ਵਿਜੈ ਕੁਮਾਰ
ਪੱਛਮ ਦੇ ਇੱਕ ਸਿੱਖਿਆ ਸ਼ਾਸਤਰੀ ਦਾ ਕਹਿਣਾ ਹੈ ਕਿ ਜਿਸ ਦੇਸ਼ ਦੀਆਂ ਸਰਕਾਰਾਂ ਆਪਣੇ ਦੇਸ਼ ਦੇ ਲੋਕਾਂ ਨੂੰ ਆਪਣੇ ਛੋਟੇ-ਛੋਟੇ ਹਿੱਤਾਂ ਲਈ ਵੱਡੇ ਹਿੱਤਾਂ ਦੀ ਬਲੀ ਦੇਣ ਦੀ ਆਦਤ ਪਾ ਦੇਣ ਉਹ ਦੇਸ਼ ਹਰ ਖੇਤਰ ਵਿੱਚ ਮਿਆਰ ਸ਼ਬਦ ਤੋਂ ਵਿਹੂਣਾ ਹੁੰਦਾ ਜਾਂਦਾ ਹੈ| ਹਰ ਦੇਸ਼ ਦੇ ਲੋਕਾਂ ਨੂੰ ਆਪਣੀ ਜ਼ਿੰਦਗੀ ਬਿਹਤਰ ਢੰਗ ਨਾਲ ਜਿਉਣ ਲਈ ਕੁਸ਼ਲ ਪ੍ਰਬੰਧਕ, ਡਾਕਟਰ, ਖੇਤੀ ਮਾਹਿਰ ਕਾਰੀਗਰ, ਇੰਜਨੀਅਰ, ਸਾਇੰਸਦਾਨ ਅਤੇ ਕਾਰਖਾਨੇਦਾਰ ਚਾਹੀਦੇ ਹੁੰਦੇ ਹਨ| ਇਨ੍ਹਾਂ ਸਾਰਿਆਂ ਨੂੰ ਪੈਦਾ ਕਰਨ ਲਈ ਮਿਆਰੀ ਸਿੱਖਿਆ ਪ੍ਰਬੰਧ ਦੀ ਬਹੁਤ ਲੋੜ ਹੁੰਦੀ ਹੈ| ਮਿਆਰੀ ਸਿੱਖਿਆ ਪ੍ਰਬੰਧ ਵਿੱਚ ਹੀ ਮਿਆਰੀ ਪ੍ਰੀਖਿਆਵਾਂ ਦਾ ਆਯੋਜਨ ਹੋ ਸਕਦਾ ਹੈ| ਮਿਆਰੀ ਪ੍ਰੀਖਿਆਵਾਂ ਹੀ ਕੁਸ਼ਲ ਪ੍ਰਬੰਧਕ ਡਾਕਟਰ ਇੰਜਨੀਅਰ, ਸਾਇੰਸਦਾਨ, ਖੇਤੀ ਮਾਹਿਰ ਅਤੇ ਕਾਰਖਾਨੇਦਾਰ ਪੈਦਾ ਕਰ ਸਕਦੀਆਂ ਹਨ| ਸਾਡੇ ਦੇਸ਼ ਦੇ 70 ਫ਼ੀਸਦ ਬੱਚੇ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਨਾ ਮਿਆਰੀ ਸਿੱਖਿਆ ਦਾ ਗਿਆਨ ਹੈ ਤੇ ਨਾ ਹੀ ਮਿਆਰੀ ਪ੍ਰੀਖਿਆਵਾਂ ਦਾ| ਉਨ੍ਹਾਂ ਦੀ ਸਮਝ ਕੇਵਲ ਤੇ ਕੇਵਲ ਇੱਥੋਂ ਤੱਕ ਮਹਿਦੂਦ ਹੁੰਦੀ ਹੈ ਕਿ ਹਰ ਪ੍ਰੀਖਿਆ ਪਾਸ ਕਰਨ ਦਾ ਮਤਲਬ ਜਮਾਤਾਂ ਪਾਸ ਕਰਨਾ ਅਤੇ ਸਰਟੀਫਿਕੇਟ ਹਾਸਲ ਕਰਨਾ ਹੁੰਦਾ ਹੈ| ਸਰਕਾਰਾਂ ਨੇ ਆਪਣੀ ਸਾਖ ਬਣਾ ਕੇ ਰੱਖਣ ਲਈ ਲੋਕਾਂ ਨੂੰ ਖੁਸ਼ ਕਰ ਕੇ ਰੱਖਣਾ ਹੁੰਦਾ ਹੈ| ਲੋਕ ਆਪਣੀ ਗਿਣਤੀ ਦਾ ਦਬਾਅ ਬਣਾ ਕੇ ਸਰਕਾਰਾਂ ਤੋਂ ਆਪਣੀਆਂ ਮੰਗਾਂ ਮਨਾਉਣ ਲਈ ਹਰ ਢੰਗ ਅਪਣਾਉਂਦੇ ਹਨ|
ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿੱਚ ਸਿਲੇਬਸ ਘਟਾਉਣਾ ਚਾਹੀਦਾ ਹੈ ਜਾਂ ਨਹੀਂ ਇਹ ਇੱਕ ਸੰਵੇਦਨਸ਼ੀਲ ਮੁੱਦਾ ਹੈ| ਇਸ ਮੁੱਦੇ ਉੱਤੇ ਇੱਕ ਪਾਸੜ ਰਾਇ ਨਹੀਂ ਦਿੱਤੀ ਜਾ ਸਕਦੀ ਪਰ ਦੋਹਾਂ ਪਹਿਲੂਆਂ ਨੂੰ ਲੋਕਾਂ ਅੱਗੇ ਰੱਖ ਕੇ ਅਪ੍ਰਤੱਖ ਰੂਪ ਵਿੱਚ ਇਸ਼ਾਰਾ ਕੀਤਾ ਜਾ ਸਕਦਾ ਹੈ| ਇਸ ਮੁੱਦੇ ਨੂੰ ਛੇੜਣ ਤੋਂ ਪਹਿਲਾਂ ਸਾਡੇ ਦੇਸ਼ ਵਿੱਚ ਹਰ ਸਾਲ ਬੋਰਡ ਦੀਆਂ ਪ੍ਰੀਖਿਆਵਾਂ ਦੌਰਾਨ ਪੈਦਾ ਹੋਣ ਵਾਲੇ ਮਾਹੌਲ ਉੱਤੇ ਇੱਕ ਪੰਛੀ ਝਾਤ ਮਾਰੀ ਜਾਣੀ ਚਾਹੀਦੀ ਹੈ| ਬੋਰਡ ਦੀਆਂ ਪ੍ਰੀਖਿਆਵਾਂ ਵਿੱਚ ਪਰਚੇ ਔਖੇ ਹੋਣ ਜਾਂ ਸੌਖੇ ਨਾ ਪੜ੍ਹਨ ਵਾਲੇ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੇ ਮੀਡੀਏ ਵਿੱਚ ਇਹ ਸਵਾਲ ਉਠਾਉਣਾ ਹੀ ਹੁੰਦਾ ਹੈ ਕਿ ਪਰਚਾ ਔਖਾ ਸੀ, ਪਰਚੇ ਦੇ ਸਵਾਲ ਬਾਹਰੋਂ ਆਏ ਹੋਏ ਸਨ ਤੇ ਇੱਕ ਦੋ ਸਵਾਲ ਗਲਤ ਸਨ| ਬੋਰਡਾਂ ਵਲੋਂ ਨਤੀਜੇ ਬਣਾਉਣ ਲਈ ਥੋਕ ਵਿੱਚ ਗਰੇਸ ਅੰਕ ਦੇਣਾ ਇੱਕ ਪ੍ਰਥਾ ਬਣਕੇ ਰਹਿ ਗਈ ਹੈ| ਬੱਚਿਆਂ ਦੇ ਪ੍ਰੀਖਿਆਵਾਂ ਵਿੱਚ ਆਉਣ ਵਾਲੇ ਅੰਕ ਇਹ ਸਵਾਲ ਖੜਾ ਕਰਦੇ ਹਨ ਕਿ ਇਹ ਬੱਚਿਆਂ ਦੀ ਪੜ੍ਹਾਈ ਦੇ ਹਨ ਜਾਂ ਸਾਡੀ ਸਿੱਖਿਆ ਵਿਵਸਥਾ ਦੀ ਨਾਲਾਇਕੀ ਦੇ | ਕਹਿਣ ਤੋਂ ਭਾਵ ਇਹ ਹੈ ਕਿ ਸਾਡੀ ਸਿੱਖਿਆ ਵਿਵਸਥਾ ਦੇ ਖਚਰੇਪਣ ਨੇ ਲੋਕਾਂ ਦੀ ਸੋਚ ਵਿੱਚੋਂ ਉਹ ਚੀਜ ਮਨਫੀ ਕਰ ਦਿੱਤੀ ਹੈ, ਜਿਸ ਨਾਲ ਉਨ੍ਹਾਂ ਨੇ ਸੋਚਣਾ ਸੀ ਕਿ ਸੌਖੇ ਢੰਗ ਨਾਲ ਪ੍ਰੀਖਿਆਵਾਂ ਪਾਸ ਕਰਨ, ਗਰੇਸ ਅੰਕਾਂ ਦੇ ਦੇਣ, ਸਿਲੇਬਸ ਘਟਵਾਉਣ ਅਤੇ ਬਿਨਾਂ ਯੋਗਤਾ ਤੋਂ ਅੰਕ ਲੈਣ ਦਾ ਬੱਚਿਆਂ ਦੇ ਭਵਿੱਖ ਅਤੇ ਦੇਸ਼ ਦੀ ਤਰੱਕੀ ’ਤੇ ਕਿੰਨਾ ਭੈੜਾ ਅਸਰ ਪੈਂਦਾ ਹੈ| ਹੁਣ ਸਵਾਲ ਇਹ ਹੈ ਕਿ ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿੱਚ ਸਿਲੇਬਸ ਘਟਾਉਣ ਦਾ ਮੁੱਦਾ ਕਿਉਂ ਉੱਠ ਰਿਹਾ ਹੈ? ਇਸ ਦਾ ਪਹਿਲਾ ਕਾਰਨ ਇਹ ਹੈ ਕਿ ਕੋਵਿਡ-19 ਦੇ ਚੱਲਦਿਆਂ ਸਿੱਖਿਆ ਬੋਰਡਾਂ ਨੇ ਬੱਚਿਆਂ ਦੇ ਮਾਪਿਆਂ ਦੀ ਮੰਗ ’ਤੇ ਬੋਰਡ ਦੀਆਂ ਜਮਾਤਾਂ ਦਾ 30 ਫ਼ੀਸਦ ਸਿਲੇਬਸ ਘੱਟ ਕਰ ਦਿੱਤਾ ਸੀ|
ਭਾਵੇਂ ਸਿਲੇਬਸ ਘਟਾਉਣ ਦੇ ਵਿਸ਼ੇ ਨੂੰ ਲੈ ਕੇ ਬੋਰਡ ਨਾਲ ਸਬੰਧਤ ਅਧਿਕਾਰੀਆਂ ਦਾ ਇਹ ਕਹਿਣਾ ਹੈ ਕਿ ਬੋਰਡ ਦੀਆਂ ਜਮਾਤਾਂ ਦਾ ਜਿਹੜਾ ਸਿਲੇਬਸ ਘੱਟ ਕੀਤਾ ਸੀ ਉਸ ਦਾ ਮੁਕਾਬਲੇ ਦੀਆਂ ਪ੍ਰੀਖਿਆਵਾਂ ’ਤੇ ਕੋਈ ਖਾਸ ਅਸਰ ਨਹੀਂ ਪਵੇਗਾ ਪਰ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਦਾ ਨੀਟ ਅਤੇ ਜੇਈਈ ਦੀਆਂ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਉਹ ਸਿਲੇਬਸ ਘੱਟ ਕੀਤਾ ਜਾਵੇ, ਜਿਹੜਾ ਬੱਚਿਆਂ ਨੇ ਬੋਰਡਾਂ ਦੀਆਂ ਜਮਾਤਾਂ ਵਿੱਚ ਪੜ੍ਹਿਆ ਹੀ ਨਹੀਂ| ਜੇਕਰ ਕੇਂਦਰ ਅਤੇ ਸੂਬਾ ਸਰਕਾਰਾਂ ਨੇ ਕੋਵਿਡ-19 ਦੇ ਦੌਰ ਦੇ ਸ਼ੁਰੂ ਹੁੰਦਿਆਂ ਹੀ ਬੋਰਡਾਂ ਦੀਆਂ ਜਮਾਤਾਂ ਦੀ ਪੜ੍ਹਾਈ ਨੂੰ ਸੰਜੀਦਗੀ ਨਾਲ ਲਿਆ ਹੁੰਦਾ ਤਾਂ ਸਿਲੇਬਸ ਘਟਾਉਣ ਦੀ ਸਮੱਸਿਆ ਤੋਂ ਬਚਿਆ ਜਾ ਸਕਦਾ ਸੀ| ਨੀਟ ਅਤੇ ਜੇ.ਈ.ਈ ਮੁਕਾਬਲੇ ਦੀਆਂ ਪ੍ਰੀਖਿਆਵਾਂ ਆਯੋਜਿਤ ਕਰਨ ਵਾਲੀਆਂ ਸੰਸਥਾਵਾਂ ਨੇ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਦੀ ਸਿਲੇਬਸ ਘੱਟ ਕਰਨ ਦੀ ਮੰਗ ਨੂੰ ਇਹ ਕਹਿ ਕੇ ਕਿ ਇਨ੍ਹਾਂ ਪ੍ਰੀਖਿਆਵਾਂ ਦੇ ਮਿਆਰ ਨਾਲ ਸਮਝੌਤਾ ਨਹੀਂ ਕੀਤਾ ਜਾ ਸਕਦਾ, ਮੰਨਣ ਤੋਂ ਇਨਕਾਰ ਕਰ ਦਿੱਤਾ ਹੈ| ਇਨ੍ਹਾਂ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੇ ਸਿਲੇਬਸ ਨੂੰ ਘਟਾਉਣ ਅਤੇ ਨਾ ਘਟਾਉਣ ਬਾਰੇ ਵੱਖ- ਵੱਖ ਮਾਹਿਰਾਂ ਅਤੇ ਸਿੱਖਿਆ ਸ਼ਾਸਤਰੀਆਂ ਦੀ ਆਪਣੀ ਆਪਣੀ ਰਾਇ ਹੈ| ਕੁੱਝ ਦਾ ਇਹ ਕਹਿਣਾ ਹੈ ਕਿ ਇਨ੍ਹਾਂ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੇ ਸਿਲੇਬਸ ਦੇ ਜਿਨ੍ਹਾਂ ਪੈਰਾਮੀਟਰਾਂ ਨੂੰ ਪੜ੍ਹਿਆ ਹੀ ਨਹੀਂ ਉਹ ਬੱਚੇ ਇਨ੍ਹਾਂ ਪ੍ਰੀਖਿਆਵਾਂ ਵਿੱਚ ਸਫਲ ਕਿਵੇਂ ਹੋਣਗੇ ਤੇ ਭਵਿੱਖ ਵਿੱਚ ਆਪਣੇ ਕਿੱਤਿਆਂ ਨਾਲ ਇਨਸਾਫ ਕਿਵੇਂ ਕਰਨਗੇ? ਕਈ ਮਾਹਿਰਾਂ ਦਾ ਇਹ ਕਹਿਣਾ ਹੈ ਕਿ ਇਨ੍ਹਾਂ ਪ੍ਰੀਖਿਆਵਾਂ ਦਾ ਸਿਲੇਬਸ ਘੱਟ ਹੋਵੇ ਜਾਂ ਇਹੋ ਰਹੇ ਇਸ ਦਾ ਹੁਸ਼ਿਆਰ ਵਿਦਿਆਰਥੀਆਂ ਨੂੰ ਕੋਈ ਫਰਕ ਨਹੀਂ ਪਵੇਗਾ| ਇਸ ਦਾ ਫਰਕ ਕੇਵਲ ਘੱਟ ਮਿਹਨਤ ਕਰਨ ਵਾਲੇ ਬੱਚਿਆਂ ਨੂੰ ਹੀ ਪਵੇਗਾ| ਕੁੱਝ ਸਿੱਖਿਆ ਸ਼ਾਸਤਰੀਆਂ ਦੀ ਸੋਚ ਇਹ ਵੀ ਹੈ ਕਿ ਜਦੋਂ ਬੱਚਿਆਂ ਦੀ ਆਨਲਾਈਨ ਪੜ੍ਹਾਈ ਅਤੇ ਇਨ੍ਹਾਂ ਪ੍ਰੀਖਿਆਵਾਂ ਲਈ ਕੋਚਿੰਗ ਹੋਈ ਹੈ ਫੇਰ ਸਿਲੇਬਸ ਘਟਾ ਕੇ ਇਨ੍ਹਾਂ ਪ੍ਰੀਖਿਆਵਾਂ ਦੇ ਮਿਆਰ ਨਾਲ ਸਮਝੌਤਾ ਕਿਉਂ ਕੀਤਾ ਜਾਵੇ? ਕਾਬਿਲ ਅਤੇ ਯੋਗ ਬੱਚੇ ਹੀ ਮੈਡੀਕਲ ਅਤੇ ਇੰਜਨੀਅਰਿੰਗ ਦੇ ਖੇਤਰ ਵਿੱਚ ਆਉਣੇ ਚਾਹੀਦੇ ਹਨ| ਸਿੱਖਿਆ ਮੁੱਦਿਆਂ ਨਾਲ ਜੁੜੇ ਇੱਕ ਮਾਹਿਰ ਦੀ ਸੋਚ ਇਹ ਵੀ ਹੈ ਕਿ ਜਿਹੜੇ ਵਿਦਿਆਰਥੀ ਪਿਛਲੇ ਸਾਲ ਤੋਂ ਨੀਟ ਅਤੇ ਜੇ. ਈ. ਈ .ਦੀ ਕੋਚਿੰਗ ਲੈ ਰਹੇ ਹਨ ਉਨ੍ਹਾਂ ਲਈ ਕਿਹੜਾ ਸਿਲੇਬਸ ਹੋਵੇਗਾ?
ਇੱਥੇ ਸਵਾਲ ਇਹ ਵੀ ਖੜਾ ਹੁੰਦਾ ਹੈ ਕਿ ਨੀਟ ਅਤੇ ਜੇ. ਈ. ਈ. ਦੀਆਂ ਪ੍ਰੀਖਿਆਵਾਂ ਲਈ ਸਾਰਾ ਸਿਲੇਬਸ ਹੀ ਮਹੱਤਵ ਪੂਰਨ ਹੁੰਦਾ ਹੈ ਫੇਰ ਸਿਲੇਬਸ ਦੀ ਕਟੌਤੀ ਕਰਨ ਲੱਗਿਆਂ ਇਹ ਫ਼ੈਸਲਾ ਕਿਵੇਂ ਕੀਤਾ ਜਾਵੇਗਾ ਕਿ ਕਿਹੜਾ ਸਿਲੇਬਸ ਕੱਟਣਾ ਹੈ? ਭਾਵੇਂ ਇਸ ਸੰਵੇਦਨਸ਼ੀਲ ਮੁੱਦੇ ’ਤੇ ਅੱਡ-ਅੱਡ ਮਾਹਿਰਾਂ ਦੇ ਵੱਖ ਵੱਖ ਵਿਚਾਰ ਹਨ ਪਰ ਫੇਰ ਵੀ ਇਸ ਸਮੱਸਿਆ ਦੇ ਹੱਲ ਲਈ ਇੱਕ ਮੱਤ ਹੋਣ ਲਈ ਇਹ ਸੁਝਾਅ ਦਿੱਤੇ ਜਾ ਸਕਦੇ ਹਨ| ਇਨ੍ਹਾਂ ਮੁਕਾਬਲੇ ਦੀਆਂ ਪ੍ਰੀਖਿਆਵਾਂ ਦਾ ਸਿਲੇਬਸ ਘੱਟ ਕਰਨ ਦੀ ਬਜਾਏ ਵਿਦਿਆਰਥੀਆਂ ਨੂੰ ਤਿਆਰੀ ਲਈ ਹੋਰ ਸਮਾਂ ਦੇਣ ਲਈ ਪ੍ਰੀਖਿਆਵਾਂ ਹੋਰ ਅੱਗੇ ਪਾਈਆਂ ਜਾ ਸਕਦੀਆਂ ਹਨ| ਬੋਰਡਾਂ ਦੀਆਂ ਜਮਾਤਾਂ ਦੀ ਪੜ੍ਹਾਈ ਲਈ ਸਕੂਲ ਖੋਲ੍ਹ ਦਿੱਤੇ ਗਏ ਹਨ| ਵਿਦਿਆਰਥੀਆਂ ਦੀ ਤਿਆਰੀ ਲਈ ਸਕੂਲਾਂ ਦਾ ਸਮਾਂ ਵਧਾਇਆ ਜਾ ਸਕਦਾ ਹੈ| ਉਨ੍ਹਾਂ ਲਈ ਵਿਸ਼ੇਸ਼ ਕੋਚਿੰਗ ਦਾ ਪ੍ਰਬੰਧ ਕੀਤਾ ਜਾ ਸਕਦਾ ਹੈ| ਪੱਛਮੀ ਮੁਲਕਾਂ ਅਤੇ ਸਾਡੇ ਮੁਲਕ ਦੀ ਸਿੱਖਿਆ ਵਿਵਸਥਾ ਦਾ ਇਹੋ ਫਰਕ ਹੈ ਕਿ ਉਨ੍ਹਾਂ ਮੁਲਕਾਂ ਨੂੰ ਸਿੱਖਿਆ ਦੇ ਮਿਆਰ ਅਤੇ ਮਹੱਤਵ ਦਾ ਫ਼ਿਕਰ ਹੈ| ਉਨ੍ਹਾਂ ਮੁਲਕਾਂ ਦੀਆਂ ਸਰਕਾਰਾਂ ਸਹੀ ਸਮੇਂ ’ਤੇ ਸਹੀ ਫ਼ੈਸਲੇ ਲੈਣਾ ਜਾਣਦੀਆਂ ਹਨ। ਇਸੇ ਲਈ ਉਨ੍ਹਾਂ ਮੁਲਕਾਂ ਵਿੱਚ ਮੁਕਾਬਲੇ ਦੀਆਂ ਪ੍ਰੀਖਿਆਵਾਂ ਦਾ ਸਿਲੇਬਸ ਘੱਟ ਕਰਨ ਦਾ ਰੌਲਾ ਨਹੀਂ ਪੈਂਦਾ| ਇਹੋ ਕਾਰਨ ਹੈ ਕਿ ਉਨ੍ਹਾਂ ਮੁਲਕਾਂ ਦੇ ਡਾਕਟਰ ਅਤੇ ਇੰਜਨੀਅਰ ਜ਼ਿਆਦਾ ਕਾਬਲ ਹੁੰਦੇ ਹਨ| ਆਜ਼ਾਦੀ ਦੇ 74ਵਰ੍ਹਿਆਂ ਬਾਅਦ ਵੀ ਸਾਡਾ ਮੁਕਾਬਲੇ ਦੀਆਂ ਪ੍ਰੀਖਿਆਵਾਂ ਲੈਣ ਦਾ ਢੰਗ ਕਿਤਾਬੀ ਗਿਆਨ ਦੀ ਪਰਖ ਹੀ ਹੈ ਜਦੋਂਕਿ ਉਨ੍ਹਾਂ ਮੁਲਕਾਂ ਵਿੱਚ ਪ੍ਰਯੋਗੀ ਗਿਆਨ ਅਤੇ ਬੁੱਧੀ ਦੀ ਪਰਖ ਹੈ| ਮੁੱਕਦੀ ਗੱਲ ਇਹ ਹੈ ਕਿ ਉੱਚ ਪੱਧਰ ਦੇ ਡਾਕਟਰ, ਇੰਜਨੀਅਰ, ਅਧਿਕਾਰੀ, ਖੇਤੀ ਮਾਹਿਰ ਅਤੇ ਸਾਇੰਸਦਾਨ ਪੈਦਾ ਕਰਨ ਲਈ ਇਨ੍ਹਾਂ ਮੁਕਾਬਲੇ ਦੀਆਂ ਪ੍ਰੀਖਿਆਵਾਂ ਦਾ ਪੱਧਰ ਕਿਸੇ ਵੀ ਕੀਮਤ ਤੇ ਨੀਵਾਂ ਨਹੀਂ ਹੋਣਾ ਚਾਹੀਦਾ|
ਸੰਪਰਕ: 9872627136