ਪ੍ਰਿੰ. ਸੁਖਦੇਵ ਸਿੰਘ ਰਾਣਾ
ਕਿਸੇ ਵੀ ਪ੍ਰਾਣੀ ਦੇ ਜਿਊਂਦਾ ਰਹਿਣ ਲਈ ਜਿੱਥੇ ਭੋਜਨ ਜ਼ਰੂਰੀ ਹੈ, ਉਥੇ ਹਵਾ ਤੇ ਪਾਣੀ ਵੀ ਜ਼ਰੂਰੀ ਹੈ। ਪਾਣੀ ਕੁਦਰਤ ਦਾ ਬਖਸ਼ਿਆ ਅਨਮੋਲ ਤੋਹਫਾ ਹੈ। ਗਰਮੀ ਹੋਵੇ ਜਾਂ ਸਰਦੀ, ਪਾਣੀ ਪੀਣ ਨਾਲ ਸੀਨੇ ਵਿਚ ਠੰਢ ਪੈ ਜਾਂਦੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਲਿਖਿਆ ਹੈ- ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ॥ ਉਨ੍ਹਾਂ ਹਵਾ ਨੂੰ ਗੁਰੂ, ਪਾਣੀ ਨੂੰ ਪਿਤਾ ਅਤੇ ਧਰਤੀ ਨੂੰ ਮਾਤਾ ਦਾ ਦਰਜਾ ਦਿੱਤਾ ਹੈ। ਕਹਿਣ ਦਾ ਭਾਵ ਹੈ ਕਿ ਸਾਨੂੰ ਇਨ੍ਹਾਂ ਦੀ ਉਸੇ ਤਰ੍ਹਾਂ ਕਦਰ ਕਰਨੀ ਚਾਹੀਦੀ ਹੈ, ਜਿਵੇਂ ਅਸੀਂ ਗੁਰੂ ਜਾਂ ਮਾਤਾ ਪਿਤਾ ਦੀ ਕਰਦੇ ਹਾਂ। ਇਹ ਇਸ ਲਈ ਵੀ ਕਿ ਇਹ ਹਰ ਪ੍ਰਾਣੀ ਲਈ ਜ਼ਰੂਰੀ ਅਤੇ ਮਹੱਤਵਪੂਰਨ ਹੈ। ਜੇ ਹਵਾ ਮੁੱਕ ਜਾਵੇ ਤਾਂ ਸਭ ਪ੍ਰਾਣੀ ਮਿੰਟਾਂ ਸਕਿੰਟਾਂ ਵਿਚ ਮਰ ਜਾਣਗੇ। ਜੇ ਪਾਣੀ ਨਾ ਹੋਵੇ ਤਾਂ ਪ੍ਰਾਣੀ ਕੁਝ ਘੰਟਿਆਂ ਜਾਂ ਦਿਨਾਂ ਵਿਚ ਖ਼ਤਮ ਹੋ ਜਾਣਗੇ। ਜੇ ਧਰਤੀ ਨਾ ਹੋਵੇ ਤਾਂ ਮਨੁੱਖ ਨੂੰ ਖਾਣ ਲਈ ਭੋਜਨ ਕਿੱਥੋਂ ਮਿਲੇਗਾ? ਇਸ ਲਈ ਸਾਡਾ ਫਰਜ਼ ਹੈ ਕਿ ਅਸੀਂ ਹਵਾ, ਪਾਣੀ ਅਤੇ ਧਰਤੀ ਦੀ ਸੰਭਾਲ ਕਰੀਏ ਪਰ ਮਨੁੱਖ ਨੇ ਹਵਾ, ਪਾਣੀ ਅਤੇ ਧਰਤੀ ਨੂੰ ਆਪਣੇ ਕੰਮਾਂ ਧੰਦਿਆਂ ਨਾਲ ਇੰਨਾ ਪ੍ਰਦੂਸ਼ਿਤ ਕਰ ਦਿੱਤਾ ਹੈ ਕਿ ਕਈ ਪ੍ਰਾਣੀਆਂ ਦੀ ਹੋਂਦ ਖ਼ਤਰੇ ਵਿਚ ਪੈ ਗਈ ਹੈ। ਅਸੀਂ ਸਨਅਤਾਂ, ਬੰਬ ਬਾਰੂਦ ਅਤੇ ਰਸਾਇਣਕ ਪਦਾਰਥਾਂ ਦੁਆਰਾ ਇਨ੍ਹਾਂ ਨੂੰ ਜ਼ਹਿਰੀਲਾ ਕਰ ਦਿੱਤਾ ਹੈ ਕਿ ਕਈ ਪ੍ਰਾਣੀ ਪੰਛੀਆਂ ਦੀ ਹੋਂਦ ਖਤਰੇ ਵਿਚ ਹੈ। ਘਰੇਲੂ ਚਿੜੀਆਂ ਅਤੇ ਗਿਰਝਾਂ ਕਿਤੇ ਵੀ ਨਜ਼ਰ ਨਹੀਂ ਆਉਂਦੀਆਂ।
ਕਈ ਉਦਯੋਗਾਂ ਵਾਲਿਆਂ ਨੇ ਆਪਣੀਆਂ ਫੈਕਟਰੀਆਂ ਦਾ ਗੰਦਾ ਅਤੇ ਰਸਾਇਣਕ ਪਾਣੀ ਧਰਤੀ ਵਿਚ ਬੋਰ ਕਰਕੇ ਸੁੱਟ ਦਿੱਤਾ ਜਦਕਿ ਉਥੇ ਪਾਣੀ ਸਾਫ਼ ਕਰਨ ਵਾਲੇ ਟ੍ਰੀਟਮੈਂਟ ਪਲਾਂਟ ਲੱਗਣੇ ਚਾਹੀਦੇ ਹਨ। ਨਾਭੇ ਅਤੇ ਭਵਾਨੀਗੜ੍ਹ ਦੇ ਦਰਮਿਆਨ ਪਿੰਡ ਆਲੋਅਰਖ ਨੇੜੇ ਇਕ ਫੈਕਟਰੀ ਮਾਲਕ ਨੇ 300 ਫੁੱਟ ਡੂੰਘਾ ਬੋਰ ਕਰਕੇ ਰਸਾਇਣਕ ਪਦਾਰਥਾਂ ਵਾਲਾ ਪਾਣੀ ਧਰਤੀ ਵਿਚ ਪਾ ਦਿੱਤਾ ਜਿਸ ਦੇ ਨਤੀਜੇ ਵਜੋਂ ਹੁਣ ਆਲੋਅਰਖ ਪਿੰਡ ਦੀਆਂ ਮੋਟਰਾਂ ਦਾ ਪਾਣੀ ਸੰਤਰੀ ਤੇ ਲਾਲ ਰੰਗ ਦਾ ਹੋ ਗਿਆ ਹੈ ਜੋ ਨਾ ਮਨੁੱਖਾਂ ਅਤੇ ਨਾ ਫਸਲਾਂ ਦੇ ਯੋਗ ਹੈ। ਇਸ ਤੇ ਨੋਟਿਸ ਲੈਂਦੇ ਹੋਏ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦਿੱਲੀ ਨੇ ਫੈਕਟਰੀ ਨੂੰ 2 ਕਰੋੜ ਰੁਪਏ ਦਾ ਜੁਰਮਾਨਾ ਕਰ ਦਿੱਤਾ। ਫੈਕਟਰੀ ਮਾਲਕ ਫੈਕਟਰੀ ਬੰਦ ਕਰਕੇ ਫਰਾਰ ਹੋ ਗਿਆ। ਇਸੇ ਤਰ੍ਹਾਂ ਮਲੇਰਕੋਟਲੇ ਅਤੇ ਧੂਰੀ ਦੇ ਦਰਮਿਆਨ ਪਿੰਡ ਬੱਬਨਪੁਰ ਕੋਲ ਇਕ ਉਦਯੋਗਪਤੀ ਨੇ ਆਪਣੀ ਫੈਕਟਰੀ ਦਾ ਪਾਣੀ ਬੋਰ ਕਰਕੇ ਧਰਤੀ ਵਿਚ ਪਾ ਦਿੱਤਾ ਹੈ ਜਿਸ ਦੇ ਨਤੀਜੇ ਵਜੋਂ ਪਿੰਡ ਬੱਬਨਪੁਰ ਅਤੇ ਆਲੇ-ਦੁਆਲੇ ਦੇ ਪਿੰਡਾਂ ਦਾ ਪਾਣੀ ਦੂਸ਼ਿਤ ਹੋ ਗਿਆ ਹੈ।
