ਪ੍ਰਿੰ. ਸਰਵਣ ਸਿੰਘ
ਅਮਰ ਸੂਫ਼ੀ ਕਿਸਾਨ ਘਰ ਦਾ ਜੰਮਪਲ ਹੈ, ਕਿਸਾਨੀ ਹਿਤਾਂ ਨੂੰ ਪ੍ਰਨਾਇਆ। ਭਾਈਚਾਰੇ ਵਿਚ ਟੌਅਰ ਸੀ ਪਰ ਸੰਤਾਲੀ ਦੇ ਉਜਾੜੇ ਪਿੱਛੋਂ ਹਿਠਾੜ ਦੀ ਸੇਮ ਮਾਰੀ ਜ਼ਮੀਨ ਮਿਲੀ ਤਾਂ ਮਾਂ ਨੂੰ ਪਾਥੀਆਂ ਗਹੀਰੇ ਵੇਚਣ ਦੀ ਨੌਬਤ ਵੀ ਆਈ। ਜ਼ਿੰਦਗੀ ਲਈ ਜਦੋਜਹਿਦ ਕਰਦਿਆਂ ਉਸ ਨੇ ਆਪਣਾ ਸਿਰ ਆਪ ਗੁੰਦਿਆ। ਉਹ ਅਜਿਹਾ ਅਧਿਆਪਕ ਬਣਿਆ ਜਿਸ ਨੇ ਅਧਿਆਪਨ ਦੀ ਲਾਜ ਰੱਖੀ। ਉਹਦਾ ਪਿੰਡ ਦੀਪਸਿੰਘਵਾਲਾ ਜ਼ਿਲ੍ਹਾ ਫਰੀਦਕੋਟ ਵਿਚ ਪੈਂਦਾ ਪਰ ਹੁਣ ਰਿਹਾਇਸ਼ ਮੋਗੇ ਹੈ। ਉਹਦੇ ਦੋਹੇ, ਗ਼ਜ਼ਲਾਂ, ਰੁਬਾਈਆਂ ਤੇ ਬੈਂਤ ਮੋਗੇ ਨੂੰ ਹੋਰ ਮਸ਼ਹੂਰ ਕਰ ਰਹੇ ਹਨ। ਉਸ ਦੇ ਦੋਹਿਆਂ ਦੀ ਪੁਸਤਕ ‘ਰਾਜ ਕਰੇਂਦੇ ਰਾਜਿਆ’ ਚਰਚਾ ਵਿਚ ਹੈ। ਇਹ ਪੁਸਤਕ ਉਸ ਨੇ ਕਿਸਾਨੀ ਸੰਘਰਸ਼ ਵਿਚ ਕੁੱਦੇ ਸਿਰੜੀ ਤੇ ਸਿਦਕੀ ਯੋਧਿਆਂ ਅਤੇ ਲੋਥਾਂ ਬਣ ਕੇ ਘਰੀਂ ਮੁੜਦੇ ਕਿਰਤੀ ਕਿਸਾਨ ਸ਼ਹੀਦਾਂ ਦੇ ਨਾਂ ਸਮਰਪਿਤ ਕੀਤੀ ਹੈ।
ਅਮਰ ‘ਸੂਫ਼ੀ’ ਅਮਰ ਸੂਫ਼ੀ ਹੀ ਹੈ। ਆਸ ਹੈ ਅਮਰ ਲੇਖਕ ਬਣੇਗਾ। ਇਹ ਮੇਰੀ ਕਲਪਨਾ ਕਹਿ ਲਓ ਭਾਵੇਂ ਭਵਿੱਖਬਾਣੀ। ਉਹਦੇ ਵਿਚ ਬੇਅੰਤ ਸੰਭਾਵਨਾਵਾਂ ਸੁੱਤੀਆਂ ਜਾਗ ਰਹੀਆਂ। ਅਜੇ ਉਸ ਨੇ ਅੱਧ ਕੁ ਘੁੰਡ ਚੁੱਕਿਆ ਹੈ। ਜਲਵਾ ਜਲਾਲ ਹੈ, ਜਮਾਲ ਹੈ, ਕਮਾਲ ਹੈ! ਉਮੀਦ ਹੈ ਕਿਸੇ ਦਿਨ ਪੰਜਾਬੀ ਸਾਹਿਤ ਦਾ ਨਾਮੀ ਸਾਹਿਤਕਾਰ ਬਣੇਗਾ। ਕਵਿਤਾ ਤੇ ਵਾਰਤਾ ਦੀ ਮਾਲੀ ਜਿੱਤੇਗਾ।
ਉਹ ਕਿਸਾਨ ਘਰ ਦਾ ਜੰਮਪਲ ਹੈ, ਕਿਸਾਨੀ ਹਿਤਾਂ ਨੂੰ ਪ੍ਰਨਾਇਆ। ਉਸ ਦਾ ਪੜਦਾਦਾ ਪਰਤਾਪ ਸਿੰਘ ਵਲਟੋਹੀਆ ਮਝੈਲ ਸੀ, ਦਾਦਾ ਮਾਨ ਸਿੰਘ ਮਿੰਟਗੁਮਰੀ ਦੇ ਮੁਰੱਬਿਆਂ ਦਾ ‘ਛੱਬੀ ਚੱਕੀਆ’ ਤੇ ਬਾਪ ਹਰਬੰਸ ਸਿੰਘ ਲਾਹੌਰ ਦਾ ਕਾਲਜੀਏਟ। ਭਾਈਚਾਰੇ ਵਿਚ ਸਰਦਾਰੀ, ਟੌਅਰ ਸੀ ਪਰ ਸੰਤਾਲੀ ਦੇ ਉਜਾੜੇ ਪਿੱਛੋਂ ਹਿਠਾੜ ਦੀ ਸੇਮ ਮਾਰੀ ਜ਼ਮੀਨ ਮਿਲੀ ਤਾਂ ਮਾਂ ਨੂੰ ਪਾਥੀਆਂ ਗਹੀਰੇ ਵੇਚਣ ਦੀ ਨੌਬਤ ਵੀ ਆਈ। ਅਮਰੇ ਨੂੰ ਪੜ੍ਹਾਈ ਲਿਖਾਈ ਲਈ ਨਹਿਰ ਦੀਆਂ ਇੱਟਾਂ ਚੁੱਕਣ ਤਕ ਦੀ ਮਜ਼ਦੂਰੀ ਕਰਨੀ ਪਈ। ਜ਼ਿੰਦਗੀ ਲਈ ਜਦੋਜਹਿਦ ਕਰਦਿਆਂ ਉਸ ਨੇ ਆਪਣਾ ਸਿਰ ਆਪ ਗੁੰਦਿਆ ਅਤੇ ਸੋਹਣਾ ਗੁੰਦਿਆ। ਉਹ ਅਜਿਹਾ ਅਧਿਆਪਕ ਬਣਿਆ ਜਿਸ ਨੇ ਅਧਿਆਪਨ ਦੀ ਲਾਜ ਰੱਖੀ ਅਤੇ ਅਧਿਆਪਕ ਹੋਣ ਦਾ ਆਪਣੇ ਵਿਦਿਆਰਥੀਆਂ ਤੋਂ ਲੈ ਕੇ ਵੈਟੀਕਨ ਸਿਟੀ ਰੋਮ ਦੇ ਜੌਨ੍ਹ ਪੋਪ ਦੋਇਮ ਤਕ ਤੋਂਂ ਜੱਸ ਖੱਟਿਆ।
ਕੁਝ ਸਾਲ ਪਹਿਲਾਂ ਰੋਮ ਤੋਂ ਯੂਨੀਵਰਸਿਟੀ ਪ੍ਰੋਫ਼ੈਸਰ ਡਾ. ਮਰੀਲੀਆ ਬੈਲਾਟਰਾ ਦੀ ਟੋਲੀ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਨੂੰ ਆਈ ਤਾਂ ਸਬੱਬੀਂ ਅਮਰ ‘ਸੂਫੀ਼’ ਨੂੰ ‘ਗਾਈਡ’ ਬਣਨ ਦਾ ਮੌਕਾ ਮਿਲ ਗਿਆ। ‘ਥੈਂਕਸ’ ਵਜੋਂ ਮਰੀਲੀਆ ਨੇ ਉਸ ਨੂੰ ਰੋਮ ਸੱਦ ਲਿਆ। ਉਹੀ ਉਸ ਨੂੰ ਆਪਣੇ ਨਾਲ ਵੈਟੀਕਨ ਸਿਟੀ ਹਾਲ ਲੈ ਗਈ। ਪੋਪ ਹਾਲ ਵਿਚ ਪੁੱਜਾ ਤਾਂ ਉਥੇ 1892 ਸ਼ਖ਼ਸ ਮੌਜੂਦ ਸਨ ਜਿਨ੍ਹਾਂ ਵਿਚ ਅੱਠ ਅਧਿਆਪਕ ਸਨ। ਪੋਪ ਨੇ ਭਾਸ਼ਨ ਉਪਰੰਤ ਅੱਠਾਂ ਅਧਿਆਪਕਾਂ ਨੂੰ ਆਪਣੇ ਨਾਲ ਚਾਹ ਪੀਣ ਦਾ ਸੱਦਾ ਦਿੱਤਾ। ਅੱਖਰ ਕ੍ਰਮ ਅਨੁਸਾਰ ਸਭ ਤੋਂ ਪਹਿਲਾਂ ਅਮਰ ‘ਸੂਫ਼ੀ’ ਦਾ ਨਾਂ ਬੋਲਿਆ ਗਿਆ ਜਿਸ ਨੂੰ ‘ਆਮਾਰ’ ਉਚਾਰਿਆ ਗਿਆ। ਪੂਰਾ ਬਿਰਤਾਂਤ ਉਸ ਦੇ ਜੀਵਨੀ ਖੰਡ ‘ਅਧਿਆਪਕ ਹੋਣ ਦਾ ਮਾਣ’ ਵਿਚੋਂ ਪੜ੍ਹਿਆ ਜਾ ਸਕਦਾ ਹੈ।
