ਕੌਮੀ ਇਹਤਿਸਾਬ ਬਿਓਰੋ ਦੇ ਮੁਖੀ ਦੀ ਨਿਯੁਕਤੀ ਨੂੰ ਲੈ ਕੇ ਪਾਕਿਸਤਾਨ ਸਰਕਾਰ ਤੇ ਮੁੱਖ ਵਿਰੋਧੀ ਪਾਰਟੀ- ਪਾਕਿਸਤਾਨ ਮੁਸਲਿਮ ਲੀਗ (ਨਵਾਜ਼) ਦਰਮਿਆਨ ਨਵਾਂ ਰੇੜਕਾ ਪੈਦਾ ਹੋ ਗਿਆ ਹੈ। ਹੁਕਮਰਾਨ ਪਾਕਿਸਤਾਨ ਤਹਿਰੀਕ-ਇ-ਇਨਸਾਫ਼ (ਪੀ.ਟੀ.ਆਈ.) ਦੇ ਮੁਖੀ ਤੇ ਵਜ਼ੀਰੇ-ਆਜ਼ਮ ਇਮਰਾਨ ਖ਼ਾਨ ਨੇ ਸਪਸ਼ਟ ਤੌਰ ’ਤੇ ਕਿਹਾ ਹੈ ਕਿ ਉਹ ਇਹਤਿਸਾਬ ਬਿਓਰੋ (ਐਨ.ਏ.ਬੀ.) ਦੇ ਚੇਅਰਮੈਨ ਦੇ ਅਹੁਦੇ ਸਬੰਧੀ ਵਿਰੋਧੀ ਧਿਰ ਦੇ ਨੇਤਾ ਸ਼ਾਹਬਾਜ਼ ਸ਼ਰੀਫ਼ ਨਾਲ ਕੋਈ ਸਲਾਹ ਮਸ਼ਵਰਾ ਨਹੀਂ ਕਰਨਗੇ ਕਿਉਂਕਿ ਸ਼ਾਹਬਾਜ਼, ਐਨ.ਏ.ਬੀ. ਵੱਲੋਂ ਦਾਇਰ ਭ੍ਰਿਸ਼ਟਾਚਾਰ ਦੇ ਪੰਜ ਕੇਸਾਂ ਵਿਚ ਫਸੇ ਹੋਏ ਹਨ। ਦੂਜੇ ਪਾਸੇ, ਵਿਰੋਧੀ ਧਿਰ ਨੇ ਇਮਰਾਨ ਦੇ ਵਤੀਰੇ ਨੂੰ ‘ਗ਼ੈਰ-ਸੰਵਿਧਾਨਕ’ ਤੇ ਗ਼ੈਰ-ਕਾਨੂੰਨੀ ਦੱਸਿਆ ਹੈ ਅਤੇ ਵਿਰੋਧ ਦਾ ਜਵਾਬ ਵਿਰੋਧ ਨਾਲ ਕਰਨ ਦੀ ਧਮਕੀ ਦਿੱਤੀ ਹੈ।
ਅੰਗਰੇਜ਼ੀ ਅਖ਼ਬਾਰ ‘ਐਕਸਪ੍ਰੈਸ ਟ੍ਰਿਬਿਊਨ’ ਦੀ ਰਿਪੋਰਟ ਅਨੁਸਾਰ ਸੂਚਨਾ ਮੰਤਰੀ ਫ਼ਵਾਦ ਚੌਧਰੀ ਨੇ ਸ਼ਨਿਚਰਵਾਰ ਨੂੰ ਮੀਡੀਆ ਨਾਲ ਗੱਲਬਾਤ ਦੌਰਾਨ ਵਜ਼ੀਰੇ ਆਜ਼ਮ ਦੇ ਸਟੈਂਡ ਦਾ ਖ਼ੁਲਾਸਾ ਕੀਤਾ। ਉਨ੍ਹਾਂ ਕਿਹਾ ਕਿ ਕੌਮੀ ਇਹਤਿਸਾਬ ਬਿਓਰੋ (ਐਨ.ਏ.