ਪ੍ਰਿੰਸੀਪਲ ਵਿਜੈ ਕੁਮਾਰ
ਕੇਂਦਰੀ ਅਤੇ ਪ੍ਰਾਂਤਕ ਸਿੱਖਿਆ ਬੋਰਡਾਂ ਵੱਲੋਂ ਸਾਲਾਨਾ ਪ੍ਰੀਖਿਆਵਾਂ ਦਾ ਐਲਾਨ ਕੀਤਾ ਜਾ ਚੁੱਕਾ ਹੈ। ਬੋਰਡਾਂ ਨੇ ਸਕੂਲਾਂ ਨੂੰ ਇਹ ਆਦੇਸ਼ ਜਾਰੀ ਕੀਤੇ ਸਨ ਕਿ ਹੁਣ ਇਸ ਵਰ੍ਹੇ ਬੋਰਡ ਦੀਆਂ ਸਾਲਾਨਾ ਪ੍ਰੀਖਿਆਵਾਂ ਆਫ਼ਲਾਈਨ ਭਾਵ ਸਕੂਲਾਂ ਵਿੱਚ ਹੋਣਗੀਆਂ। ਪਹਿਲੇ ਸਮੈਸਟਰ ਦੀਆਂ ਪ੍ਰੀਖਿਆਵਾਂ ਸਕੂਲਾਂ ਵਿੱਚ ਹੀ ਹੋਈਆਂ ਸਨ। ਪ੍ਰੀਖਿਆਵਾਂ ਦੀਆਂ ਮਿਤੀਆਂ ਦੇ ਐਲਾਨ ਤੋਂ ਥੋੜਾ ਸਮਾਂ ਪਹਿਲਾਂ ਹੀ ਕੇਂਦਰ ਅਤੇ ਪ੍ਰਾਂਤਕ ਸਰਕਾਰਾਂ ਵੱਲੋਂ ਸਕੂਲ ਖੋਲ੍ਹਣ ਦਾ ਐਲਾਨ ਕੀਤਾ ਗਿਆ ਸੀ ਪਰ ਪ੍ਰੀਖਿਆਵਾਂ ਖਤਮ ਹੁੰਦਿਆਂ ਹੀ ਸਕੂਲ ਮੁੜ ਬੰਦ ਹੋ ਗਏ ਸਨ। ਬੱਚਿਆਂ ਦੇ ਮਾਪਿਆਂ ਨੇ ਕੇਂਦਰੀ ਅਤੇ ਪ੍ਰਾਂਤਕ ਬੋਰਡਾਂ ਨੂੰ ਬੇਨਤੀ ਕੀਤੀ ਹੈ ਕਿ ਉਨ੍ਹਾਂ ਦੇ ਬੱਚਿਆਂ ਦੀਆਂ ਪ੍ਰੀਖਿਆਵਾਂ ਵੀ ਆਨਲਾਈਨ ਹੀ ਲਈਆਂ ਜਾਣ ਕਿਉਂਕਿ ਉਨ੍ਹਾਂ ਦੀ ਪੜ੍ਹਾਈ ਵੀ ਆਨਲਾਈਨ ਹੀ ਹੋਈ ਹੈ। ਬੋਰਡਾਂ ਅਤੇ ਸਿੱਖਿਆ ਵਿਭਾਗ ਨੇ ਬੱਚਿਆਂ ਦੇ ਮਾਪਿਆਂ ਦੀ ਇਸ ਮੰਗ ਨੂੰ ਮੰਨਣ ਤੋਂ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਬੱਚਿਆਂ ਦੇ ਗਿਆਨ ਅਤੇ ਪੜ੍ਹਾਈ ਦੇ ਪੱਧਰ ਨੂੰ ਪਰਖਣ ਲਈ ਉਨ੍ਹਾਂ ਦੀਆਂ ਸਾਲਾਨਾ ਪ੍ਰੀਖਿਆਵਾਂ ਦਾ ਸਕੂਲਾਂ ਵਿੱਚ ਹੋਣਾ ਬਹੁਤ ਜ਼ਰੂਰੀ ਹੈ। ਬੱਚਿਆਂ ਦੇ ਮਾਪਿਆਂ ਨੇ ਆਨਲਾਈਨ ਪ੍ਰੀਖਿਆਵਾਂ ਕਰਵਾਉਣ ਲਈ ਦੂਜੀ ਦਲੀਲ ਇਹ ਦਿੱਤੀ ਕਿ ਜੇਕਰ ਦੇਸ਼ ਦੀਆਂ ਸਰਕਾਰਾਂ ਨੌਕਰੀਆਂ ਅਤੇ ਦਾਖਲਿਆਂ ਲਈ ਆਨਲਾਈਨ ਪ੍ਰੀਖਿਆਵਾਂ ਲੈ ਸਕਦੀਆਂ ਹਨ ਤਾਂ ਫੇਰ ਸਕੂਲੀ ਵਿਦਿਆਰਥੀਆਂ ਦੀਆਂ ਪ੍ਰੀਖਿਆਵਾਂ ਆਨਲਾਈਨ ਕਿਉਂ ਨਹੀਂ ਹੋ ਸਕਦੀਆਂ ? ਬੋਰਡਾਂ ਅਤੇ ਸਿੱਖਿਆ ਵਿਭਾਗ ਵੱਲੋਂ ਬੱਚਿਆਂ ਦੇ ਮਾਪਿਆਂ ਦੀ ਮੰਗ ਨਾ ਮੰਨੇ ਜਾਣ ’ਤੇ ਉਨ੍ਹਾਂ ਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾ ਦਿੱਤਾ। ਅਦਾਲਤ ਨੇ ਬੱਚਿਆਂ ਦੇ ਮਾਪਿਆਂ ਦੀ ਮੰਗ ਨੂੰ ਖਾਰਜ ਕਰਦਿਆਂ ਕਿਹਾ ਕਿ ਪ੍ਰੀਖਿਆਵਾਂ ਸਕੂਲਾਂ ਵਿੱਚ ਹੀ ਹੋਣੀਆਂ ਚਾਹੀਦੀਆਂ ਹਨ।
ਇੱਕ ਅਧਿਆਪਕ ਹੋਣ ਦੇ ਨਾਤੇ ਮੇਰਾ ਤਜਰਬਾ ਇਹ ਕਹਿੰਦਾ ਹੈ ਕਿ ਅਦਾਲਤ ਦਾ ਇਹ ਫੈਸਲਾ ਕਾਫੀ ਹੱਦ ਤੀਕ ਠੀਕ ਹੈ ਕਿਉਂਕਿ ਵਿਦਿਆਥੀਆਂ ਦੇ ਸੁਰੱਖਿਅਤ ਭਵਿੱਖ ਲਈ ਬੱਚਿਆਂ ਦੀਆਂ ਪ੍ਰੀਖਿਆਵਾਂ ਸਕੂਲਾਂ ਵਿੱਚ ਹੀ ਹੋਣੀਆਂ ਚਾਹੀਦੀਆਂ ਹਨ। ਬੱਚਿਆਂ ਦੇ ਮਾਪਿਆਂ ਦਾ ਕਹਿਣਾ ਹੈ ਕਿ ਬੱਚੇ ਕਹਿਣ ਨੂੰ ਹੀ ਆਨਲਾਈਨ ਕਲਾਸਾਂ ਲਗਾ ਰਹੇ ਸਨ, ਜਦੋਂ ਅਧਿਆਪਕ ਆਨਲਾਈਨ ਕਲਾਸਾਂ ਲਗਾ ਰਹੇ ਹੁੰਦੇ ਸਨ ਤਾਂ ਉਨ੍ਹਾਂ ਦੇ ਬੱਚਿਆਂ ਦਾ ਇਹ ਕਹਿਣਾ ਹੁੰਦਾ ਸੀ ਕਿ ਉਨ੍ਹਾਂ ਦੇ ਪੱਲੇ ਕੁੱਝ ਨਹੀਂ ਪੈਂਦਾ। ਹੁਣ ਸਵਾਲ ਇਹ ਹੈ ਕਿ ਬੱਚਿਆਂ ਦੀਆਂ ਆਨਲਾਈਨ ਪ੍ਰੀਖਿਆਵਾਂ ਹੋਣੀਆਂ ਚਾਹੀਦੀਆਂ ਹਨ ਜਾਂ ਨਹੀਂ? ਜੇਕਰ ਬੱਚਿਆਂ ਦੀਆਂ ਆਨਲਾਈਨ ਪ੍ਰੀਖਿਆਵਾਂ ਹੁੰਦੀਆਂ ਹਨ ਤਾਂ ਉਨ੍ਹਾਂ ਦੇ ਮਨਾਂ ਵਿੱਚ ਆਪਣੇ ਉੱਤੇ ਨਾ ਹੋਣ ਵਾਲੀ ਨਿਗਰਾਨੀ ਦਾ ਕੋਈ ਡਰ ਅਤੇ ਬੋਝ ਨਹੀਂ ਹੋਵੇਗਾ। ਜੇਕਰ ਬੱਚੇ ਆਫਲਾਈਨ ਭਾਵ ਸਕੂਲਾਂ ਵਿੱਚ ਪ੍ਰੀਖਿਆਵਾਂ ਦਿੰਦੇ ਹਨ ਤਾਂ ਉਨ੍ਹਾਂ ਨੂੰ ਅਧਿਆਪਕਾਂ ਦਾ ਡਰ ਹੋਵੇਗਾ। ਸਿੱਖਿਆ ਵਿਭਾਗਾਂ ਅਤੇ ਬੋਰਡਾਂ ਨੂੰ ਚਾਹੀਦਾ ਹੈ ਕਿ ਪ੍ਰੀਖਿਆਵਾਂ ਦਾ ਆਯੋਜਨ ਕਰਦੇ ਹੋਏ ਬੱਚਿਆਂ ਦੇ ਹਿੱਤਾਂ ਦਾ ਧਿਆਨ ਜ਼ਰੂਰ ਰੱਖਣ।
ਸੰਪਰਕ: 9872627136