ਦੂਸ਼ਿਤ ਪਾਣੀ ਕਾਰਨ ਅੱਜ ਮਾਲਵੇ ਦੇ ਖਿੱਤੇ ਵਿਚ ਬਹੁਤ ਵੱਡੀ ਗਿਣਤੀ ਵਿਚ ਲੋਕਾਂ ਨੂੰ ਕੈਂਸਰ ਅਤੇ ਕਾਲੇ ਪੀਲੀਏ ਨੇ ਬਿਮਾਰ ਕਰ ਦਿੱਤਾ ਹੈ। ਇੱਥੋਂ ਤੱਕ ਕਿ ਬਠਿੰਡੇ ਤੋਂ ਬੀਕਾਨੇਰ ਜਾਣ ਵਾਲੀ ਗੱਡੀ ਦਾ ਨਾਂ ਕੈਂਸਰ ਟਰੇਨ ਪੈ ਗਿਆ। ਪਾਣੀ ਦੀ ਮਹੱਤਤਾ ਬਾਰੇ ਸ੍ਰੀ ਗੁਰੂ ਨਾਨਕ ਦੇਵ ਜੀ ਆਸਾ ਦੀ ਵਾਰ ਵਿਚ ਲਿਖਦੇ ਹਨ- ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ॥ ਭਾਵ ਪਾਣੀ ਸਾਡੇ ਜਿਊਣ ਲਈ ਅਤਿ ਜ਼ਰੂਰੀ ਹੈ।
ਪੰਜਾਬ ਦੇ ਕਈ ਜਿ਼ਲ੍ਹਿਆਂ ਦੇ ਲੋਕ ਬਹੁਤ ਖੁਸ਼ਕਿਸਮਤ ਹਨ ਜਿਨ੍ਹਾਂ ਕੋਲ ਸਾਫ਼ ਪੀਣ ਵਾਲਾ ਪਾਣੀ ਤਾਂ ਹੈ ਪਰ ਅੱਜ ਪੰਜਾਬ ਵਿਚ ਭਨੁਪਲੀ (ਨੇੜੇ ਨੰਗਲ) ਬਲਾਕ ਤੋਂ ਬਿਨਾ ਪੰਜਾਬ ਦੇ ਕਿਸੇ ਵੀ ਇਲਾਕੇ ਦਾ ਪਾਣੀ ਸ਼ੁੱਧ ਨਹੀਂ ਹੈ। ਪੰਜਾਬ ਦੇ ਪਾਣੀ ਦਾ ਪੱਧਰ ਬਹੁਤ ਹੇਠਾਂ ਚਲਾ ਗਿਆ ਹੈ। ਕਿਸੇ ਸਮੇਂ ਜੋ ਪਾਣੀ 80-90 ਫੁੱਟ ਤੇ ਹੁੰਦਾ ਸੀ, ਹੁਣ ਕਈ ਥਾਂ 500 ਫੁੱਟ ਹੇਠਾਂ ਚਲਾ ਗਿਆ ਹੈ। ਕਈ ਕਾਰਨਾਂ ਕਰਕੇ ਪੰਜਾਬ ਵਿਚ ਧਰਤੀ ਹੇਠਲਾ ਪਾਣੀ ਮੁੱਕ ਰਿਹਾ ਹੈ ਅਤੇ 2040 ਤੱਕ ਪੰਜਾਬ ਦਾ ਹਾਲ ਰਾਜਸਥਾਨ ਵਰਗਾ ਹੋ ਜਾਵੇਗਾ। ਇਸ ਵਿਚ ਕਿਸਾਨਾਂ ਦਾ ਕੋਈ ਦੋਸ਼ ਨਹੀਂ ਕਿਉਂਕਿ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਦਾ ਖਮਿਆਜ਼ਾ ਕਿਸਾਨਾਂ ਅਤੇ ਆਮ ਲੋਕਾਂ ਨੂੰ ਭੁਗਤਣਾ ਪੈਂਦਾ ਹੈ। ਜੇ ਸਰਕਾਰ ਕਣਕ ਅਤੇ ਝੋਨਾ ਤੋਂ ਬਿਨਾ ਹੋਰ ਫਸਲਾਂ ਨੂੰ ਵੀ ਐੱਮਐੱਸਪੀ ਤੇ ਆਪ ਖਰੀਦੇ ਤਾਂ ਕਿਸਾਨਾਂ ਨੂੰ ਕੀ ਲੋੜ ਹੈ ਹਜ਼ਾਰਾਂ ਰੁਪਏ ਖਰਚ ਕੇ ਝੋਨਾ ਬੀਜਣ ਦੀ। ਮੰਡੀਆਂ ਵਿਚ ਮੱਕੀ, ਸੂਰਜਮੁਖੀ, ਆਲੂ, ਪਿਆਜ਼ ਅਤੇ ਹੋਰ ਫਸਲਾਂ ਕੌਡੀ ਮੁੱਲ ਤੇ ਵਪਾਰੀ ਖਰੀਦਦੇ ਹਨ। ਸਰਕਾਰ ਇਹ ਫਸਲਾਂ ਨਹੀਂ ਖਰੀਦਦੀ। ਜੇਕਰ ਕਿਸਾਨ ਇਹ ਫਸਲਾਂ ਬੀਜਦੇ ਹਨ ਤਾਂ ਉਨ੍ਹਾਂ ਦਾ ਖਰਚਾ ਵੀ ਪੂਰਾ ਨਹੀਂ ਹੁੰਦਾ। ਇਸ ਤੋਂ ਇਲਾਵਾ ਖੇਤਾਂ ਨੂੰ ਪਾਣੀ ਦੇਣ ਲਈ ਹੋਰ ਸੂਏ, ਕੱਸੀਆਂ ਅਤੇ ਰਜਵਾਹੇ ਬਣਾਉਣੇ ਬਣਦੇ ਹਨ ਤਾਂ ਕਿ ਧਰਤੀ ਹੇਠਲੇ ਪਾਣੀ ਦੀ ਖਪਤ ਘੱਟ ਹੋਵੇ।
ਪਾਣੀ ਦਾ ਮਹੱਤਵ ਉਨ੍ਹਾਂ ਇਲਾਕਿਆਂ ਦੇ ਲੋਕਾਂ ਨੂੰ ਪੁੱਛੋ ਜਿੱਥੇ ਸਾਫ਼ ਪਾਣੀ ਨਹੀਂ ਮਿਲਦਾ ਜਾਂ ਬਹੁਤ ਘੱਟ ਹੈ। ਸ਼ੋਸਲ ਮੀਡੀਆ ਤੇ ਇਕ ਕਲਿੱਪ ਚੱਲ ਰਿਹਾ ਹੈ ਕਿ ਫਰੀਦਕੋਟ ਇਲਾਕੇ ਦਾ ਪਾਣੀ ਪੀਣ ਜੋਗਾ ਨਹੀਂ ਰਿਹਾ ਅਤੇ ਲੋਕ ਫਰੀਦੋਕਟ ਤੋਂ ਕੁਝ ਮੀਲ ਦੂਰ ਇਕ ਨਲਕੇ ਤੋਂ ਪਾਣੀ ਭਰ ਕੇ ਲਿਆਉਂਦੇ ਹਨ, ਭਾਵੇਂ ਫਰੀਦਕੋਟ ਦੇ ਕੋਲ ਦੋ ਜੌੜੀਆਂ ਨਹਿਰਾਂ ਚੱਲਦੀਆਂ ਹਨ ਪਰ ਅਸੀਂ ਲੋਕਾਂ ਨੇ ਨਹਿਰਾਂ ਦੇ ਪਾਣੀ ਵਿਚ ਇੰਨਾ ਕੂੜ ਕਬਾੜ ਸੁੱਟ ਦਿੱਤਾ ਹੈ ਕਿ ਪਾਣੀ ਕੇਵਲ ਗੰਧਲਾ ਹੀ ਨਹੀਂ, ਜ਼ਹਿਰੀਲਾ ਕਰ ਦਿੱਤਾ ਹੈ। ਥੋੜ੍ਹੇ ਦਿਨ ਪਹਿਲਾਂ ਰਾਜਸਥਾਨ ਸਰਕਾਰ ਨੇ ਪੰਜਾਬ ਸਰਕਾਰ ਨੂੰ ਪੱਤਰ ਲਿਖਿਆ ਕਿ ਪੰਜਾਬ ਵੱਲੋਂ ਜੋ ਨਹਿਰਾਂ ਰਾਜਸਥਾਨ ਨੂੰ ਖੇਤੀ ਅਤੇ ਪੀਣ ਲਈ ਪਾਣੀ ਲੈ ਕੇ ਜਾਂਦੀਆਂ ਹਨ, ਉਹ ਪਾਣੀ ਇੰਨਾ ਗੰਦਾ ਹੈ ਕਿ ਮਨੁੱਖ ਤਾਂ ਕੀ ਉਹ ਪਸ਼ੂਆਂ ਦੇ ਪੀਣ ਯੋਗ ਵੀ ਨਹੀਂ। ਹੁਣ ਪੰਜਾਬ ਦੇ ਸੂਏ ਅਤੇ ਕੱਸੀਆਂ ਦਾ ਪਾਣੀ ਵੀ ਗੰਧਲਾ ਹੋ ਗਿਆ ਹੈ। ਲੋਕ ਸੂਏ ਜਾਂ ਨਹਿਰਾਂ ਵਿਚ ਇੰਨਾ ਕੂੜਾ ਕਰਕਟ, ਪਲਾਸਟਿਕ ਦੇ ਲਫਾਫੇ, ਮੜ੍ਹੀਆਂ ਦੀ ਸੁਆਹ, ਹਵਨ ਦੀ ਸਮੱਗਰੀ ਅਤੇ ਗੰਦੇ ਨਾਲਿਆਂ ਦੀ ਗੰਦਗੀ ਸੁੱਟ ਰਹੇ ਹਨ। ਸਤਲੁਜ ਦਰਿਆ ਜਦੋਂ ਆਪਣੇ ਨਿਕਾਸ ਸਥਾਨ ਤੋਂ ਨਿਕਲਦਾ ਹੈ ਤਾਂ ਇਸ ਦਾ ਪਾਣੀ ਪੂਰਾ ਸਾਫ਼ ਹੁੰਦਾ ਹੈ। ਜਦੋਂ ਇਹ ਲੁਧਿਆਣੇ ਕੋਲ ਪਹੁੰਚਦਾ ਹੈ ਤਾਂ ਇਸ ਵਿਚ ਬੁੱਢੇ ਨਾਲੇ ਅਤੇ ਉਦਯੋਗਾਂ ਦੇ ਗੰਦੇ ਪਾਣੀ ਤੇ ਦੁੱਧ ਡਾਇਰੀਆਂ ਦੇ ਪਸ਼ੂਆਂ ਦੇ ਮਲ ਮੂਤਰ ਕਾਰਨ ਪੂਰਾ ਦੂਸ਼ਿਤ ਹੋ ਜਾਂਦਾ ਹੈ। ਬੁੱਢੇ ਨਾਲ ਨੂੰ ਪ੍ਰਦੂਸ਼ਿਤ ਅਤੇ ਗੰਦੇ ਪਾਣੀ ਤੋਂ ਨਿਜਾਤ ਦਿਵਾਉਣ ਲਈ ਪੰਜਾਬ ਸਰਕਾਰ ਨੇ ਨੀਲੋਂ ਪੁਲ ਤੋਂ 9 ਕਰੋੜ 20 ਲੱਖ ਰੁਪਏ ਦੀ ਕੀਮਤ ਨਾਲ ਰਜਵਾਹਾ ਬਣਾ ਕੇ ਬੁੱਢੇ ਨਾਲੇ ਨਾਲ ਜੋੜਿਆ ਹੈ ਜੋ ਹਰ ਰੋਜ਼ ਸਰਹੰਦ ਨਹਿਰ ਵਿਚੋਂ 200 ਕਿਊਸਕ ਫੁੱਟ ਪਾਣੀ ਬੁੱਢੇ ਨਾਲੇ ਵਿਚ ਸੁੱਟੇਗਾ ਤਾਂ ਕਿ ਇਸ ਦਾ ਗੰਦਾ ਪਾਣੀ ਕੁਝ ਹੱਦ ਤੱਕ ਸਾਫ ਹੋ ਜਾਵੇ ਅਤੇ ਗੰਦਾ ਪਾਣੀ ਦੀ ਨਿਕਾਸੀ ਛੇਤੀ ਹੋ ਸਕੇ। ਅੱਜ ਨਦੀਆਂ ਦੇ ਕੰਢੇ ਵਸੇ ਸ਼ਹਿਰਾਂ ਦੇ ਘਰਾਂ, ਹੋਟਲਾਂ ਦਾ ਗੰਦਾ ਪਾਣੀ ਇਨ੍ਹਾਂ ਨਦੀਆਂ ਵਿਚ ਸੁੱਟਿਆ ਜਾਂਦਾ ਹੈ। ਬਿਆਸ ਦਰਿਆ ਦੇ ਕੰਢੇ ਤੇ ਵਸੇ ਮਨਾਲੀ, ਕੁੱਲੂ, ਮੰਡੀ ਆਦਿ ਸ਼ਹਿਰਾਂ ਦੇ ਗੰਦੇ ਪਾਣੀ ਦਾ ਨਿਕਾਸ ਇਨ੍ਹਾਂ ਨਦੀਆਂ ਵਿਚ ਹੈ। ਇਸ ਤੋਂ ਇਲਾਵਾ ਇਨ੍ਹਾਂ ਦੇ ਕੰਢੇ ਵਸੇ ਉਦਯੋਗਾਂ ਦਾ ਗੰਦਾ ਪਾਣੀ ਵੀ ਇਨ੍ਹਾਂ ਵਿਚ ਗਿਰਦਾ ਹੈ। ਅੱਜ ਗੰਗਾ ਜਮਨਾ ਦਾ ਪਾਣੀ ਵੀ ਪੀਣ ਯੋਗ ਨਹੀਂ ਰਿਹਾ। ਇਨ੍ਹਾਂ ਦਰਿਆਵਾਂ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਤੈਰਦੀਆਂ ਲਾਸ਼ਾਂ ਦੇਖੀਆਂ ਜਾ ਸਕਦੀਆਂ ਹਨ।
ਪਾਣੀ ਦੀ ਕਮੀ ਦਾ ਇਹ ਹਾਲ ਹੈ ਕਿ ਦਿੱਲੀ ਦੇ ਕਈ ਇਲਾਕਿਆਂ ਦੇ ਲੋਕ ਪਾਣੀ ਲਈ ਤਰਸ ਰਹੇ ਹਨ। ਕਈ ਇਲਾਕਿਆਂ ਵਿਚ ਲੋਕ ਗੰਧਲਾ ਪਾਣੀ ਪੀਣ ਲਈ ਮਜਬੂਰ ਹਨ। ਮੱਧ ਪ੍ਰਦੇਸ਼, ਰਾਜਸਥਾਨ, ਛੱਤੀਸਗੜ੍ਹ ਅਤੇ ਝਾਰਖੰਡ ਦੇ ਇਲਾਕਿਆਂ ਵਿਚ ਲੋਕਾਂ ਨੂੰ ਕਈ ਕਈ ਮੀਲ ਜਾ ਕੇ ਪਾਣੀ ਲਿਆਉਣਾ ਪੈਂਦਾ ਹੈ। ਕਈ ਵਾਰ ਉਹ ਇਨ੍ਹਾਂ ਗੰਧਲਾ ਹੁੰਦਾ ਹੈ ਕਿ ਪੀਣ ਦੇ ਯੋਗ ਨਹੀਂ ਹੁੰਦਾ। ਅਸੀਂ ਲੋਕ ਜਿਨ੍ਹਾਂ ਕੋਲ ਬਹੁਤ ਪਾਣੀ ਹੈ, ਅਸੀਂ ਉਸ ਨੂੰ ਬਰਬਾਦ ਕਰਦੇ ਹਾਂ। ਪਾਣੀ ਦੀ ਸੰਭਾਲ ਨਹੀਂ ਕਰਦੇ। ਸਾਰਾ ਦਿਨ ਮੋਟਰਾਂ ਅਤੇ ਟੂਟੀਆਂ ਚੱਲੀ ਜਾਂਦੀਆਂ ਹਨ। ਗੱਡੀਆਂ ਧੋਣ, ਗਲੀਆਂ ਅਤੇ ਵਿਹੜਿਆਂ ਵਿਚ ਬਿਨਾ ਮਤਲਬ ਤੋਂ ਪਾਣੀ ਬਰਬਾਦ ਕਰੀ ਜਾਂਦੇ ਹਾਂ ਪਰ ਸਾਨੂੰ ਕੋਈ ਪਰਵਾਹ ਨਹੀਂ।
ਇਸ ਲਈ ਪਾਣੀ ਨੂੰ ਪਲੀਤ ਨਾ ਕਰੋ। ਇਸ ਦੀ ਸੰਭਾਲ ਕਰੋ ਅਤੇ ਅਜਾਈਂ ਨਾ ਗੁਆਓ। ਜਲ ਹੈ ਤਾਂ ਕੱਲ੍ਹ ਹੈ।
ਸੰਪਰਕ: 99149-00559