ਅਮਰ ‘ਸੂਫ਼ੀ’ ਨੇ ਮੇਰੇ ਵਾਂਗ ਸਾਲਾਂਬੱਧੀ ਢੁੱਡੀਕੇ ਦਾ ਪਾਣੀ ਪੀਤਾ ਤੇ ਜਸਵੰਤ ਸਿੰਘ ਕੰਵਲ ਦੀ ਸੰਗਤ ਕੀਤੀ। ਉਹਦਾ ਆਪਣਾ ਪਿੰਡ ਦੀਪਸਿੰਘਵਾਲਾ ਜ਼ਿਲ੍ਹਾ ਫਰੀਦਕੋਟ ਵਿਚ ਪੈਂਦਾ। ਰਿਹਾਇਸ਼ ਮੋਗੇ ਹੈ ਜਿਥੋਂ ਦੇ ਟੋਭੇ ਵਾਲੇ ਸਾਧ ਦੀ ਸੋਭਾ ਲੋਕ ਬੋਲੀਆਂ ਵਿਚ ਸੁਣੀਂਦੀ ਰਹੀ ਤੇ ਗੋਲੀ ਵਾਲੇ ਬੱਤੇ ਮਸ਼ਹੂਰ ਰਹੇ। ਅਖੇ, ਮੋਗਾ ਨਾ ਵਸਣ ਜੋਗਾ, ਨਾ ਵੱਢਣ ਜੋਗਾ, ਨਾ ਛੱਡਣ ਜੋਗਾ। ਮੋਗਾ ਚਾਹ ਜੋਗਾ ਵੀ ਕਿਹਾ ਜਾਂਦਾ ਰਿਹਾ। ਮੋਗੇ ਦੇ ਕਵੀ, ਕਹਾਣੀਕਾਰ, ਨਾਵਲਕਾਰ, ਵਿਅੰਗਕਾਰ ਤੇ ਹਾਕੀ ਦੇ ਉਡਣੇ ਬਾਜ਼ ਬਲਬੀਰ ਸਿੰਘ ਵਰਗੇ ਖਿਡਾਰੀ ਬੜੇ ਮਸ਼ਹੂਰ ਰਹੇ। ਅਮਰ ‘ਸੂਫੀ’ ਦੇ ਦੋਹੇ, ਗ਼ਜ਼ਲਾਂ, ਰੁਬਾਈਆਂ ਤੇ ਬੈਂਤ ਮੋਗੇ ਨੂੰ ਹੋਰ ਮਸ਼ਹੂਰ ਕਰ ਰਹੇ ਹਨ। ਨਜ਼ਮ ਨਾਲ ਉਹ ਨਸਰ ਦਾ ਵੀ ਤਕੜਾ ਖਿਡਾਰੀ ਹੈ। ਉਸ ਦੇ ਦੋਹਿਆਂ ਦੀ ਪੁਸਤਕ ‘ਰਾਜ ਕਰੇਂਦੇ ਰਾਜਿਆ’ ਚੰਗੀ ਚਰਚਾ ਵਿਚ ਹੈ:
ਰਾਜ ਕਰੇਂਦੇ ਰਾਜਿਆ, ਪੁੱਛ ਅਸਾਡਾ ਦੁੱਖ।
ਤੇਰੇ ਰਾਜ ਚ ਵੇਖ ਲੈ, ਭੁੱਖੇ ਮਰਨ ਮਨੁੱਖ।
ਰਾਜ ਕਰੇਂਦੇ ਰਾਜਿਆ, ਤੈਨੂੰ ਕਿੰਨੀ ਮੌਜ।
ਤੇਰੀ ਰਾਖੀ ਵਾਸਤੇ, ਕਿੱਡੀ ਵੱਡੀ ਫੌਜ।
ਰਾਜ ਕਰੇਂਦੇ ਰਾਜਿਆ, ਹੋਈ ਢੇਰ ਕਮਾਲ।
ਲੋਕ ਤਰੱਕੀ ਕਰ ਗਏ, ਨਕਲੀ ਡਿਗਰੀ ਨਾਲ।
ਰਾਜ ਕਰੇਂਦੇ ਰਾਜਿਆ, ਤੇਰੇ ਬੱਚੇ ਜੀਣ।
ਵੱਡੇ ਹੋ ਕੇ, ਖੁੱਲ੍ਹ ਕੇ, ਡੋਡੇ, ਚਿੱਟਾ ਪੀਣ।
ਰਾਜ ਕਰੇਂਦੇ ਰਾਜਿਆ, ਔਖੀ ਨਾ ਕਰ ਜੂਨ।
ਝਬਦੇ ਕਰ ਦੇ ਰੱਦ ਤੂੰ, ਕਾਲ਼ੇ ਤਿੰਨ ਕਾਨੂੰਨ।
ਇਹ ਪੁਸਤਕ ਉਸ ਨੇ ਕਿਸਾਨੀ ਸੰਘਰਸ਼ ਵਿਚ ਕੁੱਦੇ ਸਿਰੜੀ ਤੇ ਸਿਦਕੀ ਯੋਧਿਆਂ ਅਤੇ ਲੋਥਾਂ ਬਣ ਕੇ ਘਰੀਂ ਮੁੜਦੇ ਕਿਰਤੀ ਕਿਸਾਨ ਸ਼ਹੀਦਾਂ ਦੇ ਨਾਂ ਸਮਰਪਿਤ ਕੀਤੀ ਹੈ। ਮਰਹੂਮ ਸ਼ਾਇਰ ਮਹਿੰਦਰ ਸਾਥੀ ਨੇ ਮਰਨ ਤੋਂ ਕੁਝ ਦਿਨ ਪਹਿਲਾਂ ਇਸ ਪੁਸਤਕ ਦਾ ਤੁਆਰਫ਼ ਕਰਵਾਉਂਦਿਆਂ ਇਨ੍ਹਾਂ ਦੋਹਿਆਂ ਬਾਰੇ ਦੋ ਦੋਹੇ ਕਹੇ ਸਨ:
ਕੂੜ ਕੁਸੱਤ ਨਕਾਰਿਆ, ਸੱਚੇ ਮਾਰਗ ਚੱਲ।
ਪੂਰਾ ਕੀਤਾ ਫ਼ਰਜ਼ ਤੂੰ, ਕਰ ਕੇ ਨਿੱਗਰ ਗੱਲ।
‘ਸਾਥੀ’ ਆਖੇ ਐ ਕਵੀ, ਤੂੰ ਸੱਚਾ ਲਿਖਿਆਰ।
ਬਿਨ ਡਰ ਬੁਰਕਾ ਕੁਫ਼ਰ ਦਾ, ਕੀਤਾ ਤਾਰੋ ਤਾਰ।
ਸੁਲੱਖਣ ਸਰਹੱਦੀ ਨੇ ਲਿਖਿਆ: ਅਮਰ ‘ਸੂਫ਼ੀ’ ਪੰਜਾਬੀ ਗ਼ਜ਼ਲ ਦੀ ਸਿਰਮੌਰ ਹਸਤੀ ਹੈ। ਜਦ ਸਥਾਪਤੀ ਵਿਰੁੱਧ ਵਿਦਰੋਹ ਉਭਰਦਾ ਹੈ, ਲੋਕ-ਜੂਹਾਂ ਵਿਚਲੇ ਲੋਕ-ਗੀਤਾਂ ’ਚੋਂ ਵੀ ਵਿਦਰੋਹ ਦੇ ਬੋਲ ਉਭਰਨ ਲੱਗਦੇ ਹਨ। ਅਮਰ ‘ਸੂਫ਼ੀ’ ਦੇ ਸਮੁੱਚੇ ਦੋਹੇ, ਦੋਹੇ ਦੇ ਆਧੁਨਿਕ ਸਰੂਪ ਵਿਚ ਹਨ। ਉਸ ਦੀ ਇਸ ਪੁਸਤਕ ਵਿਚੋਂ ਦੁੱਲੇ ਭੱਟੀ ਦੀ ਰੂਹ ਗਰਜਦੀ ਹੈ ਜੋ ਸਥਾਪਤੀ ਨੂੰ ਵੰਗਾਰਦੀ ਹੈ:
ਰਾਜ ਕਰੇਂਦੇ ਰਾਜਿਆ, ਮੱਚੀ ਅੰਨ੍ਹੀ ਲੁੱਟ।
ਤੇਰੇ ਤੁਗ਼ਲਕ ਰਾਜ ਵਿਚ, ਗਈ ਕਿਰਸਾਨੀ ਟੁੱਟ।
ਰਾਜ ਕਰੇਂਦੇ ਰਾਜਿਆ, ਕੂੜ ਤੇਰਾ ਪਰਚਾਰ।
ਨਿੱਤ ਦਿਹਾੜੇ ਕਲਮ ਤੇ, ਵਾਰ ਕਰੇ ਤਲਵਾਰ।
‘ਸੂਫ਼ੀ’ ਨੇ ‘ਦਿਲ ਦੀ ਗੱਲ’ ਕਰਦਿਆਂ ਲਿਖਿਆ: ਮੇਰੀ ਇਹ ਪੁਸਤਕ ਕਿਰਤੀ ਕਿਸਾਨਾਂ ਦੇ ਮੋਰਚੇ ਤੇ ਸ਼ਹੀਦੀਆਂ ਪ੍ਰਾਪਤ ਕਰ ਚੁੱਕੇ ਯੋਧਿਆਂ ਦੇ ਨਾਂ ਹੈ। ਲੋਕ ਪੀੜਾ ਨੂੰ ਮੈਂ ਜਿਸ ਤਰ੍ਹਾਂ ਮਹਿਸੂਸ ਕੀਤਾ, ਉਸ ਤਰ੍ਹਾਂ ਹੀ ਆਪਣੀ ਸਮਰੱਥਾ ਅਨੁਸਾਰ, ਛੇ ਸੌ ਅਠੱਤਰ ਦੋਹਿਆਂ ਦੀ ਦੋਹਾ-ਮਟਕੀ ਤੁਹਾਡੇ ਅੱਗੇ ਪਰੋਸ ਦਿੱਤੀ ਹੈ।
ਉਸ ਨੇ ਅਜੇ ਗ਼ਜ਼ਲ ਸੰਗ੍ਰਹਿ ‘ਰੂਹ ਦਾ ਰਿਸ਼ਤਾ’, ਬੱਚਿਆਂ ਵਾਸਤੇ ‘ਬੀਬਾ ਰਾਣਾ’, ਵਾਰਤਕ ਪੁਸਤਕ ‘ਨਿੱਕੀ ਜਿਹੀ ਗੱਲ’ ਤੇ ਦੋਹਾ ਪੁਸਤਕ ‘ਰਾਜ ਕਰੇਂਦੇ ਰਾਜਿਆ’ ਹੀ ਛਪਵਾਈਆਂ ਹਨ। ਕਿਤਾਬਾਂ ਦੇ ਹੋਰ ਖਰੜੇ ਵੀ ਲਗਭਗ ਤਿਆਰ ਹਨ ਜਿਨ੍ਹਾਂ ਵਿਚ ਸਭਿਆਚਾਰਕ ਰਚਨਾਵਾਂ ‘ਗੁਆਚੇ ਪਿੰਡ ਦੀ ਗਾਥਾ’, ‘ਸੂਰਾ ਸੋ ਪਹਿਚਾਨੀਐ’, ‘ਅਧਿਆਪਕ ਹੋਣ ਦਾ ਮਾਣ’, ‘ਗੋਰੀ ਧਰਤੀ ਦਾ ਗੇੜਾ’, ‘ਦੋਹੜਾਵਲੀ’, ‘ਅਜ਼ਲੋਂ ਯਾਰ ਫ਼ਕੀਰ’ ਆਦਿ ਹਨ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਜੀਵਨੀ ‘ਪਟਨਾ ਤੋਂ ਨਾਂਦੇੜ’ ਛੇ-ਮਿਸਰੇ ਬੈਂਤਾਂ ਵਿਚ ਲਿਖ ਰਿਹਾ ਹੈ ਜਦ ਕਿ ਰੁਬਾਈਆਂ ਤੇ ਚੁਮਿਸਰੇ ਵਿਉਂਤਣ ਵਾਲੇ ਹਨ। ਉਸ ਨੇ ਖੇਡ ਦੋਹੇ ਲਿਖ ਕੇ ਖੇਡ ਸਾਹਿਤ ਵਿਚ ਵੀ ਸੀਰ ਪਾਇਆ ਹੈ:
ਪਾਣੀ ਪੀ ਪੰਜ ਆਬ ਦਾ, ਹੋਵਣ ਸ਼ੇਰ ਜਵਾਨ।
ਇਹਨਾਂ ਦੀ ਹਰ ਖੇਡ ਨੂੰ, ਮੰਨੇ ਕੁੱਲ ਜਹਾਨ।
ਇਸ ਧਰਤੀ ਚੋਂ ਜੰਮਦੇ, ਸੂਰੇ, ਸ਼ੇਰ, ਦਲੇਰ।
ਜਿਨ੍ਹਾਂ ਦੀ ਹੈ ਬੋਲਦੀ, ਤੂਤੀ ਚਾਰ ਚੁਫੇਰ।
ਸ਼ੇਰਾਂ ਵਰਗਾ ਹੌਸਲਾ, ਝੋਟੇ ਜਿੰਨਾ ਜ਼ੋਰ।
ਤੋਰ ਤੁਰੇਂਦੇ ਮਟਕਣੀ, ਜੀਕੂੰ ਤੁਰਦਾ ਮੋਰ।
ਆਉਂਦੇ ਵਿਚ ਮੈਦਾਨ ਦੇ, ਜਿਉਂ ਮਿਰਗਾਂ ਦੀ ਡਾਰ।
ਕਰਦੇ ਖੇਡ ਮੈਦਾਨ ਦਾ, ਸੀਸ ਨਿਵਾ ਸਤਿਕਾਰ।
ਜੁੱਸੇ ਸੋਹਣੇ ਗੁੰਦਵੇਂ, ਕੱਦੋਂ ਛੇ ਛੇ ਫੁੱਟ।
ਮੇਲ੍ਹਣ ਵਿਚ ਮੈਦਾਨ ਦੇ, ਮੇਲਾ ਲੈਂਦੇ ਲੁੱਟ।
ਵੇਖੋ ਪੁੱਤ ਪੰਜਾਬ ਦਾ, ਨਾਂ ਜਿਸ ਦਾ ਕਰਤਾਰ।
ਜਿੱਤ ਲਿਆ ਇਸ ਮੱਲ ਨੇ, ਕਈ ਵਾਰੀ ਸੰਸਾਰ।
ਦਾਰਾ ਸਿੰਘ ਦਾ ਨਾਮ ਵੀ, ਜਾਣੇ ਕੁੱਲ ਜਹਾਨ।
ਹੋਏ ਜੇਤੂ ਜੱਗ ਦੇ, ਦੋ ਦਾਰੇ ਭਲਵਾਨ।
ਜਦ ਤੀਕਰ ਵੀ ਖੇਡਦੇ, ਹਾਕੀ ਦੇ ਸਰਦਾਰ।
ਚੜ੍ਹਦੇ ਜੇਤੂ ਮੰਚ ਤੇ, ਦਿੰਦੇ ਹਾਰ ਨਕਾਰ।
ਹਾਕੀ ਵਾਲਾ ਫਾਰਵਡ, ਹੁੰਦਾ ਸੀ ਬਲਬੀਰ।
ਲਾ ਕੇ ਗੋਲ਼ਾਂ ਦੀ ਝੜੀ, ਕੀਤੀ ਓਸ ਅਖ਼ੀਰ।
ਕੌਡੀ ਹੁੰਦੀ ਸੀ ਕਦੇ, ਰਗੜਾਂ ਵਾਲੀ ਖੇਡ।
ਖੱਟੀ ਵਾਲੀ ਖੇਡ ਨਾ, ਹੁਣ ਕੋਈ ਇਸ ਜੇਡ।
ਚੋਬਰ ਸੋਹਣਾ ਦਰਸ਼ਨੀ, ਬਾਜੇ ਦਾ ਹਰਜੀਤ।
ਉਸ ਦਾ ਨਾਂ ਹੈ ਚੱਲਣਾ, ਰਹਿੰਦੀ ਦੁਨੀਆ ਤੀਕ।
ਉਸ ਦੀ ਪੂਰੀ ਧਾਂਕ ਸੀ, ਖੇਡ ਮੈਦਾਨਾਂ ਵਿਚ।
ਜਾਫੀ ਨੂੰ ਸੀ ਜਾਣਦਾ, ਉਹ ਮੂਲੋਂ ਹੀ ਟਿੱਚ।
ਮਿਲਖਾ ਉੱਡਣਾ ਸਿੱਖ ਸੀ, ਤੇਜ਼ ਤਰਾਰ ਦੌੜਾਕ।
ਆਇਆ ਲੈ ਸਨਮਾਨ ਉਹ, ਖੇਡਣ ਗਿਆ ਸੀ ਪਾਕ।
ਗੋਲ਼ਾ ਹੈ ਸਨ ਸੁੱਟਦੇ, ਬਹਾਦਰ ਤੇ ਜੁਗਰਾਜ।
ਕੁੜੀਆਂ ਕਿਹੜਾ ਘੱਟ ਨੇ, ਉਹ ਨੇ ਮੁੱਕੇਬਾਜ਼।
ਪੰਜਾਬੀ ਹਰ ਖੇਡ ਵਿਚ, ਆਪਣੀ ਹੋਂਦ ਜਤਾਉਣ।
ਹਰ ਇੱਕ ਥਾਂ ਤੇ ਦੋਸਤੋ, ਨਵੀਆਂ ਪੈੜਾਂ ਪਾਉਣ।
ਉਸ ਨੇ ਖੇਡ ਬੈਂਤ ਲਿਖਣ ਤੇ ਵੀ ਆਪਣੀ ਕਲਮ ਅਜ਼ਮਾਈ ਹੈ:
ਭਾਗਾਂ ਵਾਲੀ ਇਹ ਧਰਤ ਪੰਜਾਬ ਦੀ ਹੈ,
ਜੰਮੇ ਸੂਰਮੇ, ਭਗਤ, ਭਲਵਾਨ ਮੀਆਂ।
ਦਾਰੇ, ਗਾਮੇ ਤੇ ਕਿੱਕਰ ਜਿਹੇ ਹੋਏ ਪੈਦਾ,
ਮੱਲ ‘ਫਤਿਹ’ ਜਿਹੇ ਹੋਏ ਮਹਾਨ ਮੀਆਂ।
ਮਾਝੇ ਵਾਲੇ ਕਰਤਾਰ ਦੀ ਪੈਂਠ ਡਾਢੀ,
ਜਿੱਤਿਐ ਜਿਸ ਕਈ ਵਾਰ ਜਹਾਨ ਮੀਆਂ।
ਥੱਬੇ ਥੱਬੇ ਦੇ ਪੱਟ ਨੇ ਚੋਬਰਾਂ ਦੇ,
ਡੌਲ਼ੇ ਗੁੰਦਵੇਂ ਨੇ ਜਿਵੇਂ ਵਦਾਨ ਮੀਆਂ।
ਸ਼ੇਰਾਂ ਵਾਂਙ ਮੈਦਾਨ ਵਿਚ ਦੇਣ ਗੇੜੇ,
ਦਿੰਦੇ ਜਿੱਤ ਦੇ ਗੱਡ ਨਿਸ਼ਾਨ ਮੀਆਂ।
ਬਾਜ਼ੀ ਜਿੱਤ ਜਦ ਆਉਣ ਪੰਜਾਬ ਵਾਲੇ,
ਕਰਦੈ ਮਾਣ ਫਿਰ ਹਿੰਦੁਸਤਾਨ ਮੀਆਂ।
ਹੁੰਦੀ ਵੱਖ ਪਹਿਚਾਣ ਪੰਜਾਬੀਆਂ ਦੀ,
ਸਾਰੇ ਜੱਗ ਤੋਂ ਅੱਡਰੀ ਸ਼ਾਨ ਮੀਆਂ।
ਜੀਅ-ਜਾਨ ਦੇ ਨਾਲ ਇਹ ਜੂਝਦੇ ਨੇ,
ਮਾਰ ਲੈਣ ਇਹ ਸਦਾ ਮੈਦਾਨ ਮੀਆਂ।
ਸਿੱਕਾ ਚੱਲੇ ਹਰ ਥਾਵੇਂ ਪੰਜਾਬੀਆਂ ਦਾ,
ਹੋਏ ਜਗਤ ਵਿਚ ਢੇਰ ਬਲਵਾਨ ਮੀਆਂ।
ਕਿਸੇ ਗੱਲੋਂ ਪੰਜਾਬਣਾਂ ਘੱਟ ਹੈ ਨਾ,
ਮਿਲਦਾ ਇਨ੍ਹਾਂ ਨੂੰ ਢੇਰ ਸਨਮਾਨ ਮੀਆਂ।
ਡੀਟੀ-ਪਾੜਾ ਦੀ ਖੇਡ ਤੋਂ ਚੱਲ ਇਹਨਾਂ,
ਉਲੰਪਿਕ ਵਿਚ ਵੀ ਛੱਡੇ ਨਿਸ਼ਾਨ ਮੀਆਂ।
ਕਲਮਾਂ ਵਾਲੜੇ ਇਨ੍ਹਾਂ ਦੀ ਕਰਨ ਚਰਚਾ,
ਸ਼ਬਦ ਇਨ੍ਹਾਂ ਤੋਂ ਕਰਨ ਕੁਰਬਾਨ ਮੀਆਂ।
ਕਿਸੇ ਸਾਜਿ਼ਸ਼ ਦਾ ‘ਸੂਫ਼ੀ’ ਸ਼ਿਕਾਰ ਹੋਏ,
ਕੀਤਾ ਚਿੱਟੇ ਨੇ ਢੇਰ ਨੁਕਸਾਨ ਮੀਆਂ।
‘ਸੂਫ਼ੀ’ ਦਾ ਮਤਲਬ ਨਾ ਸ਼ਾਹ ਹੁਸੈਨ ਜਿਹਾ ‘ਸੂਫ਼ੀ’ ਹੈ, ਨਾ ‘ਸੋਫ਼ੀ’। ‘ਸੂਫ਼ੀ’ ਉਸ ਦਾ ਤਖ਼ੱਲਸ ਹੈ ਜਦ ਕਿ ਅਸਲੀ ਨਾਂ ਅਮਰ ਸਿੰਘ ਸੰਧੂ ਹੈ। ਉਸ ਨੇ ਲਿਖਿਆ:
ਪਿਤਾ ਜੀ ਦੱਸਦੇ ਸਨ ਕਿ ਉਹ ਸੂਰਜ ਚੜ੍ਹਦੇ ਨੂੰ ਸਤਲੁਜ ਦੇ ਉਸ ਪੱਤਣ ਤੇ ਪਹੁੰਚ ਗਏ, ਜਿਥੋਂ ਬੇੜੇ ਰਾਹੀਂ ਦਰਿਆ ਪਾਰ ਕਰਨਾ ਸੀ। ਉਹ ਚਾਰ-ਛੇ ਮਹੀਨਿਆਂ ਬਾਅਦ ਚੱਕਰਵਰਤੀ ਜੀ ਨੂੰ ਮਿਲਣ ਜਾਂ ਵਲਟੋਹੇ ਵਾਲੀ ਜ਼ਮੀਨ ਦਾ ਠੇਕਾ ਲੈਣ ਓਧਰ ਗੇੜਾ ਮਾਰਦੇ ਰਹਿੰਦੇ। ਸੰਤ ਇੰਦਰ ਸਿੰਘ ਚੱਕਰਵਰਤੀ ਉਨ੍ਹਾਂ ਦੇ ਉਦੋਂ ਤੋਂ ਮਿੱਤਰ ਸਨ ਜਦੋਂ ਪਿਤਾ ਜੀ ਲਾਹੌਰ ਕਾਲਜ ਵਿਚ ਪੜ੍ਹਦੇ ਸਨ। ਇਕ ਹੋਰ ਗੱਲ ਦਾ ਮੈਨੂੰ ਵੱਡਾ ਹੋ ਕੇ ਪਤਾ ਲੱਗਾ ਕਿ ਸਾਲ ਚ ਇਕ ਅੱਧਾ ਗੇੜਾ ਉਹ ਆਪਣੀ ਹਮਜਮਾਤਣ ਸੁਰੱਈਆ ਨੂੰ ਮਿਲਣ ਲਾਹੌਰ ਵੀ ਕੱਢ ਆਉਂਦੇ। ਉਦੋਂ ਸਰਹੱਦ ‘ਤੇ ਤਾਰ ਨਹੀਂ ਸੀ ਲੱਗੀ ਹੁੰਦੀ।
ਪਰਿਵਾਰ ਦੀ ਸੁੱਖ-ਸਾਂਦ ਪੁੱਛਦਿਆਂ ਚੱਕਰਵਰਤੀ ਜੀ ਬੋਲੇ, “ਸੰਧੂਆ! ਏਨੇ ਸਾਝਰੇ ਕਿਵੇਂ ਆਇਐਂ?”
“ਚੱਕਰਵਰਤੀ ਜੀ! ਤੁਹਾਨੂੰ ਖੁਸ਼ੀ ਦੀ ਖ਼ਬਰ ਦੇਣ ਆਇਆਂ।”
“ਖ਼ੁਸ਼ੀ ਦੀ ਖ਼ਬਰ ਏਨੀ ਦੇਰ ਲੁਕੋਈ ਕਿਉਂ ਰੱਖੀ?”
“ਮੈਂ ਸੋਚਿਆ ਰਤਾ ਸਹਿਜ ਨਾਲ ਸੁਣਾਵਾਂਗਾ। ਪੁੱਤਰ ਦੀ ਬਖ਼ਸ਼ਿਸ਼ ਹੋਈ ਐ ਜੀ।”
“ਢੇਰਾਂ ਦੇ ਢੇਰ ਮੁਬਾਰਕਾਂ! ਸੱਚੇ ਪਾਤਸ਼ਾਹ ਲੰਬੀ ਉਮਰ ਕਰੇ। ਦੁਨੀਆ ਭਰ ਦੀਆਂ ਖ਼ੁਸ਼ੀਆਂ ਨਸੀਬ ਹੋਣ। ਤੰਦਰੁਸਤ ਰਹੇ। ਬੜੀ ਮਿਹਰ ਐ। ਵਾਹ ਉਏ ਮਾਲਕਾ! ਮੋੜ ਕੇ ਦੇ ਦਿੱਤਾ।” ਪਿਤਾ ਜੀ ਦੱਸਦੇ ਹੁੰਦੇ ਕਿ ਸੰਤ ਜੀ ਨੂੰ ਨਿਰਮਲ ਦੀ ਮੌਤ ਬਾਰੇ ਪਤਾ ਸੀ।
“ਚੱਲ ਉੱਠ, ਗੁਰੂ ਸਾਹਿਬ ਅੱਗੇ ਸ਼ੁਕਰਾਨੇ ਦੀ ਅਰਦਾਸ ਕਰੀਏ।” ਸੰਤਾਂ ਨੇ ਉਠਦਿਆਂ ਕਿਹਾ।
“ਸੰਤ ਜੀ! ਪਹਿਲਾਂ ਅਸਲੀ ਮਸਲਾ ਸੁਣ ਲਵੋ।”
ਪਿਤਾ ਜੀ ਨੇ ਮੇਰੇ ਜਨਮ ਤੋਂ ਡੇਢ ਮਹੀਨਾ ਲੰਘ ਜਾਣ ਤੀਕਰ ਨਾਂ ਰੱਖਣ ਦਾ ਘੈਂਸ ਘੈਂਸ ਹੋਣ ਵਾਲਾ ਸਾਰਾ ਹਾਲ ਹਵਾਲ ਸੁਣਾ ਦਿਤਾ। ਨਾਨਕਿਆਂ ਦੇ ਰੱਖੇ ਨਾਂ ਨੂੰ ਰੱਦ ਕਰਨ, ਵੱਡੇ ਬਾਪੂ ਜੀ ਅਤੇ ਘਰ ਦੇ ਹੋਰ ਜੀਆਂ ਵੱਲੋਂ ਸੁਝਾਏ ਨਾਵਾਂ ਤੇ ਕਾਟਾ ਮਾਰਨ ਤੇ ਭੂਆ ਜੀ ਵੱਲੋਂ ਸੁਝਾਇਆ ਨਾਂ ਰੱਖਣ ਦੀ ਹਿੰਡ ਕਰਨ ਆਦਿ ਬਾਰੇ ਊੜੇ ਤੋਂ ੜਾੜੇ ਤੱਕ ਦੀ ਵਿਆਖਿਆ ਕਰ ਦਿੱਤੀ।
ਸੰਤ ਚੱਕਰਵਰਤੀ ਜੀ ਸਹਿਜ ਮਤੇ ਨਾਲ ਬੋਲੇ, “ਪੁੱਤਰ ਦਾ ਜਨਮ ਕਿਸ ਦਿਨ ਦਾ ਹੈ?
“ਸ਼ਨੀਵਾਰ ਦਾ ਐ ਜੀ।”
“ਕਿਹੜਾ ਮ੍ਹੀਨਾ, ਕਿੰਨੇ ਦਿਨ ਗਿਆ ਸੀ?
“ਓਦਨ ਨੌਂ ਭਾਦਰੋਂ ਸੀ।”
“ਸਵੇਰ ਦਾ ਜੰਮ ਐ ਕਿ ਸ਼ਾਮ ਦਾ?”
“ਸੁਬ੍ਹਾ ਸਵਾ ਪੰਜ ਵਜੇ ਦਾ।”
“ਉਏ ਮੂਰਖਾ! ਜਵਾਕ ਦਾ ਨਾਂ ਰੱਖਣ ਵਾਸਤੇ ਚਾਲੀ ਕੋਹ ਪੈਂਡਾ ਮਾਰ ਕੇ ਆਇਐਂ। ਏਨਾ ਪੰਧ ਮੁੜਦਾ ਕਰੇਂਗਾ। ਗੁਰਦੁਆਰੇ ਜਾਂਦੋਂ। ਗੁਰੂ ਸਾਹਿਬ ਚੋਂ ਵਾਕ ਲੈਂਦੋਂ। ਪਹਿਲੇ ਅੱਖਰ ਤੇ ਨਾਂ ਰੱਖ ਲੈਣਾ ਸੀ। ਗੁਰੂ ਸਾਹਿਬ ਮਿਹਰਾਂ ਕਰਦੇ।”
“ਲਿਆ ਸੀ ਜੀ ਵਾਕ।”
“ਕੀ ਬਚਨ ਕੀਤਾ ਗੁਰੂ ਸਾਹਿਬ ਨੇ?”
“ਆੜਾ ਆਇਆ ਸੀ।”
“ਵਾਹਿਗੁਰੂ… ਆੜਾ… ਅਮਰ ਸਿੰਘ। ਸੱਚੇ ਪਾਤਸ਼ਾਹ ਮਿਹਰ ਕਰੀਂ।” ਸੰਤ ਜੀ ਨੇ ਇਹ ਕਹਿੰਦਿਆਂ ਆਪਣੇ ਦੋਵੇਂ ਹੱਥ ਜੋੜ ਕੇ ਸਿਰ ਤੋਂ ਉੱਚੇ ਚੁੱਕ ਲਏ।
“ਸਤਬਿਚਨ ਜੀ ਪਰ ਇਹ ਨਾਂ ਤਾਂ ਪੁੱਤਰ ਦੀ ਨਾਨੀ ਦਾ ਹੈ, ਅਮਰ ਕੌਰ।”
“ਕੋਈ ਗੱਲ ਨਹੀਂ। ਨਾਨੀ ਆਪਣੀ ਥਾਂ, ਦੋਹਤਰਾ ਆਪਣੀ ਥਾਂ। ਚੰਗੇ ਭਾਗਾਂ ਵਾਲਾ ਹੋਵੇਗਾ। ਜਿਹੜੇ ਪਾਸੇ ਪੈਰ ਪਾਵੇਗਾ, ਤਰੱਕੀ ਕਰੇਗਾ। ਮਿਹਨਤੀ ਹੋਵੇਗਾ। ਜਿੱਤਾਂ ਪੈਰੀਂ ਪੈਣਗੀਆਂ। ਮੇਰਾ ਸੱਚਾ ਸਤਿਗੁਰ ਅੰਗ-ਸੰਗ ਸਹਾਈ ਹੋਵੇਗਾ।”
“ਠੀਕ ਐ ਜੀ, ਸਤਬਿਚਨ।” ਪਿਤਾ ਜੀ ਬੋਲੇ।
“ਚੱਲ ਹੁਣ, ਪੁੱਤਰ ਅਮਰ ਸਿੰਘ ਦੀ ਸਦੈਵ ਚੜ੍ਹਦੀ ਕਲਾ ਵਾਸਤੇ ਅਰਦਾਸ ਕਰੀਏ।” ਚੱਕਰਵਰਤੀ
ਜੀ ਬੋਲੇ।
ਦੋਹਾਂ ਨੇ ਮੂੰਹ ਹੱਥ ਧੋਤੇ। ਸੰਤ ਜੀ ਨੇ ਅਰਦਾਸ ਵਿਚ ਸ਼ਾਮਲ ਹੋਣ ਵਾਸਤੇ ਕੁਝ ਸੇਵਕਾਂ ਨੂੰ ਆਵਾਜ਼ ਮਾਰੀ। ਅਮਰ ਸਿੰਘ ਨਾਮਕਰਨ ਦੀ ਅਰਦਾਸ ਕੀਤੀ। ਗੁਰੂ ਸਾਹਿਬ ਦੀ ਤਾਬਿਆ ਬੈਠ ਕੇ ਵਾਕ ਲਿਆ। ਹੁਕਮਨਾਮਾ ਵਰਕੇ ਤੇ ਲਿਖ ਕੇ ਪਿਤਾ ਜੀ ਨੂੰ ਫੜਾਉਂਦਿਆਂ ਪੰਜ ਰੁਪਏ ਸ਼ਗਨ ਵੀ ਦੇ ਦਿੱਤਾ।
ਮੈਂ ਤੇ ਮੇਰੀ ਸਿਰਜਣਾ
