ਜਸਵੀਰ ਬਖਤੂ
ਮਾਨਵ ਦੀ ਉਨਤੀ ਅਤੇ ਵਿਕਾਸ ਵਿੱਚ ਭਾਸ਼ਾ ਦਾ ਸਭ ਤੋਂ ਵੱਡਾ ਯੋਗਦਾਨ ਹੈ। ਮਨ ਦੇ ਹਾਵ-ਭਾਵ ਬੋਲ ਕੇ ਸਮਝਾਉਣ ਦੇ ਗੁਣ ਨੇ ਮਨੁੱਖੀ ਵਿਕਾਸ ਦੇ ਬੂਹੇ ਖੋਲ੍ਹ ਦਿੱਤੇ। ਬੱਚੇ ਦੇ ਮਾਨਸਿਕ ਵਿਕਾਸ ਵਿੱਚ ਸਭ ਤੋਂ ਵੱਧ ਦੇਣ ਉਸ ਦੀ ਮਾਂ ਬੋਲੀ ਦੀ ਹੁੰਦੀ ਹੈ। ਜਿਹੜੇ ਬੱਚੇ ਮਾਂ ਬੋਲੀ ਵਿੱਚ ਪਰਿਪੱਕ ਹੋ ਜਾਂਦੇ ਹਨ, ਉਹ ਸਹੀ ਵਿੱਦਿਆ ਗ੍ਰਹਿਣ ਕਰਨ ਦੇ ਯੋਗ ਬਣ ਜਾਂਦੇ ਹਨ। ਮੁੱਢਲੀ ਸਿੱਖਿਆ ਦਾ ਮਾਧਿਅਮ ਜੇਕਰ ਮਾਤ ਭਾਸ਼ਾ ਹੈ ਤਾਂ ਬੱਚੇ ਦਾ ਸਰਵਪੱਖੀ ਵਿਕਾਸ ਤੇਜ਼ੀ ਨਾਲ ਹੁੰਦਾ ਹੈ ਪਰ ਕੋਰੀ ਸਲੇਟ ਬਚਪਨ ਉੱਪਰ ਜਦੋਂ ਹੋਰ ਭਾਸ਼ਾਵਾਂ ਦਾ ਬੋਝ ਲੱਦ ਦਿੱਤਾ ਜਾਂਦਾ ਹੈ ਤਾਂ ਬੱਚੇ ਨੂੰ ਸਿੱਖਿਆ ਅਕਾਊ ਤੇ ਔਖੀ ਲੱਗਣ ਲੱਗ ਜਾਂਦੀ ਹੈ।
ਬਾਲ ਮਨਾਂ ਦਾ ਸਹੀ ਵਿਕਾਸ ਮਾਂ ਬੋਲੀ ਵਿੱਚ ਹੀ ਸੰਭਵ ਹੈ। ਅਜੋਕਾ ਮਾਨਵ ਵਿਸ਼ਵੀਕਰਨ ਦੀ ਦੌੜ ਵਿੱਚ ਸਰਪਟ ਦੌੜ ਰਿਹਾ ਹੈ। ਇਸ ਦੌੜ ਵਿੱਚ ਅਸੀਂ ਬੱਚਿਆਂ ਤੋਂ ਮਾਂ ਬੋਲੀ ਦਾ ਨਿੱਘ ਤੇ ਆਪਣਾਪਣ ਖੋਹ ਲਿਆ ਹੈ। ਬੱਚੇ ਅਜੇ ਆਪਣੀ ਮਾਂ ਬੋਲੀ ਨਾਲ ਸਾਂਝ ਪਾ ਰਿਹਾ ਹੁੰਦਾ ਹੈ ਪਰ ਅਸੀਂ ਜਲਦਬਾਜ਼ੀ ਵਿੱਚ ਇੱਕ ਦੋ ਹੋਰ ਬੋਲੀਆਂ ਉਸ ਉੱਪਰ ਥੋਪਣੀਆਂ ਸ਼ੁਰੂ ਕਰ ਦਿੰਦੇ ਹਾਂ। ਜਿਹੜੀਆਂ ਕੌਮਾਂ ਮੁੱਢਲੀ ਸਿੱਖਿਆ ਆਪਣੀ ਮਾਂ ਬੋਲੀ ਵਿੱਚ ਗ੍ਰਹਿਣ ਕਰਦੀਆਂ ਹਨ, ਉਹ ਆਪਣੀ ਸੱਭਿਆਚਾਰਕ ਪਹਿਚਾਣ ਨੂੰ ਤਾਂ ਬਚਾ ਕੇ ਰੱਖਦੀਆਂ ਹੀ ਹਨ ਨਾਲ ਹੀ ਉਹ ਸਿੱਖਿਆ ਦਾ ਸਹੀ ਲਾਹਾ ਲੈਣ ਵਿੱਚ ਵੀ ਕਾਮਯਾਬ ਹੋ ਨਬਿੜਦੀਆਂ ਹਨ।
ਬੱਚਾ ਸਭ ਤੋਂ ਪਹਿਲਾਂ ਮਾਂ ਬੋਲੀ ਦੇ ਸ਼ਬਦ ਸੁਣਨੇ ਸ਼ੁਰੂ ਕਰਦਾ ਹੈ ਤੇ ਫਿਰ ਤੋਤਲੀ ਜ਼ੁਬਾਨ ਵਿੱਚ ਬੋਲਣੇ। ਸਕੂਲੀ ਸਿੱਖਿਆ ਵਿੱਚ ਸੁਣਨ, ਬੋਲਣ, ਪੜ੍ਹਨ ਤੇ ਲਿਖਣ ਚਾਰੇ ਪੱਖ ਨਾਲ-ਨਾਲ ਚੱਲਦੇ ਹਨ। ਸਿੱਖਣ ਪ੍ਰਕਿਰਿਆ ਫਿਰ ਹੀ ਰੌਚਕ ਬਣਦੀ ਹੈ, ਜੇਕਰ ਬੱਚੇ ਨੂੰ ਸਕੂਲ ਵਿੱਚ ਘਰ ਵਰਗੀ ਬੋਲੀ ਬੋਲਣ ਤੇ ਸੁਣਨ ਨੂੰ ਮਿਲੇ। ਵਿਸ਼ਵੀਕਰਨ ਦੀ ਇਹ ਮਜਬੂਰੀ ਹੈ ਕਿ ਸਾਨੂੰ ਉਹ ਭਾਸ਼ਾ ਸਿਖਣੀ ਹੀ ਪੈਣੀ ਹੈ, ਜੋ ਪੂਰੇ ਵਿਸ਼ਵ ਨੂੰ ਜੋੜਦੀ ਹੈ। ਭਾਸ਼ਾ ਦੇ ਮਾਮਲੇ ਵਿੱਚ ਕੱਟੜਤਾ ਰੱਖਣੀ ਵੀ ਖ਼ਤਰਨਾਕ ਹੈ ਪਰ ਅਸੀਂ ਜਦੋਂ ਤੱਕ ਮਾਤ ਭਾਸ਼ਾ ਵਿੱਚ ਪਰਿਪੱਕ ਨਹੀਂ ਹੁੰਦੇ, ਉਨਾਂ ਚਿਰ ਕਿਸੇ ਹੋਰ ਭਾਸ਼ਾ ਵਿੱਚ ਪਰਿਪੱਕ ਹੋਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ। ਜਦ ਤੱਕ ਅਸੀਂ ਆਪਣੀ ਮਾਂ ਬੋਲੀ ਦੇ ਵਿਆਕਰਨ ਦੇ ਗਿਆਨ ਤੋਂ ਵਾਂਝੇ ਹਾਂ, ਉਨਾ ਚਿਰ ਅਸੀਂ ਹੋਰ ਭਾਸ਼ਾ ਨੂੰ ਸਿੱਖਣ ਜਾਂ ਬੋਲ ਸਕਣ ਦੀ ਸਹੀ ਮੁਹਾਰਤ ਹਾਸਲ ਨਹੀਂ ਕਰ ਸਕਦੇ।
ਆਪਣੀ ਮਾਂ ਬੋਲੀ ਬੋਲਣ ਜਾਂ ਲਿਖਣ ਵਿੱਚ ਹਿਚਕਚਾਹਟ ਮਹਿਸੂਸ ਕਰਨ ਵਾਲੇ ਬਹੁਤ ਵੱਡੇ ਭੁਲੇਖੇ ਦਾ ਸ਼ਿਕਾਰ ਹੁੰਦੇ ਹਨ। ਵਿਸ਼ਵ ਦੀਆਂ ਕੁਝ ਬੋਲੀਆਂ ਖ਼ਾਸਕਰ ਪਿਛੜੇ ਤੇ ਵਿਕਾਸ਼ਸ਼ੀਲ ਦੇਸ਼ਾਂ ਦੀਆਂ ਖੇਤਰੀ ਭਾਸ਼ਾਵਾਂ ਤੇ ਵਿਸ਼ਵੀਕਰਨ ਦੀ ਤੇਜ਼ ਹਨੇਰੀ ਦਾ ਸਭ ਤੋਂ ਬੁਰਾ ਪ੍ਰਭਾਵ ਪਿਆ ਹੈ। ਸੋਚਣ ਵਾਲੀ ਗੱਲ ਹੈ ਕਿ ਜੇਕਰ ਅਸੀਂ ਖੁਦ ਹੀ ਆਪਣੀ ਮਾਂ ਬੋਲੀ ਤੋਂ ਬੇਮੁੱਖ ਹੋ ਜਾਵਾਂਗੇ ਤਾਂ ਇਹ ਕਿਸ ਦੇ ਸਹਾਰੇ ਵਿਕਾਸ ਕਰੇਗੀ। ਮੁੱਢਲੀ ਸਿੱਖਿਆ ਜਿਸ ਦੌਰਾਨ ਬੱਚਾ ਲੋੜੀਂਦੀਆਂ ਚਾਰ ਯੋਗਤਾਵਾਂ ਬੋਲਣਾ, ਸੁਣਨਾ, ਪੜ੍ਹਨਾ ਤੇ ਲਿਖਣਾ ਵਿੱਚ ਪੂਰੀ ਤਰ੍ਹਾਂ ਪਰਿਪੱਕ ਹੋ ਜਾਂਦਾ ਹੈ। ਇਸ ਸਮੇਂ ਵਿੱਚ ਸਭ ਤੋਂ ਯੋਗ ਤੇ ਕੁਦਰਤੀ ਸਾਧਨ ਮਾਂ ਬੋਲੀ ਹੀ ਹੁੰਦੀ ਹੈ। ਜੋ ਬੱਚਾ ਮਾਂ ਬੋਲੀ ਵਿੱਚ ਨਿਪੁੰਨਤਾ ਹਾਸਲ ਕਰ ਲੈਂਦਾ ਹੈ, ਉਹ ਮਾਂ ਬੋਲੀ ਦੇ ਵਿਕਾਸ ਵਿੱਚ ਬਣਦਾ ਯੋਗਦਾਨ ਜ਼ਰੂਰ ਪਾਉਂਦਾ ਹੈ। ਦੁਨੀਆਂ ਦੇ ਸਾਰੇ ਭਾਸ਼ਾ ਵਿਗਿਆਨੀ ਇਹ ਗੱਲ ਮੰਨਦੇ ਹਨ ਕਿ ਭਾਸ਼ਾ ਦੀ ਉੱਨਤੀ ਦੀ ਸਭ ਤੋਂ ਵੱਡੀ ਰੁਕਾਵਟ ਖ਼ੁਦ ਦੀ ਮਾਂ ਬੋਲੀ ਪ੍ਰਤੀ ਬੇਗਾਨਗੀ ਹੈ। ਸਿੱਖਿਆ ਸ਼ਾਸਤਰੀ ਇਹ ਗੱਲ ਮੰਨਦੇ ਹਨ ਕਿ ਜਿਹੜੇ ਦੇਸ਼ਾਂ ਨੇ ਮੁੱਢਲੀ ਸਿੱਖਿਆ ਦਾ ਮਾਧਿਅਮ ਮਾਂ ਬੋਲੀ ਨੂੰ ਬਣਾਇਆ ਹੈ, ਉਨ੍ਹਾਂ ਦੇਸ਼ਾਂ ਨੇ ਹੀ ‘ਸਭ ਲਈ ਸਿੱਖਿਆ’ ਦਾ ਟੀਚਾ ਪੂਰਾ ਕੀਤਾ ਹੈ। ਪਰਿਵਾਰਕ ਮੈਂਬਰ ਖ਼ਾਸ ਤੌਰ ’ਤੇ ਮਾਂ ਬੱਚੇ ਦਾ ਪਹਿਲਾਂ ਅਧਿਆਪਕ ਹੁੰਦੀ ਹੈ। ਮਾਂ ਬੋਲੀ ਦੀ ਗੁੜ੍ਹਤੀ ਬੱਚੇ ਨੂੰ ਮਾਂ ਹੀ ਦਿੰਦੀ ਹੈ।
ਯੂਨੈਸਕੋ 1953 ਤੋਂ ਇਸ ਗੱਲ ’ਤੇ ਜ਼ੋਰ ਦੇ ਰਹੀ ਹੈ ਕਿ ਮਾਤ ਭਾਸ਼ਾ ਹੀ ਮੁੱਢਲੇ ਪੱਧਰ ’ਤੇ ਸਿੱਖਿਆ ਦਾ ਮਾਧਿਅਮ ਹੋਣੀ ਚਾਹੀਦੀ ਹੈ। ਯੂਨੈਸਕੋ ਦੇ 2008 ਦੇ ਅੰਕੜਿਆਂ ਅਨੁਸਾਰ ਵਿਸ਼ਵ ਦੇ 50 ਤੋਂ 75 ਮਿਲੀਅਨ ਬੱਚੇ ਸਕੂਲੋਂ ਵਿਰਵੇ ਹਨ। ਜ਼ਿਆਦਾਤਰ ਓਹੀ ਬੱਚੇ ਮੁੱਢਲੇ ਪੱਧਰ ’ਤੇ ਸਕੂਲ ਛੱਡਦੇ ਹਨ, ਜਿਨ੍ਹਾਂ ਦਾ ਸਿੱਖਿਆ ਦਾ ਮਾਧਿਅਮ ਮਾਤ ਭਾਸ਼ਾ ਨਹੀਂ ਹੈ। ਪਿਛਲੇ ਸਾਲਾਂ ਵਿੱਚ ਅਫਰੀਕਾ ਵਿੱਚ ਪ੍ਰਾਇਮਰੀ ਸਿੱਖਿਆ ਵਿੱਚ ਦੋ ਭਾਸ਼ਾਈ ਪਾਇਲਟ ਪ੍ਰਾਜੈਕਟ ਸ਼ੁਰੂ ਹੋਇਆ ਪਰ ਇਸਦੇ ਜੋ ਨਤੀਜੇ ਸਾਹਮਣੇ ਆਏ ਉਨ੍ਹਾਂ ਅਨੁਸਾਰ ਜਿਹੜੇ ਬੱਚਿਆਂ ਨੇ ਪਹਿਲਾਂ ਮਾਤ ਭਾਸ਼ਾ ਵਿੱਚ ਪੜ੍ਹਨਾ ਤੇ ਲਿਖਣਾ ਸਿੱਖਿਆ, ਉਹ ਜ਼ਿਆਦਾ ਪਰਿਪੱਕ ਸਾਬਤ ਹੋਏ।
ਵਿਸ਼ਵ ਬੜੀ ਤੇਜ਼ ਗਤੀ ਨਾਲ ਤਕਨੀਕ ਵਿੱਚ ਅੱਗੇ ਵਧ ਰਿਹਾ ਹੈ। ਜੋ ਬੋਲੀ ਭਾਸ਼ਾਈ ਵਿਗਿਆਨ ਦੀਆਂ ਸਮਕਾਲੀ ਚੁਣੌਤੀਆਂ ਦਾ ਟਾਕਰਾ ਕਰਨ ਵਿੱਚ ਸਮਰੱਥ ਹੈ, ਉਹੀ ਇਸ ਤਕਨੀਕੀ ਤੇਜ਼ ਹਨੇਰੀ ਵਿੱਚ ਸਥਾਪਤ ਤੇ ਸਥਿਰ ਰਹਿ ਸਕੇਗੀ। ਵਿਸ਼ਵ ਦੇ ਬਹੁਤ ਸਾਰੇ ਮਹਾਨ ਦਾਰਸ਼ਨਿਕ, ਭਾਸ਼ਾ ਵਿਗਿਆਨੀ ਤੇ ਸਾਹਿਤਕਾਰ ਹੋਏ ਹਨ, ਜੋ ਬਹੁਤ ਸਾਰੀਆਂ ਭਾਸ਼ਾਵਾਂ ਵਿੱਚ ਪਰਿਪੱਕ ਸਨ ਪਰ ਇਨ੍ਹਾਂ ਸਭਨਾਂ ਨੇ ਪਹਿਲਾਂ ਆਪਣੀ ਬੋਲੀ ਵਿੱਚ ਪਰਿਪੱਕਤਾ ਹਾਸਲ ਕੀਤੀ।
ਸਭ ਤੋਂ ਵੱਡਾ ਸ਼ਰਾਪ ਹੁੰਦਾ ਹੈ ਕਿ ਕੋਈ ਆਪਣੀ ਮਾਂ ਬੋਲੀ ਭੁੱਲ ਜਾਵੇ। ਭਾਸ਼ਾ ਹੀ ਮਨੁੱਖ ਨੂੰ ਪਸ਼ੂ-ਪੰਛੀਆਂ ਨਾਲੋਂ ਨਿਖੇੜਦੀ ਹੈ। ਇੱਕ ਵਾਰ ਇੱਕ ਵਿਅਕਤੀ ਜੋ ਬਹੁਤ ਸਾਰੀਆਂ ਬੋਲੀਆਂ ਜਾਣਦਾ ਸੀ, ਉਸ ਨੇ ਇਹ ਐਲਾਨ ਕਰ ਦਿੱਤਾ ਕਿ ਕੋਈ ਮੇਰੀ ਮਾਂ ਬੋਲੀ ਨਹੀਂ ਬੁੱਝ ਸਕਦਾ। ਇਹ ਐਲਾਨ ਸੁਣ ਇੱਕ ਦਾਰਸ਼ਨਿਕ ਉਸ ਕੋਲ ਆਇਆ ਤੇ ਕਹਿਣ ਲੱਗਾ ਕਿ ਮੈਂ ਬੁੱਝ ਸਕਦਾ ਹਾਂ ਕਿ ਤੇਰੀ ਮਾਂ ਬੋਲੀ ਕਿਹੜੀ ਹੈ। ਭਿਅੰਕਰ ਸਰਦੀ ਪੈ ਰਹੀ ਸੀ ਤੇ ਦਾਰਸ਼ਨਿਕ ਨੇ ਅਤਿ ਠੰਢੇ ਪਾਣੀ ਦੀ ਬਾਲਟੀ ਉਸ ਵਿਅਕਤੀ ਉੱਪਰ ਮੁਧਾ ਦਿੱਤੀ ਤੇ ਉਹ ਉੱਚੀ-ਉੱਚੀ ਠਰੂੰ-ਠਰੂੰ ਕਰਦਾ ਬੋਲਣ ਲੱਗ ਪਿਆ। ਦਾਰਸ਼ਨਿਕ ਕਹਿਣ ਲੱਗਾ ਕਿ ਇਹੀ ਤੇਰੀ ਮਾਂ ਬੋਲੀ ਹੈ। ਮਾਂ ਬੋਲੀ ਨਾਲ ਮਨੁੱਖ ਦਾ ਰਿਸ਼ਤਾ ਅਟੁੱਟ ਤੇ ਅਗੰਮੀ ਹੁੰਦਾ ਹੈ। ਮਾਂ ਬੋਲੀ ਮਨੁੱਖ ਦੇ ਧੁਰ ਅੰਦਰ ਤੱਕ ਵਸੀ ਹੁੰਦੀ ਹੈ। ਜ਼ਿਆਦਾ ਖੁਸ਼ੀ, ਗਮੀ, ਹੈਰਾਨੀ ਜਾਂ ਦਰਦ ਦਾ ਸੁਤੇ ਸਿੱਧ ਪ੍ਰਗਟਾਵਾ ਮਨੁੱਖ ਮਾਂ ਬੋਲੀ ਵਿੱਚ ਹੀ ਕਰਕੇ ਤਸੱਲੀ ਮਹਿਸੂਸ ਕਰਦਾ ਹੈ।