ਬੀ.) ਦੇ ਮੌਜੂਦਾ ਮੁਖੀ ਜਾਵੇਦ ਇਕਬਾਲ ਦਾ ਚਾਰ ਵਰ੍ਹਿਆਂ ਦਾ ਕਾਰਜਕਾਲ ਅਗਲੇ ਮਹੀਨੇ ਦੇ ਸ਼ੁਰੂ ਵਿਚ ਖ਼ਤਮ ਹੋ ਰਿਹਾ ਹੈ। ਇਮਰਾਨ ਖ਼ਾਨ ਨਵੇਂ ਮੁਖੀ ਦੀ ਨਿਯੁਕਤੀ ਦੇ ਸਬੰਧ ਵਿਚ ਸ਼ਾਹਬਾਜ਼ ਸ਼ਰੀਫ਼ ਨਾਲ ਕਿਸੇ ਵੀ ਤਰ੍ਹਾਂ ਦਾ ਮਸ਼ਵਰਾ ਕਰਨ ਲਈ ਤਿਆਰ ਨਹੀਂ ਕਿਉਂਕਿ ਸ਼ਾਹਬਾਜ਼ ਭ੍ਰਿਸ਼ਟਾਚਾਰ ਦੇ ਕੇਸਾਂ ਵਿਚ ਮੁਲਜ਼ਮ ਹਨ ਅਤੇ ਇਹ ਸਾਰੇ ਕੇਸ ਇਹਤਿਸਾਬ ਬਿਓਰੋ ਵੱਲੋਂ ਹੀ ਦਾਇਰ ਕੀਤੇ ਗਏ ਹਨ। ਅਜਿਹੇ ਹਾਲਾਤ ਵਿਚ ਸ਼ਾਹਬਾਜ਼ ਨਾਲ ਸਲਾਹ-ਮਸ਼ਵਰਾ ‘‘ਚੋਰ ਪਾਸੋਂ ਕੋਤਵਾਲ ਦੀ ਨਿਯੁਕਤੀ ਦੀ ਇਜਾਜ਼ਤ ਲੈਣ’’ ਵਰਗਾ ਕਦਮ ਹੋਣ ਦਾ ਪ੍ਰਭਾਵ ਦਿੰਦਾ ਹੈ। ਇਮਰਾਨ ਅਜਿਹਾ ਕਦਮ ਕਦੇ ਵੀ ਨਹੀਂ ਚੁੱਕਣਗੇ। ਚੌਧਰੀ ਨੇ ਇਹ ਵੀ ਕਿਹਾ ਕਿ ਇਮਰਾਨ ਖ਼ਾਨ ਕਾਨੂੰਨੀ ਤੇ ਸੰਵਿਧਾਨਕ ਧਾਰਾਵਾਂ ਨੂੰ ਭਲੀ-ਭਾਂਤ ਸਮਝਦੇ ਹਨ। ਉਨ੍ਹਾਂ ਨੇ ਚੋਣ ਕਮਿਸ਼ਨ ਦੇ ਮੈਂਬਰਾਂ ਦੀ ਨਿਯੁਕਤੀ ਸਬੰਧੀ ਸ਼ਾਹਬਾਜ਼ ਸ਼ਰੀਫ਼ ਤੋਂ ਸੁਝਾਅ ਜ਼ੁਬਾਨੀ ਤੌਰ ’ਤੇ ਵੀ ਮੰਗੇ ਅਤੇ ਲਿਖਤੀ ਤੌਰ ’ਤੇ ਵੀ। ਸ਼ਾਹਬਾਜ਼ ਨੇ ਵਜ਼ੀਰੇ ਆਜ਼ਮ ਦੇ ਖ਼ਤ ਦੇ ਜਵਾਬ ਵਿਚ ਸ਼ੁੱਕਰਵਾਰ ਨੂੰ ਭੇਜੇ ਖ਼ਤ ਵਿਚ ਅੱਧੀ ਦਰਜਨ ਦੇ ਕਰੀਬ ਨਾਮ ਸੁਝਾਏ ਹਨ। ਅਜਿਹੀਆਂ ਨਫ਼ਾਸਤਾਂ ਤੋਂ ਉਲਟ ਇਹਤਿਸਾਬ ਬਿਓਰੋ ਵਾਲਾ ਮਾਮਲਾ ਬਿਲਕੁਲ ਵੱਖਰਾ ਹੈ। ਉਥੇ ਸ਼ਾਹਬਾਜ਼ ਦੇ ਹਿਤਾਂ ਦੇ ਟਕਰਾਅ ਦਾ ਮਾਮਲਾ ਬਣਦਾ ਹੈ। ਇਸੇ ਲਈ ਇਮਰਾਨ ਇਸ ਮਾਮਲੇ ਵਿਚ ਸ਼ਾਹਬਾਜ਼ ਨਾਲ ਖ਼ਤੋ-ਕਿਤਾਬਤ ਵਾਸਤੇ ਤਿਆਰ ਨਹੀਂ।
ਸੰਵਿਧਾਨਕ ਮਾਹਿਰ ਇਮਰਾਨ ਖ਼ਾਨ ਦੇ ਰੁਖ਼ ਨਾਲ ਸਹਿਮਤ ਨਹੀਂ। ਸੰਵਿਧਾਨ ਮਾਹਿਰ ਅਤੇ ਪਾਕਿਸਤਾਨ ਇੰਸਟੀਚਿਊਟ ਆਫ਼ ਲੈਜਿਸਲੇਟਰ ਡਿਵੈਲਪਮੈਂਟ ਐਂਡ ਟਰਾਂਸਪਰੈਂਸੀ ਦੇ ਪ੍ਰਧਾਨ ਅਹਿਮਦ ਬਿਲਾਲ ਮਹਬਿੂਬ ਦਾ ਕਹਿਣਾ ਹੈ ਕਿ ਇਮਰਾਨ ਨੂੰ ਸ਼ਾਹਬਾਜ਼ ਦੀ ਸਹਿਮਤੀ ਲੈਣੀ ਹੀ ਪਵੇਗੀ। ਇਹ ਕਾਨੂੰਨੀ ਬੰਦਸ਼ ਹੈ। ਐਨ.ਏ.ਬੀ. ਦੇ ਮੁਖੀ ਦੀ ਨਿਯੁਕਤੀ ਵਿਰੋਧੀ ਧਿਰ ਦੇ ਨੇਤਾ ਦੀ ਸਹਿਮਤੀ ਬਿਨਾਂ ਹੋ ਹੀ ਨਹੀਂ ਸਕਦੀ। ਉਂਜ ਵੀ ਕਿਸੇ ਵੀ ਅਦਾਲਤ ਨੇ ਸ਼ਾਹਬਾਜ਼ ਨੂੰ ਅਜੇ ਤਕ ਭ੍ਰਿਸ਼ਟਾਚਾਰ ਦਾ ਦੋਸ਼ੀ ਕਰਾਰ ਨਹੀਂ ਦਿੱਤਾ। ਜਿੰਨਾ ਚਿਰ ਤਕ ਅਜਿਹਾ ਨਹੀਂ ਹੁੰਦਾ, ਉਦੋਂ ਤਕ ਮੁਲਜ਼ਮ, ਕਾਨੂੰਨੀ ਧਾਰਾਵਾਂ ਮੁਤਾਬਿਕ ਨਿਰਦੋਸ਼ ਹੈ। ਲਿਹਾਜ਼ਾ, ਇਮਰਾਨ ਖ਼ਾਨ ਦਾ ਇਤਰਾਜ਼ ਜਾਂ ਵਤੀਰਾ ਬੇਮਾਅਨਾ ਹੈ। ਉਸ ਕੋਲ ਇਕੋ ਹੀ ਰਸਤਾ ਹੈ ਕਿ ਉਹ ਐਨ.ਏ.ਬੀ. ਦੇ ਮੁਖੀ ਦੀ ਨਿਯੁਕਤੀ ਦੀਆਂ ਸ਼ਰਤਾਂ ਤਬਦੀਲ ਕਰਨ ਵਾਲਾ ਆਰਡੀਨੈਂਸ ਜਾਰੀ ਕਰਵਾਏ। ਪਰ ਇਹ ਕਦਮ ਵੀ ਪੁੱਠਾ ਪੈ ਸਕਦਾ ਹੈ ਕਿਉਂਕਿ ਇਸ ਨੂੰ ਸੁਪਰੀਮ ਕੋਰਟ ਵਿਚ ਚੁਣੌਤੀ ਜ਼ਰੂਰ ਦਿੱਤੀ ਜਾਵੇਗੀ। ਨਿਯੁਕਤੀ ਸਬੰਧੀ ਸਾਰੀਆਂ ਸ਼ਰਤਾਂ ਤੇ ਧਾਰਾਵਾਂ ਸੁਪਰੀਮ ਕੋਰਟ ਨੇ ਹੀ ਨਿਰਧਾਰਤ ਕੀਤੀਆਂ ਸਨ। ਇਸੇ ਲਈ ਸਰਕਾਰ ਨੂੰ ਕੋਈ ਰਾਹਤ ਮਿਲਣੀ ਮੁਮਕਿਨ ਨਹੀਂ ਜਾਪਦੀ। ਅਜਿਹੀ ਸੂਰਤ ਵਿਚ ਬਿਹਤਰ ਬਦਲ ਇਹੋ ਹੈ ਕਿ ਇਮਰਾਨ ਖ਼ਾਨ ਬੇਲੋੜੀ ਮਾਅਰਕੇਬਾਜ਼ੀ ਵਿਚ ਨਾ ਪਵੇ ਅਤੇ ਸੰਵਿਧਾਨਕ ਬੰਦਸ਼ਾਂ ਦੀ ਪਾਲਣਾ ਕਰੇ।
ਕਾਲੀਆਂ ਟੋਪੀਆਂ, ਨਵੇਂ ਸੰਸੇ
ਬਲੈਕ ਕੈਪਸ (ਕਾਲੀਆਂ ਟੋਪੀਆਂ) ਵੱਲੋਂ ਜਾਣੀ ਜਾਂਦੀ ਨਿਊਜ਼ੀਲੈਂਡ ਦੀ ਕ੍ਰਿਕਟ ਟੀਮ ਵੱਲੋਂ ਪਾਕਿਸਤਾਨ ਪਹੁੰਚ ਕੇ ਹਫ਼ਤੇ ਭਰ ਦੇ ਅਭਿਆਸ ਤੋਂ ਬਾਅਦ ਅਚਾਨਕ ਆਪਣਾ ਦੌਰਾ ਰੱਦ ਕਰਨਾ, ਮੇਜ਼ਬਾਨ ਮੁਲਕ ਵਾਸਤੇ ਰੋਹ ਦੇ ਨਾਲ-ਨਾਲ ਚਿੰਤਾਵਾਂ ਦਾ ਵਿਸ਼ਾ ਵੀ ਬਣ ਗਿਆ ਹੈ। ਅੰਗਰੇਜ਼ੀ ਰੋਜ਼ਾਨਾ ‘ਡਾਅਨ’ ਵਿਚ ਛਪੇ ਫ਼ਾਹਦ ਹਸਨ ਦੇ ਲੇਖ ਮੁਤਾਬਿਕ ਨਿਊਜ਼ੀਲੈਂਡ ਦੀ ਟੀਮ ਨੇ ਜੋ ਅਹਿਮਕਾਨਾ ਹਰਕਤ ਕੀਤੀ, ਉਹ ਬਖ਼ਸ਼ਣਯੋਗ ਨਹੀਂ। ਇਸ ਦੇ ਨਾਲ ਹੀ ਇਹ ਹਰਕਤ ਪਾਕਿਸਤਾਨ ਦੇ ਅਕਸ ’ਤੇ ਵੀ ਬਹੁਤ ਵੱਡਾ ਚਿੱਬ ਪਾ ਗਈ ਹੈ। ਤਕੜੀਆਂ ਵਿਦੇਸ਼ੀ ਟੀਮਾਂ ਨੇ ਨਿਊਜ਼ੀਲੈਂਡ ਦੇ ਫੈ਼ਸਲੇ ਦੀ ਰੌਸ਼ਨੀ ਵਿਚ ਪਾਕਿਸਤਾਨ ਦਾ ਦੌਰਾ ਕਰਨ ਤੋਂ ਇਨਕਾਰੀ ਹੋ ਜਾਣਾ ਹੈ। ਇਹ ਪ੍ਰਭਾਵ ਆਮ ਹੈ ਕਿ ਨਿਊਜ਼ੀਲੈਂਡ ਦੇ ਕ੍ਰਿਕਟ ਬੋਰਡ ਅਤੇ ਸਰਕਾਰੀ ਅਧਿਕਾਰੀਆਂ ਨੇ ਪਾਕਿਸਤਾਨੀ ਹਿਤਾਂ ਦਾ ਜ਼ਰਾ ਵੀ ਖ਼ਿਆਲ ਨਹੀਂ ਕੀਤਾ ਅਤੇ ਨਾ ਹੀ ਮੁਆਫ਼ੀ ਮੰਗਣ ਵਰਗਾ ਸ਼ਿਸ਼ਟਾਚਾਰ ਦਿਖਾਇਆ। ਕਿਵੀ ਟੀਮ ਨੂੰ ਖ਼ਤਰਾ ਕਿਸ ਕਿਸਮ ਦਾ ਸੀ, ਇਸ ਬਾਰੇ ਕੋਈ ਰੌਸ਼ਨੀ ਨਹੀਂ ਪਾਈ ਗਈ। ਵਜ਼ੀਰੇ-ਆਜ਼ਮ ਇਮਰਾਨ ਖ਼ਾਨ ਵੱਲੋਂ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਦਾ ਆਰਡਰਨ ਨੂੰ ਕੀਤੀ ਗਈ ਫੋਨ ਕਾਲ ਵੀ ‘ਸੁਰੱਖਿਆ ਖ਼ਤਰਾ’ ਕਿੱਥੋਂ ਤੇ ਕਿਵੇਂ ਸੀ, ਬਾਰੇ ਚਾਨਣਾ ਨਹੀਂ ਪਾ ਸਕੀ। ਇਹ ਸਭ ਕੁਝ ਪਾਕਿਸਤਾਨ ਨੂੰ ਬੇਇੱਜ਼ਤ ਕਰਨ ਵਾਂਗ ਹੈ ਅਤੇ ਬੇਇੱਜ਼ਤੀ ਦੀ ਵਜ੍ਹਾ ਸਾਫ਼ ਹੈ। ਅਮਰੀਕਾ ਤੇ ਉਸ ਦੇ ਇਤਿਹਾਦੀਆਂ ਨੂੰ ਅਫ਼ਗ਼ਾਨਿਸਤਾਨ ਦੀ ਰਾਜ ਸੱਤਾ ਉੱਤੇ ਤਾਲਿਬਾਨ ਦੀ ਵਾਪਸੀ ਹਜ਼ਮ ਨਹੀਂ ਹੋ ਰਹੀ। ਉਹ ਇਸ ਵਾਪਸੀ ਲਈ ਪਾਕਿਸਤਾਨ ਨੂੰ ਕਸੂਰਵਾਰ ਮੰਨ ਰਹੇ ਹਨ। ਇਸੇ ਲਈ ਕ੍ਰਿਕਟ ਹੋਵੇ ਜਾਂ ਹੋਰ ਖੇਡਾਂ, ਵਿਦੇਸ਼ੀ ਮਾਮਲੇ ਹੋਣ ਜਾਂ ਵਿੱਤੀ ਮਾਮਲੇ, ਹਰ ਮੰਚ ਉੱਤੇ ਪਾਕਿਸਤਾਨ ਨੂੰ ਨੁਕਸਾਨ ਪਹੁੰਚਾਉਣ ਦੇ ਯਤਨ ਪਹਿਲਾਂ ਹੀ ਸ਼ੁਰੂ ਹੋ ਗਏ ਹਨ। ਇਹ ਕਾਰਵਾਈਆਂ ਕਦੋਂ ਤੱਕ ਚੱਲਣਗੀਆਂ, ਇਸ ਬਾਰੇ ਫ਼ਿਲਹਾਲ ਕੋਈ ਪੇਸ਼ੀਨਗੋਈ ਨਹੀਂ ਕੀਤੀ ਜਾ ਸਕਦੀ।