ਪਿਤਾ ਜੀ ਲਾਹੌਰ ਦੇ ਪੜ੍ਹੇ ਹੋਏ ਸਨ। ਉਨ੍ਹਾਂ ਦਾ ਉਰਦੂ ਤੇ ਪੰਜਾਬੀ ਦੇ ਵੱਡੇ ਸ਼ਾਇਰਾਂ ਨਾਲ ਉੱਠਣ-ਬੈਠਣ ਸੀ ਜਿਨ੍ਹਾਂ ਵਿਚ ਕੰਵਰ ਮਹਿੰਦਰ ਸਿੰਘ ਬੇਦੀ, ਕਰਤਾਰ ਸਿੰਘ ਬਲੱਗਣ, ਪ੍ਰੋ. ਮੋਹਨ ਸਿੰਘ, ਦੀਪਕ ਜੈਤੋਈ ਆਦਿ ਤੋਂ ਇਲਾਵਾ ਹੋਰ ਵੀ ਕਈ ਸਨ। ਹੱਲੇ-ਗੁੱਲੇ ਵੇਲ਼ੇ ਉੱਜੜ ਕੇ ਆਉਂਦੇ ਹੋਏ ਜਿਹੜਾ ਸਾਮਾਨ ਉਹ ਨਾਲ ਲੈ ਕੇ ਆਏ ਸਨ, ਉਨ੍ਹਾਂ ਵਿਚ ਤਿੰਨ ਕਿਤਾਬਾਂ ਵੀ ਸਨ: ਹੀਰ ਵਾਰਿਸ ਸ਼ਾਹ, ਪ੍ਰੋ. ਮੋਹਨ ਸਿੰਘ ਦੀ ‘ਸਾਵੇ ਪੱਤਰ’ ਤੇ ਬਾਬੂ ਫ਼ੀਰੋਜ਼ਦੀਨ ਸ਼ਰਫ਼ ਦੀ ‘ਸੁਨਹਿਰੀ ਕਲੀਆਂ’। ‘ਸਾਵੇ ਪੱਤਰ’ ਪ੍ਰੋ. ਮੋਹਨ ਸਿੰਘ ਵੱਲੋਂ ਆਪਣੇ ਦਸਤਖਤ ਕਰ ਕੇ ਪਿਤਾ ਜੀ ਨੂੰ ਤੋਹਫ਼ੇ ਵਜੋਂ ਦਿੱਤੀ ਹੋਈ ਸੀ।
ਮੂਲੋਂ ਅਨਪੜ੍ਹ ਮੇਰੀ ਮਾਂ ਬਹੁਤ ਸਚਿਆਰੀ ਸੀ। ਉਸ ਦੀਆਂ ਪਕਾਈਆਂ ਗੋਲ ਰੋਟੀਆਂ ਨੂੰ ਮੈਂ ਇਕ ਦੂਜੀ ਉੱਤੇ ਧਰ ਕੇ ਦੇਖਦਾ, ਇਕੋ ਜਿੱਡੀਆਂ ਹੁੰਦੀਆਂ। ਉਹ ਕੱਚੇ ਘਰ ਨੂੰ ਲਿੰਬ-ਪੋਚ ਕੇ ਰੱਖਦੀ। ਪਾਥੀਆਂ ਪੱਥਦੀ ਤਾਂ ਇਕੋ ਜਿੱਡੀਆਂ। ਕੰਧੋਲ਼ੀ ਤੇ ਮਿੱਟੀ ਦਾ ਮੋਰ ਬਣਾਉਂਦੀ ਤਾਂ ਮੂੰਹੋਂ ਬੋਲਣ ਲਾ ਦਿੰਦੀ। ਹੋਰ ਘਰਾਂ ਚ ਉਸ ਦੇ ਸਚਿਆਰਪੁਣੇ ਦੀਆਂ ਗੱਲਾਂ ਚੱਲਦੀਆਂ।
ਛੇਤੀ ਹੀ ਪਿਤਾ ਜੀ ਨੇ ਮਹਿਸੂਸ ਕਰ ਲਿਆ ਸੀ, ਬਾਪ ਬੇਸ਼ਕ ਕਿੰਨਾ ਵੀ ਯੋਗ ਹੋਵੇ, ਉਹ ਆਪਣੇ ਬੱਚੇ ਦਾ ਉਸਤਾਦ ਨਹੀਂ ਬਣ ਸਕਦਾ। ਇਕ ਦਿਨ ਉਹ ਮੈਨੂੰ ਨਾਲ ਲੈ ਕੇ ਆਪਣੇ ਬੇਲੀ ਦੀਪਕ ਜੈਤੋਈ ਨੂੰ ਮੇਰੀ ਬਾਂਹ ਫੜਾ ਆਏ। ਹਫ਼ਤੇ ਦਸੀਂ ਦਿਨੀਂ ਮੈਂ ਦੀਪਕ ਸਾਹਿਬ ਕੋਲ ਜੈਤੋ ਜਾਂਦਾ। ਉਹ ਦਿਲ ਦੇ ਬਹੁਤ ਕੋਮਲ ਸਨ ਪਰ ਸਿੱਖਣ-ਸਿਖਾਉਣ ਦੇ ਮਾਮਲੇ ਵਿਚ ਬੜੇ ਸਖ਼ਤ ਮਿਜ਼ਾਜ। ਉਨ੍ਹਾਂ ਜੋ ਸਿਖਾਇਆ, ਹੁਣ ਤੀਕ ਕੰਮ ਆਉਂਦਾ ਹੈ।
ਜਦੋਂ ਮੈਂ ਰਾਓ ਬਰਿੰਦਰ ਸਿੰਘ ਕਾਲਜ ਆਫ਼ ਐਜੂਕੇਸ਼ਨ, ਰਿਵਾੜੀ ਵਿਖੇ ਅਧਿਆਪਕ ਬਣਨ ਦੀ ਸਿੱਖਿਆ ਲੈਣ ਗਿਆ, ਉਦੋਂ ਮੇਰੀ ਕਵਿਤਾ ਵਿਚ ਚੰਗੀ ਪਕਿਆਈ ਆ ਚੁੱਕੀ ਸੀ। ਜਿਵੇਂ ਜਿਵੇਂ ਉਮਰ ਵਡੇਰੀ ਤੇ ਸਮਝ ਪਕੇਰੀ ਹੁੰਦੀ ਗਈ, ਕਵਿਤਾ ਵਿਚੋਂ ਰੁਮਾਂਸ ਦੀ ਚਾਸ਼ਣੀ ਘਟਦੀ ਗਈ ਤੇ ਸਮਾਜਿਕ ਸਰੋਕਾਰ ਥਾਂ ਮੱਲਦੇ ਗਏ। ਜਥੇਬੰਦੀ ਵਿਚ ਨਿਠ ਕੇ ਕੰਮ ਕਰਨ ਕਰਕੇ ਸੂਝ ਵਿਚ ਹੋਰ ਨਿਖ਼ਾਰ ਆਇਆ। ਲੋਕ ਮਸਲਿਆਂ ਨੂੰ ਮੁੱਢੋਂ ਸਮਝਣ ਦੀ ਜਾਚ ਆਈ। ਹੱਕੀ ਮੰਗਾਂ ਖ਼ਾਤਰ ਸਰਕਾਰਾਂ ਵਿਰੁੱਧ ਸੰਘਰਸ਼ ਕਰਦਿਆਂ ਕਈ ਵਾਰ ਜੇਲ੍ਹ ਜਾਣ ਨਾਲ ਮਨ ਵਿਚ ਨਾਬਰੀ ਉਪਜ ਪਈ। ਦੁੱਲਾ ਭੱਟੀ ਤੇ ਭਗਤ ਸਿੰਘ ਮੇਰੇ ਮਨ ਵਿਚ ਵਸ ਗਏ।
ਰੋਟੀ, ਕੱਪੜਾ, ਮਕਾਨ ਤੋਂ ਬਾਅਦ ਚੰਗਾ ਜੀਵਨ ਜਿਊਣ ਵਾਸਤੇ ਤਿੰਨ ਹੋਰ ਮੁੱਖ ਲੋੜਾਂ ਹਨ; ਸਿਹਤ, ਸਿੱਖਿਆ ਤੇ ਸੁਰੱਖਿਆ। ਭਾਰਤ ਵਿਚ ਇਨ੍ਹਾਂ ਤਿੰਨ ਸੇਵਾਵਾਂ ਦਾ ਹਾਲ ਬਹੁਤ ਮਾੜਾ ਹੋਇਆ ਪਿਆ।
ਮੈਂ ਪਾਬੰਦ ਕਵਿਤਾ ਨੂੰ ਪਸੰਦ ਕਰਦਾ ਹਾਂ। ਅਰੂਜ਼ ਤੇ ਪਿੰਗਲ, ਦੋਹਾਂ ਵਿਆਕਰਨਾਂ ਅਨੁਸਾਰ ਕਵਿਤਾ ਕਹਿ ਲੈਂਦਾ ਹਾਂ ਯਾਨਿ ਕਿ ਗ਼ਜ਼ਲ ਦੇ ਨਾਲ ਨਾਲ ਦੋਹਾ, ਰੁਬਾਈ, ਦੋਹੜਾ, ਲਹਿਰੀਆ, ਕੋਰੜਾ, ਕਬਿੱਤ, ਬੈਂਤ ਆਦਿ ਪਿੰਗਲਈ ਛੰਦਾਂ ਚ ਵੀ ਕਾਵਿ-ਰਚਨਾ ਕੀਤੀ ਹੈ। ਸਾਹਿਤਕ ਗੀਤ ਵੀ ਲਿਖੇ ਹਨ। ਕਵਿਤਾ ਦੇ ਨਾਲ ਮੈਂ ਵਾਰਤਕ ਦੀ ਸਿਰਜਣਾ ਵੀ ਕੀਤੀ ਹੈ। ਚੌਦਾਂ ਪੰਦਰਾਂ ਵਰ੍ਹੇ ਢੁੱਡੀਕੇ ਰਹਿਣ ਸਦਕਾ ਜਸਵੰਤ ਸਿੰਘ ਕੰਵਲ ਤੇ ਸਰਵਣ ਸਿੰਘ ਹੁਰਾਂ ਦਾ ਨਿੱਘਾ ਸਾਥ ਮਾਣਿਆ ਤੇ ਉਨ੍ਹਾਂ ਤੋਂ ਬਹੁਤ ਕੁਝ ਸਿੱਖਿਆ। ਇਹ ਦੋਵੇਂ ਲੇਖਕ ਮੈਨੂੰ ਵਾਰਤਕ ਦੇ ਸਕੂਲ ਲੱਗਦੇ ਹਨ।
