ਹਰੀ ਕ੍ਰਿਸ਼ਨ ਮਾਇਰ
ਇਹ ਵੀ ਸੱਚ
ਕਿਸੇ ਲੇਖਿਕਾ ਦਾ ਪਲੇਠਾ ਕਾਵਿ ਸੰਗ੍ਰਹਿ ਰਿਲੀਜ਼ ਹੋਣਾ ਸੀ। ਸਮਾਗਮ ਸ਼ਹਿਰ ਦੇ ਲਿਖਾਰੀ ਭਵਨ ਵਿਚ ਹੋ ਰਿਹਾ ਸੀ। ਮੈਂ ਵੀ ਸਮਾਗਮ ’ਚ ਸ਼ਾਮਲ ਹੋਣ ਲਈ ਹਾਲ ਅੰਦਰ ਦਾਖ਼ਲ ਹੋਇਆ। ਸਾਹਮਣੇ ਸੋਫ਼ਿਆਂ ’ਤੇ ਬਜ਼ੁਰਗ ਲੇਖਕ ਬੈਠੇ ਸਨ। ਮੰਚ ਸੰਚਾਲਕ ਬੀਬੀ ਇੱਧਰ ਉਧਰ ਲੋਕਾਂ ਕੋਲ ਜਾ ਕੇ ਬੋਲਣ ਵਾਲਿਆਂ ਦੇ ਨਾਂ ਇਕੱਤਰ ਕਰ ਰਹੀ ਸੀ। ਮੰਚ ’ਤੇ ਕੁਰਸੀਆਂ ਅਜੇ ਖਾਲ਼ੀ ਹੀ ਪਈਆਂ ਸਨ।
ਮੰਚ ਤੋਂ ਅਨਾਊਂਸਮੈਂਟ ਹੋਈ- ਅੱਜ ਦਾ ਸਮਾਗਮ ਲਿਖਾਰੀ ਸਭਾ ਵੱਲੋਂ ਕਰਵਾਇਆ ਜਾ ਰਿਹਾ ਹੈ। ਮੈਂ ਸਭਾ ਦੇ ਪ੍ਰਧਾਨ ਜੀ ਨੂੰ ਮੰਚ ’ਤੇ ਸੁਸ਼ੋਭਿਤ ਹੋਣ ਲਈ ਬੇਨਤੀ ਕਰਦੀ ਹਾਂ। ਫਿਰ ਪੁਸਤਕ ਦੀ ਲੇਖਿਕਾ ਨੂੰ ਸੱਦਿਆ ਗਿਆ। ਫਿਰ ਸਥਾਨਕ ਅਖ਼ਬਾਰ ਦੇ ਸਹਿ ਸੰਪਾਦਕ, ਫਿਰ ਇਕ ਗਾਇਕ ਅਤੇ ਨਗਰ ਨਿਗਮ ਦੇ ਇਕ ਕਰਮਚਾਰੀ ਨੂੰ ਮੰਚ ਉੱਤੇ ਪਈਆਂ ਕੁਰਸੀਆਂ ’ਤੇ ਬੈਠਣ ਲਈ ਸੱਦਾ ਦਿੱਤਾ ਗਿਆ।
ਮੰਚ ਸੰਚਾਲਕ ਨੇ ਅਗਲੀ ਕਾਰਵਾਈ ਸ਼ੁਰੂ ਕੀਤੀ। ਸਭ ਤੋਂ ਪਹਿਲਾਂ ਸਹਿ ਸੰਪਾਦਕ ਨੂੰ ਬੁਲਾਇਆ ਗਿਆ। ਉਸ ਨੇ ਮੰਚ ’ਤੇ ਆਉਂਦੇ ਸਾਰ ਕਿਹਾ, ‘‘ਕਿਤਾਬ ਤਾਂ ਮੇਰੇ ਕੋਲ ਪਹੁੰਚੀ ਹੀ ਨਹੀਂ। ਜਦੋਂ ਮਿਲੇਗੀ ਜ਼ਰੂਰ ਪੜ੍ਹਾਂਗਾ। ਇਕ ਗੀਤ ਦੇ ਦੋ ਪੈਰ੍ਹੇ ਸੁਣਾ ਕੇ ਖਿਮਾ ਚਾਹਾਂਗਾ।” ਉਹ ਪਤਾ ਨਹੀਂ ਕੀਹਦੇ ਗੀਤ ਦੇ ਬੋਲ ਸੁਣਾ ਕੇ ਚਲਾ ਗਿਆ। ਮੈਂ ਸੋਚਿਆ ਕਿ ਬੜੀ ਮਾੜੀ ਸ਼ੁਰੂਆਤ ਹੋਈ। ਫਿਰ ਇਕ ਹੋਰ ਬੁਲਾਰਾ ਸਟੇਜ ’ਤੇ ਆਇਆ। ਉਸ ਦੇ ਰੋਹੀਲੇ ਬੋਲਾਂ ਤੋਂ ਉਮੀਦ ਬੱਝੀ ਕਿ ਇਹ ਪੁਸਤਕ ਵਿਚਲੀਆਂ ਕਵਿਤਾਵਾਂ ਦੀ ਚੰਗੀ ਛਿੱਲ ਉਧੇੜੇਗਾ। ਸਰੋਤਿਆਂ ਅਤੇ ਪੁਸਤਕ ਦੀ ਲੇਖਿਕਾ ਨੂੰ ਕੋਈ ਉਸਾਰੂ ਦਿਸ਼ਾ ਮਿਲਣ ਦੀ ਆਸ ਸੀ। ਉਸ ਨੇ ਬੱਸ ਇਹੀ ਕਿਹਾ ਕਿ ਪੁਸਤਕ ਵਿਚਲੀ ਸ਼ਾਇਰੀ ਇਕ ਕ੍ਰਿਸ਼ਮੇ ਵਰਗੀ ਹੈ, ਛੇਤੀ ਹੀ ਕਵਿੱਤਰੀ ਮੂਹਰਲੀਆਂ ਸਫ਼ਾਂ ਵਿਚ ਪੁੱਜ ਜਾਵੇਗੀ।
ਮੰਚ ਸੰਚਾਲਕ ਬੀਬੀ ਨੇ ਮੰਚ ’ਤੇ ਬੈਠੇ ਪ੍ਰਧਾਨਗੀ ਮੰਡਲ ਨਾਲ ਨਜ਼ਰ ਮੇਲੀ ਅਤੇ ਮਾਇਕ ਤੋਂ ਥੋੜ੍ਹਾ ਪਰ੍ਹਾਂ ਹਟ ਕੇ ਹੌਲੀ ਦੇਣੇ ਕਿਹਾ, ‘‘ਹੁਣ ਕਰ ਦਿਆਂ ਲੋਕ ਅਰਪਣ ਦਾ ਐਲਾਨ?” “ਅਜੇ ਫੋਟੋਗ੍ਰਾਫਰ ਤਾਂ ਆਇਆ ਨਹੀਂ।” ਉਨ੍ਹਾਂ ’ਚੋਂ ਇਕ ਜਣੇ ਦੀ ਆਵਾਜ਼ ਆਈ।
“ਜੇ ਫੋਟੋ ਹੀ ਨਾ ਕਰਵਾਈ ਤਾਂ ਲੋਕ ਅਰਪਣ ਕਾਹਦਾ ਹੋਇਆ?” ਇਕ ਹੋਰ ਆਵਾਜ਼ ਆਈ।
ਹੁਣ ਪੁਸਤਕ ਦੀ ਲੇਖਿਕਾ ਨੂੰ ਉਸ ਦੀ ਸਿਰਜਨ ਪ੍ਰਕਿਰਿਆ ’ਤੇ ਝਾਤ ਪੁਆਉਣ ਲਈ ਮੰਚ ’ਤੇ ਬੁਲਾਇਆ ਗਿਆ। ਸ਼ਾਇਰਾ ਦੇ ਬੋਲਣ ਵਿਚ ਸੁਹਿਰਦਤਾ ਸੀ। ਸੰਵੇਦਨਸ਼ੀਲਤਾ ਸੀ। ਮੇਰੇ ਮਨ ਅੰਦਰੋਂ ਆਵਾਜ਼ ਉੱਭਰੀ- ਪਹਿਲਾਂ ਤਾਂ ਸਾਰੇ ਹੀ ਏਦਾਂ ਦਾ ਹੀ ਲਿਖਦੇ ਹਨ, ਅੱਗੇ ਚੱਲ ਕੇ ਇਹ ਸੁਹਣੀਆਂ ਨਜ਼ਮਾਂ ਲਿਖਿਆ ਕਰੇਗੀ। ਖ਼ੈਰ! ਫਿਰ ਇਕ ਬਜ਼ੁਰਗ ਗੀਤਕਾਰ ਨੂੰ ਬੁਲਾਇਆ ਗਿਆ। ਉਹ ਤਾਂ ਇਕ ਮਿੰਟ ਵਿਚ ਲੀਰਾਂ ਦੀ ਖਿੱਦੋ ਵਾਂਗੂੰ ਉਧੜਨ ਲੱਗਾ। ਕਹਿੰਦਾ, ‘‘ਮੇਰੇ ਸੌ ਦੇ ਕਰੀਬ ਗੀਤ ਐਲਬਮਾਂ ’ਚ ਰਿਕਾਰਡ ਹੋਏ ਨੇ।” ਪਰ ਮੈਂ ਤਾਂ ਉਸ ਦਾ ਨਾਂ ਪਹਿਲੀ ਵਾਰੀ ਹੀ ਸੁਣਿਆ ਸੀ। ਉਹ ਅੱਧਾ ਘੰਟਾ ਮੰਚ ’ਤੇ ਬੇਸਿਰ ਪੈਰ ਦੀਆਂ ਗੱਲਾਂ ਕਰਦਾ ਰਿਹਾ। ਕਹਿੰਦਾ, ‘‘ਮੈਂ ਤਾਂ ਸਭਿਆਚਾਰ ਦੀ ਝੋਲੀ ਮੂੰਹ ਤੀਕਰ ਭਰ ਦਿੱਤੀ ਹੈ।”
ਮੈਂ ਸੋਚਿਆ- ‘ਹੁਣ ਹੋਰ ਸਭਿਆਚਾਰਕ ਕਰਮੀ ਆਪਣਾ ਯੋਗਦਾਨ ਕਿਹੜੀ ਝੋਲੀ ਵਿਚ ਪਾਉਣਗੇ?’
ਪੁਸਤਕ ਦੀ ਲੇਖਿਕਾ ਉਸ ਵੱਲ ਇਕ ਟੱਕ ਦੇਖਦੀ ਰਹੀ। ਸੋਚਦੀ ਹੋਵੇਗੀ ਕਿ ਜਾਂਦਾ ਜਾਂਦਾ ਪੁਸਤਕ ਬਾਰੇ ਕੋਈ ਸਾਰਥਕ ਟਿੱਪਣੀ ਕਰਕੇ ਆਪਣੀ ਗੱਲ ਮੁਕਾਵੇਗਾ। ਪਰ ਉਹ ਤਾਂ ਆਪਣੇ ਇਕ ਦੋ ਗੀਤਾਂ ਦੇ ਮੁੱਖੜੇ ਸੁਣਾਉਣ ਦੀ ਤਾਕ ਵਿਚ ਸੀ। ਸਰੋਤਿਆਂ ਦੇ ਵਿਚਾਲੇ ਹੀ ਤਾੜੀਆਂ ਮਾਰ ਦੇਣ ਕਰਕੇ ਉਸ ਨੂੰ ਮੰਚ ਤੋਂ ਉਤਰਨਾ ਪਿਆ।