ਪੰਜ ਅੱਖਾਂ ਦਾ ਇਸ਼ਾਰਾ
ਨਿਊਜ਼ੀਲੈਂਡ ਦੀ ਕ੍ਰਿਕਟ ਟੀਮ ਇਸਲਾਮਾਬਾਦ ਵਿਚ ਤਿੰਨ ਇਕ-ਰੋਜ਼ਾ ਮੈਚ ਅਤੇ ਫਿਰ ਲਾਹੌਰ ਵਿਚ ਪੰਜ ਟੀ-20 ਮੈਚਾਂ ਦੀ ਲੜੀ ਖੇਡਣ ਦਾ ਪ੍ਰੋਗਰਾਮ ਅਚਾਨਕ ਤਿਆਗਣ ਮਗਰੋਂ ਵਿਸ਼ੇਸ਼ ਚਾਰਟਰਡ ਜਹਾਜ਼ ਦੇ ਜ਼ਰੀਏ ਵਤਨ ਪਰਤ ਗਈ ਹੈ। ਇਹ ਜਹਾਜ਼ ਇਸਲਾਮਾਬਾਦ ਤੋਂ ਪਹਿਲਾਂ ਅਬੂ ਧਾਬੀ ਗਿਆ ਅਤੇ ਉੱਥੋਂ ਅਗਲੇ ਦਿਨ ਨਿਊਜ਼ੀਲੈਂਡ ਵੱਲ ਰਵਾਨਾ ਹੋਇਆ। ਪਾਕਿਸਤਾਨੀ ਮੀਡੀਆ ਦੀਆਂ ਰਿਪੋਰਟਾਂ ਮੁਤਾਬਿਕ ਪੰਜ ਖ਼ੁਫ਼ੀਆ ਸੇਵਾਵਾਂ ਦੇ ਗੱਠਜੋੜ ‘ਫਾਈਵ ਆਈਜ਼’ (ਪੰਜ ਨੇਤਰ) ਵੱਲੋਂ ਚੌਕਸ ਕੀਤੇ ਜਾਣ ’ਤੇ ਨਿਊਜ਼ੀਲੈਂਡ ਦੇ ਅਧਿਕਾਰੀਆਂ ਨੇ ਪਾਕਿਸਤਾਨੀ ਦੌਰਾ ਫੌਰੀ ਤੌਰ ’ਤੇ ਰੱਦ ਕਰਨ ਦਾ ਫ਼ੈਸਲਾ ਲਿਆ। ਗੱਠਜੋੜ ਵਿਚ ਸ਼ਾਮਲ ਮੁਲਕ ਹਨ: ਨਿਊਜ਼ੀਲੈਂਡ, ਆਸਟਰੇਲੀਆ, ਕੈਨੇਡਾ, ਅਮਰੀਕਾ ਤੇ ਯੂ.ਕੇ.। ਪਾਕਿਸਤਾਨੀ ਸਿਆਸਤਦਾਨ ਤੇ ਫੌ਼ਜੀ ਅਧਿਕਾਰੀ ਪਹਿਲਾਂ ਨਿਊਜ਼ੀਲੈਂਡ ਦੇ ਫ਼ੈਸਲੇ ਦਾ ਦੋਸ਼ ਭਾਰਤ ਉੱਤੇ ਮੜ੍ਹ ਰਹੇ ਸਨ। ਉਂਜ, ਉਨ੍ਹਾਂ ਦਾ ਹੁਣ ਵੀ ਦਾਅਵਾ ਹੈ ਕਿ ਭਾਰਤੀ ਏਜੰਸੀ ‘ਰਾਅ’ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀਟੀਪੀ) ਜਾਂ ਦਾਇਸ਼ ਖ਼ੁਰਾਸਨ (ਆਈਐੱਸ-ਕੇ) ਦੇ ਜ਼ਰੀਏ ਪਾਕਿਸਤਾਨ ਵਿਚ ‘ਦਹਿਸ਼ਤਗਰਦਾਨਾ ਸਰਗਰਮੀਆਂ’ ਤੇਜ਼ੀ ਨਾਲ ਵਧਾ ਸਕਦੀ ਹੈ। ਲਿਹਾਜ਼ਾ, ਪਾਕਿਸਤਾਨ ਨੂੰ ਕਈ ਮੁਹਾਜ਼ਾਂ ’ਤੇ ਲੜਨ ਵਾਸਤੇ ਤਿਆਰ ਰਹਿਣਾ ਚਾਹੀਦਾ ਹੈ।
ਛਾਉਣੀਆਂ ਵਿਚ ਪਈ ਮਾਰ
ਲਹਿੰਦੇ ਪੰਜਾਬ ਵਿਚ ਛਾਉਣੀ ਬੋਰਡਾਂ ਦੀਆਂ ਚੋਣਾਂ ਵਿਚ ਹੁਕਮਰਾਨ ‘ਪੀ.ਟੀ.ਆਈ.’ ਨੂੰ ਹੋਈ ਹਾਰ ਸਿਆਸੀ ਤਨਜ਼ਾਂ ਤੇ ਤੁਨਕਿਆਂ ਦਾ ਵਿਸ਼ਾ ਬਣ ਗਈ ਹੈ। ਵਿਰੋਧੀ ਧਿਰ ਦੇ ਨੇਤਾ ਸ਼ਾਹਬਾਜ਼ ਸ਼ਰੀਫ਼ ਨੇ ਸ਼ਨਿੱਚਰਵਾਰ ਨੂੰ ਕੌਮੀ ਅਸੈਂਬਲੀ ਵਿਚ ਆਪਣੀ ਤਕਰੀਰ ਦੌਰਾਨ ਫ਼ਿਕਰਾ ਕੱਸਿਆ, ‘‘ਪੀ.ਟੀ.ਆਈ. ਤਾਂ ਆਪਣੇ ਜਨਮ-ਸਥਾਨ (ਰਾਵਲਪਿੰਡੀ ਛਾਉਣੀ) ਵਿਚ ਵੀ ਮਕਬੂਲੀਅਤ ਗੁਆ ਚੁੱਕੀ ਹੈ।’’ ਪੰਜਾਬ ਦੇ 18 ਛਾਉਣੀ ਬੋਰਡਾਂ ਵਿਚੋਂ ਸਿਰਫ਼ ਚਾਰ ਵਿਚ ਪੀ.ਟੀ.ਆਈ., ਜੇਤੂ ਸਫ਼ਕਤ ਹਾਸਲ ਕਰ ਸਕੀ। 12 ਬੋਰਡਾਂ ਵਿਚ ਸ਼ਰੀਫ਼ ਦੀ ਪਾਰਟੀ ਪੀਐਮਐੱਲ (ਐੱਨ) ਜੇਤੂ ਰਹੀ। ਦੋ ਵਿਚ ਕੋਈ ਵੀ ਧਿਰ ਬਹੁਮਤ ਨਾ ਲੈ ਸਕੀ। ਅਖ਼ਬਾਰ ‘ਡੇਅਲੀ ਟਾਈਮਜ਼’ ਦੀ ਰਿਪੋਰਟ ਮੁਤਾਬਿਕ ਐਤਵਾਰ ਨੂੰ ਸਿਆਲਕੋਟ ਵਿਚ ਇਕ ਪਾਰਟੀ ਜਲਸੇ ਵਿਚ ਸ਼ਾਹਬਾਜ਼ ਸ਼ਰੀਫ਼ ਨੇ ਇਹ ਵੀ ਕਿਹਾ ਕਿ ਫ਼ੌਜ ਨੂੰ ਹੁਣ ਇਹ ਅਸਲੀਅਤ ਸਮਝ ਲੈਣੀ ਚਾਹੀਦੀ ਹੈ ਕਿ ਸਭ ਤੋਂ ਮਕਬੂਲ ਰਾਜਸੀ ਧਿਰ ਕੌਣ ਹੈ।