ਮੈਂ ਕਵਿਤਾ ਲਿਖਦਾ ਹਾਂ ਤੇ ਵਾਰਤਕ ਵੀ। ਕਵਿਤਾ ਵਿਚ ਖ਼ਿਆਲ ਕਹਿਣ ਦਾ ਆਪਣਾ ਅਨੰਦ ਹੈ ਤੇ ਵਾਰਤਕ ਵਿਚ ਬਿਆਨ ਕਰਨ ਦਾ ਆਪਣਾ। ਐਪਰ ਜਿਹੜੀ ਗੱਲ ਵਰਤਕ ਵਿਚ ਆਖੀ ਜਾ ਸਕਦੀ ਹੈ ਉਹ ਕਵਿਤਾ ਚ ਕਹਿਣੀ ਔਖੀ ਹੁੰਦੀ ਹੈ ਕਿਉਂਕਿ ਕਵਿਤਾ ਵਿਚ ਸ਼ਬਦਾਂ ਦੀ ਖ਼ਾਸ ਸੀਮਾ ਤੈਅ ਹੁੰਦੀ ਹੈ। ਪ੍ਰਿੰ. ਸਰਵਣ ਸਿੰਘ ਤਾਂ ਵਾਰਤਕ ਦਾ ਵੀ ਪਿੰਗਲ ਦੱਸਦੇ ਹਨ। ਸਾਡੇ ਘਰ ਅੰਦਰ ਕਿਤਾਬ ਘਰ ਹੈ, ਬਾਹਰ ਟਹਿਲਣ ਵਾਸਤੇ ਛੋਟੀ ਜਿਹੀ ਫੁਲਵਾੜੀ। ਮੈਂ ਤੇ ਮੇਰੀ ਸਰਦਾਰਨੀ ਸੇਵਾ ਮੁਕਤ ਹੋ ਗਏ ਹਾਂ। ਦੋਵੇਂ ਬੇਟੇ ਮੈਡੀਕਲ ਖੇਤਰ ਵਿਚ ਸੇਵਾ ਨਿਭਾਅ ਰਹੇ ਹਨ। ਅੰਮ੍ਰਿਤਪਾਲ ਅਮਰੀਕਾ ਤੇ ਆਗਿਆਪਾਲ ਕੈਨੇਡਾ ਵਿਚ ਹੈ। ਆਪਣੀ ਗੱਲ ਮੈਂ ਇਸ ਦੋਹੇ ਨਾਲ ਸਮਾਪਤ ਕਰਦਾ ਹਾਂ:
ਜੇਕਰ ਬੋਲੇ ਸ਼ਾਇਰ ਨਾ, ਬੋਲੇਗਾ ਫਿਰ ਕੌਣ।
ਬਿਨ ਬੋਲੇ ਨਾ ਨਿਕਲਣੀ, ਜੂਲ਼ੇ ਹੇਠੋਂ ਧੌਣ।
ਜਾਤ ਗੋਤ ਦਾ ਚੱਕਰ ਤੇ ਵਿਆਹ
ਪਹਿਲੀ ਪੋਸਟਿੰਗ ਤੇ ਮੈਂ ਜਿਹੜੇ ਸਕੂਲ ਚ ਗਿਆ, ਉਸ ਵਿਚ ਦੋ ਅਧਿਆਪਕ ਤੇ ਪੰਜ ਅਧਿਆਪਕਾਵਾਂ ਸਨ। ਰਾਜਿੰਦਰ ਕੌਰ ਸਿੱਧੂ ਸੀ, ਰਸ਼ਮੀ ਗਰਗ ਸੀ, ਕੁਲਦੀਪ ਕੌਰ ਕੰਡਾ, ਰਾਜ ਰਾਣੀ ਗੁਲਿਆਨੀ ਤੇ ਸਨੇਹ ਲਤਾ ਸਾਂਗਵਾਨ ਸੀ। ਸਕੂਲ ਮੁਖੀ ਗੁਰਮੀਤ ਸਿੰਘ ਆਪਣੇ ਨਾਂ ਨਾਲ ‘ਹੀਰਾ’ ਲਿਖਦਾ ਸੀ। ਉਨੀਂ ਦਿਨੀਂ ਮੇਰੀਆਂ ਰਚਨਾਵਾਂ ਅਮਰ ਸਿੰਘ ਸੰਧੂ ਨਾਂ ਹੇਠ ਛਪਣ ਲੱਗ ਪਈਆਂ ਸਨ ਪਰ ਮੈਂ ਵੱਖਰੀ ਪਛਾਣ ਬਣਾਉਣ ਵਾਸਤੇ ਕਿਸੇ ਮਨਮੋਹਕ ਤਖ਼ੱਲਸ ਦੀ ਭਾਲ ਵਿਚ ਸਾਂ।
ਕਈ ਤਖ਼ੱਲਸ ਵਿਚਾਰਨ ਬਾਅਦ ‘ਰਤਨ’ ਤਖ਼ੱਲਸ ਜਚ ਗਿਆ ਜੋ ‘ਹੀਰੇ’ ਨੂੰ ਵੀ ਮਾਤ ਪਾਉਂਦਾ ਸੀ। ਮੈਂ ਆਪਣੇ ਨਾਂ ਨਾਲੋਂ ਸੰਧੂ ਹਟਾਅ ਕੇ ‘ਰਤਨ’ ਲਾਉਣਾ ਸ਼ੁਰੂ ਕਰ ਦਿੱਤਾ।
ਇਕ ਦਿਨ ਰਾਜਿੰਦਰ ਕੌਰ ਸਿੱਧੂ ਪੁੱਛਣ ਲੱਗੀ, “ਤੁਹਾਡੇ ਵਿਆਹ ਦੀ ਗੱਲ ਤੁਰੀ ਕਿਤੇ?”
“ਨਹੀਂ ਜੀ, ਅਜੇ ਤਾਂ ਕਿਤੇ ਨਹੀਂ ਤੁਰੀ।”
“ਮੇਰੀ ਭਤੀਜੀ ਐ ਗੁਰਕੀਰਤ, ਐੱਮਏ ਪਹਿਲੇ ਸਾਲ ਚ ਐ। ਚੰਦ ਵਰਗੀ ਐ। ਤੁਹਾਡੇ ਜਿੱਡੀ ਲੰਮੀ।”
‘ਚੰਦ ਵਰਗੀ’ ਤੇ ‘ਤੁਹਾਡੇ ਜਿੱਡੀ ਲੰਮੀ’ ਸੁਣ ਕੇ ਮੇਰੇ ਮਨ ਵਿਚ ਗੁਦਗੁਦੀ ਜਿਹੀ ਹੋਈ।
ਘੰਟੀ ਵੱਜਣ ਤੇ ਉੱਠਦਿਆਂ ਬੋਲੀ, “ਬਾਈ ਤੇਜਿੰਦਰ ਨੂੰ ਤੁਹਾਡੇ ਬਾਰੇ ਮੇਰਾ ਦੱਸਿਆ ਹੋਇਐ। ਉਹ ਆਪ ਆ ਕੇ ਪਹਿਲਾਂ ਤੁਹਾਡੇ ਨਾਲ ਗੱਲ ਕਰ ਲਵੇਗਾ। ਫੇਰ ਗੱਲ ਅੱਗੇ ਤੋਰ ਲਵਾਂਗੇ, ਤੁਹਾਡੇ ਘਰਦਿਆਂ ਨਾਲ।”
ਦੇਖਣ ਦਿਖਾਉਣ ਦੀ ਗੁਪਤ ਸਕੀਮ ਬਣਾ ਲਈ ਗਈ। ਕਮਲ ਚੌਕ ਤੋਂ ਥੋੜ੍ਹਾ ਅੱਗੇ ਚੰਦ ਵਾਲੀ ਗਲੀ ਚ ਉਨ੍ਹਾਂ ਦਾ ਘਰ ਸੀ। ਮੈਂ ਉਨ੍ਹਾਂ ਦੋਹਾਂ ਨੂੰ ਦੂਰੋਂ ਹੀ ਥੜ੍ਹੀ ਤੇ ਖੜ੍ਹੀਆਂ ਦੇਖ ਲਿਆ। ਉਹ ਸੱਚਮੁੱਚ ਹੀ ਮੇਰੇ ਜਿੱਡੀ ਲਗਦੀ ਸੀ। ਭਰਵੇਂ ਜੋਬਨ ਚ ਉਹ ਸੋਹਣੀ ਵੀ ਬਹੁਤ ਲੱਗੀ। ਮੈਂ ਜ਼ਰਾ ਕੁ ਹੌਲੀ ਹੁੰਦਿਆਂ ਉਸ ਵੱਲ ਟੇਢੀ ਨਜ਼ਰ ਸੁੱਟੀ। ਨਜ਼ਰ ਮਿਲਦਿਆਂ ਹੀ ਗੁਰਕੀਰਤ ਨੇ ਨੀਵੀਂ ਪਾ ਲਈ।
ਅੱਧੀ ਰਾਤ ਤੀਕਰ ਗੁਰਕੀਰਤ ਦੀ ਖੂਬਸੂਰਤੀ, ਲੰਮਾ ਕੱਦ, ਚਿਹਰੇ ਉਤਲੀ ਮਾਸੂਮੀਅਤ ਤੇ ਹੋਰ ਪਤਾ ਨਹੀਂ ਕਿਹੜੇ ਕਿਹੜੇ ਖਿਆਲ ਮੇਰੇ ਮਨ ਚ ਖ਼ੌਰੂ ਪਾਉਂਦੇ ਰਹੇ। ਖ਼ੈਰ! ਅਗਲੇ ਦਿਨ ਤੇਜਿੰਦਰ ਸਿੰਘ ਸਕੂਲ ਆ ਗਿਆ। ਉਸ ਨੂੰ ਆਉਂਦਿਆਂ ਦੇਖ ਰਾਜਿੰਦਰ ਵੀ ਮੇਰੇ ਵੱਲ ਅਹੁਲ ਪਈ। ਦੋਵੇਂ ਮੇਰੇ ਕੋਲ ਧੁੱਪੇ ਆ ਬੈਠੇ।
ਰਸਮੀ ਗੱਲਾਂ ਬਾਅਦ ਉਹ ਪੁੱਛਣ ਲੱਗਾ, “ਤੁਹਾਡਾ ਪਿੰਡ ਕਿਹੜੈ?”
