਲ ਮੋਹ ਲੈਂਦੇ ਹਨ; ‘‘ਐ ਭਗਤ ਸਿੰਘ ਤੂੰ ਜ਼ਿੰਦਾ ਹੈ’’ ਦੀ ਸਤਰ ਸਮਾਜਿਕ ਅਨਿਆਂ ਵਿਰੁੱਧ ਵਿਦਰੋਹ ਦੀ ਪ੍ਰਤੀਕ ਬਣ ਕੇ ਲੋਕਾਂ ਦੇ ਲਹੂ ਵਿਚ ਘੁਲਦੀ ਹੈ। ਇਹ ਉਹ ਜ਼ਮੀਨ ਹੈ ਜਿੱਥੇ ਜਯੋਤਬਿਾ ਫੂਲੇ, ਅੰਬੇਦਕਰ, ਭਗਤ ਸਿੰਘ, ਕਾਰਲ ਮਾਰਕਸ ਅਤੇ ਹੋਰ ਇਨਕਲਾਬੀ ਇਕੱਠੇ ਹੁੰਦੇ ਹਨ।
ਸਾਗਰ ਗੋਰਖੇ, ਰਮੇਸ਼ ਗਾਇਚੋਰ, ਦੀਪਕ ਡੈਂਗਲੇ, ਸਿਧਾਰਥ ਭੌਂਸਲੇ, ਸਚਿਨ ਮਾਲੀ ਅਤੇ ਹੋਰਨਾਂ ਨੇ ਕਈ ਵਰ੍ਹੇ ਜੇਲ੍ਹ ਵਿਚ ਗੁਜ਼ਾਰੇ ਹਨ। ਸਾਗਰ ਅਤੇ ਰਮੇਸ਼ ਜੇਲ੍ਹ ਬਾਰੇ ਦੱਸਦੇ ਹਨ: ‘‘ਜੇਲ੍ਹ ਦੀ ਲਾਇਬਰੇਰੀ ਵਿਚ ਬਹੁਤੀਆਂ ਕਿਤਾਬਾਂ ਧਾਰਮਿਕ ਵਿਸ਼ਿਆਂ ਨਾਲ ਸਬੰਧਿਤ ਹਨ; ਬੀ.ਆਰ. ਅੰਬੇਦਕਰ ਦੀ ਲਿਖੀ ਇਕ ਵੀ ਕਿਤਾਬ ਨਹੀਂ ਹੈ; ਸੰਵਿਧਾਨ ਦੀ ਇਕ ਵੀ ਕਾਪੀ ਨਹੀਂ ਹੈ (ਇਹ ਉਨ੍ਹਾਂ ਨੇ ਜਾਵੇਦ ਇਕਬਾਲ ਨੂੰ ਦਿੱਤੀ ਇੰਟਰਵਿਊ ਵਿਚ ਦੱਸਿਆ)।’’ ਉਨ੍ਹਾਂ ਨੇ ਜੇਲ੍ਹਾਂ ਵਿਚ ਹੜਤਾਲ ਕੀਤੀ। ‘ਜੈ ਭੀਮ’ ਦਾ ਨਾਅਰਾ ਬੁਲੰਦ ਕੀਤਾ। ਇਸੇ ਇੰਟਰਵਿਊ ਵਿਚ ਸਾਗਰ ਗੋਰਖੇ ਅਤੇ ਰਮੇਸ਼ ਗਾਇਚੋਰ ਤੇ ਹੋਰਨਾਂ ਨੇ ਦੱਸਿਆ, ‘‘ਅਸੀਂ ਆਪਣੇ ਆਪ ਨੂੰ ਬਹੁਜਨ ਕਹਾਉਣਾ ਚਾਹਵਾਂਗੇ, ਅਸੀਂ ਕਈ ਜਾਤਾਂ ਦੇ ਹਾਂ, ਆਦਿਵਾਸੀ, ਦਲਿਤ, ਪੱਛੜੀਆਂ ਜਾਤਾਂ ਵਾਲੇ … ਅਸੀਂ ਇਕ ਦਲਿਤ ਔਰਤ ਨੂੰ ਆਪਣੀ ਟੋਲੀ ਦੀ ਆਗੂ ਬਣਾਇਆ ਹੈ।’’
ਉੱਘੇ ਫ਼ਿਲਮਸਾਜ਼ ਆਨੰਦ ਪਤਵਰਧਨ ਦੀ ਫ਼ਿਲਮ ‘ਜੈ ਭੀਮ ਕਾਮਰੇਡ’ ਦਾ ਇਕ ਹਿੱਸਾ ਕਬੀਰ ਕਲਾ ਮੰਚ ’ਤੇ ਕੇਂਦਰਿਤ ਹੈ। ਆਨੰਦ ਪਤਵਰਧਨ ਨੇ 2012 ਵਿਚ ਕਬੀਰ ਕਲਾ ਮੰਚ ਡਿਫੈਂਸ ਕਮੇਟੀ ਵਿਚ ਸ਼ਾਮਲ ਹੋ ਕੇ ਇਸ ਮੰਚ ਦੇ ਮੈਂਬਰਾਂ ਨੂੰ ਨਿਆਂ ਦਿਵਾਉਣ ਦਾ ਬੀੜਾ ਵੀ ਚੁੱਕਿਆ। ਇਸ ਡਿਫੈਂਸ ਕਮੇਟੀ ਵਿਚ ਬੀ.ਆਰ. ਅੰਬੇਦਕਰ ਦਾ ਪੋਤਰਾ ਪ੍ਰਕਾਸ਼ ਅੰਬੇਦਕਰ ਅਤੇ ਕਮਿਊਨਿਸਟ ਪਾਰਟੀ ਆਫ਼ ਇੰਡੀਆ ਦੇ ਪ੍ਰਕਾਸ਼ ਰੈਡੀ ਅਤੇ ਭਾਲਚਰਨਾ ਕਾਂਗੋ ਵੀ ਸ਼ਾਮਲ ਸਨ। ਆਨੰਦ ਪਤਵਰਧਨ ਦੱਸਦਾ ਹੈ ਕਿ ਜਿਉਂ ਜਿਉਂ ਦਲਿਤਾਂ ਵਿਰੁੱਧ ਹੁੰਦੇ ਅੱਤਿਆਚਾਰ ਵਧੇ, ਕਬੀਰ ਕਲਾ ਮੰਚ ਦੀਆਂ ਸਰਗਰਮੀਆਂ ਵੀ ਵਧੀਆਂ। ਇਸ ਗਰੁੱਪ ਨੇ ਨਰੇਂਦਰ ਦਾਭੋਲਕਰ ਅਤੇ ਗੋਬਿੰਦ ਪਨਸਾਰੇ, ਜਿਨ੍ਹਾਂ ਦਾ ਕੱਟੜਪੰਥੀਆਂ ਨੇ ਕਤਲ ਕਰ ਦਿੱਤਾ ਸੀ, ਬਾਰੇ ਗੀਤ ਲਿਖੇ ਤੇ ਗਾਏ। ਮਹਾਰਾਸ਼ਟਰ ਦੇ ਭਾਂਦਰਾ ਜ਼ਿਲ੍ਹੇ ਦੇ ਖੈਰਲਾਂਜੀ ਪਿੰਡ ਦੀ 2006 ਦੀ ਘਟਨਾ, ਜਿੱਥੇ ਦਲਿਤ ਔਰਤਾਂ (ਮਾਂ ਅਤੇ ਧੀ) ਨੂੰ ਨੰਗੇ ਕਰਕੇ ਜਲੂਸ ਕੱਢਣ ਅਤੇ ਜਬਰ-ਜਨਾਹ ਕਰਨ ਤੋਂ ਬਾਅਦ (ਉਸ ਮਾਂ ਦੇ ਦੋ ਪੁੱਤਰਾਂ ਸਮੇਤ) ਮਾਰ ਦਿੱਤਾ ਗਿਆ ਸੀ, ਤੋਂ ਬਾਅਦ ਕਬੀਰ ਕਲਾ ਮੰਚ ਨੇ ਜਾਤੀਵਾਦੀ ਵਿਤਕਰੇ ਅਤੇ ਹਿੰਸਾ ਵੱਲ ਖ਼ਾਸ ਧਿਆਨ ਦਿੱਤਾ ਅਤੇ ਜਾਤੀਵਾਦੀ-ਵਿਰੋਧੀ ਵਿਸ਼ਿਆਂ ’ਤੇ ਗੀਤ ਲਿਖੇ ਤੇ ਗਾਏ।
ਸਾਗਰ ਗੋਰਖੇ ਅਤੇ ਰਮੇਸ਼ ਗਾਇਚੋਰ 2014 ਤੋਂ 2017 ਤਕ ਜੇਲ੍ਹ ਵਿਚ ਰਹੇ ਸਨ। ਹੁਣ ਉਨ੍ਹਾਂ ਨੂੰ ਫਿਰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਦ ਉਹ ਪਿਛਲੀ ਵਾਰ ਜੇਲ੍ਹ ਵਿਚ ਸਨ ਤਾਂ ਕੈਦੀ ਉਨ੍ਹਾਂ ਨੂੰ ਗਾਣੇ ਸੁਣਾਉਣ ਲਈ ਕਹਿੰਦੇ ਸਨ। ਅੰਦੋਲਨ ਨਾਲ ਸਬੰਧਿਤ ਗੀਤ ਸੁਣ ਕੇ ਕੈਦੀ ਕਹਿੰਦੇ ਕਿ ਭਾਈ ਇਹ ਗੀਤ ਤਾਂ ਬਹੁਤ ਭਾਰੀ (ਭਾਵ ਗੰਭੀਰ) ਨੇ; ਫਿਰ ਵੀ ਉਹ ਗੀਤ ਸੁਣਦੇ। ਇਹ ਲੋਕ ਹੁਣ ਵੀ ਗਾ ਰਹੇ ਹੋਣਗੇ। ਜੇਲ੍ਹ ਵਿਚ ਕਬੀਰ ਬਾਣੀ ਗੂੰਜ ਰਹੀ ਹੋਵੇਗੀ। ਕਬੀਰ ਦਾ ਨਾਂ ਲੈਣ ਵਾਲੇ ਜੇਲ੍ਹ ਵਿਚ ਹਨ। ਕਬੀਰ ਦੀ ਆਤਮਾ ਬੰਦੀਖ਼ਾਨੇ ਵਿਚ ਹੈ ਜਿੱਥੋਂ ਇਹ ਆਵਾਜ਼ ਆ ਰਹੀ ਹੈ:
ਗਗਨ ਦਮਾਮਾ ਬਾਜਿਓ
ਪਰਿਓ ਨੀਸਾਨੈ ਘਾਉ।।
ਖੇਤੁ ਜੁ ਮਾਂਡਿਓ ਸੂਰਮਾ
ਅਬ ਜੂਝਨ ਕੋ ਦਾਉ।।
ਵਿਰਾਸਤ
ਮਹਾਰਾਸ਼ਟਰ ਦੀ ਇਕਨਲਾਬੀ ਵਿਰਾਸਤ ਦੀ ਕਹਾਣੀ ਬਹੁਤ ਲੰਮੀ ਹੈ। ਭਗਤ ਨਾਮਦੇਵ, ਭਗਤ ਤੁਕਾਰਾਮ ਜਿਹੇ ਸੰਤਾਂ ਤੋਂ ਸ਼ੁਰੂ ਹੁੰਦੀ, ਛਤਰਪਤੀ ਸ਼ਿਵਾ ਜੀ, 1857 ਦੇ ਗ਼ਦਰ, ਆਜ਼ਾਦੀ ਸੰਘਰਸ਼, ਕਮਿਊਨਿਸਟ ਲਹਿਰਾਂ ਥਾਣੀਂ ਹੁੰਦੀ ਹੋਈ ਦਲਿਤ ਪੈਂਥਰਾਂ ’ਤੇ ਅੱਜ ਦੇ ਸੰਘਰਸ਼ਸ਼ੀਲ ਲੋਕਾਂ ਤਕ ਪਹੁੰਚਦੀ ਹੈ। ਪੰਜਾਬ ਨਾਲ ਮਹਾਰਾਸ਼ਟਰ ਦਾ ਨਾਤਾ ਭਗਤ ਨਾਮਦੇਵ ਤੇ ਗ਼ਦਰ ਪਾਰਟੀ ਵਿਚ ਕੰਮ ਕਰਨ ਵਾਲੇ ਵਿਸ਼ਨੂੰ ਗਣੇਸ਼ ਪਿੰਗਲੇ ਕਾਰਨ ਡੂੰਘਾ ਹੈ। ਓਥੇ ਲੋਕ-ਸ਼ਾਇਰੀ ਦੀ ਵਿਰਾਸਤ ਵੀ ਜਿਸ ਵਿਚ ਅਮਰ ਸ਼ੇਖ, ਅੰਨਾ ਭਾਊ ਸਾਠੇ (Anna Bhou Sathe) ਜਿਹੇ ਲੋਕ ਸ਼ਾਇਰ ਹੋਏ। ਸਾਂਭਾ ਜੀ ਭਗਤ ਦਾ ਮਸ਼ਹੂਰ ਨਾਟਕ ਹੈ ‘ਸ਼ਿਵਾ ਜੀ ਅੰਡਰਗਰਾਊਂਡ ਇਨ ਭੀਮਨਗਰ ਮਹੱਲਾ’ ਜਿਸ ਵਿਚ ਦੱਸਿਆ ਗਿਆ ਹੈ ਕਿ ਸ਼ਿਵਾ ਜੀ ਕਿਵੇਂ ਸ਼ੂਦਰਾਂ ਦਾ ਰਾਜਾ/ਨਾਇਕ ਸੀ। ਸਾਂਭਾ ਜੀ ਭਗਤ ਨੇ ਕਬੀਰ ਕਲਾ ਮੰਚ ਦੀ ਸੋਚ ਨੂੰ ਸੰਵਾਰਨ ਦਾ ਕੰਮ ਵੀ ਕੀਤਾ।
ਸਾਡੀ ਸੋਚ ਨੂੰ ਕਤਲ ਨਹੀਂ ਕਰ ਸਕਦੇ…
ਸ਼ੀਤਲ ਸਾਠੇ ਜਦੋਂ ਗਾਉਂਦੀ ਏ ਤਾਂ ਇਉਂ ਲੱਗਦਾ ਏ ਜਿਵੇਂ ਉਸ ਦਾ ਸਾਰਾ ਸਰੀਰ ਗਾ ਰਿਹਾ ਹੋਵੇ; ਉਹ ਰੂਹ ਦੀਆਂ ਗਹਿਰਾਈਆਂ ’ਚੋਂ ਗਾਉਂਦੀ ਏ – ਰੋਹ ਤੇ ਵਿਦਰੋਹ ਦੇ ਗੀਤ। ਜਾਤੀਵਾਦ ਅਤੇ ਪਿੱਤਰੀ ਸੋਚ ਦੇ ਵਿਰੁੱਧ ਇਨਕਲਾਬੀ ਸੋਚ ਵਿਚ ਪ੍ਰੋਏ ਹੋਏ ਇਨ੍ਹਾਂ ਗੀਤਾਂ ਦੇ ਸ਼ਬਦ, ਲੈਅ ਅਤੇ ਧੁਨ ਤੁਹਾਡੇ ਲੂੰ-ਕੰਡੇ ਖੜ੍ਹੇ ਕਰ ਦਿੰਦੇ ਹਨ। ਉਸ ਨੂੰ 2 ਅਪਰੈਲ 2013 ਵਿਚ ਹਿਰਾਸਤ ਵਿਚ ਲਿਆ ਗਿਆ ਸੀ। ਉਸ ਵੇਲੇ ਉਹ ਗਰਭਵਤੀ ਸੀ। ਸ਼ੀਤਲ ਸਾਠੇ ਅਤੇ ਉਹਦਾ ਪਤੀ ਸਚਿਨ ਮਾਲੀ ਕਬੀਰ ਕਲਾ ਮੰਚ ਦਾ ਚਿਹਰਾ ਬਣ ਗਏ ਸਨ। ਬਾਅਦ ਵਿਚ ਉਨ੍ਹਾਂ ਆਪਣਾ ਵੱਖਰਾ ਮੰਚ ਬਣਾ ਲਿਆ। ਇਕ ਗੀਤ ਚਾਰਵਕ, ਸੰਤ ਤੁਕਾਰਾਮ, ਗੈਲੀਲਿਓ, ਕੋਪਰਨੀਕਸ, ਮਹਾਤਮਾ ਗਾਂਧੀ, ਸਫ਼ਦਰ ਹਾਸ਼ਮੀ ਨੂੰ ਯਾਦ ਕਰਦਾ ਹੋਇਆ ਕੁਝ ਵਰ੍ਹੇ ਪਹਿਲਾਂ ਕਤਲ ਕਰ ਦਿੱਤੇ ਗਏ ਤਰਕਸ਼ੀਲ ਚਿੰਤਕ ਨਰੇਂਦਰ ਦਾਭੋਲਕਰ ਅਤੇ ਕਮਿਊਨਿਸਟ ਆਗੂ ਗੋਵਿੰਦ ਪਨਸਾਰੇ ਤਕ ਪਹੁੰਚਦਿਆਂ ਸਾਨੂੰ ਦੱਸਦਾ ਹੈ, ‘‘ਉਹ ਸਾਡੇ ਸਰੀਰਾਂ ਨੂੰ ਭਾਵੇਂ ਮਾਰ ਵੀ ਦੇਣ/ ਪਰ ਸਾਡੀ ਸੋਚ ਨੂੰ ਕਤਲ ਨਹੀਂ ਕਰ ਸਕਦੇ।’’
ਦਲਿਤ ਗਾਇਕਾਂ ਤੋਂ ਡਰਦੀ ਰਿਆਸਤ/ਸਟੇਟ
‘‘ਕਬੀਰ ਕਲਾ ਮੰਚ ਦੇ ਕਾਰਕੁਨ ਗ਼ਰੀਬ ਪਰਿਵਾਰ ਨਾਲ ਸਬੰਧਿਤ ਦਲਿਤ ਹਨ ਜਿਨ੍ਹਾਂ ਕੋਲ ਕੋਈ ਹਥਿਆਰ ਨਹੀਂ। ਉਨ੍ਹਾਂ ਦਾ ਅਪਰਾਧ ਇਹ ਹੈ ਕਿ ਉਹ ਗੀਤ ਗਾਉਂਦੇ ਹਨ। ਜੇ ਕੋਈ ਵੱਡਾ ਸੰਗੀਤਕਾਰ/ ਗਾਇਕ ਇਹੋ ਜਿਹੇ ਗੀਤ ਗਾਉਂਦਾ ਹੈ ਤਾਂ ਰਿਅਸਤ/ ਸਟੇਟ ਨੇ ਕਦੇ ਵੀ ਉਸ ਨੂੰ ਨਕਸਲਾਈਟ ਕਹਿ ਕੇ ਅੰਡਰਗਾਊਂਡ ਹੋਣ ਲਈ ਮਜਬੂਰ ਨਹੀਂ ਸੀ ਕਰਨਾ।’’
– ਆਨੰਦ ਪਤਵਰਧਨ
ਇਕ ਮੁੱਠੀ ਬਾਧੋਂ ਰੇ ਬਾਧੋਂ
ਏਕ ਮੁੱਠੀ ਬਾਧੋਂ ਰੇ ਦੋਸਤੋ
ਬਸ ਇਕ ਮੁੱਕਾ ਚਾਹੀਏ
ਔਰ ਏਕ ਧੱਕਾ ਚਾਹੀਏ
ਇਨਕਲਾਬ ਚਾਹੀਏ ਦੋਸਤੋ
– ਦੀਪਕ ਡੈਂਗਲੇ
ਜੈ ਭੀਮ ਲਾਲ ਸਲਾਮ ਦਾ ਨਾਅਰਾ
‘‘ਬੀ.ਆਰ. ਅੰਬੇਦਕਰ ਦੇ ਮਿੱਤਰ ਦਾਦਾ ਸਾਹਿਬ ਗਾਇਕਵਾੜ (ਰਿਪਬਲਿਕਨ ਪਾਰਟੀ ਦੇ ਬਾਨੀਆਂ ਵਿਚੋਂ ਇਕ) ਨੇ ਭੂਮੀ ਸੱਤਿਆਗ੍ਰਹਿ ਕੀਤਾ। ਕਮਿਊਨਿਸਟ ਪਾਰਟੀ ਆਫ਼ ਇੰਡੀਆ ਦੇ ਨਾਨਾ ਪਾਟਿਲ (ਜਿਸ ਨੇ ਆਜ਼ਾਦੀ ਮਿਲਣ ਤੋਂ ਪਹਿਲ ਹੀ ਸਤਾਰਾ, ਮਹਾਰਾਸ਼ਟਰ ਵਿਚ ਆਜ਼ਾਦੀ ਦਾ ਐਲਾਨ ਕਰ ਕੇ, ਆਜ਼ਾਦੀ ਦਾ ਝੰਡਾ ਫਹਿਰਾਇਆ ਸੀ) ਨੇ ਉਸ ਦਾ ਸਾਥ ਦਿੱਤਾ। ਇਕ ਦਾ ਝੰਡਾ ਨੀਲਾ ਸੀ ਤੇ ਇਕ ਦਾ ਲਾਲ। ਇਹ ਪਹਿਲੀ ਵਾਰ ਸੀ ਕਿ ਇਹ ਨਾਹਰੇ ਇਕੱਠੇ ਹੋਏ… ਮਾਰਕਸਵਾਦ-ਅੰਬੇਦਕਰ, ਅੰਬੇਦਕਰਵਾਦ-ਮਾਰਕਸਵਾਦ ਦੀ ਇਹ ਬਹਿਸ ਅਜੇ ਤਕ ਕਿਸੇ ਤਣ-ਪੱਤਣ ਨਹੀਂ ਲੱਗੀ।’’
– ਸਚਿਨ ਮਾਲੀ (ਜਾਵੇਦ ਇਕਬਾਲ ਨੂੰ ਦਿੱਤੀ ਇੰਟਰਵਿਊ ਵਿਚੋਂ)