ਮੀਂਹ, ਮੌਤਾਂ ਤੇ ਮੁਆਵਜ਼ਾ
ਸ਼ਨਿੱਚਰਵਾਰ ਨੂੰ ਮੋਹਲੇਧਾਰ ਮੀਂਹ ਪੈਣ ਕਾਰਨ ਲਾਹੌਰ ਵਿਚ ਛੱਤਾਂ ਡਿੱਗਣ ਦੀਆਂ ਤਿੰਨ ਘਟਨਾਵਾਂ ਵਾਪਰੀਆਂ। ਇਨ੍ਹਾਂ ਵਿਚ ਛੇ ਮੌਤਾਂ ਹੋਈਆਂ। ‘ਦਿ ਨੇਸ਼ਨ’ ਅਖ਼ਬਾਰ ਵਿਚ ਛਪੀਆਂ ਖ਼ਬਰਾਂ ਮੁਤਾਬਿਕ ਜੱਲੋ ਮੋੜ ਲਾਗੇ ਇਕ ਮਕਾਨ ਦੀ ਛੱਤ ਡਿੱਗਣ ਕਾਰਨ ਤਿੰਨ ਨਿੱਕੀਆਂ ਬੱਚੀਆਂ ਹਲਾਕ ਹੋ ਗਈਆਂ ਅਤੇ ਇਕ ਔਰਤ ਸਖ਼ਤ ਜ਼ਖਮੀ ਹੋ ਗਈ। ਮ੍ਰਿਤਕ ਬੱਚੀਆਂ ਦੇ ਨਾਮ ਸੀਰਤ (8 ਵਰ੍ਹੇ), ਆਰੀਹਾ (2) ਤੇ ਅਬੀਹਾ (2) ਦੱਸੇ ਗਏ ਹਨ। ਫੱਟੜ ਔਰਤ ਅਬੀਹਾ ਦੀ ਮਾਂ ਸੀ। ਇੰਜ ਹੀ ਅਲਾਮਾ ਇਕਬਾਲ ਚੌਕ ਨੇੜੇ ਇਕ ਬੂਥਨੁਮਾ ਦੁਕਾਨ ਦੀ ਛੱਤ ਢਹਿ ਜਾਣ ਕਾਰਨ ਦੋ ਬੰਦੇ ਮਰ ਗਏ ਜਿਨ੍ਹਾਂ ਵਿਚੋਂ ਇਕ ਦੁਕਾਨ ਦਾ ਮਾਲਕ ਤੇ ਦੂਜਾ ਨੌਕਰ ਸੀ। ਮੌਸਮ ਦਫ਼ਤਰ ਅਨੁਸਾਰ ਸ਼ਨਿੱਚਰਵਾਰ ਨੂੰ ਕੇਂਦਰ ਲਾਹੌਰ ਏਰੀਆ ਵਿਚ 13 ਸੈ.ਮੀ. ਬਾਰਸ਼ ਰਿਕਾਰਡ ਕੀਤੀ ਗਈ। ਅਧਿਕਾਰੀਆਂ ਨੇ ਮ੍ਰਿਤਕਾਂ ਦੇ ਵਾਰਸਾਂ ਨੂੰ 20-20 ਹਜ਼ਾਰ ਰੁਪਏ ਦਾ ਅੰਤ੍ਰਿਮ ਮੁਆਵਜ਼ਾ ਦਿੱਤਾ ਹੈ। ਏਨੀ ਘੱਟ ਰਕਮ ਨਵੀਂ ਸਿਆਸੀ ਖਿੱਚੋਤਾਣ ਦਾ ਵਿਸ਼ਾ ਬਣ ਗਈ ਹੈ।
– ਪੰਜਾਬੀ ਟ੍ਰਿਬਿਊਨ ਫੀਚਰ