ਪੁਸਤਕ ਬਾਰੇ ਅਜੇ ਤੀਕ ਕੋਈ ਗੰਭੀਰ ਚਰਚਾ ਨਹੀਂ ਛਿੜੀ ਸੀ। ਮੰਚ ’ਤੇ ਮੇਜ਼ ਉੱਪਰ ਚਮਕਣੇ ਕਾਗ਼ਜ਼ ਵਿਚ ਸੁਨਹਿਰੀ ਸੈਲੋਟੇਪ ਨਾਲ ਬੰਨ੍ਹੀਆਂ ਕਿਤਾਬਾਂ ਲੋਕਅਰਪਣ ਦੀ ਰਸਮ ਦੀ ਉਡੀਕ ਕਰ ਰਹੀਆਂ ਸਨ।
ਇਕ ਵਾਰ ਮੁੜ ਕਵਿੱਤਰੀ ਆਪਣੀਆਂ ਨਜ਼ਮਾਂ ਸੁਣਾਉਣ ਲਈ ਮੰਚ ’ਤੇ ਸੱਦੀ ਗਈ। ਫਿਰ ਇਕ ਜਥੇਬੰਦੀ ਦਾ ਆਗੂ ਸਟੇਜ ’ਤੇ ਆ ਕੇ ਕਹਿੰਦਾ, ‘‘ਸਾਡੀ ਜਥੇਬੰਦੀ ਇੱਥੇ ਹੀ ਸ਼ਾਮ ਨੂੰ ਸੱਤ ਵਜੇ ਨਾਟਕ ਖੇਡ ਰਹੀ ਹੈ। ਬੱਚਿਆਂ ਨੂੰ ਨਾਲ ਲੈ ਕੇ ਦੇਖਣ ਜ਼ਰੂਰ ਆਇਓ।” ਉਹ ਵੀ ਮੌਕੇ ਦਾ ਲਾਹਾ ਲੈ ਗਿਆ ਸੀ।
ਫਿਰ ਫੋਟੋਗ੍ਰਾਫਰ ਹਾਲ ਅੰਦਰ ਆਉਂਦਾ ਸਭ ਨੂੰ ਨਜ਼ਰ ਆ ਗਿਆ। ਆਵਾਜ਼ਾਂ ਆਉਣ ਲੱਗੀਆਂ- ਲਓ ਬਈ ਆ ਗਿਆ ਫੋਟੋਗ੍ਰਾਫ਼ਰ…। ਮੰਚ ਤੋਂ ਅਨਾਊਂਸਮੈਂਟ ਹੋਈ, ‘‘ਉਡੀਕ ਖ਼ਤਮ, ਮੰਚ ’ਤੇ ਸਾਰੇ ਜਣੇ ਪੁਸਤਕ ਦੀ ਇਕ ਇਕ ਕਾਪੀ ਆਪਣੇ ਹੱਥਾਂ ਵਿਚ ਫੜ ਕੇ ਖਲੋ ਜਾਓ। ਪ੍ਰਧਾਨ ਜੀ ਚਮਕੀਲਾ ਕਾਗ਼ਜ਼ ਉਤਾਰ ਕੇ ਦਸਤਖ਼ਤ ਕਰਨ ਉਪਰੰਤ ਕਿਤਾਬ ਲੇਖਿਕਾ ਨੂੰ ਭੇਂਟ ਕਰਨਗੇ।’’ ਅਨਾਊਂਸਮੈਂਟ ਖ਼ਤਮ ਹੁੰਦਿਆਂ ਹੀ ਪੰਜ ਸੱਤ ਬੰਦੇ ਸਟੇਜ ’ਤੇ ਜਾ ਚੜ੍ਹੇ। ਬੰਦੇ ਵੱਧ ਸਨ ਤੇ ਕਿਤਾਬਾਂ ਘੱਟ। ਦੋ ਦੋ ਜਣੇ, ਇਕ ਇਕ ਕਿਤਾਬ ਨੂੰ ਹੱਥ ਪਾ ਕੇ ਖਲੋ ਗਏ।
ਫੋਟੋਗ੍ਰਾਫਰ ਬੋਲਿਆ, ‘‘ਰੈਡੀ! ਸਮਾਈਲ ਪਲੀਜ਼।”
ਫਲੈਸ਼ ਦਾ ਚਮਕਾਰਾ ਸਭਨਾਂ ਦੀ ਫੋਟੋ ਖਿੱਚ ਕੇ ਕੈਮਰੇ ਦੇ ਅੰਦਰ ਲੈ ਗਿਆ ਸੀ।
ਮੰਚ ਸੰਚਾਲਕਾ ਨੇ ਲੇਖਿਕਾ ਨੂੰ ਉਸ ਦੀ ਪੁਸਤਕ ਦੇ ਲੋਕ ਅਰਪਣ ’ਤੇ ਮੁਬਾਰਕਬਾਦ ਆਖੀ। ਹਾਲ ਵਿਚ ਖ਼ੂਬ ਤਾੜੀਆਂ ਵੱਜੀਆਂ। ਕਿਹਾ ਜਾ ਰਿਹਾ ਸੀ -ਇਹ ਪਲ ਯਾਦਗਾਰੀ ਵੀ ਹੈ ਅਤੇ ਇਤਿਹਾਸਕ ਵੀ।
ਮੈਂ ਸੋਚਿਆ: ਯਾਦਗਾਰੀ ਤਾਂ ਹੈ ਹੀ, ਐਨੀ ਤਰਸਾ ਤਰਸਾ ਕੇ ਕਿਤਾਬ ਰਿਲੀਜ਼ ਹੋਈ ਹੈ। ਫੋਟੋਗ੍ਰਾਫਰ ਹੀ ਅੜਿੱਕਾ ਬਣਿਆ ਰਿਹਾ। ਸ਼ਾਇਦ ਇੰਨੇ ਮਾੜੇ ਤਰੀਕੇ ਨਾਲ ਕਦੇ ਕੋਈ ਪੁਸਤਕ ਰਿਲੀਜ਼ ਨਹੀਂ
ਹੋਈ ਹੋਣੀ ਜਿਸ ਵਿਚ ਪੁਸਤਕ ਬਾਰੇ ਕੋਈ ਗੰਭੀਰ ਚਰਚਾ ਹੀ ਨਹੀਂ ਹੋਈ।
ਲੇਖਿਕਾ ਅਤੇ ਉਸ ਦੇ ਪਰਿਵਾਰਕ ਮੈਂਬਰ ਖ਼ੁਸ਼ ਸਨ। ਲਿਖਾਰੀ ਸਭਾ ਦੇ ਮੈਂਬਰ ਖ਼ੁਸ਼ ਸਨ। ਅਗਲੇ ਦਿਨ ਦੇ ਅਖ਼ਬਾਰਾਂ ਵਿਚ ਲੱਗਣ ਲਈ ਪਹਿਲਾਂ ਹੀ ਤਿਆਰ ਕੀਤੇ ਪ੍ਰੈੱਸ ਨੋਟ ਵੰਡੇ ਜਾ ਰਹੇ ਸਨ, ਫੋਟੋਆਂ ਈ-ਮੇਲ ਕੀਤੀਆਂ ਜਾ ਰਹੀਆਂ ਸਨ। ਬਹੁਤੇ ਲੋਕ ਲੇਖਿਕਾ ਵੱਲੋਂ ਕੀਤੀ ਚਾਹ ਪਾਰਟੀ ਦਾ ਆਨੰਦ ਮਾਣਨ ਜਾ ਰਹੇ ਸਨ।
ਜੇ ਕੋਈ ਦੁਖੀ ਸੀ ਤਾਂ ਮੇਰੇ ਵਰਗਾ ਕੋਈ ਜਿਸ ਨੂੰ ਕਵਿਤਾ ਨਾਲ ਲਗਾਅ ਸੀ। ਮੇਰੇ ਮਨ ’ਚੋਂ ਆਵਾਜ ਉੱਭਰੀ- ‘ਚਲੋ ਪੁਸਤਕ ਰਿਲੀਜ਼ ਤਾਂ ਹੋ ਗਈ। ਭਲਾ ਜੇ ਫੋਟੋਗ੍ਰਾਫਰ ਆਉਂਦਾ ਹੀ ਨਾ ਫੇਰ?”
ਸੰਪਰਕ: 97806-67686