ਸੰਸਕ੍ਰਿਤ ਵਰਗੀ ਭਾਸ਼ਾ ਵਿੱਚ ਖੜੋਤ ਆਉਣ ਦਾ ਕਾਰਨ ਸਮੇਂ ਦੇ ਬਦਲਦੇ ਪਰਿਪੇਖ ਵਿੱਚ ਲਚਕੀਲਾਪਣ ਨਾ ਹੋਣਾ ਹੈ। ਬੇਸ਼ੱਕ ਪੰਜਾਬੀ ਭਾਸ਼ਾ ਵਿੱਚ ਗੈਰ ਪੰਜਾਬੀ ਸਬਦ ਤੇਜ਼ ਗਤੀ ਨਾਲ ਘੁਸਪੈਠ ਕਰ ਰਹੇ ਹਨ ਪਰ ਪੰਜਾਬੀ ਭਾਸ਼ਾ ਦੀ ਮੌਲਿਕਤਾ, ਸੂਖਮਤਾ ਤੇ ਧੁਨੀਆਂ ਸਾਹਮਣੇ ਨਵ-ਉਦਾਰਵਾਦੀ ਪੂੰਜੀਵਾਦ ਦੀ ਭਾਸ਼ਾ ਬੌਣੀ ਨਜ਼ਰ ਆਉਂਦੀ ਹੈ।
ਜਦੋਂ ਬੱਚਾ ਸਕੂਲੀ ਸਿੱਖਿਆ ਦੀ ਸ਼ੁਰੂਆਤ ਕਰਦਾ ਹੈ ਤਾਂ ਸਿੱਖਿਆ ਦਾ ਮਾਧਿਅਮ ਇਸ ਕਰਕੇ ਵੀ ਮਾਂ ਬੋਲੀ ਹੋਣਾ ਜ਼ਰੂਰੀ ਹੈ ਕਿਉਂਕਿ ਬਾਲ ਮਨ ਦੋਵਾਂ ਭਾਸ਼ਾਵਾਂ ਵਿੱਚ ਰਲਗੱਡ ਹੋਇਆ ਸ਼ੁੱਧ ਉਚਾਰਨ ਸਿੱਖਣ ਤੋਂ ਵਾਂਝਾ ਰਹਿ ਜਾਂਦਾ ਹੈ।
ਸਿੱਖਣ ਕਿਰਿਆ ਦਾ ਸਹੀ ਟੀਚਾ ਪ੍ਰਾਪਤ ਕਰਨ ਲਈ ਸਿੱਖਿਆ ਦਾ ਮਾਧਿਅਮ ਮਾਂ ਬੋਲੀ ਹੋਣਾ ਅਤਿ ਲਾਜ਼ਮੀ ਸ਼ਰਤ ਹੈ। ਸਿਆਣਪ ਇਸੇ ਗੱਲ ਵਿੱਚ ਹੈ ਕਿ ਜਿੰਨਾ ਚਿਰ ਬੱਚਾ ਆਪਣੀ ਮਾਂ ਬੋਲੀ ਬੋਲਣ, ਸੁਣਨ, ਪੜ੍ਹਨ ਤੇ ਲਿਖਣ ਵਿੱਚ ਨਿਪੁੰਨਤਾ ਹਾਸਲ ਨਹੀਂ ਕਰ ਲੈਂਦਾ ਉਨਾਂ ਚਿਰ ਇਸ ਕੋਰੀ ਸਲੇਟ ’ਤੇ ਕੋਈ ਹੋਰ ਬੋਲੀ ਦੇ ਅੱਖਰ ਲਿਖਣ ਦੀ ਕਾਹਲ ਨਹੀਂ ਕਰਨੀ ਚਾਹੀਦੀ।
ਸੰਪਰਕ: 98766-90208