ਨਵੀਂ ਗੁਰਦੁਆਰਾ ਸੁਧਾਰ ਲਹਿਰ ਦੀ ਲੋੜ?
ਹਰ ਕੌਮ ਦਾ ਮਾਣ ਉਸ ਦਾ ਧਰਮ ਅਤੇ ਧਰਮ ਅਸਥਾਨ ਹੁੰਦਾ ਪਰ ਅੱਜ ਸਿੱਖ ਕੌਮ ਦੇ ਗੁਰੂ ਭਾਵ ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਸਿਧਾਤਾਂ ਦੀ ਬੇਅਦਬੀ ਉਵੇਂ ਹੀ ਹੋ ਰਹੀ ਹੈ ਜਿਵੇਂ ਕੁਝ ਅਨਮਤੀਆਂ ਤੇ ਮਨਮਤੀਆਂ ਨੇ ਸੌ ਸਾਲ ਪਹਿਲਾਂ ਕੀਤੀ ਸੀ। ਮਹੰਤਾਂ ਅਤੇ ਅੰਗਰੇਜ਼ਾਂ ਨੇ ਜਦੋਂ ਗੁਰਦੁਆਰਿਆਂ ‘ਤੇ ਕਬਜ਼ਾ ਕੀਤਾ ਤਾਂ ਸਿੱਖਾਂ ਨੇ ਇਸ ਧੱਕੇਸ਼ਾਹੀ ਨੂੰ ਰੋਕਣ ਲਈ ਗੁਰਦੁਆਰਾ ਸੁਧਾਰ ਲਹਿਰ ਦਾ ਮੁੱਢ ਬੰਨ੍ਹਿਆ। ਇਸ ਸ਼ਾਂਤਮਈ ਲਹਿਰ ਦੌਰਾਨ ਸਿੱਖਾਂ ਨੇ ਅਕਹਿ ਤੇ ਅਸਹਿ ਤਸੀਹੇ ਝੱਲ ਕੇ ਅਤੇ ਸ਼ਹੀਦੀਆਂ ਦੇ ਜਾਮ ਪੀ-ਪੀ ਕੇ ਫਤਹਿ ਹਾਸਲ ਕੀਤੀ। ਉਸ ਸਮੇਂ ਤਾਂ ਸਿੱਖਾਂ ਨੇ ਮਹੰਤਾਂ ਤੋਂ ਗੁਰਦੁਆਰਾ ਸਾਹਿਬਾਨ ਛੁਡਾ ਲਏ, ਪਰ ਅੱਜ ਜਿਨ੍ਹਾਂ ਨੇ ਗੁਰਦੁਆਰਿਆਂ ‘ਤੇ ਕਬਜ਼ੇ ਕੀਤੇ ਹੋਏ ਹਨ, ਉਨ੍ਹਾਂ ਤੋਂ ਗੁਰਦੁਆਰੇ ਕਿਵੇਂ ਛੁਡਾਏ ਜਾਣ? ਅੱਜ ਗੁਰੂ ਦੇ ਸੇਵਕ, ਪ੍ਰਧਾਨ ਅਤੇ ਜਥੇਦਾਰ ਕਹਾਉਣ ਵਾਲੇ ਲੋਕ ਪ੍ਰਧਾਨਗੀ ਵਾਸਤੇ ਗੁਰੂ ਦੀ ਹਜ਼ੂਰੀ ਵਿੱਚ ਹੀ ਕਿਰਪਾਨਾਂ ਚਲਾਉਂਦੇ ਹਨ, ਕਿਉਂਕਿ ਇਹ ਲੋਕ ਗੁਰਦੁਆਰਿਆਂ ਦੀ ਨਹੀਂ, ਸਗੋਂ ਮਹਿਜ਼ ਗੋਲਕ ਦੀ ਸੇਵਾ ਕਰਨਾ ਚਾਹੁੰਦੇ ਨੇ। ਦੂਜਾ ਸਰਕਾਰੀ ਸ਼ਹਿ ਪ੍ਰਾਪਤ ਡੇਰੇ ਅਤੇ ਭਾਂਤ-ਭਾਂਤ ਦੇ ਬਾਬੇ, ਸੰਗਤਾਂ ਨੂੰ ਗੁਰੂ ਨਾਲ ਨਹੀਂ ਆਪਣੇ ਨਾਲ ਜੋੜਦੇ ਨੇ। ਕੀ ਅੱਜ ਫਿਰ ਨਹੀਂ ਲੱਗਦਾ ਕਿ ਦੁਬਾਰਾ ਗੁਰਦੁਆਰਾ ਸੁਧਾਰ ਲਹਿਰ ਚਲਾਉਣ ਦੀ ਲੋੜ ਹੈ, ਤਾਂ ਕਿ ਪ੍ਰਧਾਨਾਂ ਅਤੇ ਜਥੇਦਾਰਾਂ ਤੋਂ ਗੁਰਦੁਆਰੇ ਆਜ਼ਾਦ ਕਰਵਾ ਕੇ, ਸਿੱਖੀ ਦੇ ਸਿਧਾਤਾਂ ਨੂੰ ਪ੍ਰਚਾਰ ਕੇ ਦੁਬਾਰਾ ਕੌਮ ਦੀ ਚੜ੍ਹਦੀ ਕਲਾ ਵਾਸਤੇ ਹੰਭਲਾ ਮਾਰਿਆ ਜਾਵੇ।
ਹਰਿੰਦਰ ਸਿੰਘ, ਸੋਹਾਣਾ, ਮੁਹਾਲੀ।
ਸੰਪਰਕ: harinders900@gmail.com
ਗੁਰਦੁਆਰਾ ਲਹਿਰ ‘ਚੋਂ ਨਿਕਲੀ ਆਜ਼ਾਦੀ ਦੀ ਚਿਣਗ
ਗੁਰਦੁਆਰਾ ਸੁਧਾਰ ਲਹਿਰ ‘ਚ ਸਿੱਖ ਧਰਮ ਨਾਲ ਸਬੰਧ ਰੱਖਣ ਵਾਲੇ ਕਈ ਮਰਜੀਵੜਿਆਂ ਨੇ ਸ਼ਾਂਤਮਈ ਅਤੇ ਲਗਾਤਾਰ ਸੰਘਰਸ਼ ਕਰਦਿਆਂ ਸਮੇਂ ਦੀ ਹਕੂਮਤ ਦੇ ਅੱਤਿਆਚਾਰ ਝੱਲੇ ਅਤੇ ਜ਼ੁਲਮ ਦਾ ਟਾਕਰਾ ਵੀ ਕੀਤਾ। ਇਸ ਸੰਘਰਸ਼ ਦੌਰਾਨ ਕਈਆਂ ਨੂੰ ਆਪਣੀਆਂ ਜਾਨਾਂ ਵੀ ਗੁਆਣੀਆਂ ਪਈਆਂ ਅਤੇ ਕਈਆਂ ਨੇ ਸਰੀਰਕ, ਮਾਨਸਿਕ ਅਤੇ ਆਰਥਿਕ ਕਸ਼ਟ ਝੱਲੇ। ਇਸ ਲੰਬੇ ਸੰਘਰਸ਼ ਦਾ ਮੁੱਖ ਉਦੇਸ਼ ਗੁਰਦੁਆਰਿਆਂ ਦੇ ਪ੍ਰਬੰਧਾਂ ‘ਚ ਆਈਆਂ ਉੂਣਤਾਈਆਂ ਨੂੰ ਦੂਰ ਕਰਨਾ ਸੀ। ਲਗਭਗ ਪੰਜ ਸਾਲਾਂ ਦੇ ਸੰਘਰਸ਼ ਦੇ ਅੱਗੇ ਝੁਕਦਿਆਂ ਸਮੇਂ ਦੀ ਅੰਗਰੇਜ਼ ਹਕੂਮਤ ਨੇ ਗੁਰਦੁਆਰਿਆਂ ਦੇ ਯੋਗ ਪ੍ਰਬੰਧ ਲਈ 1925 ‘ਚ ਗੁਰਦੁਆਰਾ ਐਕਟ ਪਾਸ ਕਰ ਦਿੱਤਾ, ਜੋ 3 ਕੁ ਮਹੀਨਿਆਂ ਬਾਅਦ 1 ਨਵੰਬਰ 1925 ਨੂੰ ਲਾਗੂ ਕਰ ਦਿੱਤਾ ਗਿਆ। ਇਸ ਤਰ੍ਹਾਂ ਗੁਰੂ ਘਰਾਂ ਨੂੰ ਮਹੰਤਾਂ ਦੇ ਕਬਜ਼ੇ ‘ਤੋਂ ਨਿਜਾਤ ਮਿਲੀ। ਉਪਰੰਤ ਗੁਰਦੁਆਰਿਆਂ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੌਂਪ ਦਿੱਤਾ ਗਿਆ। ਗੁਰਦੁਆਰਾ ਸੁਧਾਰ ਲਹਿਰ ਇਕ ਅਜਿਹਾ ਲਾਸਾਨੀ ਸੰਘਰਸ਼ ਸੀ, ਜਿਸ ਨੇ ਖ਼ਾਸਕਰ ਪੰਜਾਬੀਆਂ ‘ਚ ਭਾਰਤ ਦੀ ਆਜ਼ਾਦੀ ਦਾ ਜਜ਼ਬਾ ਭਰਿਆ। ਅੰਗਰੇਜ਼ ਹਕੂਮਤ ਨਾਲ ਆਢਾ ਲਾਉਣ ਦਾ ਜਜ਼ਬਾ ਹੀ ਇਕ ਵੱਡਾ ਕਾਰਨ ਹੈ ਕਿ ਦੇਸ਼ ਦੀ ਆਜ਼ਾਦੀ ਦੇ ਸੰਘਰਸ਼ ‘ਚ ਪੰਜਾਬੀਆਂ ਦੀਆਂ ਸਭ ਤੋਂ ਜ਼ਿਆਦਾ ਕੁਰਬਾਨੀਆਂ ਹਨ।
ਮੋਹਰ ਗਿੱਲ ਸਿਰਸੜੀ, ਪਿੰਡ ਸਿਰਸੜੀ, ਫ਼ਰੀਦਕੋਟ।
ਸੰਪਰਕ: 98156-59110
ਗੁਰਦੁਆਰਾ ਸੁਧਾਰ ਲਹਿਰ ਨੇ ਸਿੱਖਾਂ ਨੂੰ ਇਕਮੁੱਠ ਕੀਤਾ
ਜਦੋਂ ਅੰਗਰੇਜ਼ਾਂ ਨੇ ਪੰਜਾਬ ਨੂੰ ਆਪਣੇ ਕਬਜ਼ੇ ਵਿੱਚ ਲਿਆ ਸਭ ਤੋਂ ਪਹਿਲਾਂ ਉਨ੍ਹਾਂ ਸਿੱਖਾਂ ਦੇ ਸ਼ਕਤੀ ਸੋਮਿਆਂ ਨੂੰ ਕਾਬੂ ਕਰਨ ਵੱਲ ਧਿਆਨ ਦਿੱਤਾ। ਸਿੱਖਾਂ ਨੂੰ ਹੀ ਅੰਗਰੇਜ਼ ਆਪਣੇ ਲਈ ਸਭ ਤੋਂ ਵੱਡਾ ਖ਼ਤਰਾ ਮੰਨਦੇ ਸਨ, ਕਿ ਇਨ੍ਹਾਂ ਸਾਨੂੰ ਹਿੰਦੋਸਤਾਨ ਵਿਚ ਨਹੀਂ ਰਹਿਣ ਦੇਣਾ। ਅੰਗਰੇਜ਼ਾਂ ਨੇ ਹੀ ਗੁਰਦੁਆਰਿਆਂ ਦੇ ਪ੍ਰਬੰਧ ਲਈ ਮਹੰਤਾਂ ਦੀ ਚੋਣ ਲਈ ਸਿੱਖਾਂ ਤੋਂ ਅਧਿਕਾਰ ਖੋਹੇ ਤੇ ਆਪਣੀਆਂ ਬਣਾਈਆਂ ਕਮੇਟੀਆਂ ਨੂੰ ਇਹ ਜ਼ਿੰਮੇਵਾਰੀ ਦਿੱਤੀ। ਗੁਰਧਾਮਾਂ ਦੀ ਆਮਦਨ ਨੂੰ ਵੀ ਆਪਣੇ ਕਬਜ਼ੇ ਵਿੱਚ ਲੈਣ ਦੀ ਕੋਸ਼ਿਸ਼ ਕੀਤੀ ਗਈ। ਇਸ ਤੋਂ ਸਿੱਖਾਂ ਦੇ ਹਿਰਦੇ ਵਲੂੰਧਰੇ ਗਏ। ਉਨ੍ਹਾਂ ਗੁਰਦੁਆਰਾ ਸੁਧਾਰ ਲਹਿਰ ਜ਼ਰੀਏ ਭ੍ਰਿਸ਼ਟ ਮਹੰਤਾਂ ਤੋਂ ਗੁਰਦੁਆਰੇ ਆਜ਼ਾਦ ਕਰਵਾਉਣ ਦਾ ਨਿਸ਼ਚਾ ਕੀਤਾ। ਗੁਰਦੁਆਰਿਆਂ ਨੂੰ ਆਜ਼ਾਦ ਕਰਵਾਉਣ ਦੀ ਭਾਵਨਾ ਕਿਤੇ ਦੇਸ਼ ਦੀ ਆਜ਼ਾਦੀ ਨਾਲ ਹੀ ਜੁੜੀ ਹੋਈ ਸੀ ਤੇ 1922 ਵਿੱਚ ਚਾਬੀਆਂ ਦੇ ਮੋਰਚੇ ਦੀ ਜਿੱਤ ਨੂੰ ਆਜ਼ਾਦੀ ਦੀ ਪਹਿਲੀ ਜਿੱਤ ਦਾ ਨਾਂ ਦਿੱਤਾ ਗਿਆ। 1922 ਵਿਚ ਬੱਬਰ ਅਕਾਲੀ ਲਹਿਰ ਨੇ ਬਰਤਾਨਵੀ ਸਾਮਰਾਜ ਨੂੰ ਫਿਕਰਾਂ ਵਿੱਚ ਪਾ ਦਿੱਤਾ। ਅਕਾਲੀ ਲਹਿਰ ਦੌਰਾਨ 500 ਸਿੱਖ ਸ਼ਹੀਦ ਹੋਏ। ਗੁਰਦੁਆਰਾ ਸੁਧਾਰ ਲਹਿਰ ਨੇ ਸਿੱਖਾਂ ਨੂੰ ਇਕਮੁੱਠ ਕਰ ਦਿੱਤਾ। ਇਸ ਕਰਕੇ ਹੀ ਲੰਬੇ ਸਮੇਂ ਤੋਂ ਆਜ਼ਾਦੀ ਲਈ ਚਲਦੀ ਆ ਰਹੀ ਜੰਗ ਨੂੰ ਸਿੱਖਾਂ ਨੇ ਅੰਜਾਮ ਦਿੱਤਾ।
ਕਮਲਜੀਤ ਕੌਰ ਗੁੰਮਟੀ, ਬਰਨਾਲਾ।
ਸੰਪਰਕ: 98769-26873
(ਇਹ ਵਿਚਾਰ ਚਰਚਾ ਅਗਲੇ ਅੰਕ ਵਿਚ ਜਾਰੀ ਰਹੇਗੀ)