“ਦੀਪਸਿੰਘਵਾਲਾ।”
“ਕਿਥੇ ਐ ਇਹ?”
“ਫਰੀਦਕੋਟ ਦੇ ਲਹਿੰਦੇ ਪਾਸੇ ਹੈ, ਸਾਦਿਕ ਤੇ ਗੁਰੂਹਰਸਹਾਏ ਮੰਡੀ ਵਿਚਕਾਰ।”
“ਪਿਤਾ ਜੀ ਕੀ ਕੰਮ ਕਰਦੇ ਐ?”
“ਖੇਤੀਬਾੜੀ।”
“ਘਰ ਚ ਹੋਰ ਕਿਹੜੇ ਕਿਹੜੇ ਜੀਅ ਨੇ?”
ਮੈਂ ਆਪਣੇ ਪਰਿਵਾਰ ਬਾਰੇ ਪੂਰੀ ਜਾਣਕਾਰੀ ਦਿੱਤੀ।
“ਨਾਨਕੇ ਕਿਥੇ ਨੇ?”
“ਘੋਲੀਆ ਕਲਾਂ।”
“ਕੀ ਗੱਲ, ਤੁਹਾਡੇ ਪਿਤਾ ਜੀ ਆਪਣੇ ਵਾਲਾ ਕੰਮ ਨਹੀਂ ਕਰਦੇ?”
“ਉਹ ਆਪਣੇ ਵਾਲਾ ਕੰਮ ਹੀ ਕਰਦੇ ਐ।” ਮੈਂ ਉਸ ਦੀ ਗੱਲ ਦਾ ਗੋਝ ਸਮਝੇ ਬਗੈਰ ਉੱਤਰ ਦਿੱਤਾ।
“ਮਤਲਬ ਉਹ ਦੁਕਾਨ ਨਹੀਂ ਕਰਦੇ?” ਰਾਜਿੰਦਰ ਬੋਲੀ।
“ਜੱਟਾਂ ਨੇ ਦੁਕਾਨ ਕੀ ਕਰਨੀ ਹੋਈ? ਇਹ ਤਾਂ ਖੱਤਰੀਆਂ ਬਾਣੀਆਂ ਦਾ ਕੰਮ ਹੁੰਦੈ ਜੀ।”
“ਤੁਸੀਂ ਰਤਨ ਗੋਤੀ ਨਹੀਂ?”
“ਨਹੀਂ ਜੀ ਅਸੀਂ ਤਾਂ ਸੰਧੂ ਗੋਤੀ ਹਾਂ।”
“ਜੱਟ ਹੋ?” ਰਾਜਿੰਦਰ ਬੋਲੀ।
“ਬਿਲਕੁੱਲ ਜੀ, ਸਿੱਕੇਬੰਦ ਮਝੈਲ ਜੱਟ।”
“ਪਰ ਇਹ ‘ਰਤਨ’ ਗੋਤ ਤਾਂ ਸਾਡੇ ਦਰਜੀਆਂ ਚ ਹੁੰਦੈ।”
“ਮੈਂ ਤਾਂ ਆਪ ਤੁਹਾਡੇ ਨਾਂ ਨਾਲ ਸਿੱਧੂ ਲੱਗਿਆ ਹੋਣ ਕਰ ਕੇ ਸਮਝਦਾ ਸੀ ਬਈ ਤੁਸੀਂ ਜੱਟ ਹੋਵੋਗੇ।”
“ਸਾਡੀ ਬਰਾਦਰੀ ਚ ਸਿੱਧੂ ਗੋਤ ਵੀ ਹੁੰਦੈ।” ਰਾਜਿੰਦਰ ਨੇ ਮੋੜਾ ਦਿੱਤਾ।
ਅਸਲ ਵਿਚ ਮੈਨੂੰ ਉਸ ਦਿਨ ਹੀ ਪਤਾ ਲੱਗਾ ਕਿ ‘ਰਤਨ’ ਜਿਹੜਾ ਮੈਂ ਆਪਣਾ ਤਖ਼ੱਲਸ ਰੱਖਿਐ, ਦਰਜੀਆਂ ਦਾ ਗੋਤ ਹੈ ਤੇ ਜੱਟਾਂ ਦਾ ਸਿੱਧੂ ਗੋਤ ਦਰਜੀਆਂ ਚ ਵੀ ਹੁੰਦੈ।
“ਫਿਰ ਤੁਸੀਂ ਆਪਣੇ ਨਾਂ ਨਾਲ ‘ਰਤਨ’ ਕਿਉਂ ਲਾਇਆ ਹੋਇਐ?”
“ਇਹ ਮੇਰਾ ਤਖ਼ੱਲਸ ਹੈ, ਕਲਮੀ ਨਾਂ।” ਮੈਂ ਸਪੱਸ਼ਟ ਕੀਤਾ।
ਕਿੱਸਾ-ਕੋਤਾ ਇਹ ਕਿ ਜਾਤਾਂ ਗੋਤਾਂ ਦੇ ਚੱਕਰ ਚ ਉਸ ਲੰਮੀ ਸੁਨੱਖੀ ਕੁੜੀ ਨਾਲ ਮੇਰਾ ਰਿਸ਼ਤਾ ਪੱਕਾ ਹੁੰਦਾ ਹੁੰਦਾ ਰਹਿ ਗਿਆ। ਅੱਕੇ ਹੋਏ ਨੇ ਫਿਰ ‘ਮਨਮੋਹਕ’ ਤਖ਼ੱਲਸ ‘ਰਤਨ’ ਲਾਹ ਕੇ ਸਾਦਾ ਤਖੱਲਸ ‘ਸੂਫ਼ੀ’ ਲਾ ਲਿਆ ਤੇ ਦੋਹਾ ਲਿਖਿਆ:
ਵੇਖੋ! ਉਲਝੇ ਲੋਕ ਨੇ, ਜਾਤਾਂ ਗੋਤਾਂ ਵਿਚ।
ਕੀਤਾ ਭੈੜੀ ਵੰਡ ਨੇ, ਮੇਰਾ ਕੰਮ ਘਵਿਚ।
ਜਿਸ ਕੰਮ ਨੂੰ ਉਹ ‘ਘਵਿਚ’ ਕਹਿੰਦਾ, ਉਸ ਨੂੰ ‘ਟਿੱਚ’ ਜਾਂ ‘ਸਟਿੱਚ’ ਕਰਨ ਲਈ ਆਖ਼ਰ ਅਸੀਂ ਉਹਦੇ ਕੰਮ ਆਏ ਅਤੇ ਅਮਰ-ਪਾਲ ਜੋੜੀ ਦੇ ਵਿਚੋਲੇ ਅਖਵਾਏ ਪਰ ਵਿਚੋਲਗੀ ਦਾ ਮੈਡਲ ਨਾ ਕਿਸੇ ਲਿਆ, ਨਾ ਕਿਸੇ ਦਿੱਤਾ।
ਸੰਪਰਕ: principalsarwansingh@gmail.com